Thu, 21 November 2024
Your Visitor Number :-   7254128
SuhisaverSuhisaver Suhisaver

ਗੋਲ ਮੋਰੀ ਤੇ ਚੌਰਸ ਕਿੱਲਾ -ਜੋਗਿੰਦਰ ਬਾਠ ਹੌਲੈਂਡ

Posted on:- 12-07-2016

suhisaver

ਪਿਛਲੇ ਦਿਨੀਂ ਯੋਰਪੀਅਨ ਕਮਿਸ਼ਨ ਦੇ ਚੇਅਰਮੈਨ ਮਿਸਟਰ ਜੋਸ ਮਾਨੂਅਲ ਬਰਾਸੋ ਨੇ ਯੂਨੀਅਨ ਦੇ ਇਜਲਾਸ ਵਿੱਚ ਆਪਣਾ ਭਾਸ਼ਨ ਸੁਰੂ ਕਰਦਿਆਂ ਯੋਰਪੀਅਨ ਯੂਨੀਅਨ ਨੂੰ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀਆਂ ਦੀ ਤਰਜ਼ ਤੇ ‘ਸਟੇਟ ਔਫ ਦਾ ਯੂਨੀਅਨ’ ਕਹਿ ਕੇ ਆਪਣੀ ਤਕਰੀਰ ਸ਼ੁਰੂ ਕੀਤੀ। ਉਸ ਦੇ ਭਾਸ਼ਣ ਦੀ ਰੌਂਅ ਤੋਂ ਇੳਂ ਮਹਿਸੂਸ ਹੁੰਦਾ ਸੀ, ਜਿਸ ਤਰ੍ਹਾਂ ਉਹ ਸਾਰੇ ਯੋਰਪੀਅਨ ਲੋਕਾਂ ਦਾ ਵੋਟਾਂ ਪਾ ਕੇ ਬਰਾਕ ਉਬਾਮਾ ਵਾਂਗੂ ਚੁਣਿਆ ਹੋਇਆ ਰਾਸ਼ਟਰਪਤੀ ਹੋਵੇ ?

ਇਸ ਅਮਰੀਕੀ ਨਕਲ ਤੇ ਸ਼ੋਹਦੇਪਣ ਨੂੰ ਉਥੇ ਬੈਠੇ ਬਹੁਤ ਸਾਰੇ ਦੇਸ਼ਾਂ ਦੇ ਆਪੋ ਆਪਣੇ ਦੇਸ਼ਾਂ ਵਿੱਚੋਂ ਚੁਣ ਕੇ ਯੋਰਪੀਅਨ ਪਾਰਲੀਮੈਂਟ ਲਈ ਘੱਲੇ ਪਾਰਲੀਮੈਂਟ ਮੈਂਬਰਾਂ ਨੇ ਬਹੁਤ ਹੀ ਹੈਰਾਨੀ ਅਤੇ ਸ਼ਿੱਦਤ ਨਾਲ ਮਹਿਸ਼ੂਸ ਕੀਤਾ, ਅੱਗੋਂ ਯੋਰਪੀਅਨ ਯੂਨੀਅਨ ਦੀ ਪਾਰਲੀਮੈਂਟ ਦਾ ਅੱਧਾ ਹਾਲ ਖਾਲੀ ਵੇਖ ਕੇ ਬਰਾਸੋ ਨੇ ਪਾਰਲੀਮੈਂਟ ਦੇ ਡਸਿਪਲਨ ਅਤੇ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਗੈਰ-ਹਾਜ਼ਰ ਮੈਂਬਰਾਂ ਨੂੰ ਜ਼਼ੁਰਮਾਨੇ ਕਰਨ ਦੀ ਤਜ਼ਵੀਜ ਰੱਖ ਦਿੱਤੀ। ਜਿਸ ਤੇ ਹੌਲੈਂਡ ਦੀ ਗਰੀਨ ਪਾਰਟੀ ਦੇ ਪਾਰਲੀਮੈਂਟ ਮੈਂਬਰ ਮਿਸਟਰ ਅਇਕਨਹਾਉਟ ਨੇ ਇੳਂ ਟਿੱਪਣੀ ਕੀਤੀ “ ਇਹ ਤਾਂ ਉਹ ਗੱਲ ਹੋਈ ਜਿਸ ਤਰ੍ਹਾਂ ਅਸੀਂ ਕਿਸੇ ਪਰਾਇਮਰੀ ਸਕੂਲ ਦੇ ਨਾ ਸਮਝ ਬੱਚੇ ਹੋਈਏ, ਨਾ ਕਿ ਆਪਣੇ ਦੇਸ਼ ਦੇ ਲੋਕਾਂ ਵੱਲੋਂ ਚੁਣੇ ਹੋਏ ਨੁੰਮਾਇਦੇ?

ਅਸਲ ਵਿੱਚ ‘ਪੁਰਤਗਾਲ’ ਦੇ ਇਸ ਚਰਵੰਜਾਂ ਸਾਲੇ ਪੁਰਾਣੇ ਕਾਮਰੇਡ ਅਤੇ ਦੂਜੀ ਵਾਰ ਚੁਣੇ ਗਏ ਯੌਰਪੀਅਨ ਕਮਿਸ਼ਨ ਦੇ ਚੇਅਰਮੈਨ ਜਨਾਬ ਬਰਾਸੋ ਅਤੇ ਉਸ ਦੇ ਛੱਬੀ ਹੋਰ ਜੋੜੀਦਾਰਾਂ ਨੂੰ ਯੋਰਪੀਅਨ ਯੂਨੀਅਨ ਦੇ ਡਸਿਪਲਿਨ ਅਤੇ ਵਕਾਰ ਦਾ ਡਾਹਢਾ ਫਿਕਰ ਹੈ। ਹਾਲਾਂਕਿ ਆਪੋ ਆਪਣੇ ਦੇਸ਼ਾਂ ਦੇ ਮਸਲਿਆਂ ਉੱਪਰ ਉਹ ਇੱਕ ਦੂਜੇ ਖਿ਼ਲਾਫ ਖੂਬ ਕਰਾਰੀਆਂ ਟਿੱਪਣੀਆਂ ਕਰਦੇ ਹਨ ਤੇ ਆਪੋ ਵਿੱਚੀ ਚੁੰਝ ਪਹੁੰਚੇ ਵੀ ਅੜਾਉਂਦੇ ਰਹਿੰਦੇ ਹਨ। ਉਹ ਆਪਣੇ ਜਾਣੇ ਸਾਰੀ ਦੁਨੀਆਂ ਲਈ ਇੱਕ ਰੋਲ ਮਾਡਲ ਬਣਨਾ ਚਾਹੁੰਦੇ ਹਨ। ਬਰਾਸੋ ਦਾ ਇੰਜ ਵਿਹਾਰ ਸਿਰਫ ਅਮਰੀਕਾ ਦੀ ਨਕਲ ਮਾਤਰ ਹੀ ਹੈ ਕਨੂੰਨੀ ਤੌਰ ਤੇ ਯੋਰਪੀਅਨ ਕਮਿਸ਼ਨ ਅਤੇ ਇਸ ਦਾ ਪ੍ਰਧਾਨ ਸਿਰਫ਼ ਵਿਖਾਵੇ ਲਈ ਚਿੱਟੇ ਹਾਥੀ ਹੀ ਹਨ ਅਸਲੀ ਤਾਕਤ ਤਾਂ ਸਤਾਈ ਮੈਂਬਰ ਦੇਸ਼ਾਂ ਦੀਆਂ ਸਰਕਾਰਾਂ ਕੋਲ ਹੀ ਹੈ। ਬਰਾਸੋ ਦੀ ਤਾਕਤ ਦਾ ਘੇਰਾ ਵੀ ਇਹ ਸਰਕਾਰਾਂ ਹੀ ਨਿਸ਼ਚਤ ਕਰਦੀਆਂ ਹਨ। ਪਿਛਲੇ ਸ਼ੈਸ਼ਨ ਵਿੱਚ ‘ਸਟਰਾਸਬਰਗ’ ਵਿੱਚ ਯੁਨੀਅਨ ਦੇ ਮਂੈਬਰ ਦੇਸ਼ਾਂ ਦੇ ਨੁੰਮਾਇਦਿਆਂ ਵਿੱਚ ਇਹ ਕਾਨਾਫੂਸੀ ਚਲਦੀ ਰਹੀ ਸੀ ਜੇਕਰ ਅਗੇ ਭਵਿਸ਼ ਵਿੱਚ ਏਸੇ ਤਰ੍ਹਾਂ ਹੀ ਮੰਦੀ ਦਾ ਭੂਤ ਯੋਰਪ ਤੇ ਮੰਡਰਾਂਉਦਾ ਰਿਹਾ ਤਾ ਯੂਨੀਅਨ ਦੇ ਇਕੱਠ ਉੱਪਰ ਹੀ ਸਵਾਲੀਆਂ ਨਿਸ਼ਾਨ ਲੱਗ ਜਾਵੇਗਾ। 

ਯੋਰਪੀਅਨ ਯੂਨੀਅਨ ਦੇ ਸਤਾਈ ਦੇਸ਼ਾਂ ਦੇ ਲੀਡਰਾਂ ਦੇ ਵੀ ਤਕਰੀਬਨ ਤਿੰਨ ਧੜੇ ਬਣੇ ਪਏ ਹਨ। ‘ਪੀ ਆਈ ਜੀ ਐਸ’ ਮਤਲਬ ਪੁਰਤਗਾਲ, ਆਇਰਲੈਂਡ, ਗਰੀਸ ਅਤੇ ਸਪੇਨ। ਇਸ ਗਰੁਪ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਯੁਨੀਅਨ ਨੇ ਮੀਲੀਆਰਡਨ ਯੂਰੋ ਅਜੇ ਤਾਜ਼ੇ ਹੀ ਝੋਕੇ ਹਨ। ਇੱਕ ਗਰੁੱਪ ਸਾਬਕਾ ਕੌਮਨਿਸ਼ਟ ਮੁਲਕਾਂ, ਜੋ ਨਵੇਂ ਨਵੇਂ ਹੀ ਯੁਨੀਅਨ ਦੇ ਮੈਂਬਰ ਬਣੇ ਹਨ, ਦਾ ਬਣਦਾ ਫਿਰਦਾ ਹੈ। ਇਹ ਦੇਸ਼ ਇਸ ਮੰਦੇ ਦੀ ਮਾਰ ਝੱਲਣ ਲਈ ਇੱਕ ਵੱਖਰੇ ਆਰਥਿਕ ਪੈਕਿਟ ਮੰਗ ਕਰ ਚੁੱਕੇ ਹਨ। ਅਸਲ ਵਿੱਚ ਜਿਆਦਾ ਭਾਰ ਅਮੀਰ ਮੈਂਬਰ ਦੇਸ਼ਾਂ ਜਰਮਨੀ, ਫਰਾਂਸ, ਹੌਲੈਂਡ, ਬੈਲਜੀਅਮ, ਇੰਗਲੈਂਡ ਉੱਪਰ ਹੀ ਪੈ ਰਿਹਾ ਹੈ। 

ਪਿਛਲੇ ਅਕਤੂਬਰ ਵਿੱਚ ਜਰਮਨੀ ਦੀ ਚਾਂਸਲਰ ਇੰਗੇ ਮੈਰਕਲ ਅਤੇ ਫਰਾਂਸ ਦੇ ਪ੍ਰਧਾਨ ਨਿਕੋਲਸ ਸਰਕੋਜੀ ਨੇ ਡੀਫਾਲਟਰ ਮੈਂਬਰ ਦੇਸ਼ਾ ਦਾ ਸਿ਼ਕੰਜਾਂ ਕੱਸਣ ਲਈ ਆਪਸ ਵਿੱਚ ਇੱਕ ਸਮਝੌਤਾ ਕੀਤਾ ਹੈ ਜਿਸ ਨੂੰ ਟਿੱਚਰ ਨਾਲ ‘ਮਰਕੋਜੀ’ ਸਮਝੌਤਾ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਯੂਨੀਅਨ ਦੇ ਆਰਥਿਕ ਪੱਖੋ ਤੱਕੜੇ ਅਤੇ ਮਾੜੇ ਮੈਂਬਰਾਂ ਵਿੱਚ ਪਾੜਾ ਦਿਨੋ ਦਿਨ ਵੱਧਦਾ ਹੀ ਜਾਂਦਾ ਹੈ। ਮਾੜੇ ਭਰਾ ਪਾਰਲੀਮੈਂਟ ਦੀਆਂ ਬਹਿਸਾਂ ਵਿੱਚ ਘੱਟ ਹੀ ਹਾਜ਼ਰੀ ਲਵਾ ਰਹੇ ਹਨ ਤੇ ਜਿਹੜੇ ਆਉਂਦੇ ਹਨ ਉਹ ਬਹਿਸਾਂ ਵਿੱਚ ਸਿਰਫ ਸਰੀਰਕ ਪੱਖੋਂ ਹੀ ਹਾਜ਼ਰ ਹੁੰਦੇ ਹਨ ਨਾ ਕਿ ਦਿਮਾਗ ਪੱਖੋਂ। ਉਹ ਬੈਠੈ ਉਬਾਸੀਆਂ ਮਾਰਦੇ ਰਹਿੰਦੇ ਹਨ ਤੇ ‘ਮਰਕੋਜੀ’ ਹੋਣਾ ਵੱਲੋਂ ਲਏ ਫੈਸਲਿਆਂ ਉੱਪਰ ਘੁੱਗੀ ਮਾਰ ਤੇ ਬਿੱਲ ਪਾ ਕੇ ਆਪੋ ਆਪਣੇ ਮੁਲਕਾਂ ਨੂੰ ਉੱਡ ਜਾਂਦੇ ਹਨ। 

ਇਸ ਮੰਦਵਾੜੇ ਨੇ ਮਾੜੇ ਅਤੇ ਤੱਕੜੇ ਦੇਸ਼ਾਂ ਦੇ ਮੈਂਬਰਾਂ ਵਿੱਚ ਹੋਰ ਵੀ ਸਪੱਸ਼ਟ ਲ਼ਕੀਰ ਖਿੱਚ ਦਿੱਤੀ ਹੈ। ਯੋਰਪੀਅਨ ਯੂਨੀਅਨ ਦੀ ਸਾਂਝ ਉੱਪਰ ਮੈਂਬਰ ਦੇਸ਼ਾਂ ਦੇ ਨਾਗਿਰਕ ਵੀ ਕੋਈ ਬਹੁਤਾ ਵਿਸ਼ਵਾਸ ਨਹੀਂ ਕਰਦੇ, ਲੋਕ ਆਪਣੇ ਆਪ ਨੂੰ ਆਪਣੇ ਦੇਸਾਂ ਦੇ ਸਿਆਸੀ ਲੀਡਰਾਂ ਅਤੇ ਸਰਮਾਏਦਾਰਾਂ ਵੱਲੋਂ ਅਣਭੋਲ ਹੀ ਬਗੈਰ ਪੁੱਛਿਉਂ ਯੂਨੀਅਨ ਨੂੰ ਵੇਚਿਆ ਮਹਿਸ਼ੂਸ ਕਰਦੇ ਹਨ। ਜੇ ਯੂਨੀਅਨ ਦੇ ਸੰਖੇਪ ਜਿਹੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਇਹ ਸਹਿਜੇ ਹੀ ਅਹਿਸਾਸ ਹੋ ਜਾਂਦਾ ਹੈ ਕਿ ਇਹ ਯੂਨੀਅਨ ਆਮ ਯੋਰਪ ਦੇ ਲੋਕਾਂ ਵੱਲੋ ਆਪਣੀ ਮਰਜ਼ੀ ਨਾਲ ਕੀਤਾ ਗਿਆ ਇਕੱਠ ਨਹੀਂ ਸੀ ਸਗੋ ਇਹ ਯੋਰਪ ਦੇ ਛੇ ਸਨਅਤੀ ਦੇਸ਼ਾਂ ਦੇ ਕੋਲੇ ਅਤੇ ਲੋਹੇ ਦੇ ਵਪਾਰੀਆਂ ਵਲੋਂ ਆਪਣੀ ਸੌਖ ਲਈ ਕੀਤਾ ਗਿਆ ਇੱਕ ਖਾਲਸ ਆਰਥਿਕ ਗੱਠ-ਜੋੜ ਸੀ। ਇਸ ਦਾ ਮੁੱਢ 1950 ਵਿੱਚ ਪੈਰਿਸ ਸੰਧੀ ਤੋਂ ਬੱਝਾ ਸੀ। 

1958 ਵਿੱਚ ਇਟਲੀ ਦੀ ਰਾਜਧਾਨੀ ਰੋਮ ਵਿੱਚ ਛੇ ਦੇਸ਼ਾਂ ਦੇ ਵਪਾਰੀਆਂ ਨੇ ‘ਈਸਟ ਇੰਡੀਆਂ ਕੰਪਨੀ’ ਦੀ ਤਰਜ਼ ਤੇ ਇੱਕ ਆਰਥਿਕ ਸਮਝੌਤਾ ਕੀਤਾ, ਜੋ ‘ਰੋਮ ਸਮਝੌਤੇ’ ਦੇ ਨਾਂ ਨਾਲ ਜਾਣਿਆ ਜਾਦਾ ਹੈ। ਉਸ ਤੋ ਬਾਅਦ ਲਗਾਤਾਰ ਇਸ ਸੰਘ ਦੀਆਂ ਨੀਤੀਆਂ ਵਿੱਚ ਲੋੜ ਮੁਤਾਬਕ ਪਰੀਵਰਤਨ ਹੁੰਦੇ ਰਹੇ ਤੇੇ ਇਸ ਦੇ ਮੈਂਬਰ ਦੇਸ਼ਾਂ ਦੀ ਗਿਣਤੀ ਵਿੱਚ ਵੀ ਬੜੌਤਰੀ ਹੁੰਦੀ ਗਈ। 1993 ਵਿੱਚ ਹੌਲੈਂਡ ਦੇ ਸ਼ਹਿਰ ‘ਮਾਸਤਰਿਕ’ ਦੀ ਸੰਧੀ ਦੁਆਰਾ ਇਸ ਦੀ ਅੱਜ ਦੇ ਅਧੁਨਿਕ ਵਿਧਾਨ ਦੀ ਨੀਂਹ ਰੱਖੀ ਗਈ ਤੇ 1997 ਵਿੱਚ ਪੁਰਤਗਾਲ ਦੇ ਸ਼ਹਿਰ ‘ਲਿਸਾਬੋਨ’ ਦੀ ਸੰਧੀ ਮੁਤਾਬਕ ਇਸ ਦੇ ਵਿਧਾਨ ਨੂੰ ਮਾਨਤਾ ਦੇ ਦਿੱਤੀ ਗਈ ਅਤੇ ਮੈਂਬਰ ਦੇਸ਼ਾਂ ਦੇ ਖਲਕਤ ਉੱਪਰ ਲਾਗੂ ਕਰ ਦਿੱਤਾ ਗਿਆ। ਹੁਣ ਤੱਕ ਲਗਾਤਾਰ ਯੂਨੀਅਨ ਦੇ ਹੱਕ ਵਿੱਚ ਧੂੰਆਧਾਰ ਪਰਚਾਰ ਕਰਨ ਦੇ ਬਾਵਜੂਦ ਵੀ ਮੈਂਬਰ ਦੇਸ਼ਾ ਦੇ ਇਕਵੰਜਾਂ ਪਰਸੈਂਟ ਨਾਗਰਿਕ ਅੱਜ ਵੀ ਯੋਰਪੀਅਨ ਯੂਨੀਅਨ ਦੇ ਇਕੱਠ ਦੇ ਖਿਲਾਫ਼ ਹਨ ਅਤੇ ਉਨੰਜਾ ਪਰਸੈਂਟ ਹੱਕ ਵਿੱਚ ਹਨ। ਵੱਖੋ ਵੱਖ ਦੇਸ਼ਾਂ ਦੇ ਬਹੁਤੇ ਲੋਕ ਇਹ ਮਹਿਸ਼ੂਸ ਕਰਦੇ ਹਨ ਕਿ ਇਹ ਗੱਠ-ਜੋੜ ਉਨ੍ਹਾਂ ਦੇ ਦੇਸ਼ਾ ਦੀ ਪ੍ਰਭੂਸੱਤਾ ਲਈ ਚੰਗਾ ਸ਼ਗਨ ਨਹੀਂ ਹੈ। ਉਹ ਅਜੇ ਵੀ ਇੱਕ ਸਾਂਝੀ ਸੋਚ ਯੂਨੀਅਨ ਦੇ ਹੱਕ ਵਿੱਚ ਨਹੀਂ ਬਣਾ ਸਕੇ। 

ਬਹੁਤਾ ਯਕੀਨ ਉਹ ਆਪਣੀਆਂ ਸਰਕਾਰਾਂ ਉੱਪਰ ਹੀ ਕਰਦੇ ਹਨ ਇਸੇ ਕਰਕੇ ਪਿਛਲੀਆਂ ਯੋਰਪੀਅਨ ਯੁਨੀਅਨ ਦੀਆਂ ਚੋਣਾਂ ਅਤੇ ਸਾਂਝੀਆਂ ਅੰਤਰਰਾਸ਼ਟ੍ਰੀ ਸਿਆਸੀ ਪਾਰਟੀਆਂ ਵਿੱਚ ਲੋਕਾਂ ਘੱਟ ਹੀ ਉੱਤਸ਼ਾਹ ਵਿਖਾਇਆ ਸੀ, ਸਿਰਫ ਚਾਲੀ ਪਰਸ਼ੈਟ ਲੋਕ ਹੀ ਵੋਟਾਂ ਪਾਉਣ ਗਏ ਸਨ। ਆਪੋ ਆਪਣੇ ਦੇਸ਼ਾਂ ਦੀਆਂ ਚੋਣਾ ਵਿੱਚ ਇਹ ਬੈਰੋਮੀਟਰ ਅੱਸੀ ਤੋਂ ਨੱਬੇ ਪਰਸ਼ੈਟ ਤੱਕ ਪਹੁੰਚ ਜਾਂਦਾ ਹੈ। ਪਿਛਲੀਆਂ ਯੂਨੀਅਨ ਦੀਆਂ ਚੋਣਾਂ ਵਿੱਚ ਬਹੁਤ ਸਾਰੇ ਉਮੀਦਵਾਰ ਜਿੱਤੇ ਵੀ ਉਹੋ ਸਨ ਜੋ ਮੂਲ ਰਾਸ਼ਟਰ ਵਾਦੀ ਸਨ ਤੇ ਯੂਨੀਅਨ ਦੇ ਇੱਕਠ ਦੇ ਖਿ਼ਲਾਫ ਸਨ। ਵੱਖ ਵੱਖ ਦੇਸ਼ਾਂ ਦੇ ਲੋਕ ਇਹ ਭੈਅ ਮਹਿਸੂਸ ਕਰਦੇ ਹਨ ਕਿ ਇਹ ‘ਈ ਯੂ’ ਨਾ ਦਾ ਵੱਡਾ ਦੈਂਤ ਉਹਨਾਂ ਦੇ ਸਭਿਆਚਾਰਾਂ ਦੀਆਂ ਵਿਲੱਖਣਤਾਵਾਂ, ਰਸਮੋ ਰਿਵਾਜਾਂ ,ਬੋਲੀ ਅਤੇ ਕਦਰਾਂ ਕੀਮਤਾਂ ਨੂੰ ਨਿਗਲ ਜਾਵੇਗਾ। ਉਹ ਅਜੇ ਵੀ ਦੂਰ ਦੇ ਰਿਸ਼ਤੇਦਾਰ ਨਾਲੋ ਨੇੜ੍ਹੇ ਦੇ ਗਵਾਂਢੀ ਵਿੱਚ ਜਿ਼ਆਦਾ ਵਿਸ਼ਵਾਸ਼ ਕਰਦੇ ਹਨ। ਉਨ੍ਹਾਂ ਲਈ ‘ਦਿੱਲੀ ਦੂਰ ਹੈ’ ਦੇ ਮੁਹਾਵਰੇ ਵਾਂਗ ‘ਬਰਸਲ’ ਅਜੇ ਬਹੁਤ ਦੂਰ ਹੈ।

27 ਦੇਸ਼ਾਂ ਦੇ ਵੱਖ ਵੱਖ ਬੋਲੀਆਂ ਅਤੇ ਭਾਂਤ ਭਾਂਤ ਦੇ ਵੱਖੋ ਵੱਖ ਸਭਿਆਚਾਰਾਂ ਵਾਲੇ ਲੋਕਾਂ ਲਈ ‘ਈ ਯੂ’ ਪਾਰਲੀਮੈਂਟ ਦੀ ਸਿੱਧੀ ‘ਤੇ ਪਾਰਦਰਸ਼ੀ ਕਾਰਵਾਈ ਵਿਖਾਉਣ ਲਈ 6500 ਟੈਲੀਵਿਯਨ ਚੈਨਲ ਹਨ। ਹਜ਼ਾਰਾਂ ਹੀ ਰੇਡੀੳ ਸ਼ਟੇਸ਼ਨ ਨਾਲੋ ਨਾਲ ਤਰਜ਼ਮਾ ਕਰਕੇ ਅਪੋ ਆਪਣੇ ਮੁਲਕਾਂ ਦੇ ਲੋਕਾਂ ਨੂੰ ਜਾਣਕਾਰੀ ਮੁਹੱਈਆਂ ਕਰਵਾ ਰਹੇ ਹਨ। ਟਨਾਂ ਦੇ ਟਨ ਕਾਗਜ਼ ਨਾਲੋ ਨਾਲ ਉਲਥਾਉਣੇ ਪੈਂਦੇ ਹਨ। ਔਨ ਲਾਇਨ ਇੰਟਰਨੈਟ ਉੱਪਰ ਨਾਲੋ ਨਾਲ ਦੁਭਾਸ਼ੀਏ ਤੇਜ਼ੀ ਨਾਲ ਉਂਗਲਾਂ ਕੀ-ਬੋਰਡਾਂ ਉੱਪਰ ਟਪਾਈ ਜਾਂਦੇ ਹਨ, ਪਰੰਤੂ ਫਿਰ ਵੀ ਬਹੁਤ ਸਾਰੇ ਸ਼ੰਕੇ, ਮੱਤਭੇਤ ਅਤੇ ਅਣ-ਸੁਲਝੇ ਸਵਾਲ ਰਹਿ ਜਾਂਦੇ ਹਨ। ਇੱਕ ਭਾਸ਼ਾ, ਇੱਕ ਕੌਮ, ਇੱਕ ਕਲਚਰ ਦੇ ਧਾਗੇ ਵਿੱਚ ਸਾਰੇ ਯੋਰਪ ਨੂੰ ਪਰੋਣ ਲਈ ਸ਼ਾਇਦ ਅਜੇ ਸੌ ਸਾਲ ਹੋਰ ਚਾਹੀਦਾ ਹੈ ਬਰਸ਼ਤੇ ਕਿ ਯੂਨੀਅਨ ਉਦੋਂ ਤੱਕ ਸਹੀ ਸਲਾਮਤ ਰਹੇ ?। ਭਵਿਖ ਦਾ ਊਠ ਕਿਸ ਕਰਵਟ ਬੈਠਦਾ ਹੈ ਇਸ ਦਾ ਕਿਆਫ਼ਾ ਕੋਈ ਵੀ ਨਹੀਂ ਲਾ ਸਕਦਾ। ਪਿਛਲੀ ਸਦੀ ਵਿੱਚ ਸੋਵੀਅਤ ਸੰਘ ਦੇ ਟੁੱਟਣ ਦੀ ਮਿਸਾਲ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਕੇ ਰੱਖ ਦਿੱਤਾ ਸੀ। 

ਵੇਖਣ ਵਾਲਿਆਂ ਲਈ ਅਜੀਬ ਮੰਜ਼ਰ ਸੀ ਇਹ, ਇੱਕ ਪਾਸੇ ਤਾਂ ਸੋਵੀਅਤ ਯੂਨੀਅਨ ਖੇਰੂੰ ਖੇਰੂੰ ਹੋ ਰਹੀ ਸੀ ਤੇ ਦੂਜੇ ਪਾਸੇ ਦੋ ਹਿੱਸਿਆਂ ਵਿੱਚ ਵੰਡਿਆ ਜਰਮਨੀ ਲੋਹੇ ਦੇ ਪਰਦੇ ਲੰਗਾਰ ਕੇ ਤੇ ਕੰਧਾਂ ਢਾਹ ਕੇ ਇਕੱਠਾ ਹੋ ਰਿਹਾ ਸੀ। ਸੰਸਾਰ ਇਨਕਲਾਬ ਦਾ ਸੁਪਨਾ ਲੈ ਕੇ ਚੱਲਿਆ ਸੋ਼ਸ਼ਲਿਸਟ-ਕੈਂਪ ਸੱਤਰ ਸਾਲ ਬਾਅਦ ਵੀ ਰੇਤ ਦਾ ਮਹਿਲ ਹੀ ਸਾਬਤ ਹੋਇਆ ਸੀ ਤੇ ਦੁਨੀਆਂ ਭਰ ਦੇ ਮਜ਼ਦੂਰਾਂ ਦੇ ਬਰਾਬਰਤਾ ਵਾਲੇ ਸੁਫ਼ਨੇ ਇਸ ਦੇ ਮਲਬੇ ਥੱਲੇ ਦੱਬੇ ਗਏ ਸਨ। ਇੱਕ ਸਿੱਕੇ, ਖੁੱਲ੍ਹੇ ਵਪਾਰ ਅਤੇ ਬਾਡਰਾਂ ਤੋਂ ਕੰਟਰੋਲ ਚੁੱਕ ਦੇਣ ਨਾਲ ਹੀ ਤਾਂ ਸਾਰੀ ਗੱਲ ਬਣ ਨਹੀਂ ਜਾਣੀ। ਐਨੇ ਸਾਲਾਂ ਬਾਅਦ ਬਾਹਰਲੀ ਦੁਨੀਆਂ ਨੂੰ ਵੀ ਇਸ ਸੰਘ ਬਾਰੇ ਅਜੇ ਬਹੁਤ ਹੀ ਘੱਟ ਜਾਣਕਾਰੀ ਹੈ। ਹੋਰ ਤਾਂ ਹੋਰ ਸਾਬਕਾ ਅਮਰੀਕੀ ਪ੍ਰਧਾਨ ਜੌਰਜ ਡਬਲਯੂ ਬੁਸ਼ ਦੀ ਜਾਣਕਾਰੀ ਯੋਰਪ ਬਾਰੇ ਕਿੰਨੀ ਹਾਸੋਹੀਣੀ ਅਤੇ ਜ਼ਹਿਨੀ ਗ਼ਰੀਬੀ ਦੀ ਹੱਦ ਤੱਕ ਹੈ, ਮਿਸਾਲ ਦੇ ਤੌਰ ਤੇ ਜੌਰਜ ਬੁਸ਼ ਦੀ ਜੂੰਡੀ ਦਾ ਯਾਰ ਬਰਤਾਨੀਆਂ ਦਾ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਆਪਣੀ ਆਟੋਗਰਾਫੀ ਵਿੱਚ ਇਉਂ ਲਿਖਦਾ ਹੈ। “ਜੌਰਜ ਬੁਸ਼ ਬੈਲਜੀਅਮ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਿਸਟਰ ਗੋਇ ਫਿਰਹੋਫਸਟੱਡ ਨੂੰ ਬਿਲਕੁਲ ਹੀ ਜਾਣਦਾ ਪਹਿਚਾਣਦਾ ਨਹੀਂ ਸੀ। ਇੱਕ ਮਿਲਣੀ ਦੋਰਾਣ ਮੈਂ ਪ੍ਰਧਾਨ ਮੰਤਰੀ ਮਿਸਟਰ ਗੋਇ ਦੀ ਜਾਣ ਪਹਿਚਾਣ ਬੁਸ਼ ਨਾਲ ਕਰਵਾਈ ਤੇ ਨਾਲ ਇਹ ਵੇਰਵਾ ਵੀ ਦਿੱਤਾ ਕਿ ਬੈਲਜ਼ੀਅਮ ਅੱਜ ਕੱਲ੍ਹ ਸਾਡੀ ਸਾਂਝੀ ਯੁਨੀਅਨ ਦਾ ਚੇਅਰਮੈਨ ਹੈ। ਬੁਸ਼ ਨੇ ਹੈਰਾਨ ਹੋ ਕਿਹਾ ਸੀ “ਕੀ ਤੁਸੀ ਹੁਣ ਬੈਲਜੀਅਮ, ਯੋਰਪ ਨੂੰ ਚਲਾਉਣ ਵਾਸਤੇ ਚੁਣ ਲਿਆ ਹੈ ?

ਅਜੇ ਤਾਂ ਯੂਨੀਅਨ ਨੂੰ ਸੰਸਾਰ ਦੇ ਨਾਗਰਿਕਾਂ ਦੇ ਸਿਰਾਂ ਵਿੱਚ ਹੀ ਪੱਕਾ ਥਾਂ ਬਣਾਉਣ ਲਈ ਕਾਫੀ ਵਕਤ ਲਗੇਗਾ। ਵੱਖ ਵੱਖ ਦੇਸ਼ਾਂ ਦੇ ਨਾਂ ਤਾਂ ਸੰਸਾਰ ਦੇ ਬਾਸ਼ਿੰਦੇ ਜਾਣਦੇ ਹਨ ਪਰੰਤੂ ਯੋਰਪੀਅਨ ਯੂਨੀਅਨ ਕੀ ਬਲਾ ਹੈ ਇਹ ਅਜੇ ਅੱਧੀ ਦੁਨੀਆਂ ਨੂੰ ਇਲਮ ਨਹੀਂ ਹੈ। ਯੂ ਡੀ ਐਸ ਐਸ ਆਰ (ਪੁਰਾਣਾ ਸੋਵੀਅਤ ਸੰਘ) ਯੂ ਕੇ, ਯੂ ਐਸ ਏ, ਇਥੋਂ ਤੱਕ ‘ਯੂ ਏ ਈ’ ਤੱਕ ਦੇ ਨਾਂ ਨੂੰ ਦੁਨੀਆਂ ਦੇ ਬਹੁਤੇ ਲੋਕ ਜਾਣਦੇ ਹਨ ਪਰ ‘ਈ ਯੂ’ ਕਿਸ ਚੀਜ਼ ਦਾ ਨਾਂ ਹੈ ਇਸ ਨੂੰ ਸੰਸਾਰ ਭਾਈਚਾਰੇ ਵਿੱਚ ਮਸ਼ਹੂਰ ਹੁੰਦਿਆਂ ਅਜੇ ਵਕਤ ਲੱਗੇਗਾ ਨਾ ਕਿ ਜੋਸ ਮਾਨੂਅਲ ਬਰਾਸੋ ਦੇ ਬਰਾਕ ਉਬਾਮਾ ਦੀ ਤਰਜ਼ ਤੇ ‘ਈ ਯੂ’ ਨੂੰ ‘ਸਟੇਟ ਔਫ ਦਾ ਯੂਨੀਅਨ’ ਕਹਿਣ ਨਾਲ ਹੀ ਗੱਲ ਬਣ ਜਾਵੇਗੀ ।

ਸਿਆਣੇ ਬੁਧੀਜੀਵੀ ਅਤੇ ਯੋਰਪ ਦੇ ਸਿਆਸੀ ਮੱਸ ਰੱਖਣ ਵਾਲੇ ਲੋਕ ਯੂਨੀਅਨ ਦੇ ਭਵਿੱਖ ਨੂੰ ਅਜੇ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਹਨ। ਅਮਰੀਕਾਂ ਦਾ ਇੱਕ ਸਿਆਸੀ ਸਿਆਣਾ ਮਿਸਟਰ ‘ਚਾਰਲਸ ਕੁਪਸਨ’ ਤਾਂ ਯੂਨੀਅਨ ਦੇ ਇੱਕਠ ਨੂੰ ਹੁਣੇ ਹੀ ਮੜ੍ਹੀਆਂ ਦੇ ਰਾਹ ਪਿਆ ਗਰਦਾਨ ਰਿਹਾ ਹੈ। ਉਸ ਦਾ ਮੱਤ ਹੈ ਪਿਛਲੇ ਪੰਝਤਰ ਸਾਲਾਂ ਤੋਂ ਸਭ ਤੋਂ ਭਿਆਨਕ ਆਰਥਿਕ ਮੰਦਵਾੜਾ ਜੇ ਇਉਂ ਹੀ ਚਲਦਾ ਗਿਆ ਤਾਂ ਇਹ ਯੂਨੀਅਨ ਦੇ ਇਕੱਠ ਨੂੰ ਪਿਛਲਖੁਰੀਂ ਤੋਰ ਦੇਵੇਗਾ। ਲੋਕਾਂ ਦੀ ਮਰਜ਼ੀ ਤੋਂ ਬਿਨਾਂ ਕੀਤਾ ਗਿਆ ਇਹ ‘ਈ ਯੂ’ ਅਰਥਾਤ ਯੋਰਪੀਅਨ ਯੂਨੀਅਨ ਵਾਲਾ ਇਕੱਠ ਹਾਲ ਦੀ ਘੜੀ ਤਾਂ ‘ਗੋਲ ਮੋਰੀ ਵਿੱਚ ਚੌਰਸ ਕਿੱਲਾ ਠੋਕਣ’ ਵਾਲਾ ਤਜ਼ਰਬਾ ਤੇ ਅਭਿਆਸ ਹੀ ਸਾਬਤ ਹੋ ਰਿਹਾ ਜਾਪਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ