Thu, 21 November 2024
Your Visitor Number :-   7254032
SuhisaverSuhisaver Suhisaver

ਇੱਕ ਸੀ ਹਿੜਮੇ ਅਤੇ ਇੱਕ ਸੀ ਸੰਵਿਧਾਨ ਜੋ ਬਸਤਰ ਵਿੱਚ ਕਿਤੇ ਗੁੰਮ ਹੋ ਗਿਆ - ਅਨੰਤ ਰਾਏ

Posted on:- 22-08-2016

suhisaver

ਹਿੜਮੇ ਦੀ ਕਹਾਣੀ ਛੱਤੀਸਗੜ ਦੇ ਸੁਕਮਾ ਜ਼ਿਲ੍ਹੇ ਦੇ ਗੋਮਪਾੜ ਪਿੰਡ ਨਾਲ ਸੰਬੰਧ ਰੱਖਦੀ ਹੈ। 21 ਸਾਲਾਂ ਦੀ ਆਦਿਵਾਸੀ ਕੁੜੀ ਮੜਕਮ ਹਿੜਮੇ ਇੱਥੇ ਆਪਣੇ ਪੇਕੇ ਘਰ ਰਹਿ ਰਹੀ ਸੀ। ਉਸ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਿਨ ਯਾਨੀ 13 ਜੂਨ ਨੂੰ ਹਿੜਮੇ ਦੀ ਸਿਹਤ ਠੀਕ ਨਹੀਂ ਸੀ। ਰਾਤ ਨੂੰ ਹੀ ਉਸ ਨੂੰ ਹਲਕਾ ਬੁਖਾਰ ਸੀ, ਉਸਦੀ ਮਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ। ਪਰ ਉਹ ਘਰ ਦੇ ਕੰਮ-ਕਾਰ ਵਿੱਚ ਹੱਥ ਬਟਾਉਣ ਲੱਗੀ ਰਹੀ। ਉਦੋਂ ਘਰ ਦੇ ਬਾਹਰ ਅਚਾਨਕ ਕੁਝ ਕਦਮਾਂ ਦੇ ਤੇਜ਼ੀ ਨਾਲ ਚੱਲਣ ਦੀ ਆਵਾਜ਼ ਆਈ। ਉਹ ਉਸ ਸਮੇਂ ਵਿਹੜੇ ਦੇ ਇੱਕ ਕੋਨੇ ਵਿੱਚ ਬੈਠੀ ਝੋਨਾ ਕੁੱਟ ਰਹੀ ਸੀ। ਉਸ ਦੇ ਹੱਥ ਰੁਕ ਗਏ। ਉਦੋਂ ਪੁਲਿਸ ਦੇ ਕੁਝ ਜਵਾਨ ਧੜ-ਧੜਾਉਦੇ ਹੋਏ ਅੰਦਰ ਆ ਗਏ ਅਤੇ ਉਸ ਨੂੰ ਫੜ੍ਹ, ਖਿੱਚ-ਧੋਹ ਕਰਨ ਲੱਗੇ।

ਹਿੜਮੇ ਦੀ ਚੀਕ ਸੁਣ ਕੇ ਉਸਦੀ ਮਾਂ ਲਕਸ਼ਮੀ ਭੱਜੀ ਆਈ ਅਤੇ ਉਸ ਨੇ ਪੁਲਿਸ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਪੁਲਿਸ ਵਾਲੇ ਨੇ ਮਾਂ ਨੂੰ ਧੱਕਾ ਦਿੱਤਾ ਅਤੇ ਉਹ ਡਿੱਗ ਪਈ। ਹੋਰ ਪੁਲਿਸ ਵਾਲੇ ਉਸਨੂੰ ਬੰਦੂਕ ਦੇ ਹੱਥੇ ਅਤੇ ਬੂਟਾਂ ਨਾਲ ਮਾਰਨ ਲੱਗ ਗਏ। ਲਕਸ਼ਮੀ ਬੇਵੱਸ਼ ਚੀਕਦੀ ਰਹੀ ਅਤੇ ਪੁਲਿਸ ਵਾਲੇ ਹਿੜਮੇ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ।

ਇਹ ਮਾਓਵਾਦੀਆਂ ਨਾਲ ਨਜਿੱਠਣ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਸੀ। ਟਾਸਕ ਫੋਰਸ ਦੇ ਜਵਾਨਾਂ ਦੀ ਇਹ ਟੀਮ ਹਿੜਮੇ ਨੂੰ ਲੈ ਕੇ ਨੇੜੇ ਦੇ ਜੰਗਲ ਚਲੀ ਗਈ, ਜਿੱਥੇ ਪਿੰਡ ਵਾਲਿਆਂ ਦੇ ਅਨੁਸਾਰ ਉਸ ਨਾਲ ਸਾਮੂਹਿਕ ਬਲਾਤਕਾਰ ਕੀਤਾ ਗਿਆ। ਜਿਸ ਜੰਗਲ ਵਿੱਚ ਹਿੜਮੇ ਨੂੰ ਲੈ ਕੇ ਪੁਲਿਸ ਵਾਲੇ ਗਏ ਸਨ, ਉਸੇ ਜੰਗਲ ਵਿੱਚ ਕੁੱਝ ਪਿੰਡ ਵਾਲੇ ਵੀ ਸ਼ਿਕਾਰ ਦੀ ਤਲਾਸ਼ ਵਿੱਚ ਘੁੰਮ ਰਹੇ ਸਨ। ਹਿੜਮੇ ਦੀ ਚੀਕ ਸੁਣ ਕੇ ਉਹ ਆਪਣੇ ਤੀਰ ਕਮਾਨ ਲੈ ਕੇ ਮੱਦਦ ਲਈ ਪੁੱਜੇ। ਪਰ ਪੁਲਿਸ ਵਾਲਿਆਂ ਨੇ ਆਪਣੀਆਂ ਰਫ਼ਲਾਂ ਤਾਣ ਉਨ੍ਹਾਂ ਨੂੰ ਭਜਾ ਦਿੱਤਾ। ਪਿੰਡ ਵਾਲਿਆਂ ਨੇ ਜੰਗਲ ਵਿੱਚ ਝਾੜੀਆਂ ਕੋਲ ਹਿੜਮੇ ਦੀਆਂ ਟੁੱਟੀਆਂ ਚੂੜੀਆਂ ਵੇਖੀਆਂ ਸਨ। ਸਾਰਾ ਦਿਨ ਗੁਜ਼ਰ ਗਿਆ। ਲਕਸ਼ਮੀ ਨੂੰ ਹਿੜਮੇ ਦੇ ਬਾਰੇ ਕੁੱਝ ਵੀ ਪਤਾ ਨਹੀਂ ਲੱਗਿਆ। ਉਹ ਰਾਤ ਭਰ ਬੇਚੈਨ ਰਹੀ। ਅਗਲੇ ਦਿਨ 14 ਜੂਨ ਨੂੰ ਪਿੰਡ ਸਕੱਤਰ ਦੇ ਕੋਲ ਕਿਸੇ ਦਾ ਫੋਨ ਆਇਆ ਅਤੇ ਕਿਹਾ ਗਿਆ ਸੀ ਕਿ ਮੜਕਮ ਹਿੜਮੇ ਦੀ ਲਾਸ਼ ਚਾਹੀਦੀ ਹੈ ਤਾਂ ਕੋਂਟਾ ਥਾਣੇ ਆ ਕੇ ਲੈ ਜਾਓ। ਸਕੱਤਰ ਨੇ ਹਿੜਮੇ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਅਤੇ ਜਦੋਂ ਉਸਦੀ ਮਾਂ ਲਕਸ਼ਮੀ ਪਿੰਡ ਵਾਲਿਆਂ ਦੇ ਨਾਲ ਥਾਣੇ `ਚ ਪਹੁੰਚੀ ਤਾਂ ਉੱਥੇ ਦਾ ਦ੍ਰਿਸ਼ ਵੇਖ ਹੈਰਾਨ ਰਹਿ ਗਈ। ਉਸ ਨੇ ਵੇਖਿਆ ਕਿ ਹਿੜਮੇ ਦੀ ਲਾਸ਼ ਇੱਕ ਪਾਲੀਥੀਨ ਵਿੱਚ ਲਿਪਟੀ ਸੜਕ `ਤੇ ਪਈ ਹੈ। ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹ ਮਾਓਵਾਦੀ ਹੈ ਅਤੇ ਇਸਦਾ ਮੁਕਾਬਲਾ ਕਰ ਦਿੱਤਾ ਗਿਆ ਹੈ।

ਅਗਲੇ ਦਿਨ 15 ਜੂਨ ਨੂੰ ਪਿੰਡ ਵਾਲਿਆਂ ਦੇ ਕਹਿਣ ਉੱਤੇ ਰਿਸ਼ਤੇਦਾਰਾਂ ਨੇ ਹਿੜਮੇ ਨੂੰ ਦਫ਼ਨਾ ਦਿੱਤਾ। ਛੱਤੀਸਗੜ ਪੁਲਿਸ ਦਾ ਕਹਿਣਾ ਹੈ ਕਿ ਹਿੜਮੇ ਮਾਓਵਾਦੀ ਕਾਰਕੁਨ ਸੀ ਅਤੇ ਮਾਓਵਾਦੀਆਂ ਦੀ ਕਿਸਤਾਰਾਮ ਪਲਾਟੂਨ ਨੰਬਰ-8 ਦੀ ਮੈਂਬਰ ਸੀ। ਪੁਲਿਸ ਨੇ ਦੱਸਿਆ ਕਿ ਗੋਮਪਾੜ ਪਿੰਡ ਕੋਲ ਜੰਗਲ ਵਿੱਚ ਮਾਓਵਾਦੀਆਂ ਨਾਲ ਹੋਏ ਇੱਕ ਮੁਕਾਬਲੇ ਵਿੱਚ ਉਹ ਮਾਰੀ ਗਈ। ਪੁਲਿਸ ਵਾਲਿਆਂ ਨੇ ਹਿੜਮੇ ਦੀ ਲਾਸ਼ ਦੀ ਤਸਵੀਰ ਜਾਰੀ ਕੀਤੀ। ਤਸਵੀਰ ਵਿੱਚ ਹਿੜਮੇ ਦੇ ਸਰੀਰ `ਤੇ ਮਾਓਵਾਦੀਆਂ ਦੀ ਵਰਦੀ ਸੀ। ਉਸ ਦੀ ਮਾਂ ਲਕਸ਼ਮੀ ਦਾ ਕਹਿਣਾ ਹੈ ਕਿ ਜਿਸ ਸਮੇਂ ਪੁਲਿਸ ਵਾਲੇ ਉਸਨੂੰ ਫੜ ਕੇ ਲੈ ਗਏ ਉਸ ਨੇ ਸਾੜ੍ਹੀ ਪਾਈ ਹੋਈ ਸੀ। ਧਿਆਨ ਦੇਣ ਦੀ ਗੱਲ ਇਹ ਹੈ ਕਿ ਹਿੜਮੇ ਦੇ ਸਰੀਰ `ਤੇ ਜੋ ਵਰਦੀ ਸੀ, ਉਹ ਬੇਹੱਦ ਸਾਫ਼ ਸੀ, ਉਸ ਉੱਤੇ ਧੂੜ-ਮਿੱਟੀ ਦਾ ਕੋਈ ਨਿਸ਼ਾਨ ਨਹੀਂ ਸੀ ਅਤੇ ਨਾ ਹੀ ਕੱਪੜਾ ਪਾਉਣ ਕਰਕੇ ਉਸ `ਤੇ ਕੋਈ ਸਿਲਵਟਾਂ ਦੇ ਨਿਸ਼ਾਨ । ਸਭ ਤੋਂ ਜ਼ਿਆਦਾ ਸ਼ੱਕ ਤਾਂ ਉਦੋਂ ਪੈਦਾ ਹੋਇਆ ਜਦੋਂ ਇਹ ਵੇਖਿਆ ਗਿਆ ਕਿ ਹਿੜਮੇ ਦੇ ਸਰੀਰ `ਤੇ ਤਾਂ ਗੋਲੀਆਂ ਦੇ ਨਿਸ਼ਾਨ ਹਨ ਪਰ ਉਸ ਦੇ ਕੱਪੜਿਆਂ `ਤੇ ਇੱਕ ਵੀ ਗੋਲੀ ਦੇ ਨਿਸ਼ਾਨ ਨਹੀਂ ਹਨ। ਸਾਫ਼ ਜਿਹੀ ਗੱਲ ਹੈ ਕਿ ਪੁਲਿਸ ਨੇ ਪਹਿਲਾਂ ਹਿੜਮੇ ਨੂੰ ਮਾਰਿਆ ਅਤੇ ਫਿਰ ਉਸ ਨੂੰ ਮਾਓਵਾਦੀ ਵਰਦੀ ਪਵਾ ਕੇ ਜੰਗਲ ਵਿੱਚ ਸੁੱਟ ਦਿੱਤਾ। ਇਸ ਗੱਲ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਦੇ ਸੂਬਾ ਸੰਯੋਜਕ ਸੰਕੇਤ ਠਾਕੁਰ ਨੇ ਹਾਈਕੋਰਟ ਵਿੱਚ ਇੱਕ ਅਰਜ਼ੀ ਲਗਾ ਦਿੱਤੀ ਅਤੇ ਅਪੀਲ ਕੀਤੀ ਕਿ ਹਿੜਮੇ ਦੀ ਲਾਸ਼ ਨੂੰ ਕੱਢਿਆ ਜਾਵੇ ਅਤੇ ਉਸਦਾ ਦੁਬਾਰਾ ਪੋਸਟ-ਮਾਰਟਮ ਕਰਾਇਆ ਜਾਵੇ। ਅਦਾਲਤ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰੇ ਕਿਉਂਕਿ ਇਹ ਇੱਕ ਝੂਠਾ ਮੁਕਾਬਲਾ ਹੈ। ਟਾਸਕ-ਫੋਰਸ ਦੇ ਲੋਕਾਂ ਨੇ ਉਸ ਦਾ ਕਤਲ ਕੀਤਾ ਹੈ ਅਤੇ ਹੁਣ ਮੁਕਾਬਲਾ ਦੱਸ ਕੇ ਆਪਣੇ ਦੁਰ-ਵਿਵਹਾਰ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ। ਇੱਕ ਪਾਸੇ ਸੰਕੇਤ ਠਾਕੁਰ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਅਤੇ ਦੂਜੇ ਪਾਸੇ ਪੁਲਿਸ ਨੇ ਹਿੜਮੇ ਦੇ ਪਰਿਵਾਰ ਵਾਲਿਆਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਕੁੱਝ ਨਾਮੀ ਲੋਕਾਂ ਦੀ ਮੱਦਦ ਨਾਲ ਹਿੜਮੇ ਦੇ ਮਾਤਾ-ਪਿਤਾ ਅਤੇ ਉਸ ਦੇ ਪਤੀ ਨੇ ਇੱਕ ਪੱਤਰਕਾਰ ਸੰਮੇਲਨ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਹਿੜਮੇ ਆਪਣੀ ਸਹੁਰਾ-ਘਰ ਤੋਂ ਪੇਕੇ ਆਈ ਸੀ ਅਤੇ ਉਸ ਨੂੰ ਫਿਰ ਆਪਣੇ ਸਹੁਰਾ-ਘਰ ਵਾਪਸ ਜਾਣਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਓਵਾਦੀ ਪਾਰਟੀ ਨਾਲ ਹਿੜਮੇ ਦਾ ਦੂਰ-ਦੂਰ ਤੱਕ ਕੋਈ ਸੰਬੰਧ ਨਹੀਂ ਹੈ।


ਇਸ ਦੌਰਾਨ 23 ਜੂਨ ਨੂੰ ਹਾਈਕੋਰਟ ਦਾ ਹੁਕਮ ਵੀ ਆ ਗਿਆ ਜਿਸ ਅੰਦਰ ਅਦਾਲਤ ਨੇ ਕਿਹਾ ਸੀ ਕਿ ਹਿੜਮੇ ਦੀ ਲਾਸ਼ ਨੂੰ ਕਬਰ `ਚੋਂ ਕੱਢਿਆ ਜਾਵੇ ਅਤੇ ਉਸਦਾ ਇੱਕ ਵਾਰ ਫਿਰ ਪੋਸਟ-ਮਾਰਟਮ ਹੋਵੇ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ। ਪਹਿਲਾਂ ਪੋਸਟ-ਮਾਰਟਮ ਪੁਲਿਸ ਨੇ ਕੋਂਟਾ ਦੇ ਹਸਪਤਾਲ ਵਿੱਚ ਕਰਾਇਆ ਸੀ। ਪਰ ਹੁਣ ਅਦਾਲਤ ਨੇ ਹੁਕਮ ਦਿੱਤਾ ਕਿ ਇਹ ਪੋਸਟ-ਮਾਰਟਮ ਜਗਦਲਪੁਰ ਵਿੱਚ ਕਰਾਇਆ ਜਾਵੇ। ਛੱਤੀਸਗੜ ਦੀ ਮੰਨੀ-ਪ੍ਰਮੰਨੀ ਸਮਾਜਿਕ ਕਾਰਕੁਨ ਸੋਨੀ ਸੁਰੀ ਨੇ ਜਦੋਂ ਹਿੜਮੇ ਦੇ ਪਿੰਡ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਰੋਕ ਦਿੱਤਾ। ਇਸ ਦੇ ਬਾਅਦ 15 ਜੂਨ ਤੋਂ ਹੀ ਸੋਨੀ ਸੁਰੀ ਭੁੱਖ ਹੜਤਾਲ `ਤੇ ਬੈਠ ਗਈ। ਪੁਲਿਸ ਨੇ ਸੋਨੀ ਸੁਰੀ ਨੂੰ ਹਿੜਮੇ ਦੀ ਲਾਸ਼ ਵਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ। ਸਾਰੇ ਇਲਾਕੇ ਵਿੱਚ ਇਸ ਹੱਤਿਆ ਕਾਂਡ ਨੂੰ ਲੈ ਕੇ ਅੰਦੋਲਨ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਸੀ। 21 ਜੂਨ ਨੂੰ ਭਾਰੀ ਗਿਣਤੀ ਵਿੱਚ ਲੋਕ ਹਿੜਮੇ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਸੜਕ `ਤੇ ਉੱਤਰ ਆਏ। ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਸੀ। ਪਰ 23 ਜੂਨ ਦੇ ਹਾਈਕੋਰਟ ਦੇ ਫੈਸਲੇ ਦੇ ਬਾਅਦ ਅੰਦੋਲਨ ਰੁਕ ਗਿਆ।

25 ਜੂਨ ਨੂੰ ਹਿੜਮੇ ਦੇ ਪਿੰਡ ਗੋਮਪਾੜ ਵਿੱਚ ਦੂਰ-ਦੂਰ ਤੋਂ ਲੋਕ ਆ ਕੇ ਇਕੱਠਾ ਹੋਣ ਲੱਗੇ ਕਿਉਂਕਿ ਉਸ ਦਿਨ ਹਿੜਮੇ ਦੀ ਲਾਸ਼ ਨੂੰ ਕਬਰ `ਚੋਂ ਕੱਢਿਆ ਜਾਣਾ ਸੀ। ਮੜਕਮ ਦੇ ਵਕੀਲ ਕਾਫ਼ੀ ਪਹਿਲਾਂ ਉੱਥੇ ਪਹੁੰਚ ਚੁੱਕੇ ਸਨ। ਕਬਰ ਦੇ ਕੋਲ ਤਮਾਮ ਵੱਡੇ ਅਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਦੀ ਇੱਕ ਟੀਮ ਵੀ ਉਡੀਕ ਵਿੱਚ ਖੜੀ ਸੀ। ਕਬਰ ਦੀ ਖੁਦਾਈ ਸ਼ੁਰੂ ਹੁੰਦੇ ਹੀ ਹਿੜਮੇ ਦੇ ਵਕੀਲ ਨੇ ਆਪਣੇ ਨਾਲ ਆਏ ਵੀਡੀਓ-ਗ੍ਰਾਫ਼ਰ ਨੂੰ ਵੀਡੀਓ ਬਣਾਉਣ ਲਈ ਕਿਹਾ। ਇਸ ਗੱਲ ਤੇ ਐਸ.ਡੀ.ਐਮ. ਨੇ ਅਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਇਹ ਕੰਮ ਸਾਡੇ ਨਾਲ ਆਇਆ ਵੀਡੀਓ-ਗ੍ਰਾਫਰ ਹੀ ਕਰ ਸਕਦਾ ਹੈ। ਐਸ.ਡੀ.ਐਮ. ਨੇ ਸੁਪ੍ਰੀਮ ਕੋਰਟ ਦੇ ਨਿਰਦੇਸ਼ ਦਾ ਹਵਾਲਾ ਵੀ ਦਿੱਤਾ। ਪਰ ਹਿੜਮੇ ਦਾ ਵਕੀਲ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਸ਼ਾਮ 7 ਵਜੇ ਤੱਕ ਲਾਸ਼ ਨੂੰ ਕਬਰ ਤੋਂ ਕੱਢ ਲਿਆ ਗਿਆ ਸੀ ਅਤੇ ਲਾਸ਼ ਨੂੰ ਜਗਦਲਪੁਰ ਮੈਡੀਕਲ ਕਾਲਜ ਲਿਜਾਣ ਲਈ ਇੱਕ ਐਂਬੂਲੈਂਸ ਰਵਾਨਾ ਹੋ ਗਈ ਸੀ। 25 ਜੂਨ ਨੂੰ ਇਸ ਲਾਸ਼ ਦਾ ਪੋਸਟ-ਮਾਰਟਮ ਹੋਇਆ।

ਕਈ ਤਰੁੱਟੀਆਂ ਨਾਲ ਭਰੀ ਪੋਸਟ-ਮਾਰਟਮ ਦੀ ਰਿਪੋਰਟ ਵੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਡਾਕਟਰਾਂ ਦਾ ਕਹਿਣਾ ਸੀ ਕਿ ਹਿੜਮੇ ਦਾ ਸਰੀਰ ਇੰਨਾ ਗਲ ਚੁੱਕਿਆ ਸੀ ਕਿ ਬਹੁਤ ਸਾਰੀਆਂ ਗੱਲਾਂ ਪਤਾ ਕਰਨਾ ਸੰਭਵ ਹੀ ਨਹੀਂ ਸੀ। ਇਸ ਸਭ ਦੇ ਬਾਵਜੂਦ ਉਨ੍ਹਾਂ ਲੋਕਾਂ ਨੇ ਇਹ ਸਿੱਟਾ ਕੱਢ ਲਿਆ ਕਿ ਹਿੜਮੇ ਦੇ ਨਾਲ ਬਲਾਤਕਾਰ ਨਹੀਂ ਹੋਇਆ ਸੀ। ਇੱਕ ਹੋਰ ਤਰੁੱਟੀ ਇਹ ਸਾਹਮਣੇ ਆਈ ਕਿ ਪਹਿਲੀ ਪੋਸਟ-ਮਾਰਟਮ ਰਿਪੋਰਟ ਵਿੱਚ ਜਿੱਥੇ ਹਿੜਮੇ ਦੀ ਸੱਜੀ ਅੱਖ ਤੇ ਗੋਲੀ ਵਿਖਾਈ ਗਈ ਹੈ ਉਥੇ ਹੀ ਦੂਜੀ ਰਿਪੋਰਟ ਵਿੱਚ ਗੋਲੀ ਖੱਬੀ ਅੱਖ `ਤੇ ਲੱਗੀ ਪੇਸ਼ ਕੀਤੀ ਗਈ ਸੀ।

ਇਸ ਦੌਰਾਨ ਸਰਕਾਰ ਨੇ ਘੋਸ਼ਣਾ ਕੀਤੀ ਕਿ ਪੂਰੇ ਘਟਨਾਕ੍ਰਮ ਦੀ ਜਾਂਚ ਡਿਪਟੀ ਕੁਲੈਕਟਰ ਸੁਧੀਰ ਸੋਮ ਕਰਨਗੇ। ਇਸ ਪੂਰੇ ਘਟਨਾਕ੍ਰਮ ਦੇ ਕੁੱਝ ਦਿਨਾਂ ਬਾਅਦ ਪਤਾ ਲੱਗਿਆ ਕਿ ਪੁਲਿਸ ਨੇ ਗਲਤੀ ਨਾਲ ਇਸ ਔਰਤ ਨੂੰ ਮਾਰ ਦਿੱਤਾ। ਦਰਅਸਲ ਉਹ ਇਸ ਨਾਮ ਦੀ ਇੱਕ ਦੂਜੀ ਔਰਤ ਦੀ ਤਲਾਸ਼ ਵਿੱਚ ਸੀ ਜੋ ਮਾਓਵਾਦੀ ਸੀ ਅਤੇ ਜਿਸਦੇ ਪਤੀ ਨੂੰ ਕੁੱਝ ਦਿਨ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਗਿਰਾਇਆ ਸੀ। ਮੜਕਮ ਹਿੜਮੇ ਦੀ ਹੱਤਿਆ `ਤੇ ਪੂਰੇ ਬਸਤਰ ਮੰਡਲ ਵਿੱਚ ਇੱਕ ਰੋਹ ਵਿਖਾਈ ਦਿੱਤਾ। ਪਰ ਇਹ ਪਹਿਲਾ ਮਾਮਲਾ ਨਹੀਂ ਸੀ ਜਿਸ ਵਿੱਚ ਮਾਓਵਾਦ ਦਾ ਖਾਤਮਾ ਕਰਨ ਦੇ ਨਾਮ `ਤੇ ਛੱਤੀਸਗੜ ਦੀ ਪੁਲਿਸ ਨੇ ਸਾਰੇ ਕਾਇਦੇ-ਕਾਨੂੰਨਾਂ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹੋਣ।`ਸਮਕਾਲੀ ਤੀਜੀ ਦੁਨੀਆ` ਦੇ ਅਪ੍ਰੈਲ ਅੰਕ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਪੁਲਿਸ ਜ਼ਬਰ ਦੀ ਖ਼ਬਰ ਛਾਪਣ ਅਤੇ ਲਿੱਖਣ ਵਾਲੇ ਪੱਤਰਕਾਰਾ ਨੂੰ ਬਸਤਰ ਦਾ ਆਈ.ਜੀ. ਖੁਲ੍ਹੇ-ਆਮ ਪੱਤਰਕਾਰ ਸੰਮੇਲਨਾਂ ਵਿੱਚ ਧਮਕੀਆਂ ਦਿੰਦਾ ਹੈ।

ਸੰਨ 2000 ਵਿੱਚ ਛੱਤੀਸਗੜ ਦਾ ਗਠਨ ਹੋਇਆ ਅਤੇ ਸਰਵ ਉੱਚ ਅਦਾਲਤ ਦੇ ਨਿਰਦੇਸ਼ `ਤੇ ਇਸ ਨੇ 2007 ਵਿੱਚ ਆਪਣਾ ਪੁਲਿਸ ਐਕਟ ਬਣਾਇਆ। ਇਹ ਐਕਟ 1861 ਦੇ ਪੁਲਿਸ ਐਕਟ ਦੇ ਮੁਕਾਬਲੇ ਹੋਰ ਵੀ ਲੋਕ-ਵਿਰੋਧੀ ਸੀ। ਇਸ ਵਿੱਚ ਉਹ ਸਾਰੇ ਪ੍ਰਾਵਧਾਨ ਮੌਜੂਦ ਸਨ ਜਿਸਦਾ ਸਹਾਰਾ ਲੈ ਕੇ ਪੁਲਿਸ ਕਿਸੇ ਵੀ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ, ਕਿਤੇ ਆਉਣ ਜਾਣ ਅਤੇ ਆਪਣੀ ਰਾਏ ਪ੍ਰਗਟ ਕਰਨ ਦੀ ਆਜ਼ਾਦੀ ਉੱਤੇ ਨਿਗਰਾਨੀ ਅਤੇ ਕਾਬੂ ਰੱਖ ਸਕਦੀ ਹੈ। ਨੈਸ਼ਨਲ ਕ੍ਰਾਇਮ ਰਿਸਰਚ ਬਿਊਰੋ ਦੀਆਂ ਸਮੇਂ-ਸਮੇਂ `ਤੇ ਪ੍ਰਕਾਸ਼ਿਤ ਹੁੰਦੀਆਂ ਰਿਪੋਰਟਾਂ ਨੂੰ ਵੇਖੋ ਤਾਂ ਪਤਾ ਚੱਲਦਾ ਹੈ ਕਿ 2007 ਵਿੱਚ ਛੱਤੀਸਗੜ ਦੀ ਪੁਲਿਸ ਨੇ 60,279 ਆਦਮੀਆਂ ਨੂੰ ਗਿਰਫ਼ਤਾਰ ਕੀਤਾ ਅਤੇ 2014 ਵਿੱਚ ਇਸ ਗਿਣਤੀ ਵਿੱਚ 13 ਗੁਣਾ ਵਾਧਾ ਕਰਦੇ ਹੋਏ ਗਿਰਫਤਾਰ ਲੋਕਾਂ ਦੀ ਗਿਣਤੀ 7,39,435 ਤੱਕ ਪਹੁੰਚ ਗਈ। ਅੱਜ ਛੱਤੀਸਗੜ ਦੀਆਂ ਜੇਲ੍ਹਾਂ ਦੇਸ਼ ਦੀ ਸਭ ਤੋਂ ਜ਼ਿਆਦਾ ਭੀੜ ਵਾਲੀਆਂ ਜੇਲ੍ਹਾਂ ਬਣ ਗਈਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਸਮਰੱਥਾ ਤੋਂ ਢਾਈ ਗੁਣਾ ਜ਼ਿਆਦਾ ਕੈਦੀ ਹਨ। ਜਨਵਰੀ 2016 ਵਿੱਚ ਛੱਤੀਸਗੜ ਸਰਕਾਰ ਨੇ ਜੋ ਅੰਕੜੇ ਪੇਸ਼ ਕੀਤੇ ਸਨ ਉਹ ਆਪਣੇ ਆਪ ਹੀ ਇਸ ਗੱਲ ਦੇ ਗਵਾਹ ਹਨ। ਇੱਥੇ ਦੀਆਂ ਜੇਲ੍ਹਾਂ ਦੀ ਕੁੱਲ ਸਮਰੱਥਾ 7612 ਕੈਦੀਆ ਨੂੰ ਰੱਖਣ ਦੀ ਹੈ ਜਦੋਂ ਕਿ ਹੁਣ ਜੇਲ੍ਹਾਂ ਵਿੱਚ 17,671 ਕੈਦੀ ਹਨ। ਅਕਤੂਬਰ 2013 ਵਿੱਚ ਕੁੱਲ ਕੈਦੀਆ ਵਿੱਚੋਂ 57.6 ਫ਼ੀਸਦ ਵਿਚਾਰਧੀਨ ਕੈਦੀ ਸਨ।

ਬਸਤਰ ਵਿੱਚ ਤਇਨਾਤ ਪੱਤਰਕਾਰਾਂ ਦਾ ਕਹਿਣਾ ਹੈ ਕਿ ਸੰਘਰਸ਼ ਦੇ ਖੇਤਰ ਵਿੱਚ ਸਫ਼ਰ ਕਰਨ ਦੀ ਉਹ ਹਿੰਮਤ ਨਹੀਂ ਕਰ ਸਕਦੇ। ਹੁਣ ਪਿਛਲੇ ਦਿਨੀ ਐਡੀਟਰਸ ਗਿਲਡ ਆਫ ਇੰਡਿਆ ਦੇ ਇੱਕ ਤੱਥ-ਖੋਜੀ ਦਲ ਨੇ ਆਪਣੀ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਪੱਤਰਕਾਰਾਂ ਨੂੰ ਇਸ ਹੱਦ ਤੱਕ ਡਰਾ ਦਿੱਤਾ ਗਿਆ ਹੈ ਕਿ ਇਹ ਡਰ ਕੇਵਲ ਮਾਓਵਾਦੀ ਖੇਤਰ ਤੱਕ ਸੀਮਿਤ ਨਹੀਂ ਹੈ ਸਗੋਂ ਰਾਜਧਾਨੀ ਰਾਏਪੁਰ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਵੀ ਜਾਨ ਦਾ ਜੋਖਮ ਲੈ ਕੇ ਹੀ ਸੱਚ ਨੂੰ ਸਾਹਮਣੇ ਲਿਆ ਪਾਂਉਦੇ ਹਨ। ਰਾਜਧਾਨੀ ਦੇ ਸਾਰੇ ਪੱਤਰਕਾਰਾਂ ਦੇ ਫੋਨ ਟੈਪ ਕੀਤੇ ਜਾਂਦੇ ਹਨ।

ਹੁਣੇ ਪਿਛਲੇ ਦਿਨੀ, ਦੰਤੇਵਾੜਾ ਦੇ ਇੱਕ ਪੱਤਰਕਾਰ ਪ੍ਰਭਾਤ ਸਿੰਘ ਨੇ ਦਿੱਲੀ ਵਿੱਚ ਇੱਕ ਬੈਠਕ `ਚ ਬੋਲਦੇ ਹੋਏ ਉਨ੍ਹਾਂ ਨੇ ਪੱਤਰਕਾਰਾਂ ਉੱਤੇ ਹੋ ਰਹੇ ਸਰਕਾਰੀ ਦਮਨ ਦਾ ਵਿਸਥਾਰ ਨਾਲ ਬਿਊਰਾ ਦਿੱਤਾ। ਪ੍ਰਭਾਤ ਸਿੰਘ ਨੂੰ 21 ਮਾਰਚ ਨੂੰ ਸ਼ਾਮ 5 ਵਜੇ ਪੁਲਿਸ ਨੇ ਗਿਰਫਤਾਰ ਕੀਤਾ ਅਤੇ ਉਹ ਜੂਨ ਦੇ ਤੀਸਰੇ ਹਫ਼ਤੇ ਤੱਕ ਜੇਲ੍ਹ ਵਿੱਚ ਪਏ ਰਹੇ। ਉਨ੍ਹਾਂ ਦੀ ਗਿਰਫਤਾਰੀ ਇਸ ਲਈ ਹੋਈ ਸੀ ਕਿ ਉਨ੍ਹਾਂ ਨੇ `ਸਮਾਜਿਕ ਏਕਤਾ ਰੰਗ ਮੰਚ` ਨਾਮੀ ਸੰਗਠਨ ਦੇ ਬਾਰੇ ਵਿੱਚ ਕੁੱਝ ਅਜਿਹੀਆਂ ਗੱਲਾਂ ਲਿੱਖ ਦਿੱਤੀਆਂ ਸਨ ਜੋ ਪੁਲਿਸ ਲੁਕਾਉਣਾ ਚਾਹੁੰਦੀ ਸੀ। ਹੁਣ ਤੱਕ ਇਹ ਜੱਗ ਜ਼ਾਹਿਰ ਹੋ ਚੁੱਕਿਆ ਹੈ ਕਿ ਸਮਾਜਿਕ ਏਕਤਾ ਰੰਗ ਮੰਚ ਨਾਮੀ ਇਸ ਸੰਗਠਨ ਦੀ ਘੜ੍ਹਤ ਆਈ.ਜੀ. ਕੱਲੂਰੀ ਦੇ ਹੀ ਨਿਰਦੇਸ਼ `ਤੇ ਹੋਈ ਸੀ, ਜਿਸ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ ਕਿ ਸਲਵਾ ਜੁਡਮ ਦੀ ਤਰ੍ਹਾਂ ਇਹ ਸੰਗਠਨ ਵੀ ਪੁਲਿਸ ਵਾਲਿਆਂ ਦਾ ਹੀ ਸੰਗਠਨ ਹੈ। ਇਸ ਸੰਗਠਨ ਦੇ ਲੋਕਾਂ ਨੇ ਪੱਤਰਕਾਰ ਮਾਲਿਨੀ ਸੁਬਰਮਣੀਅਮ ਦੇ ਘਰ ਉੱਤੇ ਹਮਲਾ ਕੀਤਾ ਸੀ। ਐਡੀਟਰਸ ਗਿਲਡ ਦਾ ਸਿੱਟਾ ਹੈ ਕਿ `ਬਸਤਰ ਵਿੱਚ ਡਰ ਦਾ ਮਾਹੌਲ ਹੈ। ਬਸਤਰ ਵਿੱਚ ਕੰਮ ਕਰ ਰਹੇ ਹਰ ਪੱਤਰਕਾਰ ਨੂੰ ਲੱਗ ਰਿਹਾ ਹੈ ਕਿ ਉਹ ਸੁਰੱਖਿਅਤ ਨਹੀਂ ਹੈ। ਇੱਕ ਪਾਸੇ ਉਨ੍ਹਾਂ ਨੂੰ ਮਾਓਵਾਦੀਆਂ ਨਾਲ ਨਿੱਬੜਨਾ ਪੈਂਦਾ ਹੈ ਜੋ ਮੀਡਿਆ ਵਿੱਚ ਆ ਰਹੀਆਂ ਰਿਪੋਰਟਾਂ ਦੇ ਪ੍ਰਤੀ ਜ਼ਿਆਦਾ ਤੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਜਾ ਰਹੇ ਹਨ ਤਾਂ ਦੂਜੇ ਪਾਸੇ ਪੁਲਿਸ ਹੈ ਜੋ ਚਾਹੁੰਦੀ ਹੈ ਕਿ ਮੀਡਿਆ ਉਸ ਦੇ ਹਿਸਾਬ ਨਾਲ ਹੀ ਖ਼ਬਰ ਲਿਖੇ।`

25 ਜੂਨ ਨੂੰ ਐਮਰਜੈਂਸੀ ਦੀ ਵਰਸੀ `ਤੇ ਪੀ.ਯੂ.ਸੀ.ਐੱਲ. ਦੀ ਛੱਤੀਸਗੜ ਇਕਾਈ ਨੇ ਇੱਕ ਇਕੱਠ ਕੀਤਾ ਸੀ ਜਿਸ ਵਿੱਚ ਪੱਤਰਕਾਰ ਸੰਘਰਸ਼ ਕਮੇਟੀ ਦੇ ਲੋਕ ਵੀ ਸ਼ਾਮਿਲ ਸਨ। ਪੀ.ਯੂ.ਸੀ.ਐੱਲ. ਛੱਤੀਸਗੜ ਨੇ ਸਰਕਾਰ ਉੱਤੇ ਦਬਾਅ ਪਾਇਆ ਹੈ ਕਿ ਪੱਤਰਕਾਰਾਂ ਨੂੰ ਸੁਰੱਖਿਆ ਦੇਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਅਤੇ ਇਸ ਕਾਨੂੰਨ ਦਾ ਮਸੌਦਾ ਪੀ.ਯੂ.ਸੀ.ਐੱਲ. ਨੇ ਤਿਆਰ ਕੀਤਾ ਹੈ ਜਿਸ ਨੂੰ ਮੁੱਖ ਮੰਤਰੀ ਰਮਨ ਸਿੰਘ ਚਾਹੇ ਤਾਂ ਬਿਲ ਦੇ ਰੂਪ ਵਿੱਚ ਅਰਾਮ ਨਾਲ ਪੇਸ਼ ਕਰ ਸਕਦੇ ਹਨ। ਇਸ ਮੌਕੇ `ਤੇ ਛੱਤੀਸਗੜ ਦੇ 14 ਪੱਤਰਕਾਰਾਂ ਨੂੰ ਨਿਡਰ ਪੱਤਰਕਾਰਤਾ ਦਾ ਸਨਮਾਨ ਵੀ ਦਿੱਤਾ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੱਤੀਸਗੜ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਸੰਵਿਧਾਨ ਦੀ ਕੋਈ ਪ੍ਰਵਾਹ ਨਹੀਂ ਕਰਦਾ ਅਤੇ ਸੰਵਿਧਾਨ ਵਿੱਚ ਦਿੱਤੇ ਗਏ ਅਧਿਕਾਰਾਂ ਦੇ ਪ੍ਰਤੀ ਇੱਕ ਧੁੰਦਲੀ ਉਮੀਦ ਦਾ ਰੁੱਖ਼ ਅਖਤਿਆਰ ਕਰਦਾ ਹੈ ਤਾਂ ਵੀ ਉੱਥੋਂ ਦੇ ਪੱਤਰਕਾਰ ਅਤੇ ਉੱਥੋਂ ਦੇ ਲੋਕ ਡਰ ਦੇ ਮਾਹੌਲ ਨੂੰ ਚੀਰਦੇ ਹੋਏ ਹਰ ਤਰ੍ਹਾਂ ਦੇ ਜੋਖਮ ਉਠਾ ਰਹੇ ਹਨ। ਮੜਕਮ ਹਿੜਮੇ ਦੀ ਘਟਨਾ ਨੇ ਲੋਕਾਂ ਨੂੰ ਨਵੇਂ ਸਿਰੇ ਤੋਂ ਡਰ-ਮੁਕਤ ਬਣਾਇਆ ਹੈ ਅਤੇ ਜਨਤਾ ਦੇ ਦਬਾਅ ਦਾ ਹੀ ਇਹ ਅਸਰ ਸੀ ਕਿ ਹਿੜਮੇ ਦੀ ਲਾਸ਼ ਨੂੰ ਕਬਰ ਵਿੱਚੋਂ ਕੱਢਣ ਦਾ ਹੁਕਮ ਉੱਚ ਅਦਾਲਤ ਨੂੰ ਦੇਣਾ ਪਿਆ। ਭਲੇ ਹੀ ਹਿੜਮੇ ਨੂੰ ਨਿਆਂ ਨਹੀਂ ਮਿਲ ਪਾਇਆ ਹੋਵੇ। ਪਰ ਇਸ ਪੂਰੇ ਘਟਨਾਕ੍ਰਮ ਵਿੱਚ ਜਨਤਾ ਦੀ ਭੋਰਾ ਕੁ ਜਿੱਤ ਤਾਂ ਹੋਈ ਹੀ ਹੈ।

ਪੰਜਾਬੀ ਅਨੁਵਾਦਕ
ਕਮਲਦੀਪ `ਭੁੱਚੋ`


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ