Thu, 21 November 2024
Your Visitor Number :-   7253216
SuhisaverSuhisaver Suhisaver

ਮਈ ਦਿਵਸ ਅਤੇ ਅਜੋਕੀ ਸਮੱਸਿਆ -ਵਰਿੰਦਰ ਖੁਰਾਣਾ

Posted on:- 03-05-2016

suhisaver

ਮਈ ਦਿਵਸ ਕੀ ਹੈ ? ਇਹਦੇ ਬਾਰੇ ਸੰਸਾਰ ਭਰ ਦੇ ਲੋਕ ਜਾਣਦੇ ਹਨ ਕਿ ਇਹ ਕਿਰਤੀ ਲੋਕਾਂ ਦਾ ਦਿਨ ਸਾਨੂੰ ਹਰ ਸਾਲ ਉਸ ਸਾਕੇ ਦੇ ਯਾਦ ਦਵਾਉਂਦਾ ਹੈ, ਜਦੋਂ ਸ਼ਿਕਾਗੋ ਦੇ ਕਿਰਤੀ ਆਪਣੇ ਕੰਮ ਦੇ ਹੱਕਾਂ ਰਾਖੀ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉੱਤਰੇ ਅਤੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਇੱਕ ਬੰਬ ਦੇ ਧਮਾਕੇ ਕਾਰਨ ਜਿਸਦਾ ਪਤਾ ਨਹੀਂ ਲੱਗ ਸਕਿਆ ਕਿ ਕਿਸਨੇ ਚਲਾਇਆ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਰਤੀਆਂ ਉੱਤੇ ਗੋਲੀ ਚਲਾ ਦਿੱਤੀ ਅਤੇ ਸ਼ਿਕਾਗੋ ਦੀ ਸੜਕ ਨੂੰ ਖੂਨ ਨਾਲ ਲਾਲ ਕਰ ਦਿੱਤਾ ।

ਪਰ ਇਹ ਕਿਰਤੀ ਕਿਉਂ ਪ੍ਰਦਰਸ਼ਨ ਕਰ ਰਹੇ ਸਨ। ਇਸ ਬਾਰੇ ਘੱਟ ਹੀ ਸੁਣਨ ਨੂੰ ਮਿਲਦਾ ਹੈ, ਦਰਅਸਲ ਇਹ ਪ੍ਰਦਰਸ਼ਨ ਉਸ ਇਤਿਹਾਸਕ ਪ੍ਰਕਿਰਿਆ ਦਾ ਇੱਕ ਮੁਕਾਮ ਸੀ, ਜਿਸਨੂੰ ਮਨੁੱਖ ਨੇ ਆਪਣੇ  ਇਤਿਹਾਸਕ ਵਿਕਾਸ ਨਾਲ ਹਾਸਿਲ ਕੀਤਾ । ਉਹ ਪ੍ਰਦਰਸ਼ਨ ਕੰਮ ਦਿਨ ਨੂੰ 8 ਘੰਟੇ ਨਿਸ਼ਚਿਤ ਕਰਨ ਦਾ ਸੰਘਰਸ਼ ਸੀ ।  

ਹੁਣ ਇਹ ਗੱਲ ਸਮਝ ਆਉਣੀ ਕਿੰਨੀ ਕੁ ਔਖੀ ਹੈ ਕਿ ਜਦੋਂ ਮਨੁੱਖ ਆਪਣੇ ਵਿਕਾਸ ਦੇ ਮੁੱਢਲੇ ਸਮਿਆਂ 'ਚ ਸੀ ਤਾਂ ਉਸ ਕੋਲ ਆਪਣਾ ਕੰਮ ਕਰਨ ਲਈ ਸੰਦ ਸੀਮਤ ਹੀ ਸਨ ਤਾਂ ਕੰਮ ਨੂੰ ਕਰਨ ਲਈ ਵੱਧ ਸਮੇਂ ਦੀ ਲੋੜ ਸੀ। ਕਿਉਂਕਿ ਮਨੁੱਖ ਅਜਿਹਾ ਜੀਵ ਹੈ, ਜਿਹੜਾ ਆਪਣੀ ਸਹੂਲਤ ਲਈ ਸੰਦਾਂ ਦਾ ਨਿਰਮਾਣ ਕਰਦਾ ਹੈ ਅਤੇ ਮਨੁੱਖ ਦੇ ਵਿਕਾਸ ਦੇ ਮੁੱਢਲੇ ਦਿਨਾਂ ਤੌਂ ਭਾਵ ਵੀ ਇਹੀ ਹੈ ਕਿ ਜਦੋਂ ਮਨੁੱਖ ਨੇ ਸੰਦ ਘੜ੍ਹਨ ਦੀ ਜਾਚ ਸਿੱਖੀ । ਸੰਦ ਬਣਾਉਣ ਦੀ ਜਾਚ ਆਉਣ ਨਾਲ ਹੀ ਮਨੁੱਖ ਸਮੁੱਚੇ ਜੀਵ ਜਗਤ ਤੋਂ ਵਿਕਾਸ ਦੇ ਉੱਚੇਰੇ ਪੜਾਅ ਤੇ ਪਹੁੰਚ ਜਾਂਦਾ ਹੈ । ਮਨੁੱਖ ਸੰਦਾਂ ਦੀ ਵਰਤੋਂ ਤਾਂ ਬਹੁਤ ਪਹਿਲਾਂ ਦੀ ਕਰਨ ਲੱਗ ਪਿਆ ਸੀ ਅਤੇ ਕਈ ਜੀਵ ਅੱਜ ਵੀ ਸੰਦਾ ਦੀ ਵਰਤੋਂ ਕਰਦੇ ਹਨ ਕੋਈ ਪੰਛੀ ਆਪਣੀ ਚੁੰਜ 'ਚ ਪੱਥਰ ਦੀ ਡਲੀ ਚੁੱਕ ਕੇ ਉਪਰੋਂ ਆਪਣੇ ਸ਼ਿਕਾਰ ਦੇ ਸਿਰ 'ਤੇ ਵਗਾਹ ਕੇ ਉਸਨੂੰ ਬੇਸੁੱਧ ਕਰਨ 'ਚ ਸਹਾਇਤਾ ਲੈਂਦਾ ਅਤੇ ਕੋਈ ਕਿਸੇ ਦਰਖਤ ਦੀ ਟਾਹਣੀ ਉੱਤੇ ਆਪਣੀ ਥੁੱਕ ਲਗਾ ਕੇ ਕੀੜਿਆਂ ਦੇ ਭੌਂਣ 'ਚੋਂ ਕੀੜੇ ਕੱਢ ਕੇ ਖਾਣ ਦਾ ਕੰਮ ਕਰਦਾ ਹੈ । ਪਰ ਮਨੁੱਖ ਤੋਂ ਇਲਾਵਾ ਕੋਈ ਹੋਰ ਜੀਵ ਨਹੀਂ ਹੈ, ਜਿਸਨੇ ਆਪਣੀ ਸਹਾਇਤਾ ਸੰਦਾਂ ਦਾ ਨਿਰਮਾਣ ਕੀਤਾ ਹੋਵੇ ।
ਇਹਨਾਂ ਸੰਦਾਂ ਦਾ ਅਤੇ ਮਈ ਦਿਵਸ ਦਾ ਆਪਸ 'ਚ ਕੀ ਸੰਬੰਧ ਹੈ ?  

ਇਹ ਸੰਬੰਧ 'ਉਲਟ-ਅਨੁਪਾਤੀ' ਹੈ, ਜਿਵੇਂ  ਜਿਵੇਂ ਮਨੁੱਖ ਨੇ ਆਪਣੇ ਲਈ ਸੰਦ ਬਣਾਉਣੇ ਜਾਰੀ ਰੱਖੇ ਉਵੇਂ-ਉਵੇਂ ਉਹਨੂੰ ਆਪਣੇ ਕੰਮ 'ਚ ਸੌਖ ਹੋਣ ਲੱਗੀ ।  ਸ਼ਿਕਾਰ ਲਈ ਇਯਾਤ ਕੀਤਾ ਭਾਲਾ ਉਸਨੂੰ ਹੱਥਾਂ ਨਾਲ ਸ਼ਿਕਾਰ ਕਰਨ ਦੀ ਕਾਰਵਾਈ ਨਾਲੋਂ ਸੌਖਾ ਕਰ ਦਿੰਦਾ ਹੈ, ਭਾਲਾ ਉਸਦੀ ਲੰਮੀ ਬਾਹ ਬਣਦਾ ਹੈ ਅਤੇ ਵਿਗਿਆਨ ਦੀ ਭਾਸ਼ਾ ਉਹ ਭਾਲਾ ਉਸਨੂੰ ਜ਼ਿਆਦਾ ਬਲ ਪੈਦਾ ਕਰਨ ਵਿੱਚ ਸਹਾਈ ਹੁੰਦਾ ਹੈ ।    

ਇਹ ਸੰਦ ਜਿਹਨਾਂ ਨੂੰ ਮਨੁੱਖ ਪਹਿਲਾਂ ਸਾਦੇ ਰੂਪ 'ਚ ਵਰਤਦਾ ਸੀ, ਅੱਗੇ ਜਾ ਕੇ ਉਹ ਇਹਨਾਂ ਸੰਦਾਂ ਨੂੰ ਹੀ ਗਾੜੇ ਰੂਪ 'ਚ ਮਸ਼ੀਨ ਦੇ ਰੂਪ 'ਚ ਵਿਕਸਿਤ ਕਰਦਾ ਹੈ । ਮਸ਼ੀਨ ਦੇ ਵਿਕਸਿਤ ਹੋਣ ਨਾਲ ਪੈਦਾਵਾਰ 'ਚ  ਵਾਧਾ ਹੁੰਦਾ ਹੈ। ਕਿਸੇ ਕੰਮ ਨੂੰ ਕਰਨ ਲਈ ਬਿਨ੍ਹਾਂ ਸੰਦ ਤੋਂ ਜਿੰਨਾ ਸਮਾਂ ਲੱਗਦਾ ਸੀ ਉਸਦੇ ਮੁਕਾਬਲੇ ਸਾਦੇ ਸੰਦਾਂ ਨਾਲ ਉਸੇ ਕੰਮ ਲਈ ਜ਼ਰੂਰੀ ਲੋੜੀਂਦਾ ਸਮਾਂ ਘੱਟ ਗਿਆ ਅਤੇ ਇਸਦੇ ਵੀ ਮੁਕਾਬਲੇ ਮਸ਼ੀਨ ਜੋ ਕਿ ਕਈ ਸੰਦਾਂ ਤੋਂ ਮਿਲ ਕੇ ਬਣੀ ਹੁੰਦੀ ਹੈ, ਇਹ ਜ਼ਰੂਰੀ ਲੋੜੀਂਦਾ ਸਮਾਂ ਹੋਰ ਵੀ ਘੱਟ ਰਹਿ ਗਿਆ । ਸਾਨੂੰ ਪਤਾ ਹੈ ਕਿ ਮਸ਼ੀਨ ਦਿਨੋਂ-ਦਿਨ ਉੱਨਤ ਹੁੰਦੀ ਰਹੀ ਹੈ ਤੇ ਅੱਜ ਤਕ ਹੋ ਰਹੀ ਹੈ ਅਤੇ ਹੁੰਦੀ ਰਹੇਗੀ ਅੱਜ ਦੀ ਮਸ਼ੀਨ ਦੀ ਸ਼ਕਤੀ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ।

ਸ਼ਿਕਾਗੋ ਵਿੱਚ ਕੰਮ ਦਿਨ ਦਾ ਸਮਾਂ 8 ਘੰਟੇ ਕਰਨ ਦੀ ਮੰਗ ਇਹ ਹੀ ਸੀ ਕਿ ਉਸ ਸਮੇਂ ਦੀ ਮਸ਼ੀਨ ਨੇ ਪੈਦਾਵਾਰ ਵਿੱਚ ਲੋੜੀਂਦਾ ਸਮਾਂ ਘਟਾ ਦਿੱਤਾ ਸੀ ਅਤੇ ਮਜ਼ਦੂਰਾਂ ਨੂੰ ਇਹ ਮੰਨਜ਼ੂਰ ਨਹੀਂ ਸੀ ਕਿ ਉਹ ਲੋੜੀਂਦੇ ਕੰਮ ਸਮੇਂ ਤੋਂ ਵੱਧ ਕੇ ਵਗਾਰ ਵਿੱਚ ਕੰਮ ਕਰਨ ਅਤੇ ਇਸ ਮਿਹਨਤ ਦਾ ਮੁੱਲ ਉਹਨਾਂ ਦੇ ਮਾਲਕ ਦੇ ਪੇਟੇ ਪੈ ਜਾਵੇ । ਦਰਅਸਲ ਕਿਸੇ ਕੰਮ ਲਈ ਲੋੜੀਂਦੇ ਸਮੇਂ ਨੂੰ ਉਸ ਸਮੇਂ ਵਿੱਚ ਮਸ਼ੀਨਾਂ ਦੀ ਪੈਦਾਵਾਰ ਕਰਨ ਦੀ ਯੋਗਤਾ ਅਤੇ ਪੈਦਾਵਾਰ ਨਿਸ਼ਚਿਤ ਕਰਦੀ ਹੈ ਕਿਉਂਕਿ ਪੈਦਾਵਾਰ ਸਮਾਜ ਲਈ ਹੋਣੀ ਹੁੰਦੀ ਹੈ ਤੇ ਸਮਾਜ ਦੀ ਲੋੜਾਂ ਅਨੁਸਾਰ ਹੀ ਹੁੰਦੀ ਹੈ । ਜਿਵੇਂ-ਜਿਵੇਂ ਮਸ਼ੀਨ ਉੱਨਤ ਹੁੰਦੀ ਜਾਂਦੀ ਹੈ ਪੈਦਾਵਾਰ ਵੀ ਵੱਧਦੀ ਜਾਂਦੀ ਹੈ, ਪਰ ਇਸਦੇ ਉਲਟ ਪੈਦਾਵਾਰ ਲਈ ਲੋੜੀਂਦਾ ਸਮਾਂ ਘੱਟਦਾ ਜਾਂਦਾ ਹੈ, ਭਾਵ ਮਨੁੱਖ ਉਨੱਤ ਮਸ਼ੀਨ ਦੀ ਸਹਾਇਤਾ ਨਾਲ ਘੱਟ ਸਮੇਂ ਵਿੱਚ ਵੱਧ ਪੈਦਾਵਾਰ ਕਰਦਾ ਹੈ । ਇਸ ਤਰ੍ਹਾਂ ਕੰਮ ਵਿੱਚ ਲੱਗੇ ਕਿਰਤੀ ਨੂੰ ਘੱਟ ਮੁਸ਼ੱਕਤ ਕਰਨ ਦੀ ਲੋੜ ਹੁੰਦੀ ਹੈ । ਸੋ ਇਸ ਵਿੱਚ ਕਿਸੇ ਨੂੰ ਕੀ ਸ਼ੱਕ ਹੈ ਕਿ ਪੈਦਾਵਾਰ ਮਨੁੱਖ ਅਤੇ ਮਸ਼ੀਨ ਮਿਲ ਕੇ ਕਰਦੇ ਹਨ ਮਨੁੱਖ ਜਿਉਂਦੀ ਕਿਰਤ ਹੈ ਅਤੇ ਮਸ਼ੀਨ ਮੁਰਦਾ ਕਿਰਤ ।

ਮਹਾਨ ਫਿਲਾਸਫਰ ਕਾਰਲ ਮਾਰਕਸ ਨੇ ਆਪਣੀ ਮਹਾਨਤਮ ਕਿਰਤ 'ਸਰਮਾਇਆ' ਦੀ ਪਹਿਲੀ ਪੋਥੀ ਦੇ ਦਸਵੇਂ ਅਧਿਆਇ ਵਿੱਚ 'ਕੰਮ ਦਿਨ' ਦਾ ਵਿਖਿਆਨ ਬੜਾ ਨਿੱਠ ਕੇ ਕੀਤਾ ਹੈ, ਇਥੇ ਕੰ-ਦਿਨ ਦਾ ਇਤਿਹਾਸ ਦਰਜ ਹੈ । 1833 'ਚ ਇੰਗਲੈਂਡ ਵਿੱਚ ਮਰਦਾਂ ਲਈ 16 ਘੰਟੇ ਦਾ ਕੰਮ ਦਿਨ ਸੀ ਅਤੇ ਔਰਤਾਂ ਲਈ 14 ਘੰਟੇ ਦਾ, 1 ਮਈ 1848 ਨੂੰ ਇਹ 10 ਘੰਟੇ ਕੀਤਾ ਗਿਆ ।


ਦਰਅਸਲ ਉਦਯੋਗਿਕ ਕ੍ਰਾਂਤੀ ਨੇ ਮਸ਼ੀਨ ਨੂੰ ਇਨ੍ਹਾਂ ਵਿਕਸਿਤ ਕਰ ਦਿੱਤਾ ਕਿ ਪ੍ਰਤੀ ਵਿਆਕਤੀ ਪ੍ਰਤੀ ਦਿਨ ਕੰਮ ਦੀ ਲੋੜ ਇੰਨੀ ਘੱਟ ਗਈ ਕਿ ਮਨੁੱਖਾਂ ਦੀ ਲੋੜ ਪੈਦਾਵਾਰ ਲਈ ਘੱਟਣ ਲੱਗੀ । ਪਹਿਲਾਂ ਜ਼ਿਕਰ ਕੀਤੇ ਅਨੁਸਾਰ ਮਸ਼ੀਨ ਜੋ ਕਿ ਮੁਰਦਾ ਕਿਰਤ ਹੈ, ਮਨੁੱਖ ਜੋ ਕਿ ਜੀਵਤ ਕਿਰਤ ਹੈ ਦੀ ਸਹਾਇਤਾ ਲਈ ਸੀ ਉਸਨੂੰ ਮਨੁੱਖ ਦੇ ਮੁਕਾਬਲੇ ਖੜਾ ਕਰ ਦਿੱਤਾ ਗਿਆ । ਪੈਦਾਵਾਰ ਵੱਧਣ ਨਾਲ ਜੋ ਸਮਾਂ ਵਿਹਲਾ ਹੋ ਗਿਆ ਉਹ ਕਿਰਤੀ ਨੂੰ ਵਿਹਲੇ ਸਮੇਂ ਦੇ ਰੂਪ 'ਚ ਦੇਣ ਦੀ ਬਜਾਇ ਉਸ ਤੋਂ ਉਸੇ ਸਮੇਂ ਅਨੁਸਾਰ ਕੰਮ ਲਿਆ ਜਾਂਦਾ ਰਿਹਾ ।  ਨਤੀਜਾ ਇਹ ਨਿਕਲਦਾ ਹੈ ਕਿ ਕਿਰਤੀ ਉੱਤੇ ਇਸ ਦੀ ਸਿੱਧੇ ਰੂਪ ਵਿੱਚ ਦੋਹਰੀ ਮਾਰ ਪੈਂਦੀ ਹੈ ਇੱਕ ਤਾਂ ਉਸਨੂੰ ਵਿਹਲਾ ਸਮਾਂ ਨਹੀਂ ਮਿਲ ਰਿਹਾ, ਜਿਸ ਵਿੱਚ ਉਹ ਸਾਵੇਂ ਰੂਪ ਵਿੱਚ ਆਪਣੇ ਸਰੀਰ ਦੀ ਲੋੜ ਲਈ ਅਰਾਮ-ਨੀਂਦ, ਸੈਰ, ਪੜ੍ਹਨਾ-ਲਿਖਣਾ ਆਦਿ ਨਹੀਂ ਕਰ ਪਾਉਂਦਾ ਉਪਰੋਂ ਪੈਦਾਵਾਰ ਲਈ ਲੋੜੀਂਦੇ ਸਮੇਂ ਤੋਂ ਵੱਧ ਕੰਮ ਕਰਨ ਕਰਕੇ ਉਸਨੂੰ ਉਸ ਕੰਮ ਤੋਂ ਵੱਧ ਕੇ ਕੰਮ ਕਰਨਾ ਪਿਆ, ਜਿੰਨੇ ਦੀ ਉਸ ਨੂੰ ਉਜਰਤ ਮਿਲਦੀ ਹੈ । ਇਸ ਨਾਲ ਉਹ ਕਿਰਤ ਪੈਦਾ ਹੁੰਦੀ ਹੈ, ਜਿਸ ਲਈ ਉੱਜਰਤ ਦਾ ਕਿਰਤੀ ਨੂੰ ਨਹੀਂ ਕੀਤਾ ਜਾਂਦਾ ਅਤੇ ਇਹ ਸਾਰਾ ਸਿਰਜਿਆ ਮੁੱਲ ਮਾਲਕ ਦੇ ਮੁਨਾਫਾ ਪੇਟੇ 'ਚ ਚਲਾ ਜਾਂਦਾ ਹੈ ।

ਸ਼ਿਕਾਗੋ ਦੇ ਮਜ਼ਦੂਰ ਇਸ ਦੋਹਰੀ ਲੁੱਟ ਨੂੰ ਰੋਕਣ ਲਈ ਆਪਣੀ ਕੰਮ-ਦਿਹਾੜੀ ਜੋ ਕਿ 10 ਘੰਟੇ ਅਤੇ ਇਸ ਤੋਂ ਵੱਧ ਕੇ ਸੀ ਨੂੰ 8 ਘੰਟੇ ਕਰਵਾਉਣ ਲਈ ਸੜਕਾਂ ਉੱਤੇ ਉੱਤਰੇ ਅਤੇ ਸ਼ਿਕਾਗੋ ਦੀ ਹੇ-ਮਾਰਕਿਟ ਵਿੱਚ ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਕਈ ਮਜ਼ਦੂਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਾਂਸੀ ਉੱਤੇ ਚਾੜ ਦਿੱਤਾ ਗਿਆ । ਪਰ ਉਹਨਾਂ ਦੀ ਮੁਹਿੰਮ ਦੀ ਜਿੱਤ ਹੋਈ ਉਹਨਾਂ ਸੰਘਰਸ਼ ਕੀਤਾ ਤਾਂ ਕੁਝ ਸਮੇਂ ਬਾਅਦ ਕੰਮ ਦਿਨ 8 ਘੰਟੇ ਨਿਸਚਿਤ ਹੋਇਆ ਅਤੇ ਓਦੋਂ ਤੋਂ ਹੁਣ ਲੱਗਭਗ ਸਾਰੇ ਦੇਸ਼ਾਂ ਵਿੱਚ ਤੱਕ ਕੰਮ ਦਿਨ 8 ਘੰਟੇ ਹੈ ।  ਉਹਨਾਂ ਦਾ ਸੰਘਰਸ਼ ਬੇਮਿਸਾਲ ਹੈ ਉਹਨਾਂ ਦੀ ਸ਼ਹਾਦਤ ਯਾਦ ਕਰਨ ਯੋਗ ਹੈ ਅਤੇ ਉਹਨਾਂ ਦੇ ਹੌਸਲੇ ਅਤੇ ਕੁਰਬਾਨੀ ਤੋਂ ਸੇਧ ਪ੍ਰਾਪਤ ਕਰਨ ਦੀ ਲੋੜ ਹੈ ।

ਪਰ ਕੁਝ ਸਵਾਲ ਨੇ ਜੋ ਇਥੇ ਵਿਚਾਰਨੇ ਜਰੁਰੀ ਹਨ :-
ਸਵਾਲ 1  ਕੀ ਮਸ਼ੀਨ ਨੇ 1886 ਤੋਂ ਬਾਅਦ ਹੁਣ ਤੱਕ ਕੋਈ ਤਰੱਕੀ ਨਹੀਂ ਕੀਤੀ ਭਾਵ ਕੀ ਮਸ਼ੀਨ ਉਸ ਸਮੇਂ ਤੋਂ ਹੁਣ  ਤੱਕ ਵਧੇਰੇ ਉਨੱਤ ਅਤੇ ਬਿਹਤਰ ਨਹੀਂ ਹੋਈ ?
ਸਵਾਲ 2  ਕੀ ਅੱਜ ਦੇ ਸਮੇਂ ਵਿੱਚ 'ਕੰਮ-ਦਿਨ' ਘੱਟ ਕਰਨ ਦੀ ਲੋੜ ਹੈ ?
ਸਵਾਲ 3  ਕੀ ਸਮਾਜ ਵਿੱਚ ਬੇਰੁਜਗਾਰੀ ਦੀ ਕੋਈ ਸਮੱਸਿਆ ਹੈ ?
ਸਵਾਲ 4  ਜੇ ਬੇਰੁਜਗਾਰੀ ਦੀ ਕੋਈ ਸਮੱਸਿਆ ਹੈ ਤਾਂ ਉਸਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ?

ਪਹਿਲੇ ਸਵਾਲ ਦਾ ਸਵਾਬ ਢੁੰਡਣ ਲਈ ਕੋਈ ਜਿਆਦਾ ਮੁਸ਼ੱਕਤ ਕਰਨ ਦੀ ਲੋੜ ਨਹੀਂ ਕੌਣ ਨਹੀਂ ਜਾਣਦਾ ਕਿ ਮਨੁੱਖ ਨੂੰ ਮਸ਼ੀਂਨ ਨੂੰ ਕਿਸ ਹੱਦ ਤੱਕ ਉੱਨਤ ਕਰ ਲਿਆ ਹੈ । ਅੱਜ ਦੇ ਦੌਰ ਵਿੱਚ ਰੋਬੋਟ ਅਤੇ ਮਸ਼ੀਨਾਂ ਮਨੁੱਖ ਤੋਂ ਬਿਨਾਂ ਹੀ ਸਾਰੀ ਪੈਦਾਵਾਰ ਕਰਨ ਦੇ ਸਮਰੱਥ ਹਨ,  ਜਿਥੇ ਪਹਿਲਾਂ ਪੈਦਾਵਾਰ ਲਈ ਹਜ਼ਾਰਾਂ ਮਜ਼ਦੂਰਾਂ ਦੀ ਲੋੜ ਪੈਂਦੀ ਸੀ ਉਥੇ ਹੁਣ ਗਿਣਤੀ ਦੇ ਕੁਝ ਕੁ ਮਜ਼ਦੂਰਾਂ ਦੀ ਹੀ ਲੋੜ ਹੈ ।

ਇਸ ਦੇ ਨਾਲ ਹੀ  ਮਸ਼ੀਨ ਨੇ ਪੈਦਾਵਾਰ ਵੀ ਬੇਹੱਦ ਦਰਜੇ ਤੱਕ ਵਧਾ ਦਿੱਤੀ ਹੈ । ਪੈਦਾਵਾਰ ਦਾ ਵੱਧਣਾ ਇਹ ਦਰਸਾਉਂਦਾ ਹੈ ਕੰਮ ਲਈ ਜ਼ਰੂਰੀ ਸਮਾਂ ਘੱਟ ਰਿਹਾ ਹੈ । ਮਸ਼ੀਨ ਨੇ ਪੈਦਾਵਾਰ ਵਧਾ ਦਿੱਤੀ ਹੈ ਅਤੇ ਉਸ ਪੈਦਾਵਾਰ ਲਈ ਜ਼ਰੂਰੀ ਸਮਾਂ ਘਟਾ ਦਿੱਤਾ ਹੈ । ਪਰ ਵਿੱਤੀ ਸਰਮਾਏ ਦੇ ਰਾਜ ਵਿੱਚ ਮਨੁੱਖ ਨੂੰ ਸਿਰਫ ਇੱਕ ਵਿਆਜ਼ ਭਰਨ ਵਾਲੀ ਮਸ਼ੀਨ ਦੇ ਦਰਜੇ ਤੱਕ ਘਟਾ ਦਿੱਤਾ ਗਿਆ । ਕਿਉਂਕਿ ਸਰਕਾਰਾਂ ਵਿੱਤੀ ਸਰਮਾਏ ਦੇ ਹੱਕ 'ਚ ਭੁਗਤਨ ਦੀ ਵਫਾਦਾਰੀ ਨਿਭਾ ਰਹੀਆਂ ਹਨ ਤਾਂ ਉਹਨਾਂ ਨੇ ਆਪਣੀਆਂ ਨੀਤੀਆਂ ਨੂੰ ਲੋਕ ਵਿਰੋਧੀ ਬਣਾਉਣ 'ਤੇ ਜ਼ੋਰ ਦਿੱਤਾ ਹੋਇਆ ਹੈ, ਕਿਉਂਕਿ ਮਨੁੱਖ ਨੇ ਰਾਜ ਨੂੰ ਆਪਣੀ ਬਿਹਤਰੀ ਲਈ ਅਪਣਾਇਆ ਸੀ ਤਾਂ ਕਿ ਉਹ ਉਸਦੀ ਜਾਨ ਮਾਲ ਦੀ ਰੱਖਿਆ ਕਰ ਸਕੇ ਅਤੇ ਉਸ ਲਈ ਬਿਹਤਰ ਜੀਵਨ ਹਾਲਤਾਂ ਯਕੀਨੀ ਬਣਾਵੇ ਪਰ ਹੋ ਕੀ ਰਿਹਾ ਹੈ, ਦੁਨੀਆਂ ਦੀ ਕੁੱਲ ਜਾਇਦਾਦ ਦਾ 50 ਫੀਸਦੀ ਤੋਂ ਵੱਧ ਸਿਰਫ 62 ਲੋਕਾਂ ਕੋਲ ਇੱਕਠਾ ਹੋ ਗਿਆ ਹੈ ਅਤੇ ਇਹ ਪੈਸਾ ਉਹਨਾਂ ਦੇ ਹੱਥਾਂ ਵਿੱਚ ਹੀ ਇਧਰ-ਉਧਰ ਹੁੰਦਾ ਰਹਿੰਦਾ ਹੈ ਜੋ ਪੈਦਾਵਾਰ ਵਿੱਚ ਨਹੀਂ ਲੱਗ ਰਿਹਾ ਅਤੇ ਉਹਨਾਂ ਹੱਥਾਂ ਵਿੱਚ ਵੱਧਦਾ-ਘੱਟਦਾ ਰਹਿੰਦਾ ਹੈ ਅਤੇ ਬਾਕੀ ਕੰਮ ਵਿੱਚ ਲੱਗੇ ਹੋਏ ਕਾਮਿਆਂ ਵਿੱਚੋਂ ਬਹੁਤਿਆਂ ਨੂੰ ਦਿੱਤੇ ਕਰਜਿਆਂ ਵਿੱਚ ਨਿਵੇਸ਼ ਕੀਤਾ ਹੋਇਆ ਹੈ ਜਿਸ ਤੋਂ ਮਰਜੀ ਮੁਤਾਬਿਕ ਵਿਆਜ ਖਾਦੀ ਜਾ ਰਹੀ ਹੈ । ਵਿੱਤੀ ਸਰਮਾਇਆ ਦੇਸ਼ਾਂ ਦੀ ਸਰਕਾਰਾਂ ਤੋਂ ਕਿਰਤ ਦੇ ਕਾਨੂੰਨਾਂ ਵਿੱਚ ਜੋ ਸੋਧਾਂ ਕਰਵਾਉਂਦਾ ਹੈ ਉਹਦੇ ਵਿੱਚ ਉਹਦਾ ਵਾਰ ਹੁੰਦਾ ਹੈ ਕਿ ਦੇਸ਼ ਦੇ ਉਦਯੋਗਾਂ ਅਤੇ ਮਹਿਕਮਿਆਂ ਨੂੰ ਨਿੱਜੀ ਹੱਥਾਂ 'ਚ ਦੇਣ ਦੀ ਪ੍ਰਕਿਰਿਆ, ਅਤੇ ਨਵੀਆਂ ਪੱਕੀਆਂ ਭਰਤੀਆਂ ਬੰਦ, ਪੈਨਸ਼ਨ ਬੰਦ, ਹੋਰ ਸਮੇਂ-ਸਮੇਂ ਉੱਤੇ ਮਿਲਣ ਵਾਲੇ ਲਾਭ ਬੰਦ, ਪੀ.ਐੱਫ ਸੰਬੰਧੀ ਨਿਯਮ, ਓਵਰ-ਟਾਇਮ 'ਤੇ ਮਿਲਣ ਵਾਲੀ ਉਜਰਤ ਬੰਦ ਤੇ ਹੋਰ ਬਹੁਤ ਕੁਝ, ਇਸ ਸਭ ਲਈ ਬਹਾਨਾ ?  ਮਸ਼ੀਨ ਨੇ ਬੰਦੇ ਦੀ ਲੋੜ ਘਟਾ ਦਿੱਤੀ ਹੈ । ਵਿੱਤੀ ਸਰਮਾਏ ਨੂੰ ਹੁਣ ਕਾਮੇ ਦੀ ਲੋੜ ਨਹੀਂ, ਕਿਉਂਕਿ ਉਹਨੇ ਪੈਦਾਵਾਰ ਨਹੀਂ ਕਰਨੀ ਉਹਦਾ ਕੰਮ ਵਿਆਜ ਖਾਣਾ ਹੈ ।  ਇਸ ਲਈ ਉਹ ਨਵੇਂ ਕਾਮੇ ਰੱਖਣ ਦੇ ਹੱਕ 'ਚ ਨਹੀਂ ।

ਪਰ ਸਵਾਲ ਇਹ  ਕਿ ਮਸ਼ੀਨ ਮਨੁੱਖ ਦੀ ਸਹੁਲਤ ਲਈ ਹੈ ਜਾਂ ਮਨੁੱਖ ਦੇ ਮੁਕਾਬਲੇ ਲਈ ਇਸ ਦਾ ਜਵਾਬ, ਸਿਰਫ ਇਹ ਹੈ ਕਿ ਹਾਂ ਮਸ਼ੀਨ ਮਨੁੱਖ ਨੂੰ ਸੌਖਿਆਂ ਕਰਨ ਲਈ ਹੈ ਨਾ ਕਿ ਉਸਨੂੰ ਕੰਮ ਤੋਂ ਬਾਹਰ ਕਰਨ ਲਈ ।

ਫਿਰ ਕੀ ਕੀਤਾ ਜਾਵੇ ਮਸ਼ੀਨ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਜਾਵੇ ? ਨਹੀਂ ਮਸ਼ੀਨ ਨੂੰ ਕੰਮ ਤੋਂ ਬਾਹਰ ਕਰਨਾ ਅਸੰਭਵ ਹੈ ਮਸ਼ੀਨ ਤਾਂ ਇੱਕ ਅਜਿਹੀ ਸੌਗਾਤ ਹੈ ਜਿਸ ਨੇ ਮਨੁੱਖ ਦੇ ਕੰ ਨੂੰ ਸੌਖਿਆਂ ਬਣਾਇਐ ਤਾਂ ਕਿ ਉਹ ਆਪਣਾ ਕੰਮ ਅਸਾਨੀ ਨਾਲ ਕਰ ਸਕੇ ਅਤੇ ਕੰ ਨੂੰ ਛੇਤੀ ਨਿਪਟਾ ਕੇ ਬਾਕੀ ਸਮਾਂ ਸਮੇਂ ਦਾ ਆਨੰਦ ਲੈ ਸਕੇ, ਖੇਡ ਸਕੇ, ਨੱਚ ਸਕੇ, ਗਾ ਸਕੇ, ਪੜ੍ਹ ਸਕੇ, ਯਾਤਰਾ ਕਰ ਸਕੇ, ਕੁਦਰਤੀ ਨਜਾਰਿਆਂ ਨੂੰ ਮਾਣ ਸਕੇ । ਕਿਉਂਕਿ ਮਨੁੱਖ ਜਿਉਂਦੀ ਕਿਰਤ ਹੈ ਜਿਸ ਨੂੰ ਜਿਉਂਦੇ ਰਹਿਣ ਲਈ ਖਾਣ-ਪੀਣ ਤੋਂ ਇਲਾਵਾ ਆਰਾਮ ਅਤੇ ਇਸ ਸਭ ਦੀ ਲੋੜ ਹੈ ਜਿਸ ਲਈ ਜੇ ਮਨੁੱਖ ਨੇ ਮਸ਼ੀਨ ਨੂੰ ਇਸ ਲਾਇਕ ਬਣਾਇਆ ਹੈ ਕਿ ਉਹ ਮਨੁੱਖ ਨੂੰ ਸੌਖਿਆਂ ਕਰ ਸਕਦੀ ਹੈ ਤਾਂ ਇਸ ਦਾ ਫਲ ਮਨੁੱਖ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ । ਕਿੳਕਿ ਇਹ ਇਹ ਧਰਤੀ ਅਤੇ ਇਸ ਦੇ ਸਾਰੇ ਕੁਦਰਤੀ ਸੌਮੇ ਸਭ ਮਨੁੱਖਾਂ ਦੇ ਸਾਂਝੇ ਹਨ ਤਾਂ ਇਸ ਧਰਤੀ ਦੀ ਕੁਦਰਤ ਤੋਂ ਮਗਰੋਂ ਦੂਜੀ ਮੁੱਲ ਸਿਰਜਕ ਮਨੁੱਖੀ ਕਿਰਤ ਵਲੋਂ ਸਿਰਜਿਆ ਵਿਹਲਾ ਸਮਾਂ ਵੀ ਸਭ ਮਨੁੱਖਾਂ ਦਾ ਸਾਂਝਾ ਹੈ ਅਤੇ ਉਸਦੀ ਬਰਾਬਰ ਵੰਡ ਵੀ ਜ਼ਰੂਰੀ ਹੈ । ਇਸ ਕੰਮ ਦਿਹਾੜੀ  ਦੀ ਸੀਮਾਂ ਜੋ ਕਿ ਅੱਠ ਘੰਟੇ ਹੈ ਛੋਟੀ ਕਰ ਦਿੱਤੀ ਜਾਵੇ । ਤਾਂ ਕਿ ਕੰਮ ਕਰਦੇ ਕਾਮਿਆਂ ਨੂੰ ਵਿਹਲਾ ਸਮਾਂ ਮਿਲ ਸਕੇ ਅਤੇ ਕੰਮ ਮੰਗਦਿਆਂ ਕਾਮਿਆਂ ਨੂੰ ਰੁਜ਼ਗਾਰ ਮਿਲ ਸਕੇ ।

ਹਾਂ ਜ਼ਰੂਰੀ ਕੰਮ ਸਮਾਂ ਅੱਜ ਸੰਨ 1886 ਦੇ ਮੁਕਾਬਲੇ ਬਹੁਤ ਘਟ ਗਿਆ ਹੈ ਤਾਂ ਕੀ ਅੱਜ ਲੋੜ ਨਹੀਂ ਕਿ ਕੰਮ ਦੇ ਦਿਨ ਦੀ ਸੀਮਾ ਨੂੰ ਅੱਠ ਘੰਟੇ ਤੋਂ ਘੱਟ ਕੀਤਾ ਜਾਵੇ ।

ਪਰ ਇਸ ਨਾਲ ਰੁਜ਼ਗਾਰ ਕਿੰਨ੍ਹਾਂ ਪੈਦਾ ਹੋਵੇਗਾ ?    

10 ਫੀਸਦੀ ਕੰਮ-ਦਿਹਾੜੀ ਛੋਟੀ ਕਰਨ ਨਾਲ 11 ਫੀਸਦੀ ਨਵਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ
20 ਫੀਸਦੀ ਕੰਮ-ਦਿਹਾੜੀ ਛੋਟੀ ਕਰਨ ਨਾਲ 25 ਫੀਸਦੀ ਨਵਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ
30 ਫੀਸਦੀ ਕੰਮ-ਦਿਹਾੜੀ ਛੋਟੀ ਕਰਨ ਨਾਲ 42 ਫੀਸਦੀ ਨਵਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ
40 ਫੀਸਦੀ ਕੰਮ-ਦਿਹਾੜੀ ਛੋਟੀ ਕਰਨ ਨਾਲ 66 ਫੀਸਦੀ ਨਵਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ
50 ਫੀਸਦੀ ਕੰਮ-ਦਿਹਾੜੀ ਛੋਟੀ ਕਰਨ ਨਾਲ 100 ਫੀਸਦੀ ਨਵਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ


ਵਿੱਤੀ ਸਰਮਾਏ ਦਾ ਦੀ ਜਾਨ ਉਹਦੀਆਂ ਨੀਤੀਆਂ 'ਚ ਪਈ ਹੈ । ਰੁਜ਼ਗਾਰ ਦੀ ਮੰਗ ਨਾਲ ਸਰਕਾਰਾਂ ਨੂੰ ਨੀਤੀਆਂ ਬਦਲਣੀਆਂ ਪੈਣਗੀਆਂ ਉਹਨਾਂ ਨੂੰ ਪਬਲਿਕ ਸੈਕਟਰ 'ਚ ਰੁਜ਼ਗਾਰ ਮੁਹੱਈਆ ਕਰਵਾਉਣਾ ਪਵੇਗਾ ਜਿਸ ਨਾਲ ਸਰਕਾਰੀ ਸੈਕਟਰ ਮਜਬੂਤ ਹੋਵੇਗਾ ਅਤੇ ਜਿਹੜਾ ਪੈਸਾ ਕੁਝ ਹੱਥਾਂ ਵਿੱਚ ਇੱਕਠਾ ਹੋ ਰਿਹਾਂ ਉਸਨੂੰ ਵੀ ਹਵਾ ਲਵਾਈ ਜਾ ਸਕੇਗੀ ਕਿਉਂਕਿ ਉਹ ਪੈਸਾ ਪੈਦਾਵਾਰ 'ਚ ਲੱਗੇਗਾ । ਰੁਜ਼ਗਾਰ ਪੈਦਾ ਹੋਣ ਨਾਲ ਅਤੇ ਸਰਕਾਰੀ ਸੈਕਟਰ ਦੀ ਮਜਬੂਤੀ ਨਾਲ ਕਾਮੇ ਦੀ ਸਥਿਤੀ ਮਜਬੂਤ ਹੋਵੇਗੀ ਕਿਉਂਕਿ ਵਿੱਤੀ ਸਰਮਾਏ ਨੂੰ ਮਾਰਕਸ ਦੇ ਸ਼ਬਦ ਕਿ ''ਸਰਮਾਏਦਾਰੀ ਆਪਣੀ ਮੌਤ ਆਪਣੇ ਨਾਲ ਲੈ ਕੇ ਆਈ ਹੈ ।'' ਯਾਦ ਹਨ ਇਸ ਲਈ ਉਹਦਾ ਹੱਲਾ ਕਾਮੇ ਖਤਮ ਕਰਨ ਉੱਤੇ ਹੀ ਹੈ । ਪਰ ਜਦੋਂ  ਰੁਜ਼ਗਾਰ ਦੀ ਮੰਗ ਪ੍ਰਬਲ ਹੋਵੇਗੀ ਤਾਂ ਉਹ ਵਿੱਤੀ ਸਰਮਾਏ ਦੇ ਧੌਣ 'ਚ ਸੱਟ ਮਾਰੇਗੀ ਅਤੇ ਇਕਠੇ ਹੋਏ ਜਨਤਕ ਧਨ ਨੂੰ ਵਾਪਸ ਖਿੱਚ ਕੇ ਸਮਾਜ 'ਚ ਲਿਆਵੇਗੀ । ਵਿੱਤੀ ਸਰਮਾਏ ਦੀਆਂ ਨੀਤੀਆਂ ਦਾ ਮੁਕਾਬਲਾ ਲੋਕ-ਪੱਖੀ ਨੀਤੀਆਂ ਨਾਲ ਕਰਨਾ ਪਵੇਗਾ ।

ਮਈ ਦਿਵਸ ਦੀ ਅਸਲ ਮਹੱਤਤਾ ਤਾਂ ਈ ਬਣਦੀ ਹੈ ਜੇ ਕਿਰਤ ਦਿਵਸ ਉੱਤੇ ਮੁਹਿੰਮ ਕਿਰਤੀ ਨੂੰ ਬਚਾਉਣ ਦੀ ਹੋਵੇ । ਤੇ ਕਿਰਤੀ ਵਿੱਤੀ ਸਰਮਾਏ ਖਿਲਾਫ ਸਿੱਧੀ ਮੁਹਿੰਮ ਵਿੱਢ ਕੇ ਹੀ ਬਚ ਸਕਦਾ ਹੈ । ਕੰਮ ਦਿਹਾੜੀ ਦੀ ਸੀਮਾ ਉਸ ਹੱਦ ਤੱਕ ਘਟਾ ਦੇਣੀ ਲਾਜਮੀਂ ਹੈ ਜਿੱਥੇ ਤੱਕ ਹਰ ਇੱਕ ਕੰਮ ਮੰਗ ਰਹੇ ਕਾਮੇ ਨੂੰ ਰੁਜ਼ਗਾਰ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਅਤੇ ਇਹ ਸਮੇਂ-ਸਮੇਂ ਉੱਤੇ ਘਟਾ ਜਾਂਦੀ ਰਹਿਣੀ ਚਾਹੀਦੀ ਹੈ  ਇਹੀ ਮਈ ਦਿਵਸ ਦਾ ਅਸਲ ਮਹੱਤਵ ਹੋਏਗਾ ਤੇ ਇਹੀ ਮਈ ਦਿਵਸ ਦੇ ਸ਼ਹੀਦਾਂ ਅਤੇ ਮੁਹਿੰਮਕਾਰੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਕਿਉਂਕਿ ਜੇ ਸੰਘਰਸ਼ ਸਿਰਫ ਪ੍ਰਤੀਕਿਰਿਆਵਾਦੀ ਹੋ ਜਾਵੇ ਤਾਂ ਉਹ ਲੋਕ-ਪੱਖੀ ਨਾ ਰਹਿ ਕੇ ਨਿਜ਼ਾਮ ਦੇ ਹੱਕ 'ਚ ਭੁਗਤਣ ਦਾ ਕੰਮ ਕਰਦਾ ਹੈ ਲੋੜ ਜੜ੍ਹਾਂ ਨੂੰ ਫੈਲਣ ਤੋਂ ਰੋਕਣ ਦੀ ਹੈ ਟਾਹਣੀਆਂ ਆਪੇ ਸੁੱਕ ਜਾਣਗੀਆਂ, ਲੋੜ ਹੈ ਸਮੱਸਿਆ ਨੂੰ ਖ਼ਤਮ ਕਰਨ ਦੀ ਚੁਨੌਤੀਆਂ ਆਪਣੇ ਆਪ ਮੁੱਕ ਜਾਣਗੀਆਂ ।

ਸੰਪਰਕ: +91 94782 58283

Comments

ਜੋਗਾ ਸਿੰਘ ਵਿਰਕ

ਚੰਗਾ ਲੱਗਾ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ