ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਦੇ 103 ਦੇਸ਼ਾਂ ਦੇ 3000 ਸ਼ਹਿਰਾਂ ਤੋਂ ਪ੍ਰਾਪਤ ਅੰਕੜਿਆਂ ‘ਤੇ ਅਧਾਰਿਤ ਨਸ਼ਰ ਰਿਪੋਰਟ ਵਿੱਚ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਖੰਨਾ, ਅੰਮ੍ਰਿਤਸਰ ਅਤੇ ਗੋਬਿੰਦਗੜ ਨੂੰ ਦੁਨੀਆਂ ਦੇ ਸਭ ਤੋਂ ਵੱਧ ਹਵਾ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਕ੍ਰਮਵਾਰ 12, 16, 21 ਅਤੇ 22 ਵੇਂ ਸਥਾਨ ‘ਤੇ ਰੱਖਿਆ ਗਿਆ ਹੈ।ਹਾਲਾਂਕਿ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਈ ਹੈ।ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਥਾਨ 11ਵਾਂ ਹੈ ਜਦਕਿ ਸੰਨ 2014 ‘ਚ ਦਿੱਲੀ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ ਅਤੇ ਵਿਸ਼ਵ ਦੇ 20 ਪ੍ਰਦੂਸ਼ਿਤ ਸਹਿਰਾਂ ‘ਚ ਭਾਰਤ ਦੇ 13 ਸ਼ਹਿਰ ਸ਼ਾਮਿਲ ਸਨ।ਦੇਸ਼ ਦੇ ਹੋਰ ਸ਼ਹਿਰ ਗਵਾਲੀਅਰ(2),ਅਲਾਹਾਬਾਦ(3),ਪਟਨਾ(6),ਰਾਏਪੁਰ(7) ਆਦਿ ਵੱਖ ਵੱਖ ਸਥਾਨਾਂ ‘ਤੇ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ੁਮਾਰ ਹਨ।ਈਰਾਨ ਦਾ ਜ਼ਾਬੋਲ ਸ਼ਹਿਰ ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਹੈ। ਯੂਰਪ ਅਤੇ ਅਮਰੀਕਾ ‘ਚ ਪ੍ਰਦੁਸ਼ਣ ਦੇ ਘਟਾਅ ਨੂੰ ਦਰਸਾਇਆ ਗਿਆ ਹੈ।ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਆਲਮੀ ਪ੍ਰਦੂਸਣ ‘ਚ ਹਰ ਸਾਲ 10 ਫੀਸਦੀ ਵਾਧਾ ਹੋ ਰਿਹਾ ਹੈ।ਵਿਸ਼ਵ ਦੀ 80 ਫੀਸਦੀ ਸ਼ਹਿਰੀ ਅਬਾਦੀ ਗੰਦੀ ਹਵਾ ‘ਚ ਸਾਹ ਲੈਂਦੀ ਹੈ। ਹਵਾ ਪ੍ਰਦੂਸ਼ਣ ਦੇ ਕਾਰਨ ਦੁਨੀਆਂ ‘ਚ ਹਰ ਸਾਲ 70 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ।
ਪ੍ਰਦੂਸ਼ਣ ਦੀ ਇਸ ਵਿਸ਼ਵ ਵਿਆਪੀ ਸਮੱਸਿਆ ਨੇ ਵਾਤਾਵਰਨ ਪ੍ਰੇਮੀਆਂ ਅਤੇ ਚਿੰਤਕਾਂ ਨੂੰ ਗਹਿਰੀ ਚਿੰਤਾ ਨਾਲ ਲੱਦ ਦਿੱਤਾ ਹੈ।ਜੀਵਾਂ , ਬਨਸਪਤੀ ਦੀ ਹੋਂਦ ਨੂੰ ਚੁਣੌਤੀ ਦਿੱਤੀ ਹੈ।ਹਰੀ ਕ੍ਰਾਂਤੀ ਨੇ ਦੇਸ਼ ਨੂੰ ਭੁੱਖਮਰੀ ਤੋ ਕੱਢਣ ਦਾ ਜ਼ਬਰਦਸਤ ਉਪਰਾਲਾ ਕੀਤਾ ਹੈ, ਇਸ ਤੋਂ ਬਾਅਦ ਅਨਾਜ ਦਾ ਰਿਕਾਰਡ ਤੋੜ ਉਤਪਾਦਨ ਹੋਇਆ, ਜਿਸਨੇ ਕਰੋੜਾਂ ਲੋਕਾਂ ਦੀ ਭੁੱਖ ਨੂੰ ਸ਼ਾਂਤ ਕੀਤਾ।