ਲੋਕ ਸਭਾ ਚੋਣਾਂ ਅਤੇ ਮੌਜੂਦਾ ਹਾਲਾਤ -ਮੁਖਤਿਆਰ ਪੂਹਲਾ
Posted on:- 29-03-2019
ਭਾਰਤ ਅੰਦਰ 17 ਵੀਂ ਲੋਕ ਸਭਾ ਚੋਣਾਂ ਵਾਸਤੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਮੈਦਾਨ ਵਿੱਚ ਕੁੱਦ ਚੁੱਕੀਆਂ ਹਨ। ਲੋਕ ਲੁਭਾਉਣੇ ਨਾਹਰਿਆਂ ਅਤੇ ਵਾਅਦਿਆਂ ਦੀਆਂ ਝੜੀਆਂ ਲੱਗ ਰਹੀਆਂ। ਹਾਕਮਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਉਪਰ ਬਿਰਾਜਮਾਨ ਹੋਣ ਲਈ ਇੱਕ ਦੂਸਰੇ ਉੱਪਰ ਤਿੱਖੇ ਸਿਆਸੀ ਵਾਰ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਹਰ ਇੱਕ ਸਿਆਸੀ ਪਾਰਟੀ ਆਪਣੇ ਆਪ ਨੂੰ ਲੋਕ ਹਿਤਾਂ ਨੂੰ ਪ੍ਰਣਾਈ ਹੋਈ ਅਤੇ ਦੁੱਧ ਧੋਤੀ ਸਾਬਤ ਕਰਨ ਅਤੇ ਦੂਸਰਿਆਂ ਨੂੰ ਪੂਰੀ ਤਰ੍ਹਾਂ ਨਖਿੱਧ ਅਤੇ ਲੋਕ ਹਿਤਾਂ ਤੋਂ ਭਗੌੜੇ ਸਿੱਧ ਕਰਨ ਲਈ ਹਰ ਹੀਲਾ ਵਰਤ ਰਹੀ ਹੈ। ਹਰ ਤਰ੍ਹਾਂ ਦੇ ਮੌਕਾ ਪ੍ਰਸਤ ਗਠਜੋੜ ਬਣ ਰਹੇ ਹਨ ਜੋ ਲੋਕਾਂ ਨੂੰ ਫਿਰ ਤੋਂ ਇੱਕ ਵਾਰ ਗੁਮਰਾਹ ਕਰਨ ਲਈ ਭਾਂਅਤ ਸੁਭਾਤੇ ਲਾਅਰੇ ਅਤੇ ਨਾਅਰੇ ਲਾ ਰਹੇ ਹਨ।
ਹਰ ਤਰ੍ਹਾਂ ਦੇ ਮੌਕਾ ਪ੍ਰਸਤ, ਭ੍ਰਿਸ਼ਟ, ਚੋਰ ਉਚੱਕੇ ਗੁੰਡੇ ਅਤੇ ਫਿਰਕੂ ਅਨਸਰ ਇਨ੍ਹਾਂ ਚੋਣਾਂ ਅੰਦਰ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਆਪੋ ਆਪਣੀਆਂ ਸਿਆਸੀ ਛਤਰੀਆਂ ਹੇਠ ਮਾਣੇ ਜਾ ਰਹੇ ਨਿੱਘ ਦਾ ਸਿਲਾ ਚੁਕਾਉਣ ਲਈ ਉਹ ਇੱਕ ਜਾਂ ਦੂਸਰੇ ਸਿਆਸੀ ਗਝਜੋੜ ਨੂੰ ਜਿਤਾਉਣ ਲਈ ਖੁੱਲ ਖੇਡ ਰਹੇ ਹਨ। ਜਾਤ, ਧਰਮ, ਬਰਾਦਰੀ, ਅੰਨੀ ਦੇਸ਼ ਭਗਤੀ ਆਦਿਕ ਨੂੰ ਅਧਾਰ ਬਣਾਕੇ ਲੋਕਾਂ ਅੰਦਰ ਪਾਟਕ ਪਾਉਣ ਅਤੇ ਇੱਕ ਦੂਸਰੇ ਨੂੰ ਲੜਾਉਣ ਮਰਵਾਉਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਜੰਮੂ ਕਸ਼ਮੀਰ ਅੰਦਰ ਪੁਲਵਾਮਾ ਵਿਖੇ ਆਤਮਘਾਤੀ ਹਮਲੇ ਵਿੱਚ ਭਾਰਤ ਦੀ ਸੀ.ਆਰ.ਪੀ.ਐੱਫ ਦੇ 42 ਸਿਪਾਹੀਆਂ ਦੀਆਂ ਜਾਨਾਂ ਜਾਣ ਤੋਂ ਬਾਅਦ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਖਾਸ ਕਰ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਵੱਲੋਂ ਪਾਕਿਸਤਾਨ ਖਿਲਾਫ਼ ਜੰਗ ਦਾ ਰਾਗ ਅਲਾਪਿਆ ਗਿਆ, ਫ਼ਿਰਕੂ ਸ਼ਕਤੀਆਂ ਨੇ ਕਸ਼ਮੀਰੀ ਲੋਕਾਂ ਪ੍ਰਤੀ ਅੰਨੀ ਨਫ਼ਰਤ ਭੜਕਾਈ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਉਨ੍ਹਾਂ ਉਪਰ ਹਮਲੇ ਕੀਤੇ ਗਏ। ਜਾ ਰਹੀ ਹੈ। ਇਸ ਮਾਹੌਲ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਅੰਦਰ ਹਾਕਮ ਜਮਾਤਾਂ ਦੀ ਸਿਆਸਤ ਨੂੰ ਸਮਝਣ ਅਤੇ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਸਰੇ ਦੇ ਖਿਲਾਫ਼ ਚਲਾਏ ਜਾ ਰਹੇ ਸਿਆਸੀ ਤੀਰਾਂ ਦੀ ਅਸਲੀਅਤ ਨੂੰ ਜਾਨਣ ਲਈ ਦੇਸ਼ ਅਤੇ ਕੌਮਾਂਤਰੀ ਪੱਧਰ 'ਤੇ ਚੱਲ ਰਹੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ।
ਅੱਜ ਦੁਨੀਆਂ ਉਪਰ ਕੁੱਝ ਸਾਮਰਾਜੀ ਮੁਲਕਾਂ ਦਾ ਗਲਬਾ ਹੈ। ਦੂਸਰੀ ਜੰਗ ਤੋਂ ਬਾਅਦ ਅਮਰੀਕੀ ਸਾਮਰਾਜ ਇਸ ਦਾ ਚੌਧਰੀ ਬਣਿਆ ਹੋਇਆ ਹੈ ਪਰ ਹੁਣਇਸ ਦੀ ਸੰਸਾਰ ਚੌਧਰ ਨੂੰ ਰੂਸ, ਚੀਨ ਅਤੇ ਯੁਰਪੀ ਯੂਨੀਅਨ ਦੇ ਦੇਸ਼ਾਂ ਵੱਲੋਂ ਲਗਾਤਾਰ ਚਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੌਮਾਂਤਰੀ ਪੱਧਰ 'ਤੇ ਮੌਜੂਦ ਆਰਥਿਕ ਸਿਆਸੀ ਸੰਕਟ ਦੀਆਂ ਹਾਲਤਾਂ ਵਿੱਚ ਦੁਨੀਆਂ ਦੇ ਅਮੀਰ 26 ਲੋਕਾਂ ਕੋਲ ਦੁਨੀਆਂ ਦੀ ਅੱਧੀ ਗਰੀਬ ਵਸੋਂ ਜਿੰਨੀ ਦੌਲਤ ਹੈ। ਇਸ ਗੈਰ ਬਰਾਬਰੀ ਅਤੇ ਸੰਕਟ ਦਾ ਨਤੀਜਾ ਇਹ ਹੈ ਕਿ ਇੱਥ ਪਾਸੇ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਦਿਨੋ ਦਿਨ ਵੱਧਣ ਕਰਕੇ ਇਹਨਾਂ ਦੇ ਆਪਣੇ ਹਾਕਮਾਂ ਵਿਰੁੱਧ ਸੰਘਰਸ਼ ਤਿੱਖੇ ਹੋ ਰਹੇ ਹਨਅਤੇ ਦੂਸਰੇ ਪਾਸੇ ਇਹਨਾਂ ਦੇਸਾਂ ਦੀ ਹਾਕਮ ਜਮਾਤ ਵੱਲੋਂ ਲੋਕਾਂ ਨੂੰ ਦਬਾਉਣ ਲਈ ਸਿਰੇ ਦੇ ਪਿਛਾਖੜੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹਨਾਂ ਦੇਸਾਂ ਦੇ ਹਾਕਮਾਂ ਦੀ ਜ਼ਰੂਰਤ ਬਣ ਗਈ ਹੈ ਕਿ ਆਪਣੇ ਸਰਬ ਵਿਆਪੀ ਸੰਕਟ ਦਾ ਭਾਰ ਦੁਨੀਆਂ ਦੇ ਦੱਬੇ ਕੁੱਚਲੇ ਦੇਸਾਂ ਦੇ ਨਾਲ ਨਾਲ ਆਪਣੇ ਮਿਹਨਤਕਸ਼ ਲੋਕਾਂ ਉਪਰ ਸੁੱਟਿਆ ਜਾਵੇ। ਇਸ ਮਕਸਦ ਲਈੇ ਲੋਕਾਂ ਦੇ ਆਰਥਿਕ ਅਤੇ ਜਮਹੂਰੀ ਹੱਕਾਂ ਉਪਰ ਕੀਤੇ ਜਾ ਰਹੇ ਹਮਲਿਆਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅਜਿਹੇ ਹੱਥ ਕੰਡਿਆਂ ਦੀ ਸ਼ਰੇਆਮ ਵਕਾਲਤ ਕਰਨ ਵਾਲੇ ਫਾਸ਼ੀ ਅਤੇ ਨਸਲਵਾਦੀ ਅਨਸਰ ਇਹਨਾਂ ਦੇਸ਼ਾਂ ਦੀਆਂ ਹਕੂਮਤਾਂ ਉੱਤੇ ਬਿਰਾਜਮਾਨ ਹੋ ਰਹੇ ਹਨ ਜਿਸ ਕਰਕੇ ਅੱਜ ਦੁਨੀਆਂ ਅੰਦਰ ਸਾਮਰਾਜੀ ਸਰਮਾਏਦਾਰੀ ਦੇ ਸਭ ਤੋਂ ਪਿਛਾਖੜੀ ਹਿੱਸਿਆਂ ਦੀ ਚੜ੍ਹ ਮੱਚੀ ਹੋਈ ਹੈ। ਅਮਰੀਕੀ ਰਾਸਟਰਪਤੀ ਟਰੰਪ ਵਰਗੇ ਲੋਕ ਅਜਿਹੇ ਹਿਸਿਆਂ ਦੇ ਹੀ ਤਰਜਮਾਨ ਹਨ।
ਸੰਸਾਰ ਪੱਧਰ 'ਤੇ ਬਣ ਰਹੀ ਹਾਲਤ ਦਾ ਦੇਸ਼ ਉਪਰ ਵੀ ਗਹਿਰਾ ਅਸਰ ਪੈ ਰਿਹਾ ਹੈ। ਬਹੁ ਰਾਸ਼ਟਰੀ ਕੰਪਨੀਆਂ ਅਤੇ ਪਾਰਤੀ ਹਾਕਮ ਜਮਾਤਾਂ ਵੱਲੋਂ ਵਿਛਾਏ ਤੰਦੂਆ ਜਾਲ ਕਰਕੇ ਦੇਸ਼ ਦੇ ਇੱਕ ਪ੍ਰਤੀਸ਼ਤ ਲੋਕ ਦੇਸ਼ ਦੀ 74 ਪ੍ਰਤੀਸ਼ਤ ਧਨ ਦੌਲਤ 'ਤੇ ਕਾਬਜ਼ ਹਨ। ਦੇਸ਼ ਦੇ 9 ਵੱਡੇ ਇਜਾਰੇਦਾਰ ਘਰਾਣਿਆਂ ਕੋਲ ਹੀ 50 ਪ੍ਰਤੀਸ਼ ਭਾਰਤੀਆਂ ਦੇ ਬਰਾਬਰ ਦੀ ਜਾਇਦਾਦ ਹੈ। ਲਗਾਤਾਰ ਵੱਧ ਰਹੇ ਆਰਥਿਕ ਪਾੜੇ ਸਦਕਾ ਇੱਥੋਂ ਦੀ ਵਿਸ਼ਲ ਲੋਕਾਈ ਗਰੀਬੀ, ਬੇਰਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਹੇਠ ਦੱਬੀ ਕੁਰਾਹ ਰਹੀ ਹੈ। ਇੱਥੋਂ ਦੀਆਂ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਸਾਮਰਾਜਰੀ ਪ੍ਰਭੂਆਂ ਵੱਲੋਂ ਦੇਸ਼ ਦੇ ਮਾਅ ਖਜਾਨਿਆਂ ਨੂੰ ਚੂੰਡਨ ਕਰਕੇ ਦੇਸ਼ ਦੇ ਮਿਹਨਤਕਸ਼ ਲੋਕਾਂ, ਧਾਰਮਿਕ ਘੱਟ ਗਿਣਤੀਆਂ, ਦਲਿਤ ਜਾਤੀਆਂ,, ਵੱਖ ਵੱਖ ਕੌਮੀਅਤਾਂ, ਆਦਿਵਾਸੀਆ ਅਤੇ ਔਰਤਾਂ ਅੰਦਰ ਬੇਚੈਨੀ ਅਤੇ ਗੁੱਸਾ ਵੱਧ ਰਿਹਾ ਹੈ। ਅੰਗਰੇਜ਼ਾਂ ਦੇ ਜਾਣ ਤੋਂ 72 ਸਾਲ ਬਾਅਦ ਵੀ ਸਰਕਾਰੀ ਅੰਕੜਿਆਂ ਮੁਤਾਬਕ 23 ਫੀਸਦੀ ਆਬਾਦੀ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੀ ਹੈ। ਵਿਦਿਆ ਅਤੇ ਸਿਹਤ ਸਹੂਲਤਾਂ ਦਾ ਵਪਾਰੀਕਰਨ ਅਤੇ ਨਿਜੀਕਰਨ ਹੋਣ ਕਰਕੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਸਿਹਤ ਸਹੂਲਤਾਂ ਅਤੇ ਵਿਦਿਆ ਉਪਰ ਦੇਸ਼ ਦੀ ਕੁਲ ਰਾਸ਼ਟਰੀ ਆਮਦਨ ਦਾ ਦੋ ਫੀ ਸਦੀ ਤੋਂ ਵੀ ਘੱਟ ਖਰਚ ਕੀਤਾ ਜਾ ਰਿਹਾ ਹੈ।
ਉਤੋਂ ਗਧਲਾ ਹੋ ਰਿਹਾ ਵਾਤਾਵਰਣ ਲੋਕਾਂ ਦੀ ਸਿਹਤ ਦਾ ਹੋਰ ਵੀ ਸਤਿਆਨਾਸ਼ ਮਾਰ ਰਿਹਾ ਹੈ। ਇਹਨਾਂ ਹਾਲਤਾਂ ਵਿੱਚ ਜੀ ਰਹੀਆਂ ਔਰਤਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਦੀ ਦਸ਼ਾ ਹੋਰ ਵੀ ਭੈੜੀ ਹੈ। ਭਾਰਤ ਅੰਦਰ ਇਕੱਲੇ ਛੋਟੇ ਬੱਚਿਆਂ ਦੀ ਮੌਤ ਦਰ 1000 ਪਿੱਛੇ 39 ਹੈ ਜੋ ਚੀਨ ਨਾਲੋਂ ਤਿੰਨ ਗੁਣਾ ਅਤੇ ਅਮਰੀਕਾ ਨਾਲੋਂ 7 ਗੁਣਾ ਜ਼ਿਆਦਾ ਹੈ। ਜਣੇਪੇ ਸਮੇਂ ਇੱਕ ਲੱਖ ਔਰਤਾਂ ਪਿੱਛੇ 112 ਔਰਤਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਫਿਨਲੈਂਡ, ਗਰੀਸ, ਪੌਲੈਂਡ ਵਿੱਚ ਇਹ ਦਰ 3 ਹੈ। ਭਾਵੇਂ ਦੇਸ਼ ਦੇ ਹਾਕਮਾਂ ਵੱਲੋਂ ਇਹ ਫੜ੍ਹ ਮਾਰੀ ਜਾ ਰਹੀ ਹੈ ਕਿ ਦੇਸ਼ ਦੀ ਰਾਸ਼ਟਰੀ ਪੈਦਾਵਾਰ ਦੀ ਵਿਕਾਸ ਦਰ 7 ਪ੍ਰਤੀਸ਼ਤ ਹੈ ਜਿਸ ਕਰਕੇ ਵਿਕਾਸ ਪੱਖੋਂ ਭਾਰਤ ਦੁਨੀਆਂ ਦੇ ਮੋਹੀ ਦੇਸ਼ਾਂ ਵਿੱਚੋਂ ਇੱਕ ਹੈ। ਪਰ ਦੂਸਰੇ ਪਾਸੇ ਉਹਨਾਂ ਵੱਲੋਂ ਇਹ ਤੱਥ ਅਣਗੋਲਿਆ ਕੀਤਾ ਜਾ ਰਿਹਾ ਹੈ ਕਿ ਭਾਰਤ ਦਾ ਮਨੁੱਖੀ ਵਿਕਾਸ ਦਰਜਾ 189 ਦੇਸ਼ਾਂ ਵਿੱਚੋਂ 130 ਵਾਂ ਹੈ।
ਦੇਸ਼ ਦੀ ਖੇਤੀਬਾੜੀ ਲਗਾਤਾਰ ਖੜੌਤ ਵਿੱਚ ਹੈ। ਮੂਲਕ ਦੀ 52 ਪ੍ਰਤੀਸ਼ਤ ਆਬਾਦੀ ਜੋ ਖੇਤੀ ਕਰਦੀ ਹੈ ਕੁਲ ਕੌਮੀ ਆਮਦਨ ਵਿੱਚ 14 ਪ੍ਰਤੀਸ਼ਤ ਹੀ ਯੋਗਦਾਨ ਪਾਉਂਦੀ ਹੈ। ਛੋਟੇ ਤੇ ਸੀਮਾਂਤ ਕਿਸਾਨਾਂ ਅਤੇ ਪੈਂਡੂ ਮਜ਼ਦੂਰਾਂ ਨੂੰ ਆਪਣੀ ਕਮਾਈ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੈ। ਉਹ ਕਰਜ਼ੇ ਦੀਆਂ ਪੰਡਾਂ ਹੇਠ ਦਬੇ ਪਏ ਹਨ ਜਿਸ ਕਰਕੇ ਉਨ੍ਹਾਂ ਅੰਦਰ ਖੁਦਕੁਸ਼ੀਆਂ ਆਮ ਵਰਤਾਰਾ ਬਣ ਚੁੱਕੀਆਂ ਹਨ। ਸਨਅਤ ਅੰਦਰ ਵੀ ਨਵੇਂ ਰੁਜ਼ਗਾਰ ਬਹੁਤ ਘੱਟ ਹਨ ਜਿਸ ਕਰਕੇ ਹਰ ਸਾਲ ਬੇਰਜ਼ਗਾਰਾਂ ਅਤੇ ਅਰਧ-ਬੇਰੁਜ਼ਗਾਰਾਂ ਦੀਆਂ ਕਤਾਰਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ। ਇੱਕ ਸਰਕਾਰੀ ਸਰਵੇਖਣ ਅਨੁਸਾਰ ਰੈਗੂਲਰ ਅਤੇ ਜਥੇਬੰਦਕ ਖੇਤਰ ਅੰਦਰ ਬਹੁਤ ਘੱਟ ਰੁਜ਼ਗਾਰ ਹੈ ਅਤੇ ਲੱਗਭੱਗ 92 ਪ੍ਰਤੀਸ਼ਤ ਰੁਜ਼ਗਾਰ ਗੈਰ ਜਥੇਬੰਦਕ ਖੇਤਰ ਅੰਦਰ ਹੈ ਜਿੱਥੇ ਰੋਜਾਨਾ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰ ਕੰਮ 'ਤੇ ਲੱਗੇ ਹੋਏ ਹਨ। ਜਥੇਬੰਦਕ ਖੇਤਰ ਅੰਦਰ ਵੀ ਠੇਕੇਦਾਰੀ ਸਿਸਟਮ ਵਧਦਾ ਜਾ ਰਿਹਾ ਹੈ ਜਿਸ ਵਿੱਚ ਕੱਚੇ ਅਤੇ ਠੇਕਾ ਕਾਮਿਆਂ ਤੋਂ ਦਿਨੋ ਦਿਨ ਵੱਘ ਕੰਮ ਲਿਆ ਜਾ ਰਿਹਾ ਹੈ।
ਇੱਕ ਪਾਸੇ ਭਾਰਤ ਦੇ ਕਰੋੜਾਂ ਗਰੀਬ ਲੁੱਟ ਅਤੇ ਜਬਰ ਦੀ ਚੱਕੀ ਵਿੱਚ ਪਿਸ ਰਹੇ ਹਨ ਅਤੇ ਦੂਸਰੇ ਪਾਸੇ ਬਹੁਰਾਸ਼ਟਰੀ ਕੰਪਨੀਆਂ, ਵੱਡੇ ਸਰਮਾਏਦਾਰ, ਵੱਡੇ ਵਪਾਰੀ, ਵੱਡੇ ਜ਼ਮੀਨ ਮਾਲਕ, ਅਫ਼ਸਰਸ਼ਾਹੀ ਅਤੇ ਸਿਆਸੀ ਨੇਤਾਬਗਲਗੀਰ ਹੋਕੇ ਦੇਸ਼ ਦੇ ਮਾਲ ਖਜ਼ਨਿਆਂ ਨੂੰ ਬੇਕਿਰਕੀ ਨਾਲ ਚੂੰਡ ਰਹੇ ਹਨ। ਇਹਨਾਂ ਦੀ ਜੁੰਡਲੀ ਵੱਲੋਂ ਅਰਬਾਂ ਦੇ ਘੁਟਾਲੇ ਕਰਕੇ ਦੇਸ਼ ਦੀ ਦੌਲਤ ਨੂੰ ਸੰਨ ਲਾਈ ਜਾ ਰਹੀ ਹੈ। ਜੇਕਰ ਕਾਂਗਰਸ ਰਾਜ ਅੰਦਰ 2 ਜੀ ਸਪੈਕਟਰਮ, ਕੋਲਾ, ਕਾਮਨਵੈਲਥ ਖੇਡਾਂ ਆਦਿ ਦੇ ਵੱਡੇ ਘੁਟਾਲੇ ਸਾਹਮਣੇ ਆਈੇ ਉੱਥੇ ਮੋਦੀ ਸਰਕਾਰ ਅਧੀਨ ਵਿਜੈ ਮਾਲੀਆ 9000 ਕਰੋੜ ਰੁਪੈ, ਨੀਰਵ ਮੋਦੀ ਅਤੇ ਮਹਿਲ ਚੌਕਸੀ 12714 ਕਰੋੜ ਦਾ ਚੂਨਾ ਲਾਕੇ ਵਿਦੇਸ਼ਾਂ ਨੂੰ ਭੱਜ ਗਏ। ਹੁਣ ਅਨਿਲ ਅੰਬਾਨੀ ਨੂੰ ਮਾਲੋਮਾਲ ਕਰਨ ਲਈ ਖੁਦ ਪ੍ਰਧਾਨ ਮੰਤਰੀਦੀ ਸਿੱਧੀ ਨਿਗਰਾਨੀ ਹੇਠ ਰਫਾਲ ਜ਼ਹਾਜਾਂ ਦੀ ਖਰੀਦ ਦਾ ਸੌਦਾ ਕੀਤਾ ਗਿਆ ਜਿਸ ਵਿੱਚੋਂ 30000 ਕਰੋੜ ਅਨਿਲ ਅੰਬਾਨੀ ਨੂੰ ਲੁਟਾਏ ਗਏ ਹਨ। ਇਸ ਤੋਂ ਇਲਾਵਾ ਵੱਡੇ ਇਜਾਰੇਦਾਰ ਘਰਾਣਿਆਂ ਦੇ ਪਿਛਲੇ 5 ਸਾਲਾਂ ਵਿੱਚ3 ਲੱਖ 68 ਕਰੋੜ ਰੁਪੈ ਦੇ ਬੈਂਕ ਕਰਜੇ ਵੱਟੇ ਖਾਤੇ ਪਾਏ ਗਏ। ਵਿਦੇਸ਼ੀ ਬੈਂਕਾਂ ਅੰਦਰ ਪਿਆ ਕਾਲਾ ਧਨ ਲਿਆਉਣ ਅਤੇ ਟੈਕਸ ਪ੍ਰਣਾਲੀ ਸਰਲ ਕਰਨ ਦੇ ਨਾ ਹੇਠ ਨੋਟ ਬੰਦੀ ਅਤੇ ਜੀਐਸਟੀ ਵਰਗੇ ਕਦਮ ਚੁੱਕੇ ਗਏ ਜਿਸ ਨਾਲ ਉਨ੍ਹਾਂ ਵੱਲੋਂ ਐਲਾਨੇ ਉਦੇਸ਼ਾਂ ਦੀ ਪੂਰਤੀ ਤਾਂ ਕੀ ਹੋਣੀ ਸੀ ਬਲਕਿ ਕਰੋੜਾਂ ਜਨ ਸਧਾਰਨ ਲੋਕਾਂ ਅਤੇ ਛੋਟੇ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ।
ਦੇਸ਼ ਅੰਦਰ ਪੈਦਾ ਹੋਏ ਆਰਥਿਕ ਸੰਕਟ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਹਾਕਮ ਜਮਾਤਾਂ ਵੱਲੋ. ਫ਼ਿਰਕਾਪ੍ਰਸਤੀ ਅਤੇ ਅੰਨ੍ਹਾਂ ਕੌਮੀ ਸ਼ਾਵਨਵਾਦ ਭੜਕਾਇਆ ਜਾ ਰਿਹਾ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਕੇ ਧਾਰਮਿਕ ਘੱਟ ਗਿਣਤੀਆਂ ਅਤੇ ਕਸ਼ਮੀਰ ਸਮੇਤ ਵੱਖ ਵੱਖ ਕੌਮੀਅਤਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਆਪਣਾ ਉੱਲੂ ਸਿੱਧਾ ਰੱਖਣ ਲਈ ਉਨ੍ਹਾਂ ਵੱਲੋਂ ਗਵਾਂਢੀ ਦੇਸ਼ਾਂ ਵਿਸ਼ੇਸ਼ ਕਰਕੇ ਪਾਕਿਸਤਾਨ ਨਾਲ ਦੁਸ਼ਮਣੀ ਭਰਿਆ ਮਾਹੌਲ ਬਣਾਕੇ ਰੱਖਿਆ ਜਾ ਰਿਹਾ ਹੈ। ਇਹ ਢੰਗ ਤਰੀਕੇ ਪਹਿਲਾਂ ਹੀ ਦੇਸ਼ ਦੀ ਇੱਕ ਵੱਡੀ ਪਾਰਟੀ ਕਾਂਗਰਸ ਦੀਆਂ ਹਕੂਮਤਾਂ ਸਮੇਂ ਖੂਬ ਵਰਤੇ ਜਾਂਦੇ ਰਹੇ ਹਨ ਅਤੇ ਹੁਣ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੋ ਕਦਮ ਅੱਗੇ ਜਾ ਕੇ ਇਨ੍ਹਾਂ ਨੂੰ ਖੂਬ ਅਜਮਾ ਰਹੀ ਹੈ।
ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਨੂੰ ਲੁੱਟਣ ਦਬਾਉਣ ਲਈ ਉਨ੍ਹਾਂ ਨੂੰ ਜ਼ਹਾਲਤ ਅਤੇ ਪਛੜੇਪਨ ਦੀ ਹਾਲਤ ਵਿੱਚ ਸੁੱਟੀ ਰੱਖਣਾ ਇੱਥੋਂ ਦੇ ਹਾਕਮਾਂ ਦੀ ਨੀਅਤ ਹੈ। ਜਦੋਂ ਤੋਂ ਦੇਸ਼ ਦੀ ਹਕੂਮਤ ਵੁਪਰ ਮੌਦੀ ਸਰਕਾਰ ਬਿਰਾਜ਼ਮਾਨ ਹੋਈ ਹੈ ਉਦੋਂ ਤੋਂ ਇਸਨੇ ਬਹੁਰਾਸ਼ਟਰੀ ਕੰਪਨੀਆਂ ਅਤੇ ਇੱਥੋਂ ਦੇ ਅਜਾਰੇਦਾਰ ਘਰਾਣਿਆਂ ਦੇ ਕਾਰੋਬਾਰਾਂ ਨੂੰ ਵਧਾਉਣ ਅਤੇ ਸੰਘੀ ਪਰਿਵਾਰ ਦੇ ਫ਼ਿਰਕੂ ਅਤੇ ਹਿੰਦੂਸ਼ਾਵਨਵਾਦੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਰਬਾਂ ਦੇ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਦੇਸ਼ਾਂ ਦੇ ਲਗਤਾਰ ਅਸਧਾਰਨ ਦੌਰੇ ਕਰਕੇ ਵਿਦੇਸ਼ੀ ਪੂੰਜੀ ਨੂੰ ਜੀ ਆਇਆਂ ਕਹਿਣ ਲਈ ਬਹੁਤ ਸਾਰੀਆ ਸਕੀਮਾਂ ਦਹ ਨੁਮਾਇਸ਼ ਲਾਈ ਗਈ। ਉਸ ਵੱਲੋਂ ਸੰਘ ਬਰਿਵਾਰ ਨੂੰ ਪੂਰੀ ਖੁੱਲ੍ਹ ਖੇਡਣ ਦੀ ਛੁੱਟੀ ਦੇ ਕੇ ਇਸਨੂੰ ਆਪਣੇ ਫ਼ਿਰਕੂ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਲਵ ਜਹਾਦ, ਗਊ ਹੱਤਿਆ, ਗਊ ਮੀਟ, ਧਰਮ ਵਾਪਸੀ, ਰਾਮ ਜਨਮ ਭੂਮੀ, ਦਹਿਸ਼ਤਗਰਦੀ, ਪੁਲਵਾਮਾ ਘਟਣਾ, ਅਤੇ ਕਸ਼ਮੀਰ ਵਰਗੇ ਮੁੱਦਿਆਂ ਉਪਰ ਮਨਆਈਆਂ ਕਰਨ ਦੇ ਖੂਬ ਮੌਕੇ ਮੁਹੱਈਆ ਕਰਵਾਏ ਗਏ। ਇਹਨਾਂ ਮਸਲਿਆਂ ਨੂੰ ਵਰਤਕੇ ਸੰਘ ਪਰਿਵਾਰ ਵੱਲੋਂ ਹਿੰਸਕ ਭੀੜਾਂ ਨੂੰ ਉਕਸਾਇਆ ਗਿਆ ਅਤੇ ਵੱਡੀ ਪੱਧਰ 'ਤੇ ਮੁਸਲਮਾਨਾਂ, ਦਲਿਤਾਂ ਅਤੇ ਕਸ਼ਮੀਰੀ ਵਿਦਿਆਰਥੀਆਂ ਤੇ ਹੋਰ ਕਾਰੋਬਾਰੀਆਂ ਨੂੰ ਆਪਣੀ ਦਰਿੰਦਗੀ ਦਾ ਨਿਸ਼ਾਨਾ ਬਣਾਇਆ ਗਿਆ।
ਮੌਦੀ ਹਕੂਮਤ ਦੀਆਂ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਉਪਰ ਦੇਸ਼ ਧ੍ਰੋਹੀ ਹੋਣ ਦਾ ਬਿੱਲਾ ਲਾ ਕੇ ਉਹਨਾਂ ਦੀ ਜ਼ੁਬਾਨਬੰਦੀ ਕਰ ਦੀਆਂ ਜ਼ੋਰਦਾਰ ਕੋਸ਼ਿਸਾਂ ਓੱਲ ਰਹੀਆਂ ਹਨ। ਹਿੰਦੂ ਫਿਰਕਾਪ੍ਰਸਤਾਂ ਦੇ ਫਾਸ਼ੀ ਗਰੋਹਾਂ ਵੱਲੋਂ ਆਪਣੇ ਨਾਲ ਅਸਹਿਮਤੀ ਜਤਾਉਣ ਵਾਲੇ ਨਾਮਵਾਰ ਲੇਖਕਾਂ, ਪੱਤਰਕਾਰਾਂ, ਤਰਕਸ਼ੀਲਾਂ ਜਿਨ੍ਹਾਂ ਵਿੱਚ ਗੌਰੀ ਲੰਕੇਸ਼, ਕੁਲਵਰਗੀ, ਦਬੋਲਕਰ, ਪੰਸਾਰੇ,ਆਦਿ ਸ਼ਾਮਿਲ ਹਨ ਨੂੰ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹਨਾਂ ਕਾਤਲੀ ਟੋਲਿਆਂ ਵੱਲੋਂ ਸਮਝੌਤਾ ਐਕਸਪ੍ਰੈਸ ਅਤੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਬੰਬ ਧਮਾਕਿਆਂ ਨੂੰ ਅੰਜ਼ਮ ਦਿੱਤਾ ਗਿਆ ਅਤੇ ਫ਼ਿਰਕੂ ਦੰਗੇ ਭੜਕਾਏ ਗਏ। ਇਹਨਾਂ ਘਿਨਾਉਣੀਆਂ ਕਾਰਵਾਈਆਂ ਦੇ ਦੋਸ਼ੀਆਂ ਨੂੰ ਕਟਹਿਰੇਵਿੱਚ ਖੜਾਂ ਕਰਨ ਅਤੇ ਸਜ਼ਾਵਾਂ ਦੇਣ ਦੀ ਬਜਾਏ ਮੋਦੀ ਸਰਕਾਰ ਵੱਲੋਂ ਇਹਨਾਂ ਨੂੰ ਬਚਾਉਣ ਦਾ ਹਰ ਹੀਲਾ ਕੀਤਾ ਗਿਆ। ਦੇਸ਼ ਦੇ ਆਦਿਵਾਸੀਆਂ ਨੂੰ ਉਜਾੜੇ ਦੇ ਮੂੰਹ ਧੱਕਣ ਦਾ ਵਿਰੋਧ ਕਰਨ ਵਾਲੇ ਕਮਿਊਨਿਸਟ ਇਨਕਲਾਬੀਆਂ ਅਤੇ ਆਮ ਲੋਕਾਂ ਨੂੰ ਵਹਿਸ਼ੀ ਜਬਰ ਦਾ ਸ਼ਿਕਾਰ ਬਣਾਇਆ ਗਿਆ। ਜਮਹੂਰੀ ਢੰਗ ਨਾਲ ਹਕੂਮਤ ਦੀਆਂ ਲੋਕ ਦੁਸ਼ਮਣ ਨੀਤੀਆਂ ਦਾ ਵਿਰੋਧ ਕਰਨ ਵਾਲੇ ਨਾਮਵਰ ਬੁਧੀਜੀਵੀਆਂ ਉੱਪਰ ਵੀ "ਸ਼ਹਿਰੀ ਨਕਸਲਵਾਦੀ" ਦਾ ਲੇਬਲ ਲਾਕੇ ਉਹਨਾਂ ਨੂੰ ਜੇਲਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ।
ਭਾਜਪਾ ਅਤੇ ਸੰਘ ਪਰਿਵਾਰ ਨੇ ਜਿੱਥੇ ਆਪਣੇ ਹਰ ਵਿਰੋਧ ਨੂੰ ਖਤਮ ਕਰਨ ਲਈ ਕਾਤਲੀ ਕਾਰਵਾੲਆਂ ਨੂੰ ਅੰਜਾਮ ਦਿੱਤਾ ਹੈ ਉੱਥੇ ਉਹਨਾਂ ਨੇ ਲੋਕਾਂ ਨੂੰ ਵਿਚਾਰਧਾਰਕ ਗੁਲਾਮੀ ਦਾ ਸ਼ਿਕਾਰ ਬਨਾਉਦ ਲਈ ਦੇਸ਼ ਦੀਆਂ ਮਹੱਤਵਪੂਰਨ ਸੰਸਥਾਵਾਂ 'ਤੇ ਕਬਜ਼ਾ ਕਰਕੇ ਪੁਰਾਤਨ ਪੰਥੀ ਅਤੇ ਪਿਛਾਂਹ ਖਿੱਚੂ ਕਦਰਾਂ ਕੀਮਤਾਂ ਅਤੇ ਰੀਤੀ ਰਿਵਾਜਾਂ ਦਾ ਖੂਬ ਪਰਚਾਰ ਕੀਤਾ ਹੈ। ਮੋਦੀ ਸਰਕਾਰ ਅਤੇ ਸੰਘੀ ਲਾਣਾ ਮਿਥਿਹਾਸ ਨੂੰ ਇਤਿਹਾਸ ਬਣਾਕੇ ਪੇਸ਼ ਕਰ ਰਿਹਾ ਹੈ ਅਤੇ ਮਨਘੜਤ ਕਿੱਸੇ ਕਾਹਣੀਆਂ ਨੂੰ ਅਸਲੀਅਤ ਦਾ ਜਾਮਾ ਪਹਿਨਾਕੇ ਦੇਸ਼ ਦੀ 'ਪੁਰਾਤਨ ਮਹਾਨਤਾ' ਦਾ ਝੂਠਾ ਗੁਣ ਗਾਣ ਕਰ ਰਿਹਾ ਹੈ। ਇਉ. ਭਾਰਤੀ ਲੋਕਾਂ ਨੂੰ ਗੈਰ ਵਿਗਿਆਨਕ ਸੋਚ ਦੇ ਧਾਰਨੀ ਬਣਾਕੇ ਉਨ੍ਹਾਂ ਨੂੰ ਮੱਧ ਯੁਗੀ ਪਛੜੇਪਨ ਦੀ ਹਾਲਤ ਵਿੱਚ ਧੱਕਣ ਲਈ ਅਜੀਬੋ ਗਰੀਬ ਪਾਠ ਪੜਾਏ ਜਾ ਰਹੇ ਹਨ।
ਅੱਜ ਦੇਸ਼ ਦੀ ਆਰਥਿਕ-ਸਿਆਸੀ ਸੰਕਟ ਦੀ ਹਾਲਤ ਵਿੱਚ ਦੇਸ਼ ਦੀਆਂ ਹਾਕਮ ਜਮਾਤਾਂ ਅਤੇ ਸਾਮਰਾਜੀ ਦੇਸ਼ਾਂ ਨੂੰ ਮੋਦੀ ਵਰਗੇ ਫਾਸ਼ੀ ਸੋਚ ਦੇ ਮਾਲਕ ਅਜਿਹੇ ਆਗੂਆਂ ਦੀ ਲੋੜ ਹੈ ਜੋ ਮੌਜੂਦਾ ਰਾਜ ਪ੍ਰਬੰਧ ਤੋਂ ਅੱਕੇ ਲੋਕਾਂ ਉਪਰ ਹਕੂਮਤੀ ਡੰਡੇ ਦੀ ਵਰਤੋਂ ਕਰਕਨ ਅਤੇ ਝੂਠ ਨੂੰ ਸੱਚ ਬਣਾਕੇ ਪੇਸ਼ ਕਰਨ ਦੀ ਕਲਾ ਦੇ ਮਾਹਿਰ ਹੋਣ। ਮੋਦੀ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਕਾਂਗਰਸ ਹਕੂਮਤ ਵੀ ਵੱਡੇ ਦੇਸੀ ਵਿਦੇਸ਼ੀ ਕਾਰਪੋਰਟਾਂ ਅਤੇ ਅਮੀਰ ਘਰਾਣਿਆਂ ਦੇ ਹਿਤ ਪੂਰਨ ਲਈ ਅਤੇ ਦੇਸ਼ ਦੀ ਵਿਸ਼ਾਲ ਲੁਕਾਈ ਨੂੰ ਦਬਾਉਣ ਲਈ ਕਾਲੇ ਕਾਨੂੰਨਾਂ ਅਤੇ ਹਕੂਮਤੀ ਮਸ਼ੀਨਰੀ ਦੀ ਬੇਦਰੇਗ ਵਰਤੋਂ ਕਰਦੀ ਰਹੇ ਸੀ। ਇੰਦਰਾ ਗਾਂਧੀ ਦੀ ਹਕੂਮਤ ਵੇਲੇ ਤਾਂ ਦੇਸ਼ ਅੰਦਰ ਐਮਰਜੈਂਸੀ ਲਾ ਕੇ ਹਰ ਵਿਰੋਧੀ ਨੂੰ ਵੱਡੀ ਪੱਧਰ 'ਤੇ ਜੇਲ੍ਹਾਂ ਅੰਦਰ ਸੁੱਟ ਦਿੱਤਾ ਸੀ। ਇਦਰਾ ਗਾਂਧੀ ਦੇ ਇਸ ਫਾਸ਼ੀ ਹੱਲੇ ਦਾ ਦੇਸ਼ ਅਤੇ ਵਿਦੇਸ਼ ਅੰਦਰ ਐਨਾ ਤਿੱਖਾ ਵਿਰੋਧ ਹੋਇਆ ਸੀ ਕਿ ਹਾਕਮ ਜਮਾਤਾਂ ਨੂੰ ਵੀ ਭਵਿੱਖ ਵਿੱਚ ਅਜਿਹੇ ਕਦਮ ਚੁੱਕਣ ਤੋਂ ਗੁਰੇਜ਼ ਕਰਨ ਦੇ 'ਉਪਦੇਸ਼ ਦੇਣੇ ਪਏ ਸਨ। ਅੱਜ ਮੋਦੀ ਹਕੂਮਤ ਅੰਦਰ ਹਾਲਾਤ ਐਮਰਜੈਂਸੀ ਤੋਂ ਵੀ ਭੈੜੇ ਹੋਏ ਹਨ। ਉਹ ਆਪਣੀ ਫਿਰਕੂ ਵਿਚਾਰਧਾਰਾ ਅਤੇ ਫਾਸ਼ੀ ਪ੍ਰੋਗਰਾਮ ਸਦਕਾ ਕਾਂਗਰਸ ਨਾਲੋਂ ਵੀ ਚਾਰ ਚੰਦ ਵੱਧ ਜਾਬਰ ਸਾਬਤ ਹੋਈ ਹੈ। ਇਸ ਕਰਕੇ ਦੇਸ਼ ਅਤੇ ਦੁਨੀਆਂ ਅੰਦਰ ਮੌਜੂਦਾ ਹਾਲਾਤ ਦੇ ਹੁੰਦਿਆਂ ਹੋਇਆਂ ਭਾਰਤੀ ਲੋਕਾਂ ਨੂੰ ਹਾਕਮਾਂ ਦੇ ਦਬਾਊ ਕਦਮਾਂ ਦਾ ਸਾਹਮਣਾ ਕਰਨ ਦੀ ਚਣੌਤੀ ਬਣੀ ਰਹੇਗੀ।
ਮੋਦੀ ਹਕੂਮਤ ਨੇ ਆਪਣੇ ਸਾਰੇ ਕਾਰਜਕਾਲ ਦੌਰਾਨ ਸਾਰੇ ਦੇਸ਼ ਅੰਦਰ ਡਰ ਦਾ ਮਾਹੌਲ ਬਣਾਈ ਰੱਖਿਆ। ਦੇਸ਼ ਅੰਦਰ ਫ਼ਿਰਕੂ ਮਾਹੌਲ ਨੂੰ ਹੋਰ ਉਗਾਸਾ ਦੇਣ ਅਤੇ ਵੋਟਾਂ ਅਧਾਰਤ ਧਰਮ ਧਰੁੱਵੀਕਰਨ ਕਰਨ ਵਾਸਤੇ ਉਹ ਰਾਮ ਮੰਦਰ ਦਾ ਪੱਤਾ ਖੇਡਣ ਲਈ ਤਿਆਰ ਸੀ। ਪਰ ਇਹ ਮਸਲਾ ਸੁਪਰੀਮ ਕੋਰਟ ਵਿੰਚ ਹੋਣ ਕਰਕੇ ਸੰਘ ਪਰਿਵਾਰ ਅ ਤੇ ਮੋਦੀ ਸਰਕਾਰ ਵੱਲੋਂ ਇਸ ਮਸਲੇ ਉਪਰ ਮਨਮਰਜ਼ੀ ਕਰਨਾ ਸਿਆਸੀ ਤੋਰ 'ਤੇ ਮਹਿੰਗਾ ਸਾਬਤ ਹੋ ਸਕਦਾ ਸੀ। ਇਸ ਤੋਂ ਇਲਾਵਾ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਅੰਦਰ ਹੋਈ ਨਮੋਸ਼ੀ ਭਰੀ ਹਾਰ ਸਦਕਾ ਉਸਨੂੰ ਰਾਮ ਮੰਦਰ ਦਾ ਮੁੱਦਾ ਛੱਡਕੇ ਕੁੱਠ ਆਰਥਿਕ ਮਸਲਿਆਂ ਵੱਲ ਮੁੜਨਾ ਪਿਆ। ਇਸ ਵਿੱਚ ਵੀ ਉਸਨੂੰ ਕੋਈ ਖਾਸ ਪ੍ਰਾਪਤੀ ਨਹੀਂ ਸੀ ਮਿਲ ਰਹੀ। ਅਜਿਹੀ ਸਥਿਤੀ ਵਿੱਚ ਜੰਮੂ ਕਸ਼ਮੀਰ ੇ ਪੁਲਵਾਮਾ ਖੇਤਰ ਅੰਦਰ ਹੋਏ ਇੱਕ ਆਤਮਘਾਤੀ ਹਮਲੇ ਨੇ ਮੋਦੀ ਸਰਕਾਰ ਲਈ ਸੰਜੀਵਨੀ ਬੂਟੀ ਦਾ ਕੰਮ ਕੀਤਾ। ਉਸਨੂੰ ਇਸ ਮਸਲੇ ਲਈ ਪਾਕਿਸਤਾਨ ਦੇ ਖਿਲਾਫ਼ ਕੌਮੀ ਸ਼ਾਵਨਵਾਦ ਭੜਕਾਕੇ ਆਪਣੇ ਆਪਨੂੰ ਦੇਸ਼ ਦੇ ਰਾਖੇ ਹੋਣ ਦਾ ਦਾਅਵਾ ਕਰਨ ਲਈ ਮੁੜ ਹਿੱਕ ਠੋਕਣ ਦਾ ਮੌਕਾ ਮਿਲ ਗਿਆ। ਉਸਨੇ ਹਿੰਦੂ ਰਾਸ਼ਟਰਵਾਦ ਭੜਕਾਕੇ ਅਤੇ ਪਾਕਿਸਤਾਨ ਅਤੇ ਕਸ਼ਮੀਰੀ ਲੋਕਾਂ ਖਿਲਾਫ਼ ਜੰਗ ਦਾ ਮਾਹੌਲ ਸਿਰਜਕੇ ਵੋਟਾਂ ਦੀ ਫਸਲ ਵੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਹਿੰਦੂ ਰਾਸਟਰਵਾਦ ਅਤੇ ਅੰਨ੍ਹੀ ਦੇਸ਼ ਭਗਤੀ ਦੇ ਸ਼ੋਰ ਗੁੱਲ ਹੇਠ ਲੋਕਾਂ ਦੇ ਬੁਨਿਆਦੀ ਮਸਲੇ ਰੋਲ ਦਿੱਤੇ ਗਏ।
ਇਸ ਘਟਨਾ ਕਰਮ ਤੋਂ ਸਾਬਤ ਹੁੰਦਾ ਹੈ ਕਿ ਦੇਸ਼ ਦੀਆਂ ਹਾਕਮ ਜਮਾਤਾਂ ਕੋਲ ਲੋਕਾਂ ਦੇ ਮਸਲੇ ਹੱਲ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਸਿਆਸੀ ਤੌਰ 'ਤੇ ਚੇਤਨ ਲੋਕਾਂ ਦੀ ਜਥੇਬੰਦਕ ਤਾਕਤ ਅਤੇ ਦਬਾਅ ਹੀ ਦੇਸ਼ ਦੀ ਸਿਲਾਸਤ ਨੂੰ ਲੋਕ ਪੱਖੀ ਗੇੜਾ ਦੇਣ ਦਾ ਸਾਧਨ ਬਣ ਸਕਦੇ ਹਨ।