ਅੰਬੇਡਕਰ, ਦਰੋਣਾ ਅਤੇ ਭਗਵੇਂ ਬ੍ਰਿਗੇਡ ਦੀ ‘ਗੁਰੂ ਦਕਸ਼ਿਣਾ’ -ਬੂਟਾ ਸਿੰਘ
Posted on:- 01-06-2016
ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐੱਸ.ਐੱਸ.) ਦੀਆਂ ਨਵੀਂਆਂ ਚਾਲਾਂ ਇਸਦੇ ‘ਕੱਛ ਵਿਚ ਤਿ੍ਰਸ਼ੂਲ, ਤੇ ਮੂੰਹ ਵਿਚ ਦੇਸ਼ਭਗਤੀ’ ਕਿਰਦਾਰ ਦੀ ਮੂੰਹ ਬੋਲਦੀ ਤਸਵੀਰ ਹਨ। ਸੋਇਮਸੇਵਕ ਦੀ ਕੇਂਦਰੀ ਵਜ਼ਾਰਤ ਵਲੋਂ ਲੰਦਨ ਵਿਚ ਡਾ. ਅੰਬੇਡਕਰ ਦਾ ਰਿਹਾਇਸ਼ੀ ਮਕਾਨ ਖ਼ਰੀਦਕੇ ਵਿਰਾਸਤ ਵਜੋਂ ਸੰਭਾਲਣ ਦੇ ਖੇਖਣ ਕਰਕੇ ਦਲਿਤ ਲੋਕਾਂ ਨੂੰ ਭਰਮਾਉਣ ਦੇ ਯਤਨ ਕੀਤੇ ਗਏ ਕਿ ਆਰ.ਐੱਸ.ਐੱਸ. ਨੂੰ ਤਾਂ ਭੀਮ ਰਾਓ ਪਿਆਰਾ ਹੀ ਬਹੁਤ ਹੈ। ਸੰਘ ਤਾਂ ਉਸ ਦਾ ਐਨਾ ਮੁਰੀਦ ਹੈ ਕਿ ਉਸਦੀ ਹਰ ਯਾਦ ਨੂੰ ਸਦੀਵੀ ਤੌਰ ’ਤੇ ਸੰਭਾਲ ਰਿਹਾ ਹੈ! ਦਲਿਤ ਸਮਾਜ ਵਿਚ ਮਸੀਹਾ ਵਜੋਂ ਮਕਬੂਲ ਡਾ. ਅੰਬੇਡਕਰ ਦਾ ਚਿੰਨ੍ਹ ਇਸਤੇਮਾਲ ਕਰਕੇ ਅਤੇ ਦਲਿਤ ਆਗੂਆਂ ਦੀ ਸੱਤਾ ਦੀ ਲਾਲਸਾ ਦਾ ਲਾਹਾ ਲੈਂਦੇ ਹੋਏ ਉਨ੍ਹਾਂ ਨੂੰ ਆਪਣੇ ਵਿਚ ਜਜ਼ਬ ਕਰਕੇ ਦਲਿਤ ਹਿਤੈਸ਼ੀ ਹੋਣ ਦਾ ਪ੍ਰਭਾਵ ਪਾਉਣਾ ਚਾਹੁੰਦਾ ਹੈ ਅਤੇ ਇਸ ਦੁਆਰਾ ਸੰਘ ਪਰਿਵਾਰ ਆਪਣਾ ਸਿਆਸੀ ਅਧਾਰ ਫੈਲਾਉਣਾ ਚਾਹੁੰਦਾ ਹੈ। ਪਰ ਅੰਬੇਡਕਰੀ ਵਿਚਾਰਧਾਰਾ ਦੇ ਧਾਰਨੀ, ਮਸਲਨ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਕਬੀਰ ਕਲਾ ਮੰਚ ਵਗੈਰਾ - ਜਾਗਰੂਕ ਸਮੂਹਾਂ ਨੂੰ ਕੁਚਲਣਾ ਇਸਦੇ ਤਰਜ਼ੀਹੀ ਏਜੰਡਿਆਂ ਵਿੱਚੋਂ ਇਕ ਹੈ।
ਪ੍ਰਤੀਕਾਂ ਦੀ ਪੂਜਾ ਅਤੇ ਵਿਚਾਰਧਾਰਾ ਦੇ ਜੜ੍ਹੀਂ ਤੇਲ ਦੇਣਾ ਹਿੰਦੁਸਤਾਨੀ ਹਾਕਮ ਜਮਾਤਾਂ ਦੀ ਹਮੇਸ਼ਾ ਤੋਂ ਨੀਤੀ ਰਹੀ ਹੈ। ਜੰਗੇ-ਆਜ਼ਾਦੀ ਦੇ ਨਾਇਕਾਂ ਪ੍ਰਤੀ ਝੂਠਾ ਸਤਿਕਾਰ ਦਿਖਾਕੇ ਹਿੰਦੁਸਤਾਨੀ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਜਦਕਿ ਉਨ੍ਹਾਂ ਦੇ ਵਿਚਾਰਾਂ, ਸੁਪਨਿਆਂ ਅਤੇ ਵਿਸ਼ਵਾਸਾਂ ਦਾ ਬੀਜਨਾਸ਼ ਕਰਨ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ।
ਹੁਣ ਸੋਇਮਸੇਵਕ ਮੋਹਨ ਲਾਲ ਖੱਟਰ ਦੀ ਵਜ਼ਾਰਤ ਨੇ ਹਰਿਆਣਾ ਦੇ ਸਨਅਤੀ ਸ਼ਹਿਰ ਗੁੜਗਾਓਂ ਦਾ ਨਾਂ ਬਦਲਕੇ ‘ਗੁਰੂਗ੍ਰਾਮ’ ਰੱਖਣ ਜ਼ਰੀਏ ਆਪਣੀ ਮਨੂਵਾਦੀ ਜ਼ਿਹਨੀਅਤ ਦਾ ਸਾਫ਼ ਸਬੂਤ ਦੇ ਦਿੱਤਾ ਹੈ। ਨਾਂ ਬਦਲਣ ਪਿੱਛੇ ਦਲੀਲ ਇਹ ਦਿੱਤੀ ਜਾ ਰਹੀ ਹੈ ਇਕ ਵਕਤ ਦਰੋਣਾਚਾਰੀਆ ਇਥੇ ਆਏ ਸਨ। ਇਸੇ ਤਰ੍ਹਾਂ ਮੇਵਾਤ ਜ਼ਿਲ੍ਹੇ ਦਾ ਨਾਂ ਬਦਲਕੇ ਨੂਹ ਰੱਖ ਦਿੱਤਾ ਗਿਆ। ਇਹ ਤਬਦੀਲੀ ਆਰ.ਐੱਸ.ਐੱਸ. ਪੱਖੀ ‘ਥਿੰਕ-ਟੈਂਕ’ ਸੈਂਟਰ ਫਾਰ ਪਾਲਿਸੀ ਸਟੱਡੀਜ਼ ਦੇ ‘ਅਧਿਐਨ’ ਦੇ ਮੱਦੇਨਜ਼ਰ ਕੀਤੀ ਗਈ ਜਿਸ ਵਿਚ ਚੇਤਾਵਨੀ ਦਿੱਤੀ ਗਈ ਸੀ ਕਿ ‘‘ਆਜ਼ਾਦੀ ਤੋਂ ਬਾਦ ਮੇਵਾਤ ਦੇ ਮੁਸਲਮਾਨਾਂ ਦੀ ਆਬਾਦੀ ਖ਼ੂਬ ਵਧੀ-ਫੁਲੀ ਹੈ। ਲਗਦਾ ਹੈ, ਨੇੜ ਭਵਿੱਖ ਵਿਚ ਉਹ ਸਿਰਫ਼ ਤੇ ਸਿਰਫ਼ ਮੁਸਲਮਾਨਾਂ ਦਾ ਖੇਤਰ ਸਥਾਪਤ ਕਰਨ ਦੇ ਅਮਲ ਵਿਚ ਹਨ।’’ ਸਮਾਜ, ਇਤਿਹਾਸ, ਵਿਰਾਸਤ ਜਿਸ ਵੀ ਪਹਿਲੂ ਨੂੰ ਆਪਣੇ ਭਗਵੇਂ ਏਜੰਡੇ ਦਾ ਨਿਸ਼ਾਨਾ ਬਣਾਉਣਾ ਹੈ ਉਸ ਨੂੰ ਕੋਈ ਨਾ ਕੋਈ ਬਹਾਨਾ ਤਾਂ ਬਣਾਉਣਾ ਹੀ ਹੋਇਆ!
ਖ਼ਸੰਘ ਪਰਿਵਾਰ ਦੀ ਵਿਚਾਰਧਾਰਾ ਦੇ ਗਿਆਤਾ ਲੋਕਾਂ ਨੂੰ ਪਤਾ ਹੈ ਕਿ ਹਿੰਦੂਤਵੀਆਂ ਦੀ ਰਗ-ਰਗ ਵਿਚ ਮਨੂਵਾਦੀ ਵਿਚਾਰਧਾਰਾ ਰਚੀ ਹੋਈ ਹੈ। ਮਨੂ ਦੇ ‘ਸੁਨਹਿਰੀ ਯੁਗ’ ਨੂੰ ਵਾਪਸ ਲਿਆਉਣਾ ਇਨ੍ਹਾਂ ਦਾ ਮੁੱਢਕਦੀਮ ਤੋਂ ਹੀ ਖ਼ਵਾਬ ਚਲਿਆ ਆ ਰਿਹਾ ਹੈ ਜਿਸ ਨੂੰ ਪੂਰਾ ਕਰਨ ਲਈ ਭਗਵੇਂ ਬਿ੍ਰਗੇਡ ਨੇ ਪੂਰੀ ਤਾਕਤ ਝੋਕੀ ਹੋਈ ਹੈ। ਇਸਦਾ ਇਕ ਸਿੱਧਾ ਇਜ਼ਹਾਰ ਖੱਟਰ ਸਰਕਾਰ ਵਲੋਂ ਮੋਹਾਲੀ ਹਵਾਈ ਅੱਡੇ ਦਾ ਨਾਂ ਜੰਗੇ-ਆਜ਼ਾਦੀ ਦੇ ਇਨਕਲਾਬੀ ਨਾਇਕ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੇ ਪੁਰਜ਼ੋਰ ਵਿਰੋਧ ਦੇ ਰੂਪ ਵਿਚ ਹੋਇਆ ਸੀ। ਭਾਜਪਾ ਨੇ ਇਸ ਹਵਾਈ ਅੱਡੇ ਦਾ ਨਾਂ ਸੰਘ ਦੇ ਇਕ ਸੋਇਮਸੇਵਕ ਮੰਗਲ ਸੇਨ (ਇਕ ਸਾਬਕਾ ਡਿਪਟੀ ਮੁੱਖ ਮੰਤਰੀ) ਦੇ ਨਾਂ ’ਤੇ ਰੱਖਣ ਦੀ ਜ਼ਿੱਦ ਕੀਤੀ ਸੀ ਜਿਵੇਂ ਕਾਲੇਪਾਣੀ ਟਾਪੂਆਂ ਦੇ ਹਵਾਈ ਅੱਡੇ ਦਾ ਨਾਂ ਸੰਘੀਆਂ ਨੇ ਹਿੰਦੂਤਵ ਦੇ ਮੋਢੀ ਵੀ.ਡੀ.ਸਾਵਰਕਰ ਦੇ ਨਾਂ ’ਤੇ ਰੱਖਿਆ ਹੋਇਆ ਹੈ। ਇਹ ਵੱਖਰਾ ਸਵਾਲ ਹੈ ਕਿ ਸੰਘ ਦੀ ਮੰਗ ਦਾ ਤਿੱਖਾ ਵਿਰੋਧ ਹੋਣ ਕਾਰਨ ਸੰਘੀਆਂ ਨੂੰ ਹੋਰ ਗਿਣਤੀਆਂ-ਮਿਣਤੀਆਂ ’ਚੋਂ ਆਪਣੀ ਇਹ ਜ਼ਿਦ ਛੱਡਣੀ ਪੈ ਗਈ। ਇਹ ਉਹੀ ਸੰਘ ਪਰਿਵਾਰ ਹੈ ਜਿਸਨੇ ਹਾਲ ਹੀ ਵਿਚ ਸ਼ਹੀਦ ਭਗਤ ਸਿੰਘ ਨੂੰ ‘ਸਾਡਾ’ ਕਹਿਕੇ ਬੁਲੰਦ ਕਰਨ ਦੇ ਨਾਂ ਹੇਠ ਉਨ੍ਹਾਂ ਮਹਾਨ ਯੋਧਿਆਂ ਦੀ ਇਨਕਲਾਬੀ ਵਿਰਾਸਤ ਨੂੰ ਪਲੀਤ ਕਰਨ ਦੀ ਬੇਹਯਾਈ ਕੀਤੀ ਹੈ ਜਿਸਨੇ ਆਪਣੇ ਇਕ ਵੀ ਸੋਇਮਸੇਵਕ ਨੇ ਆਜ਼ਾਦੀ ਦੀ ਲੜਾਈ ਵਿਚ ਜੇਲ੍ਹ ਨਹੀਂ ਕੱਟੀ ਅਤੇ ਜਿਸਦੀ ਵਿਚਾਰਧਾਰਾ ਦਾ ਇਕ ਸ਼ਬਦ ਦੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਮਿਲਦਾ-ਜੁਲਦਾ ਨਹੀਂ।
ਪਰ ‘ਗੁਰੂ’ ਦਰੋਣਾਚਾਰੀਆ ਉਸ ਮਨੂਵਾਦੀ ਵਿਚਾਰਧਾਰਾ ਦਾ ਸਿੱਕੇਬੰਦ ਨੁਮਾਇੰਦਾ ਸੀ ਜਿਸਨੂੰ ਬੁਲੰਦ ਕਰਕੇ ‘ਸੁਨਹਿਰੀ ਯੁਗ’ ਵਾਪਸ ਲਿਆਉਣਾ ਸੰਘ ਪਰਿਵਾਰ ਦਾ ਮੂਲ ਏਜੰਡਾ ਹੈ। ਦਰੋਣਾਚਾਰੀਆ ਦਲਿਤ ਸਮਾਜ ਨੂੰ ਗਿਆਨ ਅਤੇ ਕਲਾ ਦੀ ਮੁਹਾਰਤ ਤੋਂ ਵਾਂਝੇ ਰੱਖਣ ਦੀ ਮਨੂਵਾਦੀ ਵਿਚਾਰਧਾਰਾ ਦਾ ਵਾਹਕ ਰਿਹਾ ਹੈ ਜਿਸਨੇ ਇਕ ਹੋਣਹਾਰ ਦਲਿਤ ਨੌਜਵਾਨ ਏਕਲਵਿਆ ਨੂੰ ਸ਼ਸਤਰ ਵਿਦਿਆ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ। ਜਦੋਂ ਏਕਲਵਿਆ ਨੇ ਮਨ ਵਿਚ ਗੁਰੂ ਧਾਰਕੇ ਆਪਣੀ ਡੂੰਘੀ ਲਗਨ ਨਾਲ ਤੀਰਅੰਦਾਜ਼ੀ ਵਿਚ ਬੇਮਿਸਾਲ ਮੁਹਾਰਤ ਹਾਸਲ ਕਰ ਲਈ। ਜਦੋਂ ਇਸ ਮੁਹਾਰਤ ਦਾ ਪ੍ਰਦਰਸ਼ਨ ਹੋਣਾ ਸ਼ੁਰੂ ਹੋਇਆ ਤਾਂ ਉਸਦੀ ਮੁਹਾਰਤ ਦੇਖਕੇ ਉੱਚਜਾਤੀ ਹੰਕਾਰ ਦਾ ਡੰਗਿਆ ਦਰੋਣਾ ਤੇੇ ਉਸਦੇ ‘ਚੇਲੇ’ ਹੱਕੇ-ਬੱਕੇ ਰਹਿ ਗਏ। ‘ਗੁਰੂ’ ਨੇ ਉਸਦੇ ਸੱਜੇ ਹੱਥ ਦਾ ਅੰਗੂਠਾ ‘ਗੁਰੂ ਦਕਸ਼ਣਾ’ ਵਜੋਂ ਮੰਗਕੇ ਉਸਦੀ ਕਲਾ ਦਾ ਕਤਲ ਕਰ ਦਿੱਤਾ। ਇਹ ਦੰਦ-ਕਥਾ ਕਿੰਨੀ ਮਿਥਹਾਸਕ ਹੈ ਤੇ ਕਿੰਨੀ ਇਤਿਹਾਸਕ ਇਹ ਵੱਖਰੀ ਬਹਿਸ ਦਾ ਮਜਮੂਨ ਹੋ ਸਕਦਾ ਹੈ। ਲੋਕਾਂ, ਸਮਾਜ ਅਤੇ ਮੁਲਕ ਲਈ ਚੰਗਾ ਕਰ ਗੁਜ਼ਰਨ ਵਾਲੇ ਸੱਚੇ ਨਾਇਕਾਂ ਦੇ ਨਾਂ ’ਤੇ ਉਨ੍ਹਾਂ ਦੇ ਯੋਗਦਾਨ ਦੇ ਸਤਿਕਾਰ ਵਜੋਂ ਸਥਾਨਾਂ ਦੇ ਨਾਂ ਬਦਲਣਾ ਗ਼ਲਤ ਵੀ ਨਹੀਂ। ਪਰ ਇਕ ਗੱਲ ਤੈਅ ਹੈ ਕਿ ਐਸੇ ਘਿਣਾਉਣੇ, ਸਾਜ਼ਿਸ਼ੀ ਅਤੇ ਦਲਿਤ ਦੁਸ਼ਮਣ ਕਿਰਦਾਰ ਅਤੇ ਮਨੂਵਾਦ ਦੇ ਚਿੰਨ੍ਹ ਨੂੰ ਪੂਰੀ ਬੇਹਯਾਈ ਨਾਲ ਵਡਿਆਕੇ ਸਾਡੇ ਮੁਲਕ ਉੱਪਰ ‘ਗੁਰੂ’ ਵਜੋਂ ਥੋਪਣ ਦਾ ਡੱਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਆਰ.ਐੱਸ.ਐੱਸ. ਅਤੇ ਹਿੰਦੁਸਤਾਨੀ ਹਾਕਮ ਜਮਾਤਾਂ ਨੇ ਪਹਿਲਾਂ ਹੀ ਐਸੇ ਬਹੁਤ ਸਾਰੇ ਪਿਛਾਖੜੀ ਪ੍ਰਤੀਕਾਂ ਨੂੰ ‘ਰਾਸ਼ਟਰ ਪਿਤਾ’ ‘ਚਾਚਾ’ ਅਤੇ ਪਤਾ ਨਹੀਂ ਕੀ-ਕੀ ਰੁਤਬੇ ਦੇ ਕੇ ਸਾਡੇ ਮੁਲਕ ਉੱਪਰ ਥੋਪਿਆ ਹੋਇਆ ਹੈ। ਇਸਤੋਂ ਵੱਧ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਸਾਡੇ ਸਮਾਜ ਨੂੰ ਮਨੂਸਮਰਿਤੀ ਦਾ ‘ਤੋਹਫ਼ਾ’ ਦੇਣ ਵਾਲੇ ਅਤੇ ਜਾਤਪਾਤ ਦਾ ਬੇਮਿਸਾਲ ਦੀਰਘ ਰੋਗ ਚਿੰਬੇੜਣ ਵਾਲੇ ਵਰਣ-ਵਿਵਸਥਾ ਦੇ ਇਸ ਬਾਨੀ ਮਨੂ ਦਾ ਬੁੱਤ ਰਾਜਸਥਾਨ ਦੇ ਜੈਪੁਰ ਸ਼ਹਿਰ ਵਿਚ ਹਾਈਕੋਰਟ ਦੇ ਐਨ ਨੱਕ ਹੇਠ ਲੱਗਿਆ ਹੋਇਆ ਹੈ। ਪਰ ਇਸ ‘ਧਰਮਨਿਰਪੱਖ’ ਰਾਜਤੰਤਰ ਦੀ ਕੀ ਮਜ਼ਾਲ ਹੈ ਉਸ ਨੂੰ ਇਕ ਇੰਚ ਵੀ ਇੱਧਰ-ਉੱਧਰ ਕਰ ਦੇਵੇ। ਸਵਾਲਾਂ ਦਾ ਸਵਾਲ ਇਹ ਵੀ ਹੈ ਕਿ ਜੇ ਵਰਣ ਵਿਵਸਥਾ ਨੂੰ ਸਮਾਜ ਦੀ ਤਰੱਕੀ ਲਈ ਜ਼ਰੂਰੀ ਦੱਸਕੇ ਅਤੇ ਇਸਦੇ ਸੋਹਲੇ ਗਾਕੇ ਐੱਮ.ਕੇ. ਗਾਂਧੀ ‘ਰਾਸ਼ਟਰ ਪਿਤਾ’ ਬਣ ਸਕਦਾ ਹੈ ਤਾਂ ਇਸ ਰਾਜ-ਪ੍ਰਬੰਧ ਵਿਚ ਵਰਣ ਵਿਵਸਥਾ ਦੇ ਬਾਨੀ ਦਾ ਬੁੱਤ ਕਿਉ ਨਹੀਂ ਲੱਗ ਸਕਦਾ। ਇਹ ਉਸ ਪਾਰਲੀਮੈਂਟਰੀ ‘ਖੱਬੀ ਧਿਰ’ ਲਈ ਵੀ ਇਕ ਵੱਡਾ ਸਵਾਲ ਹੈ ਜਿਹੜੇ ਕਾਂਗਰਸ ਨੂੰ ਧਰਮਨਿਰਪੱਖ ਅਤੇ ਅਗਾਂਹਵਧੂ ਦੇ ਸਰਟੀਫੀਕੇਟ ਵੰਡਦੇ ਨਹੀਂ ਥੱਕਦੇ। ਕਿਉਕਿ ਕਾਂਗਰਸ ਦੇ ਰਾਜ ਵਿਚ ਮਨੂ ਪੂਰੀ ਸ਼ਾਨੋਸ਼ੌਕਤ ਨਾਲ ਉਸੇ ਤਰ੍ਹਾਂ ਉਥੇ ਸ਼ੁਸ਼ੋਭਿਤ ਰਿਹਾ ਹੈ ਜੋ ਸਨਮਾਨ ਉਸਨੂੰ ਆਰ.ਐੱਸ.ਐੱਸ. ਦੇ ਪ੍ਰਚਾਰਕਾਂ ਦੀ ਸਰਕਾਰ ਦੌਰਾਨ ਮਿਲਦਾ ਹੈ।
ਦਰੋਣਾਚਾਰੀਆ ਨੇ ਏਕਲਵਿਆ ਤੋਂ ਸਵੈਅਭਿਆਸ ਨਾਲ ਹਾਸਲ ਕੀਤੀ ਵਿਦਿਆ ਖੋਹਣ ਲਈ ਅੰਗੂਠੇ ਦੀ ‘ਗੁਰੂ ਦਕਸ਼ਿਣਾ’ ਵਸੂਲ ਕੀਤੀ ਸੀ। ਅੱਜ ਦਰੋਣਾਚਾਰੀਆ ਦੇ ਪੈਰੋਕਾਰ ਹਰ ਦੱਬੇਕੁਚਲੇ ਅਤੇ ਮਿਹਨਤਕਸ਼ ਤੋਂ ਵਿਦਿਆ ਖੋਹਣ ਦੇ ਇਕ ਬਹੁਰੂਪੀ ਢਾਂਚੇ ਨੂੰ ਧੜਾਧੜ ਅਮਲ ਵਿਚ ਲਿਆਕੇ ਅਤੇ ਆਪਣੇ ਇਸ ‘ਗੁਰੂ’ ਦੇ ਅਧੂਰੇ ਕੰਮ ਨੂੰ ਨੇਪਰੇ ਚਾੜ੍ਹਕੇ ਉਸ ਨੂੰ ‘ਗੁਰੂ ਦਕਸ਼ਿਣਾ’ ਦੇ ਰਹੇ ਹਨ, ਜਿਸਦਾ ਇਕ ਰੂਪ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਖੋਹਕੇ ਉਨ੍ਹਾਂ ਨੂੰ ਵਿਦਿਆ ਤੋਂ ਵਾਂਝੇ ਕਰਨ ਅਤੇ ਉਨ੍ਹਾਂ ਨੂੰ ਵਿਦਿਆ ਦੇ ਵਪਾਰੀਕਰਨ ਦੇ ਰੋਲਰ ਹੇਠ ਕੁਚਲਣ ਵਜੋਂ ਸਾਹਮਣੇ ਆ ਚੁੱਕਾ ਹੈ। ਇਕ ਵਕਤ ਦਰੋਣਾਚਾਰੀਆਂ ਦਾ ਨਿਸ਼ਾਨਾ ਏਕਲਵਿਆ ਸੀ, ਅੱਜ ਰੋਹਿਤ ਵੇਮੂਲਾ, ਉਮਰ ਖ਼ਾਲਿਦ, ਕਨ੍ਹਈਆ ਕੁਮਾਰ, ਅਨਿਰਬਾਨ, ਰਿਚਾ ਸਿੰਘ ਆਦਿ ਸਮੇਤ ਬੇਸ਼ੁਮਾਰ ਏਕਲਵਿਆ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ। ਇਸੇ ਵਸੀਹ ਏਜੰਡੇ ਦਾ ਇਕ ਰੂਪ ਗੁੜਗਾਓਂ ਨੂੰ ‘ਗੁਰੂ ਗ੍ਰਾਮ’ ਬਣਾਉਣਾ ਹੈ। ਪਰ ਮਨੂ ਅਤੇ ਦਰੋਣਾ ਦੇ ਵਾਰਿਸ ਭੁੱਲਦੇ ਹਨ ਕਿ ਅਜੋਕੇ ਏਕਲਵਿਆ ਮਨੂਵਾਦੀਆਂ ਦੇ ਬਹਿਕਾਵੇ ਵਿਚ ਆਕੇ ਆਪਣੇ ਅੰਗੂਠੇ ਕੱਟਕੇ ਨਹੀਂ ਦੇਣ ਲੱਗੇ। ਉਹ ਇਸਦਾ ਜਵਾਬ ਜਥੇਬੰਦ ਜੁਝਾਰੂ ਸੰਘਰਸ਼ਾਂ ਰਾਹੀਂ ਦੇ ਰਹੇ ਹਨ ਅਤੇ ਏਕਲਵਿਆ ਦੇ ਕੱਟੇ ਹੋਏ ਅੰਗੂਠੇ ਦਾ ਇਨਸਾਫ਼ ਵੀ ਕਰਨਗੇ।
ਇਨਸਾਫ਼ ਦੇ ਇਨ੍ਹਾਂ ਸੰਘਰਸ਼ਾਂ ਨੂੰ ਹੋਰ ਵੀ ਵਸੀਹ ਪੈਮਾਨੇ ’ਤੇ ਵਿੱਢਣਾ ਅਤੇ ਜ਼ਰਬਾਂ ਦੇਣਾ ਅੱਜ ਵਕਤ ਦਾ ਤਕਾਜ਼ਾ ਹੈ।
karnail sekhon
Manuwadi thinking is a animals thinking