Thu, 21 November 2024
Your Visitor Number :-   7252446
SuhisaverSuhisaver Suhisaver

ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ - ਡਾ. ਨਿਸ਼ਾਨ ਸਿੰਘ ਰਾਠੌਰ

Posted on:- 12-04-2019

ਕਿਸੇ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਉੱਥੋਂ ਦੀਆਂ ਸਿੱਖਿਆ ਸੰਸਥਾਵਾਂ ਦਾ ਅਹਿਮ ਰੋਲ ਹੁੰਦਾ ਹੈ। ਸਿੱਖਿਆ ਸੰਸਥਾਵਾਂ ਵਿਚੋਂ ਪ੍ਰਾਪਤ ਗਿਆਨ ਅਤੇ ਹੁਨਰ ਸਦਕੇ ਹੀ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਸਿੱਖਿਆ ਤੋਂ ਬਿਨਾਂ ਮਨੁੱਖ ਅਧੂਰਾ ਹੁੰਦਾ ਹੈ/ ਸਿੱਖਿਆ ਪ੍ਰਾਪਤੀ ਉਪਰੰਤ ਹੀ ਗਿਆਨ ਰੂਪੀ ਤੀਜੀ ਅੱਖ ਖੁੱਲਣ ਦਾ ਜ਼ਿਕਰ ਕੀਤਾ ਜਾਂਦਾ ਹੈ।

ਪਰ ਅਫ਼ਸੋਸ ! ਅੱਜ ਕੱਲ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ 'ਗਿਆਨ ਦੇ ਮੰਦਰ' ਨਾ ਰਹਿ ਕੇ ਵਪਾਰ ਦੀਆਂ ਦੁਕਾਨਾਂ ਵਿਚ ਤਬਦੀਲ ਹੋ ਕੇ ਰਹਿ ਗਈਆਂ ਹਨ। ਸਿੱਖਿਆ ਦੇ ਨਾਮ ਉੱਤੇ ਕਾਰੋਬਾਰ ਸਥਾਪਿਤ ਹੋ ਗਏ ਹਨ। ਸਿੱਖਿਆ ਦੇ ਮੰਦਰਾਂ ਨੂੰ ਮੰਦੀ ਸਿਆਸਤ ਨੇ ਮੰਦਾ ਕਰਕੇ ਰੱਖ ਦਿੱਤਾ ਹੈ। ਇਹਨਾਂ ਸਿੱਖਿਆ ਸੰਸਥਾਵਾਂ ਵਿੱਚੋਂ ਹੁਣ ਵਿਗਿਆਨਕ, ਸਾਹਿਤਕਾਰ ਅਤੇ ਡਾਕਟਰ ਘੱਟ ਨਿਕਲ ਰਹੇ ਹਨ ਬਲਕਿ ਰਾਜਨੇਤਾ ਜਿਆਦਾ ਗਿਣਤੀ ਵਿਚ ਪੈਦਾ ਹੋ ਰਹੇ ਹਨ। ਸਿੱਖਿਆ ਦੇ ਇਹਨਾਂ ਪਵਿੱਤਰ ਮੰਦਰਾਂ ਨੂੰ ਸਿਆਸਤ ਦੇ ਅੱਡੇ ਬਣਾ ਕੇ ਰੱਖ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵੱਜੋਂ ਵਿਦਿਆਰਥੀ ਵਰਗ ਦਾ ਧਿਆਨ ਸਿਆਸਤ ਵੱਲ ਵਧੇਰੇ ਕੇਂਦਰਿਤ ਹੋ ਗਿਆ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।

ਸਕੂਲੀ ਸਿੱਖਿਆ ਉਪਰੰਤ ਉੱਚ ਸਿੱਖਿਆ ਲਈ ਕਾਲਜ/ ਯੂਨੀਵਰਸਿਟੀ ਦਾ ਰਾਹ ਹੁਣ ਸਿਆਸਤ ਦੀ ਗਲੀ ਵਿੱਚੋਂ ਹੋ ਕੇ ਲੰਘਣ ਲੱਗਾ ਹੈ। ਵਿਦਿਆਰਥੀ ਥੜਿਆਂ ਵਿਚ ਮਾਰ- ਕੁਟਾਈ ਅਖ਼ਬਾਰਾਂ ਵਿਚ ਆਮ ਜਿਹੀ ਖ਼ਬਰ ਬਣ ਕੇ ਰਹਿ ਗਈ ਹੈ। ਰਾਜਨੀਤਕ ਪਾਰਟੀਆਂ ਦੇ ਆਗੂ ਇਹਨਾਂ ਵਿਦਿਆਰਥੀ ਗੁਟਾਂ ਨੂੰ ਆਪਣੇ ਸਵਾਰਥ ਲਈ ਇਸਤੇਮਾਲ ਕਰਦੇ ਹਨ। ਇਸ ਕਾਰੇ ਵਿਚ ਵਿਦਿਆਰਥੀ ਵਰਗ ਦਾ ਸਿੱਖਿਆ ਪ੍ਰਾਪਤੀ ਦਾ ਰੁਝਾਨ ਖ਼ਤਮ ਹੋਣ ਕੰਢੇ ਹੈ ਅਤੇ ਬਹੁਤੇ ਨੌਜਵਾਨ ਸਿਆਸੀ ਰੰਗਾਂ ਵਿਚ ਰੰਗੇ ਗਏ ਹਨ।

ਕਾਰਨ :-

ਸਿੱਖਿਆ ਸੰਸਥਾਵਾਂ ਦੇ ਸਿਆਸੀਕਰਨ ਪਿੱਛੇ ਰਾਜਨੀਤਕ ਪਾਰਟੀਆਂ ਦਾ ਸਵਾਰਥ ਲੁੱਕਿਆ ਹੁੰਦਾ ਹੈ; ਅਸਲ ਵਿਚ ਰਾਜਨੀਤਕ ਪਾਰਟੀਆਂ ਦਾ ਮੁੱਖ ਉਦੇਸ਼ 'ਸੱਤਾ- ਪ੍ਰਾਪਤੀ' ਹੁੰਦਾ ਹੈ ਅਤੇ ਇਸ ਕਾਰਜ ਲਈ ਉਹਨਾਂ ਨੂੰ ਨੌਜਵਾਨ ਤਬਕੇ ਦੇ ਸਹਿਯੋਗ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇਸ ਕਰਕੇ ਰਾਜਨੀਤਕ ਪਾਰਟੀਆਂ ਸਿੱਖਿਆ ਸੰਸਥਾਵਾਂ ਵਿਚ ਆਪਣੇ ਪੈਰ ਪਸਾਰਦੀਆਂ ਹਨ ਅਤੇ ਵਿਦਿਆਰਥੀ ਆਗੂਆਂ ਨੂੰ ਹੱਲਾਸ਼ੇਰੀ ਦਿੰਦੀਆਂ ਹਨ ਤਾਂ ਕਿ ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਣ ਅਤੇ ਸੁਖਾਲੇ ਢੰਗ ਨਾਲ ਸੱਤਾ 'ਤੇ ਕਾਬਜ਼ ਹੋਇਆ ਸਕੇ। ਦੂਜੀ ਗੱਲ, ਵਿਦਿਆਰਥੀ ਵਰਗ ਵੀ ਕਾਮਯਾਬੀ ਦੀ ਮਨਸ਼ਾ ਕਰਕੇ ਅਜਿਹੇ ਲਾਲਚ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੇ ਅਸਲ ਉਦੇਸ਼ (ਸਿੱਖਿਆ- ਪ੍ਰਾਪਤੀ) ਤੋਂ ਅਵੇਸਲਾ ਹੋ ਜਾਂਦਾ ਹੈ ਅਤੇ ਸਿਆਸਤ ਦੇ ਰਾਹ ਤੁਰ ਪੈਂਦਾ ਹੈ।

ਤੀਜਾ ਅਹਿਮ ਕਾਰਨ ਇਹ ਹੈ ਕਿ ਸਿਆਸਤ ਵਿਚ ਕਾਮਯਾਬ ਹੋਣ ਦਾ ਮੌਕਾ ਦੂਜੇ ਖੇਤਰ੍ਹਾਂ ਨਾਲੋਂ ਕਿਤੇ ਜਿਆਦਾ/ ਵੱਧ ਹੁੰਦਾ ਹੈ। ਇਸ ਲਈ ਵੀ ਨਵੀਂ ਉਮਰ ਦੇ ਮੁੰਡੇ- ਕੁੜੀਆਂ ਸਿਆਸਤ ਵਿਚ ਪੈਰ ਰੱਖ ਲੈਂਦੇ ਹਨ ਤਾਂ ਕਿ ਜਲਦ ਅਤੇ ਸੁਖਾਲੇ ਤਰੀਕੇ ਨਾਲ ਕਾਮਯਾਬੀ ਨੂੰ ਪ੍ਰਾਪਤ ਕੀਤਾ ਜਾ ਸਕੇ।

ਚੌਥਾ ਕਾਰਨ ਇਹ ਹੈ ਕਿ ਸਿਆਸਤ ਵਿਚ ਪ੍ਰਸਿੱਧੀ ਬਹੁਤ ਜਲਦ ਮਿਲ ਜਾਂਦੀ ਹੈ ਅਤੇ ਹਰ ਮਨੁੱਖ ਆਪਣੇ ਜੀਵਨ ਵਿਚ ਮਸ਼ਹੂਰੀ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਲਈ ਵੀ ਨੌਜਵਾਨ ਤਬਕਾ ਬਹੁਤ ਜਲਦ ਸਿਆਸਤ ਦੇ ਚੱਕਰਵਿਊ ਵਿਚ ਘਿਰ ਜਾਂਦਾ ਹੈ ਤਾਂ ਕਿ ਪ੍ਰਸਿੱਧੀ ਨੂੰ ਪ੍ਰਾਪਤ ਕੀਤਾ ਜਾ ਸਕੇ।

ਪੰਜਵਾਂ ਕਾਰਨ ਇਹ ਹੈ ਕਿ ਸਿਆਸਤ ਵਿਚ ਭਵਿੱਖ ਦੇ ਸੁਪਨੇ ਪੂਰੇ ਕਰਨ ਦਾ ਬਹੁਤ ਢੁਕਵਾਂ ਮੌਕਾ ਹੁੰਦਾ ਹੈ। ਇਹ ਉਹ ਖੇਤਰ ਹੈ ਜਿੱਥੇ ਪੈਸਾ ਅਤੇ ਸ਼ੋਹਰਤ ਦੋਵੇਂ ਜਲਦ ਮਿਲਣ ਦੀ ਆਸ ਹੁੰਦੀ ਹੈ। ਇਸ ਕਰਕੇ ਵੀ ਨੌਜਵਾਨ ਵਰਗ ਆਪਣੇ ਮੂਲ ਕੰਮ (ਸਿੱਖਿਆ- ਪ੍ਰਾਪਤੀ) ਨੂੰ ਛਿੱਕੇ ਟੰਗ ਕੇ ਸਿਆਸਤ ਦੀਆਂ ਰਾਹਾਂ ਦਾ ਮੁਸਾਫ਼ਰ ਬਣ ਜਾਂਦਾ ਹੈ।


ਨਤੀਜੇ :-

ਸਿੱਖਿਆ ਸੰਸਥਾਵਾਂ ਵਿਚ ਨੌਜਵਾਨ ਆਪਣੀ ਪੜਾਈ ਤੋਂ ਜਿਆਦਾ ਸਿਆਸਤ ਦੇ ਕੰਮਾਂ ਵੱਲ ਧਿਆਨ ਦਿੰਦੇ ਹਨ। ਇਹਨਾਂ ਕਾਰਨਾਂ ਦੀ ਉੱਪਰ ਚਰਚਾ ਕੀਤੀ ਜਾ ਚੁਕੀ ਹੈ ਪਰ, ਇਹਨਾਂ ਦੇ ਨਤੀਜਿਆਂ ਨੂੰ ਸੰਖੇਪ ਰੂਪ ਵਿਚ ਹੇਠਾਂ ਵਾਚਿਆ ਜਾ ਰਿਹਾ ਹੈ ਤਾਂ ਕਿ ਸਹੀ ਕਾਰਨਾਂ ਦੀ ਪੜਚੋਲ ਕਰਕੇ ਇਹਨਾਂ ਤੋਂ ਬਚਿਆ ਜਾ ਸਕੇ। ਨੌਜਵਾਨਾਂ ਪੀੜੀ ਨੂੰ ਸੇਧ ਮਿਲ ਸਕੇ।

ਪਹਿਲੀ ਗੱਲ, ਵਿਦਿਆਰਥੀ ਵਰਗ ਦੇ ਸਿਆਸਤ ਵਿਚ ਸਰਗਰਮ ਹੋਣ ਨਾਲ ਉਹਨਾਂ ਦੇ ਸਿੱਖਿਅਕ ਜੀਵਨ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅਜਿਹਾ ਅਕਸਰ ਹੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਸਿਆਸਤ ਦੇ ਚੱਕਰ ਕਰਕੇ ਆਪਣੀ ਪੜਾਈ ਅੱਧ- ਵਿਚਾਲੇ ਛੱਡ ਜਾਂਦੇ ਹਨ।

ਦੂਜੀ ਗੱਲ, ਵਿਦਿਆਰਥੀ ਵਰਗ ਦੇ ਸਿਆਸਤ ਵਿਚ ਆਉਣ ਕਰਕੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਬਹੁਤ ਨੁਕਸਾਨ ਹੁੰਦਾ ਹੈ। ਕਾਲਜਾਂ/ ਯੂਨੀਵਰਸਿਟੀਆਂ ਵਿਚ ਨਿੱਤ ਹੀ ਲੜਾਈ- ਝਗੜੇ ਦੀਆਂ ਗੱਲਾਂ/ ਖ਼ਬਰਾਂ ਪੜਨ/ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਿੱਖਿਆ ਦੇ ਮੰਦਰਾਂ ਵਿਚ ਕਤਲ ਵਰਗੇ ਜ਼ੁਰਮ ਵੀ ਕਰ ਦਿੱਤੇ ਜਾਂਦੇ ਹਨ। ਇਹ ਬਹੁਤ ਮੰਦਭਾਗਾ ਅਤੇ ਗੰਭੀਰ ਰੁਝਾਨ ਹੈ। ਇਹ ਮੁੱਦੇ ਵੱਲ ਸਰਕਾਰ, ਬੁਧੀਜੀਵੀ ਵਰਗ ਅਤੇ ਮਾਪਿਆਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਤੀਜੀ ਗੱਲ, ਵਿਦਿਆਰਥੀਆਂ ਦੇ ਸਰਗਰਮ ਸਿਆਸਤ ਵਿਚ ਆਉਣ ਕਰਕੇ ਸਿੱਖਿਆ ਸੰਸਥਾਵਾਂ ਉੱਤੇ ਮਾੜਾ ਅਸਰ ਪੈਂਦਾ ਹੈ। ਕੈਂਪਸ ਵਿਚ ਪੜਾਈ ਦਾ ਮਾਹੌਲ ਘੱਟ ਅਤੇ ਸਿਆਸਤ ਦਾ ਮਾਹੌਲ ਜਿਆਦਾ ਭਾਰੂ ਹੁੰਦਾ ਹੈ। ਗ਼ਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਹੱਥ ਧੋਣਾ ਪੈਂਦਾ ਹੈ। ਮਾਪੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਅਜਿਹੀਆਂ ਸੰਸਥਾਵਾਂ ਵਿਚ ਪੜਨ ਜਿੱਥੇ ਪੜਾਈ ਨਾਲੋਂ ਸਿਆਸਤ ਵੱਧ ਹੁੰਦੀ ਹੈ।

ਸਿੱਖਿਆ ਸੰਸਥਾਵਾਂ ਵਿਚ ਲੜਾਈ- ਝਗੜੇ ਕਰਕੇ ਬਹੁਤ ਸਾਰੇ ਵਿਦਿਆਰਥੀ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਬਹੁਤ ਸਾਰੇ ਨੌਜਵਾਨ ਗ਼ਲਤ ਰਾਹਾਂ ਉੱਤੇ ਤੁਰ ਪੈਂਦੇ ਹਨ; ਬਹੁਤ ਸਾਰੇ ਗੈਂਗਸਟਰ ਇਹਨਾਂ ਸਿਆਸੀ ਗਤੀਵਿਧੀਆਂ ਦਾ ਹੀ ਨਤੀਜਾ ਹਨ। ਸਿਆਸੀ ਚੱਕਰਵਿਊ ਕਰਕੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਅੰਤ ਵਿਚ:-

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸਿੱਖਿਆ ਸੰਸਥਾਵਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਵਿਦਿਆਰਥੀ ਵਰਗ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ ਤਾਂ ਕਿ ਉਹ ਸਿਆਸੀ ਦਲਾਂ ਦੇ ਮਗਰ ਲੱਗ ਕੇ ਆਪਣੇ ਜੀਵਨ ਦਾ ਕੀਮਤੀ ਵਕਤ ਨਾ ਗੁਆਉਣ। ਸਿੱਖਿਆ ਪ੍ਰਾਪਤੀ ਦਾ ਇਹ ਅਮੁੱਲ ਮੌਕਾ ਮੁੜ ਕਦੇ ਨਹੀਂ ਮਿਲਦਾ। ਵਿਦਿਆਰਥੀ ਜੀਵਨ ਦਾ ਮੂਲ ਉਦੇਸ਼ 'ਵਿੱਦਿਆ ਪ੍ਰਾਪਤੀ' ਹੁੰਦਾ ਹੈ ਅਤੇ ਇਸ ਉਦੇਸ਼ ਤੋਂ ਭਟਕਣਾ ਮੂਰਖ਼ਤਾ ਹੈ। ਪਰ, ਇਸ ਮੂਰਖ਼ਤਾ ਤੋਂ ਕਿੰਨੇ ਕੂ ਵਿਦਿਆਰਥੀ ਬਚੇ ਰਹਿੰਦੇ ਹਨ ਇਹ ਅਜੇ ਦੇਖਣ ਵਾਲੀ ਗੱਲ ਹੈ।

ਸੰਪਰਕ : 075892- 33437

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ