Thu, 21 November 2024
Your Visitor Number :-   7254805
SuhisaverSuhisaver Suhisaver

ਅਧਿਆਪਨ ਦੀ ਕਾਲੀ ਰਾਤ -ਰਾਜੇਸ਼ ਸ਼ਰਮਾ

Posted on:- 05-09-2018

suhisaver

ਸਿੱਖਿਆ ਚਿੰਤਨ ਅਤੇ ਸੰਵੇਦਨਾ ਦੀਆਂ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਦਾ ਉਪਰਾਲਾ ਹੈ ਤਾਂ ਜੋ ਵਿਅਕਤੀ ਅਤੇ ਸਮਾਜ ਹੋਰ ਖੁਸ਼ਹਾਲ, ਅਮਨ-ਪਸੰਦ, ਅਹਿੰਸਕ ਅਤੇ ਪ੍ਰਸੰਨ-ਚਿੱਤ ਜੀਵਨ ਜੀਅ ਸਕਣ। ਇਸ ਉਪਰਾਲੇ ਦੇ ਕੇਂਦਰ ਵਿਚ ਅਧਿਆਪਨ ਹੈ, ਜਿਸਦਾ ਕਾਰਜ ਉਸਦੇ ਆਤਮ-ਸੰਮਾਨ, ਸਮਾਜਿਕ ਗੌਰਵ ਅਤੇ ਬੌਧਿਕ ਆਜ਼ਾਦੀ ਨਾਲ ਅਟੁੱਟ ਰੂਪ ਵਿਚ ਜੁੜਿਆ ਹੋਇਆ ਹੈ। ਨੱਬੇਵਿਆਂ ਤੋਂ ਅਧਿਆਪਨ ਦੇ ਕਾਰਜ ਅਤੇ ਅਧਿਆਪਕ ਦੀ ਪ੍ਰਤਿਸ਼ਠਾ ਨੂੰ ਖੋਰਾ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਸਿੱਖਿਆ-ਤੰਤਰ ਵਿਚ ਵੱਡੇ ਪੱਧਰ ਉਪਰ ਸੁਧਾਰਾਂ ਦੇ ਨਾਂ ਉਪਰ ਕੀਤਾ ਗਿਆ ਬਦਲਾਅ ਇਸ ਖੋਰੇ ਦਾ ਕਾਰਣ ਕਿਵੇਂ ਬਣਦਾ ਹੈ।
    
ਦੇਸ਼ ਵਿਚ ਆਰਥਿਕ ਵਸੀਲਿਆਂ ਦੀ ਤੋਟ ਅਤੇ ਤੇਜ਼ੀ ਨਾਲ ਬਦਲ ਰਹੀ ਗਲੋਬਲੀ ਦੁਨੀਆ ਵਿਚ ਆਪਣਾ ਆਪ ਕਾਇਮ ਰੱਖਣ ਦੀ ਲੋੜ ਤੋਂ ਪ੍ਰੇਰਿਤ ਸਿੱਖਿਆ ਦਾ ਵਿਆਪਕ ਵਿਸਤਾਰ ਇੱਕ ਅਜਿਹੇ ਵਰਗ ਨੂੰ ਜਨਮ ਦਿੰਦਾ ਹੈ ਜਿਸਦੀ ਨਜ਼ਰ ਸਮਾਜਕ ਜ਼ਿੰਮੇਦਾਰੀ ਨਿਭਾਏ ਬਗੈਰ ਨਿਰੋਲ ਲਾਭ ਖੱਟਣ ਉਪਰ ਕੇਂਦਰਿਤ ਰਹਿੰਦੀ ਹੈ। ਇਹ ਵਰਗ ਵੱਡੇ ਪੱਧਰ ਉਪਰ ਸਿੱਖਿਆ ਸੰਸਥਾਵਾਂ ਸਥਾਪਿਤ ਕਰਦਾ ਹੈ। ਰੈਗੂਲੇਟਰੀ ਪ੍ਰਣਾਲੀ ਦੀ ਘਾਟ, ਦੁਰਗਾਮੀ ਯੋਜਨਾਬੰਦੀ ਅਤੇ ਯੋਜਨਾਵਾਂ ਨੂੰ ਸਮੇਬੱਧ ਢੰਗ ਨਾਲ ਲਾਗੂ ਕਰਨ ਦੀ ਕਮੀ ਅਤੇ ਦੂਰ-ਅੰਦੇਸ਼ੀ ਸੂਝ-ਬੂਝ ਦਾ ਨਾ ਹੋਣਾ ਦੇਸ਼ ਦੇ ਸਿੱਖਿਆ ਪ੍ਰਬੰਧ ਨੂੰ ਬੇਹਤਰ ਬਨਾਉਣ ਦੀ ਥਾਂ ਉਸਨੂੰ ਤਬਾਹ ਕਰਨ ਵਿਚ ਵੱਧ ਯੋਗਦਾਨ ਪਾਉਂਦੇ ਹਨ।

ਨੀਵੇਂ ਪੱਧਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਅਜਿਹੇ ਚਾਲੂ ਕੋਰਸ ਬਣਾ ਕੇ ਵੇਚੇ ਜਾਂਦੇ ਹਨ ਜਿਹਨਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਸਿੱਖਿਆ ਸੰਸਥਾਵਾਂ ਵਿਚ ਵੱਖੋ ਵੱਖ ਵਿਸ਼ਿਆਂ ਨਾਲ ਸਬੰਧਿਤ ਲੈਬੋਰੇਟਰੀਆਂ ਜਾਂ ਤਾਂ ਸਥਾਪਿਤ ਹੀ ਨਹੀਂ ਕੀਤੀਆਂ ਜਾਂਦੀਆਂ ਜਾਂ ਬਹੁਤ ਹੀ ਮਾੜੀ ਹਾਲਤ ਵਿਚ ਹੁੰਦੀਆਂ ਹਨ। ਲਾਈਬਰੇਰੀਆਂ ਵਿਚ ਪੜ੍ਹਨਯੋਗ ਸਮੱਗਰੀ ਦੀ ਘਾਟ ਚਿੰਤਾ ਦਾ ਇਕ ਵੱਡਾ ਵਿਸ਼ਾ ਹੈ। ਅਜਿਹੀਆਂ ਸੰਸਥਾਵਾਂ ਦਾ ਉਦੇਸ਼ ਸਿੱਖਿਆ ਨਹੀਂ ਬਲਕਿ ਵਿਦਿਆਰਥੀਆਂ ਤੋਂ ਪੈਸਾ ਖੋਹਣਾ ਹੈ। ਇਸ ਲਈ ਉਹ ਜ਼ਬਰਦਸਤੀ ਅਧਿਆਪਕਾਂ ਦੀਆਂ ਟੀਮਾਂ ਬਣਾ ਕੇ ਦੂਰ ਦਰਾਜ ਵਿਦਿਆਰਥੀ ਰੂਪੀ ਸ਼ਿਕਾਰ ਦੀ ਭਾਲ ਕਰਦੇ ਹਨ।
    
ਸਿੱਖਿਆ ਦੇ ਖੇਤਰ ਵਿਚ ਨਿੱਤਰੇ ‘ਆਂਤਰਪ੍ਰੇਨਰ` (ਕਅਵਗਕਬਗਕਅਕਚਗ) ਜਿਥੇ ਗਲ-ਵੱਢ ਮੁਕਾਬਲੇ ਵਿਚ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਨ, ਉਥੇ ਹੀ ਉਹ ਪੈਸਾ ਕਮਾਉਣ ਦੇ ਲਾਲਚ ਵਿਚ ਬੇਇਖਲਾਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਪੋਸਟ-ਮੈਟਰਿਕ ਸਕੀਮ ਦੇ ਨਾਂ ਹੇਠ ਹੋਏ ਘੋਟਾਲੇ ਇਸੇ ਦੀ ਨਵੀਂ ਉਦਾਹਰਣ ਹਨ। ਇਹ ਵਰਗ ਸਰਕਾਰੀ ਅਧਿਕਾਰੀਆਂ ਤੱਕ ਇਕ ਜ਼ਬਰਦਸਤ ਲਾਬੀ ਦੇ ਰੂਪ ਵਿਚ ਸਾਂਝੀਵਾਲਤਾ ਪਾਉਂਦੇ ਹੋਏ ਆਪਣੀ ਪਹੁੰਚ ਅਤੇ ਰਸੂਖ ਬਣਾਉਂਦਾ ਹੈ ਅਤੇ ਆਪਣੇ ਲਾਲਚ ਖਾਤਰ ਸਰਕਾਰੀ ਅਦਾਰਿਆਂ ਵਿਚਲੇ ਅਧਿਆਪਕਾਂ ਦੀਆਂ ਤਨਖਾਹਾਂ ਉਪਰ ਕੁਲਹਾੜੀ ਚਲਵਾਉਂਦਾ ਹੈ। ਤਾਂ ਜੋ ਕਰੋੜਾਂ ਰੁਪਏ ਦਾ ਲਾਭ ਕਮਾਉ਼ਂਦੇ ਪ੍ਰਾਈਵੇਟ ਅਦਾਰੇ ਵੀ ‘ਕਾਨੂੰਨੀ` ਦਾਇਰੇ ਦੇ ਅੰਦਰ ਰਹਿੰਦੇ ਹੋਏ ਘੱਟ ਤੋਂ ਘੱਟ ਮੁੱਲ ਉਪਰ ਅਧਿਆਪਨ ਦੀਆਂ ਸੇਵਾਵਾਂ ਖਰੀਦ ਸਕਣ।
    
ਸਮਾਜ ਵਿਚ ਲਗਾਤਾਰ ਆਪਣੀ ਪਹੁੰਚ ਪਸਾਰ ਰਿਹਾ ਕਾਰਪੋਰੇਟ ਮੀਡੀਆ ਬਦਲ ਰਹੇ ਪ੍ਰਵਚਨ ਵਿਚ ਸਿੱਖਿਆ ਨੂੰ ‘ਕਦੇ ਨਾ ਚੋਰੀ ਕੀਤੀ ਜਾ ਸਕਣ ਵਾਲੇ ਅਮੁੱਲ ਹਾਸਲ` ਤੋਂ ਬਦਲ ਕੇ ਮਾਤਰ ਵਪਾਰ ਦੀ ਵਸਤ ਬਣਾ ਦਿੰਦਾ ਹੈ। ਇਸ ਤਹਿਤ ਵਿਦਿਆਰਥੀ ਖਪਤਕਾਰ ਬਣ ਜਾਂਦਾ ਹੈ, ਅਧਿਆਪਕ ਤੇ ਸੰਸਥਾਵਾਂ ਸਰਵਿਸ ਪ੍ਰੋਵਾਈਡਰ। ਚਿੰਤਨ, ਸਵੈ-ਚਿੰਤਨ, ਵਿਗਿਆਨਕ ਸੋਚ, ਗਿਆਨ ਦੀ ਨਿਰਸਵਾਰਥ ਤਲਾਸ਼, ਸਭਿਆਚਾਰਕ ਪਰਿਵਰਤਨਾਂ ਲਈ ਪ੍ਰਤੀਬੱਧਤਾ, ਬਿਹਤਰ ਸੰਸਾਰ ਦਾ ਤਸੱਵਰ ਆਦਿ ਵਰਗੇ ਪਾਰ-ਇਤਿਹਾਸਿਕ ਆਦਰਸ਼ ਦੇਖਦੇ ਹੀ ਦੇਖਦੇੇ ਪੁਰਾਣੇ ਫਰਨੀਚਰ ਦੀ ਤਰ੍ਹਾਂ ਨਵੇਂ ਬਜ਼ਾਰ ਦੀ ਲੋਹੜੀ ਵਿਚ ਬਾਲ ਦਿੱਤੇ ਜਾਂਦੇ ਹਨ। ਦੇਸ਼ ਦੇ ਸਭਿਆਚਾਰਕ ਵਿਰਸੇ ਨੂੰ ਇਸ ਹੱਦ ਤੱਕ ਤਾਂ ਬਸਤੀਵਾਦੀ ਹਕੂਮਤ ਨੇ ਵੀ ਢਾਹ ਨਹੀਂ ਲਾਈ ਸੀ।ਪੂੰਜੀਵਾਦੀ ਕਹੇ ਜਾਣ ਵਾਲੇ ਅਮਰੀਕਾ ਵਰਗੇ ਦੇਸ਼ ਵੀ ਸਿੱਖਿਆ ਨੂੰ ਨਿਰੋਲ ਵਪਾਰੀਕਰਨ ਤੋਂ ਬਚਾ ਕੇ ਰੱਖਿਆ ਹੋਇਆ ਹੈ। ਸੰਸਾਰ ਦੀਆਂ ਸਿਰਮੌਰ ਰਿਸਰਚ ਯੂਨੀਵਰਸਿਟੀਆਂ ਅੱਜ ਵੀ ਪਬਲਿਕ ਖੇਤਰ ਦੀਆਂ ਹੀ ਯੂਨੀਵਰਸਿਟੀਆਂ ਹਨ।
    
ਇਸੇ ਲਈ ਸਰਵਪਾਲੀ ਰਾਧਾਕ੍ਰਿਸ਼ਨਨ ਦੀ ਯਾਦ ਵਿਚ ਮਨਾਇਆ ਜਾਂਦਾ ਅਧਿਆਪਕ ਦਿਵਸ ਅੱਜ ਇਕ ਗਹਿਰੀ ਵਿਡੰਬਨਾ ਦਾ ਸੂਚਕ ਬਣ ਕੇ ਉਭਰਿਆ ਹੈ। ਸਰਕਾਰੀ ਵਪਾਰੀ ਤੰਤਰ ਦੁਆਰਾ ਇਹ ਦਿਹਾੜਾ ਆਪਣੀ ਦੋਸ਼ੀ ਅੰਤਰ-ਆਤਮਾ ਉਪਰ ਸਫੇਦੀ ਦਾ ਪੋਚਾ ਲਗਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦਾ।
    
ਖਾਸ ਤੌਰ ਉਪਰ ਪੰਜਾਬ ਵਿਚਲਾ ਸੱਚ ਇਹ ਹੈ ਕਿ ਅਧਿਆਪਕਾਂ ਦੀ ਬਹੁਗਿਣਤੀ ਨੂੰ ਦਿਹਾੜੀਦਾਰ ਮਜ਼ਦੂਰ ਤੋਂ ਵੀ ਘੱਟ ਪੈਸੇ ਮਿਲਦੇ ਹਨ। ਮਜ਼ਦੂਰ ਤਾਂ ਨਿੱਜ-ਸੰਮਾਨ ਦੀ ਰੱਖਿਆ ਲਈ ਫਿਰ ਵੀ ਕਦੇ ਕਦੇ ਲੜਾਈ ਲੈਣ ਦੀ ਤਾਕਤ ਰੱਖਦਾ ਹੈ ਪਰੰਤੂ ਅਜਿਹਾ ਅਧਿਆਪਕ ਇਕ ਅਜਿਹੇ ਤਾਨਾਸ਼ਾਹੀ ਵਿੱਦਿਅਕ ਸ਼ਕਤੀ ਸੰਰਚਨਾ ਵਾਲੇ ਸਿੱਖਿਆ-ਤੰਤਰ ਦੀਆਂ ਦਾੜ੍ਹਾਂ ਵਿਚਕਾਰ ਦਰੜਿਆ ਜਾ ਰਿਹਾ ਹੈ ਜਿਥੋਂ ਉਸਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਨਿਰਾਸ਼ ਅਤੇ ਨਿਰੰਤਰ ਚਿੰਤਤ ਅਧਿਆਪਕ ਤੋਂ ਜੇ ਅਸੀਂ ਸਮਾਜ ਨਿਰਮਾਣ, ਮਨੁੱਖੀ ਪ੍ਰੇਰਣਾ ਆਦਿ ਦੀਆਂ ਉਮੀਦਾਂ ਲਗਾ ਕੇ ਬੈਠੇ ਹੋਏ ਹਾਂ ਤਾਂ ਅਸੀਂ ਇਕ ਅਜਿਹੇ ਖਤਰਨਾਕ ਭੁਲੇਖੇ ਵਿਚ ਜੀਅ ਰਹੇ ਹਾਂ ਜੋ ਸਾਥੋਂ ਆਪਣੇ ਦੇਸ਼, ਸਮਾਜ ਅਤੇ ਵਿਦਿਆਰਥੀਆਂ ਪ੍ਰਤੀ ਧ੍ਰੋਹ ਕਰਵਾਉਂਦਾ ਹੈ। ਸਾਨੂੰ ਅੱਖਾਂ ਖੋਲ੍ਹ ਕੇ ਭਵਿੱਖ ਦੇਖਣ ਦੀ ਥਾਂ ਹਨੇਰਾ ਕਬੂਲਣ ਲਈ ਪ੍ਰੇਰਦਾ ਹੈ।

ਸੰਪਰਕ: +91 78379 60942
 

Comments

Keshav Kumar

ਸਹੀ ਗੱਲ ਸਰ ਜੀ

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ