ਅਮਨ ਬਹਾਲੀ,ਭਾਰਤ-ਪਾਕਿ ਦੀ ਪਹਿਲੀ ਤਰਜੀਹ ਹੋਵੇ!- ਹਰਜਿੰਦਰ ਸਿੰਘ ਗੁਲਪੁਰ
Posted on:- 24-09-2016
ਰਜਾ ਰੂਮੀ ਪਾਕਿਸਤਾਨ ਦੇ ਨੀਤੀ ਵਿਸ਼ਲੇਸ਼ਕ ਅਤੇ ਪੱਤਰਕਾਰ ਹਨ, ਜਿਹਨਾਂ ਦੀ 'ਦਾ ਫੈਕਸ਼ਸ ਪਾਥ' (The Factious Path) ਨਾਂ ਦੀ ਇੱਕ ਕਿਤਾਬ ਬਜ਼ਾਰ ਵਿੱਚ ਆਈ ਹੈ,ਜੋ ਪਾਕਿਸਤਾਨ ਦੇ ਤਾਨਾਸ਼ਾਹੀ ਤੋਂ ਲੋਕਤੰਤਰ ਤੱਕ ਦੇ ਸਫਰ ਦੀ ਪਾਉਂਦੀ ਹੈ।ਰੂਮੀ ਦੀ ਪਾਕਿਸਤਾਨ ਪਰਸਾਸ਼ਨਿਕ ਸੇਵਾ ਵਿੱਚ ਅਧਿਕਾਰੀ ਰਹਿਣ ਕਾਰਨ ਪਾਕਿਸਤਾਨ ਦੇ ਰਾਜਸੀ ਮਸਲਿਆਂ ਉੱਤੇ ਗਹਿਰੀ ਪਕੜ ਹੈ।ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ 1947 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਕਮਜ਼ੋਰ ਸਰਕਾਰਾਂ ਅਤੇ ਮਿਲਟਰੀ ਦੀ ਕਰੂਰ ਤਾਨਾਸ਼ਾਹੀ ਦਰਮਿਆਨ ਝੂਲਦਾ ਰਿਹਾ ਹੈ।ਇਸ ਤੋਂ ਪਹਿਲਾਂ ਉਹ ਭਾਰਤ ਦੀ ਰਾਜਧਾਨੀ ਤੇ 'ਦੇਹਲੀ ਮਾਇ ਹਰਟ'(Dehli my heart) ਕਿਤਾਬ ਵੀ ਲਿਖ ਚੁੱਕੇ ਹਨ।ਹਾਲ ਹੀ ਵਿੱਚ ਉਹਨਾਂ ਨੇ ਕਿਤਾਬ ਵਿੱਚ ਲਿਖੇ ਲੇਖਾੰ ਤੇ ਅਧਾਰਤ ਪਰਸਿੱਧ ਪਤਰਕਾਰ ਰਿਆਜ ਬਾਨੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਭਾਰਤ ਪਾਕਿਸਤਾਨ ਦਰਮਿਆਨ ਸ਼ਾਂਤੀ ਬਹਾਲੀ ਨੂੰ ਲੈ ਕੇ ਕਾਫੀ ਟਿਪਣੀਆਂ ਕੀਤੀਆਂ ਹਨ ਜਿਹਨਾਂ ਚੋਂ ਇੱਕ ਇਹ ਹੈ ਕਿ ਦੋਹਾਂ ਦੇਸ਼ਾਂ ਅੰਦਰ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਜੋ ਦੋਹਾਂ ਦੇਸ਼ਾਂ ਦਰਮਿਆਨ ਅਮਨ ਵਾਰਤਾ ਨੂੰ ਸਿਰੇ ਨਹੀਂ ਚੜਨ ਦੇਣਾ ਚਾਹੁੰਦੇ।
ਰਜਾ ਰੂਮੀ ਦਾ ਕਹਿਣਾ ਹੈ ਕਿ ਇਹ ਪੂਰਾ ਸੱਚ ਨਹੀਂ ਹੈ ਕਿ ਭਾਰਤ ਅੰਦਰ ਹੋਣ ਵਾਲੇ ਫਿਦਾਇਨ ਹਮਲਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ।ਹਾਂ ਇਹਨਾਂ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਦੀਆਂ ਕੁਝ ਮਜਬੂਰੀਆਂ ਜ਼ਰੂਰ ਹਨ।ਉਹਨਾਂ ਦਾ ਕਹਿਣਾ ਹੈ ਕਿ,"ਤਹਿਰੀਕ-ਏ-ਤਾਲਿਬਾਨ ਨੇ ਪੂਰੇ ਪਾਕਿਸਤਾਨ ਦੇ ਸਰਕਾਰੀ ਸੰਸਥਾਨਾਂ,ਫੌਜੀ ਟਿਕਾਣਿਆਂ,ਵਿੱਦਿਅਕ ਅਦਾਰਿਆਂ ਅਤੇ ਹੋਰ ਅਨੇਕਾ ਥਾਵਾਂ ਤੇ ਪਰਤੱਖ ਰੂਪ ਵਿੱਚ ਹਮਲੇ ਕੀਤੇ ਹਨ।(ਕਰਾਚੀ ਦੇ ਨੇਵੀ ਬੇਸ ਪਰ ਪੀਸੀ-3 ਔਰੀਅਨ ਏਅਰ ਕਰਾਫਟ ਨੂੰ ਨਸ਼ਟ ਕਰ ਦਿੱਤਾ ਗਿਆ) ਪਾਕਿਸਤਾਨ ਦੀ ਇੰਟੈਲੀਜੈਂਸ ਨੂੰ ਪੂਰਾ ਯਕੀਨ ਹੈ ਕਿ ਇਸ ਜਥੇਬੰਦੀ ਨੂੰ ਭਾਰਤ ਦੁਆਰਾ ਪਾਕਿਸਤਾਨ ਵਿੱਚ ਅਸਥਿਰਤਾ ਪੈਦਾ ਕਰਨ ਵਾਸਤੇ ਮਦਦ ਦਿੱਤੀ ਜਾ ਰਹੀ ਹੈ।
ਇਸ ਲਈ ਇਹ ਤਨਜੀਮ ਪਾਕਿਸਤਾਨ ਦੀ ਦੁਸ਼ਮਣ ਹੈ ਜਿਸ ਨੂੰ ਕਿਸੇ ਕੀਮਤ ਤੇ ਵੀ ਖਤਮ ਕਰਨਾ ਚਾਹੀਦਾ ਹੈ।ਇਸ ਵਿੱਚ ਅਜਿਹੇ ਅੱਤਵਾਦੀ ਵੀ ਸ਼ਾਮਲ ਹਨ ਜਿਹਨਾਂ ਦੀ ਪਹਿਲਾਂ ਪਾਕਿਸਤਾਨ ਨੇ ਮਦਦ ਕੀਤੀ ਸੀ,ਪਰ ਕਈ ਕਾਰਨਾਂ ਕਰਕੇ ਉਹ ਪਾਕਿਸਤਾਨ ਸਰਕਾਰ ਦੇ ਖਿਲਾਫ ਹੋ ਗਏ।ਰਜਾ ਰੂਮੀ ਅਨੁਸਾਰ ਇਸ ਦਾ ਮੁੱਖ ਕਾਰਨ ਕੱਟੜਪੰਥੀਆਂ ਦਾ ਪਾਕਿਸਤਾਨ ਆਰਮੀ ਨੂੰ ਪੱਛਮੀਰ ਦੇਸ਼ਾਂ ਖਾਸ ਕਰਕੇ ਅਮਰੀਕਾ ਦੇ ਹੱਥਾੰ ਦੀ ਕੱਠ ਪੁਤਲੀ ਮੰਨਣਾ ਹੈ।ਹਾਂ,ਅਫਗਾਨ ਅਤੇ ਪਾਕਿਸਤਾਨ ਤਾਲਿਬਾਨ ਦਰਮਿਆਨ ਸਬੰਧ ਤਾਂ ਹਨ ਪਰ ਫਿਲਹਾਲ ਉਹਨਾਂ ਦੇ ਉਦੇਸ਼ ਅਲੱਗ ਅਲੱਗ ਹਨ।ਅਫਗਾਨ ਤਾਲਿਬਾਨ ਪਾਕਿਸਤਾਨ ਦੇ ਅੰਦਰ ਹਮਲੇ ਨਹੀਂ ਕਰਦਾ ਕਿਉ ਕਿ ਉਸ ਨੂੰ ਪਾਕਿਸਤਾਨੀ ਸਰਕਾਰ ਤੋਂ ਮਦਦ ਦੀ ਲੋੜ ਹੈ।ਇਸ ਤੋਂ ਉਲਟ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇਸ਼ ਨੂੰ ਨੁਕਸਾਨ ਪਹੁੰਚਾਉਂਦਾ ਹੈ।ਇੱਥੇ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਪਾਕਿਸਤਾਨੀ ਆਰਮੀ ਦੇ ਅਨੁਸਾਰ ਅਫਗਾਨ ਤਾਲਿਬਾਨ ਅਫਗਾਨਿਸਤਾਨ ਦੀ ਇੱਕ ਕਨੂੰਨੀ ਰਾਸ਼ਟਰੀ ਅਤੇ ਰਾਜਨੀਤਕ ਇਕਾਈ ਹੈ।ਇਸ ਲਈ ਸਰਕਾਰੀ ਨੀਤੀ ਦੇ ਅਨਸਾਰ ਅਫਗਾਨਿਸਤਾਨ ਅੰਦਰ ਕੰਟਰੋਲ ਅਤੇ ਪਰਭਾਵ ਕਾਇਮ ਕਰਨ ਲਈ ਪਾਕਿਸਤਾਨ ਨੂੰ ਅਫਗਾਨ ਤਾਲਿਬਾਨ ਨਾਲ ਕਿਸੀ ਪੱਧਰ ਤੇ ਗੱਲਬਾਤ ਦਾ ਮਹੌਲ ਬਣਾ ਕੇ ਰੱਖਣਾ ਹੀ ਹੋਵੇਗਾ। ਇਸ ਤੋਂ ਇਲਾਵਾ ਇਹ ਤਾਂ ਜੱਗ ਜਹਰ ਹੀ ਹੈ ਕਿ ਜਿੱਥੇ ਅਫਗਾਨਿਸਤਾਨ ਨਾਲ ਜੁੜੀਆਂ ਨੀਤੀਆਂ ਭਾਰਤ ਦੀ ਘੇਰਾਬੰਦੀ ਦੇ ਡਰ ਕਾਰਨ ਬਣਦੀਆਂ ਹਨ,ਉੱਥੇ ਭਾਰਤ ਨੂੰ ਅਫਗਾਨਿਸਤਾਨ ਦੇ ਫੇਰ ਤੋਂ ਅੱਤਵਾਦੀਆਂ ਦੇ ਹੱਥਾੰ ਚਲੇ ਜਾਣ ਤੇ ਅੱਤਵਾਦ ਦੇ ਵਧਣ ਦਾ ਡਰ ਹੈ।ਇਸ ਕਰਕੇ ਭਾਰਤ-ਪਾਕਿਸਤਾਨ ਨੂੰ ਆਪਸ ਵਿੱਚ ਆਪਣੇ ਉਦੇਸ਼ਾਂ ਦੇ ਵਾਰੇ ਸਪਸ਼ਟ ਤੌਰ ਪਰ ਗੱਲ ਬਾਤ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਦੋਹਾਂ ਦੇਸ਼ਾਂ ਅੰਦਰ ਕਦੇ ਵੀ ਸ਼ਾਂਤੀ ਬਹਾਲੀ ਨਹੀਂ ਹੋ ਸਕੇਗੀ"।ਇਸ ਤੋਂ ਇਲਾਵਾ ਦਿਨ-ਬ-ਦਿਨ ਪੇਚੀਦਾ ਹੁੰਦਾ ਜਾ ਰਿਹਾ ਮਸਲਾ ਕਸ਼ਮੀਰ ਦੋਹਾਂ ਦੇਸ਼ਾਂ ਦਰਮਿਆਨ ਅਮਨ ਬਹਾਲੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਬਣਿਆ ਹੋਇਆ ਹੈ।ਅੰਗਰੇਜਾਂ ਨੇ ਗਿਣਤੀ ਵਿੱਚ ਸੀਮਤ ਹੋਣ ਦੇ ਬਾਵਯੂਦ ਤਕਨੀਕੀ ਤੌਰ ਤੇ ਵਿਕਸਤ ਹੋਣ ਕਾਰਨ ਦੁਨੀਆਂ ਦੇ ਵੱਡੇ ਹਿੱਸੇ ਨੂੰ ਆਪਣੀਆਂ ਬਸਤੀਆਂ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਦੋਹੀੰ ਹੱਥੀਂ ਲੁੱਟਿਆ।ਕੂਟਨੀਤਕ ਚਾਲਾਂ ਚੱਲ ਕੇ ਉਹਨਾਂ ਨੇ ਭਾਰਤ ਦੇ ਵੱਖ ਵੱਖ ਰਾਜਾਂ ਅਤੇ ਰਿਅਸਤਾਂ ਨੂੰ ਆਪਣੇ ਅਧੀਨ ਕਰ ਕੇ ਅਜੋਕੇ ਇੰਡੀਆ (ਭਾਰਤ) ਦੀ ਸਥਾਪਨਾ ਕੀਤੀ।ਹੌਲੀ ਹੌਲੀ ਭਾਰਤ ਦੇ ਲੋਕ ਅਜ਼ਾਦੀ ਦੀ ਮੰਗ ਨੂੰ ਲੈ ਕੇ ਸੰਗਠਤ ਹੋਣੇ ਸ਼ੁਰੂ ਹੋ ਗਏ।ਇੱਕ ਪਾਸੇ ਅਜ਼ਾਦੀ ਦੀ ਜੰਗ ਚੱਲ ਰਹੀ ਸੀ ਅਤੇ ਦੂਜੇ ਪਾਸੇ ਦੋ ਵਿਸ਼ਵ ਜੰਗਾੰ ਲੜਨ ਸਦਕਾ ਅੰਗਰੇਜ ਆਰਥਿਕ ਅਤੇ ਮਨੋੰਬਲ ਪੱਖੋੰ ਬੁਰੀ ਤਰ੍ਹਾਂ ਟੁੱਟ ਚੁੱਕੇ ਸਨ।ਭਾਰਤ ਸਮੇਤ ਕੁਝ ਹੋਰ ਬਸਤੀਆਂ ਨੂੰ ਅਜਾਦ ਕਰਨਾ ਉਹਨਾਂ ਦੀ ਮਜਬੂਰੀ ਬਣ ਚੁੱਕੀ ਸੀ।ਉਹਨਾਂ ਨੇ ਆਪਣੇ ਸਾਮਰਾਜੀ ਖਾਸੇ ਅਨੁਸਾਰ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਤੇ ਚਲਦਿਆਂ ਅਜ਼ਾਦੀ ਦੇ ਵਿਹੜੇ ਵਿੱਚ ਕਸ਼ਮੀਰ ਅਤੇ ਪੂਰਬੀ ਪਾਕਿਸਤਾਨ ਰੂਪੀ ਸੇਹ ਦੇ ਤੱਕਲੇ ਗੱਡ ਦਿੱਤੇ ,ਜਿਹਨਾਂ ਦਾ ਖਮਿਆਜਾ ਦੋਹਾਂ ਦੇਸ਼ਾਂ ਦੇ ਲੋਕ ਹੁਣ ਤੱਕ ਭੁਗਤ ਰਹੇ ਹਨ।ਭਾਰਤ ਅਤੇ ਪਾਕਿਸਤਾਨ ਨੂੰ ਅਜਾਦ ਕਰਨ ਦੇ ਨਾਮ ਹੇਠ ਉਹ ਅਜਿਹੀ ਗੈਰ ਕੁਦਰਤੀ ਭੂਗੋਲਿਕ ਵੰਡ ਕਰ ਗਏ ਜਿਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ।ਕਸ਼ਮੀਰ ਦੇ ਹਾਲਾਤ ਕੁਝ ਮਹੀਨਿਆਂ ਤੋਂ ਬੜੇ ਹੀ ਤਣਾਅ ਵਲੇ ਬਣੇ ਹੋਏ ਹਨ।ਫੌਜ ਦੇ ਕੈੰਪ ਉੱਤੇ ਅੱਤਵਾਦੀ ਹਮਲੇ ਨੇ ਹਾਲਤ ਹੋਰ ਚਿੰਤਾ ਜਨਕ ਬਣਾ ਦਿੱਤੇ ਹਨ।ਪਾਕਿਸਤਾਨ ਅਧਾਰਤ ਅੱਤਵਾਦੀਆਂ ਵਲੋਂ ਜਦੋਂ ਵੀ ਭਾਰਤੀ ਫੌਜ ਜਾ ਭਾਰਤੀ ਸਿਵਲੀਅਨ ਦੇ ਖਿਲਾਫ ਕੋਈ ਹਿੰਸਕ ਕਾਰਵਾਈ ਹੁੰਦੀ ਹੈ ਤਾਂ ਭਾਰਤ ਦੇ ਮੇਨ ਸਟਰੀਮ ਮੀਡੀਆ ਨਾਲ ਸਬੰਧਤ ਕੁਝ ਟੀ ਵੀ ਚੈਨਲ ਗਿਣੇ ਚੁਣੇ ਸਾਬਕਾ ਫੌਜੀ ਅਧਿਕਾਰੀਆਂ ਨੂੰ ਆਪੋ ਆਪਣੇ ਚੈਨਲਾਂ ਤੇ ਬੁਲਾ ਕੇ ਪਾਕਿਸਤਾਨ ਦੇ ਖਿਲਾਫ ਅਜਿਹੀ ਜ਼ੋਰਦਾਰ ਪਰਚਾਰ ਮੁਹਿੰਮ ਛੇੜ ਦਿੰਦੇ ਹਨ ਕਿ ਕਈ ਵਾਰ ਤਾਂ ਇੰਜ ਪਰਤੀਤ ਹੁੰਦਾ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਜੰਗ ਲੱਗੀ ਕਿ ਲੱਗੀ।ਇਹੀ ਵਤੀਰਾ ਪਾਕਿਸਤਾਨੀ ਮੀਡੀਆ ਵਲੋਂ ਅਪਣਾਇਆ ਜਾਂਦਾ ਹੈ।ਭਾਵੇੰ ਬਾਡਰ ਦੇ ਇਲਾਕਿਆਂ ਨੂੰ ਛੱਡ ਕੇ ਬਹੁਤੇ ਲੋਕ ਪਾਕਿਸਤਾਨੀ ਟੀ ਵੀ ਨਹੀਂ ਦੇਖਦੇ,ਪਰ ਉੱਥੋਂ ਦੇ ਜ਼ਿਆਦਾਤਰ ਮੀਡੀਆ ਦਾ ਮਕਸਦ ਵੀ ਸਨਸਨੀ ਫੈਲਾਉਣਾ ਹੀ ਹੈ।ਦੋਹਾਂ ਦੇਸ਼ਾਂ ਦੇ ਮੀਡੀਆ ਨੂੰ ਆਪੋ ਆਪਣੇ ਦੇਸ਼ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦਿਆਂ ਵਧੇਰੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।ਜੰਗ ਕੋਈ ਬੱਚਿਆਂ ਦੀ ਖੇਡ ਨਹੀਂ ਹੈ।ਜੰਗ ਦਾ ਬੋਝ ਨਾ ਭਾਰਤ ਸਹਿ ਸਕਦਾ ਹੈ ਤੇ ਨਾ ਪਾਕਿਸਤਾਨ।ਫੇਰ ਵੀ ਕਦੇ ਕਦੇ ਦੋਵਾਂ ਦੇਸ਼ਾਂ ਦੇ ਨੇਤਾ ਭੜਕਾਊ ਬਿਅਨਬਾਜੀ ਅਕਸਰ ਕਰਦੇ ਰਹਿੰਦੇ ਹਨ।ਪਾਕਿਸਤਾਨ ਇਸ ਮਾਮਲੇ ਵਿੱਚ ਭਾਰਤ ਤੋਂ ਕਈ ਗੁਣਾ ਅੱਗੇ ਹੈ।ਮਿਸਾਲ ਵਜੋੰ ਦਹਿਸ਼ਤ ਗਰਦਾਂ ਵਲੋਂ ਉੜੀ ਵਿਖੇ ਭਾਰਤੀ ਫੌਜ ਦੇ ਲੱਗ ਭੱਗ 19 ਜਵਾਨ ਸ਼ਹੀਦ ਕਰਨ ਅਤੇ ਇੰਨੇ ਹੀ ਜ਼ਖਮੀ ਕਰਨ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਸਿਰੇ ਦਾ ਗੈਰ ਜ਼ੁੰਮੇਵਾਰਾਨਾ ਬਿਆਨ ਦੇ ਮਾਰਿਆ ਕਿ ਜੇਕਰ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰਨ ਦੀ ਗੁਸਤਾਖੀ ਕੀਤੀ ਤਾਂ ਪਾਕਿਸਤਾਨ ਪਰਮਾਣੂੰ ਹਥਿਆਰ ਵਰਤਣ ਤੋਂ ਗੁਰੇਜ ਨਹੀਂ ਕਰੇਗਾ।ਦੋਵੇੰ ਦੇਸ਼ ਬੇ -ਹੱਦ ਗਰੀਬ ਹੋਣ ਦੇ ਬਾਵਯੂਦ ਆਪਸ ਵਿੱਚ ਹੱਦ ਸਿਰੇ ਦੇ ਦੁਸ਼ਮਣ ਬਣੇ ਹੋਏ ਹਨ।ਅਸਲ ਵਿੱਚ ਦੋਹਾਂ ਦੇਸ਼ਾਂ ਦੇ ਆਮ ਲੋਕ ਆਪਸ ਵਿੱਚ ਮਿਲਣਾ ਚਾਹੁੰਦੇ ਹਨ ਪਰ ਸਿਆਸਤਦਾਨ ਮਿਲਣ ਨਹੀਂ ਦੇ ਰਹੇ। ਸਭ ਤੋਂ ਮਹੱਤਵ ਪੂਰਨ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਮਹਾਂ ਸ਼ਕਤੀਆਂ ਕੋਲ ਗਿਰਵੀ ਰੱਖ ਚੁੱਕੇ ਹਨ।ਇਸ ਕਰਕੇ ਉਹ ਆਪਣੀ ਮਰਜ਼ੀ ਨਾਲ ਇੱਕ ਦੂਜੇ ਦੇ ਖਿਲਾਫ ਖੁਲਮ ਖੁੱਲੀ ਜੰਗ ਨਹੀਂ ਛੇੜ ਸਕਦੇ । ਅੰਤਰ ਰਾਸ਼ਟਰੀ ਦਬਾਅ ਦੇ ਨਾਲ ਨਾਲ ਦੋਵੇ ਦੇਸ਼ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਵੀ ਹਨ।ਪਾਕਿਸਤਾਨ ਦੇ ਇਸ ਬਿਆਨ ਨੂੰ ਜਿੱਥੇ ਇੱਕ ਪਾਸੇ 'ਉਲਟਾ ਚੋਰ,ਕੋਤਵਾਲ ਨੂੰ ਡਾੰਟੇ' ਵਾਲੇ ਪਰਿਪੇਖ ਵਿੱਚ ਰੱਖ ਕੇ ਧੌੰਸਵਾਦੀ ਆਖਿਆ ਜਾ ਸਕਦਾ ਹੈ ਉੱਥੇ ਦੂਜੇ ਪਾਸੇ ਇਹ ਬਿਆਨ ਪਾਕਿਸਤਾਨ ਦੀ ਸੋਚੀ ਸਮਝੀ ਕੂਟਨੀਤੀ ਤੇ ਅਧਾਰਤ ਵੀ ਹੈ।ਜੇਕਰ ਨਿਰਪੱਖ ਤੌਰ ਤੇ ਦੋਹਾਂ ਦੇਸ਼ਾਂ ਦੀ ਕੂਟ ਨੀਤੀ ਦਾ ਜਾਇਜਾ ਲਿਆ ਜਾਵੇ ਤਾਂ ਬਿਨਾ ਸ਼ੱਕ ਪਾਕਿਸਤਾਨ ਦਾ ਹੱਥ ਉਪਰ ਹੈ।ਉਹ ਅਮਰੀਕਾ ਦੀ 'ਕੱਠਪੁਤਲੀ' ਹੋਣ ਦੇ ਬਾਵਯੂਦ ਕੇਵਲ ਅਮਰੀਕਾ ਉੱਤੇ ਨਿਰਭਰ ਨਹੀਂ ਹੈ।ਉਸ ਦੇ ਸਬੰਧ ਭਾਰਤ ਦੇ ਵਿਰੋਧੀ ਅਤੇ ਗੁਆਂਢੀ ਦੇਸ਼ ਚੀਨ ਨਾਲ ਵੀ ਅਮਰੀਕਾ ਜਿੰਨੇ ਹੀ ਸੁਖਾਵੇੰ ਹਨ।ਜਿੱਥੇ ਉਹ ਇਹਨਾਂ ਦੋਹਾਂ ਸਾਧਨ ਸੰਪਨ ਦੇਸ਼ਾਂ ਕੋਲੋਂ ਰੱਜ ਕੇ ਹਰ ਪਰਕਾਰ ਦੀ ਮਦਦ ਲੈ ਰਿਹਾ ਹੈ ਉੱਥੇ ਉਹ ਸ਼ਿਰੀ ਕਾਰਕੁਲਮ ਸੜਕ ਲਈ ਜਮੀਨ ਦੇਕੇ ਚੀਨ ਰਾਹੀੰ ਭਾਰਤ ਦੀ ਘੇਰਾ ਬੰਦੀ ਕਰਵਾਉਣ ਵਿੱਚ ਵੀ ਸਫਲ ਹੋਇਆ ਹੈ।ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਉਸ ਦੀ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਉੱਤੇ ਨਿਰਭਰਤਾ ਵਧੀ ਹੈ।ਇਸ ਮਾਮਲੇ ਵਿੱਚ ਭਾਰਤ ਨੇ ਅਮਰੀਕਾ ਦੇ ਮੁੱਖ ਵਿਰੋਧੀ ਦੇਸ਼ ਰੂਸ ਦਾ ਵੀ ਖਿਆਲ ਨਹੀਂ ਰੱਖਿਆ ਹਾਲਾਂ ਕਿ ਅਤੀਤ ਵਿੱਚ ਰੂਸ ਔਖੇ ਤੰ ਔਖੇ ਹਾਲਾਤਾਂ ਦੌਰਾਨ ਭਾਰਤ ਦੀ ਡਟ ਕੇ ਸਹਾਇਤਾ ਕਰਦਾ ਰਿਹਾ ਹੈ।ਦੱਸਣਯੋਗ ਹੈ ਕਿ ਉੜੀ ਦੇ ਫੌਜੀ ਕੈਂਪ ਉੱਤੇ ਫਿਦਾਇਨ ਹਮਲੇ ਤੋਂ ਤੁਰੰਤ ਬਾਅਦ ਰੂਸ ਨੇ ਪਾਕਿਸਤਾਨ ਨਾਲ ਪਹਿਲਾਂ ਤੋਂ ਹੀ ਤਹਿਸ਼ੁਦਾ ਸਾੰਝੀਆਂ ਜੰਗੀ ਮਸ਼ਕਾਂ ਰੱਦ ਕਰਕੇ ਭਾਰਤ ਨਾਲ ਦੋਸਤੀ ਦਾ ਸੰਕੇਤ ਦਿੱਤਾ ਹੈ।ਰੂਸ ਦੇ ਮੁਕਾਬਲੇ ਅਮਰੀਕਾ ਦੀ ਨੀਤੀ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਸਦਾ ਦੋਗਲੀ ਰਹੀ ਹੈ।ਅਮਰੀਕੀ ਨੇਤਾ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦੇ ਦੌਰੇ ਤੇ ਆਉਂਦੇ ਹਨ ਤਾਂ ਉਹ ਜਿਹੜਾ ਬਿਆਨ ਦਿੱਲੀ ਵਿੱਚ ਦਿੰਦੇ ਹਨ ਉਸ ਨੂੰ ਪਰਭਾਵ ਹੀਣ ਕਰਨ ਵਾਲਾ ਬਿਆਨ ਲਹੌਰ ਜਾ ਕੇ ਦੇ ਦਿੰਦੇ ਹਨ।ਇਸ ਦੇ ਉਲਟ ਭਾਰਤ ਨੇ ਹਾਲ ਹੀ ਵਿੱਚ ਅਮਰੀਕਾ ਨਾਲ ਇੱਕ ਦੂਜੇ ਦੇਸ਼ ਦੇ ਫੌਜੀ ਟਿਕਾਣੇ ਵਰਤਣ ਦੀ ਸੰਧੀ ਕਰਕੇ ਇੱਕ ਤਰ੍ਹਾਂ ਨਾਲ ਅਪਣੀ ਚਿਰਕਾਲੀ ਗੁੱਟ ਨਿਰਲੇਪ ਨੀਤੀ ਨੂੰ ਤਿਲਾਂਜਲੀ ਦੇ ਦਿੱਤੀ ਹੈ।ਹਿੰਦ-ਚੀਨ ਸਾਗਰ ਵਿੱਚ ਅਮਰੀਕਾ ਦੀ ਚੀਨ ਨਾਲ ਕਸ਼ੀਦਗੀ ਚੱਲ ਰਹੀ ਹੈ ਇਸ ਕਸ਼ੀਦਗੀ ਵਿੱਚ ਵੀ ਭਾਰਤ ਅਮਰੀਕਾ ਦੀ ਧਿਰ ਬਣਦਾ ਜਾ ਰਿਹਾ ਹੈ, ਜਿਸ ਤੋਂ ਗੁਰੇਜ ਕਰਨ ਦੀ ਲੋੜ ਹੈ।ਭਾਰਤ ਦੀ ਪਾਕਿਸਤਾਨ ਪਰਤੀ ਕੂਟਨੀਤਕ ਪਹੁੰਚ ਸਬੰਧੀ ਬਜ਼ੁਰਗ ਚਿੰਤਕ ਬਲਦੇਵ ਰਾਜ ਡਾਵਰ (ਲੇਖਕ ਵਿਗਿਆਨ ਗੀਤਾ) ਦਾ ਕਹਿਣਾ ਹੈ ਕਿ,"ਪਾਕਿਸਤਾਨ ਨਾਲ ਹੱਥ ਮਿਲਾਉਣਾ ਹੋਵੇ,ਉਸ ਨਾਲ ਯੁੱਧ ਕਰਨਾ ਹੋਵੇ ਜਾ ਉਸਦੇ ਅੱਤਵਾਦੀ ਹਮਲਿਆਂ ਤੋਂ ਦੇਸ਼ ਦੀ ਰੱਖਿਆ ਕਰਨੀ ਹੋਵੇ,ਤਿੰਨਾਂ ਹੀ ਸੂਰਤਾਂ ਵਿੱਚ,ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਇੱਕ ਨਹੀਂ ਹੈ।ਪਾਕਿਸਤਾਨ ਵਿੱਚ ਸਤਾ ਦੇ ਅਲੱਗ ਅਲੱਗ ਤਿੰਨ ਕੇੰਦਰ ਹਨ-ਇੱਕ: ਉੱਥੋਂ ਦੀ ਚੁਣੀ ਹੋਈ ਸਰਕਾਰ।ਦੋ: ਉੱਥੋਂ ਦੀ ਸ਼ਕਤੀ ਸ਼ਾਲੀ ਸੈਨਾ।ਤਿੰਨ : ਉੱਥੋਂ ਦੇ ਹਥਿਆਰਬੰਦ ਇਸਲਾਮੀ ਕੱਟੜਪੰਥੀ ਗਰੁੱਪ।ਇਹ ਤਿੰਨੇ ਕੇੰਦਰ ਆਪਸ ਵਿੱਚ ਮਿੱਤਰ ਨਹੀਂ, ਅਕਸਰ ਇੱਕ ਦੂਜੇ ਦੀ ਗਰਦਨ ਕੱਟਦੇ ਰਹਿੰਦੇ ਹਨ। ਭਾਰਤੀ ਕੂਟਨੀਤੀ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਇਹ ਤਿੰਨੇ ਤਾਕਤਾਂ ਇੱਕ ਜੁੱਟ ਨਾ ਹੋਣ।ਭਾਰਤ ਨੂੰ ਪਾਕਿਸਤਾਨ ਨਾਲ ਸਿੱਧਾ ਉਲਝਣ ਦੀ ਥਾੰ ਕਦੀ ਇਸਦਾ ਅਤੇ ਕਦੀ ਉਸ ਦਾ ਸਾਥ ਦਿੰਦੇ ਹੋਏ ਉਹਨਾਂ ਨੂੰ ਆਪਸ ਵਿੱਚ ਲੜਨ ਵਾਸਤੇ ਉਤਸ਼ਾਹਤ ਕਰਨਾ ਚਾਹੀਦਾ ਹੈ।ਮਸਲਨ ਭਾਰਤ ਨੂੰ ਸਰਕਾਰ ਬਨਾਮ ਮਿਲਟਰੀ ਵਿੱਚ ਸਰਕਾਰ ਦਾ,ਮਿਲਟਰੀ ਬਨਾਮ ਅੱਤਵਾਦ ਵਿੱਚ ਮਿਲਟਰੀ ਦਾ ਪੱਖ ਲੈਣਾ ਚਾਹੀਦਾ ਹੈ।ਬਲੋਚਸਤਾਨ ਵਰਗੇ ਮੁੱਦੇ ਨੂੰ ਉਠਾ ਕੇ ਭਾਰਤ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਤਾਂ ਕੀਤੀ ਹੈ,ਲੇਕਿਨ ਅਜਿਹਾ ਕਰਕੇ ਪਾਕਿਸਤਾਨ ਦੇ ਤਿੰਨਾਂ ਸ਼ਕਤੀ ਕੇੰਦਰਾਂ ਨੂੰ ਭਾਰਤ ਦੇ ਖਿਲਾਫ ਇੱਕ ਜੁੱਟ ਕਰ ਦਿੱਤਾ ਹੈ"।ਬਲੋਚਸਤਨ ਅੰਦਰ ਹੋ ਰਹੀ ਹਿੰਸਾ ਲਈ ਪਾਕਿਸਤਾਨ ਦਹਾਕਿਆਂ ਤੋਂ ਭਾਰਤ ਨੂੰ ਜ਼ੁੰਮੇਵਾਰ ਠਹਿਰਾਉਂਦਾ ਆ ਰਿਹਾ ਹੈ ਪਰੰਤੂ 15 ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ ਪੀ ਐਮ ਮੋਦੀ ਦੇ ਬਲੋਚਿਸਤਾਨ ਸਬੰਧੀ ਦਿੱਤੇ ਬਿਆਨ ਨੂੰ ਮਾਅਰਕੇ ਬਾਜ਼ੀ ਤਾਂ ਕਿਹਾ ਜਾ ਸਕਦਾ ਹੈ ਪਰ ਕੂਟਨੀਤੀ ਕਦਾਚਿਤ ਨਹੀਂ ਆਖਿਆ ਜਾ ਸਕਦਾ।ਸੰਪਰਕ: 0061470605255
owedehons
free casino games online http://onlinecasinouse.com/# - cashman casino slots casino slots <a href="http://onlinecasinouse.com/# ">play online casino </a> best online casinos