ਐਡਵੋਕੇਟ ਸੁਧਾ ਭਾਰਦਵਾਜ ਦਾ ਜਨਤਕ ਬਿਆਨ
Posted on:- 06-07-2018
ਅਰਨਬ ਗੋਸਵਾਮੀ ਅਤੇ ਉਸ ਦੇ ਪ੍ਰਬੰਧਨ ਹੇਠ ਚੱਲ ਰਹੇ ਅੰਗਰੇਜ਼ੀ ਨਿਊਜ਼ ਚੈਨਲ, ‘ਰਿਪਬਲਕ ਟੀਵੀ’ ਦਾ ਸ਼ੁਮਾਰ ਆਰ.ਐਸ.ਐਸ ਅਤੇ ਕੇਂਦਰ ਦੀ ਬੀ.ਜੇ.ਪੀ ਸਰਕਾਰ ਦੇ ਵੱਡੇ ਭੌਂਪੂਆਂ ਵਿੱਚ ਹੁੰਦਾ ਹੈ। ਬੀ.ਜੇ.ਪੀ ਦੇ ਰਾਜ ਸਭਾ ਮੈਂਬਰ ਰਾਜੀਵ ਚੰਦਰਸ਼ੇਖਰ ਦੀ ਮਾਲਕੀ ਵਾਲੇ ਇਸ ਚੈਨਲ ਉਪਰ, ਇਹ ਅੱਤ ਦਾ ਸੱਜ-ਪਿਛਾਖੜੀ ਪੱਤਰਕਾਰ -ਜੋ ਆਪ-ਹੁਦਰੀਆਂ ਕਾਰਨ ‘ਟਾਇਮਜ਼-ਨਾਓ’ ਚੈਨਲ ’ਚੋ ਕੱਢ ਦਿੱਤਾ ਗਿਆ ਸੀ- ਦਿਨ ਰਾਤ ਲੋਕ ਵਿਰੋਧੀ ਅਤੇ ਸਰਕਾਰ ਪੱਖੀ ਪ੍ਰਚਾਰ ਵਿੱਚ ਰੁਝਿਆ ਰਹਿੰਦਾ ਹੈ। ਪਿਛਲੇ ਦਿਨੀਂ ਜਮਹੂਰੀ ਅਧਿਕਾਰਾਂ ਦੀ ਕਾਰਕੁਨ ਅਤੇ ਉੱਘੀ ਵਕੀਲ ਸੁਧਾ ਭਾਰਦਵਾਜ ਉਸ ਦੇ ਹਮਲੇ ਦੀ ਤਾਜ਼ਾ ਸ਼ਿਕਾਰ ਬਣੀ । ਉਸ ਹਮਲੇ ਦੇ ਪ੍ਰਤੀਕਰਮ ਵਿੱਚ ਸੁਧਾ ਭਾਰਦਵਾਜ ਨੇ ਇੱਕ ਪਬਲਿਕ ਬਿਆਨ ਜਾਰੀ ਕੀਤਾ ਹੈ ਜਿਸ ਦਾ ਪੰਜਾਬੀ ਰੂਪ ਹੇਠਾਂ ਪੇਸ਼ ਕੀਤਾ ਜਾ ਰਿਹਾ ਹੈ। * * *
ਮੈਨੂੰ ਪਤਾ ਲੱਗਿਆ ਹੈ ਕਿ ਰਿਪਬਲਕ ਟੀਵੀ ਨੇ 4 ਜੁਲਾਈ 2018 ਨੂੰ ਆਪਣੇ ਐਂਕਰ ਅਤੇ ਐਮ.ਡੀ ਅਨਰਬ ਗੋਸਵਾਮੀ ਰਾਹੀਂ ‘‘ਸੁਪਰ ਐਕਸਕਲੂਸਿਵ ਬਰੇਕਿੰਗ ਨਿਊਜ਼’’ ਦੇ ਨਾਂਅ ਹੇਠ ਇੱਕ ਪ੍ਰੋਗਰਾਮ ਪ੍ਰਸਾਰਿਤ ਕੀਤਾ ਹੈ।
ਵਾਰ-ਵਾਰ ਪ੍ਰਸਾਰਿਤ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ, ਮੇਰੇ ਵਿਰੁਧ ਲਗਾਏ ਜਾਣ ਵਾਲੇ ਬੇਤੁਕੇ, ਅਪਮਾਨਜਨਕ, ਝੂਠੇ ਅਤੇ ਪੂਰੀ ਤਰਾਂ ਆਧਾਰਹੀਣ ਇਲਜ਼ਾਮਾਂ ਦੀ ਲਿਸਟ ਬਹੁਤ ਲੰਬੀ ਹੈ। ਗੋਸਵਾਮੀ ਦਾਅਵਾ ਕਰਦਾ ਹੈ ਕਿ ਮੈਂ ( ਪ੍ਰੋਗਰਾਮ ਵਿੱਚ ਮੈਨੂੰ ‘ਕਾਮਰੇਡ ਐਡਵੋਕੇਟ ਸੁਧਾ ਗੋਸਵਾਮੀ’ ਕਿਹਾ ਗਿਆ ਹੈ) ਇੱਕ ਮਾਓਵਾਦੀ ਕਾਰਕੁਨ -‘‘ਕਾਮਰੇਡ ਪ੍ਰਕਾਸ਼ ਨਾਂਅ ਦਾ ਕੋਈ ਸ਼ਖਸ’’- ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ‘‘ਕਸ਼ਮੀਰ ਵਰਗੇ ਹਾਲਾਤ’’ ਬਣਾ ਦੇਣ ਦੀ ਗੱਲ ਕੀਤੀ ਗਈ ਹੈ। ਮੇਰੇ ਉਪਰ ਮਾਓਵਾਦੀਆਂ ਤੋਂ ਪੈਸੇ ਲੈਣ ਦਾ ਦੋਸ਼ ਵੀ ਲਾਇਆ ਗਿਆ ਹੈ। ਮੈਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਵੀ ਦਰਸਾਇਆ ਗਿਆ ਹੈ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕਈ ਸਿਰਕੱਢ ਵਕੀਲਾਂ ਦੇ-ਜਿਨਾਂ ’ਚੋ ਕਈ ਮੇਰੇ ਜਾਣਕਾਰ ਹਨ ਅਤੇ ਕਈ ਨਹੀਂ ਵੀ ਹਨ-ਮਾਓਵਾਦੀਆਂ ਨਾਲ ਕਿਸੇ-ਨ-ਕਿਸੇ ਤਰਾਂ ਦਾ ਸਬੰਧ ਰੱਖਦੇ ਹਨ।
ਮੈਂ ਪੂਰੀ ਦਿਰੜਤਾ ਅਤੇ ਸਪੱਸ਼ਟਤਾ ਨਾਲ ਇਨਕਾਰ ਕਰਦੀ ਹਾਂ ਕਿ ਮੈਂ ਕਦੇ ਵੀ ਅਜਿਹਾ ਕੋਈ ਪੱਤਰ -ਜੇਕਰ ਸੱਚਮੁਚ ਅਜਿਹਾ ਕੋਈ ਪੱਤਰ ਕਿਤੇ ਮੌਜੂਦ ਹੈ ਤਾਂ- ਨਹੀਂ ਲਿਖਿਆ ਜਿਸ ਦਾ ਹਵਾਲਾ ਗੋਸਵਾਮੀ ਦੇ ਰਿਹਾ ਹੈ। ਮੈਂ, ਰਿਪਬਲਕ ਟੀਵੀ ਵੱਲੋਂ ਮੇਰੇ ਉਪਰ ਦੋਸ਼ ਲਾਉਣ, ਮੈਨੂੰ ਬਦਨਾਮ ਕਰਨ, ਮੇਰਾ ਪੇਸ਼ੇਵਾਰਾਨਾ ਨੁਕਸਾਨ ਕਰਨ ਅਤੇ ਮੈਨੂੰ ਨਿੱਜੀ ਤੌਰ ’ਤੇ ਆਹਤ ਕਰਨ ਦਾ ਪੂਰੇ ਜ਼ੋਰ ਨਾਲ ਖੰਡਨ ਕਰਦੀ ਹਾਂ। ਆਪਣੇ ਪ੍ਰੋਗਰਾਮ ਵਿੱਚ ਰਿਪਬਲਕ ਟੀਵੀ ਨੇ ਅਜਿਹੇ ਕਿਸੇ ਪੱਤਰ ਦਾ ਸ੍ਰੋਤ ਨਹੀਂ ਦੱਸਿਆ। ਮੈਂ ਬਹੁਤ ਹੈਰਾਨ ਹਾਂ ਕਿ ਅਜਿਹਾ ਪੱਤਰ, ਜੋ ਇੰਨੇ ਗੰਭੀਰ ਜੁਰਮ ਦਾ ਇੱਕ ਸਬੂਤ ਬਣ ਸਕਦਾ ਹੈ, ਸਭ ਤੋਂ ਪਹਿਲਾਂ ਅਰਨਬ ਗੋਸਵਾਲੀ ਦੇ ਟੀਵੀ ਸਟੱਡੀਓ ਕਿਵੇਂ ਪਹੁੰਚ ਜਾਂਦਾ ਹੈ। ਮੈਂ ਪਿਛਲੇ 30 ਸਾਲਾਂ ਤੋਂ ਮਹਾਨ ਮਜ਼ਦੂਰ ਨੇਤਾ ਸਵਰਗਵਾਸੀ ਸ਼ੰਕਰ ਗੁਹਾ ਨਿਯੋਗੀ ਦੁਆਰਾ ਸੰਸਥਾਪਿਤ ‘ਛਤੀਸਗੜ ਮੁਕਤੀ ਮੋਰਚਾ’ ਨਾਂਅ ਦੇ ਸੰਗਠਨ ਵਿੱਚ ਇੱਕ
ਪ੍ਰਤੀਬੱਧ ਕਾਰਕੁਨ ਵਜੋਂ ਕੰਮ ਕਰਦੇ ਹੋਏ ਦਲੀ-ਰਾਜਹਾਰਾ ਅਤੇ ਭਿਲਾਈ ਦੇ ਕਿਰਤੀ ਕਾਮਿਆਂ ਦੀਆਂ ਝੁੱਗੀਆਂ-ਝੋਂਪੜੀਆਂ ਵਿੱਚ ਵਿਚਰਦੀ ਰਹੀ ਹਾਂ ਅਤੇ ਸੈਂਕੜੇ ਮਜ਼ਦੂਰ ਇਸ ਤੱਥ ਦੀ ਗਵਾਹੀ ਦੇ ਸਕਦੇ ਹਨ। ਇੱਕ ਟਰੇਡ-ਯੂਨੀਅਨ ਕਾਰਕੁਨ ਦੇ ਆਪਣੇ ਕੰਮ ਵਜੋਂ ਹੀ ਮੈਂ ਸੰਨ 200 ਵਿੱਚ ਵਕੀਲ ਬਣੀ ਅਤੇ ਉਦੋਂ ਤੋਂ ਲੈ ਕੇ ਮੈਂ ਕਿਰਤੀ-ਕਾਮਿਆਂ, ਕਿਸਾਨਾਂ, ਆਦਿਵਾਸੀਆਂ ਅਤੇ ਗਰੀਬ ਲੋਕਾਂ ਦੇ ਕਿਰਤ-ਕਾਨੂੰਨਾਂ, ਜ਼ਮੀਨ-ਅਧਿਗ੍ਰਹਿਣ, ਜੰਗਲ ਸਬੰਧੀ ਅਧਿਕਾਰਾਂ ਅਤੇ ਵਾਤਾਵਰਨਿਕ ਅਧਿਕਾਰਾਂ ਦੇ ਖੇਤਰ ਨਾਲ ਸਬੰਧਿਤ ਸੈਂਕੜੇ ਹੀ ਕੇਸ ਲੜ ਚੁੱਕੀ ਹਾਂ। ਸੰਨ 2007 ਤੋਂ ਮੈਂ ਬਿਲਾਸਪੁਰ ਵਿਖੇ ਛਤੀਸਗੜ ਹਾਈ ਕੋਰਟ ਵਿੱਚ ਵਕਾਲਤ ਕਰ ਰਹੀ ਹਾਂ ਅਤੇ ਹਾਈ ਕੋਰਟ ਨੇ ਮੈਨੂੰ ਛਤੀਸਗੜ ਸਟੇਸ ਲੀਗਲ ਸਰਵਿਸਜ਼ ਅਥਾਰਟੀ ਦਾ ਮੈਂਬਰ ਨਾਮਜਦ ਕੀਤਾ ਹੋਇਆ ਹੈ। ਪਿਛਲੇ ਸਾਲ ਤੋਂ ਮੈਂ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਵਿਖੇ ਮਹਿਮਾਨ-ਪ੍ਰੋਫੈਸਰ ਦੀ ਹੈਸੀਅਤ ਵਿੱਚ ਕਾਨੂੰਨ ਦੀ ਸਿੱਖਿਆ ਦੇ ਰਹੀ ਹਾਂ, ਜਿਥੇ ਮੈਂ ਆਦਿਵਾਸੀਆਂ ਦੇ ਅਧਿਕਾਰਾਂ ਤੇ ਭੂਮੀ-ਅਧਿਗ੍ਰਹਿਣ ਸਬੰਧੀ ਇਕ ਸੈਨੀਮਾਰ-ਕੋਰਸ ਪੜਾਇਆ ਅਤੇ ਕਾਨੂੰਨ ਤੇ ਗਰੀਬੀ ਬਾਰੇ ਇੱਕ ਆਮ ਕੋਰਸ ਲਈ ਅੰਸ਼ਕ ਤੌਰ ’ਤੇ ਯੋਗਦਾਨ ਦਿੱਤਾ। ਦਿੱਲੀ ਜੁਡੀਸ਼ੀਅਲ ਅਕੈਡਮੀ ਦੇ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ਮੈਂ ਸ੍ਰੀਲੰਕਾ ਦੀਆਂ ਲੇਬਰ-ਕੋਰਟਾਂ ਦੇ ਮੁੱਖ-ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਮੇਰਾ ਲੋਕ-ਪੱਖੀ ਕਿਰਦਾਰ ਅਤੇ ਮਨੁੱਖੀ-ਅਧਿਕਾਰਾਂ ਬਾਰੇ ਕੀਤਾ ਕੰਮ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਮੈਨੂੰ ਚੰਗੀ ਪਤਾ ਹੈ ਕਿ ਮੇਰਾ ਇਹ ਕਿਰਦਾਰ ਅਤੇ ਕੰਮ, ਉਨਾਂ ਵਿਚਾਰਾਂ ਦੇ ਪੂਰੀ ਤਰਾਂ ਵਿਰੋਧ ਵਿੱਚ ਹੈ, ਜਿਨ੍ਹਾਂ ਵਿਚਾਰਾਂ ਦਾ ਪ੍ਰਚਾਰ ਰਿਪਬਲਕ ਟੀਵੀ ਅਤੇ ਅਰਨਬ ਗੋਸਵਾਮੀ ਪੂਰੇ ਜ਼ੋਰ-ਸ਼ੋਰ ਨਾਲ ਲਗਾਤਾਰ ਕਰਦੇ ਰਹਿੰਦੇ ਹਨ।
ਮੈਨੂੰ ਲੱਗਦਾ ਹੈ ਕਿ ਮੇਰੇ ਵਿਰੁਧ ਵਿੱਢੇ ਇਸ ਹਾਲੀਆ ਖੁਣਸੀ, ਪ੍ਰੇਰਿਤ ਅਤੇ ਆਧਾਰਹੀਣ ਹਮਲੇ ਦਾ ਕਾਰਨ ਇਹ ਹੈ ਕਿ ਮੈਂ, ਐਡਵੋਕੇਟ ਸੁਰਿੰਦਰ ਗੈਡਲਿੰਗ ਦੀ 6 ਜੂਨ ਨੂੰ ਹੋਈ ਗਿ੍ਰਫ਼ਤਾਰੀ ਦੇ ਵਿਰੋਧ ਵਿੱਚ, ਪਿਛਲੇ ਦਿਨੀਂ ਦਿੱਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ। ਇਸ ਪ੍ਰੈਸ ਕਾਨਫਰੰਸ ਰਾਹੀਂ ਵਕੀਲਾਂ ਦੇ ਸੰਗਠਨ ‘ਦ ਇੰਡੀਅਨ ਐਸੋਸ਼ੀਏਸ਼ਨ ਆਫ਼ ਪੀਪਲਜ਼’ ਲਾਇਰਜ਼’(ਆਈ.ਏ.ਪੀ.ਐਲ) ਨੇ ਹੋਰ ਵਕੀਲਾਂ ਦੀ ਗਿ੍ਰਫ਼ਤਾਰੀ ਦਾ ਮਾਮਲਾ ਵੀ ਬਹੁਤ ਮਜ਼ਬੂਤੀ ਨਾਲ ਉਠਾਇਆ ਜਿਵੇਂ ਕਿ ਭੀਮ ਆਰਮੀ ਦੇ ਐਡਵੋਕੇਟ ਚੰਦਰਸ਼ੇਖਰ ਅਤੇ ਸਟਰਲਾਈਟ ਗੋਲੀਕਾਂਡ ਤੋਂ ਬਾਅਦ ਗਿ੍ਰਫ਼ਤਾਰ ਕੀਤੇ ਐਡਵੋਕੇਟ ਵਾਚੀਨਾਥਨ ਦਾ ਮਾਮਲਾ। ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਇਨਾਂ ਵਕੀਲਾਂ ਨੂੰ ਨਿਸ਼ਾਨਾ ਬਣਾ ਕੇ ਰਾਜ ਉਨਾਂ ਲੋਕਾਂ ਦੀ ਆਵਾਜ਼ ਨੂੰ ਚੁੱਪ ਕਰਵਾਉਣਾ ਚਾਹੁੰਦਾ ਹੈ ਜੋ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਗੱਲ ਕਰਦੇ ਹਨ। ਰਾਜ ਦੀ ਕਾਰਜਨੀਤੀ ਇਹ ਹੈ ਕਿ ਇੱਕ ਬੇਰੁਖੀ ਵਾਲਾ ਮਾਹੌਲ ਸਿਰਜਿਆ ਜਾਵੇ ਅਤੇ ਲੋਕਾਂ ਨੂੰ ਬਰਾਬਰੀ ਦੇ ਆਧਾਰ ’ਤੇ ਅਦਾਲਤੀ ਨਿਆਂ-ਪ੍ਰਣਾਲੀ ਤੱਕ ਪਹੁੰਚ ਕਰਨ ਤੋਂ ਵਾਂਝਿਆਂ ਕੀਤਾ ਜਾਵੇ। ਇੱਕ ਗੱਲ ਇਹ ਵੀ ਹੈ ਕਿ ਹੁਣੇ ਪਿੱਛੇ ਜਿਹੇ ‘ਆਈ.ਏ.ਪੀ.ਐਲ’ ਨੇ ਕਸ਼ਮੀਰ ਦੇ ਵਕੀਲਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਇੱਕ ਤੱਥ-ਖੋਜ ਕਮੇਟੀ ਦਾ ਆਯੋਜਨ ਕੀਤਾ ਸੀ। ਮਨੁੱਖੀ ਅਧਿਕਾਰਾਂ ਦੀ ਵਕੀਲ ਹੋਣ ਨਾਤੇ ਮੈਂ ਛਤੀਸਗੜ ਹਾਈ ਕੋਰਟ ਵਿੱਚ ਆਦਿਵਾਸੀਆਂ ਦੀ ਗ਼ੈਰ-ਕਾਨੂੰਨੀ ਨਜ਼ਰਬੰਦੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਲੜਦੀ ਰਹੀ ਹਾਂ ਅਤੇ ਬਹੁਤ ਸਾਰੇ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਹੱਕ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰਦੀ ਰਹੀ ਹਾਂ। ਹੁਣੇ ਪਿੱਛੇ ਜਿਹੇ ਹੀ ਮਨੁੱਖੀ ਅਧਿਕਾਰ ਕਮਸ਼ਿਨ ਨੇ ਛਤੀਸਗੜ ਰਾਜ ਦੇ ਸੁਕਮਾ ਜਿਲੇ ਦੇ ਪਿੰਡ ਕੋਂਡਾਸਾਵਲੀ ਦੇ ਇੱਕ ਕੇਸ ਦੀ ਪੜਤਾਲ ਦੇ ਸਬੰਧ ਵਿੱਚ ਮੇਰੇ ਤੱਕ ਪਹੁੰਚ ਕੀਤੀ ਸੀ। ਇਨਾਂ ਸਾਰੇ ਕੇਸਾਂ ਵਿੱਚ ਮੈਂ ਉਸੇ ਪੇਸ਼ੇਵਾਰਾਨਾ ਦਿਆਨਤਦਾਰੀ ਅਤੇ ਦਲੇਰੀ ਨਾਲ ਕੰਮ ਕੀਤਾ ਜਿਸ ਤਰਾਂ ਦੀ ਉਮੀਦ ਇੱਕ ਮਨੁੱਖੀ ਅਧਿਕਾਰਾਂ ਦੇ ਵਕੀਲ ਤੋਂ ਕੀਤੀ ਜਾਂਦੀ ਹੈ। ਅਸਲ ਵਿੱਚ ਸ਼ਾਇਦ ਇਹੀ ਹੈ ‘‘ਮੇਰਾ ਜੁਰਮ’’ ਜਿਸ ਕਾਰਨ ਅਰਨਬ ਗੋਸਵਾਮੀ ਦਾ ‘ਸੁਪਰ ਐਕਸਕਲੂਸਿਵ’ ਧਿਆਨ ਮੇਰੇ ਉਪਰ ਕੇਂਦਰਿਤ ਹੋ ਗਿਆ।
ਮੇਰੇ ਵਿਰੁਧ ਲਾਏ ਦੁਰਭਾਵਨਾ-ਪੂਰਨ ਅਤੇ ਅਪਮਾਨਜਨਕ ਇਲਜ਼ਾਮਾਂ ਦੇ ਸਬੰਧ ਵਿੱਚ, ਮੈਂ ਆਪਣੇ ਵਕੀਲ ਨੂੰ ਅਰਨਬ ਗੋਸਵਾਮੀ ਅਤੇ ਰਿਪਬਲਕ ਟੀਵੀ ਨੂੰ ਕਾਨੂੰਨੀ ਨੋਟਿਸ ਭੇਜਣ ਲਈ ਲਈ ਕਹਿ ਦਿੱਤਾ ਹੈ।
ਐਡਵੋਕੇਟ ਸੁਧਾ ਭਾਰਦਵਾਜ
ਨਵੀਂ ਦਿੱਲੀ, 4 ਜੁਲਾਈ, 2018
ਪੇਸ਼ਕਸ਼: ਹਰਚਰਨ ਸਿੰਘ ਚਹਿਲ