Wed, 30 October 2024
Your Visitor Number :-   7238304
SuhisaverSuhisaver Suhisaver

ਸਾਥੀ ਸਤਨਾਮ ਦੀ ਖ਼ੁਦਕੁਸ਼ੀ ’ਚੋਂ ਉਠਦੇ ਸਵਾਲ -ਬੂਟਾ ਸਿੰਘ

Posted on:- 26-05-2016

suhisaver

28 ਅਪ੍ਰੈਲ ਨੂੰ ਸਾਡੇ ਬਹੁਤ ਹੀ ਸਤਿਕਾਰਤ ਸਾਥੀ ਸਤਨਾਮ ਸਦੀਵੀ ਵਿਛੋੜਾ ਦੇ ਗਏ। ਸਾਡੇ ਵਕਤ ਦੇ ਬੇਰਹਿਮ ਯਥਾਰਥ ਨਾਲ ਪਲ-ਪਲ ਜੂਝਦਿਆਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਤ ਦੀ ਜੋ ਚੋਣ ਕੀਤੀ ਉਹ ਸਾਡੇ ਸਾਰਿਆਂ ਲਈ ਅਸਹਿ ਹੱਦ ਤਕ ਦਰਦਨਾਕ ਹੈ। ਸਾਥੀ ਸਤਨਾਮ ਦੀ ਖ਼ੁਦਕੁਸ਼ੀ ਨਾਲ ਪੰਜਾਬ ਦੀ ਇਨਕਲਾਬੀ ਤੇ ਜਮਹੂਰੀ ਲਹਿਰ ਵਿਚ ਪਿਛਲੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਕੀਤੀਆਂ ਗਈਆਂ ਦੋ ਖ਼ੁਦਕੁਸ਼ੀਆਂ ਵਿਚ ਇਕ ਨਾਂ ਹੋਰ ਜੁੜ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਸਾਡੇ ਦੋ ਹੋਣਹਾਰ ਨੌਜਵਾਨ ਅਫ਼ਰੋਜ਼ ਅੰਮਿ੍ਰਤ ਅਤੇ ਨਵਕਰਨ ਪਿਛਲੇ ਸਮੇਂ ਵਿਚ ਖ਼ੁਦਕੁਸ਼ੀ ਕਰ ਚੁੱਕੇ ਹਨ। ਬੇਸ਼ੱਕ ਇਨ੍ਹਾਂ ਤਿੰਨਾਂ ਖ਼ੁਦਕੁਸ਼ੀਆਂ ਦੇ ਆਪੋ-ਆਪਣੇ ਵਿਸ਼ੇਸ਼ ਹਾਲਾਤ ਹਨ, ਇਸਦੇ ਬਾਵਜੂਦ ਇਕ ਰੁਝਾਨ ਦੇ ਤੌਰ ’ਤੇ ਇਹ ਗੰਭੀਰ ਫ਼ਿਕਰਮੰਦੀ ਦੀ ਜ਼ੋਰਦਾਰ ਮੰਗ ਕਰਦੇ ਹਨ।

ਅਸੀਂ ਸਾਰੇੇ ਇਸ ਸਵਾਲ ਨਾਲ ਖੌਝਲ ਰਹੇ ਹਾਂ ਕਿ ਆਖ਼ਿਰਕਾਰ ਸਤਨਾਮ ਵਰਗੇ ਬਹੁਤ ਹੀ ਪ੍ਰਪੱਕ ਅਤੇ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਨਾਲ ਪ੍ਰਤੀਬਧ ਸਾਥੀ ਨੇ ਇੰਞ ਕਿਉ ਕੀਤਾ? ਕੀ ਉਨ੍ਹਾਂ ਕੋਲ ਹੋਰ ਕੋਈ ਚੋਣ ਨਹੀਂ ਸੀ? ਕੀ ਸਾਥੀ ਸਤਨਾਮ ਦਾ ਆਪਣੇ ਹੀ ਉਨ੍ਹਾਂ ਸੁਪਨਿਆਂ ਤੋਂ ਮੋਹ ਐਨਾ ਭੰਗ ਹੋ ਗਿਆ ਸੀ ਜਿਨ੍ਹਾਂ ਦੀ ਖ਼ਾਤਰ ਉਨ੍ਹਾਂ ਨੇ ਆਪਣਾ ਨਿੱਜੀ ਭਵਿੱਖ ਸੰਵਾਰਨ ਤੋਂ ਪਾਰ ਜਾਕੇ ਸਮੁੱਚੇ ਸਮਾਜ ਦੇ ਭਵਿੱਖ ਨੂੰ ਰੋਸ਼ਨ ਕਰਨ ਦਾ ਬੀੜਾ ਚੁੱਕਿਆ ਸੀ ਅਤੇ ਆਪਣੀ ਨਿੱਜੀ ਜ਼ਿੰਦਗੀ, ਪਰਿਵਾਰ ਸਭ ਕੁਝ ਦਾਅ ’ਤੇ ਲਾ ਦਿੱਤਾ ਸੀ?

ਜਿਸ ਤਰ੍ਹਾਂ ਦੇ ਸਮਾਜ ਅਤੇ ਰਾਜ ਪ੍ਰਬੰਧ ਵਿਚ ਅਸੀਂ ਰਹਿ ਰਹੇ ਹਾਂ ਉਸ ਵਿਚ ਖ਼ੁਦਕੁਸ਼ੀਆਂ ਹੈਰਾਨੀਜਨਕ ਗੱਲ ਨਹੀਂ। ਜਮਾਤਾਂ ਵਿਚ ਵੰਡੇ ਇਸ ਸਮਾਜ ਦੀ ਹਰ ਜਮਾਤ, ਹਰ ਤਬਕੇ ਦੇ ਆਪੋ-ਆਪਣੇ ਖ਼ਾਸ ਤਣਾਅ, ਦਬਾਅ ਅਤੇ ਕਾਰਨ ਹਨ ਜੋ ਇਨ੍ਹਾਂ ਸਮਾਜੀ ਹਿੱਸਿਆਂ ਦੇ ਕਈ ਮੈਂਬਰਾਂ ਨੂੰ ਕਈ ਵਾਰ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲੈਣ ਦੇ ਰਾਹ ਧੱਕ ਦਿੰਦੇ ਹਨ। ਤੇ ਉਹ ਆਪਣੀ ਜ਼ਿੰਦਗੀ ਦਾ ਅੰਤ ਕਰ ਲੈਂਦੇ ਹਨ। ਨਿਸ਼ਚੇ ਹੀ ਉਨ੍ਹਾਂ ਦੇ ਇੰਞ ਕਰਨ ਦੇ ਹਾਲਾਤ ਅਤੇ ਕਾਰਨ ਵੱਖੋ-ਵੱਖਰੇ ਹੁੰਦੇ ਹਨ।

ਜ਼ਿੰਦਗੀ ਨੂੰ ਭਰਪੂਰ ਜਿਊਣਾ ਲੋਚਦੇ ਇਨਸਾਨ ਉੱਪਰ ਜਦੋਂ ਇਹ ਸੋਚ ਹਾਵੀ ਹੋ ਜਾਂਦੀ ਹੈ ਕਿ ਉਸਦੀ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨਾ ਜਾਂ ਹੱਲ ਕਰਨ ਲਈ ਯਤਨ ਜਾਰੀ ਰੱਖਣਾ ਹੁਣ ਉਸਦੇ ਵੱਸ ਦੀ ਗੱਲ ਨਹੀਂ; ਜਦੋਂ ਮਾਯੂਸੀ ਅਤੇ ਨਿਰਾਸ਼ਤਾ ਉਸ ਉੱਪਰ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਉਸਨੂੰ ਉਨ੍ਹਾਂ ਮੁਸ਼ਕਲਾਂ ਵਿੱਚੋਂ ਬਾਹਰ ਨਿਕਲਣ ਲਈ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਦੀ ਅਤੇ ਉਹ ਇਸ ਨਤੀਜੇ ’ਤੇ ਪਹੁੰਚ ਜਾਂਦਾ ਹੈ ਕਿ ਉਸਦਾ ਜਿਊਣਾ ਹੁਣ ਬੇਕਾਰ ਹੈ, ਓਦੋਂ ਹੀ ਉਹ ਖ਼ੁਦਕੁਸ਼ੀ ਦਾ ਰਾਹ ਅਖ਼ਤਿਆਰ ਕਰਦਾ ਹੈ।

ਪਰ ਇਨਕਲਾਬੀ ਸਮਾਜੀ ਬਦਲਾਓ ਲਈ ਸੰਗਰਾਮਾਂ ਦੇ ਪਾਂਧੀ, ਇਨਕਲਾਬੀ ਆਸ਼ਾਵਾਦੀ ਇਨਸਾਨਾਂ ਦਾ ਖ਼ੁਦਕੁਸ਼ੀ ਦੇ ਰਾਹ ਦੀ ਚੋਣ ਕਰਨਾ ਬਹੁਤ ਹੀ ਗੰਭੀਰ ਫ਼ਿਕਰਮੰਦੀ ਦਾ ਮਾਮਲਾ ਹੈ। ਇਸ ਤਰ੍ਹਾਂ ਦੇ ਇਨਸਾਨਾਂ ਕੋਲ ਸਮਾਜ ਦੇ ਵਿਕਾਸ ਦੇ ਨਿਯਮਾਂ ਨੂੰ ਸਮਝਣ ਦਾ ਵਿਗਿਆਨਕ ਨਜ਼ਰੀਆ ਅਤੇ ਇਸ ਤਰ੍ਹਾਂ ਦੇ ਬਦਲਾਓ ਲਈ ਜ਼ਰੂਰੀ ਸਪਸ਼ਟ ਸਿਧਾਂਤਕ ਤੇ ਸਿਆਸੀ ਸੂਝ ਹੁੰਦੀ ਹੈ। ਉਹ ਇਸ ਸਵਾਲ ਬਾਰੇ ਸਪਸ਼ਟ ਹੁੰਦੇ ਹਨ ਕਿ ਸਾਡੇ ਆਲੇ-ਦੁਆਲੇ ਦੀ ਹਕੀਕਤ ਤੋਂ ਪਲਾਇਨ ਕਰਨ ਨਾਲ ਕੁਝ ਵੀ ਬਦਲਣ ਵਾਲਾ ਨਹੀਂ। ਹਕੀਕਤ ਦਾ ਸਾਹਮਣਾ ਕਰਦੇ ਹੋਏ ਸਿਰਫ਼ ਇਨਕਲਾਬੀ ਸੰਘਰਸ਼ਾਂ ਰਾਹੀਂ ਇਨਕਲਾਬੀ ਬਦਲਾਓ ਲਿਆਕੇ ਹੀ ਸਮਾਜ ਨੂੰ ਮਨੁੱਖ ਦੇ ਜਿਊਣਯੋਗ, ਬਿਹਤਰ ਅਤੇ ਉਨ੍ਹਾਂ ਮੁਸ਼ਕਲਾਂ ਤੇ ਬੁਰਾਈਆਂ ਤੋਂ ਮੁਕਤ ਬਣਾਇਆ ਜਾ ਸਕਦਾ ਹੈ ਜੋ ਜ਼ਿੰਦਗੀ ਨੂੰ ਅਣਮਨੁੱਖੀ ਬਣਾਉਣ ਲਈ ਜ਼ਿੰਮੇਵਾਰ ਹਨ।

ਸਾਥੀ ਸਤਨਾਮ ਕੋਲ ਮਾਰਕਸਵਾਦ ਤੇ ਹੋਰ ਵਿਚਾਰਧਾਰਾਵਾਂ ਦਾ ਭਰਪੂਰ ਗਿਆਨ ਸੀ। ਮਾਰਕਸਵਾਦੀ ਵਿਚਾਰਧਾਰਾ ਵਿਚ ਉਸਦੀ ਆਖ਼ਰੀ ਦਮ ਤਕ ਡੂੰਘੀ ਨਿਹਚਾ ਸੀ। ਉਨ੍ਹਾਂ ਨੇ ਦੁਨੀਆ ਭਰ ਦਾ ਸਾਹਿਤ ਨਿੱਠਕੇ ਪੜ੍ਹਿਆ ਹੋਇਆ ਸੀ। ਉਨ੍ਹਾਂ ਕੋਲ ਸਿਆਸੀ ਜ਼ਿੰਦਗੀ ਦਾ ਲੰਬਾ ਤਜ਼ਰਬਾ ਸੀ। ਉਨ੍ਹਾਂ ਨੇ ਪੇਂਡੂ ਕਿਰਤੀਆਂ, ਸਨਅਤੀ ਮਜ਼ਦੂਰਾਂ, ਖ਼ਾਸ ਕਰਕੇ ਲੁਧਿਆਣੇ ਦੇ ਪ੍ਰਵਾਸੀ ਮਜ਼ਦੂਰਾਂ ਅਤੇ ਜੰਗਲ ਦੇ ਆਦਿਵਾਸੀਆਂ ਦੀ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਤੋਂ ਵਾਂਝੀ, ਅਕਹਿ ਮੁਸ਼ਕਲਾਂ ਨਾਲ ਪਲ-ਪਲ ਸੰਘਰਸ਼ ਕਰਦੀ ਜ਼ਿੰਦਗੀ ਨੂੰ ਉਨ੍ਹਾਂ ਦੇ ਦਰਮਿਆਨ ਰਹਿਕੇ ਨੇੜਿਓਂ ਦੇਖਿਆ, ਜਾਣਿਆ ਤੇ ਸਮਝਿਆ ਸੀ। ਮਿਹਨਤਕਸ਼ਾਂ ਨੂੰ ਇਸ ਤਰ੍ਹਾਂ ਦੀ ਅਣਮਨੁੱਖੀ ਜ਼ਿੰਦਗੀ ਜਿਊਣ ਲਈ ਬੇਵੱਸ ਤੇ ਮਜਬੂਰ ਕਰਨ ਵਾਲੇ ਸਮਾਜੀ ਤੇ ਰਾਜਸੀ ਹਾਲਾਤ ਨੂੰ ਬਦਲਣ ਲਈ ਇਨਕਲਾਬੀ ਸੰਘਰਸ਼ਾਂ ਦੀ ਜ਼ਰੂਰਤ ਨੂੰ ਉਹ ਬਾਖ਼ੂਬੀ ਸਮਝਦੇ ਸਨ। ‘ਜੰਗਲਨਾਮਾ’ ਸਿਰਜਦਿਆਂ ਅਤੇ ‘ਸਪਾਰਟਕਸ’ ਦਾ ਅਨੁਵਾਦ ਕਰਦਿਆਂ ਉਨ੍ਹਾਂ ਨੇ ਯੁਗ ਬਦਲਣ ਦੇ ਸੰਗਰਾਮ ਵਿਚ ਮਸਰੂਫ਼ ਸ਼ਾਨਦਾਰ ਕਿਰਦਾਰਾਂ ਨੂੰ ਆਪਣੇ ਅੰਦਰ ਕਿੰਨੀ ਡੂੰਘੀ ਸ਼ਿੱਦਤ ਨਾਲ ਮਹਿਸੂਸਿਆ ਤੇ ਜੀਵਿਆ ਸੀ। ਜੇ ਫਿਰ ਵੀ ਉਨ੍ਹਾਂ ਨੇ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ਨੂੰ ਆਪਣਾ ਅੰਤ ਚੁਣਿਆ ਤਾਂ ਇਹ ਚੋਣ ਉਨ੍ਹਾਂ ਅੰਦਰ ਪਿਛਲੇ ਕੁਝ ਸਮੇਂ ਤੋਂ ਘਰ ਕਰ ਗਈ ਇਸ ਨਾਂਹਪੱਖੀ ਸੋਚ ਕਾਰਨ ਸੀ ਕਿ ਹੁਣ ਉਸ ਦੇ ਆਪਣੇ ਅੰਦਰ ਇਨ੍ਹਾਂ ਨਾਮੁਆਫ਼ਕ ਹਾਲਾਤ ਦਾ ਸਾਹਮਣਾ ਕਰਨ ਦੀ ਹਿੰਮਤ ਅਤੇ ਇਸ ਨੂੰ ਬਦਲਣ ਲਈ ਜ਼ੋਰ-ਅਜ਼ਮਾਈ ਕਰਨ ਦੀ ਤਾਕਤ ਨਹੀਂ ਰਹੀ। ਮੁੱਖ ਤੌਰ ’ਤੇ ਇਹ ਪਰਿਵਾਰਕ ਰਿਸ਼ਤਿਆਂ ਦੀਆਂ ਨੈਤਿਕ ਉਲਝਣਾਂ ਸਨ ਜਿਨ੍ਹਾਂ ਨੇ ਉਸਦੇ ਮਨੋਬਲ ਨੂੰ ਖ਼ੋਰਾ ਲਾਉਣ ਵਿਚ ਭੂਮਿਕਾ ਨਿਭਾਈ ਜਿਸਦਾ ਪੜਚੋਲਵਾਂ ਖ਼ੁਲਾਸਾ ਉਨ੍ਹਾਂ ਦੀ ਬੇਟੀ ਰੀਵਾ ਨੇ ਆਪਣੇ ਪਿਆਰੇ ਪਾਪਾ ਨੂੰ ਸਮਰਪਿਤ ਚੰਦ ਸਤਰਾਂ ਵਿਚ ਕੀਤਾ ਹੈ। ਨਿਸ਼ਚੇ ਹੀ ਇਨਕਲਾਬੀ ਲਹਿਰ ਦੀਆਂ ਕਮਜ਼ੋਰੀਆਂ ਦੀ ਵੀ ਇਸ ਵਿਚ ਆਪਣੀ ਇਕ ਭੂਮਿਕਾ ਹੈ।

ਬੇਸ਼ੱਕ ਉਨ੍ਹਾਂ ਅੰਦਰ ਉਭਰ ਰਹੇ ਨਿਰਾਸ਼ਾਜਨਕ ਵਿਚਾਰਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਕਈ ਨੇੜਲੇ ਸਾਥੀ, ਦੋਸਤ ਤੇ ਹਿਤੈਸ਼ੀ ਲਗਾਤਾਰ ਯਤਨ ਕਰਦੇ ਰਹੇ ਪਰ ਆਖ਼ਿਰਕਾਰ ਸਾਡਾ ਇਹ ਜ਼ਿੰਦਾਦਿਲ ਸਾਥੀ ਨਾਮੁਆਫ਼ਕ ਹਾਲਾਤ ਨਾਲ ਜੂਝਦਿਆਂ ਜ਼ਿੰਦਗੀ ਦੀ ਲੜਾਈ ਹਾਰ ਗਿਆ। ਸਤਨਾਮ ਨੇ ਉਹ ਦਰਦਨਾਕ ਅੰਤ ਖ਼ੁਦ ਲਈ ਚੁਣ ਲਿਆ ਜਿਸਨੂੰ ਉਨ੍ਹਾਂ ਨੇ ਅਫ਼ਰੋਜ਼ ਅੰਮਿ੍ਰਤ ਵਲੋਂ ਖ਼ੁਦਕੁਸ਼ੀ ਕਰਨ ਸਮੇਂ ਖ਼ੁਦ ਜ਼ੋਰਦਾਰ ਤਰੀਕੇ ਨਾਲ ਰੱਦ ਕੀਤਾ ਸੀ।

ਘੋਰ ਆਰਥਕ ਸੰਕਟ ਮੂੰਹ ਆਏ ਕਿਸਾਨਾਂ ਤੇ ਮਜ਼ਦੂਰਾਂ ਨੂੰ ‘‘ਖ਼ੁਦਕੁਸ਼ੀ ਨਹੀਂ, ਸੰਘਰਸ਼ ਕਰੋ’’ ਦਾ ਰਾਹ ਦਿਖਾਉਣ ਵਾਲੇ ਇਨਕਲਾਬੀ ਕਾਫ਼ਲਿਆਂ ਦੇ ਕੁਝ ਜੁਝਾਰੂ ਜਦੋਂ ਖ਼ੁਦ ਹੀ ਉਸ ਰਾਹ ਪੈਣ ਲੱਗ ਜਾਣ ਤਾਂ ਇਹ ਸਮੁੱਚੀ ਇਨਕਲਾਬੀ-ਜਮਹੂਰੀ ਲਹਿਰ ਦੇ ਗੰਭੀਰਤਾ ਨਾਲ ਸੋਚ-ਵਿਚਾਰ ਤੇ ਸਵੈ-ਚਿੰਤਨ ਕਰਕੇ ਉਨ੍ਹਾਂ ਹਾਲਾਤ ਨੂੰ ਬਦਲਣ ਲਈ ਸੰਜੀਦਾ ਉਪਰਾਲੇ ਕਰਨ ਦਾ ਵੇਲਾ ਹੈ ਜਿਨ੍ਹਾਂ ਨਾਮੁਆਫ਼ਕ ਹਾਲਾਤ ਵਿਚ ਸੰਗਰਾਮਾਂ ਦੇ ਪਾਂਧੀ ਕਾਂਟਾ ਬਦਲਕੇ ਖ਼ੁਦਕੁਸ਼ੀ ਦੇ ਰਾਹ ਪੈਣ ਲਈ ਮਜਬੂਰ ਹੋ ਜਾਂਦੇ ਹਨ।
ਸਾਥੀ ਸਤਨਾਮ ਇਨਕਲਾਬੀ ਲਹਿਰ ਦੀਆਂ ਸਿਧਾਂਤਕ ਤੇ ਸਿਆਸੀ ਕਮਜ਼ੋਰੀਆਂ ਨੂੰ ਪੂਰੀ ਬੇਬਾਕੀ ਅਤੇ ਗੰਭੀਰਤਾ ਨਾਲ ਲਗਾਤਾਰ ਉਠਾਉਦੇ ਆ ਰਹੇੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਨਕਲਾਬੀ ਲਹਿਰ ਵਿਚ ਦੁਨੀਆ ਦੇ ਅਤੇ ਸਾਡੇ ਮੁਲਕ ਦੇ ਬਦਲ ਚੁੱਕੇ ਹਾਲਾਤ ਨੂੰ ਸਮਝਣ ਲਈ ਲੋੜੀਂਦੀ ਰਚਨਾਤਮਕਤਾ ਨਹੀਂ ਹੈ। ਉਹ ਕਿਹਾ ਕਰਦੇ ਸਨ ਕਿ ਲਹਿਰ ਦੇੇ ਕਾਫ਼ਲੇ ਪੁਰਾਣੀਆਂ ਧਾਰਨਾਵਾਂ ਦੇ ਰਟਣ-ਮੰਤਰ ਅਤੇ ਖੋਖਲੀ ਲਫ਼ਾਜ਼ੀ ਵਿਚ ਗ੍ਰਸਕੇ ਐਸੀਆਂ ਮਸ਼ੀਨਾਂ ਬਣ ਚੁੱਕੇ ਹਨ ਜਿਨ੍ਹਾਂ ਨੇ ਖ਼ੁਦ ਨੂੰ ਰੁਟੀਨਵਾਦ ਦੇ ਸੰਵੇਦਨਹੀਣ ਖੋਲ ਵਿਚ ਬੰਦ ਕਰ ਲਿਆ ਹੈ। ਉਨ੍ਹਾਂ ਨੂੰ ਇਹ ਕਮੀ ਬਹੁਤ ਚੁਭਦੀ ਸੀ ਕਿ ਲਹਿਰ ਅੰਦਰ ਵਿਚਾਰਧਾਰਕ ਅਤੇ ਸਿਆਸੀ-ਸਿਧਾਂਤਕ ਸਵਾਲਾਂ ਉੱਪਰ ਨਿੱਠਕੇ ਬਹਿਸ-ਮੁਬਾਹਸਾ ਨਹੀਂ ਹੋ ਰਿਹਾ ਤੇ ਦਰਪੇਸ਼ ਵੱਡੇ ਸਵਾਲਾਂ ਨੂੰ ਮੁਖ਼ਾਤਬ ਹੀ ਨਹੀਂ ਹੋਇਆ ਜਾ ਰਿਹਾ। ਜਿਸ ਕਾਰਨ ਇਨਕਲਾਬੀ ਲਹਿਰ ਠੋਸ ਹਾਲਾਤ ਦਾ ਠੋਸ ਨਿਰਣਾ ਕਰਕੇ ਸਿਆਸੀ ਲਾਂਘੇ ਭੰਨਣ ਅਤੇ ਵਿਸ਼ਾਲ ਲੋਕਾਈ ਨੂੰ ਆਪਣੇ ਕਲਾਵੇ ਵਿਚ ਲੈਕੇ ਇਨਕਲਾਬੀ ਭਵਿੱਖ-ਨਕਸ਼ੇ ਵਾਲੀ ਯੁਗ-ਪਲਟਾਊ ਸਿਆਸੀ ਤਾਕਤ ਵਿਚ ਬਦਲਣ ਤੋਂ ਅਸਮਰੱਥ ਹੈ। ਉਹ ਕਮਿਊਨਿਸਟ ਜਥੇਬੰਦੀ ਅੰਦਰ ਜਮਹੂਰੀਅਤ ਦੀ ਅਮਲਦਾਰੀ ਉੱਪਰ ਵੀ ਗੰਭੀਰ ਸਵਾਲ ਉਠਾਉਦੇ ਸਨ। ਉਨ੍ਹਾਂ ਦੇ ਸਵਾਲ ਕਿੱਥੋਂ ਤਕ ਵਾਜਬ ਹਨ, ਇਹ ਬਹਿਸ ਦਾ ਮੁੱਦਾ ਹੋ ਸਕਦੇ ਹਨ, ਅਤੇ ਲਾਜ਼ਮੀ ਹੋਣੇ ਚਾਹੀਦੇ ਹਨ। ਪਰ ਇਕ ਚੀਜ਼ ਤੈਅ ਹੈ ਕਿ ਇਨਕਲਾਬੀ ਲਹਿਰ ਨੂੰ ਅਜੋਕੀਆਂ ਚੁਣੌਤੀਆਂ ਦੇ ਹਾਣੀ ਹੋਣ ਲਈ ਆਪਣੀਆਂ ਕਮਜ਼ੋਰੀਆਂ ਤੇ ਅਸਫ਼ਲਤਾਵਾਂ ਉੱਪਰ ਖੁੱਲ੍ਹੇ ਮਨ ਨਾਲ ਨਜ਼ਰਸਾਨੀ ਤੇ ਚਰਚਾ ਕਰਨ ਦੀ ਡਾਹਢੀ ਜ਼ਰੂਰਤ ਹੈ। ਸਮੇਂ ਦੇ ਹਾਣੀ ਇਨਕਲਾਬੀ ਸੰਘਰਸ਼ਾਂ ਦੀ ਇਕ ਨਵੀਂ ਉਠਾਣ ਹੀ ਬੇਰਹਿਮ ਹਾਲਾਤ ਦੇ ਥਪੇੜਿਆਂ ਨਾਲ ਡਗਮਗਾ ਰਹੇ ਇਨਕਲਾਬੀ ਆਸ਼ਾਵਾਦ ਨੂੰ ਮਜ਼ਬੂਤੀ ਦੇ ਸਕੇਗੀ, ਅਤੇ ਐਸੀਆਂ ਦਰਦਨਾਕ ਤ੍ਰਾਸਦੀਆਂ ਨੂੰ ਠੱਲ ਪਾ ਸਕੇਗੀ ਜਿਸ ਨੂੰ ਅੰਜਾਮ ਦੇਣ ਦੀ ਚੋਣ ਕਰਕੇ ਸਾਥੀ ਸਤਨਾਮ ਨੇ ਐਨੇ ਦਰਦਨਾਕ ਤਰੀਕੇ ਨਾਲ ਆਪਣੀ ਜ਼ਿੰਦਗੀ ਦਾ ਅੰਤ ਕੀਤਾ ਜੋ ਹਮੇਸ਼ਾ ‘ਜ਼ਿੰਦਗੀ ਜ਼ਿੰਦਾਬਾਦ’ ਨੂੰ ਬੁਲੰਦ ਕਰਨ ਵਾਲੀ ਬੇਹੱਦ ਜ਼ਿੰਦਾਦਿਲ ਸ਼ਖਸੀਅਤ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ