ਕੁਝ ਅਸਤੀਫ਼ੇ, ਕੁਝ ਸਵਾਲ -ਸੁਕੀਰਤ
Posted on:- 05-09-2016
ਸਾਡਾ ਦੇਸ਼ ਵੀ ਅਨੋਖਾ ਹੈ, ਅਤੇ ਅਸੀ ਲੋਕ ਵੀ।
ਦਿੱਲੀ ਸਰਕਾਰ ਦੇ ਇਕ ਮੰਤਰੀ ਦੀ 9 ਮਿਨਟ ਦੀ ਕੋਈ ਵੀਡੀਓ ਨਸ਼ਰ ਹੋ ਗਈ ਹੈ। ਅਤੇ ਦੇਸ਼ ਭਰ ਦੇ ਚੈਨਲਾਂ, ਸੋਸ਼ਲ ਮੀਡੀਆ ਉਤੇ ਕੁਹਰਾਮ ਮਚ ਗਿਆ ਹੈ।
ਟੀ.ਵੀ. ਚੈਨਲਾਂ ਵਾਲੇ ਚਸਕਾ ਲੈ ਲੈ ਕੇ ਲਗਾਤਾਰ ਇਸ ਵੀਡੀਓ ਦੇ ਕੁਝ ਹਿਸੇ ਦਿਖਾ ਰਹੇ ਹਨ, ਅਤੇ ਨਾਲ ਹੀ ਕਹੀ ਜਾ ਰਹੇ ਹਨ ਕਿ ਦਿਖਾਣ ਵਾਲਾ ਤਾਂ ਹੋਰ ਵੀ ਬਹੁਤ ਕੁਝ ਹੈ, ਪਰ ਅਸੀ ਇਸ ਤੋਂ ਵਧ ਨੰਗੇਜ ਦਿਖਾਣੋਂ ਮਜਬੂਰ ਹਾਂ। ਪਰ ਦਰਸ਼ਕ ਕਿਸੇ ਅਗਲੇ ਸੀਨ ਦੀ ਝਲਕ ਦੀ ਇੰਤਜ਼ਾਰ ਵਿਚ ਵਾਰ ਵਾਰ ਉਹੋ ਖਬਰ ਦੇਖੀ ਜਾ ਰਹੇ ਹਨ। ਸ਼ਾਇਦ ਕੁਝ ਹੋਰ ਵੀ ਨਜ਼ਰ ਆ ਜਾਵੇ!
ਸੋਸ਼ਲ ਮੀਡੀਏ ਉਤੇ ਸਰਗਰਮ ਕਲਮਾਂ ਨੈਤਿਕਤਾ ਦੇ ਨੁਕੀਲੇ ਅਸਤਰ ਹਥ ਵਿਚ ਫੜੀ ਇਸ ਸਾਰੀ ਘਟਨਾ ਦੀ ਚੀਰਫ਼ਾੜ ਇੰਜ ਕਰ ਰਹੀਆਂ ਹਨ, ਜਿਵੇਂ ਉਹ ਧਾਰਮਕ ਪ੍ਰਵਚਨਕਰਤਾ ਹੋਣ। ਇਹ ਉਨ੍ਹਾਂ ਦਾ ਸੋਸ਼ਲ ਮੀਡੀਆ ਉਪਰ ਜਨਤਕ ਚਿਹਰਾ ਹੈ। ਪਰ ਅੰਦਰ ਖਾਤੇ ਉਹ ਇਕ ਦੂਜੇ ਨੂੰ ਪੁੱਛ-ਦਸ ਰਹੇ ਹਨ ਕਿ ਇਸ ਮਾਮਲੇ ਦਾ ਪੂਰਾ ਵੀਡੀਓ ਯੂ-ਟਿਊਬ ਵਰਗੀਆਂ ਥਾਂਵਾਂ ਤੇ ਕਿੱਥੋਂ ਅਤੇ ਕਿਵੇਂ ਲੱਭਿਆ ਜਾ ਸਕਦਾ ਹੈ। ਇਹ ਉਨ੍ਹਾਂ ਦਾ ਅਸਲੀ ਚਸਕਾ-ਲਊ ਚਿਹਰਾ ਹੈ।
ਕਿਸੇ ਵੇਲੇ ਪੀਲੀ ਪੱਤਰਕਾਰੀ ਕਰਦੀਆਂ ਅਖਬਾਰਾਂ ਇਹੋ ਜਿਹੀਆਂ ਖਬਰਾਂ ਨੂੰ ‘ਰੰਗਰਲੀਆਂ ਮਨਾਉਂਦੇ ਫੜੇ ਗਏ’ ਵਰਗੇ ਸਿਰਲੇਖ ਹੇਠ ਛਾਪਦੀਆਂ ਹੁੰਦੀਆਂ ਸਨ; ਹੁਣ ਮੁਖ ਧਾਰਾ ਦੇ ਟੀ ਵੀ ਚੈਨਲਾਂ ਨੇ ਇਹ ਕੰਮ ਫੜ ਲਿਆ ਜਾਪਦਾ ਹੈ। ਕੀ ਸਾਡੇ ਮੁਲਕ ਵਿਚ ਹੋਰ ਕੋਈ ਸਮੱਸਿਆ ਨਹੀਂ, ਜਿਸ ਤੇ ਵਿਚਾਰ ਕਰਨ ਦੀ ਲੋੜ ਹੈ? ਕੀ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹੋਰ ਕੋਈ ਮਸਲੇ ਨਹੀਂ ਹਲੂਣਦੇ, ਜਿਨ੍ਹਾਂ ਬਾਰੇ ਉਹ ਜਾਣਨਾ ਚਾਹੁੰਦੇ ਹੋਣ?
ਇਕ ਮਹਾਂ-ਮੂਰਖ ਦਿੱਲੀ ਸਰਕਾਰ ਦਾ ਮੰਤਰੀ ਸੰਦੀਪ ਕੁਮਾਰ ਹੈ, ਜਿਸਨੇ ਆਪਣੇ ਜਿਸਮਾਨੀ ਸਬੰਧਾਂ ਦੀ ਫਿਲਮ ਬਣਾਈ ( ਜਾਂ ਬਣਨ ਦਿੱਤੀ) ਅਤੇ ਇਸਦੀ ਸਜ਼ਾ ਉਸਨੂੰ ਮਿਲ ਗਈ ਹੈ। ਉਸਦਾ ਮੰਤਰੀ-ਅਹੁਦਾ ਖੋਹ ਲਿਆ ਗਿਆ ਹੈ। ਗੱਲ ਏਥੇ ਮੁਕ ਜਾਣੀ ਚਾਹੀਦੀ ਸੀ, ਪਰ ਮੁਕੀ ਨਹੀਂ। ਕਿਉਂ?
ਕਿਉਂਕਿ ਦੂਜੇ ਪਾਸੇ ਮਹਾਂ-ਦੋਗਲੇ ਅਸੀ ਲੋਕ ਹਾਂ ( ਚੈਨਲਾਂ ਦੇ ਐਂਕਰਾਂ ਤੋਂ ਲੈ ਕੇ ਦਰਸ਼ਕਾਂ ਤਕ) ਜੋ ਇਸ ਸਾਰੀ ਘਟਨਾ ਨੂੰ ਏਨਾ ਤੂਲ ਦੇ ਰਹੇ ਹਾਂ ਜਿਵੇਂ ਕੋਈ ਅਣਹੋਣੀ ਹੋ ਗਈ ਹੋਵੇ। ਦੋ ਬਾਲਗ ਲੋਕਾਂ ਦੇ ਆਪਸੀ ਸਬੰਧਾਂ ਬਾਰੇ ਕੀ ਇਹੋ ਜਿਹੀ ਗਲ ਪਹਿਲੀ ਵਾਰ ਸੁਣਨ ਵਿਚ ਆਈ ਹੈ? ਕੀ ਸੰਤਾਂ ਤੋਂ ਲੈ ਕੇ ਸਿਆਸੀ ਆਗੂਆਂ ਤਕ ਦੇ ਇਹੋ ਜਿਹੇ ਵੀਡੀਓ ਪਹਿਲੋਂ ਕਦੇ ਨਸ਼ਰ ਹੋਏ ਸੁਣਨ ਵਿਚ ਨਹੀਂ ਆਏ? ਨਾਲੇ ਅਜੇ ਤਕ ਕੋਈ ਇਹੋ ਜਿਹਾ ਇਲਜ਼ਾਮ ਵੀ ਨਹੀਂ ਲਗਾ ਕਿ ਮੰਤਰੀ ਸਾਹਬ ਆਪਣੇ ਅਹੁਦੇ ਦਾ ਫ਼ਾਇਦਾ ਉਠਾ ਕੇ ਕਿਸੇ ਮਜਬੂਰ ਦੀ ਵਰਤੋਂ ਕਰ ਰਹੇ ਸਨ।ਤੇ ਫੇਰ ਏਡੀ ਉਤੇਜਨਾ ਕਾਹਦੀ ? ਮੰਤਰੀ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਹੈ , ਹੁਣ ਗਲ ਨੂੰ ਮੁਕ ਜਾਣ ਦਿਓ। ਪਰ ਨਹੀਂ, ਅਸੀ ਚਸਕਾ ਵੀ ਲਈ ਜਾਣਾ ਹੈ, ਅਤੇ ਨਾਲ ਹੀ ਸ਼ਰਾਫ਼ਤ ਬਾਰੇ ਪ੍ਰਵਚਨ ਵੀ ਕਰੀ ਜਾਣੇ ਹਨ। ਪਰ ਸੋਚਣ ਵਾਲੀ ਗਲ ਇਹ ਹੈ ਕਿ ਕਿਸੇ ਹੋਰ ਦੇ ਸੈਕਸ-ਸਬੰਧਾਂ ਦੀ ਨਿਖੇਧੀ ਬਾਰੇ ਅਸੀ ਏਨਾ ਰੌਲਾ ਕਿਤੇ ਏਸ ਲਈ ਤਾਂ ਨਹੀਂ ਪਾਉਂਦੇ ਕਿਉਂਕਿ ਅਸੀ ਦਰਅਸਲ ਆਪਣੀ ਬੁਕਲ ਵਿਚਲੇ ਚੋਰ ਨੂੰ ਰਤਾ ਹੋਰ ਕਸ ਕੇ ਲੁਕਾਉਣ ਦੀ ਕੋਸ਼ਿਸ਼ ਰਹੇ ਹੁੰਦੇ ਹਾਂ!
ਇਸ ਕਿੱਸੇ ਨਾਲ ਜੁੜਿਆ ਇਕ ਹੋਰ ਪਹਿਲੂ ਵੀ ਵਿਚਾਰਨ ਵਾਲਾ ਹੈ। ਦੋ ਬਾਲਗ ਲੋਕਾਂ ਦੇ ਨਿਜੀ ਸਹਿਮਤੀ ਨਾਲ ਹੋਏ ਸਬੰਧਾਂ ਬਾਰੇ ਕਿੰਤੂ ਕਰਨ ਵਾਲੇ ਉਨ੍ਹਾਂ ਦੇ ਨੇੜਲੇ ਲੋਕ ਹੀ ਹੋਣੇ ਚਾਹੀਦੇ ਹਨ, ਹਰ ਜਣਾ-ਖਣਾ ‘ਸਮਾਜ ਸੁਧਾਰਕ’ ਨਹੀਂ। ਜੇ ਸੰਦੀਪ ਕੁਮਾਰ ਆਪਣੇ ਬਚਾਅ ਵਿਚ ਇਹ ਗਲ ਆਖੇ ਕਿ ਮੇਰੇ ਕੋਲੋਂ ਗਲਤੀ ਹੋਈ ਪਰ ਇਹ ਮੇਰਾ ਨਿਜੀ ਮਾਮਲਾ ਹੈ, ਤਾਂ ਮੈਂ ( ਅਤੇ ਮੇਰੇ ਵਰਗੇ ਬਹੁਤ ਸਾਰੇ ਹੋਰ) ਉਸਦੇ ਨਾਲ ਸਹਿਮਤ ਹੋਵਾਂਗੇ। ਪਰ ਉਸਦਾ ਇਹ ਪੈਂਤੜਾ ਕਿ ਉਸਨੂੰ ‘ਦਲਿਤ’ ਹੋਣ ਕਾਰਨ ਫਸਾਇਆ ਜਾ ਰਿਹਾ ਹੈ, ਨਿਹਾਇਤ ਬੋਗਸ ਅਤੇ ਨਿਖੇਧੀ-ਯੋਗ ਹੈ। ਇਸ ਢਕੋਸਲੇ ਨਾਲ ਉਹ ਆਪਣੇ ਪੱਖ ਨੂੰ ਕਮਜ਼ੋਰ ਕਰ ਰਿਹਾ ਹੈ, ਮਜ਼ਬੂਤ ਨਹੀਂ। ਮੰਤਰੀ-ਪੱਧਰ ਦੇ ਮਨੁਖ ਦਾ ਇਹੋ ਜਿਹੇ ਮਾਮਲੇ ਵਿਚ ਫਸ ਜਾਣ ਉਤੇ ‘ਦਲਿਤ’ ਹੋਣ ਦਾ ਪੱਤਾ ਖੇਡਣਾ ਉਸ ਵੱਲੋਂ ਆਪਣੇ ਉਨ੍ਹਾਂ ਦਲਿਤ ਵੀਰਾਂ ਨਾਲ ਸਰਾਸਰ ਨਾ-ਇਨਸਾਫ਼ੀ ਹੈ, ਜੋ ਸਚਮੁਚ ਰੋਜ਼ਾਨਾ ਜ਼ਿੰਦਗੀ ਵਿਚ ਦਲਿਤ ਹੋਂਦ ਦਾ ਸੰਤਾਪ ਭੋਗਦੇ ਹਨ।
ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਦੀਪ ਕੁਮਾਰ ਨੂੰ ਅਹੁਦਿਉਂ ਲਾਹੁਣ ਵਿਚ ਰਤਾ ਵੀ ਢਿਲ ਨਹੀਂ ਕੀਤੀ ਅਤੇ ਮਾਮਲੇ ਨੂੰ ਅਗੇ ਵਧਣ ਨਹੀਂ ਦਿੱਤਾ। ਇਸ ਗਲ ਨੂੰ ਉਹ ਵਾਰ-ਵਾਰ ਦੁਹਰਾ ਵੀ ਰਹੇ ਹਨ ਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨਾਲੋਂ ਵਖਰੀ ਹੈ ਅਤੇ ਇਹੋ ਜਿਹੇ ਮਾਮਲਿਆਂ ਨੂੰ ਬਿਲਕੁਲ ਸਹਿਣ ਨਹੀਂ ਕਰਦੀ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਹੈ ਕਿ ਪਾਰਟੀ ਭਾਂਵੇਂ ਖਤਮ ਹੋ ਜਾਵੇ, ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਪਰ ਉਹ ਅਜਿਹੇ , ਜਾਂ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿਚ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰਨਗੇ। ਇਹ ਲਫ਼ਜ਼ ਕਹਿੰਦਿਆਂ ਸ਼ਾਇਦ ਉਨ੍ਹਾਂ ਦੇ ਮਨ ਵਿਚ ਕੁਝ ਹੀ ਦਿਨ ਪਹਿਲਾਂ ਨਸ਼ਰ ਹੋਈ ਸੁਚਾ ਸਿੰਘ ਛੋਟੇਪੁਰ ਵਾਲੀ ਵੀਡੀਓ ਦਾ ਝਾਉਲਾ ਵੀ ਸਾਹਮਣੇ ਰਿਹਾ ਹੋਵੇ। ਨੈਤਿਕਤਾ ਜਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਅਰਵਿੰਦ ਕੇਜਰੀਵਾਲ ਦੇ ਇਹੋ ਜਿਹੇ ਸਖਤ ਰੁਖ ਜਾਂ ਤਟ-ਫਟ ਫੈਸਲੇ ਸਚਮੁਚ ਬਾਕੀ ਦਲਾਂ ਦੇ ਇਹੋ ਜਿਹੇ ਸਮਿਆਂ ਉਤੇ ਨਜ਼ਰ ਆਉਣ ਵਾਲੇ ਜੱਕੋ-ਤਕਿਆਂ ਤੋਂ ਲਾਂਭੇ ਦਿਸਦੇ ਹਨ। ਪਰ ਕੁਝ ਸਿਧਾਂਤਕ ਮਾਮਲਿਆਂ ਵਿਚ ਅਰਵਿੰਦ ਕੇਜਰੀਵਾਲ ਓਨੀ ਹੀ ਕਾਹਲ ਨਾਲ ਗੋਡੇ ਟੇਕਦੇ ਵੀ ਨਜ਼ਰ ਆਂਦੇ ਹਨ।
ਅਜੇ ਕੁਝ ਹੀ ਦਿਨ ਪਹਿਲਾਂ ਹਰਿਆਣਾ ਅਸੰਬਲੀ ਨੂੰ ਜੈਨ ਮੁਨੀ ਤਰੁਨ ਸਾਗਰ ਨੇ ਆਪਣੇ ਧਰਮ ਦੀ ਰਵਾਇਤ ਮੁਤਾਬਕ ਨਗਨ ਅਵਸਥਾ ਵਿਚ ਸੰਬੋਧਨ ਕੀਤਾ ਸੀ ਜਿਸ ਗਲ ਦੀ ਤਰਕਸ਼ੀਲ ਅਤੇ ਧਰਮ-ਨਿਰਪੱਖ ਲੋਕਾਂ ਵਲੋਂ ਕਾਫ਼ੀ ਆਲੋਚਨਾ ਹੋਈ। ਬਹੁਤਾ ਇਸ ਕਰਕੇ ਕਿ ਇਕ ਤਾਂ ਅਸੰਬਲੀ ਸੰਤਾਂ ਦੇ ਪ੍ਰਵਚਨਾਂ ਲਈ ਬਣੀ ਥਾਂ ਨਹੀਂ (ਅਜ ਜੇ ਕੋਈ ਜੈਨ ਸਾਧੂ ਆ ਸਕਦਾ ਹੈ ਤਾਂ ਫੇਰ ਕਲ ਕਿਸੇ ਨਿਹੰਗ ਜਾਂ ਮੌਲਵੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ) ਅਤੇ ਦੂਜੇ ਇਸ ਕਾਰਨ ਕਿ ਇਹ ਇਕ ਮਾੜੀ ਪਿਰਤ ਦੀ ਸ਼ੁਰੂਆਤ ਹੈ ( ਅਜ ਹਰਿਆਣੇ ਦੀ ਅਸੰਬਲੀ ਵਿਚ ਸੰਤ ਸਦੇ ਗਏ ਹਨ, ਕਲ ਨੂੰ ਪਾਰਲੀਮੈਂਟ ਵਿਚ ਸਦਣੇ ਸ਼ੁਰੂ ਕਰ ਦਿਓਗੇ) । ਸੋਸ਼ਲ ਮੀਡੀਏ ਉਤੇ ਆਮ ਆਦਮੀ ਪਾਰਟੀ ਦੇ ਸਰਗਰਮ ਸਮਰਥਕ ਅਤੇ ਮੈਂਬਰ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਵੀ ਆਪਣੀਆਂ ਟਵੀਟਾਂ ਰਾਹੀਂ ਇਸ ਵਾਪਰਨੀ ਦੀ ਬਹੁਤ ਕਾਟਵੇਂ ਸ਼ਬਦਾਂ ਵਿਚ ਆਲੋਚਨਾ ਕੀਤੀ ਸੀ ।ਅੰਗਰੇਜ਼ੀ ਦੇ ਸ਼ਬਦ ਮੰਕ( ਸੰਤ) ਅਤੇ ਮੌਕਰੀ (ਖਿੱਲੀ ਉਡਾਉਣਾ) ਨੂੰ ਜੋੜ ਕੇ ਉਸਨੇ ਇਕ ਨਵਾਂ ਸ਼ਬਦ ‘ਮੰਕਰੀ’ ਘੜ ਕੇ ਲਿਖਿਆ ਸੀ ਕਿ ਕਿਸੇ ਮੁਨੀ ਨੂੰ ਅਸੰਬਲੀ ਵਿਚ ਬੁਲਾਉਣਾ ‘ਸੰਵਿਧਾਨ ਦੀ ਮੰਕਰੀ ( ਯਾਨੀ ਕਿਸੇ ਸੰਤ ਰਾਹੀਂ ਸੰਵਿਧਾਨ ਦੀ ਖਿੱਲੀ ਉਡਾਉਣ) ਦੇ ਤੁਲ ਹੈ’। ਇਹ ਨਵੀਂ ਸ਼ਬਦ ਘਾੜ ਸੁਣਨ ਵਿਚ ਬਾਂਦਰ ਲਈ ਵਰਤੇ ਜਾਂਦੇ ਅੰਗਰੇਜ਼ੀ ਸ਼ਬਦ ‘ਮੰਕੀ’ ਨਾਲ ਮੇਲ ਖਾਂਦੀ ਹੋਣ ਕਰਕੇ ਜੈਨ ਮਤ ਦੇ ਹੀ ਨਹੀਂ, ਬਹੁਤ ਸਾਰੇ ਹੋਰ ਸ਼ਰਧਾਵਾਨ ਲੋਕ ਵੀ ਡਡਲਾਨੀ ਦੇ ਪਿਛੇ ਪੈ ਗਏ, ਅਤੇ ਉਸਨੇ ਇਹ ਕਹਿੰਦਿਆਂ ਮੁਆਫ਼ੀ ਵੀ ਮੰਗ ਲਈ ਕਿ ਉਸਦੀ ਮਨਸ਼ਾ ਕਿਸੇ ਧਰਮ ਦੇ ਲੋਕਾਂ ਨੂੰ ਛੁਟਿਆਉਣਾ ਨਹੀਂ, ਇਕ ਗੈਰ-ਸੰਵਿਧਾਨਕ ਵਰਤਾਰੇ ਵਲ ਧਿਆਨ ਦੁਆਉਣਾ ਸੀ। ਪਰ ਗਲ ਏਥੇ ਹੀ ਨਾ ਮੁਕੀ, ਵਿਸ਼ਾਲ ਡਡਲਾਨੀ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ। ਆਪ ਦੇ ਸਰਗਰਮ ਸਮਰਥਕ ਵਿਸ਼ਾਲ ਡਡਲਾਨੀ ਅਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵਿਚਕਾਰ ਅੰਦਰਖਾਤੇ ਕੀ ਵਿਚਾਰ-ਵਟਾਂਦਰਾ ਹੋਇਆ , ਇਸਦੀ ਕੋਈ ਉਘ ਸੁਘ ਨਾ ਨਿਕਲੀ, ਪਰ ਕੁਝ ਤਾਂ ਜ਼ਰੂਰ ਹੋਇਆ ਕਿ ਡਡਲਾਨੀ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਪਰ ਤਾਂ ਮਾਮਲਾ ਏਥੇ ਤਕ ਹੀ ਸੀਮਤ ਨਾ ਰਿਹਾ।
ਵਿਸ਼ਾਲ ਡਡਲਾਨੀ ਦੇ ਜੈਨ ਮੁਨੀ ਕੋਲੋਂ ਸਿਧੇ ਮੁਆਫ਼ੀ ਮੰਗ ਲੈਣ, ਪਾਰਟੀ ਤੋਂ ਇਸਤੀਫ਼ਾ ਦੇ ਦੇਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਨਿਜੀ ਤੌਰ ਉਤੇ ਟਵੀਟ ਰਾਹੀਂ ਇਹ ਬਿਆਨ ਦੇਣ ਦੀ ਫੇਰ ਵੀ ਲੋੜ ਸਮਝੀ ਕਿ ਆਮ ਆਦਮੀ ਪਾਰਟੀ ਜੈਨ ਮੁਨੀ ਤਰੁਨ ਸਾਗਰ ਦਾ ਡੂੰਘਾ ਸਤਕਾਰ ਕਰਦੀ ਹੈ ਅਤੇ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਉਨ੍ਹਾਂ ਦੇ ਪ੍ਰਵਚਨ ਸੁਣਨ ਜਾਂਦਾ ਹੈ।
ਕਿਸੇ ਪਾਰਟੀ ਦੇ ਮੁਖੀ, ਇਕ ਸੂਬੇ ਦੇ ਮੁਖ ਮੰਤਰੀ ਵਲੋਂ ਇਹੋ ਜਿਹਾ ਬਿਆਨ ਆਉਣ ਪਿਛੇ ਕੀ ਮਜਬੂਰੀ ਸੀ? ਕੀ ਵਿਸ਼ਾਲ ਡਡਲਾਨੀ ਦਾ ਮਾਫ਼ੀ ਮੰਗ ਲੈਣਾ ਕਾਫ਼ੀ ਨਹੀਂ ਸੀ ? ਤਟ-ਫਟ ਫੈਸਲੇ ਲੈਣ ਵਾਲੇ, ਅਤੇ ਸੋਸ਼ਲ ਮੀਡੀਆ ਨੂੰ ਖੁਲ੍ਹ ਕੇ ਵਰਤਣ ਵਾਲੇ ਅਰਵਿੰਦ ਕੇਜਰੀਵਾਲ ਨੇ ਇਕ ਵੀ ਸ਼ਬਦ ਇਸ ਬਾਰੇ ਨਹੀਂ ਕਿਹਾ ਕਿ ਕਿਸੇ ਧਾਰਮਕ ਆਗੂ ਨੂੰ ਅਸੰਬਲੀ ਵਿਚ ਬੁਲਾਉਣ ਦੇ ਸਹੀ ਜਾਂ ਗਲਤ ਹੋਣ ਬਾਰੇ ਉਨ੍ਹਾਂ ਦੀ ਬਤੌਰ ਸੈਕੂਲਰ, ਸੰਵਿਧਾਨਕ ਅਹੁਦੇਦਾਰ ਕੀ ਰਾਏ ਹੈ। ਜੇ ਉਹ ਦੇਣਾ ਹੀ ਚਾਹੁੰਦੇ ਸਨ ਤਾਂ ਆਪਣੀ ਰਾਏ ਇਸ ਵਰਤਾਰੇ ਬਾਰੇ ਵੀ ਦੇਂਦੇ: ਭਲਾ ਆਮ ਆਦਮੀ ਦਾ ਇਸ ਗਲ ਨਾਲ ਕੀ ਲੈਣਾ ਦੇਣਾ ਕਿ ਕੇਜਰੀਵਾਲ ਦਾ ਆਪਣਾ ਪਰਵਾਰ ਕਿਸ ਦੇ ਪ੍ਰਵਚਨ ਸੁਣਨ ਜਾਂਦਾ ਹੈ, ਜਾਂ ਨਹੀਂ ਜਾਂਦਾ!
ਆਪਣੇ ਆਗੂ ਵਿਚਲੀਆਂ ਇਨ੍ਹਾਂ ਕਮਜ਼ੋਰੀਆਂ ਬਾਰੇ ਕੁਝ ਵਿਚਾਰ ਉਨ੍ਹਾਂ ਦੇ ਤਰਕਸ਼ੀਲ ਪੈਰੋਕਾਰਾਂ ਨੂੰ ਵੀ ਕਰਨ ਦੀ ਲੋੜ ਹੈ।