‘‘ਰਾਸ਼ਟਰ ਵਿਰੋਧੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ’’ -ਗੁਰਪ੍ਰੀਤ ਸਿੰਘ
Posted on:- 29-05-2016
[ਲੋਕਪੱਖੀ ਪੱਤਰਕਾਰਾਂ ਨੂੰ ਮੀਡੀਆ ਵਿਚ ਕੰਮ ਕਰਦਿਆਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸਦੇ ਵੇਰਵੇ ਗੁਰਪ੍ਰੀਤ ਸਿੰਘ ਨੇ ਆਪਣੀ ਇਸ ਹੱਡਬੀਤੀ ਵਿਚ ਬਿਆਨ ਕੀਤੇ ਹਨ। ਦ ਟਿ੍ਰਬਿਊਨ ਦੇ ਸਾਬਕਾ ਪੱਤਰਕਾਰ ਗੁਰਪ੍ਰੀਤ ਸਿੰਘ ਕੈਨੇਡਾ ਤੋਂ ਨਿਕਲਦੇ ਮਾਸਿਕ ਅੰਗਰੇਜ਼ੀ ਰੈਡੀਕਲ ਦੇਸੀ ਦੇ ਬਾਨੀ ਹਨ। ਉਹ ਇਸ ਵਕਤ ਸਪਾਈਸ ਰੇਡੀਓ, ਬਰਨਬੀ ਵਿਖੇ ਨਿਊਜ਼ਕਾਸਟਰ ਅਤੇ ਟਾਕ-ਸ਼ੋਅ ਹੋਸਟ ਹਨ। ਇਸ ਤੋਂ ਬਿਨਾਂ ਉਹ ਬਤੌਰ ਫਰੀਲਾਂਸ ਲੇਖਕ ਜਾਰਜੀਆ ਸਟਰੇਟ, ਪੀਪਲਜ਼ ਵਾਇਸ ਅਤੇ ਹਿੰਦੁਸਤਾਨ ਟਾਈਮਜ਼ ਆਦਿ ਅਖ਼ਬਾਰਾਂ ਲਈ ਲਿਖਦੇ ਹਨ।]
‘‘ਤੁਸੀਂ ਸ਼ੇਰ ਹੋ, ਮਿਸਟਰ ਸਿੰਘ। ਸਾਨੂੰ ਹਿੰਦੁਸਤਾਨੀਆਂ ਨੂੰ ਤੁਹਾਡੇ ਉਪਰ ਮਾਣ ਹੈ,’’ ਮੈਨੂੰ ਵੈਨਕੂਵਰ ਅਧਾਰਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਆਗੂ ਦੇ ਇਹ ਦਿਆਲੂ ਸ਼ਬਦ ਅੱਜ ਵੀ ਚੇਤੇ ਹਨ। ਉਸ ਹਿੰਦੂ ਰਾਸ਼ਟਰਵਾਦੀ ਧੜੇ ਦੇ ਆਗੂ ਦੇ ਜੋ ਇਸ ਵਕਤ ਹਿੰਦੁਸਤਾਨ ਵਿਚ ਸੱਤਾਧਾਰੀ ਹੈ। ਉਸਨੇ ਕੈਨੇਡਾ ਵਿਚ ਸਰਗਰਮ ਸਿੱਖ ਵੱਖਵਾਦੀਆਂ ਬਾਰੇ ਮੇਰੀ ਤਕਰੀਰ ਸੁਣਨ ਪਿੱਛੋਂ ਮੇਰੇ ਉਪਰ ਤਾਰੀਫ਼ਾਂ ਦੀ ਝੜੀ ਲਾ ਦਿੱਤੀ ਸੀ। ਜਦੋਂ ਸੰਨ ਏਅਰ ਇੰਡੀਆ ਕਾਂਡ ਵਿਚ ਮਾਰੇ ਗਏ ਲੋਕਾਂ ਬਾਰੇ 2013 ’ਚ ਮੇਰੀ ਕਿਤਾਬ ਦਾ ਪੰਜਾਬੀ ਐਡੀਸ਼ਨ ਲੋਕ-ਅਰਪਣ ਕੀਤਾ ਗਿਆ ਤਾਂ ਉਸ ਮੌਕੇ ਆਪਣੀ ਤਕਰੀਰ ਵਿਚ ਮੈਂ ਸਿੱਖ ਅੱਤਵਾਦੀਆਂ ਦੀ ਆਲੋਚਨਾ ਕਰਨ ’ਚ ਕੋਈ ਕਸਰ ਨਹੀਂ ਸੀ ਛੱਡੀ। 1985 ’ਚ ਏਅਰ ਇੰਡੀਆ ਦੀ ਉਡਾਣ ਨੰਬਰ 182 ਨੂੰ ਬੰਬ ਨਾਲ ਉਡਾ ਦਿੱਤੇ ਜਾਣ ਕਾਰਨ ਇਸ ਉਪਰ ਸਵਾਰ 329 ਲੋਕ ਮਾਰੇ ਗਏ ਸਨ। ਇਸ ਜੁਰਮ ਦਾ ਇਲਜ਼ਾਮ ਸਿੱਖ ਵੱਖਵਾਦੀਆਂ ਉਪਰ ਲੱਗਿਆ ਜਿਨ੍ਹਾਂ ਦੀ ਮਨਸ਼ਾ 1984 ਵਿਚ ਆਪਣੇ ਸਭ ਤੋਂ ਮੁਕੱਦਸ ਸਥਾਨ ਉੱਪਰ ਹਿੰਦੁਸਤਾਨੀ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਦ ਕੀਤੇ ਗਏ ਸਿੱਖਾਂ ਦੇ ਕਤਲੇਆਮ ਦਾ ਬਦਲਾ ਲੈਣ ਦੀ ਸੀ ਜੋ ਉਸੇ ਸਾਲ ਆਪਣੇ ਸਿੱਖ ਅੰਗ-ਰੱਖਿਅਕਾਂ ਹੱਥੋਂ ਮਾਰੀ ਗਈ ਸੀ।
ਸੋਸ਼ਲ ਮੀਡੀਆ ਉਪਰ ਪਾਈ ਗਈ ਮੇਰੀ ਇਹ ਤਕਰੀਰ ਇਸ ਆਪੇ-ਸਜੇ ਦੇਸ਼ਭਗਤ ਹਿੰਦੁਸਤਾਨੀ ਆਗੂ ਦੇ ਨਜ਼ਰੀਂ ਚੜ੍ਹ ਗਈ ਸੀ। ਉਹ ਇਹ ਦੇਖਕੇ ਜੋਸ਼ ’ਚ ਆਇਆ ਹੋਇਆ ਸੀ ਕਿ ਮੇਰੇ ਵਰਗਾ ਇਕ ਇੰਡੋ-ਕੈਨੇਡੀਅਨ ਪੱਤਰਕਾਰ ‘‘ਬਹਾਦਰੀ ਨਾਲ’’ ‘‘ਹਿੰਦੁਸਤਾਨ ਵਿਰੋਧੀ’’ ਵੱਖਵਾਦੀਆਂ ਦੀ ਨੁਕਤਾਚੀਨੀ ਕਰ ਰਿਹਾ ਸੀ ਜਿਨ੍ਹਾਂ ਨੂੰ ਕੈਨੇਡਾ ਵਿਚ ਹਮੇਸ਼ਾ ਬਹੁਤ ਹੀ ਤਾਕਤਵਰ ਅਤੇ ਬਾਰਸੂਖ਼ ਮੰਨਿਆ ਜਾਂਦਾ ਹੈ।
ਉਹ ਸਮੇਂ-ਸਮੇਂ ’ਤੇ ਫ਼ੋਨ ਕਰਕੇ ਮੈਨੂੰ ਵੈਨਕੂਵਰ ਵਿਚ ਭਾਜਪਾ ਦੀਆਂ ਸਰਗਰਮੀਆਂ ਦੀ ਜਾਣਕਾਰੀ ਦਿੰਦਾ ਰਹਿੰਦਾ, ਅਤੇ ਮੈਂ ਬਤੌਰ ਇਕ ਰਿਪੋਰਟਰ ਉਨ੍ਹਾਂ ਦੀ ਰਿਪੋਰਟ ਕਰਦਾ ਰਹਿੰਦਾ। ਪਰ 2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਭਾਰੀ ਬਹੁਮੱਤ ਨਾਲ ਸੱਤਾਧਾਰੀ ਹੋਣ ਨਾਲ ਇਕ ਭਿਆਨਕ ਚੀਜ਼ ਵਾਪਰ ਗਈ, ਜੋ ਕਿ ਬਹੁਤ ਹੀ ਵਿਵਾਦਪੂਰਨ ਸਿਆਸੀ ਸ਼ਖਸ ਹੈ।
ਮੋਦੀ ਓਦੋਂ ਗੁੁਜਰਾਤ ਸੂਬੇ ਦਾ ਮੁੱਖ ਮੰਤਰੀ ਸੀ ਜਦੋਂ ਸੰਨ 2002 ’ਚ ਉਥੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਇਹ ਉਸ ਟਰੇਨ ਨੂੰ ਸਾੜਨ ਤੋਂ ਬਾਦ ਵਾਪਰਿਆ ਜਿਸ ਵਿਚ ਸਵਾਰ 50 ਤੋਂ ਵੱਧ ਹਿੰਦੂ ਧਾਰਮਿਕ ਯਾਤਰੀ ਅੱਗ ਵਿਚ ਜਿਊਂਦੇ ਸੜ ਗਏ ਸਨ। ਮੋਦੀ ਸਰਕਾਰ ਨੇ ਇਸ ਕਾਂਡ ਲਈ ਇਸਲਾਮਿਕ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਇਸ ਤੋਂ ਬਾਦ ਪੂਰੇ ਗੁਜਰਾਤ ਵਿਚ ਭਾਜਪਾ ਕਾਰਕੁਨਾਂ ਦੀ ਅਗਵਾਈ ਹੇਠ ਹਜੂਮਾਂ ਨੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ। ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਕਤਲੇਆਮ ’ਚੋਂ ਜ਼ਿੰਦਾ ਬਚੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਮੋਦੀ ਦੀ ਮਿਲੀਭੁਗਤ ਨਾਲ ਹੋਇਆ। ਇਹ ਮੰਜ਼ਰ 1984 ਵਿਚ ਹਿੰਦੁਸਤਾਨ ਵਿਚ ਕੀਤੇ ਗਏ ਸਿੱਖਾਂ ਦੇ ਕਤਲੇਆਮ ਤੋਂ ਵੱਖਰਾ ਨਹੀਂ ਸੀ, ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਦ ਸਿੱਖ ਭਾਈਚਾਰੇ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਫ਼ਰਕ ਕੇਵਲ ਇਹ ਸੀ ਕਿ ਮੁਸਲਮਾਨਾਂ ਵਿਰੁੱਧ ਹਿੰਸਾ ਨੂੰ ਇਕ ਸੱਜੇਪੱਖੀ ਹਿੰਦੁ ਰਾਸ਼ਟਰਵਾਦੀ ਪਾਰਟੀ ਨੇ ਅੰਜ਼ਾਮ ਦਿੱਤਾ ਸੀ, ਜਦੋਂਕਿ ਸਿੱਖ ਕਤਲੇਆਮ ਕਰਵਾਉਣ ਵਾਲੀ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਧਰਮ-ਨਿਰਪੱਖ ਹੋਣ ਦਾ ਦਾਅਵਾ ਕਰਦੀ ਹੈ।
ਇਕ ਧਰਮਨਿਰਪੱਖ ਬੰਦਾ ਹੋਣ ਦੇ ਨਾਤੇ, ਮੈਂ ਸਾਰੀਆਂ ਹੀ ਧਾਰਮਿਕ ਅੱਤਵਾਦੀ ਵਿਚਾਰਧਾਰਾਵਾਂ ਦੀ ਬਰਾਬਰ ਆਲੋਚਨਾ ਕਰਦਾ ਆ ਰਿਹਾ ਹਾਂ। ਉਸ ਵਕਤ ਮੈਂ ਸਰੀ ਅਧਾਰਤ ਰੇਡੀਓ ਇੰਡੀਆ ਦੇ ਟਾਕ-ਸ਼ੋਅ ਦਾ ਹੋਸਟ ਸੀ। ਮੈਂ ਹਿੰਦੁਸਤਾਨ ਤੋਂ ਪ੍ਰਵਾਸ ਕਰਨ ਤੋਂ ਬਾਦ ਉਸ ਸੰਸਥਾ ਨਾਲ 2001 ’ਚ ਜੁੜਿਆ ਜਿਥੇ ਮੈਂ ਦ ਟਿ੍ਰਬਿਊਨ ਲਈ ਕੰਮ ਕਰਦਾ ਰਿਹਾ ਸੀ। ਹਿੰਦੁਸਤਾਨ ਤੋਂ ਵੱਖ ਹੋਕੇ ਪੰਜਾਬ ਵਿੱਚੋਂ ਸਿੱਖਾਂ ਲਈ ਵੱਖਰਾ ਹੋਮਲੈਂਡ, ਖ਼ਾਲਸਤਾਨ, ਬਣਾਉਣ ਦੀ ਸੋਚ ਦੇ ਧਾਰਨੀ ਸਿੱਖ ਵੱਖਵਾਦੀ ਓਦੋਂ ਕੈਨੇਡਾ ਵਿਚ ਬਹੁਤ ਸਰਗਰਮ ਸਨ ਅਤੇ ਮੈਨੂੰ ਅਕਸਰ ਹੀ ਉਨ੍ਹਾਂ ਦੇ ਖ਼ਿਲਾਫ਼ ਜ਼ਬਾਨ ਬੰਦ ਰੱਖਣ ਦੀ ਨਸੀਹਤ ਦਿੱਤੀ ਜਾਂਦੀ ਸੀ। ਐਪਰ ਮੈਂ ਪੰਜਾਬ ਵਿਚ ਖ਼ਾਲਸਤਾਨੀਆਂ ਵਲੋਂ ਪੰਜਾਬ ਵਿਚ ਕੀਤੇ ਜਾ ਰਹੇ ਜੁਰਮਾਂ ਬਾਰੇ ਆਪਣੀ ਗੱਲ ਠੋਕ-ਵਜਾਕੇ ਕਹਿੰਦਾ ਰਿਹਾ, ਜਿਵੇਂ ਹਿੰਦੂਆਂ ਅਤੇ ਬਹੁਤ ਸਾਰੇ ਖੱਬੇਪੱਖੀਆਂ ਸਮੇਤ ਸਿਆਸੀ ਕਾਰਕੁਨਾਂ ਦੇ ਕਤਲਾਂ ਦੇ ਮਾਮਲੇ। ਯਾਦ ਰਹੇ, ਮੈਂ ਹਿੰਦੁਸਤਾਨੀ ਸਰਕਾਰ ਵਲੋਂ ਖਾੜਕੂਆਂ ਨੂੰ ਦਬਾਉਣ ਲਈ ਕੀਤੀ ਗਈ ਸਖ਼ਤੀ ਅਤੇ 1984 ਵਿਚ ਸਿੱਖਾਂ ਉੱਪਰ ਢਾਹੇ ਗਏ ਜ਼ੁਲਮਾਂ ਦਾ ਵੀ ਬਰਾਬਰ ਆਲੋਚਕ ਰਿਹਾ ਹਾਂ। ਰੇਡੀਓ ਇੰਡੀਆ ਨਾਲ ਜੁੜਨ ਤੋਂ ਇਕ ਸਾਲ ਬਾਦ ਜਦੋਂ ਮੋਦੀ ਵਲੋਂ ਮੁਸਲਮਾਨਾਂ ਵਿਰੁੱਧ ਹਿੰਸਾ ਦੀ ਖੁੱਲ੍ਹ ਦਿੱਤੀ ਗਈ ਤਾਂ ਮੈਂ ਉਸਦੀ ਵੀ ਇਸੇ ਤਰ੍ਹਾਂ ਆਲੋਚਨਾ ਕੀਤੀ ਸੀ। ਪਰ ਇਸਦੇ ਬਾਵਜੂਦ ਵੀ ਖ਼ਾਲਸਤਾਨ ਦੇ ਹਮਾਇਤੀ ਮੇਰੇ ਉੱਪਰ ‘‘ਸਿੱਖ ਵਿਰੋਧੀ’’ ਅਤੇ ‘‘ਹਿੰਦੁਸਤਾਨੀ ਏਜੰਟ’’ ਹੋਣ ਦਾ ਠੱਪਾ ਲਾਉਦੇ ਰਹੇ। ਧਮਕੀਆਂ ਦਾ ਸਿਲਸਿਲਾ ਓਦੋਂ ਸ਼ੁਰੂ ਹੋ ਗਿਆ ਜਦੋਂ ਮੈਂ ਏਅਰ ਇੰਡੀਆ ਜਹਾਜ਼ ਨੂੰ ਬੰਬ ਨਾਲ ਉਡਾਉਣ ਵਿਚ ਸ਼ਾਮਲ ਵਿਅਕਤੀਆਂ ਦੀ ਆਲੋਚਨਾ ਕਰਨੀ ਸ਼ੁਰੂ ਕੀਤੀ। ਮੇਰੇ ਲਈ ਚੰਗੀ ਗੱਲ ਇਹ ਰਹੀ ਕਿ ਮੇਰੇ ਰੇਡੀਓ ਸੰਚਾਲਕ ਸ੍ਰੀ ਮਨਿੰਦਰ ਸਿੰਘ ਗਿੱਲ ਵਲੋਂ ਓਦੋਂ ਮੈਨੂੰ ਕੱਢੇ ਜਾਣ ਲਈ ਪਾਏ ਜਾ ਰਹੇ ਦਬਾਓ ਦੀ ਪ੍ਰਵਾਹ ਨਾ ਕਰਦੇ ਹੋਏ ਤਹਿ-ਦਿਲੋਂ ਮੇਰੀ ਹਮਾਇਤ ਕੀਤੀ ਗਈ। ਉਹ ਇਹ ਸ਼ਿਕਵਾ ਜ਼ਰੂਰ ਕਰਦੇ ਸਨ ਕਿ ਮੇਰੇ ਤਬਸਰੇ ਨਾਲ ਉਨ੍ਹਾਂ ਦੀ ਸੰਸਥਾ ਦਾ ਮਾਇਕ ਨੁਕਸਾਨ ਹੋ ਰਿਹਾ ਸੀ, ਕਿਉਕਿ ਖ਼ਾਲਸਤਾਨੀ ਵਿਚਾਰਧਾਰਾ ਵਾਲੇ ਸਾਡੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਤੋਂ ਹਿਚਕਚਾਹਟ ਦਿਖਾਉਦੇ ਸਨ। ਫਿਰ ਵੀ ਉਹ ਚਟਾਨ ਵਾਂਗ ਡੱਟਕੇ ਮੇਰਾ ਸਾਥ ਦਿੰਦੇ ਰਹੇ।
ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਨਾਲ ਸਥਿਤੀ ਬਿਲਕੁਲ ਬਦਲ ਗਈ। ਨਾ ਸਿਰਫ਼ ਹਿੰਦੁਸਤਾਨ ਵਿਚ, ਸਗੋਂ ਹੋਰ ਮੁਲਕਾਂ ਵਿਚ ਵੀ ਉਸਦੀ ਆਲੋਚਨਾ ਕਰਨ ਵਾਲਿਆਂ ਲਈ ਨਾਖ਼ੁਸ਼ਗਵਾਰ ਹਾਲਤ ਪੈਦਾ ਹੋ ਗਈ । ਹਿੰਦੂ ਅੱਤਵਾਦੀਆਂ ਦੇ ਹੌਸਲੇ ਵਧ ਗਏ। ਉਨ੍ਹਾਂ ਨੇ ਹਰ ਉਸ ਬੰਦੇ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜੋ ਮੋਦੀ ਅਤੇ ਉਸਦੀ ਘਿ੍ਰਣਾ ਫੈਲਾਉਣ ਦੀ ਸਿਆਸਤ ਦੀ ਨੁਕਤਾਚੀਨੀ ਕਰਦਾ ਸੀ। ਹਿੰਦੁਸਤਾਨ ਵਿਚ ਮੋਦੀ ਦੇ ਆਲੋਚਕ ਮੀਡੀਆ ਵਾਲਿਆਂ ਨੂੰ ਦਬਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਈ ਮੀਡੀਆ ਵਾਲੇ ਮਹਿਸੂਸ ਕਰਨ ਲੱਗੇ ਕਿ ਸੱਜੇਪੱਖੀ ਸਰਕਾਰ ਹੇਠ ਸੈਂਸਰਸ਼ਿਪ ਦੇ ਦੌਰ ਦੀ ਸ਼ੁਰੂਆਤ ਹੋ ਗਈ ਹੈ। ਚੁਣੇ ਜਾਣ ਤੋਂ ਬਾਦ ਜਦੋਂ ਭਾਜਪਾ ਸੱਤਾਧਾਰੀ ਹੋ ਗਈ ਤਾਂ ਇਸ ਨੂੰ ਦੁਨੀਆ ਭਰ ਵਿਚ ਵਾਜਬੀਅਤ ਹਾਸਲ ਹੋ ਗਈ। ਜਿਹੜੇ ਬਹੁਤ ਸਾਰੇ ਮੁਲਕ ਮੁਸਲਮਾਨਾਂ ਉੱਪਰ ਕੀਤੀ ਹਿੰਸਾ ਕਾਰਨ ਮੋਦੀ ਨੂੰ ਵੀਜ਼ਾ ਨਹੀਂ ਦੇ ਰਹੇ ਸਨ, ਹੁਣ ਉਸ ਨੂੰ ਉੱਥੇ ਜਾਣ ਦੀ ਖੁੱਲ੍ਹ ਮਿਲ ਗਈ ਸੀ। ਹੋਰ ਤਾਂ ਹੋਰ, ਭਾਜਪਾ ਅਤੇ ਇਸਦੇ ਹਮਾਇਤੀਆਂ ਦਾ ਵੀ ਇੰਡੋ-ਕੈਨੇਡੀਅਨ ਭਾਈਚਾਰੇ ਵਿਚ ਹੱਥ ਉੱਪਰੋਂ ਦੀ ਹੋ ਗਿਆ ਸੀ ਅਤੇ ਹਿੰਦੁਸਤਾਨੀ ਕੌਂਸਲਖ਼ਾਨਿਆਂ ਅੰਦਰ ਇਨ੍ਹਾਂ ਦਾ ਰਸੂਖ਼ ਵਧ ਗਿਆ ਸੀ। ਇਨ੍ਹਾਂ ਹਾਲਾਤ ਵਿਚ, ਕਈ ਗਰੁੱਪਾਂ ਨੇ ਮੋਦੀ ਦੇ ਅਮਰੀਕਾ ਦੌਰੇ ਦੇ ਵਕਤ ਇਸਦੇ ਖ਼ਿਲਾਫ਼ ਵਿਰੋਧ-ਰੈਲੀਆਂ ਜਥੇਬੰਦ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਵਿੱਚੋਂ ਇਕ ਸੀ ਮਨੁੱਖੀ ਹੱਕਾਂ ਦਾ ਹਮਾਇਤੀ ਗਰੁੱਪ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.), ਜੋ ਸਿੱਖ ਪ੍ਰਭੂਸੱਤਾ ਦੀ ਹਮਾਇਤ ਕਰਦਾ ਹੈ। ਮੈਂ ਮੋਦੀ ਦੇ ਵਿਵਾਦਪੂਰਨ ਦੌਰੇ ਨੂੰ ਉਜਾਗਰ ਕਰਨ ਅਤੇ ਐੱਸ.ਐੱਫ.ਜੇ. ਨੂੰ ਆਪਣੇ ਪ੍ਰੋਗਰਾਮ ਵਿਚ ਕੁਝ ਵਕਤ ਦੇਣ ਦਾ ਫ਼ੈਸਲਾ ਕੀਤਾ। ਭਾਵੇਂ ਉਨ੍ਹਾਂ ਦੇ ਸਿੱਖ ਪ੍ਰਭੂਸੱਤਾ ਦੇ ਏਜੰਡੇ ਨਾਲ ਮੇਰੇ ਸਖ਼ਤ ਮੱਤਭੇਦ ਹਨ, ਪਰ ਬਤੌਰ ਇਕ ਪੱਤਰਕਾਰ ਮੈਂ ਉਨ੍ਹਾਂ ਦੇ ਆਗੂਆਂ ਨਾਲ ਮੋਦੀ ਦੇ ਦੌਰੇ ਅਤੇ ਸਤੰਬਰ 2014 ਵਿਚ ਉਸਦੇ ਦੌਰੇ ਦੇ ਖ਼ਿਲਾਫ਼ ਵਿਉਤੇ ਗਏ ਵਿਰੋਧ-ਪ੍ਰਦਰਸ਼ਨ ਬਾਰੇ ਉਨ੍ਹਾਂ ਦੇ ਆਗੂਆਂ ਨਾਲ ਗੱਲ ਕਰਨੀ ਜ਼ਰੂਰੀ ਸਮਝਦਾ ਸੀ। ਇਸ ਤੋਂ ਮੇਰਾ ਰੇਡੀਓ ਸੰਚਾਲਕ ਬਹੁਤ ਖ਼ਫ਼ਾ ਹੋਇਆ। ਖ਼ਾਸ ਤੌਰ ’ਤੇ ਉਸ ਨੂੰ ਇਕ ਸਿੱਖ ਹੋਮਲੈਂਡ ਦੇ ਹਮਾਇਤੀ ਨਾਲ ਇੰਟਰਵਿਊ ਕੀਤੇ ਜਾਣ ਤੋਂ ਔਖ ਸੀ। ਗੱਲ ਏਨੀ ਕੁ ਹੀ ਨਹੀਂ ਸੀ, ਉਹ ਚਾਹੁੰਦਾ ਸੀ ਕਿ ਮੈਂ ਰੇਡੀਓ ਸਟੇਸ਼ਨ ਦੀ ਤਰਫ਼ੋਂ ਮੋਦੀ ਦੇ ਦੌਰੇ ਦੇ ਗੁਣ ਗਾਉਣੇ ਸ਼ੁਰੂ ਕਰਾਂ। ਜੇ ਮੈਂ ਇੰਞ ਨਹੀਂ ਕਰ ਸਕਦਾ ਤਾਂ ਮੈਨੂੰ ਮਸ਼ਵਰਾ ਦਿੱਤਾ ਗਿਆ ਕਿ ਇਸਦੀ ਥਾਂ ਹੋਰ ਡਿਊਟੀ ਕਰ ਲਵਾਂ। ਇਸ ਨੂੰ ਲੈਕੇ ਤਕਰਾਰਬਾਜ਼ੀ ਹੋਈ ਅਤੇ ਮੈਂ ਉਸ ਸੰਸਥਾ ਨੂੰ ਛੱਡਣ ਦਾ ਫ਼ੈਸਲਾ ਲੈ ਲਿਆ।
ਇਸ ਨਿੱਕੇ ਜਹੇ ਕਦਮ ਨੇ ਮੈਨੂੰ ਉਨ੍ਹਾਂ ਹੀ ਲੋਕਾਂ ਵਿੱਚੋਂ ਅਲੱਗ-ਥਲੱਗ ਕਰ ਦਿੱਤਾ ਜੋ ਖ਼ਾਲਸਤਾਨੀਆਂ ਦੇ ਖ਼ਿਲਾਫ਼ ਮੇਰੇ ਪੈਂਤੜੇ ਦੀਆਂ ਤਾਰੀਫ਼ਾਂ ਕਰਦੇ ਸਨ। ਜਿਹੜੇ ਭਾਜਪਾ ਆਗੂ ਮੈਨੂੰ ਸ਼ੇਰ ਕਹਿੰਦੇ ਸਨ ਅਤੇ ਅਕਸਰ ਕਿਹਾ ਕਰਦੇ ਸਨ ‘‘ਤੂੰ ਹਮੇਸ਼ਾ ਸਾਡੇ ਦਿਲ ਵਿਚ ਵੱਸਦਾ ਏਂ’’ ਉਨ੍ਹਾਂ ਨੇ ਹੁਣ ਮੇਰੇ ਤੋਂ ਐਨੀ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਉਥੇ ਆਉਣਾ ਸੀ ਤਾਂ ਉਨ੍ਹਾਂ ਨੇ ਸਮਾਗਮ ਦੀ ਰਿਪੋਰਟ ਕਰਨ ਲਈ ਮੈਨੂੰ ਸੱਦਾ ਨਹੀਂ ਦਿੱਤਾ।
ਜਦੋਂ ਪੰਜਾਬ ਤੋਂ ਇਕ ਸੀਨੀਅਰ ਸਿਆਸਤਦਾਨ ਪ੍ਰੇਮ ਸਿੰਘ ਚੰਦੂਮਾਜਰਾ ਆਇਆ ਓਦੋਂ ਵੀ ਮੈਨੂੰ ਇੰਞ ਹੀ ਅਪਮਾਨਤ ਕੀਤਾ ਗਿਆ। ਸ੍ਰੀ ਚੰਦੂਮਾਜਰਾ ਦੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੀ ਭਾਜਪਾ ਨਾਲ ਸੱਤਾ ਦੀ ਸਾਂਝ ਹੈ। ਇਸਦੇ ਹਮਾਇਤੀ ਸਾਲਾਂ ਤੋਂ ਮੇਰੇ ਵਾਕਫ਼ ਹਨ। ਕਿਸੇ ਨੇ ਵੀ ਮੈਨੂੰ ਮੀਡੀਆ ਕਾਨਫਰੰਸ ਵਿਚ ਨਹੀਂ ਸੱਦਿਆ, ਇਸ ਤੱਥ ਦੇ ਬਾਵਜੂਦ ਕਿ ਭਾਜਪਾ ਅਤੇ ਅਕਾਲੀ ਦਲ ਦੋਵਾਂ ਪਾਰਟੀਆਂ ਦੇ ਹਮਾਇਤੀ ਜਾਣਦੇ ਸਨ ਕਿ ਮੈਂ ਅਜੇ ਵੀ ਹਿੰਦੁਸਤਾਨ ਦੀਆਂ ਹਿੰਦੁਸਤਾਨ ਟਾਈਮਜ਼ ਵਰਗੀਆਂ ਨਾਮਵਰ ਅਖ਼ਬਾਰਾਂ ਲਈ ਲਿਖਦਾ ਹਾਂ, ਜਿਨ੍ਹਾਂ ਲਈ ਖੱਟੜ ਅਤੇ ਚੰਦੂਮਾਜਰਾ ਦੀਆਂ ਫੇਰੀਆਂ ਦੀ ਕਵਰੇਜ਼ ਅਹਿਮ ਸੀ।
ਇਹ ਗ਼ੌਰਤਲਬ ਹੈ ਕਿ ਇਕ ਹਿੰਦੂ ਮੰਦਰ ਦੇ ਜਿਸ ਆਗੂ ਨੇ ਏਅਰ ਇੰਡੀਆ ਬਾਰੇ ਮੇਰੀ ਕਿਤਾਬ ਨੂੰ ਲੈਕੇ ਮੈਨੂੰ ਸਨਮਾਨਤ ਕੀਤਾ ਸੀ ਉਸਨੇ ਮੇਰੇ ਉਪਰ ਇਲਜ਼ਾਮ ਲਾਇਆ ਕਿ ਮੇਰਾ ਮੋਦੀ ਦੇ ਖ਼ਿਲਾਫ਼ ਕੋਈ ਏਜੰਡਾ ਹੈ। ਇਕ ਰੇਡੀਓ ਇੰਟਰਵਿਊ ਦੌਰਾਨ ਜਦੋਂ ਮੈਂ ਮੋਦੀ ਦੀ ਹਮਾਇਤ ਨੂੰ ਲੈਕੇ ਉਸਨੂੰ ਘੇਰਿਆ ਤਾਂ ਉਸਨੇ ਇਕਦਮ ਫ਼ੋਨ ਕੱਟ ਦਿੱਤਾ। ਉਹ ਮੋਦੀ ਦਾ ਕੱਟੜ ਹਮਾਇਤੀ ਹੈ, ਪਰ ਸਿੱਖ ਮੂਲਵਾਦੀਆਂ ਦਾ ਬਹੁਤ ਆਲੋਚਕ ਹੈ।
ਵੈਨਕੂਵਰ ਵਿਚਲੇ ਹਿੰਦੁਸਤਾਨੀ ਏਜੰਟਾਂ ਨੇ ਵੀ ਮੈਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਮੈਨੂੰ ਅਕਸਰ ਹੀ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਤੋਂ ਖ਼ਬਰ ਮਿਲਦੀ ਰਹਿੰਦੀ ਹੈ ਕਿ ਉਹ ਮੇਰੇ ਤਬਸਰੇ ਤੋਂ ਡਾਹਢੇ ਪ੍ਰੇਸ਼ਾਨ ਹਨ, ਜੋ ਜ਼ਾਹਰਾ ਤੌਰ ’ਤੇ ਧਾਰਮਿਕ ਘੱਟਗਿਣਤੀਆਂ ਦੇ ਖ਼ਿਲਾਫ਼ ਭਾਜਪਾ ਦੀਆਂ ਸੱਜੇਪੱਖੀ ਨੀਤੀਆਂ ਅਤੇ ਮੋਦੀ ਦੇ ਰਾਜ ਵਿਚ ਮੁਸਲਮਾਨਾਂ ਤੇ ਈਸਾਈਆਂ ਉੱਪਰ ਵਧ ਰਹੇ ਹਮਲਿਆਂ ਦੇ ਹੱਕ ਵਿਚ ਨਹੀਂ ਹੁੰਦੇ। ਕੁਝ ਸੂਤਰ ਮੈਨੂੰ ਦੱਸਦੇ ਹਨ ਕਿ ਉਹ ਮੈਨੂੰ ਹੁਣ ‘‘ਮਿੱਤਰ ਹੋਇਆ ਦੁਸ਼ਮਣ’’ ਕਹਿੰਦੇ ਹਨ। ਮੈਨੂੰ ਹੁਣ ਕਦੇ ਉਨ੍ਹਾਂ ਦੇ ਅਧਿਕਾਰਤ ਸਮਾਗਮਾਂ ਦੀ ਕਵਰੇਜ਼ ਕਰਨ ਲਈ ਸੱਦਾ ਨਹੀਂ ਆਉਦਾ, ਹਾਲਾਂਕਿ ਉਨ੍ਹਾਂ ਨੇ 2010 ’ਚ ਹਿੰਦੁਸਤਾਨ ਵਿਚ ਕੀਤੇ ਗਏ ਪ੍ਰਵਾਸੀ ਹਿੰਦੁਸਤਾਨੀ ਭਾਈਚਾਰੇ ਦੇ ਸਾਲਾਨਾ ਸਮਾਗਮ ਦੀ ਕਵਰੇਜ਼ ਲਈ ਮੇਰੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਖ਼ਾਲਸਤਾਨੀ ਅੱਤਵਾਦੀਆਂ ਦੀ ਅਕਸਰ ਆਲੋਚਨਾ ਦੇ ਦੌਰ ਵਿਚ, ਮੋਦੀ ਦੇ ਸੱਤਾਧਾਰੀ ਹੋਣ ਤੋਂ ਪਹਿਲਾਂ, ਉਹ ਮੈਨੂੰ ਫ਼ੋਨ ਕਰਕੇ ਮੇਰੀ ਪੱਤਰਕਾਰੀ ਦੀ ਤਾਰੀਫ਼ ਕਰਦੇ ਰਹਿੰਦੇ ਸਨ। ਓਦੋਂ ਮੈਨੂੰ ਹਿੰਦੁਸਤਾਨ ਦਾ ਮਿੱਤਰ ਸਮਝਿਆ ਜਾਂਦਾ ਸੀ।
ਜਦੋਂ ਮੈਂ ਸਪਾਈਸ ਰੇਡੀਓ ਨਾਲ ਜੁੜਿਆ ਤਾਂ ਕੁਝ ਹਿੰਦੁਸਤਾਨ ਅਧਿਕਾਰੀਆਂ ਨੇ ਮੇਰੇ ਇਸ ਰੇਡੀਓ ਦੀ ਸੰਚਾਲਕ, ਸ਼ੁਸਮਾ ਦੱਤ, ਕੋਲ ਆਪਣੀ ਨਾਖੁਸ਼ੀ ਦਾ ਇਜ਼ਹਾਰ ਕੀਤਾ। ਪਰ ਉਹ ਕਿਸੇ ਨਵਾਜਬ ਦਬਾਓ ਹੇਠ ਨਹੀਂ ਆਏ ਅਤੇ ਮੈਨੂੰ ਸਾਫ਼-ਸੁਥਰੇ ਢੰਗ ਨਾਲ ਅਤੇ ਬੇਖ਼ੌਫ਼ ਹੋ ਕੇ ਕੰਮ ਕਰਨ ਦੀ ਆਜ਼ਾਦੀ ਦਿੱਤੀ। ਆਖ਼ਿਰਕਾਰ, ਉਹ ਇਕ ਤਜ਼ਰਬੇਕਾਰ ਬਰਾਡਕਾਸਟਰ ਹਨ ਜਿਨ੍ਹਾਂ ਨੂੰ ਇਹ ਸੂਝ ਹੈ ਕਿ ਮੀਡੀਆ ਨੂੰ ਦਿਆਨਤਦਾਰੀ ਨਾਲ ਕਿਵੇਂ ਚਲਾਉਣਾ ਹੈ। ਜਦੋਂ ਮੈਂ ਮੋਦੀ ਦੇ ਖ਼ਿਲਾਫ਼ ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਨੂੰ ਰੇਡੀਓ ਉੱਪਰ ਆਪਣੇ ਮਨ ਦੀ ਗੱਲ ਕਹਿਣ ਲਈ ਵਕਤ ਦਿੱਤਾ, ਜਾਂ ਮੋਦੀ ਦੇ ਦੌਰੇ ਦਾ ਵਿਰੋਧ ਕਰਨ ਵਾਲਿਆਂ ਨਾਲ ਇੰਟਰਵਿਊ ਕੀਤੀਆਂ, ਤਾਂ ਉਨ੍ਹਾਂ ਨੇ ਕਦੇ ਵੀ ਦਖ਼ਲ ਨਹੀਂ ਦਿੱਤਾ। ਪਰ ਸ਼ਰਮਨਾਕ ਗੱਲ ਇਹ ਹੈ ਕਿ ਉਨ੍ਹਾਂ ਦੀ ਦਰਿਆਦਿਲੀ ਦੇ ਬਾਵਜੂਦ ਸਾਡੇ ਭਾਈਚਾਰੇ ਦੇ ਕੁਝ ਅਗਾਂਹਵਧੂ ਕਹਾਉਣ ਵਾਲਿਆਂ ਨੇ ਮੈਨੂੰ ਸਵਾਲ ਕੀਤੇ ਕਿ ਹਿੰਦੂ ਹੋ ਕੇ ਕੀ ਉਹ ਮੈਨੂੰ ਮੋਦੀ ਦੀ ਆਲੋਚਨਾ ਕਰਨ ਦੀ ਇਜਾਜ਼ਤ ਦੇਵੇਗੀ? ਮਹਿਜ਼ ਇਸ ਕਰਕੇ ਕਿ ਉਹ ਇਕ ਹਿੰਦੂ ਔਰਤ ਹੈ, ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਭਾਜਪਾ ਦੀ ਹਮਾਇਤੀ ਹੈ। ਕੀ ਇਹ ਪੁੱਛਿਆ ਜਾ ਸਕਦਾ ਹੈ ਕਿ ਸਾਊਥ ਏਸ਼ੀਅਨ ਰੇਡੀਓ ਸਟੇਸ਼ਨਾਂ ਦੇ ਮਰਦ ਸਿੱਖ ਮਾਲਕਾਂ ਦੇ ਨਸਲੀ-ਸਭਿਆਚਾਰਕ ਪਿਛੋਕੜ ਨੂੰ ਲੈਕੇ ਇਨ੍ਹਾਂ ਲੋਕਾਂ ਨੇ ਕਿੰਨੀ ਕੁ ਵਾਰ ਐਸੇ ਸਵਾਲ ਕੀਤੇ ਹਨ?
ਇਥੇ ਹੀ ਬਸ ਨਹੀਂ, ਮੁਕਾਮੀ ਸਿੱਖ ਭਾਈਚਾਰੇ ਵਿਚਲੇ ਨਰਮਖ਼ਿਆਲ ਅਤੇ ਧਰਮਨਿਰਪੱਖ ਸੱਜਣਾਂ, ਜੋ ਸਿੱਖ ਮੂਲਵਾਦ ਦੇ ਖ਼ਿਲਾਫ਼ ਹਨ ਅਤੇ ਅਕਸਰ ਹਿੰਦੁਸਤਾਨ ਦਾ ਪੱਖ ਲੈਂਦੇ ਹਨ, ਉਨ੍ਹਾਂ ਨੇ ਵੀ ਮੈਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਇਸ ਤੱਥ ਦੇ ਬਾਵਜੂਦ ਸੀ ਕਿ ਇਕ ਐਸੇ ਸਮਾਗਮ ਵਿਚ ਮੈਂ ਉਨ੍ਹਾਂ ਦੇ ਹੱਕ ਵਿਚ ਖੜ੍ਹਿਆ ਸੀ ਜੋ ਧਾਰਮਿਕ ਮਾਮਲਿਆਂ ਉੱਪਰ ਮੂਲਵਾਦੀ ਤਾਕਤਾਂ ਦੀ ਤਰਫ਼ੋਂ ਕੱਟੜ ਸਿੱਖ ਪੁਜਾਰੀ ਵਰਗ ਨੇ ਉਨ੍ਹਾਂ ਨੂੰ ਭਾਈਚਾਰੇ ਵਿੱਚੋਂ ਛੇਕਣ ਲਈ ਜਥੇਬੰਦ ਕੀਤਾ ਸੀ। ਉਨ੍ਹਾਂ ਵਿੱਚੋਂ ਕੁਝ ਤਾਂ ਅਮਰੀਕਾ ਵਿਚ ਜਾਕੇ ਮੋਦੀ ਨੂੰ ਮਿਲੇ ਅਤੇ ਉਨ੍ਹਾਂ ਵਿਚ ਸ਼ਾਮਲ ਹੋਏ ਜਿਨ੍ਹਾਂ ਨੇ 2015 ’ਚ ਮੋਦੀ ਦੇ ਵੈਨਕੂਵਰ ਦੌਰੇ ਸਮੇਂ ਉਸਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਬਾਕੀ ਜੋ ਖ਼ੁਦ ਨੂੰ ਮਾਰਕਸਵਾਦੀ ਕਹਾਉਦੇ ਹਨ ਅਤੇ ਹਿੰਦੁਸਤਾਨ ਦੀਆਂ ਮੁੱਖਧਾਰਾ ਕਮਿਊਨਿਸਟ ਪਾਰਟੀਆਂ ਨਾਲ ਜੁੜੇ ਹੋਏ ਹਨ ਜੋ ਮੋਦੀ ਦਾ ਵਿਰੋਧ ਕਰਦੀਆਂ ਹਨ, ਉਹ ਵੈਨਕੂਵਰ ਵਿਚ ਮੋਦੀ ਸਰਕਾਰ ਦੇ ਖ਼ਿਲਾਫ਼ ਹੋਈ ਕਿਸੇ ਵੀ ਸਰਗਰਮੀ ਜਾਂ ਵਿਰੋਧ-ਪ੍ਰਦਰਸ਼ਨ ਪ੍ਰਤੀ ਉਦਾਸੀਨ ਬਣੇ ਰਹੇ। ਇਹ ਗ਼ੌਰਤਲਬ ਹੈ ਕਿ ਉਹ ਸਿੱਖ ਵੱਖਵਾਦੀਆਂ ਨੂੰ ਗੁਰਦੁਆਰਿਆਂ ਤੋਂ ਪਰ੍ਹਾਂ ਰੱਖਣ ਦੇ ਮਨੋਰਥ ਨਾਲ ਉਥੇ ਨਰਮਖ਼ਿਆਲੀਆਂ ਦਾ ਕੰਟਰੋਲ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਹਮਾਇਤ ਕਰਦੇ ਆ ਰਹੇ ਹਨ। ਉਨ੍ਹਾਂ ਦੇ ਵੀ ਹਿੰਦੁਸਤਾਨੀ ਏਜੰਟਾਂ ਨਾਲ ਨਿੱਘੇ ਸਬੰਧ ਬਣੇ ਹੋਏ ਹਨ।
ਇੰਞ ਲਗਦਾ ਹੈ ਕਿ ਨਰਮਖ਼ਿਆਲੀਆਂ ਦੇ ਇਸ ਮਹਾਂ ਗੱਠਜੋੜ ਦੀ ਧਰਮਨਿਰਪੱਖਤਾ ਪ੍ਰਤੀ ਵਚਨਬੱਧਤਾ ਝੂਠੀ ਅਤੇ ਚੋਣਵੀਂ ਹੈ। ਇਹ ਮੋਦੀ ਦੀ ਪਾਰਟੀ ਦੇ ਮੂਲਵਾਦ ਨੂੰ ਸਹਿਜੇ ਹੀ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਦੋਂਕਿ ਸਿੱਖ ਅੱਤਵਾਦੀਆਂ ਨੂੰ ਹੀ ਨਿਸ਼ਾਨਾ ਬਣਾਉਦੇ ਹਨ। ਉਹ ਅਜਿਹਾ ਜਾਂ ਤਾਂ ਆਪਣੀ ਅੰਨ੍ਹੀ ਦੇਸ਼ਭਗਤੀ ਕਾਰਨ ਕਰਦੇ ਹਨ ਜਾਂ ਫਿਰ ਨਵੀਂ ਦਿੱਲੀ ਵਿਚਲੇ ਆਪਣੇ ਸਿਆਸੀ ਪ੍ਰਭੂਆਂ ਨੂੰ ਖੁਸ਼ ਰੱਖਣ ਦੇ ਏਜੰਡੇ ਨਾਲ।
ਜਦੋਂ ਮੋਦੀ ਸਰਕਾਰ ਨੂੰ ਸੱਤਾਧਾਰੀ ਹੋਇਆਂ ਦੋ ਸਾਲ ਹੋਣ ਵਾਲੇ ਹਨ, ਤਾਂ ਹਿੰਦੂ ਅੱਤਵਾਦ ਦਾ ਖ਼ਤਰਾ ਬਹੁਤ ਵਧ ਚੁੱਕਾ ਹੈ। ਜਿਹੜਾ ਵੀ ਕੋਈ ਉਨ੍ਹਾਂ ਦੀ ਵਿਚਾਰਧਾਰਾ ਅਤੇ ਘੱਟਗਿਣਤੀਆਂ ਵਿਰੋਧੀ ਪੈਂਤੜੇ ਨੂੰ ਚੁਣੌਤੀ ਦਿੰਦਾ ਹੈ, ਉਸ ਉੱਪਰ ਰਾਸ਼ਟਰ ਵਿਰੋਧੀ ਦਾ ਠੱਪਾ ਲਾ ਦਿੱਤਾ ਜਾਂਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਹਿੰਦੁਸਤਾਨ ਉੱਪਰ ਬਰਤਾਨੀਆ ਦਾ ਕਬਜ਼ਾ ਸੀ, ਓਦੋਂ ਘੋਰ ਹਿੰਦੂ ਰਾਸ਼ਟਰਵਾਦੀ ਸੰਸਥਾ, ਰਾਸ਼ਟਰੀ ਸੋਇਮਸੇਵਕ ਸੰਘ, ਨੇ ਕਦੇ ਵੀ ਆਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਨਹੀਂ ਲਿਆ। ਸਗੋਂ ਇਸਦੇ ਹਮਾਇਤੀ ਹਿੰਦੂਆਂ ਅਤੇ ਮੁਸਲਮਾਨਾਂ ਦੇ ਦੋ ਅਲਹਿਦਾ ਕੌਮਾਂ ਦੀ ਮੰਗ ਕਰਦੇ ਰਹੇ ਅਤੇ ਅੰਗਰੇਜ਼ ਹੁਕਮਰਾਨਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਜਾਰੀ ਰੱਖਣ ’ਚ ਉਨ੍ਹਾਂ ਦਾ ਹੱਥ ਵਟਾਉਦੇ ਰਹੇ। ਇਨ੍ਹਾਂ ਨੇ 1948 ਵਿਚ ਸ਼ਾਂਤਮਈ ਵਿਰੋਧ ਲਹਿਰ ਦੇ ਸਿਰਕੱਢ ਆਗੂ ਮਹਾਤਮਾ ਗਾਂਧੀ ਨੂੰ ਕਤਲ ਕੀਤਾ, ਕਿਉਕਿ ਉਹ ਮੁਸਲਮਾਨਾਂ ਉੱਪਰ ਹਿੰਸਾ ਅਤੇ ਛੂਆਛਾਤ ਦੋਹਾਂ ਦੇ ਸਖ਼ਤ ਖ਼ਿਲਾਫ਼ ਸੀ ਜਿਸ ਛੂਆਛਾਤ ਦੀ ਖੁੱਲ੍ਹ ਰੂੜ੍ਹੀਵਾਦੀ ਹਿੰਦੂ ਸਮਾਜ ਦਿੰਦਾ ਸੀ। ਗਾਂਧੀ ਨੂੰ ਹਮੇਸ਼ਾ ਹਿੰਦੁਸਤਾਨ ਦਾ ਰਾਸ਼ਟਰ ਪਿਤਾ ਮੰਨਿਆ ਜਾਂਦਾ ਰਿਹਾ ਹੈ। ਜਦੋਂ ਤੋਂ ਮੋਦੀ ਸੱਤਾ ਵਿਚ ਆਇਆ ਹੈ, ਨੱਥੂਰਾਮ ਗੌਡਸੇ ਦੇ ਬੁੱਤ ਲਗਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ, ਜੋ ਹਿੰਦੂ ਅਲਹਿਦਾਪਸੰਦੀ ਦਾ ਗਹਿਗੱਡਵਾਂ ਹਮਾਇਤੀ ਅਤੇ ਗਾਂਧੀ ਦਾ ਕਾਤਲ ਸੀ। ਜਿਹੜਾ ਵੀ ਕੋਈ ਭਾਜਪਾ ਅਤੇ ਹਿੰਦੂ ਅੱਤਵਾਦੀਆਂ ਨੂੰ ਇਸ ਤਰ੍ਹਾਂ ਦੇ ਸਵਾਲ ਕਰਦਾ ਹੈ ਉਸ ਉੱਪਰ ਤੁਰੰਤ ਰਾਸ਼ਟਰ ਵਿਰੋਧੀ ਦਾ ਠੱਪਾ ਜੜ ਦਿੱਤਾ ਜਾਂਦਾ ਹੈ। ਇੰਞ ਲਗਦਾ ਹੈ ਕਿ ‘‘ਰਾਸ਼ਟਰ ਵਿਰੋਧੀ’’ ਭਾਜਪਾ ਵਿਰੋਧੀ ਹਰ ਚੀਜ਼ ਦਾ ਸਮਾਨਅਰਥੀ ਬਣ ਗਿਆ ਹੈ। ਇਸ ਵਰ੍ਹੇ ਬਹੁਤ ਸਾਰੀਆਂ ਘਟਨਾਵਾਂ ਦਾ ਸਿਲਸਿਲਾ ਸਾਹਮਣੇ ਆਇਆ ਜਿਨ੍ਹਾਂ ਵਿਚ ਉਨ੍ਹਾਂ ਵਿਦਿਆਰਥੀਆਂ, ਵਿਦਵਾਨਾਂ, ਪੱਤਰਕਾਰਾਂ, ਕਾਰਕੁਨਾਂ ਅਤੇ ਚੁਣੇ ਹੋਏ ਅਧਿਕਾਰੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ, ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਜਾਂ ਉਨ੍ਹਾਂ ਉੱਪਰ ਰਾਜਧੋ੍ਰਹ ਦੇ ਇਲਜ਼ਾਮ ਥੋਪੇ ਗਏ ਜੋ ਧਾਰਮਿਕ ਅਸਹਿਣਸ਼ੀਲਤਾ ਅਤੇ ਹਿੰਦੂ ਰਾਸ਼ਟਰਵਾਦ ਦੇ ਵਧ ਰਹੇ ਖ਼ਤਰੇ ਦੀ ਆਲੋਚਨਾ ਕਰਦੇ ਹਨ। ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਉੱਪਰ ਰਾਜਧੋ੍ਰਹ ਦੇ ਇਲਜ਼ਾਮ ਲਾਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਕਿਉਕਿ ਉਹ ਮੋਦੀ ਸਰਕਾਰ ਉੱਪਰ ਸਵਾਲ ਉਠਾਉਦੇ ਸਨ। ਜਦੋਂ ਮੈਨੂੰ ਰੇਡੀਓ ਇੰਡੀਆ ਛੱਡਣਾ ਪਿਆ ਅਤੇ ਮੈਂ ਖ਼ਾਮੋਸ਼ ਸਮਾਜੀ ਬਾਈਕਾਟ ਦਾ ਸ਼ਿਕਾਰ ਹੋਇਆ, ਓਦੋਂ ਕਦੇ-ਕਦਾਈਂ ਮੈਂ ਬਹੁਤ ਇਕੱਲਾ ਮਹਿਸੂਸ ਕਰਦਾ ਸੀ। ਪਰ ਅੱਜ ਜਦੋਂ ਮੈਂ ਲੋਕਾਂ ਵਲੋਂ ਮੋਦੀ ਸਰਕਾਰ ਨਾਲ ਦੇ ਕੀਤੇ ਜਾ ਰਹੇ ਟਾਕਰੇ ਨੂੰ ਦੇਖਦਾ ਹਾਂ ਤਾਂ ਮੈਂ ਐਸੀ ਭਾਵਨਾ ਤੋਂ ਮੁਕਤ ਮਹਿਸੂਸ ਕਰਦਾ ਹਾਂ। ਸਗੋਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਮੋਦੀ ਜਨੂੰਨ ਦੇ ਖ਼ਿਲਾਫ਼ ਡੱਟਕੇ ਖੜ੍ਹਿਆ ਹਾਂ। ਜੇ ਤਰਕ, ਬਹੁਲਤਾਵਾਦ ਅਤੇ ਮਨੁੱਖਤਾ ਲਈ ਖੜ੍ਹਨ ਬਦਲੇ ਕਿਸੇ ਉੱਪਰ ਰਾਸ਼ਟਰ ਵਿਰੋਧੀ ਹੋਣ ਦਾ ਠੱਪਾ ਲਾਇਆ ਜਾਂਦਾ ਹੈ ਤਾਂ ਮੈਨੂੰ ਨਿਸ਼ਚੇ ਹੀ ਰਾਸ਼ਟਰ ਵਿਰੋਧੀ ਹੋਣ ਉੱਪਰ ਪੂਰਾ ਮਾਣ ਹੈ।
ਪਰ ਇਥੇ ਮੇਰਾ ਸਵਾਲ ਉਨ੍ਹਾਂ ਨੂੰ ਹੈ ਜੋ ਰਾਸ਼ਟਰਵਾਦੀ ਹੋਣ ਦੇ ਦਾਅਵੇ ਕਰਦੇ ਹਨ: ਉਨ੍ਹਾਂ ਦੀ ਰਾਸ਼ਟਰ ਦੀ ਵਿਆਖਿਆ ਕੀ ਹੈ? ਕੀ ਇਹ ਮਹਿਜ਼ ਇਕ ਇਲਾਕਾ, ਜ਼ਮੀਨ ਦਾ ਟੁਕੜਾ, ਜਾਂ ਸਿਆਸੀ ਸਰਹੱਦਾਂ ਅਤੇ ਧਰਤੀ ਨੂੰ ਲੈਕੇ ਇਕ ਬਣਤਰ ਹੀ ਰਾਸ਼ਟਰ ਹੈ ਜਿਸਦੀ ਨੁਮਾਇੰਦਗੀ ਇਕ ਚਿੰਨ੍ਹਾਤਮਕ ਝੰਡਾ ਜਾਂ ਇਕ ਸੰਵਿਧਾਨ ਕਰਦੇ ਹਨ? ਜਾਂ ਇਕ ਰਾਸ਼ਟਰ ਦੀ ਨੁਮਾਇੰਦਗੀ ਲੋਕ ਕਰਦੇ ਹਨ? ਜਾਂ ਉਹ ਮਨੁੱਖੀ ਪ੍ਰਾਣੀ ਰਾਸ਼ਟਰ ਹਨ, ਜਿਨ੍ਹਾਂ ਦੇ ਬਿਹਤਰ ਜ਼ਿੰਦਗੀ ਦੇ ਸੁਪਨੇ ਹਨ ਅਤੇ ਜੋ ਮਾਣ-ਸਨਮਾਨ ਵਾਲੀ ਜ਼ਿੰਦਗੀ ਚਾਹੁੰਦੇ ਹਨ? ਜੇ ਕੋਈ ਰਾਸ਼ਟਰ ਵਿਰੋਧੀ ਹੈ ਤਾਂ ਨਿਸ਼ਚੇ ਹੀ ਉਹ ਇਨਸਾਨ ਰਾਸ਼ਟਰ ਵਿਰੋਧੀ ਨਹੀਂ ਜੋ ਲੋਕਾਂ ਦੇ ਹੱਕਾਂ ਲਈ ਜੂਝਦੇ ਹਨ, ਸਗੋਂ ਉਹ ਰਾਸ਼ਟਰ ਵਿਰੋਧੀ ਹਨ ਜੋ ਸੱਤਾ ਦੀਆਂ ਜੁੱਤੀਆਂ ਚੱਟਦੇ ਹਨ ਅਤੇ ਲੋਕਾਂ ਦੇ ਖ਼ਿਲਾਫ਼ ਕੰਮ ਕਰਦੇ ਹਨ, ਅਤੇ ਜੋ ਆਪਣੀ ਸਿਆਸੀ ਹੋਂਦ ਬਣਾਈ ਰੱਖਣ ਲਈ ਲੋਕਾਂ ਵਿਚ ਵੰਡੀਆਂ ਪਾਉਦੇ ਹਨ। ਮੇਰੇ ਵਰਗੇ ਬੰਦੇ ਨੂੰ ਰਾਸ਼ਟਰ ਵਿਰੋਧੀ ਕਿਵੇਂ ਸਮਝਿਆ ਜਾ ਸਕਦਾ ਹੈ, ਜੋ ਸੱਚੀਓਂ ਹੀ ਹਿੰਦੁਸਤਾਨੀ ਸੰਵਿਧਾਨ ਵਿਚ ਸੰਜੋਏ ਮੁੱਲਾਂ ਦੀ ਕਦਰ ਕਰਦਾ ਹੈ? ਜੋ ਕੌਮੀ ਗ੍ਰੰਥ ਵਿਚ ਸੰਜੋਈ ਧਰਮਨਿਰਪੱਖਤਾ ਅਤੇ ਜਮਹੂਰੀਅਤ ਦੇ ਅਸੂਲਾਂ ਨੂੰ ਭੰਗ ਕਰਦੇ ਹਨ, ਸਭ ਤੋਂ ਵੱਡੇ ਰਾਸ਼ਟਰ ਧੋ੍ਰਹੀ ਤਾਂ ਉਹ ਹਨ। ਜੇ ਇਕੱਲੇ ਸਿੱਖ ਵੱਖਵਾਦੀਆਂ ਨੂੰ ਸਵਾਲ ਕਰਨ ਨਾਲ ਹੀ ਤੁਸੀਂ ਦੇਸ਼ਭਗਤ ਬਣ ਜਾਂਦੇ ਹੋ, ਅਤੇ ਹਿੰਦੂ ਵੱਖਵਾਦੀਆਂ ਨੂੰ ਚੁਣੌਤੀ ਦੇਣ ਨਾਲ ਤੁਸੀਂ ਰਾਸ਼ਟਰ ਵਿਰੋਧੀ ਬਣ ਜਾਂਦੇ ਹੋ, ਤਾਂ ਹਿੰਦੁਸਤਾਨ ਦੇ ਹਮਾਇਤੀਆਂ ਨੂੰ ਸ਼ਰੇਆਮ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਮੌਜੂਦਾ ਹਿੰਦੁਸਤਾਨੀ ਰਾਜ ਨੂੰ ਹਕੀਕਤ ਵਿਚ ਇਕ ਹਿੰਦੂ ਰਾਸ਼ਟਰ ਬਣਾਇਆ ਜਾ ਰਿਹਾ ਹੈ, ਅਤੇ ਇਹ ਹੁਣ ਉਹ ਧਰਮਨਿਰਪੱਖ ਅਤੇ ਬਹੁ-ਸੱਭਿਆਚਾਰ ਵਾਲਾ ਹਿੰਦੁਸਤਾਨ ਨਹੀਂ ਹੋਵੇਗਾ ਜਿਸ ਨੂੰ ਮੈਂ ਮੁਹੱਬਤ ਕਰਦਾ ਸੀ ਅਤੇ ਜਿਸ ਵਿਚ ਮੈਂ ਜੰਮਿਆ-ਪਲਿਆ ਸੀ।
Ramandeep singh
Hindutava or BJP had only one policy ਜੋ ਰਾਮ ਕਾ ਨਹੀਂ ਵੋ ਕਿਸੇ ਕਾਮ ਕਾ ਨਹੀਂ ਇਸ ਤੋਂ ਜਿਆਦਾ ਉਨਾਂ ਤੋਂ ਆਸ ਵੀ ਨਹੀਂ ਹੋ ਸਕਦੀ