ਆਪਣੀ ਜਾਨ ਪ੍ਰਤੀ ਐਨੀ ਅਣਗਹਿਲੀ ਕਿਉਂ? - ਗੋਬਿੰਦਰ ਸਿੰਘ ਢੀਂਡਸਾ
Posted on:- 24-10-2018
ਹਾਦਸਾ, ਹਾਦਸਾ ਹੁੰਦਾ ਹੈ ਅਤੇ ਇਹ ਕਦੇ ਵਕਤ ਦੇਖ ਨਹੀਂ ਘੱਟਦਾ।ਹਾਦਸੇ ਬਾਦ ਪਿੱਛੇ ਜੇਕਰ ਕੁਝ ਬੱਚਦਾ ਹੈ ਤਾਂ ਉਹ ਹੈ ਤਬਾਹੀ, ਮਾਤਮ, ਪਛਤਾਵਾ ਅਤੇ ਕੁਝ ਸਵਾਲ। ਦੁਸ਼ਹਿਰੇ ਦੀ ਸ਼ਾਮ ਅੰਮ੍ਰਿਤਸਰ ਘਟੀ ਘਟਨਾ ਨੇ ਦੇਸ਼ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ, ਜਿਸਨੇ ਵੀ ਖਬਰ ਸੁਣੀ ਤਾਂ ਅੱਖਾਂ ਨਮ ਹੋਏ ਬਿਨ੍ਹਾਂ ਨਾ ਰਹਿ ਸਕੀਆ।
ਅੰਮ੍ਰਿਤਸਰ ਵਿਖੇ ਜੌੜਾ ਫਾਟਕ ਦੇ ਨੇੜੇ ਇੱਕ ਚਾਰ ਦਿਵਾਰੀ ਵਾਲੇ ਮੈਦਾਨ ਵਿੱਚ ਦੁਸ਼ਹਿਰੇ ਦਾ ਆਯੋਜਨ ਕੀਤਾ ਗਿਆ ਸੀ ਅਤੇ ਇੱਥੇ ਪਿਛਲੇ ਤਿੰਨ ਦਹਾਕਿਆਂ ਤੋਂ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਰਾਵਣ ਦਹਿਣ ਸਮੇਂ ਲੋਕਾਂ ਦੀ ਇੱਕ ਭੀੜ ਚਾਰ ਦਿਵਾਰੀ ਵਾਲੇ ਮੈਦਾਨ ਤੋਂ ਬਾਹਰ ਕੋਲੋਂ ਲੰਘਦੀਆਂ ਉੱਚੀਆਂ ਰੇਲ ਲਾਇਨਾਂ ਤੇ ਖੜ੍ਹੀ ਸਮਾਗਮ ਵੇਖ ਰਹੀ ਸੀ, ਸ਼ਾਮ ਦਾ ਸਮਾਂ, ਪਟਾਕਿਆਂ ਦੀ ਆਵਾਜ਼ ਵਿੱਚ ਗੱਡੀ ਵੱਲ ਧਿਆਨ ਨਹੀਂ ਗਿਆ ਜਾਂ ਹਾਰਨ ਸੁਣਾਈ ਨਹੀਂ ਦਿੱਤਾ ਅਤੇ ਕੁਝ ਪਲਾਂ ਵਿੱਚ ਹੀ ਲੋਕ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਤਕਰੀਬਨ 68 ਮੌਤਾਂ ਹੋ ਗਈਆਂ ਅਤੇ ਇਹਨਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਅਤੇ ਸੈਂਕੜੇ ਜ਼ਖਮੀ ਹੋ ਗਏ। ਹਾਦਸੇ ਬਾਦ ਪੀੜਤਾਂ ਲਈ ਰਾਹਤ ਸੇਵਾਵਾਂ ਸ਼ੁਰੂ ਹੋਣ ਦੇ ਨਾਲ ਨਾਲ ਪੰਜਾਬ ਅਤੇ ਕੇਂਦਰ ਸਰਕਾਰ ਨੇ ਪੀੜਤਾਂ ਸੰਬੰਧੀ ਮੁਆਵਜੇ ਦਾ ਐਲਾਨ ਕਰ ਦਿੱਤਾ। ਰੇਲਵੇ ਨੇ ਸਪੱਸ਼ਟ ਕਿਹਾ ਹੈ ਕਿ ਰੇਲਵੇ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈ। ਪੰਜਾਬ ਸਰਕਾਰ ਨੇ ਸੰਬੰਧਿਤ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦਾ ਹੁਕਮ ਦਿੱਤਾ ਹੈ ਅਤੇ ਇਸਦੀ ਰਿਪੋਰਟ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਹੈ।
ਹਾਦਸੇ ਬਾਦ ਜਿੱਥੇ ਦੁਸ਼ਹਿਰੇ ਦੀ ਖੁਸ਼ੀ ਮਾਤਮ ਵਿੱਚ ਬਦਲ ਗਈ ਅਤੇ ਉੱਥੇ ਹੀ ਹਾਦਸੇ ਦੇ ਜ਼ਿੰਮੇਵਾਰ ਵਜੋਂ ਇੱਕ ਦੂਜੇ ਤੇ ਦੋਸ਼ ਲਾਉਣ, ਬਚਾਅ ਦਾ ਸਿਲਸਿਲਾ ਜਾਰੀ ਹੋ ਗਿਆ। ਹਾਦਸੇ ਤੇ ਸਵਾਰਥੀ ਲੋਕਾਂ ਤਰਫੋ ਰਾਜਨੀਤਿਕ ਰੋਟੀਆਂ ਸੇਕਣਾ ਸ਼ਰਮਨਾਕ ਹੈ। ਸਾਡੇ ਸਮਾਜ ਦੇ ਇੱਕ ਵਰਗ ਦੀ ਕਮਜੋਰ ਮਾਨਸਿਕਤਾ ਦਾ ਪ੍ਰਗਟਾਵਾ ਹੈ ਕਿ ਹਾਦਸੇ ਦੀ ਗੰਭੀਰਤਾ ਨੂੰ ਲਾਂਭੇ ਕਰ ਕੁਝ ਲੋਕ ਆਪਣੇ ਫੋਨਾਂ ਵਿੱਚ ਹਾਦਸੇ ਗ੍ਰਸਿਤ ਘਟਨਾਸਥਲ ਤੇ ਸੈਲਫੀਆਂ ਲੈਣ ਲੱਗ ਪਏ ਅਤੇ ਵੀਡੀਓ ਬਣਾਉਣ ਲੱਗ ਪਏ।ਰੇਲਵੇ ਦੇ ਰੇਲ ਗੱਡੀਆਂ ਅਤੇ ਆਪਣੇ ਕਾਰਜ ਵਿਹਾਰ ਲਈ ਆਪਣੇ ਢੁੱਕਵੇਂ ਨਿਯਮ ਹਨ। ਇਹ ਹਾਦਸਾ ਦੁਸ਼ਹਿਰਾ ਮੈਦਾਨ ਦੇ ਬਾਹਰ ਘਟਿਆ ਹੈ ਅਤੇ ਦੁਸ਼ਹਿਰਾ ਸਮਾਗਮ ਵਿੱਚ ਰੇਲ ਲਾਇਨਾਂ ਤੇ ਖੜ੍ਹੇ ਲੋਕਾਂ ਨੂੰ ਸੁਚੇਤ ਕਰਨ ਲਈ ਸਟੇਜ ਤੋ ਕੀਤੀ ਗਈ ਬੇਨਤੀ ਵੀ ਸਾਹਮਣੇ ਆਈ ਹੈ। ਪੁਲਿਸ ਕਾਰਜ ਪ੍ਰਣਾਲੀ ਤੇ ਸਮੇਂ ਤੇ ਸਮੇਂ ਤੇ ਸਵਾਲ ਉਠਦੇ ਹੀ ਰਹਿੰਦੇ ਹਨ ਅਤੇ ਇਹ ਕਹਿਣਾ ਕੋਈ ਅੱਤਕੱਥਨੀ ਨਹੀਂ ਕਿ ਭਾਰਤੀ ਸਮਾਜ ਵਿੱਚ ਪੁਲਿਸ ਕਾਰਜ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਦਾ ਅਮਲ ਸੰਤੋਸ਼ਜਨਕ ਨਹੀਂ ਹੈ। ਹਾਦਸਾ ਬੇਸ਼ੱਕ ਮੰਦਭਾਗਾ ਹੈ ਅਤੇ ਹਾਦਸੇ ਲਈ ਜ਼ਿੰਮੇਵਾਰ ਕਾਰਨ ਵੀ ਕਈ ਹੋ ਸਕਦੇ ਹਨ ਪਰੰਤੂ ਨਿੱਜੀ ਤੌਰ ਤੇ ਰੇਲ ਲਾਇਨਾਂ ਤੇ ਖੜ੍ਹਣਾ ਜਾਂ ਖੜ ਕੇ ਸਮਾਗਮ ਦੇਖਣਾ ਵੀ ਕਦੇ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਭਾਰਤੀ ਸਮਾਜ ਦਾ ਦੁਖਾਂਤ ਹੈ ਕਿ ਲੋਕਾਂ ਵਿੱਚ ਅਣਗਹਿਲੀ ਐਨੀ ਘਰ ਕਰ ਚੁੱਕੀ ਹੈ ਕਿ ਉਹ ਆਪਣੀ ਜਾਨ ਦੀ ਰਤਾ ਪ੍ਰਵਾਹ ਨਹੀਂ ਕਰਦੇ ਅਤੇ ਨਿਯਮਾਂ ਨੂੰ ਹਲਕੇ ਚ ਲੈਂਦੇ ਹਨ ਜਾਂ ਛਿੱਕੇ ਤੇ ਢੰਗ ਕੇ ਰੱਖਦੇ ਹਨ ਅਤੇ ਕਈ ਵਾਰ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦੀ ਤਾਜਾ ਉਦਾਹਰਣ ਅੰਮ੍ਰਿਤਸਰ ਹਾਦਸਾ ਹੈ। ਨਿੱਤ ਦਿਨ ਸੜਕਾਂ ਤੇ ਹੁੰਦੇ ਹਾਦਸੇ ਵੀ ਜ਼ਿਆਦਾਤਰ ਲੋਕਾਂ ਤਰਫੋਂ ਨਿਯਮਾਂਵਲੀ ਪ੍ਰਤੀ ਵਰਤੀਂ ਜਾਂਦੀ ਅਣਗਹਿਲੀ ਦਾ ਹੀ ਸਿੱਟਾ ਹਨ। ਲੋੜ ਹੈ ਲੋਕਾਂ ਨੂੰ ਆਪਣੇ ਵੱਲ ਝਾਤ ਮਾਰਨ ਦੀ ਅਤੇ ਅਣਗਹਿਲੀ ਕਰਨ ਦੀ ਆਦਤ ਵਿੱਚ ਸੁਧਾਰ ਕਰਨ ਦੀ ਤਾਂ ਜੋ ਕਿਸੇ ਅਣਹੋਣੀ ਤੋਂ ਖਦਸਿਆਂ ਤੋਂ ਬਚਿਆ ਜਾ ਸਕੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਕਿਸੇ ਅਣਹੋਣੀ ਸੰਬੰਧੀ ਖਦਸਿਆਂ ਤੋਂ ਬਚਣ ਲਈ, ਬਿਹਤਰ ਵਿਵਸਥਾ ਦੇਣ ਲਈ ਲੋਂੜੀਦੇ ਨਿਯਮਾਂ ਨੂੰ ਸਖਤੀ ਨਾਲ ਅਮਲੀ ਰੂਪ ਦੇਵੇ, ਇਹੀ ਭਾਰਤੀ ਲੋਕਤੰਤਰ ਅਤੇ ਲੋਕਾਂ ਦੇ ਹਿੱਤ ਵਿੱਚ ਹੈ।