ਜਦੋਂ ਨਫ਼ਰਤ ਰਾਜ ਕਰਦੀ ਹੈ ਉਦੋਂ ਮਾਸੂਮੀਅਤ ਦੀ ਮੌਤ ਹੁੰਦੀ ਹੈ
Posted on:- 04-08-2017
( ਅਦਾਕਾਰਾ ਰੇਣੁਕਾ ਸ਼ਹਾਣੇ ਦੀ ਫੇਸਬੁੱਕ ਦੀ ਕੰਧ ਤੋਂ )
ਬੇਰਹਿਮ ਲੋਕਾਂ ਦੀ ਹਿੰਸਕ ਭੀੜ ਨੇ ਜੁਨੈਦ ਦੀ ਹੱਤਿਆ ਕਰ ਦਿੱਤੀ । ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਤਲ ਕਿਸ ਧਰਮ ਨੂੰ ਮੰਨਣ ਵਾਲੇ ਸਨ , ਨਾ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੁਨੈਦ ਦਾ ਮਜ਼੍ਹਬ ਕਿਹੜਾ ਸੀ । ਮੈਨੂੰ ਜਿਸ ਗੱਲ ਦੀ ਚਿੰਤਾ ਹੈ ਉਹ ਇਹ ਹੈ ਕਿ ਬੇਰਹਿਮ ਮਨੁੱਖਾਂ ਦੇ ਟੋਲੇ ਨੇ ਇੱਕ ਨਾਬਾਲਗ ਦੀ ਹੱਤਿਆ ਕਰ ਦਿੱਤੀ ਅਤੇ ਤਿੰਨ ਹੋਰਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ । ਜੁਨੈਦ 16 ਸਾਲ ਦਾ ਸੀ , ਅਗਲੇ ਸਾਲ ਮੇਰਾ ਬੇਟਾ 16 ਦਾ ਹੋ ਜਾਵੇਗਾ । ਮੈਂ ਉਸਦੀ ਮਾਂ ਦੇ ਦੁੱਖ ਨੂੰ ਸਾਂਝਾ ਕਰ ਕੇ ਅੰਦਰੋਂ ਟੁੱਟੀ ਜਾ ਰਹੀ ਹਾਂ। ਕਸੂਰ ਸਿਰਫ ਹੱਤਿਆਰਿਆਂ ਦਾ ਹੀ ਨਹੀਂ ਉਹਨਾਂ ਦਾ ਵੀ ਹੈ ਜੋ ਇਹ ਸਭ ਕੁਝ ਚੁੱਪਚਾਪ ਖੜ੍ਹੇ ਦੇਖਦੇ ਰਹੇ । ਅਜਿਹੇ ਲੋਕਾਂ ਦਾ ਵੀ ਹੈ ਜੋ ਇਸ ਸਭ ਨੂੰ ਸਹੀ ਠਹਿਰਾ ਰਹੇ ਨੇ । ਅਸਲ `ਚ ਨਫ਼ਰਤ ਹਰ ਤਰ੍ਹਾਂ ਦੇ ਤਰਕ ਲੱਭ ਲੈਂਦੀ ਹੈ । ਹੁਣ ਅਜਿਹੀਆਂ ਹੱਤਿਆਵਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ । ਇਹ ਇੰਨਾ ਆਮ ਵਰਤਾਰਾ ਬਣ ਚੁੱਕਾ ਹੈ ਕਿ ਕੋਈ ਇਸ ਬਾਰੇ ਗੱਲ ਕਰਨੀ ਵੀ ਨਹੀਂ ਚਾਹੁੰਦਾ ।ਕੋਈ ਨਹੀਂ ਪੁੱਛਦਾ ਕਿ ਗੁਨਾਹਗਾਰਾਂ ਨਾਲ ਕੀ ਹੋਇਆ । ਉਹ ਫੜੇ ਵੀ ਗਏ ਹਨ ਕੋਈ ਸਜ਼ਾ ਹੋਈ ਜਾਂ ਹੋਰ ਗੁਨਾਹ ਕਰਨ ਲਈ ਆਜ਼ਾਦ ਛੱਡ ਦਿੱਤੇ ਹਨ ।
ਮੈਂ ਇਹ ਕਲਪਨਾ ਵੀ ਨਹੀਂ ਕਰ ਪਾ ਰਹੀ ਕਿ ਕੋਈ ਕਿਵੇਂ ਕਿਸੇ ਨਿਹੱਥੇ ਤੇ ਮਾਸੂਮ ਵਿਅਕਤੀ ਦੀ ਹੱਤਿਆ ਕਰ ਸਕਦਾ ਹੈ ? ਮੇਰੇ ਲਈ ਇਹ ਕਲਪਨਾ ਕਰਨੀ ਵੀ ਮੁਸ਼ਕਿਲ ਹੋ ਰਹੀ ਹੈ ਕਿ ਲੋਕ ਕਿਵੇਂ ਇਸ ਜ਼ਾਲਮਾਨਾ ਹੱਤਿਆ ਦਾ ਸਮਰਥਨ ਕਰ ਰਹੇ ਨੇ । ਕਿਤੇ ਇਸ ਲਈ ਤਾਂ ਨਹੀਂ ਕਿ ਹੱਤਿਆਰੀ ਭੀੜ ਜਾਣਦੀ ਕਿ ਉਹਨਾਂ ਦੇ ਇਸ ਕੰਮ ਪਿੱਛੇ ਕੋਈ ਕਾਰਨ ਹੀ ਨਹੀਂ ਹੈ ?
ਤੁਹਾਡਾ ਕੋਈ ਵੀ ਧਰਮ , ਜਾਤ , ਭਾਸ਼ਾ ਜਾਂ ਵਿਚਾਰਧਾਰਾ ਹੋਵੇ ਪਰ ਉਸ ਦੇ ਨਾਮ ਥੱਲੇ ਭੀੜ ਬਣਾ ਕਿ ਕਿਸੇ ਦੀ ਹੱਤਿਆ ਕਰਨ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਇਆ ਜਾ ਸਕਦਾ ।ਅਸੀਂ ਪਤਾ ਨਹੀਂ ਕਿੰਨੇ ਦੰਗੇ , ਦਹਿਸ਼ਤੀ ਹਮਲੇ , ਤੇ ਸਮੂਹਿਕ ਕਤਲੇਆਮ ਦੇਖੇ ਤੇ ਝੱਲੇ ਨੇ ਪਰ ਅਤੀਤ ਤੋਂ ਕੋਈ ਸਬਕ ਨਹੀਂ ਸਿੱਖਿਆ ।
ਅਸਲ `ਚ ਇਸ ਸਭ ਦਾ ਸ਼ਿਕਾਰ ਗਰੀਬ ਲੋਕ ਹੁੰਦੇ ਨੇ । ਜੋ ਬੇਗੁਨਾਹ ਤਾਂ ਹੁੰਦੇ ਹੀ ਹਨ ਸਗੋਂ ਇਹਨਾਂ ਗੁੰਡਾ ਟੋਲਿਆਂ ਦਾ ਮੁਕਾਬਲਾ ਵੀ ਨਹੀਂ ਕਰ ਸਕਦੇ । ਜਦੋਂ ਨਫ਼ਰਤ ਰਾਜ ਕਰਦੀ ਹੈ ਤਾਂ ਮਾਸੂਮੀਅਤ ਦੀ ਮੌਤ ਹੋ ਜਾਂਦੀ ਹੈ । 1993 ਦੇ ਮੁੰਬਈ ਦੰਗਿਆਂ ਤੋਂ ਬਾਅਦ ਮੈਂ ਪ੍ਰੇਲ ਤੋਂ ਆਜ਼ਾਦ ਮੈਦਾਨ ਤੱਕ ਏਕਤਾ ਮੰਚ ਨਾਲ , ``ਹਮ ਹੋਣਗੇ ਕਾਮਯਾਬ `` ਗਾਉਂਦੇ ਹੋਏ ਮਾਰਚ ਕਰ ਕਰੀ ਸੀ ,ਤਾਂ ਜੋ ਸਹਿਮੇ ਲੋਕਾਂ `ਚ ਇੱਕ ਦੂਜੇ ਪ੍ਰਤੀ ਭਰੋਸਾ ਜਗੇ । ਮੈਂ 26 /11 ਹਮਲਿਆਂ ਦੇ ਵਿਰੋਧ `ਚ ਵੀ ਬੋਲੀ ਸੀ , ਅੰਨਾ ਹਜਾਰੇ ਲਹਿਰ ਨਾਲ ਵੀ ਖੜ੍ਹੀ ਸੀ । ਮੈਂ ਜਯੋਤੀ ਸਿੰਘ ਦੇ ਬਲਾਤਕਾਰ ਤੇ ਹੱਤਿਆ ,ਪੱਲਵੀ ਤੇ ਸਵਾਤੀ ਦੇ ਮਾਮਲੇ `ਚ ਵੀ ਹਾਅ ਦਾ ਨਾਹਰਾ ਮਾਰਿਆ ਸੀ । ਅੱਜ ਮੈਂ ਇਸ ਭੀੜ ਦੀ ਹਤਿਆਰੀ ਮਾਨਸਿਕਤਾ ਦੇ ਖਿਲਾਫ ਵੀ ਡਟ ਕੇ ਖੜ੍ਹੀ ਹਾਂ ।
ਮੈਂ ਕਿਸੇ ਸਿਆਸੀ ਪਾਰਟੀ ਦੀ ਮੈਂਬਰ ਨਹੀਂ ਹਾਂ । ਮੈਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨਾਗਰਿਕ ਹਾਂ । ਇਸ ਲਈ ਸਾਡੇ ਵਾਸਤੇ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਸੰਵਿਧਾਨ ਦੀ ਆਤਮਾ ਦੀ ਰੱਖਿਆ ਤੇ ਸਨਮਾਨ ਕਰੀਏ । ਮੈਂ ਕਿਸੇ ਵੀ ਹਤਿਆਰੀ ਮਾਨਸਿਕਤਾ ਵਾਲੇ ਵਿਅਕਤੀ ਨਾਲ ਨਹੀਂ ਹਾਂ । ਮੈਂ ਸਿਰਫ ਦੇਸ਼ ਦੇ ਸੰਵਿਧਾਨ ਪ੍ਰਤੀ ਵਫ਼ਾਦਾਰ ਹਾਂ ।
ਜੇਕਰ ਦੇਸ਼ ਦੇ ਜਮਹੂਰੀ ਢਾਂਚੇ ਨੂੰ ਕੋਈ ਸਰਕਾਰ ਜਾਂ ਸੰਸਥਾ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਮੈਂ ਇਸਦਾ ਵਿਰੋਧ ਕਰਾਂਗੀ । ਮੈਂ ਆਪਣੇ ਬੱਚਿਆਂ ਨੂੰ ਇਸ ਨਫ਼ਰਤ ਦਾ ਹਿੱਸਾ ਨਹੀਂ ਬਣਨ ਦੇਵਾਂਗੀ ।