ਸਵੱਛ ਭਾਰਤ ਅਭਿਆਨ ਤੇ ਲੋਕਾਂ ਦਾ ਇਸ ਵਿੱਚ ਸਹਿਯੋਗ - ਕੁਲਵਿੰਦਰ ਕੰਗ
Posted on:- 05-08-2016
ਇਹ ਗੱਲ ਉਸ ਸਮੇਂ ਦੀ ਹੈ ਜਦੋਂ ਸਾਡੇ ਦੇਸ਼ ਦੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਜੀ ਨੇ 'ਸਵੱਛ ਭਾਰਤ ਅਭਿਆਨ' ਮੁਹਿੰਮ ਚਲਾਈ ਸੀ । ਮੈਨੂੰ ਇਹ ਮੁਹਿੰਮ ਕਾਫ਼ੀ ਹੱਦ ਤੀਕ ਠੀਕ ਤੇ ਪ੍ਰਸ਼ੰਸਾ-ਯੋਗ ਜਾਪੀ । ਵੈਸੇ ਤਾਂ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਤੇ ਨਾ ਹੀ ਇਸਦੀ ਆਲੋਚਨਾ ਕਰਨ ਵਾਲਿਆਂ ਦੀ । ਇਸ ਮੁਹਿੰਮ ਦੇ ਪ੍ਰਭਾਵ ਵੀ ਅਸੀਂ ਸਾਰਿਆਂ ਨੇ ਦੇਖ ਹੀ ਲਏ ਹਨ । ਜਦੋਂ ਇਸ ਮੁਹਿੰਮ ਦਾ ਆਗਾਜ਼ ਹੋਇਆ ਤਾਂ ਅਸੀਂ ਸਭ ਨੇ ਇਹ ਵੀ ਦੇਖਿਆ ਕਿ ਸਾਡੇ ਦੇਸ਼ ਦੇ ਵੱਡੇ-ਵੱਡੇ ਨੇਤਾ ਲੋਕ ਝਾੜੂ ਚੁੱਕੀ ਫੋਟੋਆਂ ਖਿਚਵਾਉਂਦੇ ਸਾਡੀਆਂ ਅਖਬਾਰਾਂ ਦਾ ਸ਼ਿੰਗਾਰ ਬਣਦੇ ਦਿਸੇ । ਆਮ ਲੋਕਾਂ, ਨੌਜਵਾਨਾਂ ਨੇ ਵੀ ਝਾੜੂ ਨਾਲ ਸੈਲਫੀਆਂ ਖਿਚ ਕੇ ਸ਼ੋਸ਼ਲ ਮੀਡੀਆ ਤੇ ਪਾਉਣ ਦਾ ਵਿਸ਼ਵ ਰਿਕਾਰਡ ਬਣਾ ਲਿਆ ਹੋਵੇਗਾ । ਜਿਸ ਲਈ ਸਾਰੇ ਦੇਸ਼ ਵਾਸੀਆਂ ਨੂੰ ਇਸ ਚ'ਸਹਿਯੋਗ ਦੇਣ ਲਈ ਧੰਨਵਾਦ ਅਤੇ ਮੁਬਾਰਕਬਾਦ !
ਇਹਨਾਂ ਸੁਰਖੀਆਂ,ਫੋਟੋਆਂ ਨੂੰ ਦੇਖ ਕੇ ਤਾਂ ਇੰਝ ਲੱਗਾ ਜਿਵੇਂ ਥੋੜੇ ਹੀ ਦਿਨਾਂ ਵਿੱਚ ਸਾਡੇ ਦੇਸ਼ ਦੇ ਲੋਕ ਸਾਰੇ ਭਾਰਤ ਦਾ ਕੂੜਾ ਹੂੰਝ ਕੇ ਦੇਸ਼ ਤੋਂ ਬਾਹਰ ਕਰ ਦੇਣਗੇ ਤੇ ਇਹ ਰਿਕਾਰਡ ਗਿਨਿਜ਼ ਬੁੱਕ ਆਫ ਰਿਕਾਰਡ ਚ' ਅੰਕਿਤ ਕੀਤਾ ਜਾਵੇਗਾ ਤੇ ਫਿਰ ਥੋੜੇ ਹੀ ਦਿਨਾਂ ਬਾਅਦ ਸਾਰੇ ਭਾਰਤ ਵਾਸੀ ਝਾੜੂ ਚੁੱਕੀ ਗੁਆਂਢੀ ਮੁਲਕਾਂ ਚ' ਸਫਾਈ ਅਭਿਆਨ ਲਈ ਕੂਚ ਕਰਨਗੇ ਤੇ ਇਹ ਅਭਿਆਨ ਫਿਰ 'ਸਵੱਛ ਧਰਤੀ ਅਭਿਆਨ'ਬਣ ਜਾਵੇਗਾ। ਪਰ ਅਜਿਹਾ ਨਹੀਂ ਹੋਇਆ , ਸ਼ਾਇਦ ਇਹ ਸਾਡੇ ਮੁਲਕ ਦੇ ਪਰਧਾਨ ਮੰਤਰੀ ਦਾ ਇਕ ਸੁਪਨਾ ਹੀ ਬਣਕੇ ਰਹਿ ਜਾਵੇਗਾ ।
ਠੀਕ ਹੈ ਕਿ ਮੋਦੀ ਜੀ ਦਾ ਉਦੇਸ਼ ਸਫ਼ਾਈ ਪ੍ਰਤੀ ਚੇਤਨਾ ਲਿਆਉਣਾ ਹੋ ਸਕਦਾ ਹੈ । ਇਹ ਵੀ ਠੀਕ ਹੈ ਕਿ ਮੋਦੀ ਜੀ ਸਾਡੇ ਘਰ ਆ ਕੇ ਸਫ਼ਾਈ ਤਾਂ ਨਹੀਂ ਕਰਨ ਵਾਲੇ । ਮੋਦੀ ਜੀ ਦਾ ਅਭਿਆਨ ਤਾਂ ਚਲੋ ਵਧੀਆ ਸੀ ਕਿ ਉਹਨਾਂ ਨੇ ਪਹਿਲ ਕਦਮੀ ਕੀਤੀ ਪਰ ਇਸ ਵਿੱਚ ਸਾਡੇ ਦੇਸ਼ ਦੀ ਜਨਤਾ ਨੇ ਜੋ ਸਹਿਯੋਗ ਦਿੱਤਾ , ਉਸਦੀ ਗੱਲ ਵੀ ਕਰ ਲੈਣੀ ਬਣਦੀ ਹੈ । ਇਸਦੀ ਵਧੀਆ ਉਦਾਹਰਣ ਸਾਡੇ ਪਿੰਡ ਦੀ ਹੀ ਲੈ ਲੈਣੀ ਬਣਦੀ ਹੈ । ਮੈਂ ਖ਼ੁਦ ਇਸ ਅਭਿਆਨ ਦਾ ਇੱਕ ਹਮਾਇਤੀ ਹਾਂ ਤੇ ਇਸ ਨਾਲ ਜੁੜਿਆ ਹਾਂ । ਉਦੋਂ ਇਹ ਮੁਹਿੰਮ ਨਵੀਂ ਨਵੀਂ ਚੱਲੀ ਸੀ ਤੇ ਮੈਂ ਆਪਣੇ ਜਮਾਤੀਆਂ ਨਾਲ ਰਲ ਕੇ ਇਸ ਮੁਹਿੰਮ ਚ'ਅੱਗੇ ਆਇਆ । ਅਸੀਂ ਆਪਣੇ ਅਧਿਆਪਕ ਨਾਲ ਗੱਲ ਕਰਕੇ ਇਸ ਨੂੰ ਪਿੰਡ ਪੱਧਰ ਤੇ ਤੋਰਨ ਦਾ ਮਨ ਬਣਾ ਲਿਆ । ਅਸੀਂ ਸਾਰੇ ਬੜੇ ਉਤਸ਼ਾਹ ਚ'ਸੀ ਕਿ ਅਸੀਂ ਵੀ ਇਸ ਮੁਹਿੰਮ ਦੇ ਮੈਂਬਰ ਬਨਣ ਵਾਲੇ ਹਾਂ । ਚਲੋ ਉਹ ਸਮਾਂ ਵੀ ਆ ਹੀ ਗਿਆ ਤੇ ਅਸੀਂ ਵੀ ਝਾੜੂ ਚੁੱਕ ਲਿਆ । ਅਸੀਂ ਇੱਕ ਗਲੀ ਤੋਂ ਇਸ ਦੀ ਸ਼ੁਰੂਆਤ ਕਰ ਲਈ । ਜਦੋਂ ਅਸੀਂ ਸ਼ੁਰੂਆਤ ਕੀਤੀ ਤਾਂ ਸਾਨੂੰ ਲੋਕਾਂ ਦੇ ਕਈ ਤਰਾਂ ਦੇ ਚੰਗੇ ਮਾੜੇ ਸ਼ਬਦ ਵੀ ਸੁਨਣੇ ਪਏ । ਕੋਈ ਕਹੇ 'ਨਾਲੀਆਂ ਕੱਢਣ ਵਾਲੇ' ਤਾਂ ਕੋਈ ਕਹੇ 'ਮੋਦੀ ਭਗਤ' ਵਗੈਰਾ । ਇਸ ਤੋਂ ਸਾਡੇ ਸਾਥੀ ਥੋੜੇ ਨਿਰਾਸ਼ ਹੋ ਗਏ ਤੇ ਉਸ ਦਿਨ ਦੇ ਸਫ਼ਾਈ ਅਭਿਆਨ ਤੋਂ ਬਾਅਦ ਝਾੜੂ ਨੂੰ ਹੀ ਭੁੱਲ ਗਏ । ਗੱਲ ਇਹ ਹੈ ਕਿ ਲੋਕਾਂ ਦਾ ਇਸ ਅਭਿਆਨ ਪ੍ਰਤੀ ਕੀ ਨਜ਼ਰੀਆ ਹੈ । ਸਾਡੇ ਸਮਾਜ ਚ' ਗਲੀਆਂ ਨਾਲੀਆਂ ਸਾਫ਼ ਕਰਨ ਦਾ ਕੰਮ ਸਿਰਫ਼ ਨੀਵੀਆਂ ਜਾਤਾਂ ਦੀ ਕੰਮ ਮੰਨਿਆ ਜਾਂਦਾ ਹੈ । ਗਲੀਆਂ ਨਾਲੀਆਂ ਸਾਫ ਕਰਨ ਨੂੰ ਇਕ ਹੱਤਕ ਵਾਲੀ ਗੱਲ ਸਮਝਿਆ ਜਾਂਦਾ ਹੈ । ਭਾਵੇਂ ਕਿ ਸਾਡੇ ਬਹੁਤ ਸਾਰੇ ਅਗਾਂਹਵਧੂ ਸੋਚ ਰੱਖਣ ਵਾਲੇ ਅਜਿਹਾ ਨਹੀਂ ਸੋਚਦੇ । ਕਈ ਅਜਿਹੇ ਪੜੇ ਲਿਖੇ ਵੀ ਹਨ ਜੋ ਪੜੇ ਲਿਖੇ ਤਾਂ ਜ਼ਰੂਰ ਹਨ ਪਰ ਸੋਚ ਤੇ ਨਜ਼ਰੀਆ ਉਹੀ ਪੱਥਰ ਯੁੱਗ ਵਾਲਾ । ਜਦੋਂ ਕੋਈ ਅਜਿਹੇ ਸਮਾਜ ਸੁਧਾਰ ਵਾਲੇ ਕੰਮਾਂ ਲਈ ਪਹਿਲਕਦਮੀ ਕਰਦਾ ਹੈ ਤਾਂ ਲੋਕ ਇਸ ਵਿਰੁੱਧ ਹੀ ਕਈ ਕਈ ਬਹਿਸਾਂ ਕਰਦੇ ਆਮ ਹੀ ਦੇਖੇ ਜਾਂਦੇ ਹਨ । ਇਕ ਪੱਖ ਤੋਂ ਦੇਖਿਆ ਜਾਵੇ ਤਾਂ ਮੋਦੀ ਜੀ ਦਾ ਅਭਿਆਨ ਬਹੁਤ ਵਧੀਆ ਹੈ । ਪਰ ਇਸ ਤੋਂ ਪਹਿਲਾਂ ਲੋਕਾਂ ਦੀ ਸੋਚ , ਨਜ਼ਰੀਏ ਨੂੰ ਅਗਾਂਹਵਧੂ ਬਨਾਉਣ ਲਈ ਅਭਿਆਨ ਸ਼ੁਰੂ ਕਰਨ ਪਵੇਗਾ । ਜੇਕਰ ਲੋਕਾਂ ਦਾ ਇਸ ਵਿੱਚ ਕੋਈ ਜ਼ਿਆਦਾ ਸਹਿਯੋਗ ਹੀ ਨਹੀਂ ਤਾਂ ਇਹੋ ਜਿਹੀਆਂ ਭਾਵੇਂ ਜਿੰਨੀਆਂ ਮਰਜ਼ੀ ਮੁਹਿੰਮਾਂ ਚਲਾ ਲਈਆਂ ਜਾਣ ਤਾਂ ਵੀ ਸਫ਼ਲ ਨਹੀਂ ਹੋ ਸਕਦੀਆਂ । ਭਾਰਤੀ ਲੋਕਾਂ ਦੀ ਇਸ ਸੋਚ ਨੂੰ, ਨਜ਼ਰੀਏ ਨੂੰ ਬਦਲਣਾ ਪਵੇਗਾ । ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਪਵੇਗਾ । ਇਸ ਮੁਹਿੰਮ ਦੀ ਅਸਫ਼ਲਤਾ ਦਾ ਦੁਬਾਰਾ-ਦੁਬਾਰਾ ਰਾਗ ਆਲਾਪਣ ਦੀ ਬਜਾਏ ਇਸਨੂੰ ਸਫ਼ਲ ਬਨਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਜੋ ਸਵੱਛ ਭਾਰਤ ਅਭਿਆਨ ਦੇ ਨਾਂ ਤੇ ਜੋ ਸੈੱਸ ਲਗਾਇਆ ਜਾਂਦਾ ਹੈ ,ਉਸਨੂੰ ਵੀ ਕਮਾਈ ਦਾ ਇਕ ਜ਼ਰੀਆ ਨਹੀਂ ਬਨਾਇਆ ਜਾਣਾ ਚਾਹੀਦਾ ਸਗੋਂ ਉਸਨੂੰ ਪਿੰਡ ਪਿੰਡ ਚ' ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਲਈ ਇਸ ਨਾਲ ਸੰਬੰਧਿਤ ਸਾਹਿਤ , ਕੈਪਾਂ ਆਦਿ ਤੋਂ ਇਲਾਵਾ ਗੰਦਗੀ ਦੇ ਨਿਪਟਾਰੇ ਵਰਗੇ ਕਾਰਜਾਂ ਚ'ਹੀ ਲਗਾਉਣਾ ਬਣਦਾ ਹੈ । ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਚ' ਬਣਦਾ ਸਹਿਯੋਗ ਦੇਈਏ । ਆਪਣੀ ਸੋਚ , ਗਿਆਨ ਨੂੰ ਲੋਕਾਂ ਚ'ਵੰਡੀਏ । ਫਿਰ ਹੀ ਇਹ ਅਭਿਆਨ ਸਫਲ ਹੋ ਪਾਵੇਗਾ ਨਾ ਕਿ ਫੋਟੋਆਂ ਖਿਚਵਾਉਣ ਨਾਲ । ਇਸ ਵਿੱਚ ਕੋਈ ਵੀ ਸੰਗ ਸ਼ਰਮ ਨਹੀਂ । ਸਫ਼ਾਈ ਰੱਖਣਾ ਇਕ ਸਮਾਜਿਕ ਜ਼ੁੰਮੇਵਾਰੀ ਹੈ । ਇਸ ਉਪਰ ਜ਼ਰਾ ਜਿੰਨੀ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ । ਸਿਆਸੀ ਲੋਕਾਂ ਦਾ ਕੀ ਕਹਿਣਾਂ,ਉਹਨਾਂ ਦਾ ਤਾਂ ਨਿੱਤ ਦਾ ਇਹੋ ਕੰਮ ਕਿ ਕੋਈ ਨਾ ਕੋਈ ਮੁੱਦਾ ਹਲਾਉਣਾਂ ਤੇ ਆਪਣੀ ਸਿਆਸੀ ਰੋਟੀਆਂ ਲੋਕਾਂ ਦੇ ਰੋਹ ਦੇ ਗਰਮ ਤਵੇ ’ਤੇ ਸੇਕਣੀਆਂ । ਸਾਨੂੰ ਸਾਰਿਆਂ ਨੂੰ ਆਪਣੀ ਰਾਜਨੀਤੀ ਵਾਲੀ ਸੋਚ ਤੋਂ ਉਪਰ ਉਠਕੇ ਸਫ਼ਾਈ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ।ਸੰਪਰਕ: +91 99153 24542