ਹਾਸ਼ੀਏ ਤੋਂ ਪਾਰ: ਲੋਕਤੰਤਰ ਬਨਾਮ ਜਾਤੀਵਾਦ - ਹਰਪ੍ਰੀਤ ਸਿੰਘ
Posted on:- 03-10-2016
ਸਿਆਸਤ ਦੀ ਇੱਕ ਮੰਡੀ ਹੁੰਦੀ ਹੈ। ਉਸ ਮੰਡੀ ਵਿੱਚ ਚਿਹਨਾਂ ਨੂੰ ਆਪਣੇ ਮੁਫਾਦਾਂ ਹਿਤ ਵਰਤਿਆ ਜਾਂਦਾ ਹੈ। ਪੂੰਜੀਵਾਦੀ ਯੁੱਗ ਦੀ ਸਿਆਸਤ ਉਹਨਾਂ ਚਿਹਨਾਂ ਨੂੰ ਜੋੜਦੀ ਤੋੜਦੀ ਰਹਿੰਦੀ ਹੈ। ਸਿਆਸੀ ਚਿਹਨ ਸਮਾਜਕ ਧਾਰਮਿਕ ਸਭਿਆਚਾਰਕ ਪਟਾਰੀਆਂ `ਚੋਂ ਨਿਕਲਦੇ ਹਨ। ਇਸ ਸਿਆਸਤ ਦੀ ਮੰਡੀ ਵਿੱਚ ਮੰਦਰ, ਮਸਜਿਦ, ਗਾਂ, ਸੂਰ ਨਾਇਕ, ਖਲਨਾਇਕ, ਖਿਡਾਰੀ, ਐਕਟਰ ਆਦਿ ਸਭ ਵਰਤੇ ਜਾਂਦੇ ਹਨ। ਸਾਡਾ ਸਮਕਾਲ ਅਤੇ ਵਰਤਮਾਨ ਇਸ ਸਿਆਸਤ ਦੀ ਆਦਰਸ਼ ਉਦਾਹਰਣ ਬਣਦਾ ਜਾ ਰਿਹਾ ਹੈ। ਚਾਹੇ ਇਤਿਹਾਸ ਹੋਵੇ, ਜਾਂ ਮਿਥਿਹਾਸ ਚਾਹੇ ਧਾਰਮਿਕ ਗ੍ਰੰਥ ਹੋਵੇ ਚਾਹੇ ਲੋਕਤੰਤਰਿਕ ਗ੍ਰੰਥ ਸਭ ਇਨਾਂ ਨਵ ਗਿਆਨੀਆਂ ਦੇ ਨਵ ਗਿਆਨ ਨਾਲ ਪ੍ਰੰਪਰਾਗਤ ਅਰਥ ਪ੍ਰਾਪਤ ਕਰਕੇ ਜਾ ਰਹੇ ਹਨ। ਜਿੱਥੇ ਜਾਤੀਗਤ ਵਖਰੇਵੇਂ ਅਤੇ ਸੰਪਰਾਇਕ ਖਿਚੋਤਾਣ ਵਿਕਰਾਲ ਰੂਪ ਧਾਰਣ ਕਰਦੀ ਜਾ ਰਹੀ ਹੈ। ਇਸ ਪਰਿਵੇਸ਼ ਵਿੱਚ ਸੋਟਾਮਾਰ ਤੇ ਲੱਠਮਾਰ ਰਾਜਨੀਤੀ ਨੂੰ ਉਤਸ਼ਾਹਿਤ ਕਰ ਕੇ ਤਰਕ ਅਤੇ ਦਲੀਲ ਨੂੰ ਖੂੰਜੇ ਲਗਾਇਆ ਜਾ ਰਿਹਾ ਹੈ। ਬਹਿਸ ਨੂੰ ਵਿਵਾਦ `ਚ ਉਲਝਾ ਕੇ ਸੰਵਾਦ ਨੂੰ ਰੱਦੀ ਦੀ ਟੋਕਰੀ `ਚ ਸੁੱਟ ਦਿਤਾ ਗਿਆ ਹੈ। ਇਸੇ ਕਰਕੇ ਮਨ ਕੀ ਬਾਤ ਰੇਡੀਓ `ਤੇ ਸੁਣਦੀ ਹੈ, ਸੱਥ `ਚ ਵਿਚਕਾਰ ਰੂਬਰੂ ਨਹੀਂ ਹੁੰਦਾ। ਜਿਥੇ ਲੋਕ ਸਿਆਣਪਾਂ ਅਤੇ ਧਰਾਤਲ ਦੇ ਯਥਾਰਥ ਨਾਲੋਂ ਨਾਲ ਚੋਣ ਮੈਨੀਫੈਸਟੋ ਦਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦਿੰਦੇ ਹਨ।
ਖੈਰ! ਇਹ ਕੋਈ ਮਜਬੂਰੀ ਹੋਵੇਗੀ ਕਿ ਸੰਵਾਦਹੀਣ ਹੋ ਕੇ ਇਕਹਿਰੇ ਵਿਚਾਰ ਤੇ ਇਕ ਰੂਪੀ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਲੋਕਤੰਤਰਿਕ ਰਾਜਸੀ ਪ੍ਰਣਾਲੀ ਸਭਨਾਂ ਸਮੂਹਾਂ ਤੇ ਵਰਗਾਂ ਨੂੰ ਬਰਾਬਰਤਾ ਦੇ ਆਧਾਰ `ਤੇ ਸਹਿਹੋਂਦਾਂ ਦਾ ਪਾਠ ਤਾਂ ਪੜ੍ਹਾਉਂਦੀ ਹੈ ਪਰ ਅਸਲੀ ਰੂਪ ਵਿੱਚ ਬਹੁਗਿਣਤੀ ਦੇ ‘ਮਨ ਕੀ ਬਾਤ` ਨੂੰ ਦੇਸ਼ ਦੇ ਮਨ ਦੀ ਬਾਤ ਵਜੋਂ ਮੀਡੀਆ ਆਦਿ ਜ਼ਰੀਏ ਲੋਕ ਰਾਏ ਬਣਾ ਦਿੱਤਾ ਜਾਂਦਾ ਹੈ। ਹਾਸ਼ੀਏ `ਤੇ ਧੱਕੀਆਂ ਪਛਾਣਾਂ ਦੀ ਸਥਿਤੀ ਇਸ ਸਭ ਆਪੋਧਾਪੀ ਵਿੱਚ ਗਵਾਚ ਵੀ ਰਹੀ ਹੈ ਤੇ ਸਦੀਆਂ ਪੁਰਾਣੀ ਪ੍ਰੰਪਰਾਵਾਂ ਅਧੀਨ ਵਿਚਰ ਵੀ ਰਹੀ ਹੈ।
ਜਦੋਂ ਪੈਦਾਵਾਰੀ ਸਾਧਨਾਂ `ਤੇ ਕਬਜਾ ਅਖੌਤੀ ਉੱਚ ਵਰਗਾਂ ਦਾ ਹੋਵੇ ਉਦੋਂ ਸਾਧਨਹੀਣ ਵਰਗ ਇਨ੍ਹਾਂ ਵਰਗਾਂ ਦੀ ਸਿਆਸੀ ਲਪੇਟ `ਚ ਹੀ ਨਹੀਂ ਆਉਂਦੇ , ਸਗੋਂ ਇਨ੍ਹਾਂ ਦੀਆਂ ਸਮਾਜਿਕ ਸਭਿਆਚਾਰਕ ਕੀਮਤਾਂ ਦੀ ਲਪੇਟ ਵਿਚ ਵੀ ਫਸੇ ਰਹਿੰਦੇ ਹਨ। ਇਸ ਕਰਕੇ ਡਾ. ਅੰਬੇਦਕਰ ਗੁਲਾਮੀ ਵੱਲ ਧੱਕੇਲਦੀਆਂ ਸਭ ਪ੍ਰੰਪਰਾਵਾਂ ਤੇ ਕੀਮਤਾਂ ਦਾ ਸੰਪੂਰਨ ਖੰਡਨ ਕਰਦਾ ਹੈ। ਜਦਕਿ ਹੁਣ ਅੰਬੇਦਕਰ ਨੂੰ ਅੰਬੇਡਕਰਵਾਦੀਆਂ ਦੀਆਂ ਕੀਮਤਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ਦਿਨੀਂ ਗੁਜਰਾਤ ਦੇ ਊਨਾ `ਚ ਦਲਿਤ ਵਿਅਕਤੀਆਂ ਦੀ ਵਿਆਪਕ ਤੇ ਬੇਸ਼ਰਮੀ ਭਰੀ ਕੁੱਟਮਾਰ ਕੀਤੀ ਗਈੇ। ਕਾਰਣ ਸੀ ਮਰੀ ਹੋਈ ਗਾਂ ਦੀ ਖੱਲ ਉਤਾਰਨਾ। ਯਾਦ ਰੱਖਣਾ ਮਰੀ ਹੋਈ। ਬੰਦੇ ਜੀਉਂਦੇ ਸਨ ਜੋ ਸਦੀਆਂ ਦੇ ਸੰਤਾਪ ਨਾਲ ਤਿਲ ਤਿਲ ਮਰ ਰਹੇ ਸਨ। ਗਊ ਰੱਖਿਆ ਦਲ ਨਾਮੀ ਅਚਾਨਕ ਉੱਗੀਆਂ ਖੁੰਭਾਂ ਨੇ ਆਪਣੀ ਸੰਸਕ੍ਰਿਤੀ ਅਤੇ ਪ੍ਰੰਪਰਾ ਦਾ ਸਬੂਤ ਦਿੰਦਿਆਂ ਮਰੀ ਗਊ ਦੀ ਰਾਖੀ ਤਾਂ ਕਰ ਲਈ ਪਰ ਦੇਸ਼ ਵਿੱਚ ਖੁਲ੍ਹੇ ਹਜ਼ਾਰਾਂ ਸਲਾਟਰ ਹਾਉਸਾਂ `ਚ ਮਰ ਰਹੇ ਪਸ਼ੂਆਂ ਵਲੋਂ ਅਵੇਸਲੇ ਰਹੇ। ਸ਼ਾਇਦ ਉਹ ਜਾਣਦੇ ਨਹੀਂ ਕਿ ਭਾਰਤ ਦੁਨੀਆ ਦਾ ਦੂਜਾ ਬੀਫ ਪੈਦਾ ਕਰਨ ਵਾਲਾ ਮੁਲਕ ਹੈ ਅਤੇ 65 ਦੇਸ਼ਾਂ ਨੂੰ ਬੀਫ ਮੁਹੱਈਆ ਕਰਦਾ ਹੈ। ਸਾਲ 2014 ਵਿੱਚ ਭਾਰਤ ਨੇ ਬੀਫ ਰਾਹੀਂ 4.3 ਅਰਬ ਡਾਲਰ ਦਾ ਕਾਰੋਬਾਰ ਕੀਤਾ। ਮੋਦੀ ਜੀ ਦਾ ਗੁਜਰਾਤ ਬੀਫ ਪੈਦਾਵਰ ਕਰਨ ਵਾਲੇ ਪਹਿਲੇ ਦਸ ਸੂਬਿਆਂ ਵਿੱਚ ਹੈ। ਦੇਸ਼ ਦੇ ਬੀਫ ਪੈਦਾਵਾਰੀ ਕਾਰੋਬਾਰ `ਚ ਸਿਖਰਲੇ 6 ਬੀਫ ਕਾਰੋਬਾਰੀ ਧਰਮ ਵਜੋਂ ਹਿੰਦੂ ਹਨ। ਦੇਸ਼ ਦੇ 60 ਫੀ਼ਸਦੀ ਕਾਰੋਬਾਰ ਉਪਰ ਹਿੰਦੂ ਕਾਰੋਬਾਰੀ ਕਾਬਜ਼ ਹਨ। ਗਊ ਜਾਂ ਪਸ਼ੂ ਦੀ ਚਰਬੀ ਨਾਲ ਬਣਨ ਵਾਲੇ ਸਾਬਣ ਫੈਕਟਰੀਆਂ ਤੋਂ ਲੈ ਕੇ ਮਾਸ ਆਧਾਰ ਸਨਅਤ ਵਿੱਚ ਕੋਣ ਕਿੰਨਾ ਭਾਈਵਾਲ ਹੈ ਇਹ ਵੀ ਗਊ ਰੱਖਿਆ ਦਲਾਂ ਲਈ ਵਿਚਾਰਨਾ ਬਹੁਤ ਲਾਜ਼ਮੀ ਹੈ। ਸਰਕਾਰ ਜੋ ਇਸ ਕਾਰੋਬਾਰ ਨੂੰ ਸਬਜੀਡੀਜ਼ ਜਾਂ ਰਿਆਇਤ ਦਿੰਦੀ ਹੈ ਉਹ ਵੀ ਚੌਂਕ `ਚ ਖੜੀ ਕਰਕੇ ਗਊ ਰੱਖਿਅਕ ਦਲਾਂ ਅੱਗੇ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਸਿਆਸਤ `ਚ ਅੰਨੇ ਦਲ ਗਊ ਮਾਂ ਦੇ ਨਾਮ ਤੇ ਸਿਰਫ਼ ਗਰੀਬ , ਦਲਿਤ ਜਾਂ ਮੱਧ ਵਰਗੀ ਬੰਦੇ ਨੂੰ ‘ਸੰਸਕ੍ਰਿਤੀ’ ਦਾ ਪਾਠ ਪੜ੍ਹਾਉਣਾ ਜਾਣਦੇ ਹਨ। ਹਰਿਆਣਾ, ਮਹਾਰਾਸ਼ਟਰ ਆਦਿ ਸੂਬਿਆਂ `ਚ ਗਾਂ ਮਾਸ ਤੇ ਪਾਬੰਦੀ ਹੈ ਪਰ ਗੋਆ ਜਾਂ ਵਿਦੇਸ਼ ਸੈਲਾਨੀਆਂ ਦੇ ਪੰਸਦੀਦਾ ਟੂਰਿਸਟ ਥਾਵਾਂ ਤੇ ਪਾਬੰਦੀ ਨਹੀਂ ਲਗਾਈ ਗਈ। ਵਿਦੇਸ਼ੀ ਮੁਦਰਾਂ ਤੇ ਹੋਰ ਮੁਨਾਫੇ ਦੋਗਲੇ ਕਿਰਦਾਰ ਸਿਰਜ ਰਹੇ ਹਨ। ਹੁਣ ਸਵਾਲ ਇਹ ਹੈ ਕਿ ਜੇ ਦੇਸ਼ ਦੇ ਵਿੱਚ ਵਿਆਪਕ ਪੱਧਰ ਤੇ ਮਾਸਾਹਾਰ, ਬੀਫ ਪੈਦਾਵਾਰ, ਬੀਫ ਅਧਾਰਤ ਸਨਅਤ ਸਰਕਾਰੀ ਦੇਖ ਰੇਖ `ਚ ਚੱਲਦੀ ਹੈ ਤਾਂ ਮਰੀ ਗਾਂ ਦੀ ਖੱਲ ਉਤਾਰਨ ਦੀ ਸਜ਼ਾ ਦੇਣ ਵਾਲੇ ਗਊ ਰਾਖੇ ਕੋਣ ਹਨ ਜੋ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਗਰੀਬ ਜਾਂ ਘੱਟ ਗਿਣਤੀ ਨੂੰ ਕਿਉਂ ਅਹਿਸਾਸ ਕਰਾਇਆ ਜਾਂਦਾ ਹੈ ਉਹ ਦੂਜੈਲੇ ਨਾਗਰਿਕ ਹਨ। ਇਹ ਸਮ੍ਰਿਧ, ਕਾਰਪੋਰਟੇ ਘਰਾਣਿਆਂ ਅਤੇ ਵੱਡੇ ਵੱਡ ਵਪਾਰੀਆਂ ਨਾਲ ਆਢਾ ਨਹੀਂ ਲੈਂਦੇ ਕਿਉਂਕਿ ਉਹ ਇਨਾਂ ਦੀ ਮਰਜ਼ੀ ਨਾਲ ਕੰਮ ਨਹੀਂ ਕਰਦੇ।ਡੀ.ਐਨ.ਝਾਅ ਦੀ ਕਿਤਾਬ ‘ਦ ਮਿਥ ਆਫ ਦ ਹੋਲੀ ਕਾਓ` ਅਤੇ ਡਾ ਅੰਬੇਡਕਰ ਦੀ ‘ਹੂ ਵਰ ਦ ਸ਼ੂਦਰਜ਼` ਵਿੱਚ ਇਤਿਹਾਸਕ ਤਰਕਾਂ ਅਤੇ ਤੱਥਾਂ ਦੇ ਹਵਾਲੇ ਨਾਲ ਭਾਰਤੀਆਂ ਦੇ ਮਾਸਾਹਾਰ ਦਾ ਇਤਿਹਾਸ ਪੇਸ਼ ਕੀਤਾ ਹੈ। ਅੱਜ ਇਹ ਰਾਖੇ ਸੱਤਾ ਦੇ ਏਕੀਕਰਣ ਦੇ ਨਾਲ ਨਾਲ ਸਭਿਆਚਾਰਕ ਏਕੀਕਰਣ ਵੀ ਕਰ ਰਹੇ ਹਨ। ਸੰਪਰਦਾਇਕ ਤੇ ਫਿਰਕੂ ਪੁਤਲੇ ਸਮੇਂ ਸਮੇਂ ਤੇ ਅਜਿਹੀਆਂ ਭੱਦੀਆਂ ਸਿਆਸੀ ਖੇਲਾਂ ਖੇਡ ਕੇ ਅਵਾਮ ਦਾ ਧਿਆਨ ਦੇਸ਼ ਦੇ ਬੁਨਿਆਦੀ ਮਸਲਿਆਂ ਤੋਂ ਦੂਰ ਲੈ ਜਾਂਦੇ ਹਨ। ਜਿਵੇਂ ਬੱਚਾ ਗਿਰਦਾ ਹੈ , ਸੱਟ ਲੱਗਦੀ ਹੈ, ਉਹ ਰੋਂਦਾ ਹੈ ਪਰ ਮਾਂ ਧਰਤੀ ਤੇ ਹੱਥ ਮਾਰ ਕੇ ਕਹਿੰਦੀ ਹੈ ਓ ਓ ਓ ਕੀੜ੍ਹੀ ਦਾ ਆਟਾ ਡੁੱਲ ਗਿਆ। ਬੱਚਾ ਸੱਟ ਭੁਲ ਕੇ ਕੀੜ੍ਹੀ ਅਤੇ ਡੁਲਿਆ ਆਟਾ ਮਿੱਟੀ ਵਿੱਚੋਂ ਲੱਭਣ ਲੱਗਦਾ ਹੈ। ਸਾਡੇ ਦੇਸ਼ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਸਿਆਸਤ ਚਲਦੀ ਹੈ। 80 ਫ਼ੀਸਦੀ ਗੁਰਬਤ ਮਾਰੀ ਵਸੋਂ ਡਿਜੀਟਲ ਇੰਡੀਆ ਦੇ ਕਿਸੇ ਡਿਜਿਟ `ਚ ਨਹੀਂ ਆਉਂਦੀ। ਹਾਂ ਵੋਟ ਜ਼ਰੂਰ ਹਨ ਜਾਂ ਪੀਲਾ, ਨੀਲਾ ਕਾਰਡ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਦਲਿਤਾਂ ਉੱਪਰ ਹੋ ਰਿਹਾ ਸ਼ੋਸ਼ਣ ਕਿਸੇ ਸਿਆਸੀ ਪਾਰਟੀ ਲਈ ਖ਼ਾਸ ਦਰਦ ਨਹੀਂ ਰੱਖਦਾ। ਘਟਨਾਵਾਂ, ਚਾਹੇ ਹਰਿਆਣਾ ਦੇ ਫਰੀਦਾਬਾਦ ‘ਚ ਦਲਿਤ ਪਰਿਵਾਰ ਨੂੰ ਅੱਗ ਲਾ ਕੇ ਸਾੜਨਾ ਹੋਵੇ, ਚਾਹੇ 90 ਸਾਲਾ ਬਜ਼ੁਰਗ ਨੂੰ ਮੰਦਰ ਚ ਦਾਖਲ ਹੋਣ ਤੇ ਕਤਲ ਕਰਨਾ ਹੋਵੇ, ਚਾਹੇ ਯੂ.ਪੀ ਦੇ ਗੌਤਮ ਬੁੱਧਾ ਨਗਰ ਦੇ ਦਨਕੌਰ ਪੁਲਿਸ ਥਾਣੇ ‘ਚ ਦਲਿਤ ਔਰਤ ਨੂੰ ਨਿਰਵਸਤਰ ਕਰਕੇ ਪਿਸ਼ਾਬ ਪਿਲਾਇਆ ਹੋਵੇ, ਚਾਹੇ ਬਿਹਾਰ `ਚ ਰਣਬੀਰ ਸੈਨਾ ਦੁਆਰਾ ਕੀਤੇ ਦਲਿਤਾਂ ਤੇ ਆਦਿਵਾਸੀਆਂ ਦੇ ਵੱਖ- ਵੱਖ ਸਮੂਹਿਕ ਕਤਲ ਕਾਂਡ ਹੋਣ, ਚਾਹੇ ਮਹਾਰਾਸ਼ਟਰ ਦੇ ਖੈਰਲਾਂਜੀ ਪਿੰਡ ਦੀ ਸੁਰੇਖਾ ਤੇ ਉਸਦੀ ਬੱਚਿਆਂ ਦਾ ਜਬਰਾਨਾਹ ਤੇ ਕਤਲ ਹੋਵੇ। ਇਹ ਸਭ ਦਰਦਨਾਕ ਘਟਨਾਵਾਂ ਸ਼ਾਇਦ ਕਿਸੇ ਇਤਿਹਾਸ ਦੀ ਕਿਤਾਬ `ਚ ਨਾ ਲਿਖੀਆਂ ਜਾਣ। ਵੈਸੇ ਵੀ ਦੱਬਿਆਂ ਕੁਚਲਿਆਂ ਤੇ ਸਾਧਨ ਵਿਹੂਣਿਆਂ ਦਾ ਇਤਿਹਾਸ ‘ਸਰਕਾਰੀ ਇਤਿਹਾਸਕਾਰ’ ਕਿਉਂ ਲਿਖਣਗੇ।ਪਰ ਇਕ ਗੱਲ ਸਪਸ਼ੱਟ ਹੈ ਕਿ ਇਨਾਂ ਘਟਨਾਵਾਂ ਨੇ ਸਾਡੇ ਸਮਾਜ ਵਿੱਚ ਫੈਲੀ ਜ਼ਾਤੀਵਾਦੀ ਸੰਕੀਰਣ ਮਾਨਸਿਕਤਾ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਜਿਸਦਾ ਇਤਿਹਾਸ ਗਵਾਹ ਵੀ ਹੈ ਕਿ ਮਨੁਮਿਮ੍ਰਤੀ ਤੋਂ ਲੈ ਕੇ ਅਜੋਕੇ ਸੰਘੀ ਸੰਵਿਧਾਨ ਜ਼ਾਤ ਪਾਤ ਨੂੰ ਵਾਜਿਬ ਮੰਨਦੇ ਆ ਰਹੇ ਹਨ। ਕੰਮੀ-ਕਿਰਤੀ ਸ਼੍ਰੇਣੀ ਆਪਣੇ ਹੱਕਾਂ -ਹਕੂਕਾਂ ਦੀ ਚੇਤਨਾ ਲਈ ਜਦੋਂ ਗਿਆਨ ਅਤੇ ਬਾਹਰੀ ਦੁਨੀਆਂ ਦਾ ਰਾਹ ਚੁਣਦੀ ਹੈ ਉਦੋਂ ਇਹ ਜਾਤੀਗਤ ਸੰਸਥਾਗਤ ਢਾਂਚਾ ਕਰੂਰ ਰੂਪ ‘ਚ ਢਲਣ ਲੱਗਦਾ ਹੈ। ਸ਼ੰਭੂਕ ਅਤੇ ਏਕਲਵਯ ਦੀ ਹੋਣੀ ਅਤੀਤ ਦਾ ਸੱਚ ਨਹੀਂ ਸਾਡੇ ਵਰਤਮਾਨ ਦਾ ਯਥਾਰਥ ਵੀ ਹੈ। ਕਲਮ ਤੇ ਤਰਕ ਆਧਾਰਿਤ ਗੱਲ ਕਰਨ ਵਾਲੇ ਕਲਮਕਾਰ ਬੰਦੂਕ ਜਾਂ ਦਹਿਸ਼ਤ ਨਾਲ ਖ਼ਤਮ ਕੀਤੇ ਜਾ ਰਹੇ ਹਨ। ਅੱਜ ਦਾ ਬੁਧੀਜੀਵੀ ਤੇ ਵਿਵੇਕੀ ਇਨਸਾਨ ਕਈ ਮੋਤਾਂ ਜੀਉ ਰਿਹਾ ਹੈ। ਵੱਡੀ-ਕੁਰਸੀ ਦੀ ਚੁੱਪ ਚ ਕੋਈ ਹੋਰ ‘ਕੁਰਸੀ’ ਸ਼ਬਦ ਨਾਲ ਖੜਾਕ ਕਰਨੋਂ ਮੁਲਤਵੀ ਹੋ ਰਹੀ ਹੈ। ਦੇਸ਼ ਨੂੰ ਬੁਨਿਆਦੀ ਮਸਲਿਆਂ, ਦਲਿਤਾਂ , ਆਦਿਵਾਸੀਆਂ ਦੇ ਪੀੜਾਦਾਇਕ ਵਰਤਮਾਨ ਅਤੇ ਸੰਘਰਸ਼ਾਂ ਤੋਂ ਵਿਰਵੇ ਕਰਨ ਲਈ ਧਰਮ, ਜ਼ਾਤ, ਨਸਲ ਆਦਿ ਤੀਰ ਭੱਥੇ ਚੋਂ ਕੱਢੇ ਜਾ ਰਹੇ ਹਨ। ਵਰਤਮਾਨ ਸਿਆਸੀ ਸਥਿਤੀ ਚ ਅੰਤਰ ਵਿਰੋਧਾਂ ਤੋਂ ਪਰਦਾ ਜ਼ਰੂਰ ਉਠਿਆ ਹੈ। ਜੋ ਵਿਰੋਧ ਛਿਪੇ ਹੋਏ ਸਨ ਅਵਾਮ ਉਸਦੇ ਸਨਮੁੱਖ ਹੋਈ ਹੈ। ਦੂਜੇ ਪਾਸੇ ਦੇਸ਼ ਦੀ ਸੱਤਾਸ਼ੀਲ ਧਿਰ ਦੇੇ ਵਿਰੋਧਾਭਾਸ ਵੀ ਕਮਾਲ ਦੇ ਹਨ। ਇੱਕ ਪਾਸੇ ਗਊ ਮਾਂ ਹੈ, ਦੂਜੇ ਪਾਸੇ ਮਾਵਾਂ ਜਿਹੀ ਦਲਿਤ ਔਰਤ ਵੇਸ਼ਵਾ ਸਾਬਤ ਕੀਤੀ ਜਾ ਰਹੀ ਹੈ। ਪ੍ਰਮੁੱਖ ਦਲਿਤ ਲੀਡਰ ਲਈ ਵਰਤੀ ਭੱਦੀ ਸ਼ਬਦਾਵਲੀ ਜਿਸ ਤਹਿਜ਼ੀਬ ਅਤੇ ਕੀਮਤਾਂ ਵੱਲ ਇਸ਼ਾਰਾ ਕਰਦੀ ਹੈ ਕੀ ਉਹ ਭਾਰਤੀ ਹੀ ਹਨ=;ਵਸ ਜਾਂ ਇਸ ਵਿੱਚ ਜ਼ੁਬਾਨ ਦੀ ਫਿਸਲਣ ਨੂੰ ਮੰਨ ਕੇ ਜਾਤੀਵਾਦੀ ਮਾਨਸਿਕਤਾ ‘ਤੇ ਪਰਦਾ ਪਇਆ ਜਾ ਸਕਦਾ ਹੈ। ਬੇਸ਼ੱਕ ਸਿਆਸਤ ਅਤੇ ਸਿਆਸਤਦਾਨਾਂ ਉੱਪਰ ਜਾਤੀ ਹਊੇਮੈਂ ਦਾ ਗਲਬਾ ਰਿਹਾ ਹੈ। ਪਰ ਇਸ ਗਲਬੇ ਨੂੰ ਨਿਹਾਰ ਰਿਹਾ ਮੁਲਕ ‘ਮਹਾਸ਼ਕਤੀ’ ਬਣਨ ਜਾ ਰਹੇ ਦੇਸ਼ ਚ ਕਿੱਥੇ ਖੜ੍ਹੇਗਾ। ਉਹਨਾਂ ਦੀ ਸਥਿਤੀ ਤੇ ਹੋਣੀ ਅਣਹੋਇਆਂ ਦੀ ਹੋ ਗਈ ਹੈ। ਵਿਸ਼ਵੀਕਰਣ ਤੇ ਨਵੀਆਂ ਆਰਥਿਕ ਨੀਤੀਆਂ ਦੀ ਭੇਂਟ ਚੜ੍ਹਿਆ ਕਿਰਤੀ ਅਤੇ ਦਲਿਤ ਵਰਗ ਹਰ ਖੇਤਰ ਚੋਂ ਮਨਫੀ ਹੋ ਰਿਹਾ ਹੈ। ਪਰ ਜਾਤੀਗਤ ਸੰਕੀਰਣਤਾ ਮਨਫੀ ਹੋਣ ਦੀ ਬਜਾਏ ਹੋਰ ਉਗਰ ਹੋ ਰਹੀ ਹੈ। ਦੇਸ਼ ਚ ਨਵ ਸਾਮਰਾਜੀ ਤਾਕਤਾਂ ਤੇ ਸਾਮੰਤੀ ਤਾਕਤਾਂ ਦਾ ਗਠਜੋੜ ਹੋਇਆ ਹੈ। ਇਸ ਵਿੱਚ ਦੇਸ਼ ਜਿੰਨਾਂ ਅੱਗੇ ਵੱਲ ਤੁਰਦਾ ਹੈ ਉਨਾਂ ਦੀ ਪਿੱਛੇ ਵੱਲ ਵੀ। ਇਹ ਰੇੜਕੇ ਦੀ ਸਥਿਤੀ ਤੇ ਉਥਲ ਪੁੱਥਲ ਦਾ ਦੌਰ ਹੈ। ਜਿਸ ਵਿੱਚ ਮੁਕਤੀ ਮਾਰਗਾਂ ਦੀ ਤਾਲਾਸ਼ ਕਰਨ ਲਈ ਚੇਤਨਸ਼ੀਲ ਹੋ ਕੇ ਸੰਘਰਸ਼ੀਲ ਹੋਣਾ ਲਾਜ਼ਮੀ ਹੈ। ਨਹੀਂ ਤਾਂ ਮਰੀ ਹੋਈ ਗਊ ਦੀ ਖੱਲ ਦਲਿਤਾਂ ਦੇ ਜੀਵਨ ਤੋਂ ਮਹਿੰਗੀ ਹੀ ਰਹੇਗੀ।
Harman hayat
ਬਹੁਤ ਖੂਬ। ..