ਇਕ ਜੁਮਲਾ ਹੋਰ -ਸੁਕੀਰਤ
Posted on:- 14-08-2016
ਲੰਘੇ ਸਾਤੇ ਪਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਜ਼ਬਾਤੀ ਬਿਆਨ “ ਦਲਿਤਾਂ ਨੂੰ ਨਹੀਂ, ਮੈਨੂੰ ਗੋਲੀ ਮਾਰ ਦਿਉ” ਬਹੁਤ ਚਰਚਾ ਵਿਚ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ‘ਕੁਝ’ ਗਊ ਰੱਖਿਅਕਾਂ ਦੇ ਮਾੜੇ ਅਨਸਰ ਹੋਣ ਦੀ ਗਲ ਕਰਦਿਆਂ ਉਨ੍ਹਾਂ ਪ੍ਰਤੀ ਆਪਣੇ ਰੋਹ ਦਾ ਇਜ਼ਹਾਰ ਵੀ ਕੀਤਾ।
ਪਰਧਾਨ ਮੰਤਰੀ ਨੇ ਭਾਂਵੇਂ ਕਿਸੇ ਘਟਨਾ-ਵਿਸ਼ੇਸ਼ ਵਲ ਇਸ਼ਾਰਾ ਨਹੀਂ ਕੀਤਾ ਪਰ ਸਪਸ਼ਟ ਹੈ ਕਿ ਇਹੋ ਜਿਹਾ ਪਛੇਤਾ, ਅਤੇ ਕਿਸੇ ਹਦ ਤਕ ਨਾਟਕੀ ਵੀ, ਬਿਆਨ ਦੇਣ ਲਈ ਉਨ੍ਹਾਂ ਨੂੰ ਦਰਅਸਲ ਊਨਾ, ਗੁਜਰਾਤ ਦੀ ਘਟਨਾ ਤੋਂ ਪੈਦਾ ਹੋਏ ਹਾਲਾਤ ਨੇ ਹੀ ਮਜਬੂਰ ਕੀਤਾ। ਕੁਝ ਦਲਿਤ ਨੌਜਵਾਨਾਂ ਨੂੰ ਕੁੱਟਣ, ਉਨ੍ਹਾਂ ਨੂੰ ਅਰਧ-ਨੰਗੇ ਕਰਕੇ, ਕਾਰ ਨਾਲ ਬੰਨ੍ਹ ਕੇ ਸ਼ਹਿਰ ਦੀਆਂ ਸੜਕਾਂ ਤੋਂ ਘੜੀਸਣ, ਅਤੇ ਫੇਰ ਇਕ ਪੁਲਸ ਠਾਣੇ ਵਿਚ ਵੀ ਲਿਜਾ ਕੇ ਉਨ੍ਹਾਂ ਦੀ ਨੁਮਾਇਸ਼ ਕਰਨ ਦੀ ਘਿਨੌਣੀ ਘਟਨਾ ਦਾ ਵੀਡੀਓ ਏਨਾ ਸ਼ਰਮਨਾਕ ਸੀ ਕਿ ਸਾਰੇ ਦੇਸ ਵਿਚ ਤਰਥੱਲੀ ਮਚ ਗਈ। ਰਾਜਸੀ ਦਲਾਂ ਨੇ ਤਾਂ ਆਪੋ-ਆਪਣੇ ਨੰਬਰ ਬਣਾਉਣ ਲਈ ਇਸ ਮੁਦੇ ਨੂੰ ਚੁਕਣਾ ਹੀ ਸੀ, ਬਿਨਾ ਕਿਸੇ ਰਾਜਸੀ ਪਾਰਟੀ ਦੀ ਵਿਉਂਤਬੰਦੀ ਜਾਂ ਜਥੇਬੰਦਕ ਸਮਰੱਥਾ ਦਾ ਸਹਾਰਾ ਲਏ ਅਹਿਮਦਾਬਾਦ ਵਿਚ 25,000 ਤੋਂ ਵਧ ਦਲਿਤ ਅਤੇ ਉਨ੍ਹਾਂ ਦੇ ਸਮਰਥਨ ਵਿਚ ਉਤਰੇ ਹੋਰ ਲੋਕਾਂ ਨੇ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ।
ਗੁਜਰਾਤ ਦੇ ਭਾਜਪਾਈ ਗੜ੍ਹ ਵਿਚ ਰੋਹ ਦੇ ਅਜਿਹੇ ਆਪਮੁਹਾਰੇ ਉਬਾਲ ਨੇ ਖਤਰੇ ਦੇ ਟੱਲ ਖੜਕਾ ਦਿਤੇ ਅਤੇ ਇਸਦੀ ਪਹਿਲੀ ਬਲੀ ਆਨੰਦੀਬੇਨ ਪਟੇਲ ਬਣੀ ਜਿਸਨੂੰ ਆਪਣੇ ਮੁਖ ਮੰਤਰੀ ਦੇ ਅਹੁਦੇ ਤੋਂ ਇਸਤੀਫ਼ਾ ਦੇਣਾ ਪਿਆ। ਰੋਹ ਦੇ ਏਸੇ ਉਬਾਲ ਨੇ ਹੀ ਸਾਡੇ ਪਰਧਾਨ ਮੰਤਰੀ ਨੂੰ ਵੀ ਆਪਣਾ ਮੂੰਹ ਖੋਲ੍ਹਣ ਲਈ ਮਜਬੂਰ ਕੀਤਾ।
ਵੈਸੇ ਸ੍ਰੀ ਨਰਿੰਦਰ ਮੋਦੀ ਆਪਣੀ ਚੁੱਪੀ ਨਹੀਂ, ਆਪਣੇ ਤਟਫਟ ਬਿਆਨਾਂ ਅਤੇ ‘ਟਵੀਟਾਂ’ ਲਈ ਵਧੇਰੇ ਜਾਣੇ ਜਾਂਦੇ ਹਨ। ਜੇ ਉਨ੍ਹਾਂ ਨੂੰ ਸੂਤ ਬੈਠਦਾ ਹੋਵੇ, ਤਾਂ ਉਹ ਸਿਵੇ ਦਾ ਠੰਡਾ ਹੋਣਾ ਵੀ ਨਹੀਂ ਉਡੀਕਦੇ, ਝਟ ‘ਟਵੀਟ’ ਦਾਗ ਦੇਂਦੇ ਹਨ। ਰੋਹਿਤ ਵੇਮੁਲਾ ਦੀ ਮੌਤ ਅਤੇ ਨਹਿਰੂ ਵਿਸ਼ਵਿਵਿਦਿਆਲੇ ਦੀਆਂ ਘਟਨਾਵਾਂ ਦੇ ਸਬੰਧ ਵਿਚ ਪਾਰਲੀਮੈਂਟ ਵਿਚ ਬੀਬੀ ਸਮ੍ਰਿ੍ਰਤੀ ਇਰਾਨੀ ਦੇ ਅਰਧ-ਝੂਠੇ ਭਾਸ਼ਣ ਤੋਂ ਫੌਰਨ ਬਾਅਦ ਉਨ੍ਹਾਂ ਨੇ ‘ਸਤਿਅਮੇਵ ਜਇਤੇ’ ਦੀ ਟਵੀਟ ਜਾਰੀ ਕਰਨ ਵਿਚ ਰਤਾ ਵੀ ਢਿਲ ਨਹੀਂ ਸੀ ਲਾਈ , ਪਰ ‘ਕੁਝ’ ਗਊ ਰੱਖਿਅਕਾਂ ਦੇ ਮਾੜੇ ਅਨਸਰ ਹੋਣ ਦਾ ਇਲਹਾਮ ਉਨ੍ਹਾਂ ਨੂੰ ਘਟੋ ਘਟ 11 ਮਹੀਨੇ ਪੱਛੜ ਕੇ ਹੋਇਆ ਹੈ।
ਪਿਛਲੇ ਸਾਲ ਸਤੰਬਰ ਦੇ ਮਹੀਨੇ ਦਾਦਰੀ ਵਿਚ 50 ਵਰ੍ਹਿਆਂ ਦੇ ਮੁਹੰਮਦ ਅਖਲਾਕ ਨੂੰ ਸਿਰਫ਼ ਏਸ ਲਈ ਮਾਰ ਦਿਤਾ ਗਿਆ ਸੀ ਕਿਉਂਕਿ ਗੋ-ਰਖਿਅਕਾਂ ਨੂੰ ਸ਼ਕ ਸੀ ਕਿ ਉਸਦੇ ਫਰਿਜ ਵਿਚ ਗਊ ਦਾ ਮਾਸ ਹੈ। ਕਿਸੇ ਦੇ ਘਰ ਅੰਦਰ ਆਣ ਵੜੇ ਇਨ੍ਹਾਂ ਗੋ-ਭਗਤਾਂ ਨੇ ਉਸੇ ਸਮੇਂ ਮੁਹੰਮਦ ਅਖਲਾਕ ਦੇ ਪੁਤਰ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿਤਾ ਸੀ। ਇਸ ਗਲ ਦੀ ਦੇਸ ਹੀ ਨਹੀਂ ਵਿਦੇਸ਼ਾਂ ਵਿਚ ਵੀ ਚੋਖੀ ਨਿੰਦਾ ਹੋਈ ਸੀ ਪਰ ਉਦੋਂ ਵੀ ਪੂਰਾ ਇਕ ਹਫ਼ਤਾ ਮੌਨ ਵਰਤ ਰਖਣ ਤੋਂ ਬਾਅਦ ਪਰਧਾਨ ਮੰਤਰੀ ਸਿਰਫ਼ ਏਨਾ ਹੀ ਕਹਿ ਸਕੇ : “ ਦਾਦਰੀ ਦੀ ਘਟਨਾ ਜਾਂ ਪਾਕਿਸਤਾਨੀ ਗਾਇਕ ਗੁਲਾਮ ਅਲੀ ਦੇ ਭਾਰਤ ਆਉਣ ਦਾ ਵਿਰੋਧ ਕਰਨਾ ਮਾੜੀਆਂ ਅਤੇ ਨਾ-ਚਾਹੁਣਯੋਗ ਗੱਲਾਂ ਹਨ। ਪਰ ਇਨ੍ਹਾਂ ਘਟਨਾਵਾਂ ਵਿਚ ਕੇਂਦਰੀ ਸਰਕਾਰ ਦਾ ਕੀ ਦੋਸ਼ ਹੈ! ਇਹੋ ਜਿਹੀਆਂ ਵਿਵਾਦਗ੍ਰਸਤ ਵਾਪਰਨੀਆਂ ਪਹਿਲੋਂ ਵੀ ਹੁੰਦੀਆਂ ਰਹੀਆਂ ਹਨ”।
ਨਰਿੰਦਰ ਮੋਦੀ ਦੇ ਉਪਰੋਕਤ ਬਿਆਨ ਨੂੰ ਸ਼ਬਦ-ਬਾ-ਸ਼ਬਦ ਘੋਖਣਾ ਇਸਲਈ ਜ਼ਰੂਰੀ ਹੋ ਗਿਆ ਹੈ ਕਿਉਂਕਿ ਉਹ ਨਿਰਾ ਕਹਿਣ ਹੀ ਨਹੀਂ, ਬਹੁਤ ਕੁਝ ਅਣਕਿਹਾ ਰਹਿਣ ਦੇਣ ਦੇ ਵੀ ਮਾਹਰ ਹਨ। ਏਨਾ ਹੀ ਨਹੀਂ, ਉਨ੍ਹਾਂ ਦੇ ਬਹੁਤ ਸਾਰੇ ਬਿਆਨ ਕੁਝ ਇਸ ਢੰਗ ਨਾਲ ਸਿਰਜੇ ਜਾਂਦੇ ਹਨ ਕਿ ਵੇਲੇ ਅਤੇ ਲੋੜ ਮੁਤਾਬਕ ਉਨ੍ਹਾਂ ਦੇ ਅਰਥ ਢਾਲੇ-ਮਰੋੜੇ ਵੀ ਜਾ ਸਕਦੇ ਹਨ।
ਪਹਿਲਾਂ ਉਪਰੋਕਤ ਬਿਆਨ ਦੇਖੋ। ਨਿਰੋਲ ਸ਼ਕ ਦੇ ਆਧਾਰ ਉਤੇ ਕਿਸੇ ਭੜਕੀ ਹੋਈ ਭੀੜ ਵਲੋਂ ਕਿਸੇ ਦੇ ਘਰ ਅੰਦਰ ਵੜ ਕੇ ਉਸਨੂੰ ਮਾਰ ਦੇਣ ਦੀ ਘਟਨਾ ਉਨ੍ਹਾਂ ਨੂੰ ਬਸ ‘ਮਾੜੀ ਅਤੇ ਨਾ-ਚਾਹੁਣਯੋਗ’ ਜਾਪਦੀ ਹੈ। ਸਿਧੇ ਸ਼ਬਦਾਂ ਵਿਚ ਉਹ ਹਤਿਆਰਿਆਂ ਦੀ ਨਿਖੇਧੀ ਕਰਨ ਤੋਂ ਹੀ ਨਹੀਂ ਕਤਰਾ ਜਾਂਦੇ ਸਗੋਂ ਨਾਲ ਹੀ ਇਹ ਵੀ ਜੜ ਦੇਂਦੇ ਹਨ ਕਿ ਇਹ ਗੱਲਾਂ ਵਿਵਾਦਗ੍ਰਸਤ ( ਯਾਨੀ ਜਿਸ ਬਾਰੇ ਦੋ ਰਾਵਾਂ ਹੋ ਸਕਦੀਆਂ ਹਨ) ਹਨ ਅਤੇ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ। ਏਨਾ ਹੀ ਨਹੀਂ, ਇਕ ਭਾਰਤੀ ਮੁਸਲਮਾਨ ਦੀ ਦੁਖਦਾਈ ਮੌਤ ਦੀ ਘਟਨਾ ਨਾਲ ਪਾਕਿਸਤਾਨੀ ਗਾਇਕ ਦੀ ਭਾਰਤ ਆਮਦ ਦੇ ਵਿਰੋਧ ਦਾ ਮੁਦਾ ਜੋੜ ਕੇ ਉਹ ਅਸਿਧੇ ਢੰਗ ਨਾਲ ਇਕ ਪਾਸਿਓਂ ਜੇਕਰ ਇਸਨੂੰ ਨਿਰੋਲ ਰਾਜਨੀਤਕ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ , ਤਾਂ ਦੂਜੇ ਪਾਸੇ ਲੋਕ ਮਨਾਂ ਵਿਚ ਭਾਰਤੀ ਮੁਸਲਮਾਨ ਸ਼ਹਿਰੀ ਦੇ ਬਿੰਬ ਨੂੰ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦੇ ਹਨ।
ਹੁਣ ਇਕੇਰਾਂ ਫਿਰ ਪਰਧਾਨ ਮੰਤਰੀ ਦੇ ਊਨਾ ਦੀ ਘਟਨਾ ਤੋਂ ਬਾਅਦ ਦਿਤੇ ਗਏ ਬਿਆਨ ਨੂੰ ਘੋਖੀਏ। ਉਨ੍ਹਾਂ ਕਿਹਾ, “ ਜਿਸ ਢੰਗ ਨਾਲ ਕੁਝ ਲੋਕਾਂ ਨੇ ਗੋ-ਰੱਖਿਆ ਦੇ ਨਾਂਅ ਹੇਠ ਧੰਦਾ ਖੋਲ ਲਿਆ ਹੈ, ਉਸ ਕਾਰਨ ਮੈਨੂੰ ਸਚਮੁਚ ਬਹੁਤ ਗੁਸਾ ਆਂਦਾ ਹੈ। ਮੈਂ ਦੇਖਿਆ ਹੈ ਕਿ ਕੁਝ ਲੋਕ ਰਾਤ ਵੇਲੇ ਸਮਾਜੀ ਵਿਰੋਧੀ ਸਰਗਰਮੀਆਂ ਕਰਦੇ ਹਨ, ਪਰ ਦਿਨ ਵੇਲੇ ਗੋ-ਰਖਿਅਕਾਂ ਵਾਂਗ ਵਿਚਰਨ ਲਗ ਪੈਂਦੇ ਹਨ”। ਨਾਲ ਹੀ ਪਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾਈ ਸਰਕਾਰਾਂ ਆਪਣੀਆਂ ਫ਼ਾਈਲਾਂ ਖੋਲ੍ਹਣ ਅਤੇ ਦੇਖਣ ਕਿ ਇਨ੍ਹਾਂ ਲੋਕਾਂ ਵਿਚੋਂ ਕਿੰਨੇ ਕੁ ਲੋਕ ਅਪਰਾਧੀ ਹਨ।
ਊਨਾ, ਗੁਜਰਾਤ ਵਿਚ ਇਹ ਨਿਖੇਧੀਯੋਗ ਘਟਨਾ 11 ਜੁਲਾਈ ਨੂੰ ਵਾਪਰੀ ਸੀ, ਪਰ ਇਸ ਬਾਰੇ ਪਹਿਲਾ ਬਿਆਨ ਉਨ੍ਹਾਂ ਨੇ 6 ਅਗਸਤ ਨੂੰ ਜਾ ਕੇ ਦਿਤਾ। ਉਦੋਂ ਤਕ ਨਾ ਸਿਰਫ਼ ਵਖੋ ਵਖ ਰਾਜਨੀਤਕ ਦਲ ਪਰਧਾਨ ਮੰਤਰੀ ਦੇ ਅਜਿਹਾ ਮੌਨ ਧਾਰੀ ਰਖਣ ਉਤੇ ਤਿੱਖੇ ਵਾਰ ਕਰ ਰਹੇ ਸਨ, ਬਲਕਿ ਗੁਜਰਾਤ ਦੀ ਮੁਖ ਮੰਤਰੀ ਅਸਤੀਫ਼ਾ ਵੀ ਦੇਣ ਤੇ ਮਜਬੂਰ ਹੋ ਚੁਕੀ ਸੀ । ਸੋ, ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਘਟਨਾ ਦੇ 3 ਹਫ਼ਤੇ ਬਾਅਦ ਸ੍ਰੀ ਨਰਿੰਦਰ ਮੋਦੀ ਨੂੰ ਬਿਆਨ ਦੇਣ ਤੇ ਮਜਬੂਰ ਹੋਣਾ ਪਿਆ। ਕਿਉਂਕਿ ਇਹ ਨਾ ਭੁਲੀਏ ਕਿ ਖੁਦ ਪਰਧਾਨ ਮੰਤਰੀ ਗੋ-ਰਖਿਆ ਅਤੇ ਗਊਆਂ- ਨੂੰ-ਖਤਰੇ ਦਾ ਮੁਦਾ ਪਿਛਲੇ ਸਾਲਾਂ ਵਿਚ ਬਹੁਤ ਵਾਰੀ ਅਤੇ ਬਹੁਤ ਥਾਈਂ ਚੁਕਦੇ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ਉਤੇ ਇਹ ਕਹਿੰਦਿਆਂ ਵਾਰ ਕੀਤਾ ਸੀ ਕਿ ਇਹ ਪਾਰਟੀ (ਮੀਟ ਖਾਤਰ) ਗਊਆਂ ਦੀ ਹੱਤਿਆ ਨੂੰ ਹੱਲਾਸ਼ੇਰੀ ਦੇਂਦੀ ਹੈ ਅਤੇ ਭਾਰਤ ਵਿਚ ‘ਗੁਲਾਬੀ ਇਨਕਲਾਬ’ ਲਿਆਉਣਾ ਚਾਹੁੰਦੀ ਹੈ। ਪਿਛਲੇ ਸਾਲ, ਬਿਹਾਰ ਵਿਚ ਸੂਬਾਈ ਚੋਣਾਂ ਦੌਰਾਨ ਉਨ੍ਹਾਂ ਨੇ ਇਸ ਮੁਦੇ ਨੂੰ ਮੁੜ ਉਭਾਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਜੋ ਉਨ੍ਹਾਂ ਦੀ ਪਾਰਟੀ ਨੂੰ ਪੁੱਠੀ ਹੀ ਪਈ। ਉਦੋਂ ਭਾਜਪਾ ਨੇ ਬਿਹਾਰ ਵਿਚ ਇਹੋ ਜਿਹੇ ਪੋਸਟਰ ਜਾਰੀ ਕੀਤੇ ਸਨ ਕਿ ਜੇਕਰ ਲੋਕ ਗਊਆਂ ਨੂੰ ਮਾਰੇ ਜਾਣ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਬਿਹਾਰ ਵਿਚ ਭਾਜਪਾ ਦੀ ਸਰਕਾਰ ਲਿਆਉਣ। ਏਨਾ ਹੀ ਨਹੀਂ, ਸਮੇਂ ਸਮੇਂ ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਮੰਤਰੀ ਤੀਕ ਗੈਰ-ਜ਼ਿੰਮੇਵਾਰਾਨਾ ਬਿਆਨ ਦੇਂਦੇ ਰਹੇ ਹਨ, ਪਰ ਪਰਧਾਨ ਮੰਤਰੀ ਵੱਲੋਂ ਅਜਿਹੇ ਬਿਆਨਾਂ ਦੀ ਕਦੇ ਕੋਈ ਨਿਖੇਧੀ ਨਹੀਂ ਹੋਈ। ਊਨਾ ਦੀ ਘਟਨਾ ਦੇ ਹੀ ਸੰਦਰਭ ਵਿਚ , ਅਤੇ ਮੋਦੀ ਜੀ ਦੇ ਬਿਆਨ ਤੋਂ ਸਿਰਫ਼ 2 ਦਿਨ ਪਹਿਲਾਂ, ਸੀਨੀਅਰ ਭਾਜਪਾ ਨੇਤਾ ਹੁਕਮ ਸਿੰਘ ਨੇ ਲੋਕ ਸਭਾ ਵਿਚ ਇਹ ਬਿਆਨ ਦਿਤਾ ਸੀ: “ ਮੈਂ ਸਦਨ ਦਾ ਧਿਆਨ ਗਾਂਵਾਂ ਉਤੇ ਢਾਏ ਜਾ ਰਹੇ ਜ਼ੁਲਮਾਂ ਵਲ ਦੁਆਉਣਾ ਚਾਹੁੰਦਾ ਹਾਂ। ਮੈਂ ਅੱਖੀਂ ਦੇਖਿਆ ਹੈ ਕਿ ਕਿਵੇਂ ਗਾਂਵਾਂ ਦਾ ਇਕ ਵਗ ਟਰਕ ਰਾਹੀਂ ਇਕ ਸੂਬੇ ਤੋਂ ਦੂਜੇ ਵਲ ਭੇਜਿਆ ਜਾ ਰਿਹਾ ਸੀ। ਉਨ੍ਹਾਂ ਵਿਚੋਂ ਘਟੋਘਟ 15 ਮਰ ਗਈਆਂ ਹੋਣਗੀਆਂ ਅਤੇ ਉਨ੍ਹਾਂ ਨੂੰ ਬੁਚੜਖਨਿਆਂ ਵਿਚ ਲਿਜਾ ਕੇ ਮਾਸ ਦੇ ਰੂਪ ਵਿਚ ਵੇਚਿਆ ਗਿਆ ਹੋਵੇਗਾ। ਕੀ ਇਸਤੋਂ ਵਧ ਗੰਭੀਰ ਗਲ ਕੋਈ ਹੋਰ ਹੋ ਸਕਦੀ ਹੈ? ਪਰ ਦੂਜੇ ਪਾਸੇ ਕੁਝ ਸੂਡੋ-ਸੈਕੂਲਰਾਂ ਨੂੰ ਰਾਈ ਦਾ ਪਹਾੜ ਬਣਾਉਣ ਦੀ ਆਦਤ ਹੋ ਗਈ ਹੈ। ਜਦੋਂ ਕਿਤੇ ਕੋਈ ਛੋਟੀ-ਮੋਟੀ ਘਟਨਾ ਹੋ ਜਾਂਦੀ ਹੈ, ਉਹ ਚੀਕ ਚਿਹਾੜਾ ਪਾਣਾ ਸ਼ੁਰੂ ਕਰ ਦੇਂਦੇ ਹਨ”।
ਇਕ ਪਾਸੇ ਸਦਨ ਵਿਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਊਨਾ ਦੀ ਘਟਨਾ ਛੋਟੀ ਮੋਟੀ ਸੀ ਤੇ ਐਂਵੇਂ ਹੀ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ, ਤੇ ਨਾਲ ਹੀ ਇਹ ਭਾਜਪਾ ਆਗੂ ਆਪਣੇ ਇਕ ਨਿਜੀ ਸ਼ਕ ਦੇ ਆਧਾਰ ਉਤੇ ਇਕੋ ਸਾਹੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਦੇਸ ਵਿਚ ਅਸਲੀ ਜ਼ੁਲਮ ਗਾਂਵਾਂ ਨਾਲ ਹੋ ਰਿਹਾ ਹੈ, ਮਨੁਖਾਂ ਨਾਲ ਨਹੀਂ।
ਪਰ ਊਨਾ ਦੀ ਘਟਨਾ ਗੋ-ਰੱਖਿਅਕਾਂ ਵੱਲੋਂ ਕਾਨੂੰਨ ਆਪਣੇ ਹਥ ਲੈਣ ਦੀ ਪਹਿਲੀ ਘਟਨਾ ਨਹੀਂ ਸੀ। ਦਾਦਰੀ ਦੀ ਘਟਨਾ ਤੋਂ ਬਾਅਦ ਜੰਮੂ ਤੇ ਲੈ ਕੇ ਝਾਰਖੰਡ ਤਕ ਅਜਿਹੇ ‘ਗਊ-ਦਹਿਸ਼ਤਗਰਦਾਂ’ ਨੇ ਵਾਰ ਵਾਰ ਲੋਕਾਂ ਉਤੇ ਹਮਲੇ ਕੀਤੇ। ਊਧਮਪੁਰ ਵਿਚ ਇਕ ਕਸ਼ਮੀਰੀ ਟਰਕ ਡਰਾਈਵਰ ਮਾਰਿਆ ਗਿਆ, ਅਤੇ ਝਾਰਖੰਡ ਵਿਚ ਇਕ ਆਦਮੀ ਅਤੇ ਇਕ ਮਸਫੁਟ ਮੁੰਡਾ। ਪਰਧਾਨ ਮੰਤਰੀ ਵੱਲੋਂ ਇਹੋ ਜਿਹੀ ਹਿੰਸਾ ਦੇ ਵਿਰੁਧ ਕਦੇ ਕੋਈ ਬਿਆਨ ਜਾਰੀ ਨਾ ਕੀਤਾ ਗਿਆ, ਸਗੋਂ ਝਾਰਖੰਡ ਅਤੇ ਹਰਿਆਣਾ ਦੇ ਮੁਖ ਮੰਤਰੀਆਂ ਤਕ ਨੇ ਅਜਿਹੀਆਂ ਘਟਨਾਵਾਂ ਨੂੰ ਹੋਊ-ਪਰ੍ਹੇ ਕਰਦੇ ਬਿਆਨ ਦਾਗੇ। ਕੇਂਦਰੀ ਸਭਿਆਚਾਰ ਮੰਤਰੀ ਮਹੇਸ਼ ਸ਼ਰਮਾ ਤੇ ਰਾਜ ਮੰਤਰੀ ਸੰਜੀਵ ਬਾਲੀਆਂ ਨੇ ਸਗੋਂ ਟੇਢੇ ਜਿਹੇ ਢੰਗ ਨਾਲ ਅਜਿਹੀਆਂ ਵਾਰਦਾਤਾਂ ਨੂੰ ਵਾਜਬ ਤਕ ਠਹਿਰਾਉਣ ਦੀ ਕੋਸ਼ਿਸ਼ ਕੀਤੀ।
ਪਰ ਹੁਣ ਜੇ ਭਾਜਪਾ ਨੂੰ ਪੈਂਤੜਾ ਬਦਲਣਾ ਪੈ ਰਿਹਾ ਹੈ ਤਾਂ ਇਸਦਾ ਕਾਰਨ ‘ਗੋ-ਰੱਖਿਅਕਾਂ’ ਵੱਲੋਂ ਦਲਿਤਾਂ ਤੇ ਕੀਤਾ ਗਿਆ ਸਿਧਾ ਵਾਰ ਅਤੇ ਉਸ ਕਾਰਨ ਪੈਦਾ ਹੋਈਆਂ ਸਿਰਦਰਦੀਆਂ ਹਨ। ਜਦੋਂ ਤਕ ਇਹ ਵਾਰ ਮੁਸਲਮਾਨਾਂ ਉਤੇ ਹੋ ਰਹੇ ਸਨ, ਪਰਧਾਨ ਮੰਤਰੀ ਪਾਸਾ ਵਟ ਕੇ ਬੈਠੇ ਰਹੇ, ਪਰ ਹੁਣ ਯੂ ਪੀ ਦੀਆਂ ਚੋਣਾ ਸਾਹਮਣੇ ਆਈਆਂ ਦਿਸਦੀਆਂ ਹੋਣ, ਅਤੇ ਗੁਜਰਾਤ ਵਿਚ ਪੈਰਾਂ ਹੇਠੋਂ ਜ਼ਮੀਨ ਗਰਕਦੀ ਦਿਸਣ ਕਾਰਨ ਉਨ੍ਹਾਂ ਵੀ ਮੂੰਹ ਖੋਲ੍ਹਣਾ ਪੈ ਗਿਆ ਹੈ। ਉਨ੍ਹਾਂ ਦੇ ਇਸ ਬੇਦਿਲੇ ਜਿਹੇ ਬਿਆਨ ਦੀ ਪੜਚੋਲ ਅਤੇ ਘੋਖ ਵੀ ਏਸੇ ਪਰਥਾਏ ਕਰਨੀ ਬਣਦੀ ਹੈ।
ਪਰਧਾਨ ਮੰਤਰੀ ਨੇ ਇਹ ਤਾਂ ਮੰਨਿਆ ਕਿ ਕੁਝ ਲੋਕ ਗੋ-ਰਖਿਆ ਦੇ ਨਾਂਅ ਹੇਠ ਧੰਦਾ ਖੋਲੀ ਬੈਠੇ ਹਨ , ਪਰ ਇਹ ਨਹੀਂ ਦਸਿਆ ਕਿ ਇਹ ਕੁਝ ਲੋਕ ਕੌਣ ਹਨ ਜਾਂ ਕਿਹੜੀਆਂ ਰਾਜਸੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਕੀ ਇਹ ਕਾਂਗਰਸੀ ਹਨ? ਆਪ ਪਾਰਟੀ ਨਾਲ ਜੁੜੇ ਹੋਏ ਹਨ? ਜਾਂ ਫੇਰ ਕਮਿਊਨਿਸਟ ਹਨ? ਪਰਧਾਨ ਮੰਤਰੀ ਇਹ ਤਾਂ ਕਹਿੰਦੇ ਹਨ ਕਿ ਕੁਝ ਅਪਰਾਧੀ ਕਿਸਮ ਦੇ ਲੋਕਾਂ ਨੇ ਗੋ-ਰਖਿਆ ਦਾ ਧੰਦਾ ਖੋਲ ਲਿਆ ਹੈ, ਪਰ ਇਸ ਗਲ ਦਾ ਖੁਲਾਸਾ ਨਹੀਂ ਕਰਦੇ ਕਿ ਅਜਿਹੇ ਵਾਤਾਵਾਰਣ ਨੂੰ ਸਿਰਜਣ ਦਾ ਜ਼ਿੰਮੇਵਾਰ ਕੌਣ ਹੈ ਕਿ ‘ਰਾਤ ਵੇਲੇ ਸਮਾਜ-ਵਿਰਧੀ ਸਰਗਰਮੀਆਂ ਕਰਨ ਵਾਲੇ ਦਿਨ ਵੇਲੇ ਗੋ-ਰਖਿਅਕਾਂ ਦੇ ਬਾਣੇ ਵਿਚ ਮਨਆਈਆਂ ਕਰ ਸਕਦੇ ਹਨ’। ਪਰਧਾਨ ਮੰਤਰੀ ਨੇ ਇਹ ਨਹੀਂ ਦਸਿਆ ਕਿ ਇਸ ਕਿਸਮ ਦੀ ਰਾਜਨੀਤੀ ਨੂੰ ਹਵਾ ਦੇਣ ਵਾਲੀਆਂ ਤਾਕਤਾਂ ਜਾਂ ਗੁਟ ਕਿਹੜੇ ਹਨ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਭ ਤੋਂ ਗੰਭੀਰ ਅਤੇ ਫੌਰੀ ਨਜਿੱਠਣ ਵਾਲੀ ਸਮਸਿਆ ਗੋ-ਮਾਤਾ ਦੀ ਦੁਰਦਸ਼ਾ ਤੋਂ ਇਲਾਵਾ ਹੋਰ ਕੋਈ ਨਹੀਂ ਦਿਸਦੀ।
ਪਰਧਾਨ ਮੰਤਰੀ ਨੇ ਆਪਣੀ ਖਫ਼ਗੀ ਦਾ ਪ੍ਰਗਟਾਵਾ ਕਰਦਿਆਂ ਸੂਬਿਆਂ ਨੂੰ ਅਜਿਹੇ ਮਾੜੇ ਅਨਸਰਾਂ ਬਾਰੇ ਆਪਣੀਆਂ ਫ਼ਾਈਲਾਂ ਖੋਲ੍ਹਣ ਲਈ ਤਾਂ ਕਿਹਾ ਪਰ ਇਹ ਨਹੀਂ ਦਸਿਆ ਕਿ ਸੂਬਾਈ ਸਰਕਾਰਾਂ ਨੇ ਅਜਿਹੇ ਅਨਸਰਾਂ ਨਾਲ ਨਜਿੱਠਣਾ ਕਿਵੇਂ ਹੈ ਜਿਨ੍ਹਾਂ ਨੇ ਗਊਆਂ ਦੇ ਨਾਂਅ ਉਤੇ ਦਹਿਸ਼ਤ ਫੈਲਾਈ ਹੋਈ ਹੈ। ਪਰਧਾਨ ਮੰਤਰੀ ਦੇ ਬਿਆਨ ਵਿਚੋਂ ਅਜਿਹੇ ਦਹਿਸ਼ਤਗਰਦਾਂ ਨੂੰ ਕਿਸੇ ਕਿਸਮ ਦੀ ਸਜ਼ਾ ਦੇਣ ਦੇ ਕੋਈ ਨਿਰਦੇਸ਼ ਨਹੀਂ ਲਭਦੇ, ਸਿਰਫ਼ ਉਨ੍ਹਾਂ ਦੇ ਨਿਜੀ ਕ੍ਰੋਧ ਦਾ ਇਜ਼ਹਾਰ ਲਭਦਾ ਹੈ। ਪੁਛਣਾ ਤਾਂ ਇਹ ਚਾਹੀਦਾ ਹੈ ਕਿ ਗੁਜਰਾਤ, ਜਿਥੇ ਭਾਜਪਾ ਦੀ ਸਰਕਾਰ ਹੈ, ਜਿਸਨੂੰ ਸਾਰੇ ਦੇਸ ਲਈ ਮਾਡਲ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ , ਉਥੇ ਅਜਿਹੇ ਉਪੱਦਰਕਾਰੀਆਂ ਦੀ ਹਿੰਮਤ ਕਿਵੇਂ ਹੋਈ ਕਿ ਉਨ੍ਹਾਂ ਨੇ ਨਾ ਸਿਰਫ਼ ਦਲਿਤ ਨੌਜਵਾਨਾਂ ਨੂੰ ਸ਼ਹਿਰ ਦੀਆਂ ਸੜਕਾਂ ਉਤੇ ਕੁਟਿਆ-
ਘੜੀਸਿਆ, ਸਗੋਂ ਆਪਣੀ ਇਸ ‘ਬਹਾਦਰੀ’ ਦੀ ਵੀਡੀਓ ਵੀ ਬਣਾਈ ਅਤੇ ਨਸ਼ਰ ਕੀਤੀ। ਹੋਰ ਤਾਂ ਹੋਰ ਉਨ੍ਹਾਂ ਕੁਟੀਂਦੇ ਨੌਜਵਾਨਾਂ ਨੂੰ ਪੁਲੀਸ ਠਾਣੇ ਤਕ ਘੜੀਸਿਆ, ਓਥੇ ਵੀ ਵੀਡੀਓ ਫਿਲਮਾਂਕਣ ਕੀਤਾ ਅਤੇ ਪੁਲਸ ਮੂਕ ਦਰਸ਼ਕ ਵਾਂਗ ਸਭ ਦੇਖਦੀ ਰਹੀ । ਇਹੋ ਜਿਹੀ ਹਿਮਾਕਤ ਕੋਈ ਉਸ ਸਮੇਂ ਹੀ ਕਰਦਾ ਹੈ ਜਦੋਂ ਉਸਨੂੰ ਸਰਕਾਰੀ ਅਤੇ ਰਾਜਨੀਤਕ ਸ਼ਹਿ ਹੋਵੇ। ਜਦੋਂ ਉਸਨੂੰ ਕਿਸੇ ਦਾ ਕੋਈ ਖੌਫ਼ ਨਾ ਹੋਵੇ, ਸਗੋਂ ਹੱਲਾਸ਼ੇਰੀ ਮਿਲਣ ਦੀ ਹੀ ਆਸ ਹੋਵੇ। ਗੁਜਰਾਤ ਤੋਂ ਲੈ ਕੇ ਦਾਦਰੀ ਤਕ ਇਹੋ ਜਿਹੇ ਅਨਸਰਾਂ ਦੇ ਹੌਸਲੇ ਬੁਲੰਦ ਕਰਨ ਵਾਲੀਆਂ ਤਾਕਤਾਂ ਕਿਹੜੀਆਂ ਹਨ? ਅਤੇ ਉਨ੍ਹਾਂ ਨੂੰ ਠਲ੍ਹ ਕਿਵੇਂ ਪਾਣੀ ਹੈ?
ਜਦੋਂ ਤਕ ਦੇਸ ਦਾ ਪਰਧਾਨ ਮੰਤਰੀ ਇਨ੍ਹਾਂ ਸਵਾਲਾਂ ਦੇ ਜਵਾਬ ਤਲਬ ਨਹੀਂ ਕਰਦਾ, ਅਜਿਹੇ ਅਨਸਰਾਂ ਨਾਲ ਸਖਤੀ ਨਾਲ ਨਜਿਠਣ ਦੇ ਸਪਸ਼ਟ ਨਿਰਦੇਸ਼ ਨਹੀਂ ਦੇਂਦਾ, ‘ਦਲਿਤਾਂ ਨੂੰ ਨਹੀਂ, ਮੈਨੂੰ ਗੋਲੀ ਮਾਰ ਦਿਓ’ ਵਰਗੇ ਜੁਮਲੇ ਕਿਸੇ ਸੜਕ-ਛਾਪ ਨਾਟਕ ਦੇ ਡਾਇਲਾਗ ਤੋਂ ਵਧ ਮਹਤਵ ਨਹੀਂ ਰਖਣ ਲਗੇ।