Wed, 30 October 2024
Your Visitor Number :-   7238304
SuhisaverSuhisaver Suhisaver

ਰਤਾ ਗੌਰ ਕਰਨਾ ! -ਸੁਕੀਰਤ

Posted on:- 13-10-2016

suhisaver

ਹੋਰ ਚਹੁੰਆਂ ਮਹੀਨਿਆਂ ਮਗਰੋਂ ਪੰਜਾਬ ਅਤੇ ਉਤਰ ਪ੍ਰਦੇਸ਼ ਵਿਚ ਚੋਣਾਂ ਹੋਣ ਵਾਲੀਆਂ ਹਨ। ਤਸਵੀਰ ਦੁਹੀਂ ਥਾਂਈਂ ਹੀ ਸਪਸ਼ਟ ਨਹੀਂ, ਪਰ ਇਕ ਗਲ ਸਾਫ਼ ਹੈ। ਨਾ ਪੰਜਾਬ ਵਿਚ ਅਕਾਲੀ ਦਲ-ਭਾਜਪਾ ਮੁੜਦੀ ਦਿਸਦੀ ਹੈ, ਤੇ ਨਾ ਹੀ ਉਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਵੇਲੇ ਹੂੰਝਾ ਫੇਰੂ ਜਿੱਤ ਹਾਸਲ ਕਰਨ ਵਾਲੀ ਭਾਜਪਾ ਹੁਣ ਪੱਕੇ ਪੈਰੀਂ ਖੜੋਤੀ ਲਭਦੀ ਹੈ।

ਸੋ, ਸਮਝ ਲਉ ਬਾਜ਼ੀ ਸਿਰ-ਧੜ ਦੀ ਹੈ, ਜਿਸਨੂੰ ਜਿੱਤਣ ਲਈ ਹਰ ਹੀਲਾ ਜਾਇਜ਼ ਹੈ, ਹਰ ਹਰਬਾ ਵਰਤਿਆ ਜਾ ਰਿਹਾ ਹੈ। ਏਸੇ ਲਈ ਫ਼ੌਜ ਵਲੋਂ ਮਕਬੂਜ਼ਾ ਕਸ਼ਮੀਰ ਉਤੇ ਕੀਤੇ ਗਏ ਹਾਲੀਆ ‘ਸਰਜੀਕਲ’ ਹਮਲਿਆਂ ਨੂੰ ਸਾਡੀ ਸੂਬਾਈ ਸਰਕਾਰ ਵੀ, ਤੇ ਕੇਂਦਰੀ ਸਰਕਾਰ ਵੀ ਆਪੋ-ਆਪਣੇ ਢੰਗ ਨਾਲ ਵਰਤਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਪੰਜਾਬ ਸਰਕਾਰ ਨੇ ਪਿੰਡਾਂ ਦੇ ਪਿੰਡ ਖਾਲੀ ਕਰਨ ਦਾ ਹੁਕਮ ਦੇ ਦਿਤਾ, ਜਿਵੇਂ ਲਾਮ ਲਗ ਚੁਕੀ ਹੋਵੇ। ਸਕੂਲ ਬੰਦ ਕਰਾ ਦਿਤੇ ਗਏ, ਲੋਕਾਂ ਨੂੰ ਸੁਰਖਿਅਤ ਥਾਵੇਂ ਜਾ ਵਸਣ ਦੀ ‘ਨਸੀਹਤ’ ਦਿੱਤੀ ਜਾਣ ਲਗੀ। ਅਤੇ ਰਾਤੋ-ਰਾਤ ਹਰ ਥਾਂਈਂ ਬੈਨਰ ਝੁਲ ਗਏ ਕਿ ਅਜੋਕੀ ਸਰਕਾਰ ਲੋਕਾਂ ਦੀ ਸੇਵਾ ਲਈ ਕਿਵੇਂ ਹਰ ਵੇਲੇ ਤਿਆਰ-ਬਰ-ਤਿਆਰ ਰਹਿੰਦੀ ਹੈ। ਇਹ ਅੱਡਰੀ ਗਲ ਹੈ ਕਿ ਇਕ ਪਾਸੇ ਫਸਲਾਂ ਪੱਕੀਆਂ ਹੋਣ , ਅਤੇ ਦੂਜੇ ਪਾਸੇ ਪਾਕਿਸਤਾਨ ਵਲੋਂ ਕਿਸੇ ‘ਚੂੰਅ’ ਦੀ ਵੀ ‘ਵਾਜ ਨਾ ਸੁਣਦੀ ਹੋਣ ਕਾਰਨ ਲੋਕ ਅੱਵਲ ਤਾਂ ਆਪੋ-ਆਪਣੇ ਘਰਾਂ ਵਿਚ ਹੀ ਬੈਠੇ ਰਹੇ, ਅਤੇ ਜੇ ਥੋੜਾ ਬਹੁਤ ਨਿਕਲੇ ਵੀ ਤਾਂ ਮੁੜਦੇ ਪੈਰੀਂ ਪਰਤ ਵੀ ਆਏ। ਪੰਜਾਬੀਆਂ ਦਾ ਸਿਰੜੀ ਹਠ ਕਹਿ ਲਓ, ਜਾਂ ਪੰਜਾਬ ਸਰਕਾਰ ਦੀ ਬਦਕਿਸਮਤੀ, ਇਸ ਜੰਗੀ ਪਰਚਾਰ ਨੇ ਕਿਸੇ ਨੂੰ ਵੀ ਨਾ ਥਿੜਕਾਇਆ।

ਦੂਜੇ ਪਾਸੇ ਕੇਂਦਰੀ ਸਰਕਾਰ ਨੇ , ਇਸ ਫੌਜੀ ਕਾਰਵਾਈ ਨੂੰ ਆਪਣੀ ‘ਮਰਦਾਨਾ’ ਤਾਕਤ ਦੇ ਸਬੂਤ ਵਜੋਂ ਪੇਸ਼ ਕੀਤਾ ਜੋ ਪਾਕਿਸਤਾਨ ਨੂੰ ਸਬਕ ਸਿਖਾਉਣਾ ਜਾਣਦੀ ਹੈ। ਪਰ ਅਜੇ ਹਫ਼ਤਾ ਵੀ ਨਹੀਂ ਸੀ ਲੰਘਿਆ ਕਿ ਇਹ ਗੱਲਾਂ ਬਾਹਰ ਆਣੀਆਂ ਸ਼ੁਰੂ ਹੋ ਗਈਆਂ ਕਿ ਲੋੜ ਪੈਣ ‘ਤੇ ਅਜੇਹੇ ‘ਸਰਜੀਕਲ’ ਹਮਲੇ ਤਾਂ ਪਹਿਲਾਂ ਵੀ ਹੁੰਦੇ ਰਹੇ ਹਨ, ਸਿਰਫ਼ ਪਿਛਲੀ ਸਰਕਾਰ ਨੇ ਸਸਤੀ ਸ਼ੁਹਰਤ ਬਟੋਰਨ ਖਾਤਰ ਉਨ੍ਹਾਂ ਨੂੰ ਇਵੇਂ ਨਸ਼ਰ ਕਦੇ ਨਹੀਂ ਸੀ ਕੀਤਾ।ਫੌਜ ਵੱਲੋਂ ਇਨ੍ਹਾਂ ਹਮਲਿਆਂ ਬਾਰੇ ਜਾਣਕਾਰੀ ਦੇਣ ਦੇ ਹਫ਼ਤੇ ਦੇ ਅੰਦਰ ਅੰਦਰ ਹੀ ਪਰਧਾਨ ਮੰਤਰੀ ਨੂੰ ਜਨਤਕ ਤੌਰ ‘ਤੇ ਇਹ ਨਸੀਹਤ ਦੇਣ ਤੇ ਮਜਬੂਰ ਹੋਣਾ ਪਿਆ ਕਿ ਫੋਜ ਦੀ ਇਸ ਕਾਰਵਾਈ ਬਾਰੇ ਉਨ੍ਹਾਂ ਦੇ ਮੰਤਰੀ ਵਾਧੂ ਅਤੇ ਛਾਤੀ-ਠੋਕਵੇਂ ਬਿਆਨ ਦੇਣ ਤੋਂ ਗੁਰੇਜ਼ ਕਰਨ ।

ਪਰ, ਇਹ ਨਾ ਭੁੱਲੀਏ ਕਿ ਨਾ ਸਿਰਫ਼ ਕੇਂਦਰੀ ਸਰਕਾਰ ਦੋ-ਮੂੰਹੀਆਂ ਗੱਲਾਂ ਕਰਨ ਵਿਚ ਚੋਖੀ ਮੁਹਾਰਤ ਰਖਦੀ ਹੈ, ਸਗੋਂ ਆਪਣੀ ਲੰਮੇ ਸਮੇਂ ਦੀ ਪਾਲਸੀ ਨੂੰ ਕਦੇ ਵੀ ਨਹੀਂ ਤਜਦੀ, ਵਕਤੀ ਤੌਰ ਤੇ ਭਾਂਵੇਂ ਵਲੇਟ ਕੇ ਕੋਲ ਰਖ ਛੱਡੇ। ਅਤੇ ਵਲੇਟ ਕਿ ਵੀ ਕਿਸੇ ਦਰਾਜ਼ ਵਿਚ ਨਹੀਂ ਰਖਦੀ, ਲੋੜ ਪੈਣ ਉਤੇ ਆਪਣੇ ‘ਕੂਟਨੀਤੀ-ਗ੍ਰੰਥ’ ਦਾ ਕੋਈ ਹੋਰ ਪੰਨਾ ਖੋਲ ਲੈਂਦੀ ਹੈ। ਇਸ ਲਈ ‘ਸਰਜੀਕਲ ਹਮਲਿਆਂ’ ਵਾਲੀ ‘ਪਹਿਲ’ ਦੇ ਦਮਗਜਿਆਂ ਨੂੰ ਭਾਂਵੇਂ ਠਲ੍ਹ ਪੈ ਗਈ ਹੋਵੇ, ਇਸ ਕਾਰਵਾਈ ਨੂੰ ਚੋਣ-ਪੈਂਤੜਿਆਂ ਵਜੋਂ ਵਰਤਣ ਦੀ ਤਿਆਰੀ ਪੂਰੀ ਹੈ।

ਆਉਂਦੇ ਹਫ਼ਤੇ, ਦੁਸਹਿਰੇ ਵਾਲੇ ਦਿਨ ਸਾਡੇ ਪਰਧਾਨ ਮੰਤਰੀ ਵਿਸ਼ੇਸ਼ ਤੌਰ ਉਤੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਜਾ ਰਹੇ ਹਨ। ਆਮ ਰਵਾਇਤ ਇਹ ਰਹੀ ਹੈ ਕਿ ਇਸ ਦਿਨ, ਜੇ ਜਾਵੇ ਵੀ ਤਾਂ ਵੇਲੇ ਦਾ ਪਰਧਾਨ ਮੰਤਰੀ ਦਿਲੀ ਦੀ ਰਾਮ ਲੀਲਾ ਗ੍ਰਾਂਉਂਡ ਹੀ ਜਾਂਦਾ /ਜਾਂਦੀ ਹੈ। ਪਰ ਇਸ ਵਾਰ ਉਤਰ ਪ੍ਰਦੇਸ਼ ਭਾਜਪਾ ਪ੍ਰਧਾਨ ਕੇਸ਼ਵਪ੍ਰਸਾਦ ਮੌਰਿਆ ਦੇ ਵਿਸ਼ੇਸ਼ ਸੱਦੇ ਉਤੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਲੀ ਦੀ ਥਾਂ ਆਉਂਦੇ ਚੋਣ-ਦੰਗਲ ਦੀ ਰਾਜਧਾਨੀ ਲਖਨਊ ਵਿਚ ਦੁਸਹਿਰਾ ਮਨਾਉਣ ਦਾ ਫੈਸਲਾ ਲਿਆ ਹੈ।ਇਸੇ ਸਮਾਗਮ ਵਿਚ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਵੀ ਆਪਣਾ ਸਾਲਾਨਾ ਵਿਜੈ-ਦਸ਼ਮੀ ਭਾਸ਼ਣ ਦੇਣਗੇ। ਕੇਸ਼ਵਪ੍ਰਸਾਦ ਮੌਰਿਆ ਨੇ ਕਿਹਾ ਹੈ , “ ਇਸ ਸਾਲ ਦਾ ਸਮਾਗਮ ਵਿਸ਼ੇਸ਼ ਹੋਵੇਗਾ ਕਿਉਂਕਿ ਲੋਕਾਂ ਦੇ ਮਨ ਵਿਚ ਪਾਕਿਸਤਾਨ ਉਤੇ ਹੋਏ ਹਮਲਿਆਂ ਕਾਰਨ ਤਕੜਾ ਉਭਾਰ ਦਿਸਦਾ ਹੈ। ਇਹ ਨੇਕੀ ਦੀ ਬਦੀ ਉੱਤੇ ਜਿੱਤ ਹੈ”।

ਬਿੱਲੀ ਤਾਂ ਥੈਲੇ ਵਿਚੋਂ ਮੌਰਿਆ ਸਾਹਬ ਨੇ ਪਹਿਲਾਂ ਹੀ ਬਾਹਰ ਕਰ ਦਿੱਤੀ ਹੈ। ਰਾਵਣ ਨਾਲ ਪਾਕਿਸਤਾਨ ਦੀ ਤੁਲਨਾ ਤਾਂ ਉਨ੍ਹਾਂ ਸਪਸ਼ਟ ਤੌਰ ਉਤੇ ਕਰ ਛੱਡੀ ਹੈ, ਬਚਦੀ ਕਸਰ ਰਾਵਣ ( ਪਾਕਿਸਤਾਨ) ਦੀ ਅੋਲਾਦ ਵਲ ਇਸ਼ਾਰੇ ਕਰਕੇ ਜੇਕਰ ਮੋਹਨ ਭਾਗਵਤ ਨੇ ਕੱਢ ਦਿੱਤੀ ਤਾਂ ਜਨਤਾ ਸਮਝ ਹੀ ਜਾਵੇਗੀ ਕਿ ਉਤਰ ਪ੍ਰਦੇਸ਼ ਵਿਚ ਕੌਣ ਲੋਕ ਰਾਵਣ ਦੀ ਬਦੀ ਨਾਲ ਬੱਝੇ ਹੋਏ ਹਨ। ਆਖਰਕਾਰ ਏਸੇ ਜਨਤਾ ਨੂੰ ਤਾਂ ਅਜੇ ਪਿਛਲੀਆਂ ਚੋਣਾਂ ਵਿਚ ‘ਰਾਮਜ਼ਾਦਿਆਂ’ ਅਤੇ ‘ਹਰਾਮਜ਼ਾਦਿਆਂ’ ਵਿਚਲਾ ਫਰਕ ਸਮਝਾਇਆ ਗਿਆ ਸੀ। ਇਹੋ ਜਿਹੀ ਨੰਗੇ ਚਿੱਟੇ ਇਸ਼ਾਰਿਆਂ ਵਾਲੀ ਭਾਸ਼ਾ ਵਿਚ ਗਲ ਕਾਰਨ ਦੀ ਤਾਂ ਸੰਘ-ਪਰਵਾਰ ਵਾਲਿਆਂ ਨੂੰ ਮੁਹਾਰਤ ਹੈ । ਸੋ ਕੋਈ ਹੈਰਾਨੀ ਦੀ ਗਲ ਨਹੀਂ ਹੋਵੇਗੀ ਕਿ ਆਪਣੇ ਸੰਵਿਧਾਨਕ ਅਹੁਦੇ ਦੀਆਂ ਸੀਮਾਵਾਂ ਵਿਚ ਬੱਝੇ ਪਰਧਾਨ ਮੰਤਰੀ ਤਾਂ ਅਗਲੇ ਹਫ਼ਤੇ ਲਖਨਊ ਤੋਂ ਰਤਾ ਨਰਮ-ਸੁਰਾਂ ਵਿਚ ਨਸੀਹਤਾਂ ਦੇਣ, ਪਰ ਭਾਗਵਤ ਜੀ ਆਪਣੇ ‘ ਸਾਂਸਕ੍ਰਿਤਿਕ ਰਾਸ਼ਟਰਵਾਦ’ ਦੇ ਨਸ਼ਤਰ ਨਾਲ ਸਾਰੇ ਇਸ਼ਾਰੇ ਸਪਸ਼ਟ ਕਰੀ ਜਾਣ। ਇਸਲਈ, ਪਰਧਾਨ ਮੰਤਰੀ ਦੀ ‘ਨੇਕੀ ਦੀ ਬਦੀ ਉਤੇ ਜਿੱਤ’ ਵਾਲੇ ਤਿਉਹਾਰ ਦੇ ਦਿਨ ਵਾਲੀ ਇਸ ਵਿਸ਼ੇਸ਼ ਲਖਨਊ ਫੇਰੀ ਨੂੰ ਉਤਰ ਪ੍ਰਦੇਸ਼ ਵਿਚ ਚੋਣਾਂ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।

ਏਸੇ ਕੂਟਨੀਤੀ ਨਾਲ ਜੁੜੀ ਇਕ ਹੋਰ ਘਟਨਾ ਵਲ ਵੀ ਧਿਆਨ ਦੇਣ ਦੀ ਲੋੜ ਹੈ। ਬਿਸਾੜਾ, ਜਿਥੇ ਸਾਲ ਪਹਿਲਾਂ ਗਊ-ਮਾਸ ਫਰਿਜ ਵਿਚ ਲਭੇ ਹੋਣ ਦੇ ਸ਼ਕ ਕਾਰਨ ਭੜਕੇ ਹੋਏ ਲੋਕਾਂ ਨੇ ਮੁਹੰਮਦ ਅਖਲਾਕ ਨੂੰ ਮਾਰ ਮੁਕਾਇਆ ਸੀ, ਓਥੇ ਉਸਦੇ ਕਾਤਲਾਂ ਵਿਚੋਂ ਇਕ ਦੀ ਮੌਤ ਹੋ ਜਾਣ ਉਤੇ ਜੋ ਕੁਝ ਇਸ ਹਫ਼ਤੇ ਵਾਪਰਿਆ ਹੈ, ਉਹ ਵੀ ਆਉਂਦੇ ਦਿਨਾਂ ਵਿਚ ਪੈਦਾ ਕੀਤੀ ਜਾਣ ਵਾਲੀ ਭੜਕਾਹਟ ਦਾ ਸੂਚਕ ਹੈ।

ਅਖਲਾਕ ਨੂੰ ਕੋਹ ਕੇ ਮਾਰਨ ਦੇ ਜੁਰਮ ਵਿਚ ਬਿਸਾੜਾ ਦੇ 18 ਵਸਨੀਕ ਹਿਰਾਸਤ ਵਿਚ ਸਨ ਜਿਨ੍ਹਾਂ ਵਿਚੋਂ ਇਕ, ਰਵੀ ਸਿਸੋਦੀਆ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਸਦੀ ਲਾਸ਼ ਨੂੰ ਤਿਰੰਗੇ ਵਿਚ ਲਪੇਟ ਕੇ ਪਿੰਡ ਲਿਆਂਦਾ ਗਿਆ ਅਤੇ ਉਸਨੂੰ ਇਲਾਕੇ ਦੇ ਲੋਕਾਂ ਵੱਲੋਂ “ਸ਼ਹੀਦ” ਕਰਾਰ ਦਿਤਾ ਗਿਆ। ਸੋਸ਼ਲ ਮੀਡਿਆ ਉਤੇ ਉਸਨੂੰ ਬਿਸਾੜਾ ਦਾ ‘ ਵੀਰ ਸ਼ੇਰ’ ਕਹਿ ਕੇ ਵਡਿਆਇਆ ਗਿਆ , ਜਿਸਨੇ ‘ਗੋ-ਭਕਸ਼ਕ’ (ਮੁਸਲਮਾਨ) ਦਾ ਵਧ ਕੀਤਾ ਸੀ। ਉਤਰ ਪ੍ਰਦੇਸ਼ ਸਰਕਾਰ ਨੇ ਇਸ ਹਿਰਾਸਤ ਵਿਚ ਹੋਈ ਮੌਤ ਲਈ 10 ਲਖ ਦੇ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਪਰ ਪਿੰਡ ਦੇ ਲੋਕ ਅਤੇ ਰਵੀ ਦਾ ਪਰਵਾਰ ਇਕ ਕਰੋੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਕਿਸੇ ਕਾਤਲ ਨੂੰ ਸ਼ਹੀਦ ਦਾ ਦਰਜਾ ਦੇਣਾ, ਜਾਂ ਉਸ ਦੀ ਮੌਤ ਲਈ ਇਕ ਕਰੋੜ ਦਾ ਮੁਆਵਜ਼ਾ ਮੰਗਣਾ ਜੇਕਰ ਨਿਰੋਲ ਪਿੰਡ ਵਾਲਿਆਂ ਤਕ ਸੀਮਤ ਰਿਹਾ ਹੁੰਦਾ ਤਾਂ ਸ਼ਾਇਦ ਉਸਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਸੀ, ਪਰ ਉਸਦੀ ਮੌਤ ਦਾ ਮਾਤਮ ਕਰਨ ਤਾਂ ਵਿਸ਼ਵ ਹਿੰਦੂ ਪਰੀਸ਼ਦ ਦੇ ਆਗੂ ਥਾਂ ਥਾਂ ਤੋਂ ਪੁੱਜੇ ਹੋਏ ਸਨ, ਜਿਨ੍ਹਾਂ ਜੁੜੀ ਹੋਈ ਭੀੜ ਨੂੰ ਸੰਬੋਧਨ ਕੀਤਾ ਅਤੇ ਭੜਕਾਇਆ। ਇਨ੍ਹਾਂ ਵਿਚੋਂ ਪਰਮੁਖ ਸਾਧਵੀ ਪਰਾਚੀ ਸੀ ( ਜਿਸ ਉਤੇ ਮੁਜ਼ਫ਼ਰਨਗਰ ਦੇ ਦੰਗਿਆਂ ਨੂੰ ਭੜਕਾਉਣ ਦਾ ਇਲਜ਼ਾਮ ਹੈ ) ਜਿਸਨੇ ਇਕੇਰਾਂ ਮੁੜ ਮੁਜ਼ਫ਼ਰਨਗਰ ਦੀ ਮਿਸਾਲ ਦਿੱਤੀ ਅਤੇ ਹਿੰਦੂਆਂ ਨੂੰ ਰਵੀ ਸਿਸੋਦੀਆ ਦੀ ‘ਸ਼ਹਾਦਤ” ਦਾ ਬਦਲਾ ਲੈਣ ਉਕਸਾਇਆ। ਜਿਹੜੇ ਹਿੰਦੁਤਵਵਾਦੀ ਅਜੇ ਕਲ ਤਕ ਛਾਤੀ ਠੋਕ ਠੋਕ ਕੇ ਫੌਜੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰ ਰਹੇ ਸਨ , ਉਨ੍ਹਾਂ ਨੂੰ ਇਕ ਵਾਰ ਵੀ ਇਹ ਖਿਆਲ ਨਾ ਆਇਆ ਕਿ ਆਪਣਾ ਫਰਜ਼ ਨਿਭਾਉਂਦਿਆਂ ਮਰਨ ਵਾਲੇ ਫੌਜੀ ਦੀ ਲਾਸ਼ ਵਾਂਗ ਇਕ ਕਾਤਲ ਦੀ ਲੋਥ ਨੂੰ ਤਿਰੰਗੇ ਵਿਚ ਲਪੇਟ ਕੇ ਲਿਆਉਣਾ ਫੌਜੀਆਂ ਦਾ ਹੀ ਨਹੀਂ, ਤਿਰੰਗੇ ਝੰਡੇ ਦਾ ਵੀ ਅਪਮਾਨ ਹੈ। ਪਰ ਨਹੀਂ, ਸ਼ਾਇਦ ਇਨ੍ਹਾਂ ਲਈ ਦੁਹਾਂ ਦਾ ਦਰਜਾ ਬਰਾਬਰ ਹੀ ਹੈ। ਜੇ ਫੌਜੀ ਪਾਕਿਸਤਾਨ ਨਾਲ ਲੜਦਿਆਂ ਸ਼ਹੀਦ ਹੋਏ ਹਨ, ਤਾਂ ਰਵੀ ਸਿਸੋਦੀਆ ਵਰਗੇ ਕਾਤਲ ਵੀ ਉਨ੍ਹਾਂ ਨੂੰ ਓਡੇ ਹੀ ਵੱਡੇ ਹੀਰੋ ਜਾਪਦੇ ਹਨ ਕਿਉਂਕਿ ਉਹ ਮੁਸਲਮਾਨਾਂ, ਯਾਨੀ ਉਨ੍ਹਾਂ ਦੀਆਂ ਨਜ਼ਰਾਂ ਵਿਚ ‘ਪਾਕਿਸਤਾਨ-ਪਰਸਤਾਂ’, ਨੂੰ ਬਿੱਲੇ ਲਾਉਣ ਵਾਲੇ ਲੋਕ ਹਨ। ਜੇ ਇਹ ਸਿਰਫਿਰਿਆ ‘ਰਾਸ਼ਟਰਵਾਦ’ ਨਹੀਂ ਤਾਂ ਹੋਰ ਕੀ ਹੈ?

ਫ਼ਿਰਕਿਆਂ ਦੇ ਆਧਾਰ ਉਤੇ ਵੋਟਰਾਂ ਨੂੰ ਵੰਡ ਕੇ ਲਾਹਾ ਲੈਣ ਦੀ ਰਣਨੀਤੀ ਕੋਈ ਨਵੀਂ ਨਹੀਂ, ਪਰ ਪਾਕਿਸਤਾਨ ਨਾਲ ਖਹਿਬਾਜ਼ੀ ਦੇ ਅਜੋਕੇ ਤਣੇ ਹੋਏ ਮਾਹੌਲ ਇਹ ਵਿਸਫ਼ੋਟਕ ਰੂਪ ਵੀ ਲੈ ਸਕਦੀ ਹੈ। ਲੋਕਾਂ ਵਿਚ ਭੜਕਾਹਟ ਪੈਦਾ ਕਰਨ ਵਾਲੇ ਅਨਸਰ ਆਉਂਦੇ ਦਿਨਾਂ ਵਿਚ ਆਪਣੀਆਂ ਸਰਗਰਮੀਆਂ ਹੋਰ ਵਧਾਉਣਗੇ। ਰਤਾ ਸੁਚੇਤ ਰਹਿਣਾ!

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ