ਜਹਾਲਤ ਦਾ ਇਜ਼ਹਾਰ ਕਿ ਮਿੱਥ ਕੇ ਪਾਇਆ ਜਾ ਰਿਹਾ ਭੰਬਲਭੂਸਾ? -ਸੁਕੀਰਤ
Posted on:- 08-05-2016
ਕਿਸਾਨਾਂ ਦੀਆਂ ਲਗਾਤਾਰ ਖੁਦਕੁਸ਼ੀਆਂ, ਖ਼ਤਰਨਾਕ ਪੱਧਰ ’ਤੇ ਪਹੁੰਚ ਚੁਕੀ ਬੇਰੁਜ਼ਗਾਰੀ , ਢਿੱਡ-ਕਾਟਵੀਂ ਮਹਿੰਗਾਈ ਵਰਗੀਆਂ ਸਮੱਸਿਆਂਵਾਂ ਤਾਂ ਹੁਣ ਏਨੇ ਲੰਮੇ ਸਮੇਂ ਤੋਂ ਸਾਹਮਣੇ ਹਨ ਕਿ ਜਾਪਣ ਲੱਗ ਪਿਆ ਹੈ ਕਿ ਇਹ ਸਭ ਕੁਝ ਤਾਂ ਸ਼ਾਇਦ ਸਾਡੇ ਦੇਸ ਦੀ ਹੋਣੀ ਹੀ ਹੈ , ਪਰ ਜਦੋਂ ਦੇਸ ਦਾ ਚੌਥਾ ਹਿਸਾ ( ਤੇਤੀ ਕਰੋੜ ਲੋਕ) ਭਿਅੰਕਰ ਸੋਕੇ ਦੀ ਮਾਰ ਹੇਠ ਹੋਣ, ਜਿਸ ਸਾਤੇ ਉੱਤਰੀ ਭਾਰਤ ਦਾ ਇੱਕ ਸੂਬਾ ਜੰਗਲਾਂ ਵਿੱਚ ਲੱਗ ਰਹੀਆਂ ਅੱਗਾਂ ਨਾਲ ਸਿਝ ਰਿਹਾ ਹੋਵੇ , ਉਸ ਸਮੇਂ ਸਾਡੀ ਦੇਸ ਦੀ ਪਾਰਲੀਮੈਂਟ ਇਨ੍ਹਾਂ ਫੋਰੀ ਧਿਆਨ ਮੰਗਦੀਆਂ ਬਿਪਦਾਵਾਂ ਨਾਲ ਸਿੱਝਣ ਵਲ ਮੁਖਾਤਬ ਹੋਣ ਦੀ ਥਾਂ ਕਿਹੋ ਜਿਹੀਆਂ ਬਹਿਸਾਂ ਕਰ ਰਹੀ ਹੈ ?
ਕਿ ਭਗਤ ਸਿੰਘ ਨੂੰ ਇਕ ਪਾਠ ਪੁਸਤਕ ਵਿੱਚ ‘ਇਨਕਾਲਾਬੀ ਆਤੰਕਵਾਦੀ’ ਕਿਹਾ ਗਿਆ ਹੈ, ਅਤੇ ਨਾ ਸਿਰਫ਼ ਇਹ ਕਿਤਾਬ ਬੈਨ ਹੋਣੀ ਚਾਹੀਦੀ ਹੈ, ਸਗੋਂ ਦੇਸ ਦੀ ਸਾਰੀ ਸਿੱਖਿਆ ਪ੍ਰਣਾਲੀ ਨੂੰ ਮੁੜ ਤੋਂ ਘੋਖਿਆ ਜਾਣਾ ਚਾਹੀਦਾ ਹੈ।
ਇਸ ਸਵਾਲ ਨੂੰ ਪਾਰਲੀਮੈਂਟ ਵਿੱਚ ਉਠਾਉਂਦਾ ਹੈ ਇਕ ਮੁਸ਼ਕਲ ਨਾਲ ਬੀ.ਏ. ਪਾਸ, ਕ੍ਰਿਕਟ ਰਾਹੀਂ ਨਾਂਵਾਂ, ਅਤੇ ਛੋਟਾ-ਮੋਟਾ ਨਾਂਅ , ਕਮਾਉਣ ਵਾਲਾ ਸੰਸਦ ਮੈਂਬਰ। ਇਸ ਗੱਲ ਨੂੰ ਲੈ ਕੇ ਹੋਰ ਭੜਕਾਹਟ ਪੈਦਾ ਕੀਤੀ ਜਾਂਦੀ ਹੈ। ਦੇਸ ਦੀ ਆਪੂੰ ਡਿਗਰੀ- ਰਹਿਤ ਸਿੱਖਿਆ ਮੰਤਰੀ ਫਟਾਫਟ ਇਸਨੂੰ ਭਗਤ ਸਿੰਘ ਦਾ ‘ਅਕਾਦਮਿਕ ਕਤਲ’ ਗਰਦਾਨ ਦੇਂਦੀ ਹੈ। ਰਾਜਨੀਤਕ ਹੋੜਬਾਜ਼ੀ ਦੇ ਇਸ ਭਖੇ ਹੋਏ ਤੰਦੂਰ ਵਿੱਚ ਕਈ ਹੋਰ ਵੀ ਆਪੋ ਆਪਣੇ ਕੱਚੇ-ਪਿੱਲੇ ਆਟੇ ਦਾ ਪੇੜਾ ਥੱਪਣ ਤੁਰ ਪੈਂਦੇ ਹਨ। ਇਹ ਜਹਾਲਤ, ਕੋਰੀ-ਅਨਪੜ੍ਹਤਾ ਅਤੇ ਭੰਬਲਭੂਸਿਆਂ ਦਾ ਦੌਰ ਹੈ। ਅਤੇ ਏਸੇ ਲਈ ਇਸ ਨੂੰ ਸਮਝਣਾ ਅਤੇ ਇਸ ਨਾਲ ਸਿਝਣਾ ਨਿਹਾਇਤ ਜ਼ਰੂਰੀ ਹੈ। ਬਹਿਸ ਦਾ ਬਾਇਸ ਬਣੀ ਹੈ 1988 ਵਿੱਚ ਛਪੀ ਇਤਿਹਾਸ ਦੀ ਪੁਸਤਕ ‘ ਭਾਰਤ ਦਾ ਸੁਤੰਤਰਤਾ ਘੋਲ’। ਇਸ ਦੇ ਮੁਖ ਲੇਖਕ ਸਤਿਕਾਰਤ ਮਰਹੂਮ ਇਤਿਹਾਸਕਾਰ ਬਿਪਨ ਚੰਦਰ ਹਨ। ਪੁਸਤਕ ਦੇ 39 ਵਿਚੋਂ 22 ਅਧਿਆਏ, ਸਮੇਤ ਮੁਖ-ਬੰਦ ਦੇ, ਉਨ੍ਹਾਂ ਦੇ ਲਿਖੇ ਹੋਏ ਹਨ। ਪਿਛਲੇ 25 ਸਾਲਾਂ ਤੋਂ ਇਹ ਕਿਤਾਬ ਭਾਰਤੀ ਵਿਸ਼ਵ-ਵਿਦਿਆਲਿਆਂ ਵਿੱਚ ਸੁਤੰਤਰਤਾ ਸੰਗਰਾਮ ਦੀ ਬਿਹਤਰੀਨ ਅਤੇ ਬਹੁਪੱਖੀ ਇਤਿਹਾਸਕਾਰੀ ਵਜੋਂ ਪੜ੍ਹਾਈ ਜਾਂਦੀ ਹੈ। ਜਿਸ ਗਲ ਤੋਂ ਸਾਡੇ ਨਵ-ਜਨਮੇ ਦੇਸ਼ਭਗਤ ਅਤੇ ਸਵੈ-ਘੋਸ਼ਿਤ ਭਗਤ-ਸਿੰਘੀਏ ਏਡੇ ਲੋਹੇ-ਲਾਖੇ ਹੋ ਗਏ ਹਨ, ਉਹ ਹੈ ਪੁਸਤਕ ਦਾ 20-ਵਾਂ ਕਾਂਡ ਜਿਸਦਾ ਸਿਰਲੇਖ ਹੈ “ ਭਗਤ ਸਿੰਘ, ਸੂਰਿਆ ਸੇਨ ਅਤੇ ਇਨਕਲਾਬੀ ਆਤੰਕਵਾਦੀ”। ਉਹ ਇਹ ਸਿਧ ਕਰਨ ਵਲ ਤੁਰ ਪਏ ਹਨ ਕਿ ਪ੍ਰੋ. ਬਿਪਨ ਚੰਦਰ ਨੇ ਮਹਾਨ ਸ਼ਹੀਦ ਦੀ ਬੇਇੱਜ਼ਤੀ ਕੀਤੀ ਹੈ। ਸੁਬਰਾਮਨੀਅਮ ਸਵਾਮੀ ਨੇ ਤਾਂ ਰਾਜ ਸਭਾ ਵਿੱਚ ਏਥੋਂ ਤੱਕ ਕਹਿ ਦਿਤਾ ਕਿ ਇਹੋ ਜਿਹਾ ਕੰਮ ਪ੍ਰੋ. ਬਿਪਨ ਚੰਦਰ ਨੇ ਇਸ ਲਈ ਕੀਤਾ ਕਿਉਂਕਿ ਉਹ ਕਮਿਊਨਿਸਟ ਸੀ । ਪਹਿਲੋਂ ਗੱਲ ਪ੍ਰੋ. ਬਿਪਨ ਚੰਦਰ ਬਾਰੇ। ਉਹ ਪਹਿਲੇ ਇਤਿਹਾਸਕਾਰ ਸਨ, ਜਿਨ੍ਹਾਂ ਨੇ ਭਗਤ ਸਿੰਘ ਅਤੇ ਉਸਦੇ ਇਨਕਲਾਬੀ ਸਾਥੀਆਂ ਨੂੰ ਸਿਰਫ਼ ਜੋਸ਼ੀਲੇ ਅਤੇ ਨਿਡਰ ਨੌਜਵਾਨ ਸੰਗਰਾਮੀਏ ਕਹਿਣ ਦੀ ਥਾਂ, ਉਨ੍ਹਾਂ ਨੂੰ ਗੰਭੀਰ ਚਿੰਤਕਾਂ ਅਤੇ ਵਿਚਾਰਕਾਂ ਵਜੋਂ ਸਥਾਪਤ ਕੀਤਾ। ਪ੍ਰੋ. ਬਿਪਨ ਚੰਦਰ ਹੀ ਉਹ ਇਤਿਹਾਸਕਾਰ ਹਨ ਜਿਨ੍ਹਾਂ ਨੇ 70-ਵਿਆਂ ਦੇ ਸ਼ੁਰੂ ਵਿੱਚ ਭਗਤ ਸਿੰਘ ਦੀ ਉਦੋਂ ਤਕ ਗੁਆਚ ਚੁਕੀ ਲਿਖਤ ‘ ਮੈਂ ਨਾਸਤਕ ਕਿਉਂ ਹਾਂ’ ਨੂੰ ਨਾ ਸਿਰਫ਼ ਲੱਭਿਆ ਸਗੋਂ ਆਪਣੇ ਖਰਚੇ ਉਤੇ ਛਾਪਿਆ ਵੀ। ਨਾ ਸਿਰਫ਼ ਛਾਪਿਆ ਹੀ ਸਗੋਂ ਆਪਣੇ ਵਿਦਿਆਰਥੀਆਂ ਅਤੇ ਸਹਿਕਰਮੀਆਂ ਦੀ ਮਦਦ ਨਾਲ ਇਸਨੂੰ ਗਲੀ-ਗਲੀ ਜਾ ਕੇ ਵੰਡਿਆਂ, ਘਰ-ਘਰ ਪੁਚਾਇਆ। ਅਤੇ ਜਦੋਂ ਨੈਸ਼ਨਲ ਬੁਕ ਟਰਸਟ ਦੇ ਮੁਖੀ ਬਣੇ ਤਾਂ ਇਸ ਕਿਤਾਬਚੀ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਛਪਾਉਣ ਦਾ ਵੀ ਉਦਮ ਕੀਤਾ। ਹੁਣ ਗੱਲ ‘ਇਨਕਾਲਾਬੀ ਆਤੰਕਵਾਦੀ’ ਦੀ ਸ਼ਬਦ-ਚੋਣ ਬਾਰੇ। ਪਿਛਲੇ ਕੁਝ ਸਮੇਂ ਤੋਂ ਦੁਨੀਆ ਵਿੱਚ ‘ਧਾਰਮਕ’ ਆਤੰਕਵਾਦ ਦੇ ਛਾ ਜਾਣ ਕਾਰਨ ਇਸਦੇ ਅਜੋਕੇ ਅਰਥ ਕੁਝ ਹੋਰ ਕਿਸਮ ਦਾ ਬਿੰਬ ਪੈਦਾ ਕਰਨ ਲੱਗ ਪਏ ਹਨ, ਪਰ ਰਾਜਨੀਤਕ ਫ਼ਲਸਫ਼ੇ ਵਿੱਚ ‘ਇਨਕਾਲਾਬੀ ਆਤੰਕਵਾਦੀ’ ਦੇ ਅਰਥ ਉਹ ਨਹੀਂ ਜੋ ਆਮ ਬੇਦੋਸ਼ੇ ਲੋਕਾਂ ਨੂੰ ਕਤਲ ਕਰ ਕੇ ਆਪਣੀ ਹੋਂਦ ਸਿਧ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਜੋਕੇ ਆਤੰਕਵਾਦ ਨਾਲ ਜੁੜ ਚੁਕੇ ਹਨ। ਇਤਿਹਾਸ ਦੇ ਸੰਦਰਭ ਵਿੱਚ ਪੜਚੋਲਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਜ਼ੁਲਮਸ਼ਾਹੀ ਦੀ ਸੱਤਾ ਦੇ ਵਿਰੋਧ ਵਿੱਚ ‘ਆਤੰਕ’ ਨੂੰ ਹਅਿਥਾਰ ਬਣਾ ਕੇ ਵਰਤਣ ਦੀਆਂ ਪਹਿਲੀਆਂ ਮਿਸਾਲਾਂ ਉਹ ਰੂਸੀ ਇਨਕਲਾਬੀ ਸਨ, ਜਿਨ੍ਹਾਂ ਨੇ ਜ਼ਾਰਸ਼ਾਹੀ ਦੇ ਜਬਰ ਵਿਰੁਧ ਲੜਨ ਲਈ ਇਸ ਇਨਕਲਾਬੀ ਸਰਗਰਮੀ ਨੂੰ ਆਪਣੇ ਸਿਆਸੀ ਪੈਂਤੜੇ ਵਜੋਂ ਵਰਤਿਆ ਸੀ । ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਜੇ ਇਕ ਪਾਸੇ ਗਾਂਧੀ ਜੀ ਦੀ ਅਗਵਾਈ ਹੇਠ ਅਹਿੰਸਾ ਦੀ ਧਾਰਨਾ ਵਾਲਾ ‘ਸ਼ਾਤੀਪੂਰਵਕ ਸੰਘਰਸ਼’ ਸੀ ਤਾਂ ਜੋ ਦੂਜੇ ਪਾਸੇ ਉਨ੍ਹਾਂ ‘ਇਨਕਲਾਬੀ ਆਤੰਕਵਾਦੀਆਂ’ ਦਾ ਘੋਲ ਵੀ ਸੀ ਜੋ ਬਰਤਾਨਵੀ ਹਕੂਮਤ ਨੂੰ ਤਕੜੇ ਝਟਕੇ ਦੇਣ ਲਈ ਬੰਦੂਕਾਂ ਅਤੇ ਬੰਬਾਂ ਦੀ ਵਰਤੋਂ ਵਿੱਚ ਯਕੀਨ ਰਖਦੇ ਸਨ। ਗਦਰੀ ਬਾਬਿਆਂ ਤੋਂ ਲੈ ਕੇ ਭਗਤ ਸਿੰਘ ਤਕ ਸੁਤੰਤਰਤਾ ਸੰਗਰਾਮ ਵਿੱਚ ਇਸ ਢੰਗ ਨਾਲ ਹਿਸਾ ਪਾਉਣ ਵਾਲਿਆਂ ਵਿੱਚ ਖੁਦੀਰਾਮ ਬੋਸ, ਮਦਨ ਲਾਲ ਢੀਂਗਰਾ ,ਰਾਸ਼ਬਿਹਾਰੀ ਬੋਸ, ਰਾਮਪ੍ਰਸਾਦ ਬਿਸਮਿਲ, ਅਸ਼ਫ਼ਾਕਉਲਾਹ ਖਾਨ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਅਜਿਹੇ ਅਨੇਕਾਂ ‘ਇਨਕਾਲਾਬੀ ਆਤੰਕਵਾਦੀਆਂ ‘ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਦੀ ਦੇਣ ਨੂੰ ਕਿਸੇ ਤਰ੍ਹਾਂ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਸਗੋਂ ਇਨ੍ਹਾਂ ਇਨਕਲਾਬੀਆਂ ਦੀ ਦੇਣ ਨੂੰ ਬਣਦੀ ਥਾਂ ਦੁਆਉਣ ਵਾਲੇ ਇਤਹਾਸਕਾਰਾਂ ਵਿੱਚ ਪ੍ਰੋ. ਬਿਪਨ ਚੰਦਰ ਦੀ ਥਾਂ ਪਰਮੁਖ ਹੈ।ਇਕ ਸ਼ਬਦ ਨੂੰ ਲੈ ਕੇ ਭਾਜਪਾਈ ( ਜਿਨ੍ਹਾਂ ਦੇ ਨਾ ਤਾਂ ਪੁਰਖੇ ਕਦੇ ਸੁਤੰਤਰਤਾ ਸੰਗਰਾਮ ਵਿੱਚ , ਜਾਂ ਇਸਦੀ ਕਿਸੇ ਵੀ ਧਾਰਾ ਵਿੱਚ , ਸ਼ਾਮਲ ਹੋਏ ਤਾਂ ਨਾ ਹੀ ਉਨ੍ਹਾਂ ਕਦੇ ਭਗਤ ਸਿੰਘ ਅਤੇ ਉਸਦੇ ਇਨਕਲਾਬੀਆਂ ਸਾਥੀਆਂ ਦੀ ਹਿਮਾਇਤ ਲਈ ਉਸ ਸਮੇਂ ਇਕ ਸ਼ਬਦ ਵੀ ਉਚਾਰਿਆ ) ਏਨੀਆਂ ਟਾਹਰਾਂ ਕਿਉਂ ਮਾਰ ਰਹੇ ਹਨ? ਜੇ ਉਨ੍ਹਾਂ ਚੀਕ-ਚਿਹਾੜਾ ਪਾਉਣ ਤੋਂ ਪਹਿਲਾਂ ਕਿਤਾਬ ਉਤੇ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਏਸੇ ਪੁਸਤਕ ਦੇ ਸਫ਼ਾ 142 ਉਤੇ ਪ੍ਰੋ. ਬਿਪਨ ਚੰਦਰ ਨੇ ‘ਇਨਕਾਲਾਬੀ ਆਤੰਕਵਾਦੀ’ ਦੀ ਪਹਿਲੀ ਵਰਤੋਂ ਕਰਦਿਆਂ ਹੀ ਇਹ ਸਪਸ਼ਟ ਕੀਤਾ ਹੋਇਆ ਹੈ ਕਿ ‘ਇਸ ਸ਼ਬਦ ਨੂੰ ਅਸੀ ਕਿਸੇ ਵੀ ਨਾਂਹ-ਪੱਖੀ ਲੱਛਣ ਤੋਂ ਮੁਕਤ ਕਰ ਕੇ ਵਰਤ ਰਹੇ ਹਾਂ, ਕਿਉਂਕਿ (ਆਜ਼ਾਦੀ ਘੋਲ ਦੀਆਂ ਦੋ ਧਾਰਾਵਾਂ ਵਿੱਚ ) ਇਸ ਕਿਸਮ ਦੇ ਨਿਖੇੜੇ ਲਈ ਕੋਈ ਹੋਰ ਟਰਮ ਮੌਜੂਦ ਨਹੀਂ’। ਪ੍ਰੋ. ਬਿਪਨ ਚੰਦਰ 2014 ਵਿੱਚ ਸਾਡੇ ਕੋਲੋਂ ਵਿਛੜ ਚੁਕੇ ਹਨ। ਪਰ ਉਨ੍ਹਾਂ ਦੇ ਇਸ ਸਪਸ਼ਟੀਕਰਨ ਦੇ ਪਰਥਾਏ ਇਕ ਗਲ ਹੋਰ ਕਰਨੀ ਬਣਦੀ ਹੈ। ਸਮੇਂ, ਸਥਾਨ ਅਤੇ ਸੰਦਰਭ ਮੁਤਾਬਕ ਸ਼ਬਦਾਂ ਦੇ ਅਰਥ ਅਤੇ ਬਿੰਬ ਬਦਲਣੇ ਸ਼ੁਰੂ ਹੋ ਜਾਂਦੇ ਹਨ। ਪਰ ਕਿਸੇ ਵੀ ਫਲਸਫ਼ੇਦਾਨ, ਇਤਿਹਾਸਕਾਰ ਜਾਂ ਖੋਜੀ ਲਈ ਇਹ ਸੰਭਵ ਨਹੀਂ ਕਿ ਉਹ ਆਪਣੇ ਅਕਾਦਮਿਕ ਕਾਰਜ ਨੂੰ ਸ਼ਬਦਾਂ ਦੇ ਵਕਤੀ ਜਾਂ ਸੀਮਤ ਅਰਥਾਂ ਦੇ ਨੱਕੇ ਵਿਚੋਂ ਲੰਘਾ ਕੇ ਸੌੜੀ-ਸਮਝ ਵਾਲੀ ਸ਼ਬਦਾਵਲੀ ਵਿੱਚ ਹੀ ਘਿਰ ਜਾਵੇ। ਇਸਦੀ ਅਜੋਕੀ ਮਿਸਾਲ ਸ਼ਬਦ ‘ਰੈਡੀਕਲ’ ਹੈ। ਚਿਰਾਂ ਤੋਂ ਇਸ ਸ਼ਬਦ ਨੂੰ ਸਿਰੇ ਦੀਆਂ ਖੱਬੀਆਂ ਧਾਰਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਵਰਿਤਆ ਜਾਂਦਾ ਰਿਹਾ ਹੈ। ਰਾਜਨੀਤਕ ਸ਼ਬਦਾਵਲੀ ਵਿੱਚ ਆਮ ਤੌਰ ਤੇ ‘ ਰੈਡੀਕਲ’ ਅਤੇ ‘ਲੈਫ਼ਟ’ , ਦੋਵੇਂ ਸ਼ਬਦ ਇਕੱਠੇ ਵਰਤੇ ਜਾਂਦੇ ਹਨ , ਅਤੇ ‘ਅਲਟ੍ਰਾ-ਲੈਫ਼ਟ’ ( ਸਿਰੇ ਦੀਆਂ ਖੱਬੀਆਂ ਧਿਰਾਂ) ਤੋਂ ਉਲਟ ਇਸ ਸ਼ਬਦ ‘ਰੈਡੀਕਲ’ ਨੂੰ ਨਾਂਹ-ਪੱਖੀ ਫਤਵੇਬਾਜ਼ੀ ਤੋਂ ਰਹਿਤ ਮੰਨਿਆ ਜਾਂਦਾ ਰਿਹਾ ਹੈ। ਪਰ, ਹੁਣ, ਪਿਛਲੇ ਕੁਝ ਸਾਲਾਂ ਤੋਂ ਇਸਲਾਮ ਦੇ ਇਕ ਸਿਰੇ ਦੀ ਧਾਰਾ ਕਾਰਨ ਉਠੀ ਦਹਿਸ਼ਤਗਰਦੀ ਕਾਰਨ ਅਜਿਹੇ ਲੋਕਾਂ ਨੂੰ ‘ਰੈਡੀਕਲ ਇਸਲਾਮ’ ਵਾਲੇ ਕਿਹਾ ਜਾਂਦਾ ਹੈ ਅਤੇ ‘ਰੈਡੀਕਲ’ ਸ਼ਬਦ ਨਾਲ ਇਕ ਨਾਂਹ-ਪੱਖੀ ਬਿੰਬ ਜੁੜ ਗਿਆ ਹੈ। ਤਾਂ ਕੀ ਹੁਣ ਇਤਿਹਾਸਕਾਰ ‘ਰੈਡੀਕਲ ਲੈਫ਼ਟ’ ਸ਼ਬਦ ਵਰਤਣ ਤੋਂ ਤ੍ਰਹਿਣ ਲੱਗ ਪੈਣ?ਬਿਲਕੁਲ ਨਹੀਂ। ਕਿਉਂਕਿ ‘ਰੈਡੀਕਲ ਲੈਫ਼ਟ’ ਨੂੰ ਉਸ ਭਾਵਨਾ ਨਾਲ ਨਹੀਂ ਜੋੜਿਆ ਜਾ ਸਕਦਾ ਜਿਸਦੀ ਨੁਮਾਇੰਦਗੀ‘ਰੈਡੀਕਲ ਇਸਲਾਮ’ ਦਾ ਜਨੂੰਨੀ ਸਿਰਫ਼ਿਰਾਪਣ ਕਰਦਾ ਹੈ। ਜੇ ਜਾਹਲਾਂ ਨੂੰ ਇਨ੍ਹਾਂ ਨਿਖੇੜਿਆਂ ਦੀ ਸਮਝ ਨਹੀਂ ਤਾਂ ਸਮਝਦਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹੋ ਜਿਹੇ ਭੰਬਲਭੂਸਿਆਂ ਪ੍ਰਤੀ ਹੋਰ ਵੀ ਸੁਚੇਤ ਹੋਣ, ਅਤੇ ਹੋਰਨਾ ਨੂੰ ਵੀ ਸੁਚੇਤ ਕਰਦੇ ਰਹਿਣ। ਪਰ, ਪ੍ਰੋ. ਬਿਪਨ ਚੰਦਰ ਦੀ 25 ਸਾਲਾਂ ਤੋਂ ਪੜ੍ਹਾਈ ਜਾਂਦੀ ਇਸ ਪੁਸਤਕ ਵਿੱਚ ਵਰਤੇ ਇਕ ਸ਼ਬਦ ਬਾਰੇ ਪਾਇਆ ਗਿਆ ਇਹ ਬਖੇੜਾ, ਇਹ ਭੰਬਲਭੂਸਾ ਸ਼ਾਇਦ ਸਿਰਫ਼ ਸਿੱਧੜਾਂ ਦੀ ਸੋਚ ਦਾ ਜਨਾਜ਼ਾ ਨਹੀਂ, ਇਸ ਪਿਛੇ ਵਡੇਰੀ ਅਤੇ ਡੂੰਘੇਰੀ ਸਾਜ਼ਿਸ਼ ਵੀ ਹੈ। ਕਿਉਂਕਿ ਇਸ ਝੇੜੇ ਨੂੰ ਹਵਾ ਦੇਣ ਵਾਲਿਆਂ ਵਿੱਚ ਅਨਪੜ੍ਹ ਕਿਸਮ ਦੇ ਸਾਂਸਦਾਂ ਤੋਂ ਇਲਾਵਾ ਅਮਰੀਕਾ ਤੋਂ ਪੀਐੱਚ.ਡੀ. ਪ੍ਰਾਪਤ ਬਖੇੜਾਬਾਜ਼ ਸੁਬਰ੍ਹਾਮਨੀਅਮ ਸਵਾਮੀ ਵੀ ਸ਼ਾਮਲ ਹੈ। ਇਹ ਉਹੋ ਬੰਦਾ ਹੈ ਜਿਸਨੇ ਕੁਝ ਮਹੀਨੇ ਪਹਿਲਾਂ ( ਜਦੋਂ ਅਜੇ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਦੇ ਨਾਂਵਾਂ ਬਾਰੇ ਜੇ.ਐਨ.ਯੂ. ਦੇ ਕੈਂਪਸ ਤੋਂ ਬਾਹਰ ਕਿਸੇ ਨੂੰ ਜਾਣਕਾਰੀ ਤਕ ਨਹੀਂ ਸੀ) ਇਹ ਸੁਝਾਅ ਦਿਤਾ ਸੀ ਕਿ ਜੇ.ਐਨ.ਯੂ. ਖੱਬੇ-ਪੱਖੀ ਦੇਸ਼-ਦ੍ਰੋਹੀਆਂ ਦਾ ਗੜ੍ਹ ਬਣ ਚੁਕਾ ਹੈ ਅਤੇ ਇਸਨੂੰ ਬੰਦ ਕਰ ਦਿਤਾ ਜਾਣਾ ਚਾਹੀਦਾ ਹੈ। ਅਤੇ ਜਿਸ ਪਾਠ-ਪੁਸਤਕ ਬਾਰੇ ਏਨਾ ਬਖੇੜਾ ਸ਼ੁਰੂ ਕੀਤਾ ਗਿਆ ਹੈ ਨਾ ਸਿਰਫ਼ ਉਸਦੇ ਮੁਖ ਲੇਖਕ ਦਾ ਨਾਤਾ ਜੇ.ਐਨ.ਯੂ. ਨਾਲ ਸੀ, ਸਗੋਂ ਉਸਦੇ ਹੋਰ ਲੇਖਕ ( ਮ੍ਰਿਦੁਲਾ ਅਤੇ ਆਦਿਤਯ ਮੁਖਰਜੀ, ਕੇ.ਐਮ. ਪਾਨਿੱਕਰ ਅਤੇ ਸੁਚੇਤਾ ਮਹਾਜਨ) ਵੀ ਏਸੇ ਯੂਨੀਵਰਸਟੀ ਵਿੱਚ ਪੜ੍ਹਾ ਰਹੇ ਹਨ ਜਾਂ ਪੜ੍ਹਾ ਚੁਕੇ ਹਨ। ਸੋ ਇਸ ਹਮਲੇ ਪਿਛੇ ਉਸ ਸਿਆਸੀ ਪੈਂਤੜੇ ਦਾ ਵੀ ਹੱਥ ਦਿਸਦਾ ਹੈ ਜੋ ਦੇਸ ਵਿੱਚ ਬੌਧਿਕਤਾ ਦੇ ਉਸ ਵਾਤਾਵਰਣ ਨੂੰ ਹੀ ਖਤਮ ਕਰ ਦੇਣਾ ਚਾਹੁੰਦਾ ਹੈ ਜੋ ਉਸਨੂੰ ਭਗਵੇਂਕਰਨ ਦੀ ਰਾਹ ਦਾ ਸਭ ਤੋਂ ਵਡਾ ਰੋੜਾ ਜਾਪਦਾ ਹੈ। ਨਾਲ ਹੀ ਇਹ ਸ਼ੋਰ-ਸ਼ਰਾਬਾ ਆਪਣੇ ਆਪ ਨੂੰ ਭਗਤ ਸਿੰਘ ਦੇ ਅਸਲੀ ਵਾਰਸ ਸਿੱਧ ਕਰਨ ਦੀ ਉਸੇ ਮੁਹਿੰਮ ਦਾ ਵੀ ਹਿਸਾ ਹੈ ਜਿਸ ਤਹਿਤ ਕਦੇ ਪਟੇਲ, ਕਦੇ ਸੁਭਾਸ਼ ਚੰਦਰ ਬੋਸ, ਤੇ ਹੁਣੇ ਹੁਣੇ ਅੰਬੇਡਕਰ ਦੇ ਨਾਂਵਾਂ ਨੂੰ ਇੰਜ ਵਰਤਿਆ ਗਿਆ ਹੈ ਜਿਵੇਂ ਉਨ੍ਹਾਂ ਦੇ ਅਸਲੀ ਪੈਰੋਕਾਰ ਇਹ ਹਿੰਦੁਤਵਵਾਦੀ ਹੀ ਰਹੇ ਹੋਣ। ਜਿਸ ਪਾਰਟੀ ਕੋਲ ਸੁਤੰਤਰਤਾ ਸੰਗਰਾਮ ਵਿੱਚ ਕਿਸੇ ਵੀ ਕਿਸਮ ਦਾ ਹਿਸਾ ਪਾਉਣ ਦਾ ਇਤਿਹਾਸ ਨਹੀਂ, ਜਿਸ ਕੋਲ ਆਪਣਾ ਕੋਈ ਨਾਇਕ ਨਹੀਂ, ਉਹ ਹੁਣ ਸੰਦਰਭੋਂ-ਕੱਟੀਆਂ ਦਲੀਲਾਂ ਅਤੇ ਝੂਠੇ ਤੱਥਾਂ ਦਾ ਸਹਾਰਾ ਲੈ ਕੇ ਹੋਰਨਾ ਦੇ ਨਾਇਕਾਂ ਨੂੰ ਆਪਣੇ ਸਿਧ ਕਰਨ ਦੇ ੳਪਰਾਲਿਆਂ ਵਿੱਚ ਹੈ। ------
ਚਲਦੇ-ਚਲਦੇ: ਦੇਸ ਦੇ ਸਭ ਤੋਂ ਵੱਡੇ, ਅਤੇ ਸਭ ਤੋਂ ਵਧ ਤੇਜ਼ੀ ਨਾਲ ਉਭਰ ਰਹੇ ਧਾਰਮਕ-ਪੂੰਜੀਵਾਦੀ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਇਸ਼ਤਿਹਾਰਾਂ ਵਿੱਚ ਨਾਲ ਹੀ ਇਕ ਅਪੀਲ ਵੀ ਛਾਪੀ ਜਾ ਰਹੀ ਹੈ: ‘ ਸਾਰੇ ਵਪਾਰੀਆਂ ਅਤੇ ਗਾਹਕਾਂ ਸਨਮੁਖ ਸਾਡੀ ਨਿਮਰ ਬੇਨਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਅਤੇ ਦਿਲਾਂ ਵਿੱਚ ਪਤੰਜਲੀ ਦੇ ਉਤਪਾਦਨਾਂ ਨੂੰ ਖਾਸ ਥਾਂ ਦੇਣ। ...ਇਸ ਤਰ੍ਹਾਂ ਅਸੀਂ ਸਾਰੇ ਮਹਾਤਮਾ ਗਾਂਧੀ, ਭਗਤ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਦੇ “ਸਵਦੇਸ਼ੀ” ਦੇ ਸੁਪਨੇ ਨੂੰ ਸਾਕਾਰ ਕਰ ਸਕਾਂਗੇ।
ਗਾਂਧੀ, ਭਗਤ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਦੇ ਨਾਂਵਾਂ ਦਾ ਇਹੋ ਜਿਹਾ ਵਪਾਰੀਕਰਣ !!!! ਲ਼ਾਹਨਤ ਹੈ।