ਆਖ਼ਰ ਕਿਵੇਂ ਬਚੇ ਜਵਾਨੀ ਤੰਬਾਕੂ ਦੇ ਕੈਂਸਰ ਤੋਂ - ਰਵਿੰਦਰ ਸ਼ਰਮਾ
Posted on:- 12-07-2016
ਜ਼ਿੰਦਗੀ ਮਿਲਦੀ ਹੈ, ਕਿਸਮਤ ਨਾਲ ਪਰ ਖ਼ਤਮ ਹੁੰਦਿਆਂ ਪਲ ਨਹੀਂ ਲੱਗਦਾ। ਖੁਸ਼ਹਾਲ ਜ਼ਿੰਦਗੀ ਤੇ ਸੁੰਦਰ ਸਰੀਰ ਪਰਮਾਤਮਾ ਦੀ ਦੇਣ ਹੈ, ਇਸ ਨੂੰ ਗੁਆਉਣਾ ਕੋਈ ਸਿਆਣਪ ਦੀ ਗੱਲ ਨਹੀਂ ਹੁੰਦੀ। ਕੁਝ ਲੋਕ ਕੁਦਰਤ ਵੱਲੋਂ ਬਖ਼ਸ਼ੇ ਗਏ ਸੁੰਦਰ ਸਰੀਰ ਰੂਪੀ ਤੋਹਫ਼ੇ ਨੂੰ ਸ਼ਰਾਬ, ਤੰਬਾਕੂ, ਚਰਸ, ਹੈਰੋਇਨ ਵਰਗੇ ਭਿਆਨਕ ਨਸ਼ਿਆਂ ਦੇ ਆਦੀ ਹੋ ਕੇ ਗੁਆ ਬੈਠਦੇ ਹਨ। ਆਪਣੀ ਸਰੀਰਕ ਸੁੰਦਰਤਾ ਦੀ ਸੰਭਾਲ ਕਰਨਾ ਇਨਸਾਨ ਦੀ ਖੁਦ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਅਕਸਰ ਬਹੁਤ ਸਾਰੇ ਲੋਕ ਨਸ਼ਿਆਂ ਦੇ ਆਦੀ ਹੋ ਕੇ ਆਪਣੀ ਸ਼ਕਲ ਨੂੰ ਬਦਸੂਰਤ ਕਰ ਬੈਠਦੇ ਹਨ। ਜ਼ਿੰਦਗੀ ਤੇ ਸ਼ਕਲ ਨੂੰ ਬਦਸੂਰਤ ਬਣਾਉਣ ਵਾਲਾ ਇਹ ਨਸ਼ਾ ਰੂਪੀ ਕੋਹੜ ਵਿਸ਼ਵ ਭਰ ’ਚ ਲੱਖਾਂ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਖ਼ਤਮ ਕਰ ਰਿਹਾ ਹੈ। ਕਹਿੰਦੇ ਹਨ ਕਿਸੇ ਰਾਸ਼ਟਰ ਨੂੰ ਕਮਜ਼ੋਰ ਕਰਨ ਲਈ ਉਸ ਵਿੱਚ ਨਸ਼ੇ ਦਾ ਪ੍ਰਸਾਰ ਕਰ ਦਿਓ ਬਹੁਤੇ ਹਥਿਆਰਾਂ ਦੀ ਲੋੜ ਨਹੀਂ ਹੁੰਦੀ। ਇਹ ਗੱਲ ਸੱਚ ਹੈ ਕਿਉਕਿ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਪੀੜ੍ਹੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਨੌਜਵਾਨ ਪੀੜ੍ਹੀ ਹੀ ਨਸ਼ਿਆਂ ਦੀ ਹਨ੍ਹੇਰੀ ’ਚ ਵਹਿ ਤੁਰੇਗੀ ਤਾਂ ਰਾਸ਼ਟਰ ਨੂੰ ਬਚਾਉਣ ਵਾਲਾ ਕੌਣ ਬਚੇਗਾ।
ਤੰਬਾਕੂ ਕਾਰਨ ਵਿਸ਼ਵ ਭਰ ਦੇ ਲੋਕਾਂ ’ਤੇ ਪੈ ਰਹੇ ਬੁਰੇ ਪ੍ਰਭਾਵ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਨੇ ਸਾਲ 1988 ਨੂੰ 31 ਮਈ ਦਾ ਦਿਨ ਸੰਸਾਰ ਭਰ ’ਚ ਤੰਬਾਕੂ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਸਾਲ 2008 ’ਚ ਵਿਸ਼ਵ ਸਿਹਤ ਸੰਗਠਨ ਨੇ ਸਾਰੇ ਤੰਬਾਕੂ ਇਸ਼ਤਿਹਾਰਾਂ ਤੇ ਪ੍ਰਮੋਸ਼ਨ ਆਦਿ ’ਤੇ ਬੈਨ ਲਾਉਣ ਦੀ ਅਪੀਲ ਕੀਤੀ ਸੀ ਫਿਰ ਐਕਟ ਬਣਾਇਆ ਗਿਆ ਫਿਲਮ, ਟੀਵੀ ਸ਼ੋਅ ਆਦਿ ’ਚ ਤੰਬਾਕੂਨੋਸ਼ੀ ਦਾ ਸੀਨ ਆਵੇ ਤਾਂ ਮੋਟੇ ਅੱਖਰਾਂ ’ਚ ਸਕਰੀਨ ’ਤੇ ‘ਤੰਬਾਕੂਨੋਸ਼ੀ ਸਿਹਤ ਲਈ ਹਾਨੀਕਾਰਕ ਹੈ’ ਲਿਖਿਆ ਜਾਵੇ।
ਤੰਬਾਕੂ ਦੇ ਪੈਕੇਟਾਂ ’ਤੇ ਚਿਤਾਵਨੀ ਦੇ ਨਾਲ-ਨਾਲ ਚਿੰਨ੍ਹ ਵੀ ਛਾਪਿਆ ਜਾਵੇ। ਇਸ ਚਿੰਨ੍ਹ ਦਾ ਆਕਾਰ ਹਰ ਸਾਲ ਵਧਾਇਆ ਜਾਂਦਾ ਹੈ ਫਿਰ ਵੀ ਇਸ ਦੀ ਪਰਵਾਹ ਆਮ ਜਨਤਾ ਨਹੀਂ ਕਰਦੀ। ਤੰਬਾਕੂਨੋਸ਼ੀ ਕਰਨ ਵਾਲੇ ਸਿਰਫ਼ ਐਨਾ ਸੋਚ ਲੈਣ ਕਿ ਜੋ ਚਿਤਾਵਨੀ ਵਾਲੀ ਤਸਵੀਰ ਤੰਬਾਕੂ ਵਾਲੇ ਪੈਕੇਟ ’ਤੇ ਛਪੀ ਹੁੰਦੀ ਹੈ। ਉਨ੍ਹਾਂ ਦੀ ਅੰਦਰੂਨੀ ਹਾਲਤ ਇਸੇ ਤਰ੍ਹਾਂ ਹੋਣ ਵਾਲੀ ਹੈ ਤਾਂ ਹੋ ਸਕਦੈ ਉਹ ਇਸ ਲਾਹਨਤ ਤੋਂ ਥੋੜ੍ਹਾ ਪਰਹੇਜ ਕਰਨ ਇਸੇ ਤਰ੍ਹਾਂ ਸਰਕਾਰ ਨੇ ਤੰਬਾਕੂ ਦੀ ਵਿੱਕਰੀ ’ਤੇ ਰੋਕ ਲਾਉਣ ਦੀ ਬਜਾਇ ਇਸ ਦੀ ਵਿੱਕਰੀ ਕਰਨ ਲਈ ਉਮਰ ਹੱਦ ਤੈਅ ਕਰ ਦਿੱਤੀ। ਬੱਚੇ ਤੰਬਾਕੂ ਨਾ ਵੇਚਣ ਇਹ ਸੋਚ ਤਾਂ ਚੰਗੀ ਹੈ, ਸਗੋਂ ਇਸ ਦੇ ਨਾਲ ਇਹ ਵੀ ਹੋਣਾ ਚਾਹੀਦਾ ਹੈ ਕਿ ਤੰਬਾਕੂ ਵਿਕੇ ਹੀ ਨਾ, ਕਿਸੇ ਵੀ ਉਮਰ ਵਰਗ ਦਾ ਵਿਅਕਤੀ ਤੰਬਾਕੂ ਨਾ ਵੇਚ ਸਕੇ ਕਈ ਸੂਬਾ ਸਰਕਾਰਾਂ ਨੇ ਤੰਬਾਕੂ ’ਤੇ ਪਾਬੰਦੀ ਲਾਉਣ ਦੀ ਪਹਿਲ ਕੀਤੀ ਹੈ, ਪਰ ਇਹ ਪਾਬੰਦੀ ਸਹੀ ਢੰਗ ਨਾਲ ਲਾਗੂ ਨਹੀਂ ਹੋ ਸਕੀ।
ਤੰਬਾਕੂ ਨਾ ਸਿਰਫ਼ ਜ਼ਿੰਦਗੀ ਤਬਾਹ ਕਰਦਾ ਹੈ, ਸਗੋਂ ਜਿਸ ਅੰਦਾਜ਼ ’ਚ ਇਹ ਜ਼ਿੰਦਗੀ ਨੂੰ ਖ਼ਤਮ ਕਰਦਾ ਹੈ ਉਹ ਬਹੁਤ ਹੀ ਤਰਸਯੋਗ ਅਤੇ ਦਰਦਨਾਕ ਹੁੰਦਾ ਹੈ। ਮੂੰਹ, ਗਲ, ਜਬ੍ਹਾੜਿਆਂ ਅਤੇ ਪੇਟ ਦਾ ਕੈਂਸਰ ਇਸੇ ਤੰਬਾਕੂ ਦੀ ਦੇਣ ਹੁੰਦੀ ਹੈ ਤੰਬਾਕੂ ਦਾ ਸੇਵਨ ਕਰਨਾ ਇੱਕ ਅਜਿਹੇ ਦੋਸਤ ਵਾਂਗ ਹੈ, ਜੋ ਇਸ ਦਾ ਸੇਵਨ ਕਰਨ ਵਾਲੇ ਦਾ ਪੈਸਾ ਵੀ ਖਾਂਦਾ ਹੈ ਅਤੇ ਸਮਾਂ ਆਉਣ ’ਤੇ ਦੋਸਤ ਦਾ ਸਾਥ ਦੇਣ ਦੀ ਬਜਾਇ ਉਸ ਦਾ ਹੀ ਕਤਲ ਕਰ ਦਿੰਦਾ ਹੈ ਤਾਂ ਅਜਿਹੇ ਦੁਸ਼ਮਣ ਰੂਪੀ ਦੋਸਤ ਨਾਲ ਦੋਸਤੀ ਕੀ ਕਰਨੀ।
ਅੰਕੜਿਆਂ ਦੀ ਮੰਨੀਏ ਤਾਂ ਦੁਨੀਆਂ ਭਰ ’ਚ ਹਰ ਸਾਲ 50 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਤੰਬਾਕੂ ਤੋਂ ਪੈਦਾ ਹੋਈਆਂ ਬਿਮਾਰੀਆਂ ਨਾਲ ਹੁੰਦੀ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਸਿਗਰਟਨੋਸ਼ੀ ਨਾਲ ਉਸ ਨੂੰ ਕਿੰਨਾ ਨੁਕਸਾਨ ਝੱਲਣਾ ਪੈ ਸਕਦਾ ਹੈ। ਤੰਬਾਕੂ ਦੇ ਸੇਵਨ ਨਾਲ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਦਿਲ ਦੇ ਰੋਗ, ਸਟ੍ਰੋਕ, ਅਲਸਰ, ਦਮਾ, ਡਿਪ੍ਰੈਸ਼ਨ ਆਦਿ ਭਿਆਨਕ ਬਿਮਾਰੀਆਂ ਵੀ ਹੋ ਸਕਦੀਆਂ ਹਨ। ਐਨਾ ਹੀ ਨਹੀਂ ਤੰਬਾਕੂ ਦਾ ਸੇਵਨ ਕਰਨ ਵਾਲੀਆਂ ਔਰਤਾਂ ’ਚ ਬੱਚਾ ਪੈਦਾ ਕਰਨ ਦੀ ਸਮਰੱਥਾ ਖ਼ਤਮ ਹੋ ਸਕਦੀ ਹੈ ਜਾਂ ਬੱਚਾ ਅਪੰਗ ਪੈਦਾ ਹੋ ਸਕਦਾ ਹੈ। ਤੰਬਾਕੂਨੋਸ਼ੀ ਕਰਨ ਵਾਲੇ ਆਪਣੇ ਸਰੀਰ ਦਾ ਨੁਕਸਾਨ ਦਾ ਕਰਦੇ ਹੀ ਹਨ ਨਾਲ ਹੀ ਸੈਕਿੰਡ ਹੈਂਡ ਸਮੋਕਰ ਵੀ ਤਿਆਰ ਕਰਦੇ ਹਨ। ਸੈਕਿੰਡ ਹੈਂਡ ਸਮੋਕਰ ਉਨ੍ਹਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਤੰਬਾਕੂਨੋਸ਼ੀ ਕਰਨ ਵਾਲਿਆਂ ਨਾਲ ਮਜ਼ਬੂਰੀ ਵੱਸ ਵਿਚਰਨਾ ਪੈਂਦਾ ਹੈ। ਜਨਤਕ ਜਗ੍ਹਾ ’ਤੇ ਕੀਤੀ ਗਈ ਸਿਗਰਟਨੋਸ਼ੀ ਉੱਥੇ ਖੜ੍ਹੇ ਲਗਭਗ ਸਾਰੇ ਲੋਕਾਂ ਦੀ ਸਾਹ ਪ੍ਰਣਾਲੀ ’ਤੇ ਅਸਰ ਪਾਉਂਦੀ ਹੈ ਪਰਿਵਾਰ ’ਚੋਂ ਇੱਕ ਵਿਅਕਤੀ ਸਿਗਰਟਨੋਸ਼ੀ ਕਰਦਾ ਹੈ ਤਾਂ ਉਸ ਦੇ ਸਾਰੇ ਪਰਿਵਾਰ ਦੀ ਸਿਹਤ ’ਤੇ ਤੰਬਾਕੂ ਦੇ ਧੂੰਏਂ ਦਾ ਅਸਰ ਹੁੰਦਾ ਹੈ। ਤੰਬਾਕੂ ਚਬਾਉਣ ਵਾਲੇ ਲੋਕ ਨਾਲ ਖੜ੍ਹੇ ਜਾਂ ਬੈਠੇ ਲੋਕਾਂ ਦਾ ਥੁੱਕਾਂ ਸੁੱਟ-ਸੁੱਟ ਕੇ ਬੁਰਾ ਹਾਲ ਕਰ ਦਿੰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਨਸ਼ਾ ਰਹਿਤ ਵਿਅਕਤੀ ਕੋਲ ਕੀਤੀ ਗਈ ਸਿਗਰਟਨੋਸ਼ੀ ਉਸ ਦੇ ਦਿਲ ਅਤੇ ਫੇਫੜਿਆਂ ’ਤੇ ਅਸਰ ਪਾਉਂਦੀ ਹੈ।
ਤੰਬਾਕੂ ਦਾ ਧੂੰਆਂ ਇਨਸਾਨੀ ਸਰੀਰਾਂ ਦੇ ਨਾਲ-ਨਾਲ ਉਜੋਨ ਪਰਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ। ਉਜੋਨ ਪਰਤ ਜੋ ਪਰਾਵੈਂਗਨੀ ਕਿਰਨਾਂ ਨੂੰ ਧਰਤੀ ’ਤੇ ਆਉਣ ਤੋਂ ਰੋਕ ਕੇ ਧਰਤੀ ਦੇ ਮਿੱਤਰ ਦਾ ਕੰਮ ਕਰਦੀ ਹੈ। ਸਿਗਰਟਾਂ ਤੇ ਬੀੜੀਆਂ ’ਚੋਂ ਨਿੱਕਲਿਆ ਧੂੰਆਂ ਉਸ ’ਚ ਛੇਕ ਕਰ ਰਿਹਾ ਹੈ ਭਾਰਤ ’ਚ ਵੀ ਤੰਬਾਕੂ ਨਾਲ ਜੁੜੀਆਂ ਬਿਮਾਰੀਆਂ ਵੱਡੀ ਗਿਣਤੀ ’ਚ ਫੈਲੀਆਂ ਹੋਈਆਂ ਹਨ ਉਂਝ ਤਾਂ ਭਾਰਤ ਸਰਕਾਰ ਨੇ ਤੰਬਾਕੂ ਵਿਰੋਧੀ ਕਾਨੂੰਨ ਬਣਾਇਆ ਹੋਇਆ ਹੈ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ’ਤੇ ਪ੍ਰਸ਼ਾਸਨ ਸਖਤੀ ਵਰਤਦਾ ਹੈ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦੀ ਤਜਵੀਜ ਵੀ ਹੈ, ਪਰ ਇਸ ਕਾਨੂੰਨ ਦੇ ਅੰਦਰ ਕਿਹੜੀਆਂ-ਕਿਹੜੀਆਂ ਥਾਵਾਂ ਨੂੰ ਲਿਆ ਗਿਆ ਹੈ ਸ਼ਾਇਦ ਕਿਸੇ ਨੂੰ ਨਹੀਂ ਪਤਾ ਲੋਕ ਬੇਝਿਜਕ ਤੇ ਨਿਡਰ ਹੋ ਕੇ ਆਮ ਹੀ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹਸਪਤਾਲਾਂ ਤੇ ਸਕੂਲਾਂ ਦੀਆਂ ਇਮਾਰਤਾਂ ’ਚ ਸਿਗਰਟਨੋਸ਼ੀ ਕਰਦੇ ਦੇਖੇ ਜਾਂਦੇ ਹਨ। ਸ਼ਾਇਦ ਕਾਨੂੰਨ ਦੀ ਕਮੀ ਤੇ ਕਾਨੂੰਨ ਸਖ਼ਤੀ ਨਾਲ ਲਾਗੂ ਨਾ ਕਰਨਾ ਹੀ ਇਸ ਦਾ ਵੱਡਾ ਕਾਰਨ ਹੈ ਕਿ ਦੇਸ਼ ਵਿੱਚ ਤੰਬਾਕੂ ਨਾਲ ਪੈਦਾ ਹੋਈਆਂ ਬਿਮਾਰੀਆਂ ਦੇ ਮਰੀਜਾਂ ਦੀ ਗਿਣਤੀ ਅੰਬਰ ਵੇਲ ਵਾਂਗ ਵਧਦੀ ਜਾ ਰਹੀ ਹੈ।
ਬੱਸਾਂ ਵਿੱਚ ਸਫ਼ਰ ਕਰਦਿਆਂ ਆਮ ਹੀ ਦੇਖਿਆ ਜਾਂਦਾ ਹੈ ਕਿ ਬੱਸ ਅੰਦਰ ਲਿਖਿਆ ਹੁੰਦਾ ਹੈ ‘ਸਿਗਰਟਨੋਸ਼ੀ ਮਨ੍ਹਾ ਹੈ’ ਪਰ ਉਸੇ ਬੱਸ ਦਾ ਡਰਾਈਵਰ ਸਿਗਰਟਨੋਸ਼ੀ ਕਰ ਰਿਹਾ ਹੁੰਦਾ ਹੈ ਅਤੇ ਕੰਡਕਟਰ ਪਿਛਲੀ ਖਿੜਕੀ ਬੈਠਾ ਤੰਬਾਕੂ ਚੱਬ ਰਿਹਾ ਹੁੰਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਅਸੀਂ ਅਜਿਹੇ ਇਨਸਾਨ ਨੂੰ ਤੰਬਾਕੂਨੋਸ਼ੀ ਕਰਦਿਆਂ ਦੇਖਦੇ ਹਾਂ ਜਿਸ ਬਾਰੇ ਕਦੇ ਅਸੀਂ ਸੋਚਿਆ ਵੀ ਨਹੀਂ ਹੁੰਦਾ।
ਅਜਿਹੇ ਲੋਕਾਂ ’ਚ ਵਿਚਰਦਿਆਂ ਤਰਸ ਆਉਂਦਾ ਹੈ ਸਾਡੇ ਦੇਸ਼ ਦੇ ਕਾਨੂੰਨ ਦੀ ਹਾਲਤ ’ਤੇ ਡਰ ਹੈ ਕਿ ਜੇਕਰ ਹਾਲਾਤ ’ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਕਿਤੇ ਆਉਣ ਵਾਲੇ ਸਾਲਾਂ ’ਚ ਤੰਬਾਕੂ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਨਾ ਵਧ ਜਾਵੇ।
ਲੋੜ ਹੈ ਤੰਬਾਕੂਨੋਸ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਤਾਂ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਰੂਪੀ ਦਲਦਲ ਦੇ ਭਿਆਨਕ ਖੱਡੇ ’ਚ ਜਾਣ ਤੋਂ ਰੋਕਿਆ ਜਾ ਸਕੇ
ਸੰਪਰਕ: +91 94683 34603