ਗਊ ਰੱਖਿਆ ਦਲਾਂ ਦਾ ਸੱਚ -ਪ੍ਰਾਗਿਆ ਸਿੰਘ
Posted on:- 19-08-2016
"ਮਹਿੰਦਰਾ ਪਿੱਕ-ਅੱਪ ਨੰਬਰ ਐਚ.ਆਰ. 61A 7**0 ਗਾਵਾਂ ਨੂੰ ਲੈ ਕੇ ਜਾ ਰਹੀ ਹੈ, ਜੋ ਸਾਡੇ ਤੋਂ ਨਾਰਾਇਣਗੜ ਦੇ ਕੋਲ ਗੁੰਮ ਹੋ ਗਈ ਸੀ। "
"100 ਨੰਬਰ ’ਤੇ ਗੱਲ ਕਰੋ ਜੀ"
"ਫੜੋ।"
14 ਜੁਲਾਈ ਦੀ ਬਰਸਾਤੀ ਰਾਤ ਨੂੰ 10 ਵਜੇ ਤੋਂ ਥੋੜਾ ਬਾਅਦ,ਗਊ ਰੱਖਿਆ ਕਰਨ ਵਾਲਿਆਂ ਦੇ ਇੱਕ ਗਰੁੱਪ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਇੱਕ ਸੜਕ ਨੂੰ ਰੋਕ ਦਿੱਤਾ। ਉਹ ਇੱਕ ਪਿੱਕ-ਅੱਪ ਵੈਨ ਦਾ ਪਿੱਛਾ ਕਰ ਰਹੇ ਸਨ, ਜੋ ਉਨ੍ਹਾਂ ਦੇ ਕਹਿਣ ਮੁਤਾਬਿਕ ਗਾਵਾਂ ਨਾਲ ਭਰੀ ਹੋਈ ਸੀ। ਜਿਉਂ ਹੀ ਵੈਨ ਦੂਰ ਜਾਣ ਲੱਗੀ, ਤਾਂ ਉਸਦਾ ਪਿੱਛਾ ਕਰਨ ਵਾਲਿਆਂ ਨੇ ਸੋਸ਼ਲ ਮੀਡੀਆ ਉੱਤੇ ਇੱਕ SOS ਜਾਰੀ ਕਰ ਦਿੱਤਾ ਸੀ।ਉਨ੍ਹਾਂ ਦਾ ਸੰਦੇਸ਼ ਯਮੁਨਾਨਗਰ ਅਧਾਰਿਤ ਗਊ ਰੱਖਿਆ ਵਾਲਿਆਂ ਦੇ ਵਾਟ੍ਸਅੱਪ ਗਰੁੱਪ ਤੇ ਪਹੁੰਚ ਗਿਆ,ਜਿਸਨੂੰ 28 ਸਾਲ ਦੀ ਉਮਰ ਦਾ ਇੰਜੀਨੀਅਰਿੰਗ ਗ੍ਰੈਜੂਏਟ ਰੋਹਿਤ ਚੌਧਰੀ ਚਲਾ ਰਿਹਾ ਹੈ। ਚੌਧਰੀ ਦਾ ਗਊ ਰੱਖਿਆਦਲ (GRD),ਹਰਿਆਣਾ ਦੇ 114 ਗਰੁੱਪਾਂ ਵਿੱਚੋਂ ਇੱਕ ਹੈ, ਜਿਸ ਵਿੱਚ ਗਊ-ਭਗਤ,ਗਊ ਨੂੰ ਪੂਜਣ ਵਾਲੇ ਸਪੀਡ ਡਾਇਲ ਵਾਂਗੂੰ ਕੰਮ ਕਰਦੇ ਹਨ। ਗੁਜਰਾਤ ਵਿੱਚ ਅਜਿਹੇ 200 ਗਰੁੱਪ ਹਨ, ਅਤੇ ਇਹ ਪੰਜਾਬ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਉੱਗੇ ਹੋਏ ਹਨ।
ਪਹਿਲੇ ਪੱਧਰ 'ਤੇ,ਇਹ ਗਰੁੱਪ ਆਮ ਤੌਰ ’ਤੇ ‘ਪਵਿੱਤਰ ਗਾਂ’ ਨਾਲ ਜੁੜੇ ਹੋਣ ਵਾਲਿਆਂ ਨੂੰ ਭੈਭੀਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਡੂੰਘੇ ਰੂਪ ਵਿੱਚ, ਇਹ ਕਾਰੋਬਾਰ ਅਤੇ ਧਰਮ ਦਾ ਇੱਕ ਅੰਦਰੂਨੀ ਗਠਜੋੜ ਨਿਕਲਦਾ ਹੈ। ਆਰਥਿਕ ਅੱਤਵਾਦ ਨੂੰ ਕਿਸੇ ਵੀ ਵਿਅਕਤੀ (ਜੋ ਪਸ਼ੂ,ਪਸ਼ੂ ਚਮੜੀ ਜਾਂ ਜਾਨਵਰਾਂ ਦੇ ਬਾਇਓ ਪ੍ਰਾਡਕਟ ਨਾਲ ਸੰਬੰਧਿਤ ਹੈ)ਨੂੰ ਨਿਸ਼ਾਨਾ ਬਣਾ ਕੇ ਪੇਸ਼ ਕੀਤਾ ਗਿਆ ਹੈ।ਗਊ ਰੱਖਿਆ ਦਲ,ਭਾਰਤ ਦੇਸਭ ਤੋਂ ਵੱਡੇ(ਅਤੇ ਗਰੀਬ) ਭਾਈਚਾਰੇ ਜਿਨ੍ਹਾਂ ਵਿੱਚ ਬਹੁਤ ਸਾਰੇ ਦਲਿਤ ਅਤੇ ਮੁਸਲਮਾਨ ਹਨ- ਜਿਨ੍ਹਾਂ ਦੇ ਜਾਨਵਰ ਅਤੇ ਪਸ਼ੂਆਂ ਦੇ ਉਤਪਾਦ ਵਿੱਚ ਆਪਣੇ ਰਵਾਇਤੀ ਵਪਾਰ ਹਨ,ਗਊ ਰੱਖਿਆ ਦਲ, ਉਨ੍ਹਾਂ ਨੂੰ ਉਨ੍ਹਾਂ ਦੇ ਕਿੱਤੇ ਤੋਂ ਵਾਂਝੇ ਕਰਨ ਲਈ ਬਣੇ ਹਨ।ਪਿਛਲੇ ਕੁਝ ਮਹੀਨਿਆਂ ਵਿੱਚ ਉੱਤਰੀ ਭਾਰਤ ਵਿੱਚ ਅਜਿਹੀਆਂ ਘਟਨਾਵਾਂ ਮਿਲੀਆਂ ਹਨ। ਸੁਨੇਹੇ ਨੂੰ ਭਿਆਨਕ ਵਾਟ੍ਸਅੱਪ ਦੀਆਂ ਵੀਡੀਓਜ਼ ਦੁਆਰਾ ਫੈਲਾਇਆ ਜਾਂਦਾ ਹੈ।ਇਸੇ ਕਰਕੇ ਗੁਜਰਾਤ ਵਿੱਚ ਦਲਿਤਾਂ ਨੇ ਗਊ ਰੱਖਿਆ ਕਰਨ ਵਾਲਿਆਂ ਦੇ ਖਿਲਾਫ਼ ਹਥਿਆਰ ਚੁੱਕੇ ਹਨ,ਜਿਨ੍ਹਾਂ ਨੇ ਪਿਛਲੇ ਸਮੇਂ ਉਨਾ ਸ਼ਹਿਰ ਵਿੱਚ ਗਾਂਦੀ ਚਮੜੀ ਦਾ ਕੰਮ ਕਰਨ ਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ।
ਚੌਕਸੀ ਕਰਨ ਫੈਲ ਰਿਹਾਹੈ। ਪੰਜਾਬ ਅਤੇ ਹਰਿਆਣਾ ਵਿੱਚ,ਗਊ ਰੱਖਿਆ ਦਲ ਵਾਲਿਆਂ ਨੇ ਗਾਂ ਦੇ ਬਾਇਓ ਪ੍ਰਾਡਕਟ ਵਿੱਚ ਵਪਾਰ ਕਰਨ ਵਾਲੇ ਉੱਚ ਜਾਤੀ ਦੇ ਖੁਸ਼ਹਾਲ ਹਿੰਦੂ ਵਪਾਰੀਆਂ ਉੱਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਝੁਕਾਇਆ ਹੈ। ਕਾਰੋਬਾਰੀ ਵਰਨਣ ਕਰਦੇ ਹਨ ਕਿ ਗਊ ਰੱਖਿਆ ਦਲ ਆਯੋਜਿਤ ਜਬਰਦਸਤੀ ਵਸੂਲੀ ਦੇ ਰੈਕੇਟ ਵਾਂਗੂੰ ਕੰਮ ਕਰਦੇ ਹਨ। ਕਈ ਜਿਨ੍ਹਾਂ ਨੇ ਗਊ ਰੱਖਿਆ ਦਲਾਂ ਨੂੰ ਰਿਸ਼ਵਤ ਲਈ ਇਨਕਾਰ ਕੀਤਾ ਹੈ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ ਹਨ।ਉੱਤਰ ਪ੍ਰਦੇਸ਼ ਵਿੱਚ ਤਾਂ ਮਰੀਆਂ ਹੋਈਆਂ ਗਾਵਾਂ ਦੇ ਚੰਮ ਅਤੇ ਚਮੜਾ ਸੋਧਣ ਦੇ ਕਾਰਖ਼ਾਨੇ ਵਾਲੇ ਵੀ ਅਸੁਰੱਖਿਅਤ ਹਨ।ਗਊ ਰੱਖਿਆ ਦਲ,ਪੁਲਿਸ ਦੀ ਸਹਾਇਤਾ ਨਾਲ,ਹਰ ਰੋਜ਼ ਗਊ ਮਾਤਾ ਦੇ ਨਾਮ ’ਤੇ ਪੈਦਲ ਚੱਲਣ ਵਾਲਿਆਂ ਤੋਂ ਵੀ ਪੈਸੇ ਬਟੋਰਦੇ ਹਨ।ਜਿਨ੍ਹਾਂ ਨੂੰ ਸੱਤਾ ਦੀ ਸਰਪ੍ਰਸਤੀ ਹੈ ਜਾਂ ਜਿਨ੍ਹਾਂ ਨੂੰ ਅਭੋਲਜਨਤਾ ਤੋਂ ਦਾਨ ਪ੍ਰਾਪਤ ਹੁੰਦਾ ਹੈ, ਉਹ ਗਊਸ਼ਾਲਾ ਜਾਂ ਜਾਨਵਰਾਂ ਦੇ ਅਨਾਥਾਸ਼੍ਰਮ ਦੇ ਮਾਲਕ ਕਿਉਂ ਹਨ?
ਗਊ ਰੱਖਿਅਕ ਸਾਡੇ ਦੇਸ਼ ਦੇ ਗਰੀਬ ਭਾਈਚਾਰੇ ਤੋਂ ਉਨ੍ਹਾਂ ਦੇ ਪੁਰਾਣੇ ਧੰਦੇ ਖੋਹ ਰਹੇ ਹਨ।
ਸਾਰਾ ਖਰੂਦ ਪਸ਼ੂਆਂ ਦੇ ਆਲੇ-ਦੁਆਲੇ ਘੁੰਮਦਾ ਹੈ ਕਿਕੀ ਧੰਦਾ ਡੇਅਰੀ ਲਈ ਹੈ ਜਾਂ ਮਾਰਨ/ਕੱਟਣ ਲਈ। ਇਹ ਭੁੱਲਿਆ ਜਾਂਦਾ ਹੈ ਕਿ ਪਸ਼ੂ ਦਾ60 ਫੀਸਦੀ ਮੁੱਲ ਵੱਖ-ਵੱਖ ਇਸਤੇਮਾਲ ਲਈ ਹੁੰਦਾ ਹੈ–ਇੱਥੇ ਘਰੇਲੂ ਅਤੇ ਉਦਯੋਗਿਕ ਇਸਤੇਮਾਲ ਲਈ ਚਮੜਾ,ਹੱਡੀਆਂ ਤੋਂ ਗੂੰਦ,ਕਾਸਮੈਟਿਕ ਉਦਯੋਗ ਲਈਕੋਲੇਜਨ ਅਤੇ ਏਲਾਸਟੀਨ ਅਤੇ ਹੋਰ ਬਹੁਤ ਕੁਝ।ਜ਼ਿਆਦਾਤਰ ਪਰਮੇਸ਼ਵਰ ਦਾ ਭੈ ਖਾਣ ਵਾਲੇ ਖਪਤਕਾਰ ਇਸ ਗੱਲ ਤੇ ਹੈਰਾਨ ਹੋਣਗੇ ਕਿ ਜਿਨ੍ਹਾਂ ਰੋਜ਼ਾਨਾ ਦੇ ਉਤਪਾਦਾਂ ਨੂੰ ਉਹ ਵਰਤਦੇ ਹਨ, ਉਹ ਮਰੇ ਹੋਏ ਢੱਗਿਆਂ ਤੋਂ ਆਉਂਦੇ ਹਨ।ਗਊ ਰੱਖਿਆ ਦਲਾਂ ਨੇ ਮੱਝ,ਬੱਕਰੀ ਅਤੇ ਮੁਰਗਿਆਂ ਦੇ ਟ੍ਰਾਂਸਪੋਰਟਰਾਂ ਅਤੇ ਪ੍ਰੋਸੈਸਰਾਂ ਉੱਤੇ ਹਮਲੇ ਕਰਕੇ ਇਸਦੀ ਹੋਰ ਵੀ ਭੈੜੀ ਹਾਲਤ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਦਾ ਟੀਚਾ ਸ਼ਾਕਾਹਾਰੀਪਣੇ ਨੂੰ ਲਾਗੂ ਕਰਾਉਣਾ ਅਤੇ ਪਸ਼ੂ ਵਪਾਰ ਨੂੰ ਹਾਸਲ ਕਰਨਾ ਹੈ। ਗਾਂ ਰੱਖਿਆ ਦਲ(GRD)ਚਰਬੀ ਉਦਯੋਗ ਦੇ ਸਾਰੇ ਨੈੱਟਵਰਕ ਨੂੰ ਬਰਬਾਦ ਕਰ ਰਹੇ ਹਨ ਜੋ ਕਿ ਸਾਬਣ ਉਤਪਾਦਨ ਲਈ ਕੱਚੇ ਮਾਲ ਮੁਹੱਈਆ ਕਰਾਉਂਦੇ ਹਨ।ਪਸ਼ੂਆਂ ਦੇ ਨਾਲ ਸੰਬੰਧਿਤ ਉਤਪਾਦਨ ਦੀ ਲੜੀ ਲੱਖਾਂ ਲਈ ਆਜੀਵੀਕਾ ਦਾ ਸਾਧਨ ਹੈ –ਜਿਨ੍ਹਾਂ ਵਿੱਚ ਪਸ਼ੂ ਉਤਪਾਦਕ (ਕਿਸਾਨ, ਡੇਅਰੀਆਂ),ਵਪਾਰੀ,ਕਸਾਈ,ਥੋਕ ਦੇ ਮੀਟ ਡੀਲਰ, ਉਦਯੋਗਿਕ ਉਤਪਾਦ ਦੇ ਡੀਲਰ ਅਤੇ ਰਿਟੇਲਰ ਆਉਂਦੇ ਹਨ।
ਗਾਂਦੀ ਪਵਿੱਤਰਤਾ ਸਿਰਫ਼ ਇੱਕ ਚਲਾਕੀ ਹੈ।ਜੋ ਕੁਝ ਹੋ ਰਿਹਾ ਹੈ ਉਹ ਉਦਯੋਗਿਕ ਅਨੁਪਾਤ ਨੂੰ ਹਥਿਆਉਣ ਲਈ ਬੰਦੂਕ ਦੀ ਨੋਕ ’ਤੇ ਲਗਾਈ ਜਾ ਰਹੀ ਇੱਕ ਬੋਲੀ (ਬਿੱਡ)ਹੈ।
ਲੰਮੇ ਚਾਕੂਆਂ ਦੀਆਂ ਰਾਤਾਂ
ਜੋ ਕੁਝ ਯਮੁਨਾਨਗਰ ਦੇ ਚੌਧਰੀ ਨੇ ਜੁਲਾਈ ਦੀ ਰਾਤ ਨੂੰ ਕੀਤਾ ਸੀ, ਉਹ ਗਊ ਰੱਖਿਆ ਦਲ(GRD) ਦੇ ਹਿੰਸਕ ਤਰੀਕੇ ਦਾ ਦਿਖਾਵਾ ਸੀ,ਜਦਕਿ ਸੱਤਾ ਅੱਖਾਂ ਬੰਦ ਕਰੀ ਖੜੀ ਸੀ। “ਸਾਡੇ ਕੋਲ ਵੀ ਪੁਲਿਸ ਵਾਂਗੂੰ ਖਬਰੀਆਂ ਦਾ ਨੈਟਵਰਕ ਹੈ,”ਚੌਧਰੀ ਨੇ ਕਿਹਾ,ਜੋ ਕਿ ਆਰ.ਐਸ.ਐਸ. ਦੇ ਸਦੱਸ ਹੋਣ ਦਾ ਦਾਅਵਾ ਕਰਦਾਹੈ। "ਸਾਡੇ ਕੁਝ ਖ਼ਬਰੀ ਆਪ ਵੀ ਪਸ਼ੂਆਂ ਦੇ ਤਸ੍ਕਰ ਹਨ,ਜੋ ਸ਼ਰਾਬ, ਪੈਸੇ ਜਾਂ ਨਿੱਜੀ ਕਾਰਨਾਂ ਕਰਕੇ ਵਿਰੋਧੀ ’ਤੇ ਝਪਟ ਪੈਂਦੇ ਹਨ," ਉਸ ਨੇ ਆਉਟ ਲੁੱਕ ਨੂੰ ਦੱਸਿਆ।
ਹਰ ਸਫ਼ਲ ਛਾਪੇ ਬਾਅਦ, ਗਊ ਰੱਖਿਆ ਦਲ ਵਾਲੇ ਡਾਂਗਾਂ, ਬੰਦੂਕਾਂ ਅਤੇ ਕਬਜ਼ੇ ਹੇਠ ਆਏ ਹੋਏ ਪਸ਼ੂਆਂ ਨਾਲ ਸੋਸ਼ਲ ਮੀਡਿਆ ਉੱਤੇ ਫੋਟੋਆਂ ਪਾਉਂਦੇ ਹਨ। ਇਹ ਵੀਡੀਓਜ਼ ਉਨ੍ਹਾਂ ਗਊ ਪ੍ਰੇਮੀਆਂ ਵਿੱਚ ਸਥਾਪਤੀਕਰਨ ਅਤੇ ਨਵੇਂ ਮੈਂਬਰ ਖਿੱਚਣ ਵਿੱਚ ਮੱਦਦ ਕਰਦੀਆਂ ਹਨ। ਪ੍ਰਚੰਡ ਅਤੇ ਵਚਨਬੱਧ ਗਊ ਰੱਖਿਅਕਾਂ ਨੂੰ ਵੀ ਦੂਸਰੇ ਸੂਬਿਆਂ ਤੋਂ ਹਾਈਵੇ ਉੱਤੇ ਭੜਕਦੇ ਨੀਲੇ ਰੰਗ ਦੀਆਂ ਬੱਤੀਆਂ ਵਾਲੀਆਂ SUV ਗੱਡੀਆਂ ਵਿੱਚ ਗਸ਼ਤ ਕਰਨਲਈ ਮੰਗਵਾਇਆ ਜਾਂਦਾ ਹੈ, ਜਿਨ੍ਹਾਂ ਦੀਆਂ ਪੁਲਿਸ ਵਰਗੇ ਚੀਕਦੇ ਘੁੱਗੂਆਂ ਵਾਲਿਆਂ ਗੱਡੀਆਂ ਉੱਤੇ ਵੱਡੇ ਅੱਖਰਾਂ ਵਿੱਚ ‘ਗਊ ਰੱਖਿਆ ਦਲ’ ਲਿਖਿਆ ਹੁੰਦਾ ਹੈ।ਉਨ੍ਹਾਂ ਕੋਲ ਸੜਕ ਘੇਰਨ ਲਈ ਬੰਦੂਕਾਂ,ਡਾਂਗਾਂ, ਸੋਟੀਆਂ, ਲੋਹੇ ਦੀਆਂ ਰਾੜਾਂ ਹੁੰਦੀਆਂ ਹਨ। ਉਨ੍ਹਾਂ ਦੀਆਂ ਗੱਡੀਆਂ ਦੇ ਸਾਹਮਣੇ ਵਾਲੇ ਸ਼ੀਸ਼ੇ ਉਪਰ ਲੋਹੇ ਦੀਆਂ ਗ੍ਰਿੱਲਾਂ ਦੀ ਵਾੜ ਲੱਗੀ ਹੁੰਦੀ ਹੈ, ਜਿਵੇਂ ਉਹ ਜੰਗ ਲੜਨ ਲਈ ਤਿਆਰ ਕੀਤੇ ਗਏ ਹੋਣ। ਇਸ ਦੀ ਕਾਨੂੰਨੀ ਮਾਨਤਾ ਅਸਪਸ਼ਟ ਹੈ। ਅਕਸਰ,ਪੁਲੀਸ ਵਾਲੇ ਗਊ ਰੱਖਿਅਕਾਂ ਨਾਲ ਦਿਖਾਈ ਦਿੰਦੇ ਹਨ ਅਤੇ ਉਹ ਸਾਂਝੇ ਛਾਪੇ ਵੀ ਮਾਰਦੇ ਹਨ।ਗਊ ਰੱਖਿਆ ਦਲ ਵੀ ਦਿਹਾਤੀ ਉੱਤਰ ਵਿੱਚ ਪੁਲਿਸ ਨੂੰ ਪਸ਼ੂਆਂ ਦੀ ਹਰਕਤ ਬਾਰੇ ਸੂਚਨਾ ਦਿੰਦੇ ਹਨ।
ਚੌਧਰੀ ਨੇ ਦੱਸਿਆ ਕਿ ਹਰ ਗਊ ਰੱਖਿਆ ਦਲ ਨੂੰ ਇੱਕ ਨਿਸ਼ਾਨਦੇਹ ਖੇਤਰ ਦਿੱਤਾ ਹੋਇਆ ਹੈ।ਉਹ ਹਥਨੀਕੁੰਡ ਤੋਂ ਕਰਨਲ ਤੱਕ ਯਮੁਨਾਸਰ ਹੱਦ ਦੇ ਨਾਲ ਯੂ.ਪੀ. ਦੇ ਸਹਾਰਨਪੁਰ ਤੱਕ 75 ਕਿਲੋਮੀਟਰ ਦਾ ਖ਼ੇਤਰ ਸਾਂਭਦਾ ਹੈ,ਜੋ ਕਿ ਇੱਕ ਰਵਾਇਤੀ ਪਸ਼ੂ-ਵਪਾਰ ਦਾ ਅੱਡਾ ਹੈ। ਉਸ ਨੇ ਤਿੰਨ ਸਾਲ ਵਿੱਚ ਦਰਜਨਾਂ ਹੀ ਛਾਪੇ ਮਾਰਨ ਅਤੇ ਸੌ ਗਾਵਾਂ ਨੂੰ ‘ਬਚਾਉਣ’ ਦਾ ਦਾਵਾ ਕੀਤਾ ਹੈ।ਉਹ ਕਹਿੰਦਾ ਹੈ,"ਅਸੀਂ ਇੱਕ ਜੰਗ ਲੜ ਰਹੇ ਹਾਂਅਤੇ ਸਾਡੇ ਕੋਲ ਜ਼ਿਆਦਾ ਮੈਂਬਰ ਨਹੀਂ ਹਨ ਅਤੇ ਨਾਂ ਹੀ ਜ਼ਿਆਦਾ ਪੈਸਾ ਹੈ। ਦਸ ਵਿਚੋਂ ਅੱਠ ਗਾਂ ਦੇ ਤਸਕਰ ਮੁਸਲਿਮ ਹਨ ਪਰ ਕੁਝ ਹਿੰਦੂ ਵੀ ਬੁਰੇ ਹਨ।"
ਜਦ ਕਿ ਹਰਿਆਣਾ ਅਤੇ ਬਾਕੀ ਸੂਬਿਆਂ ਵਿੱਚ ਗਾਂ ਦੇ ਮਾਰਨ ਉੱਤੇ ਪਾਬੰਦੀ ਹੈ, ਤਾਂ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਗਊ ਰੱਖਿਅਕ ਮੱਝ ਵਪਾਰੀਆਂ ਪਿੱਛੇ ਵੀ ਪੈ ਰਹੇ ਹਨ,ਉਹ ਖੁੱਲੇ-ਆਮਦੰਡ ਤੋਂ ਮੁਕਤ ਘੁੰਮਦੇ ਹਨ।ਮੁਸਲਿਮ ਬਹੁਤਾਤ ਵਾਲੇ ਮੇਵਾਤ ਖੇਤਰ ਵਿੱਚ, ਜਿਸ ਵਿੱਚ ਰਾਜਸਥਾਨ ਅਤੇ ਦੱਖਣੀ ਹਰਿਆਣਾ ਸਮਾਇਆ ਹੋਇਆ ਹੈ,ਪਸ਼ੂ ਵਪਾਰੀਆਂ ਨੂੰ ਜਾਨਵਰਾਂ ਉੱਪਰ ਜੁਲਮ ਕਰਨ ਦੇ ਦੋਸ਼ਾਂ ਹੇਠ ਪਸ਼ੂਆਂ ਨੂੰ ਗਵਾਉਣ ਦੇ ਖਤਰੇ ਦਾ ਜ਼ੋਖਮ ਹੈ, ਜਿਸ ਕਰਕੇ ਉਨ੍ਹਾਂ (ਵਪਾਰੀਆਂ)ਦੁਆਰਾ ਗਊ ਰੱਖਿਅਕਾਂ ਨੂੰ ਬਹੁਤ ਭਾਰੀ ਰਿਸ਼ਵਤ ਦੇਣ ਦੀਆਂ ਰਿਪੋਰਟਾਂ ਹਨ।ਚੌਧਰੀ ਨੇ ਜ਼ੋਰ ਦੇ ਕੇ ਕਿਹਾ, "ਗਾਂ ਦੀ ਸੌਂਹ,ਅਸੀਂ ਗਾਂ ਨੂੰ ਸਾਡੀ ਮਾਤਾ ਮੰਨਦੇ ਹਾਂ,ਪਰ ਮੱਝਾਂ ਵੀ ਨਹੀਂ ਮਾਰਨੀਆਂ ਚਾਹੀਦੀਆਂ,ਹਿੰਦੂ ਕਿਸੇ ਵੀ ਜੀਵ ਦੀ ਹੱਤਿਆ ਵਿੱਚ ਵਿਸ਼ਵਾਸ਼ ਨਹੀਂ ਰੱਖਦੇ।"ਇੱਕ ਵਿਅੰਗ ਇਹ ਹੈ ਕਿ ਇਸੇ ਅਪ੍ਰੈਲ ਚੌਧਰੀ ਉੱਤੇ ਸਹਾਰਨਪੁਰ (ਯੂ.ਪੀ.)ਦੇ ਇੱਕ ਮੁਸਤਾਨ ਅੱਬਾਸ ਨਾਮ ਦੇ ਪਸ਼ੂ ਵਪਾਰੀ ਦੀ ਰਹੱਸਮਈ ਮੌਤ ਦਾ ਦੋਸ਼ ਸੀ।
ਅਬਾਸ ਆਪਣੇ ਚਿੱਟੇ ਪਿੱਕ-ਅੱਪ ਟਰੱਕ ਵਿੱਚ ਦੋ ਬਲਦਾਂ ਨਾਲ ਘਰ ਨੂੰ ਆ ਰਿਹਾ ਸੀ,ਤਾਂ ਚੌਧਰੀ ਦਾ ਗੈਂਗ ਕੁਰੂਕਸ਼ੇਤਰ ਦੇ ਨੇੜੇ ਅੱਧੀ ਰਾਤ ਨੂੰ ਉਸਦੀ ਤਾਕ ਵਿੱਚ ਬੈਠਾ ਸੀ। ਇੱਕ ਟਰੈਕਟਰ ਰਾਹੀਂ ਸੜਕ ਦੇ ਉੱਪਰ ਇੱਕ ਨਾਕਾ ਲਗਾਇਆ ਹੋਇਆ ਸੀ।ਅੱਬਾਸ ਦੇ ਛੋਟੇ ਜਿਹੇ ਟਰੱਕ ਨੇ ਭੱਜਣ ਦੀ ਕੋਸ਼ਿਸ਼ ਕੀਤੀ,ਪਰ ਉਸਨੂੰ ਇੱਕ ਹੋਰ ਨਾਕੇ ’ਤੇ ਲੋਹੇ ਦੀਆਂ ਕਿੱਲਾਂ ਅਤੇ ਸਥਾਨਕ ਲੋਕਾਂ ਦੀ ਮੱਦਦ ਨਾਲ ਰੋਕਿਆ ਗਿਆ।ਜਿਉਂ ਹੀ ਅੱਬਾਸ ਦੀ ਵੈਨ ਪਹੁੰਚੀ,ਚੌਧਰੀ ਨੇ ਆਪਣੇ ਸਾਥੀ ਦੀ ਡਬਲ-ਬੈਰਲ’ਚੋਂ ਚਾਰ ਗੋਲੀਆਂ ਚਲਾਈਆਂ।ਚੌਧਰੀ ਕਹਿੰਦਾ,"ਸਿਰਫ਼ ਹਵਾ ਵਿੱਚ,ਅਤੇ ਉਹ ਖਾਲੀ ਸਨ।" ਅੱਬਾਸ ਦਾ ਪਰਿਵਾਰ ਕਹਿੰਦਾ ਕਿ ਉਨ੍ਹਾਂ ਦਾ ਪੁੱਤਰ ਕਦੇ ਵੀ ਵਾਪਸ ਨਹੀਂ ਆਇਆ। ਅਗਲੀ ਵਾਰ ਉਹ ਲੱਗਭੱਗ 25 ਦਿਨ ਬਾਅਦ ਵੇਖਿਆ ਗਿਆ ਸੀ, ਉਹ ਮਰ ਚੁੱਕਾ ਸੀ,ਕੁਰੂਕਸ਼ੇਤਰ ਦੇ ਨਿਕਾਸ ਆਲੇ ਨਾਲੇ ਵਿੱਚ ਉਸਦਾ ਮੂੰਹ ਲਟਕ ਰਿਹਾ ਸੀ। "ਅੱਬਾਸ ਬਲਦ ਖਰੀਦਣ ਲਈ ਗਿਆ ਸੀ ਜਿਨ੍ਹਾਂ ਨੂੰ ਅਸੀਂ ਖੇਤਾਂ ਵਿੱਚ ਵਰਤਦੇ ਹਾਂ। ਉਨ੍ਹਾਂ ਨੂੰ ਉਸਨੂੰ ਕਿਉਂ ਮਾਰਨਾ ਪਿਆ,"ਉਸਦੇ ਦੁਖੀ ਪਿਤਾ ਤਾਹਿਰ ਹਸਨ ਨੇ ਪੁੱਛਿਆ। ਹਸਨ ਨੇ ਕਿਹਾ ਕਿ ਉਸਨੇ ਆਪਣੇ ਪੁੱਤਰ ਨੂੰ ਪਛਾਣਿਆ ਸੀ,ਜਿਸ ਦੇ ਗੋਲੀ ਦੇ ਜ਼ਖ਼ਮ ਸਨ,ਦੰਦ ਖੋਲ ਅਤੇ ਉਸ ਦੀ ਛਾਤੀ ਹੇਠ ਇੱਕ ਖੁੱਡ ਸੀ।
ਪਰ ਕੁਰੂਕਸ਼ੇਤਰ ਦੇ ਐੱਸ.ਪੀ. ਸਿਮਰਦੀਪ ਸਿੰਘ ਨੇ ਕਿਹਾ ਕਿ ਇਹ ਪੱਕਾ ਨਹੀਂ ਹੈ ਕਿ ਅੱਬਾਸ ਉਸ ਰਾਤ ਨੂੰ ਮੌਜੂਦ ਸੀ। ਇੱਕਡੀ.ਐਨ.ਏ. ਅਤੇ ਆਂਦਰਾਂ ਦੇ ਟੈਸਟ ਦੀ ਰਿਪੋਰਟ ਦੀ ਉਡੀਕ ਹੈ। "ਸਿਰਫ਼ ਪੁਲੀਸ ਹੀ ਛਾਪੇ ਮਾਰ ਸਕਦੀ ਹੈ," ਸਿੰਘ ਇਸ ਤੇ ਸਹਿਮਤ ਹੈ। "ਜੇਕਰ ਗਊ ਰੱਖਿਅਕ ਅਜਿਹਾ ਕਰਦੇ ਹਨ ਤਾਂ ਇਹ ਗੈਰ ਕਾਨੂੰਨੀ ਹੈ।ਅਸੀਂ ਉਨ੍ਹਾਂ ਨੂੰ ਇਹ ਦੱਸ ਦੇਵਾਂਗੇ," ਉਸਨੇ ਕਿਹਾ। "ਅਸੀਂ ਸਾਂਝੇ ਆਪਰੇਸ਼ਨਾਂ ਤੋਂ ਪਰਹੇਜ਼ ਕਰਦੇ ਹਾਂ, ਅਸੀਂ ਉਨ੍ਹਾਂ ਤੋਂ ਸਿਰਫ ਪਸ਼ੂਆਂ ਦੀ ਹਰਕਤ ਦੀ ਜਾਣਕਾਰੀ ਲੈਂਦੇ ਹਾਂ।"ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਹੁਣਇਸ ਘਟਨਾ ਦੀ ਤਫ਼ਤੀਸ਼ ਸੀ.ਬੀ.ਆਈ. ਕਰ ਰਹੀ ਹੈ,ਹੁਕਮ ਕਹਿੰਦਾ ਹੈ ਕਿ ਗਊ ਰੱਖਿਅਕ ਪੁਲਿਸ,ਪ੍ਰਸ਼ਾਸਨਿਕ ਅਤੇ ਸਿਆਸੀ ਸਰਪ੍ਰਸਤੀ ਦਾ ਆਨੰਦ ਲੈਂਦੇ ਹਨ।
"ਅਸੀਂ ਖਬਰੀਆਂ ਦੁਆਰਾ ਅੱਬਾਸ ਦੇ ਵਾਹਨ ਦੀ ਜਾਣਕਾਰੀ ਲਈ ਸੀ,ਤਾਹੀਂ ਅਸੀਂ ਇੱਕ ਨਾਕਾ ਲਗਾਇਆ ਸੀ। ਇੱਕ ਗਊ ਸੇਵਕ ਨੇ ਪੁਲਿਸ ਨੂੰ ਬੁਲਾਇਆ। ਅਸੀਂ ਬਾਕਾਇਦਾ ਉਨ੍ਹਾਂ ਨਾਲ ਸਾਂਝੇ ਓਪਰੇਸ਼ਨ ਕਰਦੇ ਹਾਂ,"ਚੌਧਰੀ ਨੇ ਫੜ੍ਹ ਮਾਰਦੇ ਹੋਏ ਕਿਹਾ। ਪਰ ਹੁਣ ਉਸ ਨੇ ਗਊ ਰੱਖਿਅਕਾਂ ਦੀ ਦੁਨੀਆ ਵਿੱਚ ਧੁੰਦਲਾਪਨ ਸਵੀਕਾਰਿਆ।"ਮੈਂ ਹਿੰਦੂ ਸਮਾਜ ਲਈ ਬਹੁਤ ਕੁਝ ਕੀਤਾ ਹੈ। ਮੈਂ ਮੁਸਲਮਾਨ ਗਊ ਤਸਕਰਾਂ ਦੀ ਕਮਰ ਤੋੜ ਦਿੱਤੀ ਹੈ। ਪਰ ਹਿੰਦੂ ਗੱਦਾਰ ਅਤੇ ਕੁਝ ਰੱਖਿਅਕ ਮੁਸਲਿਮ ਤਸਕਰਾਂ ਤੋਂ ਰਿਸ਼ਵਤ ਲੈਂਦੇ ਹਨ ਅਤੇ ਗਾਵਾਂ ਨੂੰ ਕਤਲ ਕਰਨ ਦਿੰਦੇ ਹਨ,"ਉਸ ਨੇ ਸ਼ਿਕਾਇਤ ਕੀਤੀ। ਚੌਧਰੀ ਦਾ ਗਣਿਤ ਸਧਾਰਨ ਸੀ। "ਇੱਕ ਕਬਜ਼ੇ ਹੋਏ ਟਰੱਕ ਦਾ ਮਤਲਬ ਇੱਕ ਤਸਕਰ ਲਈ ਇੱਕ ਲੱਖ ਰੁਪਏ ਦਾ ਨੁਕਸਾਨ। 60,000 ਰੁਪਏ ਦੇ ਪਸ਼ੂ,10,000 ਰੁਪਏ ਵਕੀਲ ਦੀ ਫੀਸ ਅਤੇ ਹੋਰ ਨਿੱਕ-ਸੁੱਕ ਖ਼ਰਚੇ,ਤੇਲ, ਪਿੱਕ-ਅੱਪਦਾ ਕਿਰਾਇਆ ਆਦਿ," ਉਸਨੇ ਕਿਹਾ।"ਕਿਸੇ ਵਪਾਰੀ ਉੱਤੇ ਇੱਕ ਜਾਂ ਦੋ ਛਾਪੇ ਅਤੇ ਉਹਦਾ ਕੰਮ ਖ਼ਤਮ।"
ਇੱਕ ਦਿਨ,ਚੌਧਰੀ ਨੇ ਇੱਕ ਵੱਡੇ ਚਿੱਟੇ ਟਾਰਚ ਦੀ ਇੱਕ ਫੋਟੋ ਵਾਟ੍ਸ ਅੱਪ ’ਤੇ ਪਾਈ, ਜਿਸ ਨੂੰ ਗਾਂਵਾਂ ਨੂੰ ‘ਬਚਾਉਣ’ ਵਾਲੇ ਟਰੱਕ ਦੇ ਡਰਾਈਵਰ ਨੂੰ ਅੰਨ੍ਹਾ ਕਰਨ ਲਈ ਵਰਤਦੇ ਹਨ, ਜੋ ਤਿੜਕੀ ਹੋਈ ਅਤੇ ਲਹੂ ਨਾਲ ਲਿਬੜੀ ਹੋਈ ਸੀ। ਮਿੰਟ ਕੁ ਬਾਅਦ,ਉਸ ਨੇ ਇੱਕ ਖੂਨੀ ਹੱਥ ਦੀ ਹੋਰ ਫੋਟੋ ਪਾਈ ਜੋ ਗਊ ਰੱਖਿਆ ਇੰਟਰਪ੍ਰਾਇਜ਼ ਦਾ ਪ੍ਰਤੀਕ ਸੀ। ਕੁਝ ਦਿਨ ਬਾਅਦ,ਅੱਬਾਸ ਦੇ ਚਚੇਰੇ ਭਰਾ ਅਲੀ ਅਖ਼ਤਰ ਨੇ ਵੀ ਵਾਟ੍ਸ ਅੱਪ ’ਤੇ ਚੌਧਰੀ ਦੀਆਂ ਤਸਵੀਰਾਂ ਭੇਜੀਆਂ। ਉਸਨੇ ਕਿਹਾ ਕਿ ਇਹ ਉਸਨੂੰ ਫੇਸਬੁੱਕ ’ਤੇ ਅੱਬਾਸ ਦੇ ਮਰਨ ਤੋਂ ਇੱਕ ਦਿਨ ਪਹਿਲਾਂ ਮਿਲੀਆਂ।ਇੱਕ ਵਿੱਚ, ਚੌਧਰੀ ਅਤੇ ਉਸਦੇ ਗਰੁੱਪ ਨੂੰ ਇੱਕ ਚਿੱਟੇ ਪਿੱਕ-ਅੱਪ ਵੈਨ ਅੱਗੇ ਖ਼ੁਸ਼ੀ ’ਚ ਖੜ੍ਹੇ ਦੇਖਿਆ। ਉਸ ਦੇ ਪਰਿਵਾਰ ਨੇ ਕਿਹਾ ਕਿ ਇਹ ਅੱਬਾਸ ਦਾ ਪਿੱਕ-ਅੱਪ ਹੈ।
ਚੌਧਰੀ ਉਸਦੇ ‘ਬਚਾਏ ਹੋਏ ’ਪਸ਼ੂਆਂ ਨੂੰ ਉਸ ਗਉਸ਼ਾਲਾ ਵਿੱਚ ਲੈ ਗਿਆ,ਜਿਸ ਤੋਂ ਉਸਨੇ ਇਸੇ ਮਹੀਨੇ ਅਸਤੀਫ਼ਾ ਦਿੱਤਾ ਸੀ,ਇਹ ਅਸਤੀਫ਼ਾ ਸੰਭਵ ਹੀ ਸੀ.ਬੀ.ਆਈ. ਦੀ ਪੜਤਾਲ ਦੇ ਦਬਾਅ ਹੇਠ ਦਿੱਤਾ ਸੀ। ਉਸ ਦੇ ਬੇਨਾਮੇ ਮੱਦਦਗਾਰ ਉਸਦੀ ਗੱਡੀ ਨੂੰ ਦੂਰ ਲੈ ਗਏ।ਉਸਨੇ ਕਿਹਾ ਕਿ ਉਹ ਗਊ ਰੱਖਿਆ ਤੋਂ ਸੇਵਾ ਮੁਕਤ ਹੋ ਗਿਆ ਹੈ। "ਮੈਂ ਆਪਣੇ ਆਪ ਨੂੰ ਮਾਂ ਭਾਰਤੀ ਨੂੰ ਸਮਰਪਿਤ ਹੋਵਾਂਗਾ।"
ਨਵਾਂ ਕਾਰੋਬਾਰੀ ਮਾਡਲ
ਕੁਰੂਕਸ਼ੇਤਰ ਵਿੱਚ ਮਦਨ ਮੋਹਨ ਛਾਬੜਾ ਵੀ.ਐਚ.ਪੀ. ਦਾ 'ਛਾਪੇ' ਮਾਰਨ ਦਾ ਇੱਕ ਪੁਰਾਣਾ ਤਜ਼ਰਬੇਕਾਰ ਹੈ। "ਜੇਕਰ ਇੱਕ ਪਿੰਡ ਵਿੱਚ ਇੱਕ ਗਊ ਭਗਤ ਹੈ, ਤਾਂ ਹਰ ਕੋਈ ਜਾਣਦਾ ਹੈ ਕਿ ਤਸਕਰਾਂ ਦੀ ਹਰਕਤ ਬਾਰੇ ਕਿਸ ਨੂੰ ਸੂਚਨਾ ਦੇਣੀ ਹੈ। ਜਦੋਂ ਸਾਨੂੰ ਇੱਕ ਵਾਰ ਇਹ ਜਾਣਕਾਰੀ ਪ੍ਰਾਪਤ ਹੋ ਗਈ ਤਾਂ ਸਾਡੇ ਨੌਜਵਾਨ ਕਾਰਜ-ਕਰਤਾ ਇਕੱਠੇ ਹੋ ਜਾਂਦੇ ਹਨ। ਅਸੀਂ ਪੰਜਾਬ ਤੋਂ ਵੀ ਲੋਕਾਂ ਨੂੰ ਬੁਲਾਉਂਦੇ ਹਾਂ,"ਉਸਨੇ ਕਿਹਾ।'ਸੱਚੇ' ਪਸ਼ੂ ਵਪਾਰੀਆਂ ਨੂੰ ਨਾਪਾਕ 'ਤਸਕਰਾਂ' ਜਾਂ ਪਸ਼ੂ ਚੋਰਾਂ ਤੋਂ ਅਲੱਗ ਕਰਨ ਦੀ ਕਲਾ ਨੂੰ ਛਾਬੜੇ ਵਰਗੇ ਗਊ ਰੱਖਿਅਕਾਂ ਦੁਆਰਾ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ। "ਸੱਚੇ ਟ੍ਰਾਂਸਪੋਰਟਰ ਆਪਣੇ ਦਸਤਾਵੇਜ਼ ਦਿਖਾਉਂਦੇ ਹਨ ਅਤੇ ਚੈਕਿੰਗ ਲਈ ਵੀ ਰੁਕਦੇ ਹਨ," ਉਸਨੇ ਕਿਹਾ।
ਛਾਬੜਾ ਵੀ ਇੱਕ ਗਊਸ਼ਾਲਾ ਨਾਲ ਜੁੜਿਆ ਹੋਇਆ ਹੈ, ਉਹ ਕਹਿੰਦਾ ਹੈ ਕਿ ਉਸਨੂੰ ਦੋ ਪੁਲਿਸ ਵਾਲਿਆਂ ਦੁਆਰਾ ਚਲਾਇਆ ਜਾਂਦਾ ਹੈ। "ਲੋਕਾਂ ਨੂੰ ਗਾਂ ਦੇ ਪਿਸ਼ਾਬ ਅਤੇ ਗੋਹੇ ਤੋਂ ਸਿਹਤ ਨੂੰ ਹੋਣ ਬਾਰੇ ਲਾਭਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਦੇ ਬਗੈਰ, ਸਿਰਫ਼ ਦੁੱਧ ਅਤੇ ਘਿਓ ਦੇ ਆਧਾਰ 'ਤੇ,ਗਾਂ ਕਿਸੇ ਨੂੰ ਆਰਥਿਕ ਤੌਰ’ਤੇ ਸਮਰੱਥ ਨਹੀਂ ਬਣਾ ਸਕਦੀ,"ਉਹ ਕਹਿੰਦਾ ਹੈ।ਉਸਨੇ ਇਹ ਮੰਨਿਆ ਕਿ ਦੇਸੀ ਗਾਂਦੀ ਦੇਖਭਾਲ ’ਤੇ ਖਰਚ ਨੂੰ ਸਿਰਫ਼ ਦੁੱਧ ਦੇਣ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਸਨੇ ਕੁਝਵਪਾਰਕ ਸੰਗਠਨਾਂ ਦੀ ਮਿਸਾਲ ਦਿੱਤੀ ਜੋਹਾਲ ਹੀ ਦੇ ਸਾਲਾਂ ਵਿੱਚ ਸਾਹਮਣੇ ਆਏ ਹਨ,ਜਿਨ੍ਹਾਂ ਨੇ ਗਊਦੇ ਪਿਸ਼ਾਬ ਅਤੇ ਗੋਹੇ ਨੂੰਇੱਕ ਐਫ.ਐਮ.ਸੀ.ਜੀ. ਉਤਪਾਦ ਦੇ ਤੌਰ ’ਤੇ ਪੈਦਾ ਵੀ ਕੀਤਾ ਅਤੇ ਮਾਰਕੀਟ ਵਿੱਚ ਵੀ ਵੇਚਿਆ।
ਇਹ ਝੱਲਾ ਸੰਸਾਰ ਹੈ ਜਿੱਥੇ ਬਦਕਿਸਮਤ ਪਸ਼ੂ ਵਪਾਰੀ ਅਤੇ ਜਾਨਵਰ ਉਤਪਾਦਾਂ ਦੇ ਉੱਦਮ ਵਿੱਚ ਪਏ ਹੋਰ ਵਪਾਰੀ ਕੀ ਜਿਉਣ ਦੀ ਇੱਛਾ ਰੱਖ ਸਕਦੇ ਹਨ? ਸਖ਼ਤ ਪ੍ਰਦੂਸ਼ਣ ਵਿਰੋਧੀ ਨਿਯਮ,ਵਪਾਰਕ ਵਾਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਸ਼ਹਿਰਦੀ ਸੀਮਾ ਦੇ ਅੰਦਰ ਆਉਣ ਤੋਂ ਰੋਕਦੇ ਹਨ, ਇਸ ਕਰਕੇ ਵਪਾਰ ਰਾਤ ਨੂੰ ਹੀ ਹੁੰਦਾ ਹੈ। "ਪਰ ਜਦੋਂ ਹੀ ਅਸੀਂ ਸੜਕਾਂ ’ਤੇ ਹੁੰਦੇ ਹਾਂ ਤਾਂ ਗਊ ਰੱਖਿਆ ਵਾਲੇ ਲੋਕ ਸਾਡੇ ਇੰਤਜ਼ਾਰ ਵਿੱਚ ਖੜੇ ਹੁੰਦੇ ਹਨ। ਉਹ ਸਾਨੂੰ ਟੋਲ ਗੇਟ 'ਤੇ ਫੜਦੇ ਹਨ,ਕੁੱਟਦੇ ਹਨ,ਅਤੇ ਸਾਡੀਆਂ ਮੱਝਾਂ ਨੂੰ ਲੈ ਜਾਂਦੇ ਹਨ," ਮੇਵਾਤ ਵਿੱਚ ਘਸੀਰਾ ਦੇ ਇੱਕ ਪਸ਼ੂ ਵਪਾਰੀ ਮੁਹੰਮਦ ਇਕਬਾਲ ਨੇ ਦੱਸਿਆ।
ਘਸੀਰਾ ਵਿੱਚ 500 ਤੋਂ ਵੱਧ ਪਸ਼ੂ ਵਪਾਰੀ ਹਨ ਜੋ ਇੱਥੇ ਮੱਝਾਂ ਦਾਹੀ ਵਪਾਰ ਕਰਦੇ ਹਨ -ਬੇਜ਼ਮੀਨੇ ਮੁਸਲਮਾਨ ਇੱਥੇ ਹੋਰ ਕੋਈ ਵਪਾਰ ਨਹੀਂ ਜਾਣਦੇ।ਇਸੇ ਕਰਕੇ, ਗਊ ਰੱਖਿਅਕਾਂ ਦੇ ਵਾਰ-ਵਾਰ ਕੁੱਟਣ ਦੇ ਬਾਵਜੂਦ,ਮੁਹੰਮਦ ਵਕੀਲ ਵਰਗੇ ਲੋਕ,ਦਿੱਲੀ ,ਉੱਤਰ ਪ੍ਰਦੇਸ਼,ਰਾਜਸਥਾਨ,ਹਿਮਾਚਲ ਅਤੇ ਪੰਜਾਬ ਨੂੰ ਮੱਝਾਂ ਢੋਣੀਆਂ ਜਾਰੀ ਰੱਖਦੇ ਹਨ।ਵਕੀਲ ਨੂੰ ਪਿਛਲੀ ਵਾਰ ਪਿਛਲੇ ਮਹੀਨੇ ਦਿੱਲੀ-ਗੁੜਗਾਓ ਮਾਰਗ 'ਤੇ ਇੱਕ ਗਊ ਰੱਖਿਆ ਦਲ ਵਾਲਿਆਂ ਨੇ ਕੁੱਟਿਆ ਸੀ। ਉਸਨੂੰ ਪੰਜਾਹ ਲੋਕਾਂ ਨੇ ਘੇਰ ਲਿਆ ਸੀ,ਉਸ ਨੂੰ 2000 ਰੁਪਏ ਲੈਕੇ ਛੱਡਿਆ ਗਿਆ ਸੀ।ਇੱਕ ਵਾਰ ਉਸਨੂੰ ਦਿੱਲੀ ਆਸ਼ਰਮ ਵਾਲੇ ਫਲਾਈ-ਓਵਰ ’ਤੇ ਰੋਕ ਲਿਆ ਸੀ,ਜਿੱਥੇ ਪੁਲਿਸ ਨੇ ਉਸ ਤੋਂ 5000 ਰੁਪਏ ਲੁੱਟ ਲਏ ਸੀ।
ਚਮੜੇ ਉਦਯੋਗ ਵਿੱਚ,ਚਮੜੇ ਸੋਧਣ ਦੇ ਕਾਰਖ਼ਾਨਿਆਂ ਦੇ ਬੰਦ ਹੋਣ ਕਰਕੇ ਰੁਜ਼ਗਾਰ ਘੱਟ ਰਿਹਾ ਹੈ।
"ਜਦੋਂ ਦੇ ਮੋਦੀ ਜੀ ਆਏ ਹਨ,ਗਊ ਰੱਖਿਆ ਵਾਲੇ ਸਾਡੇ ਨਾਲ ਗੁੱਸੇ ਹਨ।ਉਸ ਤੋਂ ਪਹਿਲਾਂ ਸਾਨੂੰ ਕੋਈ ਨਹੀਂ ਛੂੰਹਦਾ ਸੀ.... ਅਸੀਂ ਨਵੇਂਜੰਮੇ, ਨੌਜਵਾਨ ਪਸ਼ੂਅਤੇ ਦੁਧਾਰੂ ਪਸ਼ੂ ਵੀ ਲੈ ਜਾਂਦੇ ਹਾਂ।ਪਰ ਗਊ ਰੱਖਿਅਕ ਸਾਡੀਆਂ ਮੱਝਾਂ ਨੂੰ ਵੀ ਗਾਵਾਂ ਬਣਾ ਦਿੰਦੇ ਹਨ।ਹੁਣ ਅਸੀਂ ਗਾਵਾਂ ਦਾ ਵਪਾਰ ਨਹੀਂ ਕਰਦੇ।ਜੇ ਅਸੀਂ ਕਰਾਂਗੇ ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਹ ਸਾਡੇ ਨਾਲਕੀ ਕਰਨਗੇ?" ਵਕੀਲ ਨੇ ਪੁੱਛਿਆ। ਇੱਕ ਮਈ ਦੀ ਰਾਤ ਨੂੰ,ਇੱਕ SUV ਗੱਡੀ ਜੋ ਗਊ ਰੱਖਿਅਕਾਂ ਨਾਲ ਭਰੀ ਹੋਈ ਸੀ ਉਸਨੇ ਘਸੀਰਾ ਦੇ ਮੁਹੰਮਦ ਇਕਬਾਲ ਦੀ ਵੈਨ ਦਾ ਪਿੱਛਾ ਕੀਤਾ।ਉਸਦਾ ਪੁੱਤਰ,ਕਈ ਹੋਰਾਂ ਨਾਲ,ਮੱਝਾਂ ਲੈ ਕੇ ਫਰੀਦਾਬਾਦ ਜਾ ਰਿਹਾ ਸੀ। ਗੱਡੀ ਨੂੰ ਉਨ੍ਹਾਂ ਨੇ ਮਾਨੇਸਰ ਕੋਲ ਜਾ ਕੇ ਡੁੱਕਲਿਆ ਅਤੇ ਉਨ੍ਹਾਂ ਨੂੰ ਰੁਕਣ ਲਈ ਮਜਬੂਰ ਕੀਤਾ।ਇਹਨਾਂ ਨੂੰ ਕੁੱਟਣ ਤੋਂ ਬਾਅਦ ਗਊ ਰੱਖਿਅਕ 17 ਮੱਝਾਂ ਅਤੇ ਕਟਰੂ ਲੈ ਗਏ,ਜੋ ਲੱਗਭੱਗ 5 ਲੱਖ ਦੇ ਸਨ,ਜਿਨ੍ਹਾਂ ਨੂੰ ਆਵਾਜਾਈ ਦੇ ਦੌਰਾਨ ਜ਼ੁਲਮ ਕਰਨ ਦੇ ਦੋਸ਼ ਹੇਠ ਇੱਕ ਜਾਨਵਰ ਪਨਾਹ ਘਰ ’ਤੇ ਜਮਾਂ ਕਰਵਾਇਆ ਗਿਆ।ਅਦਾਲਤ ਦੇ ਇੱਕ ਅਨੁਕੂਲ ਹੁਕਮ ਦੇ ਬਾਵਜੂਦ,ਅਸਫਲਤਾ ਵਜੋਂ,ਇਕਬਾਲ ਨੇ ਪਸ਼ੂਆਂ ਨੂੰ ਛੁਡਾਉਣ ਲਈ 60 ਹਜ਼ਾਰ ਰੁਪਏ ਤੱਕ ਖ਼ਰਚੇ।
ਮੱਝਾਂ ਦੀ ਆਵਾਜਾਈ ਕਿਸੇ ਵੀ ਗਊ ਸੁਰੱਖਿਆ ਕਾਨੂੰਨ ਨੂੰ ਨਹੀਂ ਤੋੜਦੀ।ਇੱਥੇ ਇੱਕ ਵੱਖਰੀ ਤਰ੍ਹਾਂ ਦੀ ਰਣਨੀਤੀ ਦਿਖਦੀ ਹੈ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਮੇਵਾਤ ਵਿੱਚ ਫਰਵਰੀ 2015 ਤੋਂ ਬਾਅਦ ਪਸ਼ੂ ਵਪਾਰੀਆਂ ਉੱਤੇ ਜਾਨਵਰਾਂ ਉੱਤੇ ਜ਼ੁਲਮ ਦੇ ਦੋਸ਼ ਤਹਿਤ ਹਰ ਰੋਜ਼ ਇੱਕ ਦਰਜਨ ਦੇ ਕਰੀਬ ਐਫ.ਆਈ.ਆਰ.ਦਰਜ ਕਰਵਾਈਆਂ ਜਾਂਦੀਆਂਹਨ।"ਜਦੋਂ ਉਹ ਸਾਨੂੰ ਫੜਦੇ ਹਨ ਤਾਂ ਉਹ ਸਾਨੂੰ ਗੰਦੇ ਕਹਿੰਦੇ ਹਨ,ਉਹ ਦੇਖਦੇ ਨੇ ਕਿ ਅਸੀਂ ਮੁਸਲਮਾਨ ਹਾਂ, ਗਾਵਾਂ ਨੂੰ ਮਾਰਨ ਵਾਲੇ," ਇੱਕ ਦਾਹੜੀ ਵਾਲੇ ਬਜ਼ੁਰਗ ਵਪਾਰੀ ਮੁਹੰਮਦ ਫਾਜ਼ੀ ਨੂਰ ਨੇ ਕਿਹਾ। "ਕੀ ਤੁਸੀਂ ਇਨ੍ਹਾਂ ਗਊ ਰੱਖਿਅਕਾਂ ਨੂੰ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੇ ਸਾਨੂੰ ਵਪਾਰੀਆਂ ਨੂੰ ਤਬਾਹਕਰ ਦਿੱਤਾ ਹੈ?"
ਹਰਿਆਣਾ ਦੇ ਵਿੱਚ,ਇਸ ਅਨੋਖੀ ਸਥਿਤੀ ਨੂੰ ਭਾਰਤੀ ਅਰੋੜਾ (ਜੋਆਇੰਟ ਪੁਲਿਸ ਕਮਿਸ਼ਨਰ) ਦੇ ਹਵਾਲੇ ਕੀਤਾ ਗਿਆ ਹੈ,ਹਾਲ ਹੀ ਵਿੱਚ ਸੂਬੇ ਦੇ ਨਵੇਂ ਗਊ ਸੁਰੱਖਿਆ ਫੋਰਸ ਦੇ ਮੁਖੀ ਨੂੰ ਨਿਯੁਕਤ ਕੀਤਾ ਗਿਆਹੈ। "ਕੁਝ ਪੁਲਿਸ ਵਾਲੇ ਕਾਨੂੰਨ ਨੂੰ ਨਹੀਂ ਜਾਣਦੇ,ਇਸ ਲਈ ਉਹ ਮੱਝ ਵਪਾਰੀਆਂ ਨੂੰ ਰੋਕ ਲੈਂਦੇ ਹਨ। ਇਹ ਇੱਕ ਨਵਾਂ ਕਾਨੂੰਨ ਹੈ ਅਤੇ ਅਸੀਂ ਇਸ ਦੀ ਸਿਖਲਾਈ ਦੇ ਰਹੇ ਹਾਂ,"ਭਾਰਤੀ ਕਹਿੰਦੀ ਹੈ। "ਅਸੀਂ ਗਾਂ ਰੱਖਿਅਕਾਂ ਨੂੰ ਕਹਾਂਗੇ ਕਿ ਉਹ ਇਕੱਲੇ ਛਾਪੇ ਨਾ ਮਾਰਨ ,ਨਹੀਂ ਤਾਂ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਉਨ੍ਹਾਂ ਵਿੱਚੋਂ ਕੁਝ ਵਚਨਬੱਧ ਹਨ,ਉਹ ਗਾਵਾਂ ਨਾਲ ਜੁੜੇ ਹੋਏ ਹਨ,ਪਰ ਉਨ੍ਹਾਂ ਵਿੱਚੋਂ ਕੁਝ ਬਲੈਕਮੇਲਰ ਵੀ ਹਨ।"
ਮੱਝਾਂ ਦੇ ਲਈ ਉਹ ਕਹਿੰਦੀ, "ਜਾਨਵਰ ਉੱਤੇ ਜ਼ੁਲਮ, ਕਾਨੂੰਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ।ਮੱਝਾਂ ਦੇ ਵਪਾਰੀ ਇਸ ਲਈ ਫੜੇਜਾ ਸਕਦੇ ਹਨ।" ਉਸਨੇ ਕਿਹਾ ਕਿ ਉਹ ਉਨ੍ਹਾਂ ਜਗ੍ਹਾਵਾਂ ਬਾਰੇ ਕੁਝ ਨਹੀਂ ਜਾਣਦੀ ਜਿੱਥੇ ਪਸ਼ੂ ਖਤਮ ਕੀਤੇ ਜਾਂਦੇ ਹਨ। ਭਾਰਤੀ ਨੇ ਵਿਅਕਤੀਗਤ ਤੌਰ ’ਤੇ ਇਹਵੀ ਦਾਅਵਾ ਕੀਤਾ ਕਿ ਮੇਵਾਤੀ ਇੱਕ ਦਿਨ ਵਿੱਚ ਮੀਟ ਲਈ 500 ਗਾਵਾਂ ਨੂੰ ਮਾਰ ਦਿੰਦੇ ਹਨ।ਉਹ ਕਹਿੰਦੀ,"ਮੇਵਾਤ ਇੱਕ ਉਪਜਾਊ ਖ਼ੇਤਰ ਹੈ,ਉਹ ਸਬਜ਼ੀਆਂ ਕਿਉਂ ਨਹੀਂ ਖਾਂਦੇ?"
ਭਾਰਤੀ ਆਪਣੇ ਗੁੜਗਾਓਂ ਵਾਲੇ ਅਧਿਕਾਰਿਕ ਨਿਵਾਸ ਤੋਂ ਇੱਕ ਗਉਸ਼ਾਲਾ ਵੀ ਚਲਾਉਂਦੀ ਹੈ। "ਮੇਰੀਆਂ ਗਾਵਾਂ ਅਵਾਰਾ ਜਾਂ ਤਸਕਰਾਂ ਤੋਂ ‘ਬਚਾਈਆਂ’ ਹੋਈਆਂ ਹਨ," ਉਹ ਕਹਿੰਦੀ। ਹਾਲ ਹੀ ਵਿੱਚ ਉਸਨੇ ਆਪਣੀਆਂ ਜ਼ਿਆਦਾਤਰ ‘ਬਚਾਈਆਂ’ ਹੋਈਆਂ ਗਾਵਾਂ ਨੂੰ ਰਿਵਾੜੀ ਵਾਲੇ ਸ਼ੈਲਟਰ ਵਿੱਚ ਭੇਜ ਦਿੱਤਾ ਹੈ, ਜਿੱਥੇ ਉਹ ਪਹਿਲਾਂ ਐੱਸ.ਪੀ. ਸੀ।ਇਤਫਾਕਨ,ਆਜ਼ਾਦ ਆਰੀਆ- ਜੋ ਇੱਕ ਯੋਗ ਗੁਰੂ ਬਾਬਾ ਰਾਮ ਦੇਵ ਦਾ ਸਾਬਕਾ ਜਮਾਤੀ ਹੈ,ਉਹ ਹੁਣ ਗਊ ਰੱਖਿਆ ਦਲ ਹਰਿਆਣਾ ਦਾ ਉਪ-ਪ੍ਰਧਾਨ ਹੈ –ਉਸਨੇ ਭਾਰਤੀ ਦੀ ਨਿਯੁਕਤੀ ਲਈ ਵਾਹੋ-ਵਾਹੀ ਖੱਟੀ ਹੈ। "ਭਾਰਤੀ ਅਰੋੜਾ ਨੂੰ ਅਸੀਂ ਹੀ ਲਗਵਾਇਆ ਹੈ।ਅਸੀਂ ਉਸਦਾ ਰਿਵਾੜੀ ਵਾਲਾ ਸ਼ਾਨਦਾਰ ਕੰਮ ਜਾਣਦੇ ਹਾਂ ਅਤੇ ਸੋਚਿਆ ਕਿ ਉਹ ਇੱਕ ਚੰਗੀ ਕੁੜੀ ਹੈ,"ਆਰੀਆ ਨੇ ਆਉਟਲੁੱਕ ਨੂੰ ਦੱਸਿਆ।
ਸਾਫ਼ ਤੌਰ ’ਤੇ ਅਰੋੜਾ ਨੂੰਗਊ ਰੱਖਿਆ ਦਲ ਦੇ ਨਾਲ ਜਾਣਿਆ ਜਾਂਦਾ ਹੈ,ਇੱਕ ਪੁਲਿਸ ਅਧਿਕਾਰੀ ਲਈ ਇੱਕ ਅਜੀਬ ਪਛਾਣ ਹੈ। ਇਸ ਤਰ੍ਹਾਂ ਦੀ ਨੇੜਤਾ ਅਜਿਹੇ ਗਊ ਰੱਖਿਆ ਵਾਲੇ ਗਰੁੱਪਾਂ ਨੂੰ ਸੁਰੱਖਿਆ ਅਤੇ ਕਾਨੂੰਨੀ ਮੱਦਦ ਯਕੀਨੀ ਬਣਾਉਂਦੀ ਹੈ। ਉਹ ਇਕੱਲੀ ਨਹੀਂ ਹੈ। ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਐੱਸ.ਪੀ.ਗੁਪਤਾ-ਮੌਜੂਦਾ ਡਾਇਰੈਕਟਰ-ਜਨਰਲ,ਹਰਿਆਣਾ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ- ਅਤੇ ਉਸਦੀ ਪਤਨੀ ਸ਼ਸ਼ੀ,ਮੇਵਾਤ ਦੇ ਬੀਸਰ-ਅਕਬਰਪੁਰ ਵਿੱਚ ਅਰਾਵਲੀ ਦਰਮਿਆਨ ਕਾਮਧੇਨੁ ਗੌਧਾਮ ਚਲਾਉਂਦੀ ਹੈ। ਉਸ ਦੀਆਂ ਵੀ 1500 ਗਾਵਾਂ ‘ਬਚਾਈਆਂ’ ਗਈਆਂ ਸਨ,ਉਹ ਕਹਿੰਦੀ ਕਿ ਇਹ ਸਾਰੀਆਂ' ਤਸਕਰਾਂ' ਤੋਂ ਹੀ ਬਚਾਈਆਂ ਗਈਆਂ ਹਨ।
ਸ਼ਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸੀ ਗਾਂ ਕੈਂਸਰ, ਸ਼ੂਗਰ,ਮੋਟਾਪੇ ਅਤੇ ਹੋਰ ਬੀਮਾਰੀਆਂ ਨੂੰ ਰੋਕਦੀ ਹੈ ਜਾਂ ਇਲਾਜ ਕਰਦੀ ਹੈ। ਇਹ ਉਨ੍ਹਾਂ ਦੇ ਖੁਲ੍ਹੇ-ਆਮ ਟੀਚੇ ਨੂੰ ਜਾਇਜ਼ ਠਹਿਰਾਉਣ ਵਿੱਚ ਮੱਦਦ ਕਰਦਾ ਹੈ - ਦੇਸੀ ਕਿਸਮਾਂ ਦਾ ਸੁਧਾਰ। ਇਹ ਕੁਝ ਕੁ ਅਪਵਾਦਾਂ ਨੂੰ ਛੱਡ ਕੇ ਇੱਕ ਲੰਬਾ ਕ੍ਰਮ ਹੈ,ਕਿ ਦੇਸੀ ਗਾਵਾਂ 2 ਤੋਂ 10 ਲੀਟਰ ਤੱਕ ਦੁੱਧ ਦਿੰਦੀਆਂ ਹਨ ਜਦਕਿ ਜਰਸੀ ਗਾਵਾਂ 60 ਲੀਟਰ ਤੱਕ ਦੁੱਧ ਦੇ ਸਕਦੀਆਂ ਹਨ।ਸ਼ਸ਼ੀ ਨੂੰ ਨੌ ਸਾਲਾਂ ਵਿੱਚ ‘ਸਫ਼ਲਤਾ’ ਦੀ ਉਮੀਦ ਹੈ –ਕਾਮਧੇਨੁ ਵਿੱਚ ਤੀਜੀ ਪੀੜ੍ਹੀ ਤੱਕ ਪਾਲ-ਪੋਸਕੇ ਉਹ ਸਿਰਫ਼ 15 ਲੀਟਰ ਤੱਕਹੀ ਪਹੁੰਚੀ ਹੈ। ਉਸਦੇ ਟੀਚੇ ਵੱਲ ਇੱਕ ਕਦਮ ਨਾ-ਸਮਝਣ ਯੋਗ ਹੈ: ਮਹੀਨਾਵਾਰ ਪ੍ਰਵਚਨ ਜਾਂ ਧਾਰਮਿਕ ਲੈਕਚਰਾਂ ਦੁਆਰਾ ਹਾਜ਼ਿਰ ਲੋਕਾਂ ਨੂੰ ਗਾਂ ਦੇ ਸੰਸਕਾਰ ਜਾਂ ਆਦਰ ਬਾਰੇ ਸਮਝਾਉਣਾ।ਸ਼ਸ਼ੀ ਨੇ ਕਿਹਾ, "ਬਹੁਤ ਸਾਰੇ ਲੋਕ ਪ੍ਰਵਚਨਾ ’ਤੇ ਵੀ ਖੁੱਲ੍ਹਾ ਦਾਨ ਦਿੰਦੇ ਹਨ।" 'ਇੱਕ ਗਾਂ ਨੂੰ ਅਪਨਾਉਣ' ਦੀ ਸਕੀਮ,ਮਾਸਿਕ ਦਾਨ 2,000 ਰੁਪਏ ਤੋਂ ਸ਼ੁਰੂ ਹੋਈ ਅਤੇ ਚੱਲ ਰਹੀ ਹੈ। ਬਦਲੇ ਵਿੱਚ,ਕੁਝ ਦਾਨੀ ਦੁੱਧ,ਖਾਦ ਅਤੇ ਘਿਊ ਵੀ ਲਗਾਤਾਰ ਪ੍ਰਾਪਤ ਕਰਦੇ ਹਨ।
"ਸਾਨੂੰ ਕੋਈ ਵੀ ਸਰਕਾਰ ਸਹਾਇਤਾ ਨਹੀਂ ਮਿਲਦੀ।ਦੇਖੋ, ਭਵਿੱਖ ਵਿੱਚ ਕੀ ਹੁੰਦਾ ਹੈ,"ਸ਼ਸ਼ੀ ਨੇ ਕਿਹਾ।
ਡੇਅਰੀ ਦੇ ਖ਼ੇਤਰ ਵਿੱਚ ਆਫ਼ਤ
ਪੰਜਾਬ ਦੀਆਂ ਵਪਾਰਕ ਡੇਅਰੀਆਂ ਨੇ 1990ਵੀਆਂ ਦੇ ਅੰਤ ਤੱਕ ਅਮਰੀਕਾ ਤੋਂ ਆਯਾਤ ਕਰਵਾਏ ਵੀਰਜ ਨੂੰ ਵਰਤ ਕੇ ਅੰਤਰ-ਪ੍ਰਜਨਣ ਕਰਕੇ ਜਰਸੀ ਗਾਵਾਂ ਨੂੰ ਬਣਾਉਣਾ ਸ਼ੁਰੂ ਕੀਤਾ। 20-25 ਲੀਟਰ ਤੋਂ ਲੈ ਕੇ ਪੰਜਾਬ ਦੀਆਂ ਗਾਵਾਂ ਹੁਣ 40-65 ਲੀਟਰ ਦੁੱਧ ਦਿੰਦੀਆਂ ਹਨ,ਜੋ ਕਿ ਯੂਰਪੀ ਅਤੇ ਅਮਰੀਕੀ ਪੈਦਾਵਾਰ ਨੂੰ ਵੀ ਟੱਕਰ ਦਿੰਦੀਆਂ ਹਨ।"ਪਰ ਪੰਜਾਬ ਸਰਕਾਰ ਨੇ ਗਊ ਰੱਖਿਆ ਦਲਾਂ ਨੂੰ ਵਧਾਵਾ ਦਿੱਤਾ ਹੈ ਜਿਨ੍ਹਾਂ ਦਾ ਕੰਮ ਸਾਨੂੰ ਲੁੱਟਣਾ ਹੈ," ਦਲਜੀਤ ਸਿੰਘ ਗਿੱਲ ਨੇ ਕਿਹਾ,ਜੋ ਕਿ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਨ, ਜੋ 6500 ਵੱਡੇ ਡੇਅਰੀ ਕਿਸਾਨਾਂ ਦਾ ਇੱਕ ਨੈੱਟਵਰਕ ਹੈ। "ਕੋਈ ਵੀ ਪੰਜਾਬ 'ਚ ਗਾਵਾਂ ਸੰਬੰਧੀ ਕੁਝ ਵੀ ਨਹੀਂ ਲਿਜਾ ਸਕਦਾ;ਬਲਕਿ ਕਈ ਵਾਰ ਮੱਝਾਂ ਵੀ ਰੋਕੀਆਂ ਜਾਂਦੀਆਂ ਹਨ," ਉਸਨੇ ਕਿਹਾ।
ਜ਼ਿਆਦਾ ਦੁੱਧ ਦੀ ਪੈਦਾਵਾਰ ਡੇਅਰੀ ਦੀ ਲਾਗਤ ਘਟਾ ਦਿੰਦੀ ਹੈ ਪਰ ਗਊ ਰੱਖਿਆ ਦਲ ਵਾਲਿਆਂ ਨੂੰ ਇਹ ਸਮਝ ਨਹੀਂ ਆਉਂਦਾ,ਜਾਂ ਤੱਥ ਇਹ ਹੈ ਕਿ ਡੇਅਰੀ ਦਾ ਧੰਦਾ,ਦੁੱਧ ਅਤੇ ਜਾਨਵਰ ਦੀ ਵਿਕਰੀ 'ਤੇ ਨਿਰਭਰ ਕਰਦਾ ਹੈ। ਕੁਝ ਕੁ ਸਾਲ ਪਹਿਲਾਂ,ਜ਼ਿਆਦਾ- ਉਪਜ ਵਾਲੀਆਂ ਗਾਵਾਂ ਪੰਜਾਬ ’ਚ 75,000 ਰੁਪਏ ਤੋਂ 1 ਲੱਖ ਤੋਂ ਵੀ ਵੱਧ ਰੁਪਏ ਕਮਾ ਦਿੰਦੀਆਂ ਸਨ। ਹੁਣ,ਗਾਵਾਂ ਦੀਆਂ ਕੀਮਤਾਂ ਘੱਟ ਕੇ 60,000 ਰੁਪਏ ਤੱਕ ਹਨ। ਖਰੀਦਦਾਰ ਵੀ ਆਵਾਜਾਈ ਵੇਲੇ ਗਊ ਰੱਖਿਆ ਦਲ ਵਾਲਿਆਂ ਦੇ ਹਮਲੇ ਤੋਂ ਬਹੁਤ ਡਰੇ ਹੋਏ ਹਨ। ਕਿਸਾਨਾਂ ਨੇ ਗਊ ਰੱਖਿਆ ਦਲ ਵਾਲਿਆਂ ਦੇ ਗੁੱਸੇ ਤੋਂ ਬਚਣ ਲਈ ਗਾਵਾਂ ਨੂੰ ਸੜਕਾਂ 'ਤੇ ਹੀ ਛੱਡ ਦਿੱਤਾ ਹੈ।ਪੰਜਾਬ ਦੀਆਂ ਸੜਕਾਂ ਉੱਤੇ ਸੱਤ ਲੱਖ ਗਾਵਾਂ ਘੁੰਮ ਰਹੀਆਂ ਹਨ,ਜੋ ਨਿੱਤ ਹਾਦਸਿਆਂ ਦਾ ਕਾਰਨ ਬਣਦੀਆਂ ਹਨ,ਜਦਕਿ ਗਰਭਵਤੀ ਅਤੇ ਨਵੇਂਜੰਮੇ ਵੱਛਿਆਂ ਨੂੰ ਗਊ ਰੱਖਿਆ ਵਾਲੇ ਧੂਹ ਕੇ ਗਊਸ਼ਾਲਾ ਛੱਡ ਆਉਂਦੇ ਹਨ।
ਆਮ ਤੌਰ ਤੇ,ਹਰ ਸਾਲ ਪੰਜਾਬ ਤੋਂ ਤਿੰਨ ਲੱਖ ਗਾਵਾਂ ਗੁਜਰਾਤ,ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ ਜਾਂਦੀਆਂ ਹਨ। “ਗੁਜਰਾਤ ਦੇ ਦੁੱਧ ਸਹਿਕਾਰੀ ਸਾਡੀਆਂ ਗਾਵਾਂ ਨੂੰ ਖਰੀਦਣ ਲਈ ਆਉਂਦੇ ਹਨ,ਪਰ ਗਊ ਰੱਖਿਆ ਵਾਲੇ ਉਨ੍ਹਾਂ ਨੂੰ ਫੜ ਲੈਂਦੇ ਹਨ,ਕਿਉਂ ਕਿ ਗਊ ਰੱਖਿਆ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਇੱਕ ਗਾਂ ਕੀ ਹੈ।ਉਹ ਦੁੱਧ-ਦੇਣ ਵਾਲੀਆਂ ਗਾਵਾਂ ਨੂੰ ਵੀ ਰੋਕ ਲੈਂਦੇ ਹਨ।"ਗਿੱਲ ਕਹਿੰਦਾ। “ਉਨ੍ਹਾਂ ਦੀਆਂ ਗਊ ਸ਼ਾਲਾਵਾਂ ਇੱਕ ਵੱਡਾ ਕਾਰੋਬਾਰ ਬਣ ਚੁੱਕੀਆਂ ਹਨ,ਉਹ 8-9-10 ਲੱਖ ਦਾਨ ਲੈਂਦੇ ਹਨ।ਉਨ੍ਹਾਂ ਲਈ ਹਰ ਚੀਜ਼ ਮੁਫ਼ਤ ਹੈ,ਇੱਥੋਂ ਤੱਕ ਕਿ ਗਾਵਾਂ ਵੀ।"
ਪੰਜਾਬ ਵਿੱਚ,ਗਾਵਾਂ ਨੂੰ ਮੰਡੀਆਂ ਤੱਕ ਨਿਰਯਾਤ ਕਰਨ ਲਈ ਜ਼ਿਲ੍ਹਾ ਕੁਲੈਕਟਰ ਦੇ ਨੋ ਓਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ.) ਦੀ ਲੋੜ ਹੈ। "ਜ਼ਿਲ੍ਹਾ ਕੁਲੈਕਟਰ ਐਨ.ਓ.ਸੀ.ਨਹੀਂ ਦਿੰਦਾ ਕਿਉਂਕਿ ਗਊ ਰੱਖਿਆ ਵਾਲੇ ਉਸਦਾ ਘਿਰਾਓ ਕਰ ਲੈਂਦੇ ਹਨ। ਜੇਕਰ ਇੱਕ ਡੰਗਰ ਡਾਕਟਰਦੀ ਇਜਾਜ਼ਤ ਦੀ ਲੋੜ ਹੁੰਦੀ,ਤਾਂ ਇਸਦੀ ਕੋਈ ਤੁੱਕ ਵੀ ਬਣਦੀ,ਪਰ ਮੁੱਖ ਮੰਤਰੀ ਸਾਡੀ ਪਟੀਸ਼ਨ ਨੂੰ ਨਹੀਂ ਸੁਣਦਾ,"ਗਿੱਲ ਕਹਿੰਦਾ। ਗਿੱਲ ਕਹਿੰਦਾ ਕਿ ਗਊ ਰੱਖਿਆ ਦਲ ਵਾਲਿਆਂ ਦੀ ਜ਼ਬਰੀ ਵਸੂਲੀ ਤੋਂ ਬਾਅਦ, ਫਿਰ ਵੀ ਹਰ ਰੋਜ਼ ਪੰਜ-ਛੇ ਹਜ਼ਾਰ ਗਾਵਾਂ ਪੰਜਾਬ ਛੱਡ ਜਾਂਦੀਆਂ ਹਨ,ਕਿਉਂਕਿ ਹੁਣ ਇਹ(ਗਊ ਰੱਖਿਆ ਦਲ ਵਾਲੇ) ਇਸ ਨਵੇਂ3000 ਕਰੋੜ ਦੇ ਕਾਰੋਬਾਰ ਵਿੱਚ ਨਵੇਂ ਵਿਚੋਲੇ ਵੀ ਆ ਚੁੱਕੇ ਹਨ।
ਪੰਜਾਬ ਦੇ ਇੱਕ ਹੋਰ ਪ੍ਰਮੁੱਖ ਕਿਸਾਨ ਨੇ ਕਿਹਾ ਕਿ ਗਊ ਰੱਖਿਆ ਦਲ ਵਾਲੇ ਜਰਸੀ ਗਾਂ ਅਤੇ ਹੋਰ ਜ਼ਿਆਦਾ-ਉਪਜ ਦੀਆਂ ਨਸਲਾਂ ਦੇ ਖਿਲਾਫ਼ ਅਫਵਾਹਾਂ ਫੈਲਾ ਰਹੇ ਹਨ,ਉਹ ਕਾਰੋਬਾਰ ਨੂੰ ਧਰਮ ਨਾਲ ਰਲਾਉਣ ਦੀ ਕੋਸ਼ਿਸ਼ ਕਰਦੇ ਹਨ। ਦੇਸੀ ਗਾਂ ਸਿਰਫ਼ 2 ਤੋਂ 10 ਲੀਟਰ ਦੁੱਧ ਦਿੰਦੀ ਹੈ,ਇਸ ਲਈ ਇੱਕ ਫਾਰਮ ਨੂੰ ਜਰਸੀ ਗਾਵਾਂ ਦੇ ਫਰਕਨੂੰ ਪੂਰਾ ਕਰਨ ਲਈ 5000 ਦੇਸੀ ਗਾਵਾਂ ਦੀ ਲੋੜ ਪਵੇਗੀ– ਦੂਸਰੀਆਂ ਨਸਲਾਂ ਨੂੰ ਭੰਡਣ ਲੱਗੇ ਗਊ ਭਗਤ ਅਜਿਹੀਆਂ ਗੱਲਾਂ ਨਹੀਂ ਦਸਦੇ। ਇਹ ਸਿਰਫ਼ ਜਾਨਵਰਾਂ ਪ੍ਰਤੀ ਆਪਣੀ ਤੰਗ ਨਜ਼ਰੀ ਨੂੰ ਥੋਪਣ ਦਾ ਇੱਕ ਤਰੀਕਾ ਹੈ –ਇਹ ਉਹੀ ਗੱਲ ਹੋਈ ਕਿ ਹਰ ਭਾਰਤੀ ਵਧੀਆ ਹੈ ਅਤੇ ਸਾਰੇ ਵਿਦੇਸ਼ੀ ਮਾੜੇ ਹਨ।
ਬਿੰਦੂਆਂ ਨੂੰ ਜੋੜਨਾ
ਇਹ ਸਭ ਕੁਝ ਚਲਦੇ ਹੋਏ, ਜੋ ਅੰਤ ’ਚ ਸਭ ਕੁਝ ਝੱਲ ਰਹੇ ਹਨ ਉਹ ਬਿੰਦੂਆਂ ਨੂੰ ਜੋੜਨਾ ਸ਼ੁਰੂ ਕਰਰ ਹੇ ਹਨ। ਉਹ ਮਹਿਸੂਸ ਕਰਦੇ ਹਨ ਕਿ ਸਰਕਾਰ ਦੀ ਗਊ ਸੁਰੱਖਿਆ ਉਨ੍ਹਾਂ ਦੀ ਰੋਜ਼ੀ-ਰੋਟੀ ਕੱਟ ਰਹੀ ਹੈ। "ਜੇਕਰ ਗਾਵਾਂ ਮਰਦੀਆਂ ਵੀ ਹਨ ਤਾਂ ਗਊ ਸੁਰੱਖਿਆ ਵਾਲੇ ਕੋਈ ਪਰਵਾਹ ਨਹੀਂ ਕਰਦੇ। ਉਹ ਇਹਨਾਂ ਪਸੰਦ ਕਰਦੇ ਹਨ ਕਿ ਮੁਸਲਮਾਨ ਅਤੇ ਦਲਿਤ ਗਾਂ-ਸੰਬੰਧਿਤ ਵਪਾਰ ਤੋਂ ਖੁਸ਼ਹਾਲ ਬਣ ਗਏ ਹਨ,"ਮੇਰਠ ਕਾਲਜ ਵਿਖੇ ਇਤਿਹਾਸ ਪੜ੍ਹਾਉਂਦੇ ਸਤੀਸ਼ ਪ੍ਰਕਾਸ਼ ਨੇ ਕਿਹਾ।
ਇਹ, ਅਸਲ ਵਿੱਚ,ਸ਼ੋਬਾਪੁਰ ਵਿੱਚ ਆਸਾਨੀ ਨਾਲ ਦਿਖਦਾਹੈ–ਸ਼ੋਬਾਪੁਰ,ਮੇਰਠ (ਪੱਛਮੀ ਯੂ.ਪੀ.) ਦੇ ਬਾਹਰੀ ਹਿੱਸੇ ਵਿੱਚ ਵਸਦਾ ਇੱਕ ਬਦਬੂਦਾਰ,ਅਤੇ ਲਤਾੜਿਆ ਹੋਇਆ ਇਲਾਕਾ ਹੈ ਜਿੱਥੇ 2500 ਚਮੜਾ ਸੋਧਣ ਦੇ ਕਾਰਖ਼ਾਨੇ ਹਨ। ਮਰੇ ਪਸ਼ੂਆਂ ਦੀ ਚਮੜੀ ਪੁੱਟਣਾ,ਇਸ ਦੇ ਸਰੀਰ ਦੇ ਅੰਗਾਂ ਨੂੰ ਉਖਾੜਨਾ-ਖੁਰ ਤੋਂਸਿੰਗ ਤੱਕ,ਅੰਤੜੀਆਂ ਤੋਂ ਕੰਨ ਤੱਕ, - ਇਹ ਕੰਮ ਜੋ ਮੁੱਖ ਤੌਰ 'ਤੇ ਦਲਿਤਾਂ ਦਾ ਹੀ ਹੈ।ਪਸ਼ੂ ਦੇ ਹਰ ਹਿੱਸੇ ਦਾਕੋਈ ਨਾ ਕੋਈ ਆਰਥਿਕ ਮੁੱਲ ਹੈ।ਗਾਂ ਦਾ ਚਮੜਾ ਨੇੜਲੇ ਹਾਪੁਰ ਦੇ ਕੱਚੇ ਚਮੜੇ ਦੇ ਬਾਜ਼ਾਰ ਤੋਂ ਸ਼ੋਬਾਪੁਰ ਲਿਆਂਦਾ ਜਾਂਦਾ ਹੈ।ਕ੍ਰਿਕਟ ਦੀਆਂ ਚਿੱਟੀਆਂ 'ਵਜ਼ੀਰਾਬਾਦ' ਦੀਆਂ ਗੇਂਦਾਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਹਨ।
"ਪੁਲਿਸ, ਮੰਡੀ ਤੋਂ ਸਾਡੇ ਲਈ ਕੱਚੇ ਚਮੜੇ ਨੂੰ ਲਿਆਉਣ ਵਾਲੀਆਂ ਵੈਨਾਂ ਤੋਂ 500 ਤੋਂ 1,000 ਰੁਪਏ ਤੱਕ ਵਸੂਲਦੀ ਹੈ,"ਇੱਕ ਚਮੜਾ ਰੰਗਣ ਵਾਲੇ ਕਿਸ਼ਨ ਕੁਮਾਰ ਨੇ ਕਿਹਾ। "ਅਸੀਂ ਲੱਕ ਤੋੜਵੇਂ ਕੰਮ ਲਈ 200 ਤੋਂ 250 ਰੁਪਏ ਪ੍ਰਤੀ ਦਿਨ ਦੀ ਕਮਾਈ ਕਰਦੇ ਹਾਂ। ਹੁਣ, ਜੇਕਰ ਚਮੜਾ ਸਾਡੇ ਤੱਕ ਨਹੀਂ ਪਹੁੰਚੇਗਾ ਤਾਂ ਅਸੀਂ ਕਿਵੇਂ ਜੀਵਾਂਗੇ?"ਇੱਕ ਗਾਂਦੇ ਚੰਮ ਦੀ ਲਾਗਤ 1500 ਤੋਂ 2500 ਰੁਪਏ ਤੱਕ ਹੈ ਅਤੇ ਇਹ ਕਾਰਵਾਈ ਚਮੜਾ ਸੋਧਣ ਦੇ ਕਾਰਖ਼ਾਨੇ ਵਿੱਚ 25 ਦਿਨ ਤੱਕ ਚਲਦੀ ਹੈ।ਚਮੜੇ ਦੇ ਕੰਮ, ਥੋਕਦੇ ਕੰਮ ਅਤੇ ਆਵਾਜਾਈ ਨੂੰ ਇੱਕ ਹੋਰ ਮਹੀਨਾ ਲੱਗ ਜਾਂਦਾ ਹੈ। ਹਰ ਮਜ਼ਦੂਰ ਨੂੰ ਚਮੜੀ ਦੀ ਕਾਰਵਾਈ ਲਈ 100 ਰੁਪਏ ਪ੍ਰਤੀ ਚਮੜੀ ਕਮਾਈ ਹੁੰਦੀ ਹੈ। ਇੱਕ ਚਮੜਾ ਸੋਧਣ ਦੇ ਕਾਰਖ਼ਾਨੇ ਨੂੰ ਚੱਲਣ ਲਈ 1000 ਚੰਮ ਦਾ ਗੇੜ ਚਾਹੀਦਾ ਹੈ,ਅਤੇ 2000 ਤੋਂ 3000 ਭੰਡਾਰ ਦੇ ਤੌਰ ’ਤੇ ਚੰਮ ਦੇ ਵਹਿੰਦੇ ਰਹਿਣ ਦੀ ਲੋੜ ਹੈ। "ਤੁਹਾਨੂੰ ਇੱਕ ਚਮੜਾ ਸੋਧਣ ਦਾ ਕਾਰਖ਼ਾਨਾ ਖੋਲਣ ਲਈ ਘੱਟੋ-ਘੱਟ 50 ਲੱਖ ਰੁਪਏ (2000 ਚੰਮ ਨੂੰ 2500 ਰੁਪਏ ਨਾਲ ਗੁਣਾ ਕਰਨ ਉਪਰੰਤ) ਦੀ ਲੋੜ ਹੈ।ਜ਼ਿਆਦਾਤਰ ਦਲਿਤਾਂ ਕੋਲ ਅਜਿਹੀ ਗੁੰਜਾਇਸ਼ ਨਹੀਂ ਹੈ, ਇਸ ਲਈ ਵੱਡੇ ਚੰਮ ਵਪਾਰੀ ਹਮੇਸ਼ਾ ਉੱਚ ਜਾਤੀ ਦੇ ਹਿੰਦੂ ਹੁੰਦੇ ਹਨ,"ਪ੍ਰਕਾਸ਼ ਦੱਸਦਾਹੈ।
ਇੱਥੇ ਮਜ਼ਦੂਰਾਂ ਨੂੰ ਗਾਵਾਂ ਦਾ ਕੰਮ ਕਰਨ ਪ੍ਰਤੀ ਖ਼ਬਰਦਾਰ ਕੀਤਾ ਜਾਂਦਾ ਹੈ, ਜਦਕਿ ਉਨ੍ਹਾਂ ਦੀਆਂ ਅਫ਼ਸੋਸਨਾਕ ਹਾਲਤਾਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਚਮੜੇ ਦਾ ਉਦਯੋਗ ਸਰਕਾਰ ਦੀ ‘ਮੇਕ ਇਨ ਇੰਡੀਆ’ਸਕੀਮ ਲਈ ਇੱਕ ਮੁੱਖ/ਫੋਕਸ ਖੇਤਰ ਹੈ,ਪਰ ਰੁਜ਼ਗਾਰ ਘੱਟ ਰਿਹਾ ਹੈ, ਉੱਤਰ ਪ੍ਰਦੇਸ਼ ਵਿੱਚ ਪਿਛਲੇ ਇੱਕ-ਦੋ ਸਾਲਾਂ ਵਿੱਚ 400 ਤੋਂ ਵੱਧ ਚਮੜਾ ਰੰਗਾਈ ਯੂਨਿਟਾਂ ਬੰਦ ਹੋ ਚੁੱਕੀਆਂ ਹਨ। ਵਿਅਕਤੀਗਤ ਤੌਰ 'ਤੇ,ਕਿਸ਼ਨ ਵਰਗੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ,ਜਿਨ੍ਹਾਂ ਕੋਲ ਆਪਣੇ ਪ੍ਰਬੰਧ ਲਈ ਹੋਰ ਕੋਈ ਹੁਨਰ ਨਹੀਂ ਹੈ। "ਹੁਣ, ਮੋਦੀ ਸਰਕਾਰ ਦਲਿਤਾਂ ਨੂੰ ਤਬਾਹ ਕਰਨ ਲਈ ਬਣੀ ਹੈ।ਉਹ (ਵਪਾਰੀ) ਗਾਵਾਂ ਦਾ ਚੰਮ ਸਾਨੂੰ ਭੇਜ ਦਿੰਦੇ ਹਨ, ਪਰ ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਅਸੀਂ ਖੁਸ਼ਹਾਲ ਬਣ ਸਕਦੇ ਹਾਂ।ਕਿੰਨੇ ਕੁ ਅਮੀਰ ਚਮੜੇ ਦੇਵ ਪਾਰੀਆਂ ਉੱਪਰ ਗਊ ਰੱਖਿਅਕਾਂ ਨੇ ਹਮਲੇ ਕੀਤੇ ਹਨ ?"ਕਿਸ਼ਨ ਪੁੱਛਦਾ ਹੈ।
ਘੱਟੋ-ਘੱਟ ਕਹਿਣ ਨੂੰ ਗਊ ਰੱਖਿਆ ਦਲਾਂ ਦੇ ਪ੍ਰਭਾਵ ਧਰੁਵੀਕਰਨ ਕਰ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ ਇੱਕ ਚਮੜੇ ਦੀ ਰੰਗਾਈ ਵਾਲੀ ਟੋਲੀ ਦੇ ਮਾਲਕ,ਜੈਨ ਨੇ ਰੱਖਿਆ ਦਲਾਂ ਦੁਆਰਾ ਕਿਸੇ ਵੀ ਤਰ੍ਹਾਂ ਦੇ ਸੰਕਟ ਤੋਂ ਇਨਕਾਰ ਕਰਿਆਹੈ। "ਮੁਸਲਮਾਨ ਸ਼ਿਕਾਇਤ ਕਰਦੇ ਹਨ, ਕਿਉਂਕਿ ਉਹ, ਉਹ ਸਭ ਕੁਝ ਨਾਪਸੰਦ ਕਰਦੇ ਹਨ ਜੋ ਮੋਦੀ ਕਰਦਾ ਹੈ," ਉਹ ਕਹਿੰਦਾ। "ਇਹ ਸਿਰਫ਼ 2002 ਕਰਕੇ ਹੈ,ਅਤੇ ਹੋਰ ਕੁਝ ਨਹੀਂ ਹੈ।"
ਹਾਜੀ ਕੇਸਰ ਕੁਰੇਸ਼ੀ ਲਈ ਕਹਾਣੀ ਵੱਖਰੀ ਹੈ,ਜੋ ਹਾਪੁਰ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਕੱਚੇ ਚਮੜੇ ਦੀ ਮਾਰਕੀਟ ਅਤੇ ਕੁਰੇਸ਼ੀ ਮੁਸਲਮਾਨਾਂਦੀ ਇੱਕ ਸੁਪਰੀਮ ਜਥੇਬੰਦੀ ਦਾ ਮੁਖੀ ਹੈ। ਕਰੀਬ 250 ਵਪਾਰੀ,300 ਚਮੜਾ ਸੋਧਣ ਦੇ ਕਾਰਖ਼ਾਨੇ ਵਾਲੇ ਅਤੇ 500 ਤੋਂ 1000 ਚਮੜਾ ਡੀਲਰ ਹਰ ਹਫ਼ਤੇ ਮੰਡੀ ਦਾ ਦੌਰਾ ਕਰਦੇ ਹਨ। ਪੰਜ ਲੱਖ ਲੋਕ ਇਸ ’ਤੇ ਨਿਰਭਰ ਹਨ,ਜ਼ਿਆਦਾਤਰ ਮੁਸਲਮਾਨ ਅਤੇ ਦਲਿਤ,ਪਰ ਫਿਰ ਵੀ ਖਾਦ ਕਾਰਖ਼ਾਨਿਆਂ ਵਾਲੇ, ਬੁਰਸ਼-ਨਿਰਮਾਤਾ, ਚਰਬੀ ਵੇਚਣ ਵਾਲੇ,ਅਤੇ ਜੁੱਤੀ ਨਿਰਮਾਤਾ ਆਦਿ ਵੀ ਇਸ ’ਤੇ ਨਿਰਭਰ ਹਨ।"ਭਾਰਤ ਦੇ ਇਹਨਾਂ ਹਿੰਦੂ ਸੱਜੇ-ਪੱਖੀ ਗਰੁੱਪਾਂ ਕਰਕੇ ਗਾਵਾਂ ਦੀ ਆਬਾਦੀ ਘੱਟ ਰਹੀ ਹੈ।ਇਹ ਕਾਰੋਬਾਰ ਨੂੰ ਧਰਮ ਨਾਲ ਮਿਲਾ ਰਹੇ ਹਨ।ਗਾਵਾਂ ਪ੍ਰਤੀ ਮਨ ਦਾ ਭਰਮਹੈ,"ਹਾਜੀ ਕਹਿੰਦਾ। "ਪਸ਼ੂ ਕਾਰੋਬਾਰ, ਸੱਤਾਧਾਰੀ ਸਥਾਪਨਾ ਦੀ ਅੱਖ ਵਿੱਚ ਰੜਕਦਾ ਹੈ,ਕਿਉਂਕਿ ਇਹ ਕਮਜ਼ੋਰ ਨੂੰ ਲਾਹੇਵੰਦ ਰੁਜ਼ਗਾਰ ਮੁਹੱਈਆ ਕਰਾਉਂਦਾ ਹੈ," ਉਹ ਕਹਿੰਦਾ।
ਇੱਕ ਮੱਝ ਜਿਸਦੀ ਪਿਛਲੇ ਸਾਲ ਕੀਮਤ 80,000 ਰੁਪਏ ਸੀ, ਇਹਨਾਂ ਖੇਤਰਾਂ ਵਿੱਚ ਹੁਣ ਉਸਦੀ ਕੀਮਤ 1 ਲੱਖ ਹੋ ਗਈ ਹੈ,ਜਦਕਿ ਗਾਂ ਦੀ ਕੀਮਤ 50,000 ਰੁਪਏ ਤੋਂ 10,000 ਰੁਪਏ ਤੱਕ ਖਿਸਕ ਗਈਹੈ। "ਹੁਣ ਕੋਈ ਵੀ ਗਾਂ ਨੂੰ ਹੋਰ ਨਹੀਂ ਰੱਖਣਾ ਚਾਹੁੰਦਾ–ਲੋਕ ਡਰਦੇ ਹਨ।ਅਸੀਂ ਹਿੰਦੂ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਂਦੇ,ਪਰ ਜਦੋਂ ਅਸੀਂ ਪਸ਼ੂ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤੁਸੀਂ ਸਾਨੂੰ ਮੰਜੂਰੀ ਨਹੀਂ ਦਿੰਦੇ।ਕੀ ਹਿੰਦੂ ਕਿਸਾਨ ਆਪਣੀਆਂ ਗਾਵਾਂ ਨਹੀਂ ਵੇਚਦੇ?"ਹਾਜੀ ਸਾਫ਼ ਪੁੱਛਦਾ ਹੈ।
ਮੋਟੇ ਤੌਰ ’ਤੇ, 50 ਫ਼ੀਸਦੀ ਭਾਰਤੀ ਕਿਸਾਨ ਗਾਵਾਂ ਅਤੇ ਮੱਝਾਂ ਦੀ ਪਰਵਰਿਸ਼ ਕਰਦੇ ਹਨ। ਇਸ ਲਈ ਕਿਸਾਨ ਬੀਫ (ਮੱਝ) ਬਰਾਮਦ ਦਾ ਮੁੱਖ ਸਾਧਨ ਹਨ, ਜੋ ਭਾਰਤ ਨੂੰ 4.8 ਅਰਬ ਡਾਲਰ ਦੀ ਸਾਲਾਨਾ ਆਮਦਨ ਪ੍ਰਾਪਤ ਕਰਾਉਂਦੇ ਹਨ।"ਇੱਥੇ ਭਾਜਪਾ ਦੀਆਂ ਸਰਕਾਰਾਂ ਪਹਿਲਾਂ ਵੀ ਸਨ, ਪਰ ਮੋਦੀ ਦਾ ਅੰਦਾਜ਼ ਵੱਖਰਾ ਹੈ।ਗਊਸ਼ਾਲਾਵਾਂ ਵੱਧ ਰਹੀਆਂ ਹਨ,ਅਤੇ ਇਹ ਭ੍ਰਿਸ਼ਟਾਚਾਰ ਦੀਆਂ ਗੁਫਾਵਾਂ ਹਨ। ਉਹ ਗਾਵਾਂ ਦਾ ਦੁੱਧ ਅਤੇ ਘਿਓ ਖਾਣ ਤੋਂ ਬਾਅਦ ਸਾਨੂੰ ਆਪਣੀਆਂ ਪੁਰਾਣੀਆਂ ਅਤੇ ਮਰੀਆਂ ਹੋਈਆਂ ਗਾਵਾਂ ਦੇ ਦਿੰਦੇ ਹਨ ਅਤੇ ਫਿਰ ਸਾਡੇ ਉੱਤੇ ਦਹਿਸ਼ਤ ਪਾਉਂਦੇ ਹਨ,"ਹਾਜੀ ਕਹਿੰਦਾ ਹੈ।
ਉਹ ਜਦੋਂ ਇਸਨੂੰ ਵੇਖਦਾ ਹੈ,ਤਾਂ ਗਊ ਰੱਖਿਆ ਦਲ 'ਅੱਤਵਾਦ' ਹਾਪੁਰ ਦੇ ਮੁਸਲਮਾਨਾਂ ਲਈ ਪਹਿਲੀ ਚੇਤਾਵਨੀ ਨਹੀਂ ਹੈ।ਇਹ ਸਾਰਾ ਚੱਕਰ 1990 ਤੋਂ ਹੀ ਸ਼ੁਰੂ ਹੋਇਆ ਹੈ, ਬਾਬਰੀ ਮਸਜਿਦ ਦੇ ਢਾਹੁਣ ਤੋਂ ਤੁਰੰਤ ਬਾਅਦ ਵਿੱਚ। "1977 ਤੋਂ 1990 ਤੱਕ,ਅਸੀਂ ਚਮੜੇ ਵਿੱਚ 1.5 ਲੱਖ ਤੋਂ 2 ਲੱਖ ਦਾ ਹਫਤਾਵਾਰ ਕਾਰੋਬਾਰ ਕੀਤਾ ਸੀ। ਹੁਣ ਅਸੀਂ ਉਸਦੇ 25 ਫੀਸਦੀ ਹਾਂ।ਆਉਣ ਵਾਲੇ ਸਮੇਂ ਵਿੱਚ ਪੰਜ ਲੱਖ ਰੋਜ਼ੀਆਂ ਨੂੰ ਵੀ ਖ਼ਤਰਾ ਹੀ ਹੈ,"ਉਹ ਕਹਿੰਦਾ ਹੈ।ਵਿਅੰਗਮਈ ਗੱਲ ਇਹ ਹੈ ਕਿ ਭਾਰਤ ਵਿੱਚ ਸੰਸਾਰੀ ਆਬਾਦੀ ਦੇ 20 ਫ਼ੀਸਦੀ ਢੱਗੇ ਹਨ,ਦੁਨੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਬੱਕਰੀਆਂ,ਭੇਡਾਂ, ਗਾਂਵਾਂ, ਅਤੇ ਮੱਝਾ ਸਾਡੇ ਦੇਸ਼ ਵਿੱਚ ਹਨ।
ਭਾਰਤੀ ਜੁੱਤੀ ਨਿਰਮਾਤਾ ਗਾਂ ਦੇ ਚਮੜੇ ਲਈ ਜ਼ਿਆਦਾਤਰ ਮਰੇ ਹੋਏ ਜਾਨਵਰਾਂ 'ਤੇ ਨਿਰਭਰ ਕਰਦੇ ਹਨ, ਕਿਉਂਕਿ ਜ਼ਿਆਦਾਤਰ ਸੂਬਿਆਂ ਨੇ ਕਸਾਈ ਦੇ ਕੰਮ ’ਤੇ ਪਾਬੰਦੀ ਲਗਾ ਦਿੱਤੀ ਹੈ। ਪਰ ਮੁਕੰਮਲ ਗਾਂ ਦੇ ਚਮੜੇ ਨਾਲ ਬਣੇ ਉਤਪਾਦਾਂ ਦੀ ਮੰਗ ਮੌਜੂਦਾ ਸਪਲਾਈ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਲਈ,ਗਾਂ ਦੇ ਚਮੜੇ ਦੀ ਕਮੀ ਨੂੰ ਬ੍ਰਾਜ਼ੀਲ, ਨਿਊਜ਼ਿਲੈਂਡ ਅਤੇ ਹੋਰ ਦੇਸ਼ਾਂ ਤੋਂ ਆਯਾਤ ਕਰਵਾਕੇ ਪੂਰਾ ਕੀਤਾ ਜਾਂਦਾ ਹੈ। ਪੂਰਨ ਦਵਾਰ,ਚੇਅਰਮੈਨ ਦਵਾਰ ਜੁੱਤੇ,ਆਗਰਾ,ਆਗਰਾ ਫੁੱਟਵੇਅਰ ਐਕਸਪੋਰਟਰਜ਼ ਐਂਡ ਮੈਨੂਫ਼ੈਕਚਰਜ਼ ਚੈਂਬਰ ਦਾ ਪ੍ਰਧਾਨ, ਆਖਦਾ ਹੈ, "ਗਾਂ ਸੁਰੱਖਿਆ ਇੱਕ ਭਾਵਨਾਤਮਕ ਮੁੱਦਾ ਹੈ। ਇਹ ਇੱਕ ਕਿਸਮ ਦੀ ਪਾਬੰਦੀ ਹੈ .... ਪਰ,ਫਿਲਹਾਲ ਲਈ, ਕੱਚੇ ਚਮੜੇ ਦੀ ਸਪਲਾਈ, ਮੰਗ ਨਾਲ ਇਕਸਾਰ ਹੈ।"
ਚਮੜਾ ਉਦਯੋਗ ਦੇ ਸੀਨੀਅਰ ਐਮ. ਰਫੀਕ ਅਹਿਮਦ, ਕਾਂਸਲ ਫ਼ਾਰ ਲੈਦਰ ਐਕਸਪੋਰਟਸ ਦਾ ਚੇਅਰਮੈਨ ਦੱਸਦਾ ਹੈ ਕਿ ਕੀ ਹੋ ਰਿਹਾ ਹੈ: "ਚਮੜਾ ਉਦਯੋਗ, ਦੋ-ਤਿੰਨ ਸਾਲਾਂ ਲਈ ਇੱਕ ਵਿਸਤਾਰਿਤ ਗਿਰਾਵਟ ਵਿੱਚ ਜਾ ਰਿਹਾ ਹੈ,ਪਰ ਜੇ ਚਮੜੇ ਲਈ ਮੰਗ ਆਮ ਹੈ ਤਾਂ ਫਿਰ ਪਾਬੰਦੀਆਂ ਜਾਂ ਗਊ ਰੱਖਿਆ ਦਲਾਂ ਨੇ ਸਪਲਾਈ ਪ੍ਰਭਾਵਿਤ ਕੀਤੀ ਹੋ ਸਕਦੀ ਹੈ। ਜੇ ਮੱਝ ਦੇ ਚਮੜੇ ਦੀ ਸਪਲਾਈ ਵੀ ਡੋਲਣ ਲੱਗੀ ਤਾਂ ਭਵਿੱਖ ਵਿੱਚ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ,"ਉਹ ਕਹਿੰਦਾ।
"ਪੰਜਾਬ ਵਿੱਚ ਗਾਂ ਰੱਖਿਆ ਖ਼ਰਾਬ ਹੋ ਕੇ ਸ਼ੁੱਧ ਜ਼ਬਰੀ ਵਸੂਲੀ ਦਾ ਧੰਦਾ ਬਣ ਗਿਆ ਹੈ। ਅਤੇ ਇਸਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪੂਰਾ ਸਹਿਯੋਗ ਮਿਲਦਾ ਹੈ।"ਖਿਝੇ ਹੋਏ ਰਾਜੀਵ ਅਰੋੜਾ ਨੇ ਕਿਹਾ,ਜਿਸਦਾਸਿਤੰਬਰ 2015 ਤੱਕ ਸਾਬਣ ਨਿਰਮਾਤਾਵਾਂ ਨੂੰ ਮੱਝ ਦੀ ਚਰਬੀ ਸਪਲਾਈ ਕਰਨ ਦਾ ਗਰਜ ਦਾ ਕਾਰੋਬਾਰ ਸੀ। ਅਰੋੜਾ,ਇੱਕ ਧਰਮੀ ਹਿੰਦੂ ਹੈ,ਉਹ ਹਰੀਦਵਾਰ ਦੀਆਂ ਗਊਸ਼ਾਲਾਵਾਂ ਨੂੰ ਲਗਾਤਾਰ ਦਾਨ ਦਿੰਦਾ ਹੈ।
ਫਿਰ ਗਊ ਰੱਖਿਆ ਦਲ ਵਾਲੇ ਲੋਕਾਂ ਨੇ ਉਸ ਦੇ ਚਰਬੀ ਢੋਣ ਵਾਲੇ ਟੈਂਕਰਦਾਪਿੱਛਾਸ਼ੁਰੂ ਕੀਤਾ,ਰਿਸ਼ਵਤ ਦੀ ਮੰਗ ਕੀਤੀ।ਪਿਛਲੇ ਸਿਤੰਬਰ ਤੋਂ ਅਰੋੜਾ ਦੇ ਸੱਤ ਟੈਂਕਰ ਪੁਲਿਸ ਸਟੇਸ਼ਨ ਵਿੱਚ ਬੰਦ ਹਨ। ਹਰ ਇੱਕ ਨੂੰ ਇੱਕ ਮਹੀਨੇ ਬਾਅਦ ਜਾਂ ਇਸਤੋਂ ਵੀ ਜ਼ਿਆਦਾ ਸਮੇਂ ਬਾਅਦ ਛੱਡਿਆ ਗਿਆ ਸੀ,ਜਿਸ ਕਰਕੇ ਬਹੁਤ ਨੁਕਸਾਨ ਹੋਇਆ।ਗਊ ਰੱਖਿਆ ਵਾਲੇ ਉਸਦੇ ਡਰਾਇਵਰਾਂ ਉੱਤੇ ਮੱਝ ਦੀ ਜਗ੍ਹਾ ਗਾਂ ਦੀ ਚਰਬੀ ਲਿਜਾਣ ਦਾ ਦੋਸ਼ ਲਗਾਉਂਦੇ ਸਨ।ਟੈਸਟ ਤੋਂ ਬਾਅਦ ਉਹ ਹਰ ਵਾਰ ਸਾਫ਼ ਬਾਹਰ ਨਿਕਲ ਆਉਂਦਾ ਹੈ। ਇਸ ਲਈ,ਉਨ੍ਹਾਂ ਨੇ ਉਸ ਉੱਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ, ਉਨ੍ਹਾਂ ਕਿਹਾ ਕਿ ਇੱਕ ਟੈਂਕਰ ਇੱਕ ਹਿੰਦੂ ਦੇਵੀ ਦੀ ਤਸਵੀਰ ਨਾਲ ਸਜਾਇਆ ਹੋਇਆ ਸੀ। "ਮੈਂਗਾਂ ਦੇ ਕਤਲ ਦੇ ਵਿਰੁੱਧ ਹਾਂ,ਮੈਂ ਖੁਦ ਇੱਕ ਸ਼ਰਧਾਲੂ ਹਿੰਦੂ ਹਾਂ,ਪਰ ਇਹ ਸਾਰੀ ਗਾਂਵਾਂ ਦੀ ਗੱਲ ਨੇ ਮੈਨੂੰ ਖਿਝਾਉਣਾ ਸ਼ੁਰੂ ਕਰਤਾ।ਮੈਂ ਕਦੇ ਵੀ ਗਾਂਦੀ ਚਰਬੀ ਨਹੀਂ ਪਹੁੰਚਾਈ ਅਤੇ ਮੈਂ ਕਦੇ ਇਹ ਕਰਾਂਗਾ ਵੀ ਨਹੀਂ।ਗਊ ਰੱਖਿਆ ਵਾਲੇ ਸਿਰਫ਼ ਰਿਸ਼ਵਤ ਚਾਹੁੰਦੇ ਹਨ – 35,000 ਰੁਪਏ ਪ੍ਰਤੀ ਟੈਂਕਰ," ਅਰੋੜਾ ਨੇ ਕਿਹਾ।
ਇਸ ਅਸਫਲਤਾ ਦੇ ਚਲਦੇ,ਅਰੋੜੇ ਦੇ ਦੋ ਡਰਾਈਵਰ ਜੇਲ੍ਹ ਵਿੱਚ ਗਏ,ਅਤੇ ਉਨ੍ਹਾਂ ਨੇ ਆਪਣੀਆਂ ਨੌਕਰੀਆਂ ਵੀ ਗਵਾਈਆਂ। "ਹੁਣ ਮੈਂ ਮੇਰਾ ਕਾਰੋਬਾਰ ਨਹੀਂ ਕਰਾਂਗਾ, ਮੈਂ ਸਿਰਫ਼ ਕਸ਼ਟ ਦੇਣ ਵਾਲੇ ਗਊ ਰੱਖਿਆ ਵਾਲਿਆਂ ਦੇ ਖਿਲਾਫ਼ ਅਦਾਲਤ ਵਿੱਚ ਲੜਾਂਗਾ," ਉਹ ਕਹਿੰਦਾ ਹੈ। "ਆ ਗਏ ਅੱਛੇ ਦਿਨ -ਇੱਕ ਗਊ ਰੱਖਿਅਕ ਨੇ ਮੇਰੇ ਤੋਂ ਜੁਲਾਈ ਵਿੱਚ ਦੋ ਲੱਖ ਰੁਪਏ ਮੰਗੇ ਹਨ।" ਉਸਨੇ ਦੱਸਿਆ ਕਿ ਕੋਈ ਕਾਰੋਬਾਰੀ ਵਸੂਲੀ ਵਾਲਿਆਂ ਨਾਲ ਨਜਿੱਠਣ ਦੀ ਬਜਾਏ ਆਪਣੇ ਨੁਕਸਾਨ ਨੂੰ ਘੱਟ ਕਰਨ ਲਈ ਦੁਕਾਨ ਹੀ ਬੰਦ ਕਰੇਗਾ।"ਮੈਂ ਬੋਲਦਾ ਹਾਂ ਕਿਉਂਕਿ ਮੈਂ ਇੱਕ ਪ੍ਰਮਾਣਿਤ ਕਾਰੋਬਾਰ ਕਰ ਰਿਹਾ ਹਾਂ," ਅਰੋੜਾ ਕਹਿੰਦਾ।ਕਿਸੇ ਸਮੇਂ ਉਸ ਕੋਲ ਪਟਿਆਲਾ,ਲੁਧਿਆਣਾ ਅਤੇ ਚੰਡੀਗੜ੍ਹ ਵਰਗੇ ਸਥਾਨ ’ਤੇ 15-20 ਕਰਮਚਾਰੀ ਹੁੰਦੇ ਸਨ ਪਰ ਹੁਣ ਉਸ ਨੇ ਹਰ ਦਫ਼ਤਰ ਵਿੱਚ ਦੋ ਤਿੰਨ ਕਰਮਚਾਰੀ ਹੀ ਰੱਖੇ ਹਨ।
ਕਈ ਫਰਮਾਂ-ਚਮੜੇ ਦੇ ਵਪਾਰੀ,ਚਮੜਾ ਰੰਗਣ ਵਾਲੇ,ਪਸ਼ੂਆਂ ਦੇ ਵਾਲਾਂ ਜਾਂ ਕੰਨਾਂ ਤੋਂ ਬਣੇ ਉਤਪਾਦਾਂ ਦੇ ਵਪਾਰੀ,ਨਤੀਜਿਆਂ ਤੋਂ ਡਰਦੇ ਮਾਰੇ ਗਊ ਰੱਖਿਆ ਦਲਾਂ ਦੇ ਵਿਰੁੱਧ ਬੋਲਣ ਤੋਂ ਟਾਲਾ ਵੱਟਦੇ ਹਨ। ਅਜਿਹਾ ਹੀ ਇੱਕ ਵਿਅਕਤੀ ਹੈ ਇੱਕ ਪ੍ਰਸਿੱਧ ਚਮੜੇ ਦੀਆਂ ਵਸਤੂਆਂ ਦਾ ਨਿਰਮਾਤਾ,ਜੋ ਕਿ ਬੇਪਛਾਣ ਰਹਿਣਾ ਚਾਹੁੰਦਾ ਹੈ। ਇੱਕ ਵਾਰ,ਉਹ ਗਊ ਰੱਖਿਆ ਦਲਾਂ ਦੇ ਚਮੜੇ ਦੇ ਟ੍ਰਾਂਸਪੋਰਟਰਾਂ ਉੱਪਰ ਹਮਲਿਆਂ ਦੇ ਖਿਲਾਫ਼ ਬੋਲਿਆ ਸੀ, ਜਿਸ ਕਰਕੇ ਕੱਚੇ ਚਮੜੇ ਦੀ ਉਪਲੱਬਧਤਾ ਵਿੱਚ ਇੱਕ-ਦਮ 15 ਫੀਸਦੀ ਦੀ ਗਿਰਾਵਟ ਆਈ ਸੀ।ਹੁਣ, ਉਹ ਰਿਕਾਰਡ ਦੇ ਤੌਰ ’ਤੇ ਮੋਦੀ ਦੀ ਅਤੇ ‘ਮੇਕ ਇਨ ਇੰਡੀਆ’ ਦੀ ਪ੍ਰਸੰਸਾ ਕਰਦਾ ਹੈ ਅਤੇ ਬਿਨ੍ਹਾਂ ਰਿਕਾਰਡ ਤੋਂ ਉਹ ਕਬੂਲਦਾ ਹੈ: “ਹਿੰਦੂਆਂ ਨੇ ਗਾਂ ਦੀ ਪੂਜਾ ਕੀਤੀ ਕਿ ਗਾਂ ਦਾ ਹਰ ਹਿੱਸਾ ਦਰਖ਼ਤ ਵਾਂਗੂੰ (ਕਿਉਂਕਿ ਉਹ ਵੀ ਪੂਜਿਆ ਜਾਂਦਾ ਹੈ) ਮਹੱਤਵਪੂਰਨ ਹੈ। ਗਾਵਾਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ,ਸਰਵੋਤਮ,ਚਮੜੀ ਤੋਂ ਹੱਡੀ ਤੱਕ।ਇਸ ਲਈ ਉਹ ਕੀਮਤੀ ਹਨ।ਗਊ ਰੱਖਿਅਕ ਗਾਵਾਂ ਅੱਗੇ ਹੱਥ ਬੰਨ੍ਹਦੇ ਹਨ, ਪਰ ਅਸਲ ਵਿੱਚ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।ਗਾਵਾਂ ਦੇ ਭਾਅ ਡਿੱਗ ਰਹੇ ਹਨ,ਜਦਕਿ ਚਮੜੇ ਦੇ ਭਾਅ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ ਲੋਕ ਗਾਵਾਂ ਤੋਂ ਨੁਕਸਾਨ ਤੋਂ ਇਲਾਵਾ, ਕੋਈ ਲਾਭ ਨਹੀਂ ਕੱਢ ਪਾਉਣਗੇ।"
(ਇਹ ਲੇਖ ਪ੍ਰਾਗਿਆ ਸਿੰਘ ਦਾ ਲਿਖਿਆ ਹੋਇਆ ਹੈ, ਜੋ ਕਿ ਹਾਲ ਹੀ ਵਿੱਚ ਆਉਟਲੁੱਕ ਵਿੱਚ ਛਪਿਆ ਹੈ।)
ਅਨੁਵਾਦਕ: ਸਚਿੰਦਰਪਾਲ ‘ਪਾਲੀ’
ਸੰਪਰਕ: +91 98145 07116