ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀ ਕਲਚਰ ਵਿੱਚ ਨਵਾਂ ਮੋੜ
Posted on:- 14-09-2016
-ਕਰਮਜੀਤ ਸਿੰਘ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਖੱਬੇਪੱਖੀ ਰਾਜਨੀਤੀ ਇੱਕ ਨਵੇਂ ਤੇ ਨਿਵੇਕਲੇ ਅੰਦਾਜ਼ ਵਿੱਚ ਪ੍ਰਗਟ ਹੋਈ ਹੈ, ਹਾਲਾਂਕਿ ਵਿਦਿਆਰਥੀ ਆਗੂ ਇਸ ਨਵੇਂ ਰੁਝਾਨ ਨੂੰ ‘ਪੀਪਲਜ਼ ਰਾਜਨੀਤੀ‘ ਜਾਂ ‘ਲੋਕਪੱਖੀ ਰਾਜਨੀਤੀ‘ ਦਾ ਨਾਂ ਦਿੰਦੇ ਹਨ। ਵਿਦਿਆਰਥੀ ਸਰਗਰਮੀਆਂ ਵਿੱਚ ਆਇਆ ਇਹ ਨਵਾਂ ਭੁਚਾਲ 7 ਸਤੰਬਰ ਨੂੰ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਿਛੋਂ ਵੇਖਣ ਵਿੱਚ ਆਇਆ ਜਦੋਂ ਇੱਕ ਛੋਟੀ ਜਿਹੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਨੇ ਇੱਕ ਸਖ਼ਤ ਮੁਕਾਬਲੇ ਵਿੱਚ 2494 ਵੋਟਾਂ ਹਾਸਲ ਕਰਕੇ ਨਾ ਸਿਰਫ਼ ਵਿਰੋਧੀ ਜਥੇਬੰਦੀਆਂ ਨੂੰ ਸਗੋਂ ਯੂਨੀਵਰਸਿਟੀ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ। ਇਹ ਜਥੇਬੰਦੀ ਸ. ਸੁਖਬੀਰ ਸਿੰਘ ਬਾਦਲ ਨਾਲ ਸਬੰਧਤ ਵਿਦਿਆਰਥੀ ਵਿੰਗ ‘ਸੋਈ‘ ਨਾਲੋਂ ਸਿਰਫ਼ 9 ਵੋਟਾਂ ਪਿਛੇ ਸੀ। ਜਦਕਿ ਜੇਤੂ ਉਮੀਦਵਾਰ 349 ਵੋਟਾਂ ਨਾਲ ਐਸਐਫਐਸ ਤੋਂ ਅੱਗੇ ਸੀ।
ਅੰਮ੍ਰਿਤਪਾਲ ਸਿੰਘ, ਜਿਸ ਨੇ ਪ੍ਰਧਾਨਗੀ ਪਦ ਲਈ ਚੋਣ ਲੜੀ ਦਿਲਚਸਪ ਹਕੀਕਤ ਇਹ ਹੈ ਕਿ ਇਸ ਚੋਣ ਵਿੱਚ ਐਸਐਫਐਸ ਦਾ ਉਮੀਦਵਾਰ ਅੰਮ੍ਰਿਤਪਾਲ ਸਿੰਘ ਭਾਵੇਂ ਮੁਕਾਬਲੇ ਵਿੱਚ ਤੀਜੇ ਨੰਬਰ ਤੇ ਰਹਿ ਕੇ ਹਾਰ ਗਿਆ ਸੀ ਪਰ ਜਿਵੇਂ ਉਸ ਨੇ ਹਾਈ–ਫਾਈ ਮਾਹੌਲ ਵਾਲੇ ਕੈਂਪਸ ਵਿੱਚ ਸਾਰਿਆਂ ਦੀ ਉਮੀਦ ਤੋਂ ਕਿਤੇ ਵੱਧ ਵੋਟਾਂ ਹਾਸਲ ਕੀਤੀਆਂ, ਉਸ ਤੋਂ ਉਹ ਆਮ ਤੇ ਖ਼ਾਸ ਵਿਦਿਆਰਥੀਆਂ ਦੀਆਂ ਨਜ਼ਰਾਂ ਵਿੱਚ ਹਾਰ ਕੇ ਵੀ ਜਿੱਤਿਆ ਵਿਦਿਆਰਥੀ ਆਗੂ ਸਮਝਿਆ ਜਾ ਰਿਹਾ ਹੈ। ਨਵੀਂ ਉਭਰੀ ਜਥੇਬੰਦੀ ਜਿਥੇ ਅਗਾਂਹਵਧੂ ਵਿਚਾਰਾਂ ਵਾਲੇ ਬੁੱਧੀਜੀਵੀਆਂ ਲਈ ਵਿਸ਼ੇਸ਼ ਰਾਹਤ ਦਾ ਕੇਂਦਰ ਬਣੀ ਹੋਈ ਹੈ, ਉਥੇ ਪੱਤਰਕਾਰ ਬਰਾਦਰੀ ਵੀ ਵਿਦਿਆਰਥੀ–ਕਲਚਰ ਵਿੱਚ ਆਏ ਨਵੇਂ ਮੋੜ ਦੇ ਕਾਰਨ ਜਾਣਨ ਲਈ ਵਿਸ਼ੇਸ਼ ਦਿਲਚਸਪੀ ਲੈ ਰਹੀ ਹੈ।
ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਚ ਵਿਦਿਆਰਥੀ ਆਗੂ ਅੰਮ੍ਰਿਤਪਾਲ ਸਿੰਘ ਅਤੇ ਸੋਨਾ ਸਿੰਘ ਨਾਲ ਦੋ ਘੰਟੇ ਦੀ ਲੰਮੀ ਮੁਲਾਕਾਤ ਵਿੱਚ ਇਸ ਲੇਖਕ ਨੇ ਵੇਖਿਆ ਕਿ ਵਿਦਿਆਰਥੀ ਅਤੇ ਅਧਿਆਪਕ ਇਸ ਜਥੇਬੰਦੀ ਦੀ ਹੈਰਾਨ ਕਰਨ ਵਾਲੀ ਕਾਰਗੁਜ਼ਾਰੀ ਲਈ ਲੰਘਦੇ ਜਾਂਦੇ ਅੰਮ੍ਰਿਤਪਾਲ ਸਿੰਘ ਨੂੰ ਵਧਾਈਆਂ ਦੇ ਰਹੇ ਸਨ। ਪੰਜਾਬ ਦੇ ਖੱਬੇਪੱਖੀ ਸੋਚ ਵਾਲੇ ਮੁਲਾਜ਼ਮ, ਵਿਦਿਆਰਥੀ ਅਤੇ ਸਿਆਸਤਦਾਨ ਇਸ ਨਵੇਂ ਰੁਝਾਨ ਉਤੇ ਨਜ਼ਰ ਰੱਖ ਰਹੇ ਹਨ। ਹੋ ਸਕਦੈ ਕਿ ਪੰਜਾਬ ਵਿੱਚ ਪੀਐਸਯੂ ਅਤੇ ਹੋਰ ਵਿਦਿਆਰਥੀ ਜਥੇਬੰਦੀਆਂ ਰਲ ਕੇ ਪਿਛਲੇ ਦੋ ਦਹਾਕਿਆਂ ਤੋਂ ਚੋਣਾਂ ਉੱਤੇ ਲਾਈਆਂ ਪਾਬੰਦੀਆਂ ਖ਼ਤਮ ਕਰਾਉਣ ਲਈ ਜੱਦੋ-ਜਹਿਦ ਆਰੰਭ ਕਰਨ।
ਇੱਕ ਅਜਿਹਾ ਕੈਂਪਸ ਜਿਥੇ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਵਲ ਖਿੱਚਣ ਲਈ ਕੀ ਕੁਝ ਨਹੀਂ ਕੀਤਾ ਜਾਂਦਾ, ਜਿਥੇ ਅਸੈਂਬਲੀ ਚੋਣਾਂ ਵਰਗਾ ਤਣਾਅਪੂਰਨ ਮਾਹੌਲ ਹੋ ਜਾਂਦਾ ਹੈ, ਜਿਥੇ ਚੰਡੀਗੜ੍ਹ ਸ਼ਹਿਰ ਅਤੇ ਨਾਲ ਲਗਦੇ ਮੋਹਾਲੀ ਅਤੇ ਪੰਚਕੂਲਾ ਵਿੱਚ ਪ੍ਰਚਾਰ ਦੌਰਾਨ ਉਮੀਦਵਾਰਾਂ ਦੀਆਂ ਕਾਰਾਂ ਦੇ ਕਾਫ਼ਲੇ ਦਿਨ–ਰਾਤ ਦੌੜਦੇ ਰਹਿੰਦੇ ਹਨ, ਜਿਥੇ ਰਾਜਸੀ ਪਾਰਟੀਆਂ ਵੀ ਅਸਿਧੇ ਰੂਪ ਵਿੱਚ ਖੁਲ੍ਹੇਆਮ ਪੈਸਾ ਪਾਣੀ ਵਾਂਗ ਵਹਾਉਂਦੀਆਂ ਹਨ, ਜਿਥੇ ਸ਼ਾਨਦਾਰ ਖਾਣੇ ਪਰੋਸਣ ਲਈ ਹੋਟਲ ਅਗਾਂਊ ਹੀ ਬੁੱਕ ਹੋ ਜਾਂਦੇ ਹਨ, ਉਥੇ ਇੱਕ ਛੋਟੀ ਜਹੀ ਨਾਮਾਲੂਮ ਅਤੇ ਚੁਪਚਪੀਤੇ ਕੰਮ ਕਰ ਰਹੀ ਜਥੇਬੰਦੀ ਜਿਸ ਕੋਲ ਪ੍ਰਚਾਰ ਦੇ ਵੱਡੇ ਵਸੀਲੇ ਵੀ ਨਾ ਹੋਣ, ਜਿਸ ਦੇ ਮੈਂਬਰ ਸਾਧਾਰਣ ਪ੍ਰਵਾਰਾਂ ਵਿੱਚੋਂ ਆਉਂਦੇ ਹੋਣ, ਜਿਥੇ ਵਿਦਿਆਰਥੀ ਹੱਥਾਂ ਨਾਲ ਲਿਖ ਕੇ ਪ੍ਰਚਾਰ ਲਈ ਖ਼ੁਦ ਪੋਸਟਰ ਤਿਆਰ ਕਰਦੇ ਹੋਣ, ਜਿਨ੍ਹਾਂ ਦੇ ਪਹਿਰਾਵੇ ਵੀ ਸਾਧਾਰਣ ਤੇ ਜੀਵਨ ਸ਼ੈਲੀ ਵੀ ਸਧਾਰਣ ਹੋਵੇ, ਜਿਥੇ ਬਰਾਂਡਿਡ ਕਪੜੇ, ਕਾਰਾਂ ਤੇ ਮਹਿੰਗੇ ਮੋਬਾਇਲ ਕਲਚਰ ਦਾ ਮਾਹੌਲ ਹੋਵੇ, ਉਥੇ ਇਹੋ ਜਿਹੇ ਇੰਦਰਜਾਲ ਸਭਿਆਚਾਰ ਵਿਚ ਵਿਦਿਆਰਥੀਆਂ ਦੇ ਦਿਲਾਂ ਵਿਚ ਥਾਂ ਬਣਾ ਲੈਣੀ ਯੂਨੀਵਰਸਿਟੀ ਕੈਂਪਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ।
ਅੰਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਇਸ ਚੋਣ ਵਿੱਚ ਪ੍ਰਚਾਰ ਲਈ ਉਨ੍ਹਾਂ ਨੇ ਕਰੀਬ 1000/- ਰੁਪਏ ਖ਼ਰਚੇ ਹਨ। 2014 ਦੀ ਚੋਣ ਵਿੱਚ ਯੂਨੀਵਰਸਿਟੀ ਦੇ ਡੀਨ ਵਲੋਂ ਪੇਸ਼ ਕੀਤੇ ਖ਼ਰਚਿਆਂ ਮੁਤਾਬਕ ਉਨ੍ਹਾਂ ਦਾ ਖ਼ਰਚਾ 700 ਰੁਪਏ ਦੇ ਕਰੀਬ ਸੀ।
ਕੀ ਨਵੀਂ ਉਭਰੀ ਜਥੇਬੰਦੀ ਅਚਾਨਕ ਪੈਦਾ ਹੋਇਆ ਵਰਤਾਰਾ ਹੈ? ਇਤਿਹਾਸ ਦੇ ਵਿਸ਼ੇ ਵਿਚ ਪੀਐਚਡੀ ਕਰ ਰਹੇ ਰਿਸਰਚ ਸਕਾਲਰ ਅੰਮ੍ਰਿਤਪਾਲ ਸਿੰਘ ਤੇ ਸੋਨਾ ਸਿੰਘ ਇਸ ਦਾ ਜਵਾਬ ਨਾਂਹ ਵਿਚ ਦਿੰਦੇ ਹੋਏ ਤੁਹਾਨੂੰ 2010 ਵਿੱਚ ਲੈ ਜਾਂਦੇ ਹਨ, ਜਦੋਂ ਵਿਦਿਆਰਥੀਆਂ ਦਾ ਇਕ ਗਰੁੱਪ ਲੰਮੇ ਵਿਚਾਰ–ਵਟਾਂਦਰੇ ਤੋਂ ਪਿਛੋਂ ਇਸ ਸਿੱਟੇ ਉਤੇ ਪਹੁੰਚਿਆ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਸਮਾਜ ਨਾਲ ਅਟੁੱਟ ਤੇ ਪਿਆਰਾ ਰਿਸ਼ਤਾ ਹੁੰਦਾ ਹੈ, ਪਰ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਹੈ ਜਾਂ ਬਣਾ ਦਿਤਾ ਗਿਆ ਹੈ ਕਿ ਵਿਦਿਆਰਥੀ ਇਸ ਬੁਨਿਆਦੀ ਜਿਹੇ ਰਿਸ਼ਤੇ ਦੀ ਮਹਾਨਤਾ ਤੋਂ ਜਾਂ ਤਾਂ ਅਣਜਾਣ ਹਨ ਜਾਂ ਕੋਰੇ ਰਹਿੰਦੇ ਹਨ।
ਦਮਨਪ੍ਰੀਤ ਸਿੰਘ ਜੋ ਐਸਐਫਐਸ ਦੇ ਪ੍ਰਧਾਨ ਹਨ, ਇਸ ਅਟੁੱਟ ਰਿਸ਼ਤੇ ਨੂੰ ਮੁੜ ਬਹਾਲ ਕਰਨ ਲਈ ‘ਵਿਦਿਆਰਥੀ ਸਮਾਜ ਲਈ’ (ਐਸਐਸਐਫ) ਜਥੇਬੰਦੀ ਦਾ ਉਦਘਾਟਨ ਹੋਇਆ। ਸ਼ੁਰੂ ਵਿੱਚ ਜਿਵੇਂ ਕਿ ਹੁੰਦਾ ਹੀ ਹੈ, ਇਸ ਜਥੇਬੰਦੀ ਨੂੰ ਅਜਨਬੀ, ਅਗਿਆਤ ਅਤੇ ਅਣਜਾਣ ਹੀ ਸਮਝਿਆ ਗਿਆ ਪਰ 2014 ਵਿੱਚ ਅੰਗਰੇਜ਼ੀ ਵਿਭਾਗ ਦੀ ਇੱਕ ਰਿਸਰਚ ਸਕਾਲਰ ਅਮਨਦੀਪ ਕੌਰ ਨੂੰ ਸਟੂਡੈਂਟ ਕੌਂਸਲ ਦੀ ਚੋਣ ਵਿੱਚ ਪ੍ਰਧਾਨਗੀ ਦੇ ਪਦ ਲਈ ਉਤਾਰਿਆ ਗਿਆ ਤਾਂ ਉਸ ਨੇ 1334 ਵੋਟਾਂ ਹਾਸਲ ਕੀਤੀਆਂ ਅਤੇ ਇੰਜ ਇਹ ਜਥੇਬੰਦੀ ਵਿਦਿਆਰਥੀਆਂ ਦੇ ਦਿਲਾਂ ਵਿਚ ਘਰ ਬਣਾਉਣ ਲੱਗੀ। ਜਥੇਬੰਦੀ ਵਲੋਂ ਵਿਦਿਆਰਥੀਆਂ ਦੇ ਫੀਸਾਂ ਦੇ ਮਸਲੇ ਅਤੇ ਹੋਰ ਮਸਲਿਆਂ ਬਾਰੇ ਜੱਦੋ–ਜਹਿਦ ਵੀ ਕੀਤੀ ਗਈ। ਕਈ ਵਿਦਿਆਰਥੀਆਂ ਉਤੇ ਮੁਕੱਦਮੇ ਵੀ ਚਲੇ, ਕੁਝ ਜ਼ਮਾਨਤਾਂ ‘ਤੇ ਵੀ ਆਏ ਹੋਏ ਹਨ। ਪਰ ਅੰਮ੍ਰਿਤਪਾਲ ਸਿੰਘ ਮੁਤਾਬਕ ਉਹ ਕੰਢਿਆਂ ਵਿਚ ਆਪਣੇ ਰਾਹ ਬਣਾਉਂਦੇ ਰਹੇ ਅਤੇ ਹੁਣ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਭਵਿਖ ਉਨ੍ਹਾਂ ਦਾ ਹੋਵੇਗਾ।