ਗਾਥਾ ਕੱਚੇ ਪ੍ਰੋਫੈਸਰਾਂ ਦੀ -ਵਿਨੋਦ ਮਿੱਤਲ (ਡਾ)
Posted on:- 05-09-2018
ਕੋਈ ਸਮਾਂ ਹੁੰਦਾ ਸੀ ਜਦੋਂ ਪ੍ਰੋਫੈਸਰ ਸ਼ਬਦ ਸੁਣਦਿਆਂ ਹੀ ਧੁਰ ਅੰਦਰ ਸਤਿਕਾਰ ਨਾਲ ਝੁਕ ਜਾਂਦਾ ਸੀ। ਜਾਪਦਾ ਸੀ ਕਿ ਪ੍ਰੋਫੈਸਰ ਹੋਣ ਨਾਲੋਂ ਵੱਧ ਕੋਈ ਵੀ ਗੱਲ ਮਾਣ ਵਾਲੀ ਨਹੀਂ ਹੋ ਸਕਦੀ। ਇਕ ਪ੍ਰੋਫੈਸਰ ਦੀ ਲਿਆਕਤ, ਉਸਦਾ ਸਮਾਜਿਕ ਤੇ ਆਰਥਿਕ ਰੁਤਬਾ ਐਨਾ ਪ੍ਰਭਾਵਿਤ ਕਰਦਾ ਸੀ ਕਿ ਸੋਚਦੇ ਸੀ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਚੰਗਾ ਸੁਪਨਾ ਲੈਣਾ ਆਉਂਦਾ ਹੈ ਤਾਂ ਉਹ ਪ੍ਰੋਫੈਸਰ ਬਣਨਾ ਹੀ ਲੋਚੇਗਾ। ਇਸੇ ਸੁਪਨੇ ਤਹਿਤ ਮੇਰੇ ਸਮੇਤ ਹੋਰ ਬਹੁਤ ਸਾਰੇ ਦੋਸਤ ਇਸ ਕਿੱਤੇ ਵੱਲ ਪ੍ਰੇਰਿਤ ਹੋਏ। ਜਿਨ੍ਹਾਂ ਦੱਬ ਕੇ ਪੜ੍ਹਾਈਆਂ ਕੀਤੀਆਂ, ਉਚੀਆਂ ਡਿਗਰੀਆਂ ਲਈਆਂ ਪਰ ਉਹਨਾਂ ਦੀ ਮੌਜੂਦਾ ਹਾਲਤ ਇਕ ਦਰਜਾ ਚਾਰ ਕਰਮਚਾਰੀ ਨਾਲੋਂ ਵੀ ਪਤਲੀ ਹੈ।
ਯਾਦ ਆਉਂਦੀਆਂ ਹਨ ਸਾਡੀਆਂ ਉਹ ਲੰਮੀਆਂ ਬਹਿਸਾਂ ਜਦੋਂ ਅਸੀਂ ਸਮਾਜਿਕ, ਸਭਿਆਚਾਰਕ ਤੇ ਰਾਜਨੀਤਿਕ ਢਾਂਚੇ ਨੂੰ ਬਿਹਤਰ ਬਨਾਉਣ ਦੀਆਂ ਗੱਲਾਂ ਕਰਦੇ ਹੁੰਦੇ ਸੀ। ਸਿੱਖਿਆ ਸ਼ਾਸਤਰੀਆਂ ਦੀਆਂ ਲਿਖਤਾਂ ਨੂੰ ਪੜ੍ਹਨਾ, ਖੰਘਾਲਣਾ ਤੇ ਬਹਿਸ ਕਰਨੀ ਸਾਡਾ ਨਿੱਤਨੇਮ ਹੁੰਦਾ ਸੀ। ਕਿਉਂਕਿ ਅਸੀਂ ਸੁਪਨਾ ਲਿਆ ਸੀ, ਅਸੀਂ ਪ੍ਰੋਫੈਸਰ ਬਣਨਾ ਸੀ। ਸਮਾਜ ਨੂੰ ਬਿਹਤਰ ਬਨਾਉਣ ਵਾਲੇ, ਇਕ ਨਵੀਂ ਦਿਸ਼ਾ ਦੇਣ ਵਾਲੇ। ਕਿਤੇ ਇਹ ਵੀ ਸੁਣ ਪੜ੍ਹ ਲਿਆ ਸੀ ਕਿ ਪ੍ਰੋਫੈਸਰਾਂ ਦੀ ਬਹੁਤ ਕਦਰ ਹੈ, ਸਰਕਾਰਾਂ ਬਹੁਤੇ ਕੰਮ ਉਹਨਾਂ ਦੀ ਸਲਾਹ ਨਾਲ ਹੀ ਕਰਦੀਆਂ ਹਨ। ਇਸ ਤਰ੍ਹਾਂ ਪ੍ਰੋਫੈਸਰ ਬਣਨਾ ਸਾਡੇ ਲਈ ਮਾਣ ਵਾਲੀ ਗੱਲ ਸੀ। ਅਹਿਸਾਸ ਹੁੰਦਾ ਸੀ ਕਿ ਸਾਰੇ ਸਮਾਜ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਉਪਰ ਹੈ ਤੇ ਅਸੀਂ ਇਸਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਣਾ ਹੈ।
ਮੈਂ ਤੇ ਮੇਰੇ ਦੌਸਤ, ਅਸੀਂ ਕਾਲਜ ਵਿਚ ਉਸਾਰੂ ਸਾਹਿਤ ਪੜ੍ਹਦੇ ਤੇ ਲਿਖਦੇ ਹੁੰਦੇ ਸੀ ਕਿਉਂਕਿ ਪੜ੍ਹਨਾ ਤੇ ਲਿਖਣਾ ਇਕ ਪ੍ਰੋਫੈਸਰ ਦਾ ਧਰਮ ਹੈ। ਅਸੀਂ ਸਾਰੇ ਗਰੀਬ ਅਤੇ ਨਿਚਲੇ ਮੱਧਵਰਗੀ ਪਰਿਵਾਰਾਂ ਵਿਚੋਂ ਹੋਣ ਦੇ ਬਾਵਜੂਦ ਯੂਨੀਵਰਸਿਟੀ ਪੜ੍ਹਨ ਦਾ ਬੀੜਾ ਚੁੱਕਿਆ। ਬਹੁਤੇ ਪਰਿਵਾਰ ਸੋਚਦੇ ਕਿ ਅਸੀਂ ਬਾਗੀ ਹੋ ਗਏ ਹਾਂ। ਹਾਂ, ਅਸੀਂ ਬਾਗੀ ਹੀ ਤਾਂ ਹੋ ਗਏ ਸੀ ਕਿਉਂਕਿ ਅਸੀਂ ਸੋਹਣਾ ਸਮਾਜ ਸਿਰਜਣਾ ਸੀ, ਪ੍ਰੋਫੈਸਰ ਬਣਨਾ ਸੀ। ਉਸ ਸਾਲ ਅਸੀਂ ਤੇਰਾਂ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਵੱਖੋ ਵੱਖ ਵਿਭਾਗਾਂ ਦੇ ਮਾਸਟਰ ਕੋਰਸਾਂ ਵਿਚ ਦਾਖਲ ਹੋਏ। ਪੜ੍ਹਨ ਲਿਖਣ ਦਾ ਜਨੂੰਨ ਸੀ, ਰਾਤੀਂ ਦੋ ਦੋ ਵਜੇ ਤੱਕ ਪੜ੍ਹਨਾ। ਪੈਸੇ ਦੀ ਤੰਗੀ ਚਲਦਿਆਂ ਕਿਸੇ ਨੇ ਟਿਊਸ਼ਨ ਪੜ੍ਹਾਉਣੀ, ਟਾਈਪਿੰਗ ਦਾ ਕੰਮ ਕਰਨਾ ਜਾਂ ਹੋਰ ਕੋਈ ਵੀ ਕੰਮ ਜੋ ਮਿਲ ਜਾਵੇ ਕਰਨਾ। ਇਕ ਨੇੜਲੇ ਪਿੰਡ ਵਿਚ ਸਸਤਾ ਕਮਰਾ ਕਿਰਾਏ ਤੇ ਲਿਆ ਜਿਸ ਵਿਚ ਸਾਰਿਆਂ ਨੇ ਘੁਸੜ ਜਾਣਾ। ਰਾਸ਼ਨ ਖਤਮ ਹੋਣ ਤੇ ਕਈ ਵਾਰ ਗੁਰਦੁਆਰੇ ਰੋਟੀ ਖਾਣ ਚਲੇ ਜਾਣਾ। ਇਸ ਤਰ੍ਹਾਂ ਸਾਡਾ ਯੂਨੀਵਰਸਿਟੀ ਜੀਵਨ ਚੱਲਿਆ। ਸੁਪਨੇ ਸੀ ਕਿ ਘਰ ਪਰਤਾਂਗੇ ਤਾਂ ਪ੍ਰੋਫੈਸਰ ਬਣ ਕੇ ਹੀ। ਘਰਦਿਆਂ ਦੀ ਤੇ ਸਮਾਜ ਦੀ ਗਰੀਬੀ ਦੂਰ ਕਰਾਂਗੇ।
ਉਸ ਸਮੇਂ ਸਾਡੇ ਨਾਲ ਪੜ੍ਹਦੇ ਬਹੁਤ ਸਾਰੇ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਜਾ ਰਹੇ ਸੀ। ਅਸੀਂ ਗੱਲਾਂ ਕਰਦੇ ਕਿ ਵਿਦੇਸ਼ ਜਾਣਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਂਗ ਹੈ। ਸਾਨੂੰ ਸਾਡੇ ਲੋਕਾਂ ਵਿਚ ਰਹਿ ਕੇ ਉਹਨਾਂ ਦੇ ਜੀਵਨ ਨੂੰ ਸੁਚੱਜਾ ਬਨਾਉਣ ਲਈ ਕੰਮ ਕਰਨਾ ਚਾਹੀਦਾ ਹੈ। ਜੇਕਰ ਅਸੀਂ ਵਿਦੇਸ਼ ਚਲੇ ਗਏ ਤਾਂ ਸਾਡੇ ਲੋੜਵੰਦ ਬੱਚਿਆਂ ਦਾ ਕੀ ਬਣੇਗਾ, ਉਹਨਾ ਨੂੰ ਕੌਣ ਪੜ੍ਹਾਏਗਾ, ਕੌਣ ਸਮਾਜ ਬਦਲੂਗਾ ਤੇ ਇਕ ਨਰੋਆ ਸਮਾਜ ਸਿਰਜੂਗਾ। ਇਸ ਤਰ੍ਹਾਂ ਵਿਦੇਸ਼ ਉਡਾਰੀ ਮਾਰਨ ਵਾਲੇ ਗੱਦਾਰ ਪ੍ਰਤੀਤ ਹੁੰਦੇ। ਜ਼ਿੰਦਗੀ ਦੇ ਸ਼ਿਖਰਲੇ ਸਾਲ ਉਚੇਰੀ ਪੜ੍ਹਾਈ, ਖੋਜ ਕਰਨ, ਸਮਾਜ ਨੂੰ ਬਦਲਣ ਦੇ ਸੁਪਨਿਆਂ ਦੇ ਲੇਖੇ ਲਗਾ ਅਸੀਂ ਆਪਣੇ ਕੰਮ ਵਿਚ ਇਮਾਨਦਾਰੀ ਨਾਲ ਜੁਟੇ ਰਹੇ।
ਰਸਮੀ ਡਿਗਰੀਆਂ ਤੋਂ ਬਾਅਦ ਦੌਰ ਚਲਦਾ ਹੈ ਨੌਕਰੀ ਦਾ, ਜਿਸ ਲਈ ਜ਼ਿੰਦਗੀ ਦੇ ਲਗਭਗ ਤੀਹ ਵਰ੍ਹੇ ਲੇਖੇ ਲਗਾਏ ਸਨ। ਨਵਾਂ ਅਕਾਦਮਿਕ ਸਾਲ ਸ਼ੁਰੂ ਹੋਣ ਵਾਲਾ ਸੀ ਅਸੀਂ ਸਾਰੇ ਦੋਸਤਾਂ ਨੇ ਹਰ ਰੋਜ਼ ਯੂਨੀਵਰਸਿਟੀ ਦੀ ਲਾਇਬਰੇਰੀ ਦੇ ਸਾਰੇ ਅਖਬਾਰ ਖੰਘਾਲ ਸੁਟਣੇ ਕਿ ਕਿਥੇ ਕਿਥੇ ਅਸਿਸਟੈਂਟ ਪ੍ਰੋਫੈਸਰ ਦੀ ਅਸਾਮੀ ਨਿਕਲੀ ਹੈ। ਸਾਰੇ ਦੋਸਤਾਂ ਨੇ ਸਾਫ ਸੁਥਰੇ ਕੱਪੜੇ ਪਾਉਣੇ, ਹੱਥ ਵਿਚ ਡਿਗਰੀਆਂ ਤੇ ਹੋਰ ਵਾਧੂ ਯੋਗਤਾਵਾਂ ਦੇ ਸਬੂਤਾਂ ਨਾਲ ਭਰਿਆ ਬੈਗ ਚੁੱਕਣਾ ਤੇ ਕਾਲਜਾਂ ਵਿਚ ਪੁੱਜ ਜਾਣਾ। ਸ਼ਾਮੀਂ ਸਾਰਿਆਂ ਨੇ ਇਕੱਠੇ ਹੋ ਆਪਣੇ ਤਜ਼ਰਬੇ ਸਾਂਝੇ ਕਰਨੇ ਤੇ ਪਤਾ ਚੱਲਣਾ ਕਿ ਕਿਸੇ ਦਾ ਵੀ ਕੰਮ ਨਹੀਂ ਬਣਿਆ ਕਿਉਂਕਿ ਕਿਸੇ ਕੋਲ ਕੋਈ ਸਿਫਾਰਿਸ਼ ਨਹੀਂ ਸੀ। ਲਗਭਗ ਇਕ ਸਾਲ ਤਾਂ ਇਸ ਗੱਲ ਨੂੰ ਸਮਝਣ ਵਿਚ ਹੀ ਚਲਾ ਗਿਆ ਕਿ ਅਸਿਸਟੈਂਟ ਪ੍ਰੋਫੈਸਰ ਭਾਵੇਂ ਇਕ ਅਕਾਦਮਿਕ ਸ਼ੈਸ਼ਨ ਲਈ ਹੀ ਕਿਉਂ ਨਾ ਲੱਗਣਾ ਹੋਵੇ ਤੁਹਾਡੇ ਉਪਰ ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ, ਯੂਨੀਵਰਸਿਟੀ ਅਧਿਕਾਰੀ ਜਾਂ ਕਿਸੇ ਰਾਜਨੀਤਿਕ ਬੰਦੇ ਦਾ ਹੱਥ ਹੋਣਾ ਬਹੁਤ ਲਾਜ਼ਮੀ ਹੈ। ਕਈ ਵਾਰ ਤਾਂ ਅਸਾਮੀ ਕਿਸੇ ਵਿਸ਼ੇਸ਼ ਵਿਅਕਤੀ ਲਈ ਹੀ ਵਿਗਿਆਪਤ ਕੀਤੀ ਗਈ ਹੁੰਦੀ ਹੈ ਤੇ ਕਈ ਵਾਰ ਅਸਾਮੀ ਇਸ ਲਈ ਵੀ ਖਾਲੀ ਰਹਿ ਜਾਂਦੀ ਹੈ ਕਿ ਅਥਾਰਟੀ ਦਾ ਆਪਣਾ ਕੋਈ ਬੰਦਾ ਨਹੀਂ ਹੁੰਦਾ। ਇਕ ਅਕਾਦਮਿਕ ਸ਼ੈਸ਼ਨ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਸਾਲ ਵਿਚ ਲਗਭਗ ਅੱਠ ਕੁ ਮਹੀਨਿਆਂ ਲਈ ਉੱਕਾ ਪੁੱਕਾ ਨਿਗੂਣੀ ਤਨਖਾਹ ਤੇ ਰੱਖਿਆ ਜਾਂਦਾ ਹੈ।
ਸਰਕਾਰੀ ਕਾਲਜਾਂ ਵੱਲ ਮੁੱਖ ਕੀਤਾ ਤਾਂ ਪਤਾ ਚੱਲਿਆ ਕਿ ਇਥੇ ਤਾਂ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਕੋਈ ਪੱਕੀ ਭਰਤੀ ਨਹੀਂ ਹੋਈ। ਜੇ ਕਿਤੇ ਕੋਈ ਅਸਾਮੀ ਭਰੀ ਜਾਂਦੀ ਹੈ ਤਾਂ ਉਸਨੂੰ ‘ਗੈਸਟ ਫੈਕਲਟੀ` ਦਾ ਨਾਂ ਦਿੱਤਾ ਜਾਂਦਾ ਹੈ ਜਿਸ ਵਿਚ ਅਸਿਸਟੈਂਟ ਪ੍ਰੋਫੈਸਰ ਨੂੰ ਪੀ ਟੀ ਏ ਫੰਡ ਵਿਚੋਂ ਮਹੀਨੇ ਦਾ ਉੱਕਾ ਪੁੱਕਾ ਪਹਿਲਾਂ ਸੱਤ ਹਜ਼ਾਰ ਤੇ ਅੱਜ ਕੱਲ੍ਹ ਦਸ ਹਜ਼ਾਰ ਦਿੱਤਾ ਜਾਂਦਾ ਹੈ ਜੋ ਇਕ ਰੈਗੂਲਰ ਦਰਜਾ ਚਾਰ ਕਰਮਚਾਰੀ ਦੀ ਤਨਖਾਹ ਦਾ ਲਗਭਗ ਇਕ ਤਿਹਾਈ ਬਣਦਾ ਹੈ।
ਇਕ ਆਦਰਸ਼ ਤਸਵੀਰ ਟੁੱਟਣ ਲਗਦੀ ਹੈ।
ਹੌਲੀ ਹੌਲੀ ਕੁਝ ਦੋਸਤ ਹੋਰਨਾ ਨੌਜੁਆਨਾਂ ਵਾਂਗ ਇਹਨਾਂ ਕੱਚੀਆਂ ਨੌਕਰੀਆਂ ਉਪਰ ਜੁਆਇੰਨ ਕਰ ਗਏ ਕਿ ਚਲੋ ਸ਼ਾਇਦ ਕਦੇ ਤਾਂ ਸਾਲ ਦੋ ਸਾਲ ਬਾਅਦ ਪੱਕੇ ਹੋ ਜਾਵਾਂਗੇ। ਪਰ ਲੰਮੀਆਂ ਉਡੀਕਾਂ ਤੋਂ ਬਾਅਦ ਵੀ ਕੁਝ ਚੰਗਾ ਨਾ ਵਾਪਰਿਆ। ਕੁਝ ਥੱਕ ਹਾਰ ਕੇ ਵਿਦੇਸ਼ ਨਿਕਲ ਗਏ ਤੇ ਕੁਝ ਫੇਰ ਹਾਲਾਤਾਂ ਨਾਲ ਜੂਝਦੇ ਹੋਏ ਇਥੇ ਟਿਕੇ ਰਹੇ।
ਇਸ ਸਮੇਂ ਦੌਰਾਨ ਇੰਜਨਿਅਰਿੰਗ ਕੋਰਸਾਂ ਦਾ ਰੁਝਾਨ ਬੜਾ ਸਿਖਰ ਉਪਰ ਪਹੁੰਚਿਆ ਤਾਂ ਸਾਡੇ ਇਕ ਦੋਸਤ ਨੂੰ ਕਿਸੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦਾ ਕੋਈ ਬੰਦਾ ਮਿਲ ਗਿਆ ਤੇ ਉਸਨੇ ਉਸ ਦੋਸਤ ਨੂੰ ਥੋੜ੍ਹੀ ਜਿਹੀ ਤਨਖਾਹ ਉਪਰ ਇਕ ਸੈਸ਼ਨ ਲਈ ਕਾਲਜ ਵਿਚ ਲਗਵਾ ਦਿੱਤਾ। ਕਾਲਜ ਵਿਚ ਰਹਿੰਦਿਆਂ ਉਸਨੇ ਸਾਡੇ ਨਾਲ ਉਥੋਂ ਦੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਵਿਚ ਕਿੰਨੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈ। ਪ੍ਰੋਫੈਸਰਾਂ ਨੂੰ ਪ੍ਰਿੰਸੀਪਲ ਵੱਲੋਂ ਪਹਿਲਾਂ ਪੈਸੇ ਲੈ ਕੇ ਇਕ ਸ਼ੈਸਨ ਲਈ ਰੱਖਿਆ ਜਾਂਦਾ ਸੀ। ਜੇਕਰ ਤਿੰਨ ਸਾਲ ਦੇ ਕੰਟਰੈਕਟ ਉਪਰ ਨਿਯੁਕਤ ਹੋਣਾ ਹੈ ਤਾਂ ਇਕ ਸਾਲ ਦੀ ਤਨਖਾਹ ਰਿਸ਼ਵਤ ਵਜੋਂ ਦੇਣੀ ਪੈਂਦੀ ਸੀ। ਅਤੇ ਹਰ ਵਾਰ ਕੰਟਰੈਕਟ ਰੀਨਿਊ ਕਰਵਾਉਣ ਲਈ ਇਹੋ ਪ੍ਰਕਿਰਿਆ ਦੁਹਰਾਈ ਜਾਂਦੀ ਸੀ। ਉਮੀਦਵਾਰ ਦੀ ਕੋਈ ਮੈਰਿਟ ਨਹੀਂ ਸੀ ਦੇਖੀ ਜਾਂਦੀ ਬਲਕਿ ਉਸਦੀ ਜੇਬ ਦੇਖੀ ਜਾਂਦੀ ਸੀ। ਸਾਡੇ ਦੋਸਤ ਵਿਚ ਹਾਲਿ ਇਮਾਨਦਾਰੀ ਕਾਇਮ ਸੀ ਸੋ ਉਸਨੇ ਰੈਗੂਲਰ ਨੌਕਰੀ ਲਈ ਕਦੇ ਪੈਸਾ ਨਾ ਦਿੱਤਾ ਸਗੋਂ ਮੈਰਿਟ ਅਧਾਰ ਤੇ ਨੌਕਰੀ ਦੀ ਮੰਗ ਕਰਦਾ ਰਿਹਾ ਪਰੰਤੂ ਜੋ ਕਦੇ ਵੀ ਪੂਰੀ ਨਾ ਹੋਈ।
ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਕੰਮ ਕਰਦੇ ਦੋਸਤਾਂ ਨੂੰ ਅਕਸਰ ਮੈਨੇਜਮੈਂਟ ਕਮੇਟੀ ਤੇ ਪ੍ਰਿੰਸੀਪਲ ਦੀ ਜ਼ੀ ਹਜ਼ੂਰੀ ਕਰਨੀ ਪੈਂਦੀ ਹੈ। ਲੋਹੜੀ ਦਿਵਾਲੀ ਵਰਗੇ ਤਿਉਹਾਰਾਂ ਉਪਰ ਉਪਹਾਰ ਭੇਂਟ ਕਰਨੇ ਪੈਂਦੇ ਹਨ। ਜੋ ਅਜਿਹਾ ਨਹੀਂ ਕਰਦਾ ਤਾਂ ਸਮਝ ਲਵੋ ਕਿ ਅਗਲੇ ਸ਼ੈਸ਼ਨ ਵਿਚ ਉਸ ਲਈ ਕਾਲਜ ਵਿਚ ਕੋਈ ਥਾਂ ਨਹੀਂ ਹੈ।
ਕੱਚੇ ਪ੍ਰੋਫੈਸਰਾਂ ਕੋਲੋਂ ਹਰ ਥਾਂ ਟੀਚਿੰਗ ਦੇ ਨਾਲ ਨਾਲ ਦਫਤਰੀ ਕੰਮ ਵੀ ਲਏ ਜਾਂਦੇ ਹਨ। ਬਹੁਤ ਸਾਰੇ ਕਾਲਜਾਂ ਵਿਚ ਲੰਮੇ ਸਮੇਂ ਤੋਂ ਨਾਨ ਟੀਚਿੰਗ ਸਟਾਫ ਦੀ ਵੀ ਭਰਤੀ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਸਾਰਾ ਕੰਮ ਹੁਣ ਕੱਚੇ ਪ੍ਰੋਫੈਸਰ ਸੰਭਾਲਦੇ ਹਨ।
ਸਿੱਖਿਆ ਦਾ ਨਿੱਜੀਕਰਨ ਹੋਣ ਨਾਲ ਸਿੱਖਿਆ ਸੰਸਥਾਵਾਂ ਦਰ ਦਰ ਤੇ ਖੁੱਲ੍ਹ ਗਈਆਂ ਹਨ ਜਿਥੇ ਸਿੱਖਿਆ ਨਿਰੋਲ ਵਪਾਰ ਬਣ ਗਈ ਹੈ ਤੇ ਡਿਗਰੀ ਕੇਵਲ ਇਕ ਮੁੱਲ ਦਾ ਕਾਗਜ਼। ਇਹਨਾਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ, ਚਾਹੇ ਉਹ ਐਜੂਕੇਸ਼ਨ ਕਾਲਜ ਹੋਵੇ, ਇੰਜਨੀਅਰਿੰਗ ਕਾਲਜ ਜਾਂ ਕੋਈ ਯੂਨੀਵਰਸਿਟੀ, ਵਿਚ ਪ੍ਰੋਫੈਸਰ ਤੇ ਸਿੱਖਿਆ ਨਾਂ ਦੀ ਕੋਈ ਸ਼ੈਅ ਨਹੀਂ ਹੈ। ਪ੍ਰੋਫੈਸਰ ਇਸ ਸ਼ਰਤ ਉਪਰ ਭਰਤੀ ਕੀਤੇ ਜਾਂਦੇ ਹਨ ਕਿ ਉਹ ਸੰਸਥਾ ਲਈ ਕਿੰਨੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਦਾਖਲਾ ਸੰਸਥਾ ਵਿਚ ਕਰਵਾਏਗਾ। ਉਹਨਾਂ ਨੂੰ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਕਮੀਸ਼ਨ ਦਿੱਤਾ ਜਾਂਦਾ ਹੈ। ਇਹਨਾਂ ਸਿੱਖਿਆ ਸੰਸਥਾਵਾਂ ਵਿਚ ਕੰਮ ਕਰਦੇ ਪ੍ਰੋਫੈਸਰ ਦਿੱਖ ਵਿਚ ਹੀ ਲਿਸ਼ਕੇ ਪੁਸ਼ਕੇ ਹੁੰਦੇ ਹਨ ਪਰੰਤੂ ਧੁਰ ਅੰਦਰੋਂ ਪੀੜਿਤ।
ਉੱਚ ਸਿਖਿਆ ਸੰਸਥਾਵਾਂ ਵਿਚ ਲੰਮੇ ਸਮੇਂ ਤੋਂ ਭਰਤੀ ਨਾ ਹੋਣ ਕਰਕੇ ਪੁਰਾਣੇ ਸਟਾਫ ਤੇ ਨਵੇਂ ਪ੍ਰੋਫੈਸਰਾਂ ਵਿਚਕਾਰ ਇਕ ਅਣਦਿਸਦੀ ਦੀਵਾਰ ਖੜ੍ਹੀ ਹੋ ਗਈ ਹੈ। ਪੁਰਾਣੇ ਪ੍ਰੋਫੈਸਰ ਨਵਿਆਂ ਨੂੰ ਕੱਚੇ ਪ੍ਰੋਫੈਸਰ ਆਖ ਕੇ ਸੱਦਦੇ ਹਨ। ਉਹਨਾਂ ਨੂੰ ਸੰਸਥਾ ਦੇ ਨਿਰਣਾਇਕ ਫੈਸਲਿਆਂ ਤੋਂ ਦੂਰ ਰੱਖਿਆ ਜਾਂਦਾ ਹੈ ਤੇ ਅਕਸਰ ਫੈਸਲੇ ਅਤੇ ਬੇਲੋੜੇ ਕੰਮ ਉਹਨਾਂ ਉਪਰ ਥੋਪੇ ਜਾਂਦੇ ਹਨ। ਇਹਨਾਂ ਪ੍ਰੋਫੈਸਰਾਂ ਕੋਲੋਂ ਵੱਖੋ ਵੱਖ ਸਮਾਗਮਾਂ ਦੀ ਤਿਆਰੀ ਕਰਵਾਉਣੀ, ਪੇਪਰ ਕੰਡਕਟ ਕਰਵਾਉਣੇ ਤੇ ਚੈੱਕ ਕਰਨੇ, ਬਿਲਡਿੰਗ ਦੀ ਸਾਂਭ ਸੰਭਾਲ ਜਾਂ ਸਫਾਈ ਕਰਵਾਉਣੀ, ਬਿਨਾਂ ਕਿਸੇ ਪੇਮੈਂਟ ਦੇ ੳਵਰ ਟਾਇਮ ਕੰਮ ਕਰਵਾਉਣਾ, ਦਫਤਰੀ ਕੰਮ ਕਰਵਾਉਣਾ, ਛੁੱਟੀ ਵਾਲੇ ਦਿਨ ਕੰਮ ਲੈਣਾ, ਹੋਰ ਨਿੱਜੀ ਕੰਮ ਲੈਣੇ ਆਮ ਜਿਹੇ ਵਰਤਾਰੇ ਹੋ ਚੁੱਕੇ ਹਨ। ਇਥੋਂ ਤੱਕ ਕਿ ਕਈ ਵਾਰ ਸੰਸਥਾ ਦੇ ਦਰਜਾ ਚਾਰ ਕਰਮਚਾਰੀ ਦਾ ਹੱਥ ਕੱਚੇ ਪ੍ਰੋਫੈਸਰ ਨਾਲੋਂ ਉੱਚਾ ਹੁੰਦਾ ਹੈ। ਕੱਚੇ ਤੇ ਪੱਕੇ ਪ੍ਰੋਫੈਸਰਾਂ ਵਿਚਕਾਰ ਤਨਖਾਹਾਂ ਦੇ ਫਰਕ ਦੀ ਗੱਲ ਕਰੀਏ ਤਾਂ ਕਈ ਥਾਂ ਇਹ ਫਰਕ ਦਸ ਗੁਣਾ ਤੱਕ ਦੇਖਿਆ ਜਾ ਸਕਦਾ ਹੈ।
ਪੰਜਾਬ ਵਿਚ ਬਹੁਤ ਸਾਰੇ ਸਰਕਾਰੀ ਕਾਲਜ ਅਜਿਹੇ ਹਨ ਜਿਥੇ ਕੋਈ ਪੱਕਾ ਪ੍ਰੋਫੈਸਰ ਨਹੀਂ ਹੈ ਜੇ ਹੈ ਤਾਂ ਇੱਕਾ ਦੁੱਕਾ ਹੀ ਹੈ ਤੇ ਸੰਸਥਾ ਕੱਚੇ ਪ੍ਰੋਫੈਸਰਾਂ ਦੀ ਮਿਹਨਤ ਸਦਕਾ ਹੀ ਚੱਲ ਰਹੀ ਹੈ। ਉਹ ਆਪਣਾ ਤਨ ਮਨ ਲਗਾ ਕੇ ਆਪਣੀ, ਸਿੱਖਿਆ ਦੀ ਅਤੇ ਗਰੀਬ ਵਿਦਿਆਰਥੀ ਦੀ ਹੋਂਦ ਬਚਾਉਣ ਲਈ ਜੂਝ ਰਹੇ ਹਨ।
ਪੰਜਾਬ ਦੀ ਉਚੇਰੀ ਸਿਖਿਆ ਬਚਾਉਣ ਦੇ ਕੁਝ ਹਿਤੈਸ਼ੀਆਂ ਨੇ ਕਾਨੂੰਨ ਦਾ ਆਸਰਾ ਲਿਆ ਜਿਸਦੇ ਨਤੀਜੇ ਵਜੋਂ 2015 ਵਿਚ ਕੋਰਟ ਵਲੋਂ ਹਿਦਾਇਤ ਆਉਂਦੀ ਹੈ ਕਿ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿਚ ਲੰਮੇ ਸਮੇਂ ਤੋਂ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਖਾਲੀ ਪਈਆਂ 1925 ਅਸਾਮੀਆਂ ਨੂੰ ਭਰਿਆ ਜਾਵੇ। ਇਕ ਆਸ ਦੀ ਕਿਰਨ ਜਾਗਦੀ ਹੈ। ਪਰੰਤੂ ਇਸੇ ਦੌਰਾਨ ਇਹ ਨਿਰਦੇਸ਼ ਸਰਕਾਰੀ ਹੇਰਾ ਫੇਰੀਆਂ ਦੀ ਭੇਂਟ ਚੜ੍ਹ ਜਾਂਦੇ ਹਨ। ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰਾਂ ਦੀ ਪੱਕੀ ਭਰਤੀ ਕਰਨ ਦੀ ਬਜਾਏ ਤਿੰਨ ਸਾਲ ਲਈ ਕਿਸ਼ਤਾਂ ਵਿਚ ਮੁੱਢਲੀ ਤਨਖਾਹ ਉਪਰ ਕੰਟਰੈਕਟ ਤੇ ਭਰਤੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ। ਅੱਜ ਤਿੰਨ ਸਾਲ ਗੁਜ਼ਰਨ ਤੋਂ ਬਾਅਦ ਵੀ ਨਾ ਤਾਂ ਪੂਰੀਆਂ 1925 ਅਸਾਮੀਆਂ ਹੀ ਭਰੀਆਂ ਗਈਆਂ ਹਨ, ਨਾ ਹੀ ਕੋਈ ਰੈਗੂਲਰ ਹੋਇਆ ਹੈ ਅਤੇ ਨਾ ਹੀ ਕਿਸੇ ਨੂੰ ਪੂਰੀ ਤਨਖਾਹ ਨਸੀਬ ਹੋਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ ਪੁਰਾਣੇ ਅੰਕੜਿਆ ਤੇ ਅਧਾਰਿਤ ਹੈ ਜੇਕਰ ਅੱਜ ਜਨਸੰਖਿਆ ਤੇ ਮੰਗ ਦੇ ਹਿਸਾਬ ਨਾਲ ਦੇਖੀਏ ਤਾਂ ਕਈ ਹਜ਼ਾਰ ਹੋਰ ਅਸਾਮੀਆਂ ਦੀ ਲੋੜ ਹੈ। ਸਰਕਾਰੀ ਕਾਲਜਾਂ ਵੱਲ ਝਾਤੀ ਮਾਰੀਏ ਤਾਂ ਉਥੇ ਤਾਂ ਹਾਲਿ ਪੱਤਾ ਵੀ ਨਹੀਂ ਹਿੱਲਿਆ।
ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਇਕ ਹੋਰ ਸਰਕਾਰੀ ਬੰਬ 15 ਜਨਵਰੀ 2015 ਨੂੰ ਫਟਦਾ ਹੈ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵਿਚ ਸਰਕਾਰੀ ਨੌਕਰੀ ਤੇ ਜੁਆਇੰਨ ਕਰਨ ਵਾਲੇ ਕਰਮਚਾਰੀ ਨੂੰ ਇਸ ਸਮੇਂ ਤੋਂ ਬਾਅਦ ਪਰਖ ਕਾਲ ਦੌਰਾਨ ਕੇਵਲ ਮੁੱਢਲੀ ਤਨਖਾਹ ਹੀ ਮਿਲੇਗੀ। ਸਮੇਂ ਨਾਲ ਪਰਖ ਕਾਲ ਵੀ ਸਾਲ ਤੋਂ ਦੋ ਸਾਲ ਤੇ ਫਿਰ ਤਿੰਨ ਸਾਲ ਹੋ ਗਿਆ ਹੈ।
ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਮਦਦ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ ਤੇ ਘਟਾਈ ਗਈ ਰਾਸ਼ੀ ਵੀ ਲੰਮਾ ਸਮਾਂ ਨਹੀਂ ਮਿਲਦੀ।ਨਤੀਜੇ ਵਜੋਂ ਫੀਸਾਂ ਵਿਚ ਵਾਧਾ ਹੁੰਦਾ ਹੈ ਤੇ ਸਿੱਖਿਆ ਗਰੀਬ ਦੇ ਹੱਥੋਂ ਖਿਸਕਦੀ ਜਾ ਰਹੀ ਹੈ।
ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲ ਝਾਤੀ ਮਾਰੀਏ ਤਾਂ ਇਥੇ ਵੀ ਬਹੁਤੇ ਪ੍ਰੋਫੈਸਰ ਕੱਚੇ ਹੀ ਹਨ। ਕਿਸੇ ਨੂੰ ਐਡਹਾਕ ਕਿਹਾ ਜਾਂਦਾ ਹੈ, ਕਿਸੇ ਨੂੰ ਕੰਟਰੈਕਟ ਤੇ ਕਿਸੇ ਨੂੰ ਗੈਸਟ ਫੈਕਲਟੀ। ਸੰਸਥਾਵਾਂ ਦੀ ਬਹੁਤੀ ਟੇਕ ਹੁਣ ਗੈਸਟ ਫੈਕਲਟੀ ਉਪਰ ਹੀ ਹੋ ਗਈ ਹੈ ਕਿ ਫੈਕਲਟੀ ਨੂੰ ਆਪਣੇ ਕਰਮਚਾਰੀਆਂ ਵਿਚ ਗਿਣਨਾ ਹੀ ਨਾ ਪਵੇ ਤੇ ਕੰਮ ਉਸ ਕੋਲੋਂ ਸਾਰੇ ਲਵੋ। ਵੱਡੀ ਸਮੱਸਿਆ ਇਹ ਵੀ ਹੈ ਕਿ ਜੋ ਸਿਸਟਮ ਵਿਚ ਉਚ ਆਹੁਦਿਆਂ ਉਪਰ ਬੈਠੇ ਹਨ ਉਹ ਸੁਧਾਰ ਕਰਨਾ ਹੀ ਨਹੀਂ ਚਾਹੁੰਦੇ ਸ਼ਾਇਦ ਉਹਨਾਂ ਦੇ ਨਿੱਜ ਲਈ ਇਹ ਸਿਸਟਮ ਵਧੇਰੇ ਅਨੁਕੂਲ ਹੈ। ਅੱਜ ਜੇਕਰ ਇਕ ਸਰਸਰੀ ਜਿਹੀ ਨਜ਼ਰ ਵੀ ਮਾਰੀਏ ਤਾਂ ਦੇਖਣ ਨੂੰ ਮਿਲਦਾ ਹੈ ਕਿ ਉੱਚ ਆਹੁਦਿਆਂ ਤੇ ਬੈਠੇ ਅਧਿਕਾਰੀਆਂ, ਸਿੱਖਿਆ ਸ਼ਾਸਤਰੀਆਂ, ਰਾਜਨੀਤੀਵਾਨਾ ਨੇ ਵੀ ਆਪਣੇ ਬੱਚੇ ਵਿਦੇਸ਼ੀਂ ਤੋਰ ਦਿੱਤੇ ਹਨ। ਸ਼ਾਇਦ ਉਹਨਾਂ ਨੂੰ ਵਿਗੜੇ ਹਾਲਾਤਾਂ ਬਾਰੇ ਸਾਡੇ ਨਾਲੋਂ ਵਧੇਰੇ ਪਤਾ ਹੈ ਭਾਵੇਂ ਉਹ ਇਸਨੂੰ ਸੁਧਾਰਨ ਲਈ ਯਤਨ ਕੋਈ ਨਹੀਂ ਕਰਦੇ ਜਾਂ ਇਹ ਨਾਮਾਤਰ ਹਨ।
ਅੱਜ ਲੰਮਾ ਸਮਾ ਬੀਤ ਜਾਣ ਉਪਰੰਤ ਮੇਰੇ ਹਮਉਮਰ ਸਾਥੀ ਆਪਣੇ ਮਾਪਿਆਂ ਦਾ ਸਹਾਰਾ ਬਣਨ ਦੇ ਯੋਗ ਨਹੀਂ ਹੋ ਸਕੇ। ਬਹੁਤਿਆਂ ਦੇ ਵਿਆਹ ਨਹੀਂ ਹੋਏ, ਜਿਨ੍ਹਾਂ ਦੇ ਹੋਏ ਹਨ ਉਹ ਪਰਿਵਾਰ ਵਧਾਉਣ ਤੋਂ ਡਰਦੇ ਹਨ ਕਿਉਂਕਿ ਨਿਗੂਣੀਆਂ ਤਨਖਾਹਾਂ ਨਾਲ ਨਿਰਵਾਹ ਨਹੀਂ ਹੋ ਰਿਹਾ। ਉੱਚੀਆਂ ਡਿਗਰੀਆਂ, ਦਸ ਦਸ ਸਾਲਾਂ ਦਾ ਤਜ਼ਰਬਾ ਉਹਨਾਂ ਦੀਆਂ ਖੁਦ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਅਜਿਹੇ ਕੱਚੇ ਪ੍ਰੋਫੈਸਰ ਆਪਣੇ ਵਿਦਿਆਰਥੀਆਂ ਲਈ ਕੀ ਆਦਰਸ਼ ਸਿਰਜਣਗੇ। ਉੱਚ ਸਿੱਖਿਆ ਸੰਸਥਾਵਾਂ ਵਿਚ ਦਾਖਲ ਹੋਣ ਲਈ ਆਉਂਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਭੋਲੇਪਣ ਉਪਰ ਤਰਸ ਆਉਂਦਾ ਹੈ। ਸਮਝ ਨਹੀਂ ਆਉਂਦੀ ਅਧਿਆਪਕ ਹੋਣ ਦੇ ਨਾਤੇ ਅਸੀਂ ਉਹਨਾਂ ਦਾ ਜੀਵਨ ਬਣਾ ਰਹੇ ਹਾਂ ਜਾਂ ਉਹਨਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਾਂ।
ਸਿੱਖਿਆ ਖੇਤਰ ਦੇ ਇਸ ਮਾੜੇ ਯੁੱਗ ਦਾ ਆਰੰਭ ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਬੰਨ੍ਹਿਆ ਗਿਆ ਜਦੋਂ ਸਰਕਾਰਾਂ ਨੇ ਸਿੱਖਿਆ ਸੁਧਾਰਾਂ ਦੇ ਨਾਂ ਉਪਰ ਸਿੱਖਿਆ-ਤੰਤਰ ਨੂੰ ਨਿਰੋਲ ਵਪਾਰੀਆਂ ਦੇ ਹੱਥਾਂ ਵਿਚ ਦੇ ਦਿੱਤਾ। ਪਿਛਲੇ ਸਮਿਆਂ ਦੌਰਾਨ ਅਧਿਆਪਕ ਯੂਨੀਅਨਾਂ ਕੋਝੀਆਂ ਰਾਜਨੀਤਿਕ ਚਾਲਾਂ ਹੇਠ ਵੱਖ ਵੱਖ ਵਰਗਾਂ ਵਿਚ ਵੰਡੀਆਂ ਗਈਆਂ। ਪਹਿਲਾਂ ਕੱਚੇ ਤੇ ਪੱਕੇ ਅਧਿਆਪਕ ਵੰਡੇ ਗਏ। ਫੇਰ ਕੱਚਿਆਂ ਨੂੰ ਹੋਰ ਉਪ ਭਾਗਾਂ ਵਿਚ ਵੰਡਿਆ ਗਿਆ। ਮਿਲਿਆ ਕੀ? ਸਿਰਫ ਲਾਰੇ ਤੇ ਇਕ ਕਰੂਪ ਸਿੱਖਿਆ ਤੰਤਰ। ਸਾਵਧਾਨ! ਅਸੀਂ ਖਤਰਨਾਕ ਸਮਿਆਂ ਵਿਚੋਂ ਲੰਘ ਰਹੇ ਹਾਂ। ਕੇਵਲ ਅਧਿਆਪਕ ਹੀ ਨਹੀਂ, ਇਹ ਵਿਦਿਆਰਥੀਆਂ ਤੇ ਪੂਰੇ ਸਮਾਜ ਦੇ ਜਾਗਣ ਦਾ ਵੇਲਾ ਹੈ ਨਹੀਂ ਤਾਂ ਸਾਡੇ ਕੋਲ ਸਿੱਖਿਆ ਦੇ ਨਾਂ ਉਪਰ ਇਸਦੀ ਮਿੱਥ ਹੀ ਰਹਿ ਜਾਵੇਗੀ।
(ਲੇਖ ਵਿੱਚ ਦਿੱਤੇ ਗਏ ਵਿਚਾਰ ਲੇਖਕ ਦੇ ਨਿੱਜੀ ਹਨ)
ਸੰਪਰਕ: 94631-53296