-ਹਰਚਰਨ ਸਿੰਘ ਪਰਹਾਰ
(ਮੁੱਖ ਸੰਪਾਦਕ-ਸਿੱਖ ਵਿਰਸਾ, ਕਨੇਡਾ)
ਮਨੁੱਖੀ ਇਤਿਹਾਸ ਅਨੇਕਾਂ ਤਰ੍ਹਾਂ ਦੇ ਵਾਦਾਂ ਦੇ ਵਾਦ-ਵਿਵਾਦਾਂ ਨਾਲ ਭਰਿਆ ਪਿਆ ਹੈ।ਸਮੇਂ-ਸਮੇਂ ਅਜਿਹੇ ਵਾਦਾਂ ਨੇ ਮਨੁੱਖਤਾ ਲਈ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਖੜ੍ਹੀਆਂ ਕੀਤੀਆਂ ਹਨ।ਇਨ੍ਹਾਂ ਵਾਦਾਂ ਵਿਚੋਂ ਪਿਛਲੀ ਸਦੀ ਦੇ ਪ੍ਰਮੁੱਖ ਵਾਦਾਂ, ਜਿਨ੍ਹਾਂ ਨੇ ਮਨੁੱਖਤਾ ਦਾ ਬੜੀ ਵੱਡੀ ਪੱਧਰ ਤੇ ਘਾਣ ਕੀਤਾ, ਉਹ ਸਨ; 'ਫਾਸ਼ੀਵਾਦ' ਤੇ 'ਨਾਜ਼ੀਵਾਦ'।ਪਿਛਲੀ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਵਿੱਚ ਇਨ੍ਹਾਂ ਦੋਨਾਂ ਵਾਦਾਂ ਨੇ ਮਨੁੱਖਤਾ ਦੇ ਇਤਿਹਾਸ ਵਿੱਚ ਅਜਿਹਾ ਕੁਹਰਾਮ ਮਚਾਇਆ ਸੀ, ਜਿਸਨੂੰ ਇਤਿਹਾਸ ਦੇ ਖੂਨੀ ਪੰਨਿਆਂ ਨਾਲ ਯਾਦ ਕੀਤਾ ਜਾਂਦਾ ਹੈ।ਇਤਿਹਾਸ ਦੇ ਅਜਿਹੇ ਖੂਨੀ ਪੰਨਿਆਂ ਨੂੰ ਯਾਦ ਰੱਖਣ ਦਾ ਮਕਸਦ ਸਿਰਫ ਇਹੀ ਹੈ ਕਿ ਅਜਿਹਾ ਕੁਝ ਦੁਬਾਰਾ ਨਾ ਵਾਪਰੇ, ਪਰ ਬਦਕਿਸਮਤੀ ਨਾਲ 4 ਸਾਲ ਪਹਿਲਾਂ ਹਿੰਦੁਸਤਾਨ ਵਿੱਚ ਆਰ ਐਸ ਐਸ (RSS) ਦੀ ਅਗਵਾਈ ਵਾਲੀ ਮੋਦੀ ਸਰਕਾਰ, ਇਨ੍ਹਾਂ ਦੋਨਾਂ ਵਾਦਾਂ ਤੋਂ ਪ੍ਰੇਰਣਾ ਲੈ ਕੇ, ਜਿੱਧਰ ਨੂੰ ਜਾ ਰਹੀ ਹੈ, ਉਸ ਤੋਂ ਇਹ ਅੰਦਾਜਾ ਲਗਾਉਣਾ ਕੋਈ ਔਖਾ ਨਹੀਂ ਕਿ ਜੇ ਮੋਦੀ ਨਿਜ਼ਾਮ 2019 ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਆ ਜਾਂਦਾ ਹੈ, ਇੰਡੀਆ ਦਾ ਭਵਿੱਖ ਵੱਡੇ ਖਤਰੇ ਵਿੱਚ ਹੋ ਸਕਦਾ ਹੈ।ਇਸ ਤੋਂ ਪਹਿਲਾਂ ਕਿ ਅਸੀਂ ਮੋਦੀ ਨਿਜ਼ਾਮ ਦੀਆਂ ਪੈੜ੍ਹਾਂ ਨੱਪੀਏ, ਸਾਡੇ ਲਈ 'ਫਾਸ਼ੀਵਾਦ' ਤੇ 'ਨਾਜ਼ੀਵਾਦ' ਬਾਰੇ ਜਾਨਣਾ ਬੜਾ ਜਰੂਰੀ ਹੈ।ਬੇਸ਼ਕ ਫਾਸ਼ੀਵਾਦੀ ਵਿਚਾਰਧਾਰਾ ਦਾ ਉਭਾਰ ਪਿਛਲੀ ਸਦੀ ਦੇ ਦੂਜੇ ਦਹਾਕੇ ਵਿੱਚ ਪਹਿਲੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੇ ਡਿਕਟੇਟਰ ਬੈਨੀਟੋ ਮੁਸੋਲੀਨੀ ਦੀ 'ਨੈਸ਼ਨਲ ਫਾਸਿਸਟ ਪਾਰਟੀ' ਨਾਲ ਹੋਇਆ ਸੀ, ਪਰ ਇਸ ਦੀਆਂ ਜੜ੍ਹਾਂ ਇਤਿਹਾਸ ਵਿੱਚ ਬੜੀਆਂ ਡੂੰਘੀਆਂ ਹਨ।ਇਹ ਵਿਚਾਰਧਾਰਾ ਸਦੀਆਂ ਪੁਰਾਣੀ ਹੈ ਕਿ ਇੱਕ ਖਾਸ ਨਸਲ ਦੇ ਲੋਕ ਹੀ 'ਗੌਡ' ਵਲੋਂ ਰਾਜ ਕਰਨ ਲਈ ਦੁਨੀਆਂ ਤੇ ਭੇਜੇ ਹੋਏ ਹਨ ਤੇ ਉਹ ਖਾਸ ਨਸਲ ਅਸੀਂ ਹਾਂ।ਇਹ ਅੱਤ ਦੀ ਸੱਜੇ ਪੱਖੀ (Extreme Right Wing Ideology) ਪਿਛਾਖੜੀ ਵਿਚਾਰਧਾਰਾ ਹੈ, ਜੋ ਇੱਕ ਖਾਸ ਨਸਲ ਦੇ ਲੋਕਾਂ ਦੇ ਰਾਸ਼ਟਰਵਾਦ (Nationalism) ਅਤੇ ਦੇਸ਼ ਭਗਤੀ (Patriotism) ਵਿੱਚ ਵਿਸ਼ਵਾਸ਼ ਰੱਖਦੀ ਹੈ।ਇਹ ਵਿਚਾਰਧਾਰਾ ਆਪਣੇ ਰਾਜਸੀ ਏਜੰਡੇ ਨੂੰ ਪੂਰਾ ਕਰਨ ਲਈ ਦੂਜੀਆਂ ਕੌਮਾਂ, ਧਰਮਾਂ, ਨਸਲਾਂ, ਵਿਚਾਰਧਾਰਾਵਾਂ ਦੇ ਲੋਕਾਂ ਪ੍ਰਤੀ ਝੂਠੇ ਰਾਸ਼ਟਰਵਾਦ ਤੇ ਝੂਠੀ ਦੇਸ਼ ਭਗਤੀ ਦੇ ਨਾਮ ਤੇ ਨਸਲਵਾਦ ਫੈਲਾ ਕੇ ਕਤਲੇਆਮ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ।