ਭਾਜਪਾ ਲਈ ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਉਦੇਸ਼ - ਮਨਦੀਪ
Posted on:- 09-04-2019
ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸਿਆਸਤ ਨਾਲ ਅਟੁੱਟ ਅਤੇ ਪੇਚੀਦਾ ਰਿਸ਼ਤਾ ਹੈ। ਹਰ ਕਿਸਮ ਦੀ ਸੱਤਾ-ਧਿਰ ਦੀ ਵਿਚਾਰਧਾਰਾ ਦੀ ਸਿਆਸਤ ਇਸ ਉੱਤੇ ਅਸਰ-ਅੰਦਾਜ਼ ਹੁੰਦੀ ਹੈ। ਇਸਦੇ ਉਲਟ ਸਾਹਿਤ, ਕਲਾ ਅਤੇ ਸੱਭਿਆਚਾਰ, ਸੱਤਾ ਅਤੇ ਸਿਆਸਤ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਨ੍ਹੀ ਦਿਨੀਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਾਰਤੀ ਸਿਨੇਮਾ ਨੂੰ ਪਾਰਟੀ ਪ੍ਰਚਾਰ ਦਾ ਮਾਧਿਅਮ ਬਣਾਉਣ ਦੀਆਂ ਕਈ ਮਸ਼ਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉਂਝ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੱਤਾ 'ਚ ਆਉਣ ਤੋਂ ਬਾਅਦ ਲਗਾਤਾਰ ਸਾਹਿਤ, ਕਲਾ, ਵਿਗਿਆਨ ਅਤੇ ਸੱਭਿਆਚਾਰ ਦੇ ਖੇਤਰ ਵਿਚ ਸੰਘ ਅਤੇ ਉਸਦੀ ਹਿੰਦੂਤਵੀ ਵਿਚਾਰਧਾਰਾ ਨੂੰ ਲਾਗੂ ਕਰਨ ਦੇ ਏਜੰਡੇ ਉੱਤੇ ਚੱਲ ਰਹੀ ਹੈ।
ਦੇਸ਼ ਅੰਦਰ 2019 ਦੀਆਂ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਅਜਿਹੇ ਸਮੇਂ ਮਾਰਚ ਮਹੀਨੇ 'ਚ 'ਪੀਐਮ ਨਰੇਂਦਰ ਮੋਦੀ' ਨਾਂ ਦੀ ਬਾਲੀਵੁੱਡ ਫਿਲਮ ਦਾ ਟ੍ਰੇਲਰ ਅਤੇ ਇਸ ਫਿਲਮ ਦੇ ਕੁਝ ਗੀਤ ਸਾਹਮਣੇ ਆਏ ਹਨ। ਇਹ ਫਿਲਮ 23 ਭਸ਼ਾਵਾਂ ਵਿਚ ਬਣ ਰਹੀ ਹੈ। ਫਿਲਮ ਦਾ ਟ੍ਰੇਲਰ ਰੀਲੀਜ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਵਿਵਾਦਾਂ ਵਿਚ ਘਿਰ ਗਿਆ ਹੈ।
ਇਸਤੋਂ ਪਹਿਲਾਂ ਭਾਜਪਾ ਦੀ ਫਿਰਕੂ ਫਸਾਦੀ ਵਿਚਾਰਧਾਰਾ ਤੋਂ ਪ੍ਰੇਰਿਤ 'ਉਰੀ: ਦਿ ਸਰਜੀਕਲ ਸਟਰਾਇਕ' ਅਤੇ 'ਐਕਸੀਡੈਂਟਲ ਪ੍ਰਇਮ ਮਨਿਸਟਰ' ਨਾਂ ਦੀਆਂ ਬਾਲੀਵੁੱਡ ਫਿਲਮਾਂ ਵਿਵਾਦਾਂ ਵਿੱਚ ਰਹੀਆਂ ਸਨ। ਅਸਲ ਵਿਚ ਇਹ ਤਿੰਨ ਵੱਖ-ਵੱਖ ਫਿਲਮਾਂ ਨਾ ਹੋ ਕੇ ਭਾਜਪਾ ਪ੍ਰਚਾਰ ਮੁਹਿੰਮ ਦੀ ਇਕ ਲੜੀ ਹੈ। ਫਿਲਮ 'ਉਰੀ' ਵਿਚ ਪਾਕਿਸਤਾਨ ਖਿਲਾਫ ਫਿਰਕੂ ਜਨੂੰਨ ਭੜਕਾ ਕੇ ਅਤੇ ਇਸਦੇ ਖਿਲਾਫ 'ਰਾਸ਼ਟਰਵਾਦੀ' ਭਾਵਨਾ ਦੇ ਨਾਂ ਹੇਠ ਅੰਨੇ ਹਿੰਦੂ ਕੌਮੀ ਸ਼ਾਵਨਵਾਦ ਨੂੰ ਬੜਾਵਾ ਦਿੱਤਾ ਗਿਆ। ਅਸਿੱਧੇ ਤੌਰ ਤੇ ਨਰੇਂਦਰ ਮੋਦੀ ਨੂੰ ਨਿਡਰ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਗਿਆ।'ਐਕਸੀਡੈਂਟਲ ਪ੍ਰਇਮ ਮਨਿਸਟਰ' ਨਾਂ ਦੀ ਦੂਜੀ ਫਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਧੁਰਾ ਬਣਾਕੇ ਵਿਰੋਧੀ ਧਿਰ ਕਾਂਗਰਸ ਅਤੇ ਨਹਿਰੂ ਪਰਿਵਾਰ ਉੱਪਰ ਹਮਲਾ ਕੀਤਾ ਗਿਆ। ਆ ਰਹੀ ਨਵੀਂ ਫਿਲਮ ਵਿਚ ਨਰੇਂਦਰ ਮੋਦੀ ਦੇ ਵਿਅਕਤੀਤਵ ਨੂੰ ਕੇਂਦਰ 'ਚ ਰੱਖਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਚਾਰਧਾਰਾ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਉਭਾਰਨ ਦੇ ਯਤਨ ਕੀਤੇ ਜਾ ਰਹੇ ਹਨ। ਇਹ ਸਿਆਸੀ ਕਸਰਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸੰਪੂਰਨ ਦਾਅਵੇਦਾਰ ਬਣਾ ਕੇ ਪੇਸ਼ ਕਰਨ ਲਈ ਕੀਤੀ ਜਾ ਰਹੀ ਹੈ। ਇੱਕ ਗਰੀਬ ਪਰਿਵਾਰ ਵਿਚ ਪੈਦਾ ਹੋਏ ਬੱਚੇ ਦੀ ਦੇਸ਼ਭਗਤੀ ਵਿਖਾਕੇ ਨਰੇਂਦਰ ਮੋਦੀ ਦਾ ਵਿਅਕਤੀਗਤ ਕਲਟ ਤਿਆਰ ਕੀਤਾ ਜਾ ਰਿਹਾ ਹੈ।
ਇਹ ਇਤਿਹਾਸ ਦਾ ਇੱਕ ਅਨੋਖਾ ਮੇਲ ਹੈ ਕਿ ਬਿਲਕੁਲ ਇਸੇ ਤਰਜ ਉੱਤੇ ਨਾਜ਼ੀ ਜਰਮਨੀ ਅੰਦਰ 1927 ਤੋਂ 1945 ਦੇ ਅਰਸੇ ਦੌਰਾਨ ਅਡੋਲਫ ਹਿਟਲਰ ਨੂੰ ਲੋਕ ਨਾਇਕ ਬਣਾਕੇ ਪੇਸ਼ ਕਰਨ ਲਈ ਜਰਮਨੀ ਸਿਨੇਮਾ ਨੂੰ ਮੁੱਖ ਸਾਧਨ ਬਣਾਇਆ ਗਿਆ ਸੀ। ਹਿਟਲਰ ਦੇ ਸ਼ਾਸ਼ਨ ਕਾਲ ਸਮੇਂ ਜਰਮਨੀ ਦਾ ਸਿਨੇਮਾ ਨਾਜ਼ੀ ਪਾਰਟੀ ਦੀ ਸਿਆਸਤ ਦੇ ਪ੍ਰਚਾਰ ਦਾ ਮੁੱਖ ਸਾਧਨ ਬਣਾਇਆ ਗਿਆ। ਗਰੀਬੀ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਜਰਮਨੀ ਦੇ ਲੋਕਾਂ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਨਾਅਰੇ ਦੇ ਕੇ ਨਾਜ਼ੀ ਪਾਰਟੀ ਦੇ ਫਿਰਕੂ ਅਤੇ ਨਸਲੀ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਸੀ। ਇਸ ਦੌਰਾਨ ਜਰਮਨੀ ਦੇ ਸਿਨੇਮਾ ਰਾਹੀਂ ਹਿਟਲਰ ਨੂੰ 'ਲੋਹ ਪੁਰਸ਼' ਅਤੇ 'ਲੋਕਾਂ ਦਾ ਨਾਇਕ' ਬਣਾਕੇ ਪੇਸ਼ ਜਾਂਦਾ ਸੀ। ਲੋਕਾਂ ਅੰਦਰ ਨਸਲੀ ਸ਼ੁੱਧਤਾ ਅਤੇ ਕੌਮੀ ਭਾਵਨਾ ਪੈਦਾ ਕੀਤੀ ਜਾਂਦੀ। ਨਾਜ਼ੀ ਜਰਮਨੀ ਦਾ ਪ੍ਰਚਾਰ-ਪ੍ਰਸਾਰ ਮੰਤਰਾਲਾ ਹਿਟਲਰ ਦੇ ਨਜ਼ਦੀਕੀ ਜੋਸੇਫ ਗੋਬਲਸ ਹੱਥ ਸੀ। ਗੋਬਲਸ ਰੋਜ਼ਾਨਾ ਫਿਲਮਾ ਦੇਖਦਾ ਅਤੇ ਫਿਲਮਕਾਰਾਂ ਨਾਲ ਸਰਗਰਮ ਸੰਪਰਕ ਰੱਖਦਾ ਸੀ। ਇਸੇ ਤਰ੍ਹਾਂ ਪਿਛਲੇ ਸਾਲ ਜੂਨ ਮਹੀਨੇ ਵਿਚ ਭਾਜਪਾ ਪ੍ਰਧਾਨ ਅਮਿੱਤ ਸ਼ਾਹ 'ਸਮੱਰਥਨ ਲਈ ਸੰਪਰਕ' ਮੁਹਿੰਮ ਤਹਿਤ ਮੁਬੰਈ ਦੇ ਕਈ ਫਿਲਮਕਾਰਾਂ ਅਤੇ ਫਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਜਾ ਨਿੱਜੀ ਤੌਰ ਤੇ ਮਿਲੇ।
ਹਿਟਲਰ ਨੇ ਸੱਤਾ 'ਚ ਆਉਣ ਤੋਂ ਬਾਅਦ ਨਿੱਜੀ ਤੌਰ ਤੇ ਸ਼ਾਮਲ ਹੋ ਕੇ ‘Metropolis’ ਅਤੇ ‘Triumph des Willens’ ਨਾਂ ਦੀਆਂ ਰਾਸ਼ਟਰਵਾਦ ਦੀ ਭਾਵਨਾ ਨਾਲ ਭਰੀਆਂ ਹੋਈਆਂ ਦੋ ਫਿਲਮਾਂ ਤਿਆਰ ਕਰਵਾਈਆਂ। ਇਹਨਾਂ ਦੋਵਾਂ ਫਿਲਮਾਂ ਵਿਚ ਜਮਾਤੀ ਦਰਜੇਬੰਦੀ ਨੂੰ ਤੋੜ ਕੇ ਉਸਦੇ ਫਾਸ਼ੀਵਾਦੀ ਰਾਜ ਹੇਠ ਬਰਾਬਰਤਾ ਲਿਆਉਣ, ਕਮਿਊਨਿਜ਼ਮ ਦਾ ਵਿਰੋਧ, ਬਾਹਰੀ ਦੁਸ਼ਮਣ ਤੋਂ ਖਤਰਾ ਅਤੇ ਜਰਮਨ ਨੂੰ 'ਵਿਸ਼ਵ ਸ਼ਕਤੀ' ਬਣਾਉਣ ਦੇ ਪ੍ਰਚਾਰ ਉਹਲੇ ਨਾਜ਼ੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਗਿਆ, ਜਿਸਦਾ ਨਾਇਕ ਹਿਟਲਰ ਸੀ। ਇਸੇ ਤਰਜ ਤੇ ਭਾਜਪਾ ਅਤੇ ਸੰਘ ਦੇ ਸਹਿਯੋਗ ਨਾਲ ਬਣੀਆਂ ਭਾਰਤੀ ਬਾਲੀਵੁੱਡ ਫਿਲਮਾਂ ਵਿਚ ਵਿਕਾਸ ਅਤੇ ਰਾਸ਼ਟਰਵਾਦ ਦੇ ਧੂੰਆਂਧਾਰ ਪ੍ਰਚਾਰ, 'ਦੁਸ਼ਮਣ ਦੇਸ਼' ਪਾਕਿਸਤਾਨ ਨੂੰ ਸਬਕ ਸਿਖਾਉਣ, ਨਕਸਲਵਾਦ ਦਾ ਵਿਰੋਧ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦੇ ਸ਼ੋਰਗੁੱਲ ਉਹਲੇ ਹਿੰਦੂ ਫਾਸ਼ੀਵਾਦੀ ਏਜੰਡੇ ਨੂੰ ਪ੍ਰਚਾਰਿਆ-ਪ੍ਰਸਾਰਿਆ ਜਾ ਰਿਹਾ ਹੈ, ਜਿਸਦਾ ਨਾਇਕ ਨਰੇਂਦਰ ਮੋਦੀ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਨਾਜ਼ੀ ਜਰਮਨੀ ਦੌਰਾਨ ਸਾਹਿਤ, ਕਲਾ ਅਤੇ ਸੱਭਿਆਚਾਰ ਨੂੰ ਨਾਜ਼ੀ ਵਿਚਾਰਧਾਰਾ ਅਨੁਸਾਰ ਢਾਲਿਆ ਜਾਂਦਾ ਰਿਹਾ। ਜਮਹੂਰੀ ਅਤੇ ਪ੍ਰਗਤੀਸ਼ੀਲ ਕਾਰਵਾਈਆਂ ਨੂੰ ਜਬਰ ਆਸਰੇ ਕੁਚਲ ਦਿੱਤਾ ਜਾਂਦਾ ਰਿਹਾ। ਕਲਾਤਮਿਕ ਫਿਲਮਾਂ ਖਿਲਾਫ ਕੂੜ-ਪ੍ਰਚਾਰ ਕਰਵਾਇਆ ਗਿਆ। ਨਾਜ਼ੀ ਜਰਮਨੀ ਦੀ ਤਰਜ ਤੇ ਪਿਛਲੇ ਸਮੇਂ ਸ਼ਿਵ ਸੈਨਾ ਦੇ ਗੁੰਡਾ-ਗਰੋਹਾਂ ਵੱਲੋਂ ਭਾਜਪਾ ਸਰਕਾਰ ਵਾਲੇ ਸੂਬਿਆਂ ਵਿਚ ਫਿਲਮ 'ਪਦਮਾਵਤ' ਦਾ ਹਿੰਸਕ ਵਿਰੋਧ ਕੀਤਾ ਗਿਆ। ਇੱਕ ਪਾਸੇ ਇਤਿਹਾਸਕ ਫਿਲਮਾਂ ਦਾ ਵਿਰੋਧ ਅਤੇ ਦੂਜੇ ਪਾਸੇ ਸ਼ਿਵ ਸੈਨਾ ਦੇ ਫਿਰਕਾਪ੍ਰਸਤ ਮੁੱਖੀ ਬਾਲ ਠਾਕਰੇ ਦੇ ਜੀਵਨ ਤੇ ਬਣੀ ਫਿਲਮ 'ਠਾਕਰੇ' ਨੂੰ ਉਭਾਰਨ ਵਿੱਚ ਸੰਘ ਸਮੇਤ ਭਾਜਪਾ ਪੱਬਾਂ ਭਾਰ ਰਹੇ। ਭਾਜਪਾ ਦੇ ਕਈ ਮੰਤਰੀਆਂ ਨੇ 2019 ਦੇ ਬਜਟ ਸ਼ੈਸ਼ਨ ਦੌਰਾਨ ਪਾਰਲੀਮੈਂਟ ਨੂੰ ਵੀ 'ਉਰੀ : ਦਿ ਸਰਜੀਕਲ ਸਟਰਾਇਕ' ਵਰਗੀ ਫਿਲਮ ਨੂੰ ਪ੍ਰਮੋਟ ਕਰਨ ਦਾ ਮੰਚ ਬਣਾ ਧਰਿਆ।
ਕੋਬਰਾ ਪੋਸਟ ਨਾਮ ਦੀ ਇਕ ਪ੍ਰਸਿੱਧ ਵੈੱਬਸਾਇਟ ਨੇ ਖੁਲਾਸੇ ਕਰਦਿਆਂ ਦੱਸਿਆ ਕਿ ਭਾਜਪਾ ਅਤੇ ਹਿੰਦੀ ਫਿਲਮੀ ਸਿਤਾਰਿਆਂ ਵਿਚਕਾਰ ਇਕ ਖੁਫੀਆ ਸਮਝੌਤਾ ਹੋਇਆ ਹੈ ਜਿਸ ਤਹਿਤ ਉਹਨਾਂ ਨੇ ਮਿੱਥੀ ਕੀਮਤ ਹਾਸਲ ਕਰਕੇ ਸ਼ੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਭਾਜਪਾ ਸਰਕਾਰ ਦੇ ਹੱਕ ਵਿਚ ਪ੍ਰਚਾਰ ਕਰਨਾ ਹੈ। ਕੋਬਰਾ ਪੋਸਟ ਨੇ ਇਸ ਖੁਲਾਸੇ ਵਿਚ ਫਿਲਮ ਜਗਤ ਦੀਆਂ ਕਈ ਉੱਘੀਆਂ ਹਸਤੀਆਂ ਦੇ ਨਾਮ ਵੀ ਨਸ਼ਰ ਕੀਤੇ ਸਨ। ਇਸੇ ਤਰ੍ਹਾਂ 'ਬਰਾਡਕਾਸਟ ਔਡੀਐਂਸ ਰੀਸਰਚ ਕੌਂਸਲ' ਦੇ ਇੱਕ ਸਰਵੇ ਮੁਤਾਬਕ ਭਾਜਪਾ ਸਰਕਾਰ ਨੇ ਭਾਰਤ ਦੇ ਚੋਟੀ ਦੇ ਦਸ ਟੀਵੀ ਚੈਨਲਾਂ ਉਪਰ ਸਭ ਤੋਂ ਵੱਧ ਰਿਕਾਰਡ ਤੋੜ (22,099 ਵਾਰੀ) ਇਸ਼ਤਿਹਾਰਬਾਜ਼ੀ ਕਰਵਾਈ। ਇਸ ਸਰਵੇ ਮੁਤਾਬਕ ਭਾਜਪਾ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ 5000 ਕਰੋੜ ਰੁਪਏ ਸਿਰਫ ਇਸ਼ਤਿਹਾਰਬਾਜ਼ੀ ਉਪਰ ਹੀ ਰੋੜ ਦਿੱਤੇ।
ਭਾਜਪਾ ਸਰਕਾਰ ਦੀਆਂ ਸੱਤਾ 'ਚ ਆਉਣ ਤੋਂ ਹੁਣ ਤੱਕ ਦੀਆਂ ਕਾਰਵਾਈਆਂ ਦੱਸਦੀਆਂ ਹਨ ਕਿ ਲੋਕਾਂ ਦੇ ਮੰਨੋਰੰਜਨ ਅਤੇ ਜਾਣਕਾਰੀ ਦੇ ਸਾਧਨ ਹੁਣ ਸਿਆਸੀ ਪ੍ਰਚਾਰ ਮੁਹਿੰਮ ਦੇ ਸਾਧਨ ਬਣ ਚੁੱਕੇ ਹਨ। ਦੇਸ਼ ਦੇ ਨਿਊਜ਼ ਚੈਨਲਾਂ ਤੋਂ ਲੈ ਕੇ ਰੇਡੀਓ, ਸ਼ੋਸ਼ਲ ਮੀਡੀਆ ਅਤੇ ਫਿਲਮ ਜਗਤ ਨੂੰ ਭਾਜਪਾ ਦੇ ਬੁਲਾਰਿਆਂ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ। ਟੀਵੀ, ਰੇਡੀਓ, ਸਿਨੇਮਾਂ, ਸ਼ੋਸ਼ਲ ਮੀਡੀਆ ਤੋਂ ਇਲਾਵਾ ਸਾਹਿਤ, ਪਾਠ ਪੁਸਤਕਾਂ, ਸੱਭਿਆਚਾਰ ਅਤੇ ਵਿਗਿਆਨਿਕ ਸੰਸਥਾਵਾਂ ਉੱਤੇ ਹਿੰਦੂਤਵੀ ਫਿਰਕੂ ਵਿਚਾਰਧਾਰਾ ਥੋਪੀ ਜਾ ਰਹੀ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇ ਨੇ ਪਿਛਲੇ ਦਿਨੀਂ ਹਿੰਦੀ ਫਿਲਮ ਉਦਯੋਗ ਨੂੰ 'ਬਾਲੀਵੁੱਡ' ਕਹਿਣ ਤੇ ਇਤਰਾਜ ਜਤਾਇਆ। ਉਹਨਾਂ ਦਾ ਮੰਨਣਾ ਹੈ ਕਿ ਇਹ ਸ਼ਬਦ ਭਾਰਤੀ ਸੱਭਿਆਚਾਰ ਦੀ ਤਰਜਮਾਨੀ ਨਹੀਂ ਕਰਦਾ। ਇਹ ਨਾਮ 'ਹਾਲੀਵੁੱਡ' ਦੀ ਤਰਜ ਤੇ ਬੀਬੀਸੀ ਵੱਲੋਂ ਥੋਪਿਆ ਗਿਆ ਹੈ। ਇਸੇ ਤਰ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ਦੇ ਮੰਤਰੀਆਂ ਵੱਲੋਂ ਭਾਰਤੀ ਸਾਹਿਤ, ਕਲਾ ਅਤੇ ਸੱਭਿਆਚਾਰ ਨੂੰ ਬਦਲਣ ਲਈ ਲਗਾਤਾਰ ਇਕ ਮੁਹਿੰਮ ਚਲਾਈ ਹੋਈ ਹੈ। ਭਾਜਪਾ ਦੁਆਰਾ ਸੰਘ ਸਮਰਥਕ ਗਜੇਂਦਰ ਚੌਹਾਨ ਨੂੰ 'ਭਾਰਤੀ ਫਿਲਮ ਅਤੇ ਟੀਵੀ ਸੰਸਥਾ' ਦਾ ਚੇਅਰਮੈਨ ਥਾਪਣਾ ਅਤੇ ਸੰਘ ਦੇ ਸਿੱਖਿਆ ਸ਼ਾਸ਼ਤਰੀ ਦੀਨਾ ਨਾਥ ਬਤਰਾ ਦੀਆਂ ਲਿਖੀਆਂ ਪੁਸਤਕਾਂ ਨੂੰ ਗੁਜਰਾਤ ਦੇ ਸਕੂਲਾਂ ਵਿਚ ਪੜਾਉਣ ਦੇ ਯਤਨ ਭਾਜਪਾ ਪਹਿਲਾਂ ਤੋਂ ਹੀ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਭਾਜਪਾ ਵੱਲੋਂ ਸੰਘ ਦੇ ਗੁਪਤ ਏਜੰਡੇ ਨੂੰ ਲਾਗੂ ਕਰਨ ਲਈ ਭਾਰਤੀ ਲੋਕਾਂ ਨੂੰ ਜਨਮ ਦਿਵਸ ਮਨਾਉਣ ਵੇਲੇ ਸਵਦੇਸ਼ੀ ਕੱਪੜੇ ਪਾਉਣ, ਗਯਤਰੀ ਮੰਤਰ ਦਾ ਪਾਠ ਕਰਨ, ਗਊ ਪੂਜਾ, ਮੋਮਬੱਤੀਆਂ ਦੇ ਪੱਛਮੀ ਸੱਭਿਆਚਾਰ ਦੀ ਥਾਂ ਦੀਵੇ ਜਗਾਉਣ, ਸੀ.ਬੀ.ਐਸ.ਈ. ਪਾਠਕ੍ਰਮਾ 'ਚ ਸੋਧ ਕਰਕੇ ਮਹਾਰਾਣਾ ਪ੍ਰਤਾਪ, ਵਿਵੇਕਾਨੰਦ ਅਤੇ ਚਾਣਕਿਆ ਨੂੰ ਪੜ੍ਹਾੳਣ, ਅੰਗਰੇਜ਼ੀ ਭਾਸ਼ਾ ਦੀ ਥਾਂ ਪੁਰਾਤਨ ਭਾਰਤੀ ਭਾਸ਼ਾਵਾਂ ਸੰਸਕ੍ਰਿਤ ਆਦਿ ਨੂੰ ਪੜ੍ਹਾਉਣ, ਵਿੱਦਿਅਕ ਅਦਾਰਿਆਂ 'ਚ ਹਿੰਦੂ ਕਦਰਾਂ ਕੀਮਤਾਂ ਅਤੇ ਕੌਮਵਾਦ ਦਾ ਪਾਠ ਪੜ੍ਹਾਉਣ, ਸਕੂਲਾਂ ਅਤੇ ਕਾਲਜਾਂ 'ਚ ਮੌਜੂਦਾ ਗਣਿਤ ਦੀ ਬਜਾਏ ਵੈਦਿਕ ਗਣਿਤ ਪੜ੍ਹਾਉਣ ਦੀਆਂ ਪਿਛਾਖੜੀ ਅਤੇ ਫਿਰਕੂ ਕਾਰਵਾਈਆਂ ਕੀਤੀਆਂ ਜਾਂਦੀਆਂ ਆ ਰਹੀਆਂ ਹਨ। ਭਾਜਪਾ ਅਤੇ ਸੰਘ ਪ੍ਰਚਾਰਕਾਂ ਮੁਤਾਬਕ ਸਾਡੇ ਰਿਸ਼ੀ ਵਿਗਿਆਨੀ ਸਨ ਤੇ ਉਨ੍ਹਾਂ ਦੀ ਤਕਨੀਕ, ਮੈਡੀਸਨ ਅਤੇ ਵਿਗਿਆਨਕ ਕਾਢਾਂ ਨੂੰ ਪੱਛਮ ਨੇ ਹਥਿਆ ਲਿਆ ਹੈ।ਭਗਵਾਨ ਰਾਮ ਵੱਲੋਂ ਵਰਤਿਆ ਗਿਆ ਉਡਣਾ 'ਪੁਸ਼ਪਕ ਵਿਮਾਨ' ਦੁਨੀਆਂ ਦਾ ਪਹਿਲਾ ਹਵਾਈ ਜਹਾਜ ਸੀ। ਸਟੈਮ ਸੈਲ ਜਿਨਾਂ ਰਾਹੀਂ ਕਲੋਨਿੰਗ ਕਰਕੇ ਹਰ ਜਿਉਂਦੇ ਪ੍ਰਾਣੀ ਦੀ ਕਾਪੀ ਪੈਦਾ ਕੀਤੀ ਜਾ ਸਕਦੀ ਹੈ, ਇਹ ਭਾਰਤ ਦੇ ਦੁਆਪਰ ਯੁੱਗ ਕੌਰਵਾਂ-ਪਾਡਵਾਂ ਵੇਲੇ ਦੀ ਕਾਢ ਹੈ। ਉਹਨਾਂ ਦੀ ਮਨੌਤ ਹੈ ਕਿ ਭਾਰਤੀ ਵਿੱਦਿਆ ਦੇ ਪਾਠ-ਕ੍ਰਮ ਭਾਰਤੀ ਸੱਭਿਆਚਾਰ ਪ੍ਰਤੀ ਤੁਅੱਸਬੀ ਹਨ ਅਤੇ ਇਹ ਪਾਠ-ਕ੍ਰਮ ਨਕਸਲਵਾਦ ਨੂੰ ਉਤਸ਼ਾਹਤ ਕਰਦੇ ਹਨ।
ਦੁਨੀਆਂ ਭਰ ਦੇ ਇਤਿਹਾਸ ਵਿਚ ਜਿਹੜੀ ਵੀ ਸਿਆਸਤ ਅਤੇ ਵਿਚਾਰਧਾਰਾ ਸੱਤਾ ਉੱਤੇ ਕਾਬਜ ਹੋਣ ਵਿਚ ਕਾਮਯਾਬ ਹੋਈ ਹੈ ਉਹਨਾਂ ਸਾਰੀਆਂ ਸੱਤਾਵਾਂ ਨੇ ਉਥੋਂ ਦੇ ਸਥਾਨਕ ਸਾਹਿਤ, ਕਲਾ ਅਤੇ ਸੱਭਿਆਚਾਰ ਨੂੰ ਆਪਣੇ ਮੁਤਾਬਕ ਢਾਲਣ ਦੇ ਯਤਨ ਕੀਤੇ ਹਨ। ਜੇਕਰ ਇੱਕ ਪਾਸੇ ਨਾਜ਼ੀ ਜਰਮਨੀ ਨੇ ਜਰਮਨੀ ਦੇ ਸਾਹਿਤ, ਕਲਾ ਅਤੇ ਸੱਭਿਆਚਾਰ ਨੂੰ ਆਪਣੇ ਮੁਤਾਬਕ ਢਾਲਿਆ ਤਾਂ ਉਧਰ ਦੂਜੇ ਪਾਸੇ ਸਮਾਜਵਾਦੀ ਸੋਵੀਅਤ ਯੂਨੀਅਨ ਨੇ ਆਪਣੇ ਦੇਸ਼ ਦੇ ਸਾਹਿਤ, ਕਲਾ ਅਤੇ ਸੱਭਿਆਚਾਰ ਨੂੰ ਆਪਣੀ ਵਿਚਾਰਧਾਰਾ ਮੂਜਬ ਵਿਕਸਿਤ ਕੀਤਾ। ਚੀਨ ਅੰਦਰ ਮਹਾਨ ਸੱਭਿਆਚਾਰਕ ਇਨਕਲਾਬ ਦੌਰਾਨ ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਖੇਤਰ 'ਚ ਵੱਡੀਆਂ ਪੁਲਾਂਘਾਂ ਪੁਟੀਆਂ ਗਈਆਂ। ਸੱਤਾ ਅਤੇ ਉਸਦੀ ਸਿਆਸਤ ਦਾ ਇਸ ਉੱਤੇ ਅਸਰਅੰਦਾਜ ਹੋਣਾ ਸੁਭਾਵਿਕ ਅਤੇ ਜਰੂਰੀ ਹੁੰਦਾ ਹੈ। ਪਰੰਤੂ ਜਦੋਂ ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਉਦੇਸ਼ ਤੈਅ ਕੀਤਾ ਜਾਂਦਾ ਹੈ ਤਾਂ ਦੁਨੀਆ ਭਰ ਦੇ ਅਗਾਂਹਵਧੂ ਵਿਦਵਾਨ ਆਪਣੀਆਂ ਵੱਖੋ-ਵੱਖਰੀਆਂ ਰਾਵਾਂ ਦੇ ਬਾਵਜੂਦ ਇਕ ਸਾਂਝੇ ਨੁਕਤੇ ਉੱਤੇ ਸਹੀ ਪਾਉਂਦੇ ਹਨ ਕਿ ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਉਦੇਸ਼ ਮਨੁੱਖ ਜਾਤੀ ਦਾ ਵਿਕਾਸ ਅਤੇ ਉਸਦੀ ਸੇਵਾ ਕਰਨਾ ਹੈ। ਪਰੰਤੂ ਮੌਜੂਦਾ ਸਮੇਂ ਭਾਜਪਾ ਅਤੇ ਸੰਘ ਜਿਸ ਕਦਰ ਮਹਿੰਗਾਈ, ਭ੍ਰਿਸ਼ਟਾਚਾਰ, ਘੁਟਾਲੇ, ਬੇਰੁਜਗਾਰੀ, ਗਰੀਬੀ ਆਦਿ ਬੁਨਿਆਦੀ ਮੁੱਦਿਆਂ ਉੱਤੇ ਧਿਆਨ ਦੇਣ ਦੀ ਬਜਾਏ ਸਾਹਿਤ, ਕਲਾ ਅਤੇ ਸੱਭਿਆਚਾਰ ਆਦਿ ਖੇਤਰਾਂ ਰਾਹੀਂ ਕੌਮੀ ਸ਼ਾਵਨਵਾਦ ਨੂੰ ਬੜਾਵਾ ਦੇ ਕੇ ਫਿਰਕੂ ਨਫਰਤ ਦਾ ਮਹੌਲ ਪੈਦਾ ਕਰ ਰਹੀ ਹੈ ਇਹ 'ਕਲਾ ਲੋਕਾਂ ਲਈ' ਦੇ ਉਦੇਸ਼ ਲਈ ਖਤਰਨਾਕ ਹੈ। ਵਿਕਾਸ ਦੀ ਥਾਂ ਹਿੰਦੂਤਵੀ ਫਾਸ਼ੀਵਾਦ ਭਾਜਪਾ ਦਾ ਮੁੱਖ ਏਜੰਡਾ ਹੈ, ਜਿਸਨੂੰ ਸਫਲ ਨਹੀਂ ਹੋਣ ਦੇਣਾ ਚਾਹੀਦਾ।