Wed, 30 October 2024
Your Visitor Number :-   7238304
SuhisaverSuhisaver Suhisaver

ਵੱਧਦੀ ਵਿਕਾਸ ਦਰ ਬਨਾਮ ਗਰੀਬ ਲੋਕ - ਗੁਰਤੇਜ ਸਿੰਘ

Posted on:- 27-07-2016

suhisaver

ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਹੈ ਤੇ ਵਿਕਸਿਤ ਦੇਸ਼ਾਂ ਦੇ ਬਰਾਬਰ ਜਾਣ ਲਈ ਤਤਪਰ ਹੈ।ਗਰੀਬੀ, ਭੁੱਖਮਰੀ, ਗੁਲਾਮੀ ਅਤੇ ਭ੍ਰਿਸ਼ਟਾਚਾਰ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਸਮੱਸਿਆ ਹੈ।ਇਨ੍ਹਾਂ ਦੇ ਹੱਲ ਲਈ ਸੂਝਵਾਨ ਨੇਤਾ, ਪ੍ਰਬੰਧਕ, ਈਮਾਨਦਾਰੀ ਨਾਲ ਚੰਗੀਆਂ ਨੀਤੀਆਂ ਲਾਗੂ ਕਰਨ ਲਈ ਪੂਰੇ ਦੇਸ਼ ਦੀ ਇੱਕਜੁਟਤਾ ਲਾਜ਼ਮੀ ਹੈ।ਸੋਨੇ ਦੀ ਚਿੜੀ ਇਸ ਦੇਸ਼ ਨੂੰ ਵਿਦੇਸ਼ੀ ਹਮਲਾਵਰਾਂ ਅਤੇ ਇਥੋਂ ਦੇ ਭ੍ਰਿਸ਼ਟ ਹਾਕਮਾਂ ਨੇ ਨੋਚ ਨੋਚ ਖਾ ਲਿਆ ਇਸ ਕਰਕੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਹੋਣ ਦੇ ਬਾਵਜੂਦ ਦੇਸ਼ ਦੇ ਲੋਕ ਗੁਰਬਤ ਦੇ ਦਿਨ ਕੱਟਣ ਲਈ ਮਜ਼ਬੂਰ ਹਨ।ਇੱਥੋਂ ਦੇ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਅਨਪੜ੍ਹਤਾ , ਬੇਰੁਜ਼ਗਾਰੀ, ਸਹੀ ਨੀਤੀਆਂ ਦੀ ਕਮੀ, ਸਰਕਾਰਾਂ ਦੀ ਕਮਜੋਰ ਇੱਛਾ ਸ਼ਕਤੀ, ਭ੍ਰਿਸ਼ਟਾਚਾਰ ਆਦਿ ਹੈ।ਭ੍ਰਿਸ਼ਟਾਚਾਰ ਕਾਰਨ ਦੇਸ਼ ਦਾ ਅਰਬਾਂ ਰੁਪਇਆ ਵਿਦੇਸ਼ੀ ਬੈਕਾਂ ਵਿੱਚ ਜਮ੍ਹਾਂ ਪਿਆ ਹੈ ਤੇ ਹੁਣ ਵੀ ਜਮ੍ਹਾਂ ਹੋ ਰਿਹਾ ਹੈ ਜੋ ਕਾਲਾ ਧਨ ਹੋਣ ਕਾਰਨ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੇ ਅਹਿਮ ਦਿਨ ਕਾਲੇ ਕਰ ਰਿਹਾ ਹੈ।

ਗਰੀਬੀ ਦੇ ਅਰਥ ਗੁਲਾਮੀ ਹਨ ਤੇ ਗੁਲਾਮੀ ਦੇ ਅਰਥ ਨਰਕ ਹੋ ਨਿੱਬੜਦੇ ਹਨ।ਗਰੀਬ ਲੋਕਾਂ ਦਾ ਨਾਂ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ।ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਦੇ ਹਨ।ਗਰੀਬੀ ਨੂੰ ਭਾਵੇਂ ਧਰਮਾਂ ਨੇ ਸਲਾਹਿਆ ਹੈ ਪਰ ਅਸਲ ਵਿੱਚ ਇਹ ਬੜੀ ਖੌਫਨਾਕ ਹੈ।ਜਿਸ ਤਰ੍ਹਾਂ ਫਿਲਮਾਂ ਵਿੱਚ ਜੰਗਲ ਦੀ ਰਾਤ ਬੜੀ ਰਮਣੀਕ ਦਿਖਾਈ ਜਾਦੀ ਹੈ,ਉਂਝ ਜੰਗਲ ਦੀ ਰਾਤ ਬੜੀ ਭਿਆਨਕ ਹੁੰਦੀ ਹੈ।ਸਾਡੇ ਮੁਕਾਬਲੇ ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ਜ਼ਿਆਦਾ ਹੈ।

ਭਾਰਤ ਇੱਕ ਧਾਰਮਿਕ ਦੇਸ਼ ਹੈ ਜਿਸ ਕਰਕੇ ਲੋਕ ਭਾਵੁਕਤਾ ਦੀ ਪਕੜ ਹੇਠ ਹਨ।ਧਰਮਾਂ ਨੇ ਪੈਸੇ ਨੂੰ ਰੁਹਾਨੀਅਤ ਦੇ ਰਾਹ ਦਾ ਰੋੜਾ ਦੱਸਿਆ ਹੈ ਤੇ ਮਾਇਆ ਨਾਗਣੀ ਜਿਹੇ ਸ਼ਬਦਾਂ ਦਾ ਇੰਦਰਜਾਲ ਬੁਣਿਆ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਰੀਬ ਦੇਸ਼ ਦੇ ਲੋਕਾਂ ਦੇ ਦੇਵਤੇ, ਸੰਤ ਮਹਾਂਪੁਰਸ਼ ਬੜੇ ਅਮੀਰ ਹਨ।ਲੋਕਾਂ ਨੂੰ ਗਰੀਬੀ ਉੱਤਮ ਦੱਸਦੇ ਹੋਏ ਰੱਬ ਨੂੰ ਮਿਲਣ ਦੀ ਪਹਿਲੀ ਪੌੜੀ ਦੱਸਣ ਵਾਲੇ ਬਾਬਿਆਂ ਦੀ ਖੁਦ ਦੀ ਪ੍ਰਤੀਦਿਨ ਕਮਾਈ ਲੱਖਾਂ ਰੁਪਏ ਹੈ ਤੇ ਠਾਠ ਵਾਲਾ ਜੀਵਨ ਜਿਉਂਦੇ ਹਨ।ਇੱਕ ਅੰਦਾਜੇ ਮੁਤਾਬਕ ਅਗਰ ਧਾਰਮਿਕ ਸਥਾਨਾਂ ਦੇ ਸਰਮਾਏ ਨੂੰ ਹੀ ਲੋਕ ਭਲਾਈ ਹਿਤ ਵਰਤ ਲਿਆ ਜਾਵੇ ਤਾਂ ਲੋਕਾਂ ਦੇ ਬੁਰੇ ਦਿਨ ਅਰਾਮ ਨਾਲ ਖਤਮ ਹੋ ਸਕਦੇ ਹਨ।

ਜ਼ਿੰਦਗੀ ਬਸਰ ਕਰਨ ਲਈ ਪੈਸੇ ਦੀ ਲੋੜ ਅਹਿਮ ਹੈ।ਗੋਲ ਧਰਤੀ ਉੱਤੇ ਰਿੜਣ ਲਈ ਪੈਸੇ ਦੀ ਜ਼ਰੂਰਤ ਹੈ।ਸੰਸਾਰ ਵਿੱਚ ਪੈਸੇ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ।ਪੈਸੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ, ਜੋ ਪੈਸੇ ਦੀ ਕਦਰ ਕਰਦੇ ਹਨ ਪੈਸਾ ਵੀ ਉਨ੍ਹਾਂ ਦੀ ਕਦਰ ਕਰਦਾ ਹੈ।ਸਾਡੇ ਦੇਸ਼ ਦੀ ਆਰਥਿਕ ਸਥਿਤੀ ਬੜੀ ਨਿਰਾਲੀ ਹੈ, ਭਾਰਤ ਅਮੀਰ ਤੇ ਗਰੀਬ ਦੋ ਤਰ੍ਹਾਂ ਦੇ ਲੋਕਾਂ ਵਿੱਚ ਵੰਡਿਆ ਹੋਇਆ ਹੈ।ਦੇਸ਼ ਦੀ ਜ਼ਿਆਦਾਤਰ ਸੰਪਤੀ ਚੰਦ ਘਰਾਣਿਆਂ ਦੇ ਹੱਥਾਂ ਵਿੱਚ ਹੈ ਜੋ ਅਰਬਪਤੀ ਹਨ ਅਤੇ ਸੰਸਾਰ ਦੇ ਗਿਣੇ ਚੁਣੇ ਅਮੀਰ ਲੋਕਾਂ ‘ਚ ਉਨ੍ਹਾਂ ਦੇ ਨਾਂਅ ਸ਼ੁਮਾਰ ਹਨ।ਦੂਜੇ ਪਾਸੇ ਉਹ ਲੋਕ ਹਨ ਜੋ ਦੋ ਵਕਤ ਦੀ ਰੋਟੀ ਤੋਂ ਵੀ ਆਹਰੀ ਹਨ।ਦੇਸ਼ ਦੀ ਜ਼ਿਆਦਾਤਰ ਅਬਾਦੀ ਗਰੀਬੀ ਰੂਪੀ ਕੋਹੜ ਤੋਂ ਪੀੜਿਤ ਹੈ।ਪਾਪੀ ਪੇਟ ਦੀ ਅੱਗ ਬੁਝਾਉਣ ਲਈ ਲੋਕ ਖੂਨ, ਸਰੀਰ ਦੇ ਅੰਗ ਸਸਤੇ ਭਾਆਂ ‘ਤੇ ਵੇਚਣ ਲਈ ਮਜਬੂਰ ਹਨ।

ਔਰਤਾਂ ਮਜਬੂਰੀ ਵਸ ਜਿਸਮ ਫਰੋਸ਼ੀ ਦੀ ਗੰਦੀ ਦਲਦਲ ਵਿੱਚ ਧਸਦੀਆਂ ਜਾ ਰਹੀਆਂ ਹਨ।ਛੋਟੀਆਂ ਛਟੀਆਂ ਬੱਚੀਆਂ ਕੋਠਿਆਂ ਤੇ ਪਹੁੰਚ ਜਾਦੀਆਂ ਹਨ।ਛੋਟੇ ਛੋਟੇ ਬੱਚੇ ਸਕੂਲ ਜਾਣ ਦੀ ਉਮਰੇ ਮਜ਼ਦੂਰੀ ਕਰਦੇ ਹਨ।ਇਨ੍ਹਾਂ ਸਭ ਸਮੱਸਿਆਵਾਂ ਦੀ ਜੜ੍ਹ ਗਰੀਬੀ ਹੈ।ਸਾਡੇ ਨੇਤਾ ਗਰੀਬੀ ਹਟਾਉਣ ਦੀ ਥਾਂ ਗਰੀਬਾਂ ਦਾ ਮਜਾਕ ਉਡਾਉਦੇ ਹਨ।ਪਿਛਲੇ ਸਮੇ ਦੌਰਾਨ ਨੇਤਾਵਾਂ ਦੇ ਬੇਤੁਕੇ ਬਿਆਨ ਸਨ ਕਿ ਲੋਕ ਦਿੱਲੀ ‘ਚ ਪੰਜ ਰੁਪਏ ਵਿੱਚ ਰੱਜ ਕੇ ਰੋਟੀ ਖਾ ਸਕਦੇ ਹਨ।ਉਦੋਂ ਉਨ੍ਹਾਂ ਨੂੰ ਪੁੱਛ ਲਿਆ ਜਾਣਾ ਚਾਹੀਦਾ ਸੀ ਕਿ ਅਜਿਹੀ ਜਗ੍ਹਾ ਦਾ ਪਤਾ ਜਨਤਕ ਕਰੋ ਤਾਂ ਜੋ ਭੁੱਖਮਰੀ ਦੇ ਸ਼ਿਕਾਰ ਲੋਕ ਉੱਥੇ ਜਾਕੇ ਆਪਣਾ ਪੇਟ ਭਰ ਸਕਣ।

ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਭਾਰਤ ਦੇ 35 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ।ਇਨ੍ਹਾਂ ਦੀ ਗਿਣਤੀ ਪਿੰਡਾਂ ‘ਚ ਜ਼ਿਆਦਾ ਹੈ।ਪਿੰਡਾਂ ਵਿੱਚ 17 ਰੁਪਏ ਅਤੇ ਸ਼ਹਿਰਾਂ ਵਿੱਚ 23 ਰੁਪਏ ਵਿੱਚ ਦੈਨਿਕ ਜੀਵਨ ਦੀਆਂ ਲੋੜਾਂ ਪੂਰਦੇ ਹਨ।ਜੁਲਾਈ 2014 ਵਿੱਚ ਰੰਗਰਾਜਨ ਕਮੇਟੀ ਨੇ ਗਰੀਬੀ ਦੇ ਸਬੰਧ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ ਜੋ ਕੌਮੀ ਨਮੂਨਾ ਸਰਵੇਖਣ ਸੰਗਠਨ ਦੁਆਰਾ ਕੀਤੇ ਅਧਿਐਨ ‘ਤੇ ਅਧਾਰਿਤ ਸੀ।ਇਸ ਰਿਪੋਰਟ ਅਨੁਸਾਰ ਦੇਸ਼ ਅੰਦਰ ਦਸ ਲੋਕਾਂ ਵਿੱਚੋਂ ਤਿੰਨ ਗਰੀਬ ਹਨ।

ਗਰੀਬੀ ਰੇਖਾ ਦਾ ਨਵਾਂ ਮਾਪਦੰਡ ਤੈਅ ਕਰਦਿਆਂ ਰਿਪੋਰਟ ਵਿੱਚ ਸ਼ਹਿਰੀ ਖੇਤਰ ਵਿੱਚ 47 ਰੁਪਏ ਤੇ ਪੇਂਡੂ ਖੇਤਰ੍ਹਾਂ ਵਿੱਚ 32 ਰੁਪਏ ਤੋਂ ਘੱਟ ਕਮਾਉਣ ਵਾਲੇ ਨੂੰ ਗਰੀਬੀ ਰੇਖਾ ਤੋਂ ਹੇਠਾਂ ਰੱਖਿਆ ਗਿਆ ਹੈ।ਇਹ ਰਿਪੋਰਟ ਸੰਨ 2013 ਦੀ ਤੇਂਦੁਲਕਰ ਕਮੇਟੀ ਦੀ ਰਿਪੋਰਟ ਦਾ ਸਿਰਫ ਰੀਵਿਊ ਸੀ।ਵਿਸ਼ਵ ਬੈਂਕ ਦੀ ਸੰਨ 2010 ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੇ 32.7 ਫੀਸਦੀ ਭਾਰਤੀ ਲੋਕ ਅੰਤਰਰਾਸਟਰੀ ਗਰੀਬੀ ਰੇਖਾ ਤੋਂ ਹੇਠਾਂ ਹਨ, ਉਨ੍ਹਾਂ ਦਾ ਰੋਜ਼ਾਨਾ ਖਰਚ 1.25 ਡਾਲਰ ਹੈ ਅਤੇ 68.7 ਫੀਸਦੀ ਲੋਕਾਂ ਦਾ ਰੋਜ਼ਾਨਾ ਦਾ ਖਰਚ ਕੇਵਲ ਦੋ ਡਾਲਰ ਹੈ।ਦੁਨੀਆਂ ਦੇ ਇੱਕ ਚੌਥਾਈ ਗਰੀਬ ਲੋਕ ਭਾਰਤ ਵਿੱਚ ਹਨ।ਦੇਸ਼ ਦੀ 17.5 ਫੀਸਦੀ ਜਨਸੰਖਿਆ ਭਾਵ 21 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ।ਇੱਕ ਅੰਦਾਜੇ ਮੁਤਾਬਕ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਜ਼ਿਆਦਾ ਭੁੱਖਮਰੀ ਹੈ।

ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਚੋਂ 34 ਫੀਸਦੀ ਬੱਚੇ ਭਾਰਤ ਵਿੱਚ ਹਨ।ਯੂਨੀਸੈੱਫ ਦੀ ਤਾਜਾ ਰਿਪੋਰਟ ਅਨੁਸਾਰ 42 ਫੀਸਦੀ ਬੱਚੇ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ।ਹੰਗਰ ਇਨਡੈਕਸ ਵਿੱਚ ਭਾਰਤ 63ਵੇਂ ਸਥਾਨ ‘ਤੇ ਹੈ।ਸ੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਕ੍ਰਮਵਾਰ 43, 57, 58ਵੇਂ ਸਥਾਨ ‘ਤੇ ਹਨ।ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ 19ਵੇਂ ਸਥਾਨ ਤੇ ਹੈ।

ਗਰੀਬੀ, ਭੁੱਖਮਰੀ ਤੋਂ ਤੰਗ ਆਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੋ ਜਾਦੇ ਹਨ ਜੋ ਉਨ੍ਹਾਂ ਨੂੰ ਲੋਕਾਂ ਦਾ ਗੁਲਾਮ ਬਣਾਉਦਾ ਹੈ।ਗਲੋਬਲ ਸਲੇਵਰੀ ਇੰਡੈਕਸ 2016 ਅਨੁਸਾਰ ਵਿਸ਼ਵ ‘ਚ 4 ਕਰੋੜ 50 ਲੱਖ ਗੁਲਾਮ ਹਨ।ਦੁਨੀਆਂ ਦੇ 167 ਦੇਸ਼ਾਂ ਵਿੱਚ ਭਾਰਤ ਨੂੰ ਸਭ ਤੋਂ ਵੱਧ ਗੁਲਾਮਾਂ ਵਾਲਾ ਦੇਸ਼ ਐਲਾਨਿਆ ਹੈ।ਭਾਰਤ ਵਿੱਚ 1.83 ਕਰੋੜ 50 ਹਜ਼ਾਰ ਲੋਕ ਗੁਲਾਮ ਹਨ।ਇਹ ਦੇਸ਼ ਦੀ ਕੁੱਲ ਅਬਾਦੀ ਦਾ 1.4 ਫੀਸਦੀ ਹੈ।ਦਾਸ ਪ੍ਰਥਾ ਨੂੰ ਖਤਮ ਕਰਨ ਲਈ ਐਕਟ 1976 ਹੋਂਦ ਵਿੱਚ ਆਇਆ।ਧਾਰਮਿਕਤਾ ਹੋਣ ਦੇ ਬਾਵਜੂਦ ਗਰੀਬ ਲੋਕ ਭੁੱਖ, ਗਰਮੀ ਸਰਦੀ, ਇਲਾਜ ਤੋਂ ਬਿਨਾਂ ਮਰਨ ਲਈ ਮਜਬੂਰ ਹਨ।ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਜ਼ਰ ਨਹੀਂ ਆਉਦਾ।ਗਰੀਬੀ ਮਿਟਾਉਣ ਦੇ ਨਾਅਰੇ ਲਗਾਉਣ ਵਾਲੇ ਖੁਦ ਮਿਟ ਗਏ ਪਰ ਇਸ ਦੈਂਤ ਨੂੰ ਨਹੀਂ ਮਾਰ ਸਕੇ।ਦੇਸ਼ ਅੰਦਰ ਇੱਕ ਪਾਸੇ ਲੋਕ ਜ਼ਿਆਦਾ ਖਾਣ ਕਰਕੇ ਮੋਟਾਪਾ ਅਤੇ ਇਸਤੋਂ ਪੈਦਾ ਹੁੰਦੀਆਂ ਬੀਮਾਰੀਆਂ ਤੋਂ ਪ੍ਰੇਸ਼ਾਨ ਹਨ।ਇਸਦੇ ਇਲਾਜ ਲਈ ਕਸਰਤ ਜਾਂ ਹੋਰ ਤਰੀਕੇ ਅਪਣਾਉਦੇ ਹਨ।ਦੂਜੇ ਪਾਸੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਸੀਬ ਨਹੀਂ ਹੁੰਦਾ।ਦੇਸ਼ ਅੰਦਰ ਇਹ ਬੜੀ ਹਾਸੋਹੀਣੀ ਸਥਿਤੀ ਹੈ ਗਰੀਬੀ ਰੂਪੀ ਡਾਇਣ ਗਰੀਬ ਬੱਚਿਆਂ ਦੀ ਪੜ੍ਹਾਈ ਸ਼ਰੇਆਮ ਨਿਗਲ ਰਹੀ ਹੈ ਤੇ ਉਹ ਸੁਪਨੇ ਮਾਰ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਜਿਸਦਾ ਗਵਾਹ ਰੋਜ ਦੀਆਂ ਨਸ਼ਰ ਹੁੰਦੀਆਂ ਖਬਰਾਂ ਹਨ।ਸਾਡੇ ਅਮੀਰ ਤੇ ਹਮਦਰਦ ਲੋਕਾਂ ਦੀ ਜੁੱਅਰਤ ਨਹੀਂ ਪੈਂਦੀ ਕਿ ਗਰੀਬ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਦਿਵਾ ਸਕਣ।

ਦੇਸ਼ ਦੇ ਲੋਕਾਂ ਦੀ ਗਰੀਬੀ ਦੀ ਭਿਆਨਕ ਤਸਵੀਰ ਸਭ ਦੇ ਸਾਹਮਣੇ ਹੈ ਤੇ ਅੰਕੜੇ ਵੀ ਬੜੀ ਖੌਫਨਾਕ ਦਾਸਤਾਨ ਪੇਸ਼ ਕਰਦੇ ਹਨ ਪਰ ਯੋਜਨਾ ਕਮਿਸ਼ਨ ਦੇ ਅੰਕੜੇ ਗਰੀਬੀ ਦੇ ਘਟਾਅ ਨੂੰ ਪੇਸ਼ ਕਰਦੇ ਹਨ।ਜੁਲਾਈ 2013 ਦੇ ਅੰਕੜਿਆਂ 2004-05 ਵਿੱਚ ਦੇਸ਼ ਵਿੱਚ 37 ਫੀਸਦੀ ਗਰੀਬੀ ਸੀ ਜੋ ਸੰਨ 2011-12 ਵਿੱਚ 22 ਫੀਸਦੀ ਰਹਿ ਗਈ ਹੈ।ਇਹ ਅੰਕੜੇ ਭਾਂਵੇ ਗਰੀਬੀ ਦੇ ਘਟਾਅ ਨੂੰ ਦਰਸਾਉਦੇ ਹਨ ਪਰ ਕੁਰਸੀਆਂ ‘ਤੇ ਕਾਬਜ ਲੋਕ ਹੁਣ ਤਾਂ ਮੰਨ ਲੈਣ ਕਿ ਦੇਸ਼ ‘ਚ ਅਜੇ ਵੀ ਗਰੀਬੀ ਭਿਆਨਕ ਰੂਪ ਵਿੱਚ ਤਾਂਡਵ ਕਰ ਰਹੀ ਹੈ।ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨੀਤੀਆਂ ਅਜੇ ਵੀ ਲੋਕ ਪੱਖੀ ਨਹੀਂ ਹਨ। ਅਰਥਸ਼ਾਸ਼ਤਰੀ ਦੇਸ਼ ਵਿੱਚ ਗਰੀਬੀ ਦਾ ਵੱਡਾ ਕਾਰਨ 60 ਫੀਸਦੀ ਅਬਾਦੀ ਦਾ ਕੇਵਲ ਖੇਤੀ ‘ਤੇ ਨਿਰਭਰ ਹੋਣਾ ਮੰਨਦੇ ਹਨ।ਖੇਤੀ ਇੱਕ ਅਜਿਹਾ ਖੇਤਰ ਹੈ ਜਿਥੇ ਸਭ ਤੋਂ ਜ਼ਿਆਦਾ ਵਸੋ ਸਭ ਤੋਂ ਘੱਟ ਆਮਦਨ ਨਾਲ ਗੁਜਾਰਾ ਕਰ ਰਹੀ ਹੈ।ਮਾਹਿਰਾਂ ਅਨੁਸਾਰ ਖੇਤੀਬਾੜੀ ਵਿਕਾਸ ਦਰ 4.8 ਫੀਸਦੀ ਤੋਂ ਘਟ ਕੇ 2 ਫੀਸਦੀ ਰਹਿ ਗਈ ਹੈ।ਖੇਤੀਬਾੜੀ ਦਾ ਜੀ.ਡੀ.ਪੀ. ਵਿੱਚ ਯੋਗਦਾਨ ਕੇਵਲ 11 ਫੀਸਦੀ ਹੈ ਜੋ ਨਿਰੰਤਰ ਘਟਦਾ ਜਾ ਰਿਹਾ ਹੈ।ਵਿਸ਼ਵ ਬੈਂਕ ਦੇ ਪ੍ਰਧਾਨ ਜਿਮ ਯਾਂਗ ਕਿਮ ਅਨੁਸਾਰ ਵਿਸ਼ਵ ਬੈਂਕ ਸੰਨ 2030 ਤੱਕ ਸੰਸਾਰ ਵਿੱਚੋਂ ਗਰੀਬੀ ਖਤਮ ਕਰਨ ਲਈ ਕੰਮ ਕਰ ਰਹੀ ਹੈ।ਵਿਸ਼ਵ ਦੇ 40 ਫੀਸਦੀ ਜ਼ਿਆਦਾ ਗਰੀਬ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬੀਮਾ ਤੇ ਹੋਰ ਸੁਵਿਧਾਵਾਂ ਦੇ ਜਰੀਏ ਉੱਚਾ ਚੁੱਕਣ ਲਈ ਸਾਰੇ ਦੇਸ਼ਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਗਰੀਬੀ ਸੱਚਮੁੱਚ ਮਨੁੱਖਤਾ ਲਈ ਸਰਾਪ ਹੈ। ਇਸ ਨਾਲ ਲੋਕਾਂ ਦੀ ਆਰਥਿਕ ਸਮਾਜਿਕ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ।ਇਸਨੂੰ ਦੂਰ ਕਰਨ ਲਈ ਲੋਕਾਂ ਨੂੰ ਲਾਜ਼ਮੀ ਸਿੱਖਿਆ ਪ੍ਰਾਪਤੀ, ਜਾਗਰੂਕਤਾ ਅਤੇ ਸਖਤ ਮਿਹਨਤ ਜਰੂਰੀ ਹੈ। ਸਰਕਾਰਾਂ ਵੀ ਸੰਜੀਦਗੀ ਦਿਖਾਉਣ ਕੇਵਲ ਅੰਕੜਿਆਂ ਦੀ ਸਿਆਸਤ ਨਾਂ ਕਰਨ ਬਲਕਿ ਨੀਤੀਆਂ ‘ਚ ਤਬਦੀਲੀ ਕਰਕੇ ਈਮਾਨਦਾਰੀ ਨਾਲ ਲਾਗੂ ਕਰਨ।ਨੀਤੀਆਂ ਏ.ਸੀ. ਕਮਰਿਆਂ ਵਿੱਚ ਬੈਠ ਕੇ ਬਣਾਉਣ ਦੀ ਜਗ੍ਹਾ ਲੋਕਾਂ ਨੂੰ ਮਿਲ ਕੇ ਬਣਾਈਆਂ ਜਾਣ।ਗਰੀਬਾਂ ਲਈ ਕੁੱਲੀ, ਗੁੱਲੀ, ਜੁੱਲੀ ਤੇ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ।ਦਾਨ ਦੇ ਮਹੱਤਵ ਨੂੰ ਸਮਝਦੇ ਹੋਏ ਸਮਾਜ ਇਸ ਪਾਸੇ ਲਾਮਬੰਦ ਹੋਵੇ ਗਰੀਬਾਂ ਲਈ ਕੁਝ ਚੰਗਾ ਕੀਤਾ ਜਾਵੇ।ਉਨ੍ਹਾਂ ਨੂੰ ਗਰੀਬੀ ਰੂਪੀ ਸਰਾਪ ਤੋਂ ਮੁਕਤ ਕਰਵਾਉਣ ਲਈ ਹਰ ਸੰਭਵ ਯਤਨ ਹੋਣੇ ਚਾਹੀਦੇ ਹਨ।ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਗਰੀਬੀ ਨੂੰ ਕਿਸਮਤ ਦੀ ਖੇਡ ਨਾਂ ਸਮਝ ਕੇ ਇਸਨੂੰ ਦੂਰ ਕਰਨ ਲਈ ਜਾਗਰੂਕਤਾ ਨਾਲ ਸਖਤ ਮਿਹਨਤ ਦਾ ਪੱਲਾ ਫੜਨਾ ਚਾਹੀਦਾ ਹੈ।ਰੁਜਗਾਰ ਦੇ ਮੌਕੇ ਵੱਧ ਤੋਂ ਵੱਧ ਪੈਦਾ ਕੀਤੇ ਜਾਣ।ਸਵਾਮੀ ਅਗਨੀਵੇਸ਼ ਨੇ ਸ. ਭਗਤ ਸਿੰਘ ਦਾ ਹਵਾਲਾ ਦਿੰਦੇ ਹੋਏ ਇੱਕ ਵਾਰ ਕਿਹਾ ਸੀ “ਜਦੋਂ ਮਕਾਨ ਬਣਾਉਣ ਵਾਲਿਆਂ ਦੇ ਮਕਾਨ ਬਣ ਜਾਣਗੇ ਤਾਂ ਸਮਝਣਾ ਕਿ ਗਰੀਬੀ ਦੂਰ ਹੋ ਗਈ ਹੈ ਇਸ ਤੋਂ ਪਹਿਲਾਂ ਨਹੀਂ”।ਵਾਕਿਆ ਹੀ ਇਹ ਪੈਮਾਨਾ ਬੜਾ ਕਾਰਗਰ ਸਿੱਧ ਹੋਵੇਗਾ ਅਗਰ ਸਰਕਾਰਾਂ, ਸਮਾਜ ਦੀ ਇੱਛਾ ਸਕਤੀ ਦ੍ਰਿੜ ਹੋਵੇ ਤਾਂ ਲਾਜ਼ਮੀ ਹੀ ਲੋਕ ਗਰੀਬੀ ਤੋਂ ਨਿਜ਼ਾਤ ਪਾ ਸਕਦੇ ਹਨ।

(ਲੇਖਕ ਮੈਡੀਕਲ ਦੇ ਵਿਦਿਆਰਥੀ ਹਨ)
ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ