Wed, 30 October 2024
Your Visitor Number :-   7238304
SuhisaverSuhisaver Suhisaver

ਮੇਰੀ ਨਜ਼ਰ ਵਿੱਚ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ 'ਸੂਰਜ ਦੀ ਅੱਖ'

Posted on:- 28-12-2017

#Harjindermeet

ਇਤਿਹਾਸ ਨੂੰ ਇਕ ਸਮਾਜਿਕ ਵਰਤਾਰੇ ਵਾਂਗੂੰ ਪੜ੍ਹਨਾ, ਸਮਝਣਾ ਅਤੇ ਪੇਸ਼ ਕਰਨਾ ਇਕ ਵੱਡਾ ਬੌਧਿਕ ਕਾਰਜ ਹੁੰਦਾ ਹੈ । ਇਤਿਹਾਸ ਨੂੰ ਸਮਝਣ ਲਈ ਉਸ ਸਮੇਂ ਦੇ ਸਮਾਜਿਕ , ਆਰਥਿਕ ਅਤੇ ਰਾਜਨੀਤਕ ਵਰਤਾਰਿਆਂ ਬਾਰੇ ਸਮਝ ਦੀ ਜ਼ਰੂਰਤ ਹੁੰਦੀ ਹੈ । ਜੇ ਇਤਿਹਾਸ ਦੇ ਅਧਿਐਨ-ਕਾਲ ਦੀਆਂ ਇੰਨ੍ਹਾਂ ਸਥਿਤੀਆਂ ਦੀ ਸਮਝ ਨਹੀਂ ਹੈ ਤਾਂ ਇਤਿਹਾਸ ਜਾਂ ਇਤਿਹਾਸ ਦੀ ਫਿਕਸ਼ਨ ਨੂੰ ਪੜ੍ਹਨ ਵਾਲੇ ' ਮੱਕਿਉਂ ਪਰ੍ਹੇ ਉਜਾੜ'  ਨਾਮ ਦੇ ਮਾਨਸਿਕ ਵਿਕਾਰ ਦਾ ਸ਼ਿਕਾਰ ਹੋ ਕੇ ਖ਼ੁਦ ਵੀ ਉਲਝ ਜਾਂਦੇ ਹਨ  ਅਤੇ ਦੂਜਿਆਂ ਨੂੰ ਵੀ ਉਲਝਾਉਂਦੇ ਹਨ  ।

ਭਾਰਤ ਵਿੱਚ ਇਤਿਹਾਸਕਾਰੀ ਦਾ ਆਰੰਭ , ਇਤਿਹਾਸਕਾਰਾਂ ਦੁਆਰਾ ਨਹੀਂ, ਬਲਕਿ ਅਲੱਗ ਅਲੱਗ ਧਰਮਾਂ ਅਤੇ ਜਾਤੀਆਂ ਨਾਲ ਸਬੰਧਿਤ ਕਵੀਆਂ ਕਵੀਸ਼ਰਾਂ ਦੁਆਰਾ ਹੋਇਆ ਹੋਣ ਕਰਕੇ ਧਰਮ ਅਤੇ ਜਾਤੀਆਂ ਦੀ ਪ੍ਰਸੰਸਾ ਦੇ ਰੁਝਾਨ ਦਾ ਸ਼ਿਕਾਰ ਹੋਇਆ ਹੈ । ਇਸ ਕਰਕੇ ਜ਼ਿਆਦਾਤਰ ਭਾਰਤੀ ਇੰਨ੍ਹਾਂ ਪ੍ਰਸੰਸਾਮਈ ਕਵਿਤਾਵਾਂ ਨੂੰ ਹੀ ਇਤਿਹਾਸ ਸਮਝਣ ਦੀ ਮਨੋਵਿਕਰਿਤੀ ਦਾ ਸ਼ਿਕਾਰ ਪਾਏ ਜਾਂਦੇ ਹਨ ।

ਧਰਮਾਂ, ਜਾਤਾਂ,ਫਿਰਕਿਆਂ ਅਤੇ ਇਲਾਕਿਆਂ ਵਿੱਚ ਵੰਡੇ ਭਾਰਤ ਵਿੱਚ ਇਤਿਹਾਸ ਨੂੰ ਇਕ ਸਮਾਜਿਕ ਵਰਤਾਰੇ ਵਜੋਂ ਪੜ੍ਹਨ ਅਤੇ ਸਮਝਣ ਦਾ ਬੌਧਿਕ ਰੁਝਾਨ ਪੈਦਾ ਹੀ ਨਹੀਂ ਹੋਇਆ । ਜਿਸ ਦੇ ਨਤੀਜੇ ਵਜੋਂ ਭਾਰਤ ਵਿੱਚ ਵਸਦੇ ਛੋਟੇ ਛੋਟੇ ਭਾਈਚਾਰਿਆਂ ਦੀਆਂ ਛੋਟੀਆਂ ਛੋਟੀਆਂ ਸਭਿਆਚਾਰਕ ਇਕਾਈਆਂ ਦੇ ਰਾਗੀਆਂ, ਢਾਡੀਆਂ ਅਤੇ ਕਵੀਸ਼ਰਾਂ ਵੱਲੋਂ ਸਭਿਆਚਾਰਕ ਮੇਲਿਆਂ ਵਿੱਚ ਗਾਈਆਂ ਗਈਆਂ ਉਸਤਤੀ ਭਰੀਆਂ ਵਾਰਾਂ ਨੂੰ ਇਤਿਹਾਸ ਮੰਨਣ ਵਾਲੇ  'ਬੁੱਧੀਜੀਵੀਆਂ' ਦੇ ਹੱਥ ਸੋਸ਼ਲ ਮੀਡੀਆ ਬਾਂਦਰ ਹੱਥ ਆਏ ਉਸਤਰੇ ਵਰਗੀ ਖੇਡ ਬਣ ਗਿਆ ਹੈ ਅਤੇ ਉਹ ਇੰਨ੍ਹਾਂ ਪ੍ਰਸੰਸਾਮਈ ਕਵਿਤਾਵਾਂ ਨੂੰ ਇਤਿਹਾਸ ਵਜੋਂ ਹੀ ਦੂਜਿਆਂ ਤੇ ਥੋਪਦੇ ਹਨ ।

ਇਸ ਦੇ ਨਤੀਜੇ ਵਜੋਂ ਸਭਿਆਚਾਰਕ ਤੌਰ ਤੇ ਪਛੜੇ ਏਸ਼ੀਆਈ ਦੇਸ਼ਾਂ ਦੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਇਲਾਕਿਆਂ ਦੇ ਇਤਿਹਾਸ ਨੂੰ ਵਿਸ਼ਵ ਦੀ ਸੰਚਾਲਕ ਸ਼ਕਤੀ ਮੰਨਣ ਵਾਲੇ ਲੋਕ ਸੋਸ਼ਲ ਮੀਡੀਆ ਤੇ ਹਰ ਰੋਜ਼ ਗਾਲ੍ਹੀਗਲੋਚ ਕਰਕੇ ਆਪਣੇ ਆਪਣੇ ਭਾਈਚਾਰਿਆਂ ਨੂੰ ਸੰਸਾਰ ਦੀ ਸੰਚਾਲਕ ਸ਼ਕਤੀ ਸਿੱਧ ਕਰ ਰਹੇ ਹਨ ।

ਬਲਦੇਵ ਸਿੰਘ ਸੜਕਨਾਮਾ ਪੰਜਾਬੀ ਸਾਹਿਤ ਦੀ ਨਾਵਲਕਾਰੀ ਦਾ ਇਕ ਸਥਾਪਿਤ ਹਸਤਾਖ਼ਰ ਹੈ । ਪਿਛਲੇ ਸਾਲਾਂ ਵਿੱਚ ਬਲਦੇਵ ਸਿੰਘ ਸੜਕਨਾਮਾ ਨੇ ਪੰਜਾਬੀ ਨਾਵਲਕਾਰੀ ਵਿੱਚ ਇਕ ਨਵੀਂ ਵਿਧਾ ਦੀ ਈਜਾਦ ਕਰਦਿਆਂ ਪੰਜਾਬ ਵਿੱਚ ਇਤਿਹਾਸਕ ਗਾਥਾਵਾਂ ਅਤੇ ਨਾਈਕਾਂ ਬਾਰੇ ਤੱਥਾਂ ਦੀ ਖੋਜ ਕਰਕੇ ਇਤਿਹਾਸਕ ਵਰਤਾਰਿਆਂ ਨੂੰ ਨਾਵਲਾਂ ਦੇ ਰੂਪ ਵਿੱਚ ਪੇਸ਼ ਕਰਕੇ ਪਾਠਕਾਂ ਨੂੰ ਇਤਿਹਾਸ ਦੇ ਰੂਬਰੂ ਕੀਤਾ ਹੈ ।

ਬਲਦੇਵ ਸਿੰਘ ਸੜਕਨਾਮਾ ਦੀ ਇਸ ਵਿਧਾ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਵਿਧਾ ਰਾਹੀਂ ਪਾਠਕਾਂ ਨੂੰ ਇਤਿਹਾਸ ਦੇ ਨਾਲ ਨਾਲ ਉਨ੍ਹਾਂ ਨਾਈਕਾਂ ਦੇ ਸਮੇਂ ਦੇ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ । ਸਥਾਪਿਤ ਲੇਖਕ ਹੋਣ ਕਰਕੇ ਬਲਦੇਵ ਸਿੰਘ ਸੜਕਨਾਮਾ ਜਦੋਂ ਇਤਿਹਾਸ ਦੇ ਇੰਨ੍ਹਾਂ ਨਾਇਕਾਂ ਦੀ ਪਾਤਰ-ਉਸਾਰੀ ਕਰਦਾ ਹੈ ਤਾਂ ਪਾਠਕ ਉਸ ਨਾਈਕ ਦੁਆਰਾ ਕੀਤੇ ਗਏ ਹਰ ਮਹਾਨ ਕੰਮ ਨੂੰ ਇਉਂ ਮਹਿਸੂਸ ਕਰਦਾ ਹੈ ਜਿਵੇਂ ਸਭ ਕੁਝ ਉਸਦੇ ਰੂਬਰੂ ਵਾਪਰ ਰਿਹਾ ਹੋਵੇ ।

ਮਹਾਰਾਜਾ ਰਣਜੀਤ ਸਿੰਘ ਬਾਰੇ ਉਸਦੇ ਸਮਕਾਲੀ ਦੋਸਤਾਂ ਅਤੇ ਦੁਸ਼ਮਣਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ , ਜੋ ਇਕ ਦੂਜੇ ਦੀਆਂ ਵਿਰੋਧੀ ਸੂਚਨਾਵਾਂ ਨਾਲ ਭਰੀਆਂ ਪਈਆਂ ਹਨ । ਬਦਕਿਸਮਤੀ ਹੈ ਕਿ ਇਹ ਸਭ ਪੁਸਤਕਾਂ ਇਕ ਪਾਸੜ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਪੂਰਣ ਚਰਿੱਤਰ ਅਤੇ ਰਾਜ ਪ੍ਰਬੰਧ ਨੂੰ ਪੇਸ਼ ਕਰਨ ਤੋਂ ਅਸਮਰੱਥ ਅਤੇ ਅਧੂਰੀਆਂ ਪ੍ਰਤੀਤ ਹੁੰਦੀਆਂ ਹਨ ।  

ਹਥਲਾ ਨਾਵਲ ਸੂਰਜ ਦੀ ਅੱਖ ਵੀ ਪੰਜਾਬ ਦੇ ਇਤਿਹਾਸ ਵਿੱਚ ਮਹਤਵਪੂਰਣ ਇਤਿਹਾਸਕ ਕਿਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਉਭਾਰ ਅਤੇ ਨਿਘਾਰ ਨੂੰ ਅਧਾਰ ਬਣਾ ਕੇ ਐਨੇ ਖ਼ੂਬਸੂਰਤ ਅੰਦਾਜ਼ ਵਿੱਚ ਲਿਖਿਆ ਗਿਆ ਹੈ ਕਿ ਪੰਜਾਬੀ ਸਾਹਿਤ ਜਗਤ ਵਿੱਚ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਇਕ ਵੀ ਅਜਿਹੀ ਕਿਤਾਬ ਨਹੀਂ ਮਿਲਦੀ ਹੈ ~ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਅਤੇ ਵਿਅਕਤੀਤਵ ਬਾਰੇ ਸੰਪੂਰਣ ਜਾਣਕਾਰੀ ਦਿੱਤੀ ਗਈ ਹੋਵੇ ।

ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਹਥਲੇ ਨਾਵਲ ਸੂਰਜ ਦੀ ਅੱਖ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਤੋਂ ਸ਼ੁਰੂ ਕੀਤੀ ਹੈ ~ ਜੋ ਆਪਣੇ ਸਮੇਂ ਦੀ ਤਾਕਤਵਰ ਮਿਸਲ ਦਾ ਸਰਦਾਰ ਹੈ ਅਤੇ ਉਹ ਆਪਣੀ ਮਿਸਲ ਅਧੀਨ ਇਲਾਕਿਆਂ ਦਾ ਦਿਨੋਂ ਦਿਨ ਅਧਾਰ ਵਧਾਉਂਦਾ ਹੋਇਆ ਸਿੱਖ ਮਿਸਲਾਂ ਅਤੇ ਮੁਗ਼ਲ ਹਕੂਮਤ ਦੇ ਚੌਧਰੀਆਂ ਦੇ ਅਧੀਨ ਇਲਾਕਿਆਂ ਨੂੰ ਫਤਿਹ ਕਰਦਾ ਹੈ । ਪੂਰੇ ਜ਼ੋਰ ਸ਼ੋਰ ਨਾਲ ਆਪਣੇ ਇਸ ਕੰਮ ਨੂੰ ਕਰਨ ਦੌਰਾਨ ਮਹਾਂ ਸਿੰਘ ਦੀ ਭਰ ਜਵਾਨੀ ਵਿੱਚ ਮੌਤ ਹੋ ਜਾਂਦੀ ਹੈ ਅਤੇ ਛੋਟੀ ਉਮਰ ਵਿੱਚ ਉਸ ਮਿਸਲ ਦੀ ਸਰਦਾਰੀ ਰਣਜੀਤ ਸਿੰਘ ਨੂੰ ਸੰਭਾਲਣੀ ਪੈਂਦੀ ਹੈ । ਰਣਜੀਤ ਸਿੰਘ ਦੇ ਮਿਸਲ ਦਾ ਮੁੱਖੀ ਬਣਨ ਤੋਂ ਬਾਅਦ ਜ਼ਮੀਨੀ ਪੱਧਰ ਤੇ ਇਹੋ ਜਿਹੇ ਕਿਹੜੇ ਹਾਲਾਤ ਸਨ ~ ਜਿੰਨਾਂ ਨੇ ਮਿਸਲਾਂ ਦੇ ਸਰਦਾਰ ਰਣਜੀਤ ਸਿੰਘ ਨੂੰ ਮਹਾਰਾਜਾ ਬਣਨ ਦਾ ਰਾਹ ਪੱਧਰਾ ਕੀਤਾ ? ਇਸ ਵਿਸ਼ੇ ਦੀਆਂ ਸੂਚਨਾਵਾਂ ਅਲੱਗ ਅਲੱਗ ਅਜਿਹੀਆਂ ਕਿਤਾਬਾਂ ਵਿੱਚ ਬਿਖ਼ਰੀਆਂ ਪਈਆਂ ਹਨ, ਜੋ ਅੱਜ ਕੱਲ੍ਹ ਉਪਲਬਧ ਨਹੀਂ ਹਨ । ਬਲਦੇਵ ਸਿੰਘ ਸੜਕਨਾਮਾ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਨਾਵਲ ਲਿਖ ਕੇ ਪੰਜਾਬੀ ਦੀ ਇਤਿਹਾਸਕਾਰੀ ਦੀ ਇਹ ਕਮੀ ਪੂਰੀ ਕੀਤੀ ਹੈ ।

ਵਿਅਕਤੀਗਤ ਰੂਪ ਵਿੱਚ ਮੈਂ ਮਹਾਰਾਜਾ ਰਣਜੀਤ ਸਿੰਘ ਬਾਰੇ ਅਲੱਗ ਅਲੱਗ ਸਿਆਣੇ ਅਤੇ ਮਾਨਤਾ ਪ੍ਰਾਪਤ  ਲੇਖਕਾਂ / ਇਤਿਹਾਸਕਾਰਾਂ ਦੁਆਰਾ ਲਿਖੀਆਂ 30 ਦੇ ਕਰੀਬ ਕਿਤਾਬਾਂ ਪੜ੍ਹੀਆਂ ਹਨ । ਮੇਰੀ ਸਮਝ ਅਨੁਸਾਰ ਬਲਦੇਵ ਸਿੰਘ ਸੜਕਨਾਮਾ ਦੀ ਇਹ ਕਿਤਾਬ ਉਨ੍ਹਾ ਕਿਤਾਬਾਂ ਚੋਂ ਸਭ ਤੋਂ ਸਰਵੋਤਮ ਕਿਤਾਬ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ  ਰਾਜ ਪ੍ਰਬੰਧ ਅਤੇ ਵਿਅਕਤੀਤਵ ਬਾਰੇ ਪੂਰੀ ਦੀ ਪੂਰੀ ਜਾਣਕਾਰੀ ਮਿਲਦੀ ਹੈ ।

ਮੇਰੀ ਨਜ਼ਰ ਵਿੱਚ ਬਲਦੇਵ ਸਿੰਘ ਸੜਕਨਾਮਾ ਦਾ ਹੱਥਲਾ ਨਾਵਲ ਸੂਰਜ ਦੀ ਅੱਖ ਪੰਜਾਬੀ ਸਾਹਿਤ ਦੀ ਇੱਕੋ ਇੱਕ ਅਜਿਹੀ ਕਿਤਾਬ ਹੈ , ਜੋ ਮਹਾਰਾਜਾ ਰਣਜੀਤ ਸਿੰਘ ਦੇ ਵਿਅਕਤੀਤਵ ਅਤੇ ਰਾਜ ਪ੍ਰਬੰਧ ਨੂੰ ਐਨੀ ਸਮੁੱਚਤਾ ਨਾਲ ਪੇਸ਼ ਕਰਦੀ ਹੈ ਕਿ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਪਾਠਕਾਂ ਨੂੰ ਕਿਸੇ ਹੋਰ ਕਿਤਾਬ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਰਹਿੰਦੀ ।

ਸੂਰਜ ਦੀ ਅੱਖ ਵਰਗੇ ਵਿਦਵਤਾ ਭਰਪੂਰ ਨਾਵਲ ਲਿਖਣ ਤੇ ਮੈਂ ਬਲਦੇਵ ਸਿੰਘ ਸੜਕਨਾਮਾ ਨੂੰ ਵਧਾਈ ਦਿੰਦਾ ਹਾਂ ਅਤੇ ਇਤਿਹਾਸ ਨੂੰ ਜਾਣਨ ਦੇ ਚਾਹਵਾਨ ਹਰ ਵਿਅਕਤੀ ਨੂੰ ਇਹ ਨਾਵਲ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ ।

ਵਿਚਾਰ ਚਰਚਾ ਇਸ ਪੋਸਟ 'ਤੇ ਪੜ ਸਕਦੇ -
https://m.facebook.com/story.php?story_fbid=1973546702930487&id=100008255284284

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ