ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਸਜ਼ਾ ਦਾ ਮਾਮਲਾ -ਮਨਦੀਪ
Posted on:- 22-11-2018
ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ।
ਆਖੋ ਇਹਨਾਂ ਨੂੰ ਉੱਝੜੇ ਘਰੀਂ ਜਾਣ ਹੁਣ
ਇਹ ਕਿੱਥੋਂ ਤੀਕ ਇੱਥੇ ਖੜੇ ਰਹਿਣਗੇ।
ਕੀ ਇਹ ਇਨਸਾਫ ਹਾਊਮੈਂ ਦੇ ਪੁੱਤ ਕਰਨਗੇ
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ।
ਜੋ ਸਲੀਬਾਂ ਤੇ ਟੰਗੇ ਗਏ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜਨ ਲਹਿਣਗੇ।
1984 ਦੇ ਕਤਲੇਆਮ ਵਾਪਰੇ ਨੂੰ ਤਿੰਨ ਦਹਾਕੇ ਤੋਂ ਉਪਰ (34 ਵਰ੍ਹੇ) ਬੀਤ ਚੱਲੇ ਹਨ। 34 ਵਰ੍ਹੇ ਪਹਿਲਾਂ ਪਿਛਾਖੜੀ ਫਿਰਕਾਪ੍ਰਸਤ ਤਾਕਤਾਂ ਅਤੇ ਫਿਰਕੂ ਫਾਸ਼ੀ ਸਿਆਸਤ ਦੇ ਕੁੱਤ-ਕਲੇਸ਼ ’ਚ ਹਜਾਰਾਂ ਨਿਰਦੋਸ਼ ਲੋਕਾਂ ਨੂੰ ਅਣਆਈ ਮੌਤ ਦੇ ਮੂੰਹ ਧੱਕਿਆ ਗਿਆ। ਹਜ਼ਾਰਾਂ ਪਰਿਵਾਰਾਂ ਨੂੰ ਉਝਾੜੇ ਦਾ ਸੰਤਾਪ ਭੋਗਣਾ ਪਿਆ। ਫਿਰਕੂ ਨਫਰਤ ਨੇ ਬਾਅਦ ਦੇ ਸਾਢੇ ਤਿੰਨ ਦਹਾਕੇ ਵੀ ਬਲਦੀ ਤੇ ਤੇਲ ਪਾਉਣ ਦਾ ਕੰਮ ਲਗਾਤਾਰ ਜਾਰੀ ਰੱਖਿਆ। ਇਹਨਾਂ ਸਾਢੇ ਤਿੰਨ ਦਹਾਕਿਆਂ ’ਚ ਵੱਖ-ਵੱਖ ਰੰਗ ਦੀਆਂ ਵੋਟ ਵਟੋਰੂ ਪਾਰਟੀਆਂ ਨੇ ਵੀ ਬਲਦੇ-ਧੁੱਖਦੇ ਸਿਵਿਆਂ ਉੱਤੇ ਆਪਣੀਆਂ ਰੋਟੀਆਂ ਸੇਕਣੀਆਂ ਜਾਰੀ ਰੱਖੀਆਂ। ਇਹਨਾਂ ਦੰਗਿਆਂ ਦੇ ਦੋਸ਼ੀ ਜੋ ਸੱਤਾ ਦੇ ਗਲਿਆਰਿਆਂ ਦੇ ਦਰਬਾਰੀ ਸਨ, ਨੂੰ ਬੜੀ ਬੇਸ਼ਰਮੀ ਨਾਲ ਲੋਕਾਂ ਦੇ ਨੁਮਾਇੰਦੇ ਬਣਾਕੇ ਪੇਸ਼ ਕੀਤਾ ਜਾਂਦਾ ਰਿਹਾ। ਇਹੀ ਨਹੀਂ ਸੱਤਾ ਦੀ ਸੁਰੱਖਿਆ-ਛੱਤਰੀ ਹੇਠ ਮੁੱਖ ਦੋਸ਼ੀ ਅੱਜ ਤੱਕ ਐਸ਼ੋ-ਅਰਾਮ ਦੀ ਜ਼ਿੰਦਗੀ ਬਤੀਤ ਕਰਦੇ ਆ ਰਹੇ ਹਨ। ਪੀੜਤ ਪਰਿਵਾਰਾਂ ਦੇ ਸਕੇ-ਸਬੰਧੀ ਅਦਾਲਤਾਂ ਦੇ ਫੈਸਲੇ ਸੁਣਦਿਆਂ-ਸੁਣਦਿਆਂ ਸੁੱਕ ਹੀ ਨਹੀਂ ਸਗੋਂ ਅਨੇਕਾਂ ਤਾਂ ਮਰ-ਮੁੱਕ ਹੀ ਗਏ ਹਨ ਪਰ ‘ਹਾਊਮੈਂ ਦੇ ਪੁੱਤਾਂ’ ਅਤੇ ‘ਪੱਥਰ ਦੇ ਬੁੱਤਾਂ’ ਨੇ ਇਨਸਾਫ ਤਾਂ ਦੂਰ ਸਗੋਂ ਦੋਸ਼ੀਆਂ ਨੂੰ ਹੀ ਕਾਨੂੰਨੀ ਤੇ ਅੰਦਰੂਨੀ ਚਾਰਾਜੋਈਆਂ ਕਰਕੇ ਸੁਰੱਖਿਆ-ਛੱਤਰੀ ਮੁਹੱਇਆ ਕਰਵਾਈ ਹੋਈ ਹੈ।
ਅੱਜ ‘ਪੱਥਰ ਦੇ ਬੁੱਤਾਂ’ ਨੇ ਦਿੱਲੀ ਦੰਗਿਆਂ ਦੇ ਦੋ ਦੋਸ਼ੀਆਂ ਨੂੰ ਸਖਤ ਸਜਾ ਦਾ ਹੁਕਮ ਸੁਣਾਇਆ ਹੈ। 20 ਨਵੰਬਰ 2018 ਨੂੰ (34 ਸਾਲ ਬਾਅਦ) ਦਿੱਲੀ ਦੀ ਇੱਕ ਅਦਾਲਤ ਨੇ ਤਿਹਾੜ ਜੇਲ ’ਚ ਬੰਦ ਦੋ ਮੁਲਜਮਾਂ ਯਸ਼ਪਾਲ ਸਿੰਘ (55 ਸਾਲ) ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ (68 ਸਾਲ) ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਦੋਵੇਂ ਦੋਸ਼ੀ ਦਿੱਲੀ ਦੰਗਿਆਂ (1 ਨਵੰਬਰ 1984) ਦੌਰਾਨ ਦੱਖਣੀ ਦਿੱਲੀ ਦੇ ਦੋ ਨੌਜਵਾਨਾਂ ਹਰਦੇਵ ਸਿੰਘ (24 ਸਾਲ) ਅਤੇ ਅਵਤਾਰ ਸਿੰਘ (26 ਸਾਲ) ਦੇ ਕਤਲ ਦੇ ਦੋਸ਼ੀ ਸਨ।ਫਾਸਟ ਟਰੈਕ ਅਦਾਲਤਾਂ ਅਤੇ ਗੁੱਡ ਗਵਰਨਸ ਦੇ ਦਾਅਵੇ ਕਰਨ ਵਾਲੇ ‘ਹਾਊਮੈਂ ਦੇ ਪੁੱਤਾਂ’ਫ਼ਨਬਸਪ; ਦੀ ਸ਼ਹਿ ਹੇਠ ‘ਪੱਥਰ ਦੇ ਬੁੱਤਾਂ’ ਨੂੰ ਦੋਸ਼ ਸਿੱਧ ਕਰਨ ਲਈ 34 ਸਾਲ ਲੱਗ ਗਏ। ਦੋਸ਼ੀ ਜਿਨ੍ਹਾਂ ਨੇ ਦਿਨ ਦਿਹਾੜੇ ਕਤਲ ਕੀਤੇ ਗਏ ਦੋ ਨਿਰਦੋਸ਼ ਨੌਜਵਾਨਾਂ ਦੇ ਗਲਾਂ ’ਚ ਟਾਇਰ ਪਾਕੇ ਅਤੇ ਪੈਟਰੋਲ ਛਿੜਕ ਕੇ ਦੋ ਕੀਮਤੀ ਮਨੁੱਖੀ ਜਾਨਾਂ ਸਾੜ ਕੇ ਸਵਾਹ ਕਰ ਦਿੱਤੀਆਂ, ਜਿਨ੍ਹਾਂ ਨੇ ਮੌਤ ਦੇ ਇਸ ਮੰਜਰ ਤੋਂ ਬੇਖੌਫ ਹੋ ਕੇ ਸੜਦੀਆਂ-ਬਲਦੀਆਂ ਲਾਸ਼ਾਂ ਦੇ ਦੁਆਲੇ ਭੰਗੜੇ ਪਾਏ ਉਹ ਦੋਸ਼ੀ 34 ਵਰ੍ਹੇ ਐਸ਼ੋ-ਅਰਾਮ ਦੀ ਜ਼ਿੰਦਗੀ ਬਤੀਤ ਕਰਦੇ ਰਹੇ ਅਤੇ ਮਾਰੇ ਗਏ ਨਿਰਦੋਸ਼ ਨੌਜਵਾਨਾਂ ਦੇ ਸਕੇ-ਸਬੰਧੀ 34 ਵਰ੍ਹੇ ਤਿਲ-ਤਿਲ ਮਰਦੇ ਰਹੇ। ਅਤੇ ਇਨਸਾਫ ਦੀ ਦੇਵੀ 34 ਵਰ੍ਹੇ ਅੱਖਾਂ ਤੇ ਪੱਟੀ ਬੰਨ੍ਹੀ ਬੁੱਤ ਬਣ ਇਹ ਤਮਾਸ਼ਾ ਦੇਖਦੀ ਰਹੀ। ਇਨਸਾਫ ਦੀ ਦੇਵੀ (ਨਿਆਂਪਾਲਿਕਾ) ਅੱਜ ਵੀ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਰਗੇ ਮੁੱਖ ਦੋਸ਼ੀਆਂ ਨੂੰ ਖੁੱਲ੍ਹੇ ਘੁੰਮਦੇ ਵੇਖਕੇ ‘ਬੁੱਤ’ ਬਣੀ ਖੜੀ ਹੈ।
ਇਹੀ ਨਹੀਂ 1984 ਦੇ ਕਤਲੇਆਮ ਤੋਂ ਬਾਅਦ ਵੀ ਨਿਰੰਤਰ ਫਿਰਕੂ ਦੰਗੇ ਭੜਕਾ ਕੇ ਫਿਰਕੂ ਧਰੁੱਵੀਕਰਨ ਕੀਤਾ ਜਾ ਰਿਹਾ ਹੈ। ਗੁਜਰਾਤ ਦੰਗੇ (1985 ਅਤੇ 2002), ਮੇਰਠ (1987), ਹੈਦਰਾਬਾਦ (1990), ਤਾਮਿਲ ਵਿਰੋਧੀ ਦੰਗੇ ਕਰਨਾਟਕਾ (1991), ਬਾਬਰੀ ਮਸਜਿਦ (1992) ਵਡੋਦਰਾ ਦੰਗੇ (2006), ਮੁਜੱਫਰਨਗਰ (2013), ਭੀਮਾ-ਕੋਰੇਗਾਓਂ ਆਦਿ ਫਿਰਕੂ ਦੰਗੇ 1984 ਦੇ ਦਿੱਲੀ ਕਤਲੇਆਮ ਤੋਂ ਬਾਅਦ ਭਾਰਤ ਦੇ ਪ੍ਰਮੁੱਖ ਫਿਰਕੂ ਦੰਗੇ ਹਨ ਜਿੰਨ੍ਹਾਂ ’ਚ ਵੱਖ-ਵੱਖ ਪਾਰਲੀਮਾਨੀ ਪਾਰਟੀਆਂ ਅਤੇ ਉਨ੍ਹਾਂ ਦੇ ਚਹੇਤੇ (ਆਰਐਸਐਸ ਤੇ ਹੋਰ ਫਿਰਕੂ ਤਾਕਤਾਂ) ਸ਼ਾਮਲ ਸਨ। ਅਨੇਕਾਂ ਨਿਰਪੱਖ ਜਾਂਚ ਏਜੰਸੀਆਂ ਅਤੇ ਜਮਹੂਰੀ ਜੱਥੇਬੰਦੀਆਂ ਦੀਆਂ ਰਿਪੋਰਟਾਂ ਦੇ ਬਾਵਜੂਦ ਇਨ੍ਹਾਂ ਦੰਗਿਆਂ ਦੇ ਮੁੱਖ ਦੋਸ਼ੀਆਂ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ ਗਈ। ਬਲਕਿ ਅਮਿੱਤ ਸ਼ਾਹ ਵਰਗੇ ਗੁਜਰਾਤ ਦੰਗਿਆਂ ਦੇ ਮੁੱਖ ਦੋਸ਼ੀ ਸੱਤਾ ਦੇ ਸਭ ਤੋਂ ਉੱਚੇ ਗਲਿਆਰਿਆਂ ਉੱਤੇ ਸ਼ੁਸ਼ੋਭਿਤ ਹਨ। ਸੱਤਾ ਅਤੇ ਉਸਦਾ ਅਟੁੱਟ ਅੰਗ ਭਾਰਤੀ ਨਿਆਂਪਾਲਿਕਾਂ ਸ਼ੱਕ ਅਤੇ ਝੂਠੇ ਕੇਸਾਂ ਦੇ ਅਧਾਰ ਉਤੇ ਬੁੱਧੀਜੀਵੀਆਂ ਤੇ ਹੋਰ ਜਮਹੂਰੀ ਸ਼ਕਤੀਆਂ ਤੇ ਕਮਿਊਨਿਸਟਾਂ ਨੂੰ ਰਾਤੋ-ਰਾਤ ਜੇਲ੍ਹਾਂ ਵਿਚ ਸੁਟਣ ਵੇਲੇ ਫਾਸਟ ਟਰੈਕ ਅਦਾਲਤਾਂ ਨੂੰ ਵੀ ਮਾਤ ਪਾ ਦਿੰਦੇ ਹਨ ਪਰ ਨਿਰਦੋਸ਼ ਲੋਕਾਂ ਨੂੰ ਇਨਸਾਫ ਦੇਣ ਲਈ ਦਹਾਕੇ ਗੁਜਾਰ ਦਿੰਦੇ ਹਨ। ਧਰਮ ਅਧਾਰਿਤ ਫਿਰਕੂ ਵੰਡੀਆਂ, ਵੋਟਾਂ ਹਾਸਲ ਕਰਨ ਲਈ ਅਤੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਮਿੱਟੀ ਘੱਟੇ ਰੋਲਣ ਲਈ ਸੱਤਾ ਦਾ ਸਭ ਤੋਂ ਵੱਡਾ ਤੇਜਧਾਰ ਹਥਿਆਰ ਹਨ।
ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸੁਣਾਈ ਗਈ ਸਜਾ ਉੱਤੇ ਅੱਜ ਸਭ ਰੰਗ ਦੀਆਂ ਵੋਟ ਪਾਰਟੀਆਂ ਕੱਛਾਂ ਵਜਾ ਰਹੀਆਂ ਹਨ ਅਤੇ ਇਸਨੂੰ ਆਪਣੀ ਜਿੱਤ ਵਜੋਂ ਪੇਸ਼ ਕਰ ਰਹੀਆਂ ਹਨ। ਪਰੰਤੂ ਸਾਮਰਾਜੀ-ਸਰਮਾਏਦਾਰਾਂ ਦੀ ਚਾਕਰੀ ਕਰਨ ਵਾਲੀਆਂ ਇਹ ਵੋਟ ਪਾਰਟੀਆਂ ਹੀ ਹਨ ਜੋ ਫਿਰਕੂ ਦੰਗਿਆਂ ਦੀਆਂ ਜਨਮਦਾਤੀਆਂ ਹਨ। ਲੋਕਾਂ ’ਚ ਚੰਗੀ ਸੱਤਾ ਅਤੇ ਚੰਗਾ ਨਿਆਂ ਦੇਣ ਦਾ ਭਰਮ ਪੈਦਾ ਕਰਨ ਵਾਲੀਆਂ ਇਹ ਤਾਕਤਾਂ ਅਸਲ ’ਚ ਗਿਰਗਿਟ ਵਾਂਗ ਰੰਗ ਬਦਲਦੀਆਂ ਹਨ। ਆਪ ਹੀ ਜੁਰਮ ਪੈਦਾ ਕਰਕੇ ਆਪੂੰ ਹੀ ਉਸਦਾ ਹੱਲ ਪੇਸ਼ ਕਰਦੀਆਂ ਹਨ। ਫਿਰ ਉਹੀ ਕਾਲੇ ਕਾਨੂੰਨਾਂ ਦਾ ਕੁਹਾੜਾ ਲੋਕ ਲਹਿਰਾਂ ਨੂੰ ਕੁਚਲਨ ਲਈ ਵਰਤਦੀਆਂ ਹਨ।
ਇਨ੍ਹਾਂ ਫਿਰਕੂ ਫਸਾਦਾਂ ਚੋਂ ਨਿਕਲਣ ਲਈ ਸਾਨੂੰ ਸ਼ਹੀਦ ਭਗਤ ਸਿੰਘ ਦਾ ਕਿਹਾ ਇਕ ਵਾਰ ਫਿਰ ਚੇਤੇ ਕਰ ਲੈਣਾ ਚਾਹੀਦਾ ਹੈ, ‘ਲੋਕਾਂ ਨੂੰ ਆਪਸ ’ਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ, ਗਰੀਬਾਂ, ਕਿਰਤੀਆਂ ਤੇ ਕਿਸਾਨਾ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ। ਇਸ ਲਈ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜਹਬ, ਕੌਮ ਦੇ ਹੋਣ, ਹੱਕ ਇਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੀ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਅਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਓ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ ਨਹੀਂ ਹੋਵੇਗਾ ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਿਕ ਅਜਾਦੀ ਮਿਲ ਜਾਵੇਗੀ।’