ਇਕ ਮਿਨਟ ਰੁਕਣਾ। ਮੈਂ ਪਾਕਿਸਤਾਨ ਦੀ ਤੁਲਨਾ ਭਾਰਤ ਨਾਲ ਕਰ ਦਿੱਤੀ ਹੈ। ਦੋਹਾਂ ਨੂੰ ਇਕੋ ਤਕੜੀ ਦੇ ਛਾਬਿਆਂ ਵਿੱਚ ਬਰੋਬਰ ਤੋਲ ਦਿੱਤਾ ਹੈ। ਤੇ ਸਿਰਫ਼ ਏਨਾ ਹੀ ਨਹੀਂ ਮੈਂ ਕੇਂਦਰੀ ਰੱਖਿਆ ਮੰਤਰੀ ਦੇ ਬਿਆਨ ਨੂੰ ‘ਮੂਰਖਤਾਪੂਰਨ’ ਕਹਿਣ ਦੀ ਹਿਮਾਕਤ ਵੀ ਕੀਤੀ ਹੈ। ਮੇਰੇ ਤੋਂ ਵੱਡਾ ਰਾਸ਼ਟਰ ਵਿਰੋਧੀ, ਰਾਜ-ਧਰੋਹੀ ਕੌਣ ਹੋ ਸਕਦਾ ਹੈ? ਮੈਨੂੰ ਫੌਰਨ ਅੰਦਰ ਕਰ ਦਿੱਤਾ ਜਾਣਾ ਚਾਹੀਦਾ ਹੈ, ਮੇਰੇ ਉਤੇ ਰਾਜ-ਧਰੋਹ ਦਾ ਮੁਕਦਮਾ ਥੋਪਿਆ ਜਾਣਾ ਚਾਹੀਦਾ ਹੈ। ਪਰ ਮੇਰੀ ਖੁਸ਼ਕਿਸਮਤੀ ਕਹਿ ਲਉ ਕਿ ਮੈਂ ਛੋਟੇ ਜਿਹੇ ਸੂਬੇ ਦੀ, ਛੋਟੀ ਜਿਹੀ ਪਾਠਕ ਗਿਣਤੀ ਨੂੰ ਮੁਖਾਤਬ ਹੋਣ ਵਾਲਾ, ਅਦਨਾ ਜਿਹਾ ਲੇਖਕ ਹਾਂ ਅਤੇ ਇਸ ਕਾਰਨ ਕਿਸੇ ਦਾ ਧਿਆਨ ਮੇਰੇ ਵਲ ਕੇਂਦਰਤ ਨਹੀਂ। ਵਰਨਾ ਜਿਸ ਵਰਜਣਾ ਨੂੰ ਮੈਂ ਉਪਰੋਕਤ ਸਤਰਾਂ ਵਿੱਚ ਪਾਰ ਕੀਤਾ ਹੈ , ਅੱਜਕੱਲ ਤਾਂ ਉਸਤੋਂ ਕਿਤੇ ਉਰ੍ਹੇ ਰਹਿਣ ਵਾਲਿਆਂ ਉਤੇ ਵੀ ਮੁਕੱਦਮੇ ਚਲਾਉਣ, ਉਨ੍ਹਾਂ ਉਤੇ ਹਮਲੇ ਕਰਨ ਦਾ ਮਾਹੌਲ ਸਿਰਜਿਆ ਜਾ ਚੁੱਕਾ ਹੈ।
ਅਜੇ ਦੋ ਹਫ਼ਤੇ ਪਹਿਲਾਂ ਪੱਤਰਕਾਰ ਸੀਮਾ ਮੁਸਤਫ਼ਾ ਉਤੇ ਰਾਜ-ਧਰੋਹ ਦਾ ਮੁਕਦਮਾ ਥੋਪਿਆ ਗਿਆ ਹੈ। ਸਿਰਫ਼ ਇਸ ਆਧਾਰ ਉਤੇ ਕਿ ਉਹ ਇਕ ਅਜਿਹੇ ਸਮਾਗਮ ਦਾ ਸੰਚਾਲਨ ਕਰ ਰਹੀ ਸੀ, ਜਿਥੇ ਕਸ਼ਮੀਰ ਬਾਰੇ ਬਹਿਸ ਹੋ ਰਹੀ ਸੀ। ਯਾਨੀ, ਹੁਣ ਕਿਸੇ ਭਖਵੇਂ ਮੁਦੇ ਉਤੇ ਬਹਿਸ ਕਰਨਾ ਜਾਂ ਉਸ ਬਾਰੇ ਸਰਕਾਰ ਤੋਂ ਉਲਟ ਰਾਏ ਰਖਣਾ ਹੀ ਖਤਰਨਾਕ ਨਹੀਂ, ਅਜਿਹੀ ਬਹਿਸ ਦਾ ‘ਮਾਡਰੇਟਰ’ ਹੋਣਾ ਵੀ ਰਾਜ-ਧਰੋਹ ਹੈ।
ਅਤੇ ਲੰਘੇ ਹਫ਼ਤੇ ਕਰਨਾਟਕਾ ਵਿੱਚ ਭਾਜਪਾ ਦੇ ਸਰਗਰਮ ਆਗੂ ਅਤੇ ਵਕੀਲ ਵਿਠਲ ਗੌਡਾ ਨੇ ਫਿਲਮ ਅਦਾਕਾਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਮਿਆ ਉਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਸ ਉਤੇ ਰਾਜ-ਧਰੋਹ ਦਾ ਮੁਕਦਮਾ ਚਲਾਇਆ ਜਾਵੇ । ਉਸਦੇ ਰਾਜ-ਧਰੋਹ ਦਾ ਸਬੂਤ ਇਹ ਹੈ ਕਿ ਉਹ ਹੁਣੇ ਹੁਣੇ ਸਾਰਕ ਦੇ ਨੌਜਵਾਨ ਪਾਰਲੀਮੈਂਟ ਮੈਂਬਰਾਂ ਦੀ ਮਿਲਣੀ ਤਹਿਤ ਪਾਕਿਸਤਾਨ ਹੋ ਕੇ ਆਈ ਹੈ ਅਤੇ ਉਸਨੇ ਰੱਖਿਆ ਮੰਤਰੀ ਦੇ ‘ਪਾਕਿਸਤਾਨ ਨਰਕ ਹੈ’ ਵਾਲੇ ਬਿਆਨ ਨਾਲ ਅਸਹਿਮਤੀ ਪਰਗਟ ਕਰਦਿਆਂ ਕਿਹਾ ਹੈ, “ ਪਾਕਿਸਤਾਨ ਨਰਕ ਨਹੀਂ ਹੈ। ਪਾਕਿਸਤਾਨ ਦੇ ਲੋਕ ਸਾਡੇ ਪ੍ਰਤੀ ਚੰਗੀ ਭਾਵਨਾ ਰਖਦੇ ਹਨ ਅਤੇ ਉਨ੍ਹਾਂ ਸਾਡੀ ਮਹਿਮਾਨਨਵਾਜ਼ੀ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ”। ਇਸ ਬਿਆਨ ( ਜਿਸ ਨਾਲ ਪਾਕਿਸਤਾਨ ਹੋ ਕੇ ਆਉਣ ਵਾਲਾ ਹਰ ਜਣਾ ਸਿਰਫ਼ ਸਹਿਮਤੀ ਹੀ ਪ੍ਰਗਟਾਵੇਗਾ) ਨੇ ਅਖਿਲ-ਭਾਰਤੀ ਵਿਦਿਆਰਥੀ ਪਰੀਸ਼ਦ ਦੇ ‘ਰਾਸ਼ਟਰ-ਪ੍ਰੇਮੀ’ ਬਾਦਬਾਨਾਂ ਵਿੱਚ ਏਨੀ ਫ਼ੂਕ ਭਰੀ ਹੈ ਕਿ ਸਾਰੇ ਕਰਨਾਟਕਾ ਵਿੱਚ ਰਾਮਿਆ ਨੂੰ ‘ਦੇਸ਼-ਧਰੋਹੀ’ ਕਰਾਰਨ ਦੇ ਮੁਜ਼ਾਹਰੇ ਸ਼ੁਰੂ ਹੋ ਚੁਕੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਜਾਂ ਤਾਂ ਮੁਆਫ਼ੀ ਮੰਗੇ ਜਾਂ ਭਾਰਤ ਛਡ ਕੇ ਪਾਕਿਸਤਾਨ ਚਲੀ ਜਾਵੇ।
ਜੇ ਸਾਡੇ ਦੇਸ ਦੇ ਹਾਲਾਤ ਏਨੇ ਮਾੜੇ ਨਾ ਹੁੰਦੇ, ਜਿੰਨੇ ਪਿਛਲੇ ਦੋ ਸਾਲਾਂ ਤੋਂ ਹੋ ਗਏ ਹਨ, ਤਾਂ ਸ਼ਾਇਦ ਇਨ੍ਹਾਂ ਸਾਰੀਆਂ ਗੱਲਾਂ ਨੂੰ ਕੁਝ ਸਿਰਫਿਰਿਆਂ ਦੀਆਂ ਮੂਰਖਤਾ ਮੰਨ ਕੇ ਅਣਗੌਲਿਆਂ ਕੀਤਾ ਜਾ ਸਕਦਾ ਸੀ। ਪਰ ਜਦੋਂ ਕੇਂਦਰੀ ਮੰਤਰੀਆਂ ਵਰਗੇ ਰੁਤਬਾ-ਨਸ਼ੀਨ ਅਧਿਕਾਰੀ ਇੰਜ ਅਵਾ ਤਵਾ ਬੋਲਣ ਲਗ ਪੈਣ ਤਾਂ ਹੇਠਲੀ ਪਧਰ ਉਤੇ ਫੈਲ ਰਹੇ ਇਸ ਜ਼ਹਿਰ ਨੂੰ ਅਖੋਂ ਪਰੋਖੇ ਕਰਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ, ਅਤੇ ਹੋ ਰਿਹਾ ਹੈ। ਰਾਸ਼ਟਰ-ਪ੍ਰੇਮ ਦੀ ਇਕ ਨਵੀਂ ਪਰਿਭਾਸ਼ਾ ਸਿਰਜੀ ਜਾ ਰਹੀ ਹੈ ਜਿਸ ਦੀਆਂ ਅਜੀਬੋ-ਗਰੀਬ ਕਸੌਟੀਆਂ ਮਿਥੀਆਂ ਜਾ ਰਹੀਆਂ ਹਨ। ਝਾਰਖੰਡ ਦੇ ਮੁਖ ਮੰਤਰੀ ਰਘੁਬਰ-ਦਾਸ ਨੇ ਅਜੇ ਪਿਛਲੇ ਹਫ਼ਤੇ ਹੀ ਕਿਹਾ ਹੈ ਕਿ ਜਿਹੜੇ ਲੋਕ ਭਾਰਤ ਨੂੰ ਆਪਣਾ ਦੇਸ ਸਮਝਦੇ ਹਨ, ਉਨ੍ਹਾਂ ਲਈ ਗਊ ਨੂੰ ਮਾਂ ਸਮਾਨ ਮੰਨਣਾ ਜ਼ਰੂਰੀ ਹੈ। ਇਸ ਕਸੌਟੀ ਅਨੁਸਾਰ ਗਊ-ਮਾਸ ਖਾਣ ਵਾਲਿਆਂ ਦੀ ਗਲ ਤਾਂ ਲਾਂਭੇ ਰਹੀ, ਹਰ ਉਹ ਤਰਕਸ਼ੀਲ ਮਨੁਖ ਵੀ ਭਾਰਤ ਤੋਂ ਛੇਕਿਆ ਜਾਣਾ ਚਾਹੀਦਾ ਹੈ ਜੋ ਗਾਂ ਨੂੰ ਮਹਿਜ਼ ਇਕ ਦੁਧਾਰੂ ਜਾਨਵਰ ਸਮਝਦਾ ਹੈ, ਕੋਈ ਮਾਤਾ-ਸ਼ਾਤਾ ਨਹੀਂ।
ਇਕ ਪਾਸੇ ਕਸ਼ਮੀਰ ਬਲ ਰਿਹਾ ਹੈ, ਅੱਗ ਡੇਢ ਮਹੀਨੇ ਦੇ ਵਕਫ਼ੇ ਪਿਛੋਂ ਵੀ ਕਾਬੂ ਨਹੀਂ ਆ ਰਹੀ ਤੇ ਦੂਜੇ ਪਾਸੇ ‘ਰਾਸ਼ਟਰ-ਭਗਤੀ’ ਦੀਆਂ ਇਹ ਨਵੀਂਆਂ ਕਸੌਟੀਆਂ ਘੜੀਆਂ ਜਾ ਰਹੀਆਂ ਹਨ, ‘ਤਿਰੰਗਾ ਯਾਤਰਾ’ ਵਰਗੇ ਢਕੋਸਲਿਆਂ ਨਾਲ ਜਨਤਾ ਦਾ ਧਿਆਨ ਹੋਰਥੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਰੇ ਮਾਹੌਲ ਵਿੱਚ ਇਸ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਸ਼ਟਰ ਪ੍ਰੇਮੀ ਸਿਰਫ਼ ਉਹ ਹੈ ਜੋ ਸੰਘ, ਭਾਜਪਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਵਰਗੀਆਂ ਉਸਦੀਆਂ ਹੇਠਲੀਆਂ ਇਕਾਈਆਂ ਦੀ ਵਿਚਾਰਧਾਰਾ ਦਾ ਧਾਰਨੀ ਹੈ। ਅਤੇ ਨਾਲ ਹੀ ਇਹ ਭੰਬਲ-ਭੂਸਾ ਪਾਇਆ ਜਾ ਰਿਹਾ ਹੈ ਕਿ ਵੇਲੇ ਦੀ ਸਰਕਾਰ ਦੀ ਕਿਸੇ ਵੀ ਕਿਸਮ ਦੀ ਆਲੋਚਨਾ ਕਰਨਾ ‘ਰਾਜ-ਧਰੋਹ’ ਹੈ। ਸ਼ੁਰੂ ਸ਼ੁਰੂ ਵਿੱਚ ਪਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰਨ ਵਾਲੇ ਉਤੇ ਸੰਘ-ਪਰਵਾਰੀਏ ‘ਰਾਜ-ਧਰੋਹ’ ਦੇ ਖੁਰ ਚੁਕ ਕੇ ਪੈ ਜਾਂਦੇ ਸਨ , ਪਰ ਹੁਣ ਕਿਸੇ ਵੀ ਲੀਡਰ ਜਾਂ ਮੰਤਰੀ ਦੇ ਬਿਆਨ ਦੀ ਆਲੋਚਨਾ ਨੂੰ ‘ਰਾਜ-ਧਰੋਹ’ ਗਰਦਾਨਿਆ ਜਾ ਰਿਹਾ ਹੈ।
ਪਿਛਲੇ ਵਰ੍ਹੇ ਜਿਸ ਵਾਤਾਵਰਣ ਨੂੰ ‘ਅਸਹਿਣਸ਼ੀਲਤਾ’ ਦਾ ਮਾਹੌਲ ਦਸਦਿਆਂ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਆਪਣੇ ਇਨਾਮ ਮੋੜਨੇ ਸ਼ੁਰੂ ਕੀਤੇ ਸਨ, ਉਹ ਹੁਣ ਸਾਡੇ ਮੁਲਕ ਦੀ ਫਿਜ਼ਾ ਵਿੱਚ ਚੰਗੀ ਤਰ੍ਹਾਂ ਬਿਠਾ ਦਿੱਤਾ ਗਿਆ ਹੈ। ਘਟਗਿਣਤੀਆਂ ਉਤੇ ਹਮਲਿਆਂ ਦੇ ਭੈਅ ਦੀ ਤਲਵਾਰ, ਦਲਿਤਾਂ ਉਤੇ ਅਤਿਆਚਾਰ ਅਤੇ ਹਰ ਸਰਕਾਰ-ਆਲੋਚਕ ਵਿਚਾਰਧਾਰਾ ( ਮਾਓਵਾਦੀਆਂ ਵਰਗੇ ਸਿਰੇ ਦੇ ਖੱਬੇਪੱਖੀਆਂ ਤੋਂ ਲੈ ‘ਅੇਮਨੇਸਟੀ ਇੰਟਰਨੈਸ਼ਨਲ’ ਵਰਗੇ ਪੱਛਮ-ਪ੍ਰਸਤ ਸੰਸਥਾਨਾਂ ਤਕ) ਨੂੰ ਦਬਾਉਣ ਦੀਆਂ ਘਟਨਾਵਾਂ ਆਮ ਹੋ ਚੁਕੀਆਂ ਹਨ। ਸ਼ਾਇਦ ਸਰਕਾਰ ਦਾ ਪੈਂਤੜਾ ਹੀ ਇਹੋ ਹੈ ਕਿ ਅਜਿਹੇ ਹਮਲਿਆਂ ਨੂੰ ਲਗਾਤਾਰ ਅਤੇ ਤਾਬੜਤੋੜ ਜਾਰੀ ਰੱਖਿਆ ਜਾਵੇ ਤਾਂ ਜੋ ਹੌਲੀ ਹੌਲੀ ਲੋਕਾਂ ਨੂੰ ਇਹ ਸਭ ਆਮ ਵਰਤਾਰਾ ਹੀ ਜਾਪਣ ਲਗ ਪਵੇ ਅਤੇ ਉਹ ਅਖਬਾਰਾਂ ਵਿੱਚ ਬਲਾਤਕਾਰ ਜਾਂ ਚੋਰੀ/ਕਤਲਾਂ ਦੀਆਂ ਰੋਜ਼ ਛਪਣ ਵਾਲੀਆਂ ਖਬਰਾਂ ਵਾਂਗ ਇਨ੍ਹਾਂ ਗੱਲਾਂ ਨੂੰ ਵੀ ਹੋਊ-ਪਰ੍ਹੇ ਕਰ ਦਿਆ ਕਰਨ। ਇਕੋ ਵੇਲੇ ਕਈ ਸੁਰਾਂ ਵਿੱਚ ਬੋਲ ਕੇ ਭੰਬਲਭੂਸਾ ਪਾਈ ਰਖਣ ਵਾਲੀ ਸਾਡੀ ਸਰਕਾਰ ਦਾ ਉਪਰਾਲਾ ਹੈ ਕਿ ‘ਰਾਸ਼ਟਰ-ਪ੍ਰੇਮ’ ਦੇ ਨਵੇਂ ਪੈਮਾਨੇ ਸਿਰਜ ਕੇ ਜਨਤਾ ਅੰਦਰਲੀ ਸੰਵੇਦਨਸ਼ੀਲਤਾ ਜਾਂ ਰੋਹ-ਭਾਵਨਾ ਹੀ ਖੁੰਢੀ ਕਰ ਦਿੱਤੀ ਜਾਵੇ।
ਆਪਣੀ ਇਸ ਯੋਜਨਾ ਵਿੱਚ ਸਰਕਾਰ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਉਸਦੀ ਦੋਗਲੀ ਚਤਰਾਈ ਅਤੇ ਜਬਰ ਉਤੇ ਨਿਰਭਰ ਹੈ। ਭਾਰਤ ਦੇ ਬਹੁ-ਧਰਮੀ ਅਤੇ ਬਹੁ-ਰੰਗੇ ਖਾਸੇ ਨੂੰ ਬਚਾ ਕੇ ਰੱਖਣ ਵਿੱਚ ਅਸੀ ਕਿੰਨੇ ਕੁ ਸਫ਼ਲ ਹੁੰਦੇ ਹਾਂ, ਇਹ ਸਾਡੇ ਸਿਰੜ ਅਤੇ ਸੰਘਰਸ਼ ਦਾ ਇਮਤਿਹਾਨ ਹੈ।
rajinder
sukirat ji ise tra deean likhtan dee lod hai aaj de sme ch