Thu, 21 November 2024
Your Visitor Number :-   7252478
SuhisaverSuhisaver Suhisaver

‘ਨਾਸਤਿਕ ਕਿਤਾਬਾਂ’ ਨੂੰ ਲੈ ਕੇ ਧਾਰਮਿਕ ਸੰਗਠਨ ਦਾ ਜਨਚੇਤਨਾ ਨਾਲ ਟਕਰਾਅ

Posted on:- 03-01-2017

suhisaver

ਲੁਧਿਆਣਾ : (ਬਿਊਰੋ) ਕ੍ਰਾਂਤੀਕਾਰੀ ਕਿਤਾਬਾਂ ਦੇ ਪ੍ਰਕਾਸ਼ਕ ਅਤੇ ਵਿਕਰੇਤਾ ਜਨਚੇਤਨਾ ਦੀ ਪੰਜਾਬੀ ਭਵਨ, ਲੁਧਿਆਣਾ ਸਥਿਤ ਦੁਕਾਨ ਉੱਤੇ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਇਕ ਕਥਿਤ ਹਿੰਦੂ ਧਾਰਮਿਕ ਸੰਗਠਨ ਵੱਲੋਂ ਭਗਤ ਸਿੰਘ ਦੀ ਕਿਤਾਬ ‘ਮੈਂ ਨਾਸਤਿਕ ਕਿਉਂ ਹਾਂ’ ਅਤੇ ਰਾਧਾਮੋਹਨ ਗੋਕੁਲਜੀ ਦੀਆਂ ਕਿਤਾਬਾਂ ‘ਈਸ਼ਵਰ ਕਾ ਬਹਿਸ਼ਕਾਰ’, ‘ਧਰਮ ਕਾ ਢਕੋਸਲਾ’, ‘ਲੌਕਿਕ ਮਾਰਗ’ ਅਤੇ ‘ਇਸਤਰਿਓਂ ਕੀ
 
ਸਵਾਧੀਨਤਾ’ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਮੌਕੇ ’ਤੇ ਮੌਜੂਦ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਸੰਗਠਨ ਦਾ ਕਹਿਣਾ ਸੀ ਕਿ ਇਹ ਕਿਤਾਬਾਂ ਨੂੰ ਸਮਾਜ ਵਿਚ ਨਾਸਤਿਕਤਾ ਫੈਲਾਉਣ ਅਤੇ ਧਰਮ ਦਾ ਵਿਰੋਧ ਕਰਨ ਦਾ ਕੰਮ ਕਰ ਰਹੀਆਂ ਹਨ। ਇਸ ਵਾਸਤੇ ਇਨ੍ਹਾਂ ਕਿਤਾਬਾਂ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਮੌਕੇ ’ਤੇ ਮੌਜੂਦ ਦੁਕਾਨ ਦੀ ਇੰਚਾਰਜ ਬਿੰਨੀ, ਹੌਜਰੀ-ਟੈਕਸਟਾਈਲ ਕਾਮਗਾਰ ਯੂਨੀਅਨ ਦੇ ਕਾਰਕੁੰਨ ਲਖਵਿੰਦਰ, ਗੁਰਜੀਤ ਸਿੰਘ ਸਮਰ ਅਤੇ ਸਤਵੀਰ ਨੂੰ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਮੌਕੇ ’ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਟਕਰਾਅ ਨੂੰ ਟਾਲਿਆ ਅਤੇ ਜਨਚੇਤਨਾਂ ’ਤੇ ਮੌਜੂਦ ਚਾਰੋ ਕਾਰਕੁੰਨਾਂ ਨੂੰ ਥਾਣੇ ਲੈ ਗਈ। ਜਿੱਥੋਂ ਉਨ੍ਹਾਂ ਨੂੰ ਦੇਰ ਸ਼ਾਮ ਛੱਡ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਕਰੀਬ 11 ਵਜੇ ਤੋਂ ਹੀ ਧਾਰਮਿਕ ਸੰਗਠਨ ਦੇ ਕਾਰਕੁੰਨ ਪੰਜਾਬੀ ਭਵਨ ਵਿਚ ਸਥਿਤ ਜਨਚੇਤਨਾ ਦੀ ਦੁਕਾਨ ਕੋਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹ ਲਗਾਤਾਰ ਇਨ੍ਹਾਂ ਕਿਤਾਬਾਂ ਦੇ ਖ਼ਿਲਾਫ਼ ਰੋਸ ਜਤਾ ਰਹੇ ਸਨ। ਸੂਤਰਾਂ ਅਨੁਸਾਰ ਦੁਪਹਿਰ ਕਰੀਬ ਤਿੰਨ ਵਜੇ ਉਦੋਂ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਉਨ੍ਹਾਂ ਦੁਕਾਨ ਦੀ ਇੰਚਾਰਜ ਬਿੰਨੀ ਨਾਲ ਧੱਕੇ ਮੁੱਕੀ ਕਰਕੇ ਉਸਨੂੰ ਦੁਕਾਨ ਵਿਚੋਂ ਬਾਹਰ ਕੱਢ ਦਿੱਤਾ।ਹੌਜਰੀ-ਟੈਕਸਟਾਈਲ ਕਾਮਗਾਰ ਯੂਨੀਅਨ ਦੇ ਕਾਰਕੁੰਨ ਲਖਵਿੰਦਰ, ਗੁਰਜੀਤ ਸਿੰਘ ਸਮਰ ਅਤੇ ਸਤਵੀਰ ਵੀ ਉੱਥੇ ਮੌਜੂਦ ਸਨ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੀ ਧੱਕਾ-ਮੁੱਕੀ ਦਾ ਵਿਰੋਧ ਕੀਤਾ। ਉਸ ਵੇਲੇ ਮੌਕੇ ‘’ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਜਨਚੇਤਨਾ ’ਤੇ ਮੌਜੂਦ ਚਾਰਾਂ ਕਾਰਕੁੰਨਾਂ ਨੂੰ ਥਾਣੇ ਲੈ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਉਪਰੋਕਤ ਕਿਤਾਬਾਂ ਦੀਆਂ ਕਾਪੀਆਂ ਵੀ ਜ਼ਬਤ ਕਰ ਲਈਆਂ ਅਤੇ ਜਨਚੇਤਨਾ ਦੀ ਦੁਕਾਨ ਨੂੰ ਤਾਲਾ ਲਾ ਕੇ ਚਾਬੀ ਆਪਣੇ ਕਬਜ਼ੇ ਵਿਚ ਲੈ ਲਈ। ਦੇਰ ਸ਼ਾਮ ਤੱਕ ਚਾਰਾਂ ਨੂੰ ਥਾਣੇ ਵਿਚ ਰੱਖਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ।

ਇਸ ਬਾਰੇ ਫ਼ੋਨ ਉੱਤੇ ਗੱਲਬਾਤ ਕਰਦੇ ਹੋਏ ਹੌਜਰੀ-ਟੈਕਸਟਾਈਲ ਕਾਮਗਾਰ ਯੂਨੀਅਨ ਦੇ ਕਾਰਕੁੰਨ ਲਖਵਿੰਦਰ ਨੇ ਦੱਸਿਆ ਕਿ ਹੰਗਾਮਾਂਕਾਰੀ ਇਨ੍ਹਾਂ ਕਿਤਾਬਾਂ ਨੂੰ ਸਾੜਨ ਦੀ ਗੱਲ ਕਹਿ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਬਿੰਨੀ ਨਾਲ ਧੱਕਾਮੁੱਕੀ ਕੀਤੀ। ਉਨ੍ਹਾਂ ਨੇ ਵੀ ਪੁਲਿਸ ਨੂੰ ਸੂਚਨਾ ਦੇਣ ਦੀ ਕੋਸ਼ਿਸ ਕੀਤੀ ਅਤੇ ਮੌਕੇ ’ਤੇ ਪਹੁੰਚੀ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ, ਜਿੱਥੇ ਉਨ੍ਹਾਂ ਨੂੰ ਕਾਫ਼ੀ ਦੇਰ ਬਿਠਾ ਕਿ ਰੱਖਿਆ ਗਿਆ। ਇਹ ਪੁੱਛਣ ’ਤੇ ਕੀ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਪੁਲਿਸ ਦਾ ਦਾਅਵਾ ਸੀ ਕਿ ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਬਿਠਾਇਆ ਗਿਆ ਹੈ। ਲਖਵਿੰਦਰ ਨੇ ਦੱਸਿਆ ਕਿ ਪੁਲਿਸ ਨੇ ਦੁਕਾਨ ਦੀਆਂ ਚਾਬੀਆਂ ਵਾਪਸ ਨਹੀਂ ਕੀਤੀਆਂ ਅਤੇ ਮੰਗਲਵਾਰ ਨੂੰ 12 ਵਜੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ।

ਇਸ ਘਟਨਾ ਤੋਂ ਬਾਅਦ ਜਨਚੇਤਨਾ ਦੀਆਂ ਸਮਰਥਕ ਜੱਥੇਬੰਦੀਆਂ ਵਿਚ ਰੋਸ ਦੀ ਲਹਿਰ ਫ਼ੈਲ ਗਈ। ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਅਜੇਪਾਲ ਨੇ ਆਪਣੀ ਫ਼ੇਸਬੁੱਕ ਪੋਸਟ ਰਾਹੀਂ ਰੋਸ ਜਤਾਉਂਦਿਆਂ ਇਸ ਘਟਨਾ ਨੂੰ ਅਕਾਲੀ-ਭਾਜਪਾ ਸਰਕਾਰ ਦੇ ਜਮਹੂਰੀਅਤ ਦੇ ਨਕਾਬ ਤਾਰ-ਤਾਰ ਹੋਣਾ ਕਿਹਾ ਹੈ। ਉਨ੍ਹਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੱਟੜਪੰਥੀ ਹਿੰਦੂ ਜਥੇਬੰਦੀਆਂ ਦੇ ਇਸ਼ਾਰੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਧਾਮੋਹਨ ਗੋਲਕੁਲਜੀ ਨੇ ਅੰਗਰੇਜ਼ੀ ਬਸਤੀਵਾਦ ਅਤੇ ਭਾਰਤੀ ਸਮਾਜ ਵਿਚ ਮੌਜੂਦ ਕੁਰੀਤੀਆਂ ਦੇ ਵਿਰੋਧ ਵਿਚ ਲਗਾਤਾਰ ਸੰਘਰਸ਼ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਅੰਗਰੇਜ਼ਾਂ ਨੇ ਜੇਲ੍ਹ ਭੇਜਿਆ। ਉਨ੍ਹਾਂ ਕਿਹਾ ਕਿ ਉਪਰੋਕਤ ਕਿਤਾਬਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਦੱਸਦੀਆਂ ਹਨ ਅਤੇ ਲੰਬੇ ਸਮੇਂ ਤੋਂ ਪਾਠਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਪੁਲਿਸ ਦੀ ਕਾਰਵਾਈ ਨੂੰ ਅੰਗੇਰਜ਼ਾਂ ਦੀ ਜ਼ਾਲਮਾਨਾਂ ਕਾਰਵਾਈ ਦੇ ਬਰਾਬਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਇਸ ਕਾਰਵਾਈ ਦਾ ਵਿਰੋਧ ਕਰਦੀ ਹੈ ਅਤੇ ਕੱਲ੍ਹ ਇਸ ਦੇ ਵਿਰੋਧ ਵਿਚ ਆਪਣਾ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਸਾਰੀਆਂ ਲੋਕ-ਪੱਖੀ ਧਿਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

ਗਿਆਨ ਪ੍ਰਚਾਰ ਸਮਾਜ ਦੇ ਕਨਵੀਨਰ ਦਰਸ਼ਨ ਖੇੜੀ ਨੇ ਇਕ ਸੁਨੇਹੇ ਰਾਹੀਂ ਕਿਹਾ ਕਿ ਪੁਲਿਸ ਇਨ੍ਹਾਂ ਕਿਤਾਬਾਂ ਦੀ ਛਾਣਬੀਣ ਕਰਕੇ ਇਨ੍ਹਾਂ ਉੱਪਰ ਧਾਰਾ 295 (ਏ) ਤਹਿਤ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਮਾਮਲਾ ਦਰਜ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਵਰ੍ਹਿਆਂ ਤੋਂ ਛੱਪ ਰਹੀਆਂ ਇਨ੍ਹਾਂ ਕਿਤਾਬਾਂ ਅਤੇ ਜਨਤਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣਾ ਵਿਚਾਰਾਂ ਦੇ ਪ੍ਰਗਟਾਵੇ ਅਤੇ ਜਮਹੂਰੀ ਹੱਕਾਂ ਉੱਤੇ ਹਮਲਾ ਹੈ। ਉਨ੍ਹਾਂ ਕੱਲ੍ਹ ਸਭ ਹਮਦਰਦ ਜੱਥੇਬੰਦੀਆਂ ਨੂੰ ਕੱਲ੍ਹ ਦੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਇਸ ਬਾਰੇ ਰੋਸ ਪ੍ਰਦਰਸ਼ਨ ਕਰਨ ਵਾਲੇ ਸੰਗਠਨ ਅਤੇ ਸਬੰਧਿਤ ਜਾਂਚ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ