Wed, 30 October 2024
Your Visitor Number :-   7238304
SuhisaverSuhisaver Suhisaver

ਮੋਦੀ ਵਲੋਂ ਸਿਰਜਿਆ ਤਲਿਸਮ ਟੁੱਟ ਰਿਹਾ ਹੈ ! - ਹਰਜਿੰਦਰ ਸਿੰਘ ਗੁਲਪੁਰ

Posted on:- 28-01-2017

ਸ੍ਰੀ. ਨਰਿੰਦਰ ਮੋਦੀ ਨੇ ਪੌਣੇ ਤਿੰਨ ਕੁ ਸਾਲ ਪਹਿਲਾਂ 26 ਮਈ,2014 ਨੂੰ ਬਤੌਰ ਪਰਧਾਨ ਮੰਤਰੀ ਸਹੁੰ ਚੁੱਕੀ ਸੀ।ਇੰਨਾ ਕੁ ਸਮਾਂ ਲੋਕ ਮਨਾਂ ਉੱਤੇ ਆਪਣੀ ਛਾਪ ਛੱਡਣ ਲਈ ਕਾਫੀ ਹੁੰਦਾ ਹੈ।ਦੇਸ਼ ਵਾਸੀਆਂ ਨੇ ਇਹ ਸੋਚ ਕੇ ਨਰਿੰਦਰ ਮੋਦੀ ਦੇ ਹੱਥ ਦੇਸ਼ ਦੀ ਵਾਗ ਡੋਰ ਸੌਂਪ ਦਿੱਤੀ ਸੀ ਕਿ ਚਲੋ ਇਸ ਵਾਰ ਇਹਨਾਂ ਨੂੰ ਵੀ ਅਜਮਾ ਕੇ ਦੇਖ ਲਵੋ।ਚੋਣ ਪਰਚਾਰ ਦੌਰਾਨ ਉਹਨਾਂ ਦੇ ਦਾਅਵਿਆਂ ਅਤੇ ਵਾਅਦਿਆਂ ਤੇ ਯਕੀਨ ਕਰ ਕੇ ਲੋਕ ਸੋਚਣ ਲਈ ਮਜਬੂਰ ਹੋ ਗਏ ਕਿ ਜਿਸ ਦੇਸ਼ ਨੂੰ ਅੱਜ ਤੱਕ ਕਾਂਗਰਸ ਅਤੇ ਗਾਂਧੀ ਨਹਿਰੂ ਪਰਿਵਾਰ ਕੰਮਜੋਰ ਕਰਦੇ ਰਹੇ ਹਨ ਉਸ ਦੇਸ਼ ਨੂੰ ਮੋਦੀ ਜੀ ਮਜਬੂਤੀ ਪਰਦਾਨ ਕਰਨਗੇ। ਕਾਂਗਰਸੀ ਰਾਜ ਦੌਰਾਨ ਹੋਏ ਵੱਡੇ ਵੱਡੇ ਘੁਟਾਲਿਆਂ ਅਤੇ ਬੇ-ਨਿਯਮੀਆਂ ਕਾਰਨ ਲੋਕ ਕਾਂਗਰਸ ਤੋਂ ਬੁਰੀ ਤਰ੍ਹਾਂ ਉਕਤਾ ਚੁੱਕੇ ਸਨ।ਇਹ ਉਹ ਸਮਾਂ ਸੀ ਜਦੋਂ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰਕੇ ਭਾਜਪਾ ਤੋਂ ਆਪਣੇ ਆਪ ਨੂੰ ਪੀ।

ਐਮ ਪਦ ਦਾ ਉਮੀਦਵਾਰ ਐਲਾਨ ਕਰਵਾ ਲਿਆ ਸੀ।ਅਜਿਹੀ ਸਥਿਤੀ ਪੈਦਾ ਕਰਨ ਵਿੱਚ ਆਰ ਐਸ ਐਸ ਪੂਰੀ ਤਰ੍ਹਾਂ ਉਹਨਾਂ ਦੀ ਪਿੱਠ ਤੇ ਸੀ।ਉਸ ਸਮੇਂ ਦੀ ਰਾਜਨੀਤੀ ਦੇ ਲਿਹਾਜ ਨਾਲ ਇਹ ਬਹੁਤ ਹੀ ਅਨੋਖੀ ਗੱਲ ਸੀ ਕਿ ਲਾਲ ਕਰਿਸ਼ਨ ਅਡਵਾਨੀ,ਜਸਵੰਤ ਸਿੰਘ,ਮੁਰਲੀ ਮਨੋਹਰ ਜੋਸ਼ੀ,ਸੁਸ਼ਮਾ ਸਵਰਾਜ,ਅਰੁਣ ਜੇਤਲੀ ਅਤੇ ਰਾਜ ਨਾਥ ਸਿੰਘ ਆਦਿ ਮੂਕ ਦਰਸ਼ਕ ਬਣ ਕੇ ਮੋਦੀ ਦਾ ਧੂੰਆਂ ਧਾਰ ਪਰਚਾਰ ਦੇਖ ਰਹੇ ਸਨ।ਉਦਯੋਗ ਜਗਤ ਦੇ ਸਹਿਯੋਗ ਨਾਲ 2 ਮਹੀਨੇ ਦਿਨ ਰਾਤ ਪਰਚਾਰ ਕਰਕੇ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਅਜਿਹੇ ਮਸੀਹੇ ਦੇ ਰੂਪ ਵਿੱਚ ਪੇਸ਼ ਕੀਤਾ ਜਿਸ ਨੇ ਅਵਾਮ ਦੇ ਸਾਰੇ ਦੁੱਖਾੰ ਨੂੰ ਹਰ ਲੈਣਾ ਸੀ।

ਇਸਦੇ ਫਲ ਸਰੂਪ 'ਹਰ ਹਰ ਮੋਦੀ,ਘਰ ਘਰ ਮੋਦੀ' ਅਤੇ 'ਅਬ ਕੀ ਵਾਰ ਮੋਦੀ ਸਰਕਾਰ' ਦੇ ਨਾਹਰੇ ਲੱਗਣ ਲੱਗ ਪਏ। ਇੱਕ ਤਰ੍ਹਾਂ ਨਾਲ ਸੰਮੋਹਿਤ ਹੋ ਕੇ ਲੋਕ ਮੋਦੀ ਦੀ ਝੋਲੀ ਵਿੱਚ ਆਣ ਪਏ।ਜਦੋਂ ਚੋਣ ਸੰਮੋਹਨ ਟੁੱਟਾ ਤਾਂ ਨਰਿੰਦਰ ਮੋਦੀ ਨਵੇਂ ਪਰਧਾਨ ਮੰਤਰੀ ਦੇ ਰੂਪ ਵਿੱਚ ਨਵੇਂ ਵਾਅਦਿਆਂ ਅਤੇ ਇਰਾਦਿਆਂ ਦੇ ਨਾਲ ਦੇਸ਼ ਵਾਸੀਆਂ ਦੇ ਸਾਹਮਣੇ ਮੌਜੂਦ ਸਨ।ਕੁੱਝ ਸਮਾਂ ਬੀਤਣ ਬਾਅਦ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਉਹ ਠਗੇ ਗਏ ਹਨ।ਕਾਂਗਰਸ ਦੀ ਥਾੰ ਭਾਜਪਾ ਆ ਗਈ ਸੀ ਜਿਸ ਨੇ ਕਾਂਗਰਸ ਦੇ ਹੀ ਨਕਸ਼ੇ ਕਦਮਾਂ ਤੇ ਚੱਲਣਾ ਆਰੰਭ ਕਰ ਦਿੱਤਾ ਸੀ।ਇਹ ਗੱਲ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰਨ ਸਮੇਂ ਹੀ ਸਾਬਤ ਕਰ ਦਿੱਤੀ ਸੀ।ਨਰਿੰਦਰ ਮੋਦੀ ਨੇ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੇ ਅਰੁਣ ਜੇਤਲੀ ਅਤੇ ਸਿਮਰਿਤੀ ਈਰਾਨੀ ਨੂੰ ਮਹੱਤਵ ਪੂਰਣ ਮਹਿਕਮਿਆਂ ਦੇ ਵਜੀਰ ਬਣਾਇਆ।ਅਰੁਣ ਜੇਤਲੀ ਨੂੰ ਵਿੱਤ,ਰੱਖਿਆ ਅਤੇ ਪੇਸ਼ੇ ਵਜੋੰ ਅਭਿਨੇਤਰੀ ਸਿਮਰਿਤੀ ਈਰਾਨੀ ਨੂੰ ਮਾਨਵ ਤੇ ਕੁਦਰਤੀ ਸਰੋਤ ਵਰਗੇ ਅਹਿਮ ਵਿਭਾਗ ਦਿੱਤੇ ਗਏ ਸਨ।

ਕਾਂਗਰਸ ਮੁਕਤ ਭਾਰਤ ਦਾ ਨਾਹਰਾ ਦੇਣ ਵਾਲੇ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ਸ਼ੁਰੂਆਤ ਹੀ ਜਦੋਂ ਕਾਂਗਰਸ ਕਲਚਰ ਤੋਂ ਕੀਤੀ ਤਾਂ ਲੋਕ ਸਮਝ ਗਏ ਕਿ ਨਰਿੰਦਰ ਮੋਦੀ ਉਸ ਤਰ੍ਹਾਂ ਦੇ ਨਹੀਂ ਹਨ ਜਿਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਆਪ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਸੀ।ਭਾਵੇਂ ਕਿਸੇ ਨੂੰ ਪਰਧਾਨ ਮੰਤਰੀ ਲੈਣਾ ਜਾ ਨਾ ਲੈਣਾ ਪੀ ਐਮ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਪਰ ਜਦੋਂ ਉਹਨਾਂ ਨੇ ਦੋਹਾਂ ਦੀ ਨਿਯੁਕਤੀ ਕਰਨ ਸਮੇਂ ਕਾਬਲੀਅਤ ਨੂੰ ਨਜਰ ਅੰਦਾਜ ਕੀਤਾ ਤਾਂ ਸਾਫ ਹੋ ਗਿਆ ਕਿ ਅੱਗੇ ਅੱਗੇ ਕਿਆ ਹੋਣੇ ਵਾਲਾ ਹੈ।ਇਸ ਗੱਲ ਦਾ ਅੰਦਾਜਾ ਵੀ ਲੋਕਾਂ ਨੂੰ ਹੋ ਗਿਆ ਕਿ 'ਸਭ ਕਾ ਹਾਥ ਸਭ ਕਾ ਸਾਥ' ਵਰਗੀਆਂ ਗੱਲਾਂ ਕੇਵਲ ਦਿਖਾਵਾ ਮਾਤਰ ਹਨ ਉੰਝ ਅੰਦਰੋੰ ਉਹ ਸਿਰੇ ਦੇ ਜਿੱਦੀ ਪੀ ਐਮ ਹਨ।ਸਵਾਲ ਪੈਦਾ ਹੁੰਦਾ ਹੈ ਕਿ ਅਰੁਣ ਜੇਤਲੀ ਪੀ ਐਮ ਦੀ ਮਜਬੂਰੀ ਕਿਉ ਹੈ?ਇਸ ਨੁਕਤੇ ਨੂੰ ਦੇਸ਼ ਦੀ ਥਾੰ ਭਾਜਪਾ ਦੇ ਪਰਿਪੇਖ ਵਿੱਚ ਰੱਖ ਕੇ ਦੇਖਣਾ ਹੋਵੇਗਾ।

ਸੀਨੀਅਰ ਭਾਜਪਾ ਆਗੂ ਅਡਵਾਨੀ ਦਾ ਧੜਾ ਨਾ ਮੋਦੀ ਦੇ ਪੀ ਐਮ ਬਣਨ ਤੇ ਖੁਸ਼ ਸੀ ਤੇ ਨਾ ਹੈ।ਨਰਿੰਦਰ ਮੋਦੀ ਨੂੰ ਡਰ ਸੀ ਕਿ ਇਹ ਧੜਾ ਕਿਤੇ ਬਗਾਵਤ ਨਾ ਕਰ ਦੇਵੇ।ਪਰਮੋਦ ਮਹਾਜਨ ਦੀ ਮੌਤ ਤੋਂ ਬਾਅਦ ਅਰੁਣ ਜੇਤਲੀ ਭਾਜਪਾ ਦੇ ਅਣ ਐਲਾਨੇ ਫੰਡ ਪਰਬੰਧਕ ਸਨ।ਉਹ ਜਨ ਅਧਾਰ ਵਾਲੇ ਨੇਤਾ ਨਾ ਹੋਣ ਦੇ ਬਾਵਯੂਦ ਸਿਆਸੀ ਜੁਗਾੜਬੰਦੀ ਕਰਨ ਦੇ ਮਾਹਰ ਮੰਨੇ ਜਾੰਦੇ ਹਨ।ਪੀ ਐਮ ਉਮੀਦਵਾਰ ਬਣਨ ਉਪਰੰਤ ਉਹ ਮੋਦੀ ਦੇ ਬੇ-ਹੱਦ ਨਜਦੀਕੀ ਅਤੇ ਭਰੋਸੇ ਮੰਦ ਬਣ ਗਏ।ਨਰਿੰਦਰ ਮੋਦੀ ਨੇ ਅਡਵਾਨੀ ਨੂੰ ਕੰਮਜੋਰ ਕਰਨ ਲਈ ਜੇਤਲੀ ਨੂੰ ਦੋ ਅਹਿਮ ਮੰਤਰਾਲੇ ਸੌਂਪ ਕੇ ਇੱਕ ਤਰ੍ਹਾਂ ਨਾਲ ਨੰਬਰ ਦੋ ਘੋਸ਼ਿਤ ਕਰ ਦਿੱਤਾ।2014 ਦੀਆਂ ਲੋਕ ਸਭਾਈ ਚੋਣਾਂ ਵਿੱਚ ਅੰਮਰਿਤਸਰ ਤੋਂ ਹਾਰਨ ਉਪਰੰਤ ਮੋਦੀ ਵਲੋਂ ਮੰਤਰੀ ਮੰਡਲ ਵਿੱਚ ਕੀਤੇ ਪਹਿਲੇ ਫੇਰ ਬਦਲ ਸਮੇਂ ਜੇਤਲੀ ਤੋਂ ਰੱਖਿਆ ਮੰਤਰਾਲਾ ਵਾਪਸ ਲੈ ਲਿਆ ਗਿਆ।ਜੇਤਲੀ ਕੋਲ ਇਸ ਫੈਸਲੇ ਦਾ ਵਿਰੋਧ ਕਰਨ ਦੀ ਨਾ ਤਾਂ ਇਖਲਾਕੀ ਤਾਕਤ ਸੀ ਅਤੇ ਨਾ ਹੀ ਸੰਵਿਧਾਨਕ।ਉਸ ਦਾ ਇੱਕ ਮਾਤਰ ਕੰਮ ਮੋਦੀ ਦੀ ਹਾਂ ਵਿੱਚ ਹਾਂ ਮਿਲਾਉਣਾ ਸੀ।ਸਾਸ ਭੀ ਕਭੀ ਬਹੂ ਥੀ ਸੀਰੀਅਲ ਵਿੱਚ ਤੁਲਸੀ ਦੇ ਰੋਲ ਨਾਲ ਮਸ਼ਹੂਰ ਹੋਈ ਸਿਮਰਤੀ ਈਰਾਨੀ ਨੂੰ ਅਮੇਠੀ ਤੋਂ ਹਾਰਨ ਦੇ ਇਵਜ ਵਿੱਚ ਸਨਮਾਨਿਤ ਕੀਤਾ ਗਿਆ,ਜਿਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਨੇ ਕਰਨਾ ਕੀ ਹੈ।ਜਦੋਂ ਉਸ ਦੀ ਵਿਦਿਅਕ ਅਤੇ ਕੰਮ ਕਾਜੀ ਯੋਗਤਾ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਤਾਂ ਮੋਦੀ ਨੇ ਉਸ ਤੋਂ ਅਹਿਮ ਮੰਤਰਾਲਾ ਵਾਪਸ ਲੈ ਕੇ ਉਸ ਨੂੰ ਘੱਟ ਅਹਿਮ (ਕੱਪੜਾ)ਮੰਤਰਾਲਾ ਸੌਂਪ ਦਿੱਤਾ।ਬਤੌਰ ਸਿੱਖਿਆ ਮੰਤਰੀ ਜੇ ਐਨ ਯੂ ਅਤੇ ਕਨੱਈਆ ਕੁਮਾਰ ਦੇ ਮਾਮਲੇ ਵਿੱਚ ਉਸ ਵਲੋਂ ਨਿਭਾਏ ਰੋਲ ਨਾਲ ਸਰਕਾਰ ਦੀ ਕਾਫੀ ਕਿਰਕਿਰੀ ਹੋਈ ਸੀ।ਵਿਦਿਅਕ ਪਰਮਾਣ ਪੱਤਰ ਦਾ ਮਾਮਲਾ ਅਜੇ ਤੱਕ ਲਟਕਿਆ ਹੋਇਆ ਹੈ।

8 ਨਵੰਬਰ ਨੂੰ ਨੋਟਬੰਦੀ ਦੇ ਇਤਿਹਾਸਕ ਫੈਸਲੇ ਦੀ ਘੋਸ਼ਣਾ ਨਰਿੰਦਰ ਮੋਦੀ ਨੇ ਕੀਤੀ ਸੀ।ਜੇਤਲੀ ਦੀ ਭੂਮਿਕਾ ਮਹਿਜ ਇੱਕ ਸਹਾਇਕ ਦੀ ਸੀ।ਜਦੋਂ ਇਸ ਇਸ ਫੈਸਲੇ ਤੇ ਹੋ ਹੱਲਾ ਮਚਿਆ ਤਾਂ ਮੋਦੀ ਨੇ ਉਸੇ ਤਰ੍ਹਾਂ ਅਰੁਣ ਜੇਤਲੀ ਦੀ ਆੜ ਲਈ ਜਿਵੇਂ ਇੱਕ ਮਿੱਥ ਅਨੁਸਾਰ ਅਰਜਨ ਨੇ ਆਪਣੇ ਬਚਾਉ ਲਈ 'ਸਿਖੰਡੀ' ਦੀ ੳਟ ਲਈ ਸੀ।ਲੋਕ ਕਾਂਗਰਸ ਸ਼ੈਲੀ ਮੁਕਤ ਸਾਸ਼ਨ ਦੇਖਣਾ ਚਾਹੁੰਦੇ ਸਨ।ਪੀ ਐਮ ਮੋਦੀ ਸਤਾ ਦੇ ਨਾਲ ਨਾਲ ਭਾਜਪਾ ਉੱਤੇ ਜਥੇਬੰਦਕ ਸ਼ਿਕੰਜਾ ਵੀ ਕੱਸ ਰਹੇ ਸਨ ਤਾਂ ਕਿ ਮਨ ਮਰਜੀ ਕਰਨ ਵਿੱਚ ਉਹਨਾਂ ਅੱਗੇ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਕਿਸੀ ਵੀ ਪੀ ਐਮ ਲਈ ਪਹਿਲੇ ਅਜਾਦੀ ਦਿਵਸ ਉੱਤੇ ਦਿੱਤੇ ਜਾਣ ਵਾਲਾ ਭਾਸ਼ਣ ਬਹੁਤ ਮਹੱਤਵ ਪੂਰਨ ਹੁੰਦਾ ਹੈ।ਇਸ ਭਾਸ਼ਣ ਤੋਂ ਲੋਕ ਨਵੀੰ ਸਰਕਾਰ ਤੇ ਨਵੇਂ ਪਰਧਾਨ ਮੰਤਰੀ ਦੀਆਂ ਭਵਿੱਖਮਈ ਯੋਜਨਾਵਾੰ ਦਾ ਅੰਦਾਜਾ ਲਾਉੰਦੇ ਹਨ।ਆਪਣੇ ਪਹਿਲੇ ਭਾਸ਼ਣ ਦੌਰਾਨ ਜਦੋਂ ਨਰਿੰਦਰ ਮੋਦੀ ਨੇ ਜਨ ਧਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਉਸ ਤੋਂ ਹੋਣ ਵਾਲੇ ਲਾਭ ਗਿਣਾਏ,ਤਾਂ ਆਮ ਲੋਕ ਤਾਂ ਇੱਕ ਪਾਸੇ ਅਰਥ ਸਾਸ਼ਤਰੀਆਂ ਨੂੰ ਵੀ ਇਸ ਦੀ ਸਮਝ ਨਹੀਂ ਆਈ ਸੀ। ਉਹ ਸੋਚ ਰਹੇ ਸਨ ਕਿ ਜੇਕਰ ਸਾਰੇ ਲੋਕ ਬੈੰਕਿੰਗ ਪਰਣਾਲੀ ਨਾਲ ਜੁੜ ਵੀ ਜਾਣਗੇ ਤਾਂ ਕਿਹੜੀ ਕਰਾਂਤੀ ਦਾ ਆਗਾਜ ਹੋ ਜਾਵੇਗਾ ?

ਇਸ ਸਵਾਲ ਦਾ ਜਵਾਬ ਤਾਂ ਮੋਦੀ ਜੀ ਨੇ ਦਿੱਤਾ ਹੀ ਨਹੀਂ ਕਿ ਲੋਕਾਂ ਲਈ ਰੁਜਗਾਰ ਜਾੰ ਪੈਸਾ ਕਿੱਥੋੰ ਆਵੇਗਾ?ਅਸਲ ਵਿੱਚ ਮੋਦੀ ਨੇ ਇਹ ਐਲਾਨ ਦੇਸ਼ ਦੀ 60 ਫੀਸਦੀ ਉਸ ਗਰੀਬ ਜਨਤਾ ਦੇ ਮਨ ਵਿੱਚ ਉਤਸੁਕਤਾ ਪੈਦਾ ਕਰਨ ਲਈ ਕੀਤਾ ਸੀ ਜਿਸ ਨੇ ਕਦੇ ਬੈਂਕ ਦੀ ਦਹਿਲੀਜ ਨਹੀਂ ਟੱਪੀ ਸੀ।ਚੋਣ ਦੀ ਖੁਮਾਰੀ ਅਜੇ ਪੂਰੀ ਤਰ੍ਹਾਂ ਉੱਤਰੀ ਨਹੀਂ ਸੀ।ਗਰੀਬ ਦੇਸ਼ ਵਾਸੀਆਂ ਦੇ ਮਨਾਂ ਵਿੱਚ ਨਰਿੰਦਰ ਮੋਦੀ ਵਲੋਂ ਵਿਦੇਸ਼ਾੰ ਤੋਂ ਕਾਲਾ ਧਨ ਲਿਆ ਕੇ ਹਰ ਇੱਕ ਦੇਸ਼ ਵਾਸੀ ਦੇ ਖਾਤੇ ਵਿੱਚ 15 ਲੱਖ ਰੁਪਏ ਜਮਾਂ ਕਰਾਵਾਉਣ ਦਾ ਵਾਅਦਾ ਲੋਹੇ ਦੇ ਕਿੱਲ ਵਾਂਗ ਖੁਭਿਆ ਹੋਇਆ ਸੀ।ਮਾਸੂਮ ਲੋਕਾਂ ਸਮਝਿਆ ਕਿ ਜਨ ਧੰਨ ਯੋਜਨਾ ਸਕੀਮ ਦਾ ਐਲਾਨ ਉਸੇ ਵਾਅਦੇ ਨੂੰ ਅਮਲੀ ਰੂਪ ਦੇਣ ਦੀ ਸ਼ੁਰੂਆਤ ਹੈ। ਹਾਲ ਦੀ ਘੜੀ ਮੋਦੀ ਹੋਰਾਂ ਵਲੋਂ ਕੀਤੇ ਇਸ ਵਾਅਦੇ ਦਾ ਹਾਲ 'ਨਾ ਨੌ ਮਣ ਤੇਲ ਹੋਵੇ,ਨਾ ਰਾਧਾ ਨੱਚੇ' ਦੀ ਕਹਾਵਤ ਵਾਲਾ ਹੈ।ਮਹਿੰਗਾਈ ਪਹਿਲਾਂ ਨਾਲੋਂ ਵੀ ਤੇਜੀ ਨਾਲ ਵਧ ਰਹੀ ਹੈ,ਰੁਜਗਾਰ ਦੇ ਮੌਕੇ ਘੱਟ ਹੋ ਰਹੇ ਹਨ ਅਤੇ ਨੋਟ ਬੰਦੀ ਦੇ ਫੈਸਲੇ ਕਾਰਨ ਛੋਟਾ ਤੇ ਦਰਮਿਆਨਾ ਕਾਰੋਬਾਰ ਅਜੇ ਲੀਹ ਤੇ ਨਹੀਂ ਆ ਸਕਿਆ।ਆਰਥਿਕ ਮਾਹਰ ਚੀਕ ਚੀਕ ਕੇ ਕਹਿ ਰਹੇ ਹਨ ਕਿ ਦੇਸ਼ ਦੀ ਆਰਥਿਕਤਾ ਤੇ ਨੋਟ ਬੰਦੀ ਦੇ ਬੁਰੇ ਪਰਭਾਵ ਪੈਣਗੇ।ਹੈਰਾਨੀ ਇਸ ਗੱਲ ਦੀ ਹੈ ਕਿ ਨੋਟਬੰਦੀ ਨਾਲ ਹੋਏ ਜਾਨੀ,ਮਾਲੀ ਅਤੇ ਸਮਾਜਿਕ ਨੁਕਸਾਨ ਵਾਰੇ ਜਵਾਬ ਦੇਹੀ ਤੋਂ ਦੇਸ਼ ਦਾ ਪਰਧਾਨ ਮੰਤਰੀ ਅਤੇ ਸਰਕਾਰ ਲਗਾਤਾਰ ਕੰਨੀ ਕੱਟ ਰਹੇ ਹਨ।ਨਰਿੰਦਰ ਮੋਦੀ ਵਲੋਂ ਕਰੋੜਾਂ ਰੁਪਏ ਖਰਚ ਕੇ ਮੀਡੀਆ ਪਰਬੰਧਨ ਰਾਹੀਂ ਸਿਰਜਿਆ ਤਲਿਸਮ ਹੌਲੀ ਹੌਲੀ ਕਰਕੇ ਟੁੱਟ ਰਿਹਾ ਹੈ।

ਸੰਪਰਕ: 0061470605255

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ