ਭਾਰਤ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਨੂੰ ਇੱਕ ਤਰ੍ਹਾਂ ਨਾਲ ਕਨੂੰਨੀ ਮਾਨਤਾ ਮਿਲੀ ਹੋਈ ਹੈ। ਉਹੀ ਫਰਜੀ ਮੁਕਾਬਲੇ ਸਾਹਮਣੇ ਆਉਂਦੇ ਹਨ ਜਿਵੇਂ ਮੀਡੀਆ ਜਾਂ ਮਨੁੱਖੀ ਹੱਕਾਂ ਦੇ ਅਲੰਬਰਦਾਦਾਂ ਦੀ ਬਲੌਤ ਜੱਗ ਜ਼ਾਹਰ ਹੋ ਜਾਂਦੇ ਹਨ।ਇਸ ਵਰਤਾਰੇ ਦਾ ਮੁੱਢ ਅਜ਼ਾਦੀ ਤੋਂ ਤੁਰੰਤ ਬਾਅਦ ਤਿਲੰਗਾਨਾ ਦੇ ਕਿਰਤੀ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਹਥਿਆਰਬੰਦ ਵਿਦਰੋਹ ਦੌਰਾਨ ਬੱਝ ਗਿਆ ਸੀ,ਜਿਹੜਾ ਤਿਲੰਗਾਨਾ ਘੋਲ ਦੇ ਨਾਮ ਹੇਠ ਇਤਿਹਾਸ ਦੇ ਸਫਿਆਂ ਉੱਤੇ ਦਰਜ ਹੈ।ਭਾਰਤ ਦੀਆਂ ਹਥਿਆਰਬੰਦ ਫੋਰਸਾਂ ਵਲੋਂ ਇਸ ਘੋਲ ਨੂੰ ਬੜੀ ਹੀ ਬੇਕਿਰਕੀ ਨਾਲ ਕੁਚਲ ਦਿੱਤਾ ਗਿਆ ਸੀ।ਇਸ ਉਪਰੰਤ ਸਮੇਂ ਸਮੇਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਉਠਦੇ ਰਹੇ ਅਤੇ ਉੱਠ ਰਹੇ ਹਥਿਆਰਬੰਦ ਅਤੇ ਗੈਰ ਹਥਿਆਰਬੰਦ ਅੰਦੋਲਨਾਂ ਨੂੰ ਦਬਾਉਣ ਲਈ ਕੇਂਦਰ ਅਤੇ ਰਾਜ ਸਰਕਾਦਾਂ ਕਨੂੰਨ ਤੋਂ ਪਰੇ ਜਾ ਕੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਹਾਰਾ ਲੈਂਦੀਆਂ ਆ ਰਹੀਆਂ ਹਨ।
ਇਹਨਾਂ ਵਿੱਚ ਪੰਜਾਬ ਸਮੇਤ ਉੱਤਰ ਪੂਰਬੀ ਸੂਬੇ,ਜੰਮੂ ਕਸ਼ਮੀਰ ਅਤੇ ਮਾਉਵਾਦ ਤੋਂ ਪਰਭਾਵਿਤ ਰਾਜ ਸ਼ਾਮਿਲ ਹਨ।ਬਾਕੀ ਰਾਜਾਂ ਦੀ ਗੱਲ ਛੱਡ ਕੇ ਇੱਥੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਬਣਾਏ ਝੂਠੇ ਮੁਕਾਬਲਿਆਂ ਦੀ ਗੱਲ ਕਰਾਂਗੇ।ਇਹ ਉਸ ਸਮੇਂ ਦੀ ਕਥਾ ਹੈ ਜਦੋਂ ਸੋਸ਼ਲ ਮੀਡੀਆ ਅਜੇ ਹੋਂਦ ਵਿੱਚ ਨਹੀਂ ਆਇਆ ਸੀ।ਸੂਚਨਾ ਤਕਨੀਕ ਦੇ ਬੇਹੱਦ ਸ਼ਕਤੀਸ਼ਾਲੀ ਹੋ ਜਾਣ ਨਾਲ ਭਾਵੇਂ ਇਸ ਵਰਤਾਰੇ ਨੂੰ ਠੱਲ ਪਈ ਹੈ ਪਰ ਫੇਰ ਵੀ ਇਹ ਵਰਤਾਰਾ ਬਾ-ਦਸਤੂਰ ਜਾਰੀ ਹੈ।