ਆਗਾਮੀ ਪੰਜਾਬ ਵਿਧਾਨ ਸਭਾਈ ਚੋਣਾਂ ਦੇ ਨਕਸ਼ - ਹਰਜਿੰਦਰ ਸਿੰਘ ਗੁਲਪੁਰ
Posted on:- 03-07-2016
ਆਗਾਮੀ ਪੰਜਾਬ ਵਿਧਾਨ ਸਭਾਈ ਚੋਣਾਂ ਹੋਣ ਵਿੱਚ ਕੇਵਲ 9 ਕੁ ਮਹੀਨੇ ਦਾ ਸਮਾਂ ਬਚਦਾ ਹੈ।ਇਹ ਪਹਿਲੀ ਵਾਰ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਨੇ ਇਹਨਾਂ ਚੋਣਾਂ ਨਾਲ ਸਬੰਧਤ ਸਰਗਰਮੀਆਂ ਬਹੁਤ ਅਗੇਤੇ ਆਰੰਭ ਕੀਤੀਆਂ ਹੋਈਆਂ ਹਨ।ਸਾਰੀਆਂ ਪਰਟੀਆਂ ਆਪੋ ਆਪਣੇ ਢੰਗ ਤਰੀਕਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਪਰਭਾਵਤ ਕਰਨ ਲਈ ਯਤਨਸ਼ੀਲ ਹਨ। ਅਕਾਲੀ-ਭਾਜਪਾ ਗੱਠਜੋੜ ਭਾਵੇਂ ਇੱਕ ਸੰਤਰੇ ਵਾਂਗ ਦਿਖਾਈ ਦਿੰਦਾ ਹੈ ਲੇਕਿਨ ਫੇਰ ਵੀ ਉਸ ਵਲੋਂ (ਖਾਸ ਕਰਕੇ ਅਕਾਲੀ ਦਲ) ਇਸ ਵਾਰ ਹੈਟ ਟਰਿਕ ਮਾਰਨ ਦੇ ਉਦੇਸ਼ ਨਾਲ ਚੋਣਾਂ ਦੇ ਇਸ ਸਾਲ ਦੌਰਾਨ ਅਨੇਕਾਂ ਲੋਕ ਲਭਾਊ ਸਕੀਮਾਂ ਦੇ ਐਲਾਨ ਕੀਤੇ ਜਾ ਰਹੇ ਹਨ। ਇੱਕ ਪਾਸੇ ਆਖਰੀ ਸਾਲ ਸਿਪਾਹੀ ਭਰਤੀ ਕਰਨ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ, ਦੂਜੇ ਪਾਸੇ ਬਿਨਾਂ ਇਸ਼ਤਿਹਾਰ ਕੀਤੀ ਭਰਤੀ ਦੇ ਸਕੈਂਡਲ ਅਖਬਾਰਾਂ ਦੀਆਂ ਸੁਰਖੀਆਂ ਬਣੇ ਹੋਏ ਹਨ।ਇਸ ਦੇ ਨਾਲ ਹੀ ਸਰਕਾਰ ਅਗੇ ਲੀਹੋਂ ਲੱਥ ਚੁੱਕੇ ਮੁੱਢਲੇ ਢਾੰਚੇ ਨੂੰ ਲੈ ਕੇ ਮੁਸ਼ਕਿਲਾਂ ਦੇ ਪਹਾੜ ਖੜੇ ਹਨ ਅਤੇ ਖੜੇ ਹੋ ਰਹੇ ਹਨ।ਜਿਹਨਾਂ ਨੂੰ ਹੱਲ ਕਰਨ ਲਈ ਸਰਕਾਰ ਕੋਲ ਕੋਈ ਵੀ ਠੋਸ ਨੀਤੀ ਨਹੀਂ ਹੈ।ਉਹ ਹਮੇਸ਼ਾ ਵਾਂਗ ਵਿਹੜੇ ਆਈ ਜੰਨ ਵਿੰਨੋ ਕੁੜੀ ਦੇ ਕੰਨ ਵਾਲੀ ਕਹਾਵਤ ਅਨੁਸਾਰ ਕੰਮ ਕਰ ਰਹੀ ਹੈ।
ਅਸਲ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਪਹਿਲੇ 4 ਸਾਲ ਤੱਕ ਆਮ ਲੋਕਾਂ ਦੀ ਸਾਰ ਨਹੀਂ ਲੈਂਦੀਆਂ, ਕਿਉਂ ਕਿ ਉਹ ਜਾਣਦੀਆਂ ਹਨ ਕਿ ਸਾਡੇ ਦੇਸ਼ ਦੇ ਲੋਕ ਲੰਬਾ ਸਮਾਂ ਕਿਸੇ ਵਰਤਾਰੇ ਨੂੰ ਯਾਦ ਨਹੀਂ ਰੱਖਦੇ।ਇਸ ਲਈ ਉਹਨਾਂ ਦਾ ਯਤਨ ਹੁੰਦਾ ਹੈ ਕਿ ਲੋਕਾਂ ਨੂੰ ਦਿਸਣ ਵਾਲੇ ਵਿਕਾਸ ਦੇ ਕਾਰਜ ਚੋਣ ਵਰੇ ਦੌਰਾਨ ਹੀ ਕੀਤੇ ਜਾਣ।
ਉਹਨਾਂ ਦੀ ਇਹ ਸੋਚ ਕਾਫੀ ਹੱਦ ਤੱਕ ਸਹੀ ਵੀ ਹੈ।ਜੇ ਲੋੜ ਪਵੇ ਤਾਂ ਦੋਵੇਂ ਪਾਰਟੀਆਂ, ਜਜਬਾਤਾਂ ਨਾਲ ਖੇਡਣ ਦੀ ਖੇਡ ਵੀ ਸਿੱਧੇ ਅਸਿੱਧੇ ਢੰਗ ਨਾਲ ਖੇਡਦੀਆਂ ਆ ਰਹੀਆਂ ਹਨ। ਪੰਜਾਬ ਦਾ ਨਵਾਂ ਨਿਵੇਲਾ 'ਨਕਸ਼ਾ' ਬਣਾਉਣ ਦੀ ਥਾਂ ਉਹਨਾਂ ਨੇ ਹੁਣ ਤੱਕ ਚੇਪੀਆਂ ਲਾ ਲਾ ਕੇ ਹੀ ਡੰਗ ਟਪਾਇਆ ਹੈ।ਇਸ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਨੂੰ ਲੋਕ ਮੁੱਦਿਆਂ ਅਤੇ ਸਿਧਾੰਤਕ ਸਿਆਸਤ ਨਾਲ ਕੋਈ ਸਰੋਕਾਰ ਨਹੀਂ ਹੈ।ਕੁਰਸੀ ਦੀ ਖਾਤਰ ਉਹ ਕੋਈ ਪੱਤਾ ਵੀ ਵਰਤ ਸਕਦੀਆਂ ਹਨ।ਇਹਨਾਂ ਪਾਰਟੀਆਂ ਦੀ ਤੰਗ ਦਿਲ ਸਿਆਸਤ ਕਾਰਨ ਖੁਸ਼ਹਾਲ ਪੰਜਾਬ ਬਰਬਾਦੀ ਦੀ ਕਗਾਰ ਤੇ ਪਹੁੰਚ ਗਿਆ ਹੈ।ਸਾਕਾ ਨੀਲਾ ਤਾਰਾ ਇਸੇ ਸੋਚ ਦੀ ਦੇਣ ਸੀ।ਕੁਝ ਮਹੀਨਿਆਂ ਤੋਂ ਪੰਜਾਬ ਅੰਦਰ ਅਨੇਕਾਂ ਮੁੱਦੇ ਉਭਰ ਕੇ ਸਾਹਮਣੇ ਆਏ ਹਨ, ਜਿਹਨਾਂ ਵਿੱਚ ਢੱਡਰੀਆਂ ਵਾਲਾ-ਧੁੰਮਾ ਵਿਵਾਦ, ਗੈਂਗਵਾਰ,ਐਸ ਵਾਈ ਐਲ,ਉਡਤਾ ਪੰਜਾਬ ਅਤੇ ਵਿਧਾਨ ਸਭਾਈ ਚੋਣਾਂ ਵਰਗੇ ਮੁੱਦੇ ਪਰਮੁੱਖ ਹਨ।ਇਹਨਾਂ ਮੁੱਦਿਆਂ ਦੀ ਗਰਦ ਵਿੱਚ ਜਿਹੜਾ ਬਹੁਤ ਹੀ ਮਹੱਤਵ ਪੂਰਨ ਮੁੱਦਾ ਗੁਆਚ ਗਿਆ, ਉਹ ਹੈ ਵਿਧਾਨ ਸਭਾਈ ਚੋਣਾਂ-2017 ਤੋਂ ਪਹਿਲਾਂ ਹੋਣ ਵਾਲਾ ਗੁਰਦਵਾਰਾ ਚੋਣਾਂ ਦਾ ਦੰਗਲ।ਸੰਨ 2011 ਦੌਰਾਨ ਹੋਈ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਚੋਣ ਖਿਲਾਫ ਸਹਿਜਧਾਰੀ ਸਿੱਖਾਂ ਵਲੋਂ ਸੁਪਰੀਮ ਕੋਰਟ ਵਿੱਚ ਕੇਸ ਕਰ ਦਿੱਤੇ ਜਾਣ ਸਦਕਾ ਸੁਪਰੀਮ ਕੋਰਟ ਨੇ ਕਮੇਟੀ ਦੇ ਕੰਮ ਕਾਜ ਉੱਤੇ ਰੋਕ ਲਗਾ ਦਿੱਤੀ ਸੀ।ਸਾਢੇ ਚਾਰ ਸਾਲ ਦੇ ਅਰਸੇ ਬਾਅਦ ਭਾਰਤੀ ਸੰਸਦ ਵਲੋਂ ਸਹਿਜਧਾਰੀਆਂ ਕੋਲੋਂ ਵੋਟ ਦਾ ਅਧਿਕਾਰ ਖੋਹਣ ਦਾ ਕਨੂੰਨ ਪਾਸ ਕਰਨ ਨਾਲ ਕੋਰਟ ਵਿੱਚ ਦਾਇਰ ਕੇਸ ਖੁਦ-ਬ-ਖੁਦ ਖਤਮ ਹੋ ਗਿਆ ਹੈ।ਸੰਨ 2011 ਵਿੱਚ ਕਮੇਟੀ ਦੇ170 ਮੈਂਬਰਾਂ ਦੀ ਚੋਣ ਹੋਣ ਦੇ ਬਾਵਯੂਦ ਹੁਣ ਤਕ (ਸਾਢੇ ਚਾਰ ਸਾਲ) ਇਸ ਨੂੰ ਕੰਮ ਕਰਨ ਦੀ ਕਨੂੰਨੀ ਆਗਿਆ ਨਹੀਂ ਸੀ। ਇਸ ਤਕਨੀਕੀ ਅੜਚਣ ਕਰਕੇ ਹੀ ਬਾਦਲ ਸਾਹਿਬ ਚਾਹੁੰਦਿਆਂ ਹੋਇਆਂ ਵੀ ਮੱਕੜ ਜੀ ਨੂੰ ਪਰਧਾਨਗੀ ਪਦ ਤੋਂ ਲਾਂਭੇ ਨਹੀਂ ਕਰ ਸਕੇ ਸਨ।ਹੁਣ ਕੰਮ ਕਾਜ ਕਰਨ ਦੀ ਆਗਿਆ ਦੇਣ ਵਾਰੇ ਮਹਿਜ ਅਦਾਲਤੀ ਹੁਕਮ ਬਾਕੀ ਰਹਿ ਗਿਆ ਹੈ, ਜਿਸ ਵਾਸਤੇ ਅਗਲੇ ਮਹੀਨੇ ਦੀ ਕੋਈ ਤਰੀਕ ਦਿੱਤੀ ਹੋਈ ਹੈ।ਇਸ ਸਥਿਤੀ ਦੇ ਮੱਦੇ ਨਜ਼ਰ ਸ਼ਰੋਮਣੀ ਅਕਾਲੀ ਦਲ ਨੇ ਅੰਦਰਖਾਤੇ ਕਮੇਟੀ ਉੱਤੇ ਕਬਜ਼ਾ ਬਰਕਰਾਰ ਰੱਖਣ ਦੀ ਵਿਉਂਤਬੰਦੀ ਕਰਨੀ ਆਰੰਭ ਕਰ ਦਿੱਤੀ ਹੈ।ਪਰਾਪਤ ਜਾਣਕਾਰੀ ਅਨੁਸਾਰ ਸੱਭ ਤੋਂ ਪਹਿਲਾਂ ਕਮੇਟੀ ਵਲੋਂ ਅਦਾਲਤ ਨੂੰ ਬੇਨਤੀ ਕੀਤੀ ਜਾਵੇਗੀ ਕਿ ਕਮੇਟੀ ਦੀ ਮਿਆਦ 5 ਸਾਲ ਵਧਾਈ ਜਾਵੇ ਕਿਉਂ ਕਿ ਉਹਨਾਂ ਨੂੰ ਜਿੱਤਣ ਦੇ ਬਾਵਯੂਦ ਕੰਮ ਨਹੀਂ ਕਰਨ ਦਿੱਤਾ ਗਿਆ। ਜੇਕਰ ਅਜਿਹੀ ਬੇਨਤੀ ਸਵੀਕਾਰ ਹੋ ਜਾਂਦੀ ਹੈ ਤਾਂ ਦੋ ਮਹਾਜਾਂ ਵਿੱਚੋਂ ਇੱਕ ਮਹੱਤਵ ਪੂਰਨ ਮੁਹਾਜ ਬਿਨਾਂ ਕਿਸੇ ਹੀਲ ਹੁੱਜਤ ਸ਼ਰੋਮਣੀ ਅਕਾਲੀ ਦਲ ਦੇ ਕਬਜ਼ੇ ਅਧੀਨ ਆ ਜਾਵੇਗਾ।ਯਾਦ ਰਹੇ ਸ਼ਰੋਮਣੀ ਕਮੇਟੀ ਦੀ ਜਨਰਲ ਬਾਡੀ ਵਿੱਚ ਸ਼ਰੋਮਣੀ ਅਕਾਲੀ ਦਲ ਕੋਲ 170 ਵਿੱਚੋਂ 157 ਮੈਂਬਰ ਹਨ।ਮਾਹਿਰਾਂ ਅਨੁਸਾਰ ਕਿਸੇ ਸੰਵਿਧਾਨਕ ਤਜਵੀਜ ਦੀ ਅਣਹੋਂਦ ਕਾਰਨ ਅਜਿਹੀ ਆਗਿਆ ਮਿਲਣੀ ਮੁਸ਼ਕਿਲ ਹੈ। ਦੂਜੀ ਹਾਲਤ ਵਿੱਚ ਬਾਦਲ ਦਲ, ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਕਮੇਟੀ ਚੋਣਾਂ ਜਿੱਤਣ ਲਈ ਪੂਰਾ ਤਾਣ ਲਾ ਦੇਵੇਗਾ। ਸ਼ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆਖਿਆ ਜਾਂਦਾ ਹੈ।ਇਹ ਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ ਜਿਸ ਆਗੂ ਜਾ ਗਰੁੱਪ ਦਾ ਕਬਜ਼ਾ ਸ਼ਰੋਮਣੀ ਕਮੇਟੀ ਉੱਤੇ ਹੋਵੇ ਉਸ ਨੂੰ ਹੀ ਸਿੱਖ ਜਮਾਤ ਦਾ ਵਾਹਦ ਪ੍ਰਤੀਨਿੱਧ ਮੰਨਿਆ ਜਾਂਦਾ ਹੈ। ਅਤੀਤ ਵਿੱਚ ਇਹ ਧਾਰਨਾ ਸਾਬਤ ਹੋ ਚੁੱਕੀ ਹੈ।ਇਸ ਲਈ ਇਹ ਚੋਣਾਂ ਅਕਾਲੀ ਦਲ ਵਿਧਾਨ ਸਭਾਈ ਚੋਣਾਂ-2017 ਨਾਲੋਂ ਵੀ ਅਹਿਮ ਮੰਨ ਕੇ ਲੜੇਗਾ। ਜਿਸ ਤਰਾਂ 2012 ਦੀਆਂ ਵਿਧਾਨ ਸਭਾਈ ਚੋਣਾਂ ਤੋਂ ਐਨ ਪਹਿਲਾਂ ਕਮੇਟੀ ਚੋਣਾਂ ਜਿੱਤ ਕੇ ਅਕਾਲੀ ਵਰਕਰਾਂ ਦਾ ਹੌਸਲਾ ਵਧਾਇਆ ਸੀ ਉਸੇ ਤਰਜ ਤੇ ਬਾਦਲ ਦਲ ਵਲੋਂ 2017 ਦੀਆਂ ਵਿਧਾਨ ਸਭਾਈ ਚੋਣਾਂ ਲਈ ਮੈਦਾਨ ਤਿਆਰ ਕਰਨ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਸ ਵਾਰ 2011 ਅਤੇ 2012 ਵਾਲਾ ਇਤਿਹਾਸ ਦੁਹਰਾਇਆ ਜਾ ਸਕਦਾ ਹੈ? ਇਸ ਦਾ ਸਪਸ਼ਟ ਉੱਤਰ ਦੇਣਾ ਜੇ ਅਸਭੰਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।ਪਹਿਲੀ ਤੇ ਸੱਭ ਤੋਂ ਕਾਰਗਰ ਗੱਲ ਇਹ ਹੈ ਕਿ 'ਅਜ਼ਾਦੀ' ਤੋਂ ਬਾਅਦ ਵਾਲੇ ਪੰਜਾਬ ਦੇ 70 ਸਾਲਾ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਤੀਜੀ ਰਾਜਸੀ ਧਿਰ ਡੰਕੇ ਦੀ ਚੋਟ ਨਾਲ ਮੈਦਾਨ ਵਿੱਚ ਨਿਤਰੀ ਹੈ। ਪੰਜਾਬੀ ਦੀ ਕਹਾਵਤ ਹੈ ਕਿ ‘ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਹਲਣੀਆਂ ਪੈਂਦੀਆਂ ਹਨ’।ਅਕਾਲੀ ਦਲ ਧਰਮ ਅਤੇ ਰਾਜਨੀਤੀ ਨੂੰ ਇੱਕ ਮੰਨਦਾ ਆਇਆ ਹੈ। ਇਸ ਲਈ 'ਆਪ' ਦੇ ਮੈਦਾਨ ਵਿੱਚ ਉਤਰਨ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਸਕਦਾ ਹੈ।2014 ਦੀਆਂ ਲੋਕ ਸਭਾਈ ਚੋਣਾਂ ਅੰਦਰ 'ਆਪ' ਨੇ ਬਿਨਾਂ ਸੰਗਠਨ ਬਣਾਏ ਪੰਜਾਬ ਵਿੱਚੋਂ 24 ਪ੍ਰਤੀਸ਼ਤ ਵੋਟ ਹਾਸਲ ਕਰਕੇ ਕਾਂਗਰਸ,ਅਕਾਲੀ ਦਲ ਅਤੇ ਭਾਜਪਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।ਆਗਾਮੀ ਆਮ ਵਿਧਾਨ ਸਭਾਈ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਪੰਜਾਬ ਅੰਦਰ ਪਹਿਲੀ ਵਾਰ ਹੋਣ ਜਾ ਰਹੀ ਹੈ।ਪੰਜਾਬ ਅੰਦਰ ਇਸ ਵਾਰ ਨੌਜਵਾਨ ਵੋਟਰਾਂ ਦੀ ਗਿਣਤੀ 50 ਪ੍ਰਤੀਸ਼ਤ ਤੋਂ ਕਿਤੇ ਵੱਧ ਹੈ ਜਿਸਦਾ ਲਾਭ 'ਆਪ' ਨੂੰ ਹੋਵੇਗਾ ਕਿਉਂਕਿ ਸੋਸ਼ਿਲ ਮੀਡੀਆ ਦੀ 95 ਪ੍ਰਤੀਸ਼ਤ ਵਰਤੋਂ ਇਹੀ ਤਬਕਾ ਕਰਦਾ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੋਵੇਗਾ ਕਿ ਜਿੱਥੇ ਪਹਿਲਾਂ ਸਾਰੇ ਪਰਿਵਾਰਕ ਮੈਂਬਰ ਪਰਿਵਾਰਿਕ ਮੁਖੀ ਦੇ ਮਗਰ ਲੱਗ ਕੇ ਵੋਟ ਪਾਉਂਦੇ ਸਨ ਉੱਥੇ ਹੁਣ ਵੋਟਾਂ ਪਾਉਣ ਦੇ ਮਾਮਲੇ ਵਿੱਚ ਨਵੇਂ ਬਣੇ ਵੋਟਰ ਲੜਕੇ ਲੜਕੀਆਂ ਪਰਿਵਾਰ ਦੀ ਅਗਵਾਈ ਕਰ ਰਹੇ ਹਨ।ਆਉਂਦੀਆਂ ਗੁਰਦਵਾਰਾ ਅਤੇ ਵਿਧਾਨ ਸਭਾਈ ਚੋਣਾਂ ਦੌਰਾਨ ਇਹ ਅਮਲ ਪੂਰੀ ਤਰਾਂ ਸਪਸ਼ਟ ਹੋ ਜਾਵੇਗਾ।ਪੰਜਾਬ ਦੇ ਸੰਭਾਵੀ ਚੋਣ ਦਰਿਸ਼ ਵਿੱਚ ਮਹਾਰਾਜਾ ਅਮਰਿੰਦਰ ਸਿੰਘ ਭਾਵੇਂ ਜੀਅ ਤੋੜ ਯਤਨ ਕਰ ਰਿਹਾ ਹੈ ਪਰ ਫੇਰ ਵੀ ਕਾਂਗਰਸ ਦਾ ਭਵਿੱਖ ਸੁਰੱਖਿਅਤ ਨਹੀਂ ਹੈ।ਇੱਥੇ ਇਹ ਨੁਕਤਾ ਸਮਝਣਾ ਪਵੇਗਾ ਕਿ ਅੱਜ ਤੱਕ 'ਉੱਤਰ ਕਾਟੋ ਮੇਰੀ ਵਾਰੀ' ਵਾਲੀ ਖੇਡ ਹੁਣ ਖਰਾਬ ਹੋ ਗਈ ਹੈ। ਜਟਕਾ ਤੁੱਕਾ ਇਹ ਹੈ ਕਿ ਸਰਕਾਰ ਅਤੇ ਅਕਾਲੀ ਵਿਰੋਧੀ ਜਿਹੜੀਆਂ ਵੋਟਾਂ ਕਾਂਗਰਸ ਨੂੰ ਪੈ ਜਾਂਦੀਆਂ ਸਨ ਹੁਣ ਨਹੀਂ ਪੈਣੀਆਂ।'ਆਪ' ਦੇ ਹੱਕ ਵਿੱਚ ਦੂਜੀ ਵੱਡੀ ਗੱਲ ਇਹ ਜਾਂਦੀ ਹੈ ਕਿ ਹੇਠਲੇ ਅਕਾਲੀ ਤੇ ਕਾਂਗਰਸੀ ਵਰਕਰ ਉਸ ਦੇ ਨਾਲ ਹਨ। ਇਸ ਰੌਲ ਘਚੌਲੇ ਦੇ ਚਲਦਿਆਂ ਵੀ ਸੋਸ਼ਲ ਮੀਡੀਆ ਦਾ ਇੱਕ ਖੂੰਜਾ ਅਜਿਹਾ ਫੋਰਮ ਹੈ ਜਿਸ ਨੂੰ ਦਰ ਕਿਨਾਰ ਨਹੀਂ ਕੀਤਾ ਜਾ ਸਕਦਾ। ਉਹ ਫੋਰਮ ਹੈ ਉਹਨਾਂ ਖੱਬੇ ਪੱਖੀਆਂ ਦਾ ਜੋ ਹਰ ਤਬਦੀਲੀ ਦੇ ਹਾਮੀ ਹਨ। ਇਹ ਵੀ ਸੱਚ ਹੈ ਕਿ ਉਹ ਭਾਵੇਂ ਇੱਕ ਮੁੱਠ ਨਹੀਂ ਪਰ ਉਹ ਪੂਰੇ ਪੰਜਾਬ ਵਿੱਚ ਲੱਖਾਂ ਵੋਟਾਂ ਨੂੰ ਅਸਰ ਅੰਦਾਜ਼ ਕਰਨ ਦੀ ਸਥਿਤੀ ਵਿੱਚ ਅਜੇ ਵੀ ਹਨ।ਸਪਸ਼ਟ ਹੈ ਉਹ ਸਥਾਪਤੀ ਦੇ ਵਿਰੋਧ ਵਿੱਚ ਵੋਟ ਪਾਉਣਗੇ (ਸਮੇਤ ਕਾਂਗਰਸ ਦੇ)।ਉਪਰੋਕਤ ਸਮੀਕਰਨਾਂ ਦੇ ਚਲਦਿਆਂ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਕਰਕੇ ਬਾਦਲਾਂ ਦਾ ਸਭ ਤੋਂ ਵੱਡਾ ਯਤਨ ਅਕਾਲੀ ਅਤੇ ਭਾਜਪਾ ਵਿਰੋਧੀ ਵੋਟਾਂ ਨੂੰ ਖੰਡਿਤ ਕਰਨ ਦਾ ਹੈ।ਅਕਾਲੀ ਦਲ ਲਈ ਇਹੀ ਇੱਕ ਆਸ ਦੀ ਕਿਰਨ ਹੈ। ਭਾਜਪਾ ਅੱਜ ਦੀ ਤਰੀਕ ਤੱਕ ਇਸ ਸਥਿਤੀ ਵਿੱਚ ਹੀ ਨਹੀਂ ਹੈ ਕਿ ਉਹ ਕਿਸੇ ਇੱਕ ਸੀਟ ਉੱਤੇ ਵੀ ਆਪਣਾ ਦਾਅਵਾ ਠੋਕ ਸਕੇ। ਦੋਵੇਂ ਦਲ ਹਾਲ ਦੀ ਘੜੀ ਸੀਤ ਜੰਗ ਚੋਂ ਗੁਜ਼ਰ ਰਹੇ ਹਨ ।ਹੁਣ ਦੇਖਣਾ ਹੈ ਕਿ ਨਿਰੋਲ ਸਿੱਖ ਵੋਟਰਾਂ ਤੇ ਅਧਾਰਿਤ ਇਸ ਚੋਣ ਵਿੱਚ ਬਾਦਲ ਵਿਰੋਧੀ ਸਿੱਖ ਸੰਗਠਨ ਕੀ ਭੂਮਿਕਾ ਨਿਭਾਉਂਦੇ ਹਨ?ਲਗਦਾ ਹੈ ਕਿ ਇਸ ਵਾਰ ਬਾਦਲ ਦਲੀਆਂ ਲਈ ਕਮੇਟੀ ਚੋਣਾਂ ਜਿੱਤਣਾ ਖਾਲਾ ਜੀ ਦਾ ਵਾੜਾ ਨਹੀ ਹੈ ਕਿਉਂ ਕਿ ਬਾਦਲ ਵਿਰੋਧੀ ਰਾਜਸੀ ਧਿਰਾਂ 'ਆਪ' ਅਤੇ ਕਾਂਗਰਸ ਅਸਿੱਧੇ ਢੰਗ ਨਾਲ ਬਾਦਲ ਵਿਰੋਧੀ ਉਮੀਦਵਾਰਾਂ ਦਾ ਪੱਖ ਪੂਰਨਗੇ।ਸੰਪਰਕ: 0061 470 605255