'ਨਿਊ ਇੰਡੀਆ' ਦਾ ਨਵਾਂ ਜੁਮਲਾ -ਸੁਕੀਰਤ
Posted on:- 22-08-2017
ਅਸੀ, ਦੋ ਜਣੇ, ਕਨੇਡਾ ਦੇ ਲੰਮੇ ਪੈਂਡਿਆਂ ਵਿਚੋਂ ਇਕ ਦੇ ਦੋ-ਦਿਨ ਲੰਮੇ ਸਫ਼ਰ ਉਤੇ ਹਾਂ। ਮੇਰਾ ਸਾਥੀ ਰਾਜ ਜੋ ਪਿਛਲੇ ਪੰਝੀ ਵਰ੍ਹਿਆਂ ਤੋਂ ਕਨੇਡਾ ਦਾ ਵਸਨੀਕ ਹੈ ਕਾਰ ਚਲਾ ਰਿਹਾ ਹੈ। ਵਕਤ ਕੱਟਣ ਲਈ ਅਸੀ ਕਦੇ ਸੰਗੀਤ ਸੁਣਨ ਲਗ ਪੈਂਦੇ ਹਾਂ, ਕਦੇ ਗੱਪਾਂ ਮਾਰਨ ਲਗ ਜਾਂਦੇ ਹਾਂ। ਸਾਡੀ ਗੱਲਬਾਤ ਭਾਰਤ ਦੇ ਸਿਆਸੀ/ਆਰਥਕ ਹਾਲਾਤ ਅਤੇ ਕਾਂਗਰਸ ਦੇ ਦਸ ਸਾਲਾਂ ਦੇ ਮਿਲਗੋਭਾ ਰਾਜ ਬਾਅਦ ਆਈ ਭਾਜਪਾ ਦੀ ਮਜ਼ਬੂਤ ਸਰਕਾਰ ਅਤੇ ਉਸਦੇ ਦ੍ਰਿੜ ਪਰਧਾਨ ਮੰਤਰੀ ਵਲ ਮੁੜ ਜਾਂਦੀ ਹੈ। ਰਾਜ ਨੋਟਬੰਦੀ ਦੇ 'ਇਤਿਹਾਸਕ' ਫੈਸਲੇ ਬਾਰੇ ਮੇਰੀ ਰਾਏ ਪੁਛਦਾ ਹੈ ਅਤੇ ਮੇਰੀ ਨਾਂਹ-ਪੱਖੀ ਆਲੋਚਨਾ ਸੁਣਕੇ ਕੁਝ ਹੈਰਾਨ ਜਿਹਾ ਹੁੰਦਾ ਹੈ। ਬਹੁਤੀ ਤਫ਼ਸੀਲ ਵਿਚ ਜਾਣ ਦਾ ਤਾਂ ਉਸ ਕੋਲ ਵਕਤ ਹੈ ਨਹੀਂ, ਪਰ ਸੋਸ਼ਲ-ਮੀਡੀਆ ਅਤੇ 'ਵਟਸਐਪ' ਸੁਨੇਹਿਆਂ ਰਾਹੀਂ ਉਸਨੇ ਅਜੇ ਤੀਕ ਨੋਟਬੰਦੀ ਅਤੇ ਇਸਦੇ 'ਕਾਢਕਾਰ' ਬਾਰੇ ਸਿਰਫ਼ ਸਿਫ਼ਤੀ ਗੱਲਾਂ ਹੀ ਸੁਣੀਆਂ ਜਾਂ ਦੇਖੀਆਂ ਸਨ। ਏਸੇ ਲਈ ਮੇਰਾ ਮੋਦੀ-ਪ੍ਰਸਤ ਨਾ ਹੋਣਾ ਉਸਨੂੰ ਕੁਝ ਅਜੀਬ ਜਿਹਾ ਲਗਦਾ ਹੈ। ਰਾਜ ਦੀਆਂ ਨਜ਼ਰਾਂ ਵਿਚ ਮੈਂ ਸਿਆਣਾ ਵੀ ਹਾਂ, ਅਤੇ ਦਿਆਨਤਦਾਰ ਵੀ; ਸੋ ਮੋਦੀ ਵਰਗੇ ਦਿਆਨਤਦਾਰ ਪਰਧਾਨ ਮੰਤਰੀ ਤੋਂ ਮੈਂ ਕਿਉਂ ਨਹੀਂ ਪਰਭਾਵਤ?
" ਜੋ ਵੀ ਹੈ, ਇਕ ਗਲ ਤਾਂ ਮੰਨਣੀ ਪਵੇਗੀ ਕਿ ਮੋਦੀ ਬਹੁਤ ਵੱਖਰੀ ਕਿਸਮ ਦਾ ਆਦਮੀ ਹੈ। ਮੈਂ ਖੁਦ ਉਹ ਵੀਡੀਓ ਦੇਖਿਆ ਹੈ ਕਿ ਨੋਟਬੰਦੀ ਦੇ ਦਿਨਾਂ ਵਿਚ ਕਿਵੇਂ ਮੋਦੀ ਜੀ ਦੀ ਬਿਰਧ ਮਾਤਾ ਆਪ ਪੈਸੇ ਕਢਵਾਉਣ ਲਈ ਬੈਂਕ ਗਈ ਸੀ..", ਰਾਜ ਮੈਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰਦਾ ਹੈ।
" ਇਕ ਮਿਨਟ, ਰਾਜ। ਮੋਦੀ ਪਰਧਾਨ ਮੰਤਰੀ ਹੈ, ਮੈਂ ਆਮ ਆਦਮੀ ਹਾਂ। ਉਸਦੀ ਮਾਤਾ ਉਸਦੇ ਭਰਾਵਾਂ ਨਾਲ ਰਹਿੰਦੀ ਹੈ, ਮੇਰੀ ਮਾਂ ਗੁਜ਼ਰ ਚੁਕੀ ਹੈ। ਪਰ ਜੇ ਉਹ ਜਿਊਂਦੀ ਵੀ ਹੁੰਦੀ, ਤਾਂ ਕੀ ਮੈਂ ਉਸਨੂੰ ਪੈਸੇ ਕਢਾਉਣ ਬੈਂਕ ਭੇਜਦਾ? ਜਾਂ ਆਪ ਜਾਂਦਾ ਜਾਂ ਕਿਸੇ ਸੇਵਾਦਾਰ ਦਾ ਇੰਤਜ਼ਾਮ ਕਰਦਾ। ਮੋਦੀ ਜੀ ਦੀ ਮਾਤਾ ਲਈ ਸੇਵਾਦਾਰ ਦਾ ਇੰਤਜ਼ਾਮ ਤਾਂ ਨਾ ਹੋ ਸਕਿਆ, ਪਰ ਟੀ ਵੀ ਚੈਨਲਾਂ ਨੂੰ ਖਬਰ ਜ਼ਰੂਰ ਹੋ ਗਈ ਕਿ ਮਾਤਾ ਕਿਹੜੇ ਵੇਲੇ ਪਹੀਆ-ਕੁਰਸੀ ਤੇ ਸਵਾਰ ਹੋ ਕੇ ਬੈਂਕ ਪਹੁੰਚੇਗੀ। ਤੇ ਸ਼ਾਮ ਤਕ ਸਾਰੇ ਦੇਸ ਨੂੰ ਹੀ ਨਹੀਂ , ਤੇਰੇ ਵਰਗੇ ਪਰਦੇਸ ਰਹਿੰਦਿਆਂ ਨੇ ਵੀ ਉਹ ਵੀਡੀਓ ਦੇਖ ਲਿਆ। ਤੈਨੂੰ ਨਹੀਂ ਜਾਪਦਾ ਕਿ ਇਹ ਨਿਰਾ ਸ਼ੋਸ਼ਾ ਸੀ ?"
"ਲੈ ਇਸ ਪੱਖੋਂ ਤੇ ਮੈਂ ਕਦੇ ਸੋਚਿਆ ਹੀ ਨਹੀਂ, ਗਲ ਤਾਂ ਤੇਰੀ ਸਹੀ ਜਾਪਦੀ ਹੈ," ਰਾਜ ਸਮਝ ਜਾਂਦਾ ਹੈ, ਪਰ ਨਾਲ ਹੀ ਇਹ ਵੀ ਆਖਦਾ ਹੈ, " ਪਰ ਇਕ ਗਲ ਜ਼ਰੂਰ ਹੈ, ਮੋਦੀ ਦੇ ਕੋਈ ਬਾਲ-ਬੱਚਾ ਨਹੀਂ , ਇਸਲਈ ਉਹ ਨਿਜੀ ਤੌਰ ਤੇ ਭ੍ਰਿਸ਼ਟ ਨਹੀਂ, ਬਾਕੀ ਭਾਰਤੀ ਨੇਤਾਵਾਂ ਵਾਂਗ"।
ਮੈਂ ਹੱਸ ਪੈਂਦਾ ਹਾਂ, " ਰਾਜ, ਇਹ ਗੱਲ ਤਾਂ ਮਮਤਾ ਬੈਨਰਜੀ ਬਾਰੇ ਵੀ ਕਹੀ ਜਾ ਸਕਦੀ ਹੈ, ਸੂਤੀ ਸਾੜ੍ਹੀਆਂ ਵਿਚ ਹਵਾਈ ਚੱਪਲ ਪਾਈ ਤੁਰੀ ਫਿਰਦੀ ਹੈ ਪਿਛਲੇ ਤੀਹ ਸਾਲਾਂ ਤੋਂ। ਉਸਨੂੰ ਤਾਂ ਮੋਦੀ ਵਾਂਗ ਮਹਿੰਗੇ ਸੂਟ ਸੁਆਉਣ ਜਾਂ ਰੰਗੀਨ ਜੈਕਟਾਂ ਪਾਉਣ ਦਾ ਵੀ ਸ਼ੌਕ ਨਹੀਂ। ਕਿਸੇ ਸਿਆਸਤਦਾਨ ਨੂੰ ਪਰਖਣ ਦੀ ਭਲਾ ਇਹ ਕੀ ਕਸੌਟੀ ਹੋਈ ਕਿ ਉਸਦੇ ਕੋਈ ਬਾਲ-ਬੱਚਾ ਨਹੀਂ? ਰਹੀ ਗੱਲ ਨਿਜੀ ਤੌਰ ਤੇ ਭ੍ਰਿਸ਼ਟ ਹੋਣ ਦੀ, ਇਹ ਇਲਜ਼ਾਮ ਤਾਂ ਕਦੇ ਮਨਮੋਹਨ ਸਿੰਘ ਤੇ ਵੀ ਨਹੀਂ ਸੀ ਲਗਾ ਕਿ ਉਸਨੇ ਆਪਣੇ ਪਰਵਾਰ ਜਾਂ ਆਪਣੇ ਲਈ ਧਨ ਜੋੜਿਆ। ਪਰ ਤਾਂ ਵੀ ਉਸਦੀ ਅਗਵਾਈ ਹੇਠਲੀ ਸਰਕਾਰ ਦੇ ਦੂਜੇ ਕਾਰਜ ਕਾਲ ਵਿਚ ਕਿੰਨੇ ਸਕੈਂਡਲ ਨਸ਼ਰ ਹੋਏ ? ਕੌਣ ਜਾਣਦਾ ਹੈ ਕਿ ਮੋਦੀ ਸਰਕਾਰ ਵਿਚ ਅੰਦਰ -ਖਾਤੇ ਕੀ ਚਲ ਰਿਹਾ ਹੈ? ਜਦੋਂ ਸਕੈਂਡਲ ਨਸ਼ਰ ਹੋਣੇ ਸ਼ੁਰੂ ਹੋਏ ਤਾਂ ਸ਼ਾਇਦ ਪਿਛਲੀ ਸਰਕਾਰ ਨੂੰ ਵੀ ਮਾਤ ਪਾ ਜਾਣ। ਵਰਨਾ ਹਰ ਸੂਬੇ ਵਿਚ ਵਿਧਾਇਕਾਂ ਤੋਂ ਲੈ ਕੇ ਜਾਇਦਾਦਾਂ ਖਰੀਦਣ ਲਈ ਭਾਜਪਾ ਕੋਲ ਏਨਾ ਧਨ ਅਚਾਨਕ ਕਿੱਥੋਂ ਆ ਗਿਆ ਹੈ? ਜ਼ਰਾ ਸੋਚ। "
ਉਸ ਦੋ ਦਿਨੇ ਸਫ਼ਰ ਵਿਚ ਮੈਂ ਰਾਜ ਨੂੰ ਇਸ ਗਲ ਦਾ ਕਾਇਲ ਜ਼ਰੂਰ ਕਰ ਦਿਤਾ ਕਿ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀ ਤਾਬੜਤੋੜ ਪ੍ਰਾਪੇਗੰਡੇ ਦੇ ਇਸ ਦੌਰ ਵਿਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਸੁਣੀ-ਸੁਣਾਈ ਗੱਲ ਉਤੇ ਫੌਰਨ ਯਕੀਨ ਕਰ ਲੈਣ ਦੀ ਥਾਂ ਅਸੀ ਆਪਣੇ ਦਿਮਾਗਾਂ ਨੂੰ ਵੀ ਵਰਤਣ ਦਾ ਕਸ਼ਟ ਕਰੀਏ, ਨਹੀਂ ਤਾਂ ਸਚ-ਝੂਠ ਵਿਚਲੇ ਫਰਕ ਨੂੰ ਪਛਾਣ ਸਕਣ ਦੀ ਸਮਰੱਥਾ ਹੀ ਜਾਂਦੀ ਰਹੇਗੀ।
ਪਰ ਲੱਛੇਦਾਰ ਭਾਸ਼ਣਾਂ, ਨਿਤ ਨਵੀਂਆਂ ਸ਼ਬਦ-ਘਾੜਾਂ, ਅਤੇ ਹਰ ਤੀਜੇ ਦਿਨ ਛੱਡੇ ਜਾਣ ਵਾਲੇ ਨਵੇਂ ਸ਼ੋਸ਼ਿਆਂ ਦੇ ਦੌਰ ਵਿਚ ਸਾਡੇ ਵਿਚੋਂ ਬਹੁਤੇ ਇਸ ਕੂੜ-ਪਰਚਾਰ ਦੀ ਮਾਰ ਹੇਠਾਂ ਆ ਹੀ ਜਾਂਦੇ ਹਨ: ਕੁਝ ਲੋਕ ਘਟ, ਕੁਝ ਵਧ।
ਅੱਛੇ ਦਿਨ ਆਏ ਬਿਨਾ ਹੀ ਲੰਘ ਗਏ, ਫੇਰ ਭਾਰਤ ਸਵੱਛ ਹੋਣਾ ਸ਼ੁਰੂ ਹੋਇਆ, ਫੇਰ 'ਮੇਕ ਇਨ ਇੰਡੀਆ' ਅਤੇ 'ਸਟੈਂਡ ਅਪ ਇੰਡੀਆ' ਦੇ ਛਣਕਣੇ ਵਜਾਏ ਗਏ। ਇਸਤੋਂ ਮਗਰੋਂ ਨੋਟਬੰਦੀ ਆਪਣੇ ਨਾਲ 'ਡਿਜਿਟਲ ਇੰਡੀਆ' ਦਾ ਝੁਰਲੂ ਲੈ ਕੇ ਆਈ ।ਅਜੇ ਇਨ੍ਹਾਂ ਗੱਲਾਂ ਦਾ ਮਤਲਬ ਸਮਝ ਆਉਣਾ ਸ਼ੁਰੂ ਵੀ ਨਹੀਂ ਸੀ ਹੋਇਆ ਕਿ ਹੁਣ 'ਨਿਊ ਇੰਡੀਆ' ਦਾ ਝੰਡਾ ਬੁਲੰਦ ਕਰ ਦਿਤਾ ਗਿਆ ਹੈ। ਮੈਂ ਕਿੰਨਾ ਵੀ ਮੋਦੀ-ਵਿਰੋਧੀ ਕਿਉਂ ਨਾ ਹੋਵਾਂ, ਇਕ ਗੱਲੋਂ ਪਰਧਾਨ ਮੰਤਰੀ ਦੀ ਦਾਦ ਦੇਣੋਂ ਨਹੀਂ ਰਹਿ ਸਕਦਾ। ਜਿੰਨੀ ਸੁਘੜਤਾ ਨਾਲ ਉਸਨੂੰ ਜੁਮਲੇ ਘੜਨੇ ਆਉਂਦੇ ਹਨ, ਜਿਸ ਵਾਕ -ਚਤਰਾਈ ਨਾਲ ਉਸਨੂੰ ਆਪਣਾ ਖਰਾ ਹੀ ਨਹੀਂ ਖੋਟਾ ਮਾਲ ਵੀ ਵੇਚਣਾ ਆਉਂਦਾ ਹੈ, ਉਹ ਵੱਡੇ ਤੋਂ ਵੱਡੇ ਇਸ਼ਤਿਹਾਰ ਲੇਖਕ ਦੀ ਸਮਰੱਥਾ ਨੂੰ ਵੀ ਮਾਤ ਪਾਉਂਦੀ ਹੈ।
ਪਰ ਜੇ ਵਿਰੋਧੀ ਦਲਾਂ ਨੂੰ ਸਮਝ ਨਹੀਂ ਪੈ ਰਹੀ ਕਿ ਭਾਰਤੀ ਸਿਆਸਤ ਵਿਚ ਇਸ ਨਵੀਂ ਕਿਸਮ ਦੇ ਧੁਰੰਤਰ ਨਾਲ ਉਨ੍ਹਾਂ ਨੇ ਸਿੱਝਣਾ ਕਿਵੇਂ ਹੈ, ਤਾਂ ਹਰ ਜਾਗਰੂਕ ਸ਼ਹਿਰੀ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੀ ਸੋਚ-ਸਮਰੱਥਾ ਨੂੰ ਕਾਇਮ ਰੱਖੇ ਅਤੇ ਇਨ੍ਹਾਂ ਜੁਮਲਿਆਂ ਦੇ ਹੜ ਵਿਚ ਵਹਿ ਜਾਣ ਦੀ ਥਾਂ ਦੇਸ ਦੇ ਅਜੋਕੇ ਹਾਲਾਤ ਵਲ ਦੇਖ ਕੇ ਹੀ ਇਹ ਫੈਸਲਾ ਕਰੇ ਉਸਨੂੰ ਅਗਲੀ ਵੇਰ ਕਿਹੋ ਜਿਹੀ ਸਰਕਾਰ ਚਾਹੀਦੀ ਹੈ।
ਇਹ ਕਿਹੋ ਜਿਹਾ 'ਨਿਊ ਇੰਡੀਆ' ਹੈ ਜਾਂ ਹੋਵੇਗਾ ਜਿਸ ਵਿਚ ਪਰਧਾਨ ਮੰਤਰੀ ਸਿਰਫ਼ ਬੋਲੇਗਾ, ਸੁਣੇਗਾ ਨਹੀਂ। ਜਿਸ ਵਿਚ ਕਿਸੇ ਕਿਸਮ ਦੀ ਆਲੋਚਨਾ ਵੀ ਪਰਵਾਨ ਨਹੀਂ, ਭਾਂਵੇਂ ਕਿੰਨੀ ਵੀ ਸੰਵਿਧਾਨਕ ਸੁਰ ਵਿਚ ਕਿਉਂ ਨਾ ਕੀਤੀ ਗਈ ਹੋਵੇ । ਜੇ ਆਲੋਚਨਾ ਕਰਨ ਵਾਲਾ ਮੁਸਲਮਾਨ ਹੈ ਤਾਂ ਉਸਦੀ ਜ਼ਾਤ ਉਤੇ ਸ਼ੰਕੇ ਖੜੇ ਕੀਤੇ ਜਾਣਗੇ ਅਤੇ ਉਸਨੂੰ ਪਾਕਿਸਤਾਨ ਜਾ ਵੱਸਣ ਦੇ ਮਿਹਣੇ ਮਾਰੇ ਜਾਣਗੇ ( ਹਾਮਿਦ ਅਨਸਾਰੀ, ਆਮਿਰ ਖਾਨ, ਸ਼ਾਹਰੁਖ ਖਾਨ), ਅਤੇ ਜੇ ਹਿੰਦੂ ਹੈ ਤਾਂ ਉਸਨੂੰ ਆਪਣੇ ਵਿਚਾਰ ਸੁਧਾਰ ਕੇ ਪੇਸ਼ ਕਰਨ ਲਈ ਕਿਹਾ ਜਾਵੇਗਾ ( ਤ੍ਰਿਪੁਰਾ ਦਾ ਮੁਖ ਮੰਤਰੀ ਮਾਨਿਕ ਸਰਕਾਰ)।
ਇਹ ਕਿਹੋ ਜਿਹਾ 'ਨਿਊ ਇੰਡੀਆ' ਹੈ ਜਿਸ ਵਿਚ ਲਾਲੂ ਯਾਦਵ ਦੇ ਦਸ ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਕਿੱਸੇ ਮੁੜ ਪੁੱਟ ਕੇ ਬਿਹਾਰ ਦੀ ਸਰਕਾਰ ਨੂੰ ਤਾਂ ਨਿਗਲ ਲਿਆ ਜਾਵੇਗਾ, ਪਰ ਨਵੇਂ ਭ੍ਰਿਸ਼ਟਾਚਾਰੀ ਹਥਕੰਡਿਆਂ ਨਾਲ ਗੁਜਰਾਤ ਤੋਂ ਓਸੇ ਅਮਿਤ ਸ਼ਾਹ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇਗਾ ਜਿਸਨੂੰ ਕਦੇ ਅਦਾਲਤੀ ਹੁਕਮਾਂ ਰਾਹੀਂ ਗੁਜਰਾਤ ਦੀ ਧਰਤੀ ਤੋਂ ਹੀ ਬਦਰ ਹੋਣ ਦੀ ਨਮੋਸ਼ੀ ਸਹਿਣੀ ਪਈ ਸੀ?
ਇਹ ਕਿਹੋ ਜਿਹਾ 'ਨਿਊ ਇੰਡੀਆ' ਹੈ ਜਿਸ ਵਿਚ ਗਊ-ਰੱਖਿਆ ਮੰਤਰਾਲੇ ਬਣਾਏ ਜਾ ਰਹੇ ਹਨ, ਵਿਸ਼ੇਸ਼ ਗਊ ਟੈਕਸ ਲਾਏ ਜਾ ਰਹੇ ਹਨ, ਪਰ ਹਸਪਤਾਲਾਂ ਵਿਚ ਫੰਡ ਨਾ ਹੋਣ ਕਾਰਨ ਰੋਗੀ ਮਰ ਰਹੇ ਹਨ। ਗੋਰਖਪੁਰ ਵਿਚ ਬਾਲਾਂ ਦੀ ਹਾਲੀਆ ਮੌਤ ਤਾਂ ਇਸ ਦੀ ਇਕ ਸਜਰੀ ਮਿਸਾਲ ਮਾਤਰ ਹੈ, ਇਹ ਵਰਤਾਰਾ ਤਾਂ ਹਰ ਥਾਂ ਦੇਖਿਆ ਜਾ ਸਕਦਾ ਹੈ।
ਇਹ ਕਿਹੋ ਜਿਹਾ 'ਨਿਊ ਇੰਡੀਆ' ਹੈ ਜਿਸ ਵਿਚ ਸਵੱਛ ਭਾਰਤ ਦਾ ਹੋਕਾ ਹੀ ਨਹੀਂ ਦਿਤਾ ਜਾ ਰਿਹਾ, ਬਾਕਾਇਦਾ ਟੈਕਸ ਵੀ ਵਸੂਲਿਆ ਜਾ ਰਿਹਾ ਹੈ , ਪਰ ਏਸੇ, ਆਜ਼ਾਦੀ ਦੀ 70-ਵੀਂ ਵਰ੍ਹੇ ਗੰਢ ਦੇ ਮਹੀਨੇ, ਇਕੱਲੇ ਦਿਲੀ ਸ਼ਹਿਰ ਵਿਚ ਇਕੱਠੀ ਹੋਈ ਜ਼ਹਿਰੀਲੀ ਗੈਸ ਕਾਰਨ ਸੀਵਰੇਜ ਸਾਫ਼ ਕਰਦਿਆਂ 7 ਬੰਦੇ ਮਰ ਚੁਕੇ ਹਨ?
ਇਹ ਕਿਹੋ ਜਿਹਾ 'ਨਿਊ ਇੰਡੀਆ' ਹੈ ਜਿਸ ਵਿਚ ' ਤੋੜੋ ਨਹੀਂ ਜੋੜੋ' ਦੇ ਮੋਮੋਠੱਗਣੇ ਜੁਮਲੇ ਤਾਂ ਉਛਾਲੇ ਜਾਂਦੇ ਹਨ ਪਰ ਗਊ-ਮਾਸ ਬਾਰੇ ਅਫ਼ਵਾਹਾਂ ਦੇ ਆਧਾਰ ਉਤੇ ਮੁਸਲਮਾਨਾਂ ਤੋਂ ਲੈ ਕੇ ਦਲਿਤਾਂ ਤਕ ਲੋਕਾਂ ਨੂੰ ਕੋਹ-ਕੋਹ ਕੇ ਮਾਰਿਆ ਜਾਂਦਾ ਹੈ?
ਇਹ ਕਿਹੋ ਜਿਹਾ 'ਨਿਊ ਇੰਡੀਆ' ਹੈ ਜਿਸ ਵਿਚ ਟਮਾਟਰ ਕਦੇ 100 ਕਦੇ 50 ਰੁਪਏ ਦੇ ਭਾਅ ਬਾਜ਼ਾਰ ਵਿਚ ਵਿਕਦਾ ਹੈ ਪਰ ਕਿਸਾਨ ਇਸ ਨੂੰ ਇਕ ਰੁਪਏ ਵਿਚ ਵੇਚਣ ਲਈ ਮਜਬੂਰ ਹੈ? ਅਤੇ ਨੌਬਤ ਫੇਰ ਖੁਦਕਸ਼ੀਆਂ ਤਕ ਪਹੁੰਚ ਜਾਂਦੀ ਹੈ।
ਇਹ ਕਿਹੋ ਜਿਹਾ 'ਨਿਊ ਇੰਡੀਆ' ਹੈ ਜਿਸ ਵਿਚ ਆਰਥਕ ਤਰੱਕੀ ਦੀ ਦਰ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਲਗਾਤਾਰ ਘਟ ਰਹੀ ਹੈ , ਪਿਛਲੇ ਤਿੰਨ ਸਾਲਾਂ ਤੋਂ ਕੋਈ ਨਵੇਂ ਰੁਜ਼ਗਾਰ ਪੈਦਾ ਨਹੀਂ ਹੋਏ। ਬੈਂਕਾਂ ਵਿਚ ਡੁੱਬੇ ਮੰਨੇ ਜਾਂਦੇ ਕਰਜ਼ਿਆਂ ਦੀ ਰਕਮ ਜੋ 2014 ਵਿਚ 1,73,800 ਕਰੋੜ ਸੀ , ਹੁਣ ਵਧ ਕੇ 7,79,163 ਕਰੋੜ ਹੋ ਚੁਕੀ ਹੈ ਪਰ ਪਰਧਾਨ ਮੰਤਰੀ 'ਸਭ ਕਾ ਵਿਕਾਸ' ਦੇ ਸੁਪਨੇ ਵੇਚੀ ਜਾ ਰਿਹਾ ਹੈ ।
ਦਰਅਸਲ ਸਮੱਸਿਆ ਇਹ ਹੈ ਕਿ ਆਮ ਲੋਕਾਂ ਦਾ ਚੇਤਾ ਏਨਾ ਥੋੜ੍ਹ ਚਿਰਾ ਹੁੰਦਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਅੰਕੜੇ ਯਾਦ ਰਹਿੰਦੇ ਹਨ ਤੇ ਨਾ ਹੀ ਵਾਅਦੇ। ਸਿਰਫ਼ ਇਕ ਮਿਸਾਲ ਦੇ ਕੇ ਆਪਣੀ ਗੱਲ ਮੁਕਾਉਂਦਾ ਹਾਂ। ਪਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮੈਂ ਹਰ ਸਾਲ ਦੋ ਕਰੋੜ ਨਵੇਂ ਰੁਜ਼ਗਾਰ ਪੈਦਾ ਕਰਾਂਗਾ। ਨਵੇਂ ਰੁਜ਼ਗਾਰ ਤਾਂ ਕੀ ਪੈਦਾ ਹੋਣੇ ਸਨ, ਭਾਰਤੀ ਅਰਥਚਾਰੇ ਦੇ ਸਰਵੇਖਣ ਕੇਂਦਰ ਦੀ ਰਿਪੋਰਟ ਮੁਤਾਬਕ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ, ਜਨਵਰੀ ਤੋਂ ਅਪ੍ਰੈਲ ਤਕ, 15 ਲਖ ਲੋਕਾਂ ਦੀ ਛਾਂਟੀ ਹੋਈ ਹੈ । ਅਤੇ ਮੋਦੀ ਜੀ ਹੁਣ ਕਹਿਣ ਲਗ ਪਏ ਹਨ ਕਿ ਲੋਕ ਨੌਕਰੀਆਂ ਭਾਲਣ ਦੀ ਥਾਂ ਨੌਕਰੀਆਂ ਪੈਦਾ ਕਰਨ ਦੇ ਵਸੀਲੇ ਬਣਨ।
ਥੁੱਕਾਂ ਨਾਲ ਵੜੇ ਨਹੀਂ ਪੱਕਦੇ, ਅਤੇ ਜੁਮਲਿਆਂ ਨਾਲ ਅਰਥਚਾਰੇ ਨਹੀਂ ਚਲਦੇ। 'ਨਿਊ ਇੰਡੀਆ' ਕਿਸੇ ਮਨਹੂਸ ਭਵਿਖ ਵੱਲ ਵਧ ਰਿਹਾ ਹੈ।