ਸੁਪਰ ਪਾਵਰ ਦੀ ਭੂਲ-ਭੁਲਈਆ ਵਿੱਚ ਉਲਝੇ ਭਾਰਤੀ ਹਾਕਮ ! - ਹਰਜਿੰਦਰ ਸਿੰਘ ਗੁਲਪੁਰ
Posted on:- 01-05-2016
ਪੁਰਾਣੇ ਸਮਿਆਂ ਵਿੱਚ ਪੰਜਾਬ ਅੰਦਰ ਆਮ ਲੋਕਾਂ ਵੱਲੋਂ ਇੱਕ ਸ਼ਬਦ ਵਰਤਿਆ ਜਾਂਦਾ ਸੀ 'ਚੌਂਦੀ ਲੱਗਣਾ'।ਉਸ ਵਕਤ ਅਬਾਦੀ ਵਿਰਲੀ
ਹੁੰਦੀ ਸੀ ਤੇ ਰਾਹ ਗੋਹਰ ਕੱਚੇ।ਆਮ ਲੋਕ ਪੈਂਦਲ ਸਫਰ ਕਰਦੇ ਸਨ।ਕਈ ਥਾਵਾਂ ਤੇ ਪਹੁੰਚਣ ਲਈ ਤਾਂ ਡਾਡੇ ਮੀਂਡੇ ਰਾਹਾਂ ਤੋਂ ਗੁਜ਼ਰਨਾ ਪੈਂਦਾ ਸੀ।ਬਹੁਤੇ ਲੋਕ ਭੂਗੋਲਿਕ ਜਾਣਕਾਰੀ ਨਾ ਮਾਤਰ ਹੋਣ ਕਾਰਨ ਅਤੇ
ਸਫਰ ਦੀ ਥਕਾਵਟ ਸਦਕਾ ਅਕਸਰ ਰਾਹੋਂ ਭਟਕ ਜਾਂਦੇ ਸਨ।ਇਹ ਅਜਿਹੀ ਮਾਨਸਿਕ ਹਾਲਤ ਹੁੰਦੀ ਸੀ ਕਿ ਰਾਹਗੀਰ ਇੱਕ ਤਰ੍ਹਾਂ ਦੇ ਮਨੋਭਰਮ ਦਾ ਸ਼ਿਕਾਰ ਹੋ ਜਾਂਦਾ ਸੀ।ਰਸਤਾ ਭਟਕਣ ਦੇ
ਬਾਵਯੂਦ ਉਸ ਨੂੰ ਲਗਦਾ ਸੀ ਕਿ ਉਹ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ।ਜਦੋਂ ਕਿਸੇ ਤਰ੍ਹਾਂ ਉਸ ਰਾਹਗੀਰ ਨੂੰ ਗਲਤੀ ਦਾ ਅਹਿਸਾਸ ਹੁੰਦਾ ਸੀ ਉਦੋਂ ਤੱਕ ਉਹ ਰਾਹੋੰ ਕੁਰਾਹੇ ਪੈਂਣ ਕਾਰਨ ਆਪਣੀ ਮੰਜ਼ਲ ਤੋਂ ਬਹੁਤ ਦੂਰ ਜਾ ਚੁੱਕਾ ਹੁੰਦਾ ਸੀ।
ਉਹ ਆਪਣੀ ਗਲਤੀ ਨੂੰ ਸੁਧਾਰ ਕੇ ਅਤੇ ਤਾਜ਼ਾ ਦਮ
ਹੋ ਕੇ ਸਹੀ ਰਸਤੇ ਦੀ ਚੋਣ ਕਰ ਲੈਂਦਾ ਸੀ।ਹੌਲੀ ਹੌਲੀ ਅਬਾਦੀ ਸੰਘਣੀ ਹੋ ਗਈ,ਸੜਕਾਂ ਬਣ ਗਈਆਂ,ਮੁਰੱਬੇ ਬੰਦੀ ਹੋ ਗਈ ਅਤੇ ਥਾਂ ਥਾਂ ਪਤੇ ਟਿਕਾਣਿਆਂ ਦੇ ਬੋਰਡ ਲੱਗ ਗਏ,ਜਿਸ ਦੇ ਫਲ ਸਰੂਪ ਭੂਗੋਲਿਕ ਸਥਿਤੀ ਸਪੱਸ਼ਟ ਹੋ ਗਈ ਅਤੇ ਲੋਕ ਚੌਂਦੀ ਨਾਮ ਦੀ 'ਬੀਮਾਰੀ' ਤੋ ਮੁਕਤ ਹੋ ਗਏ।ਲੋਕ ਤਾਂ ਮੁਕਤ ਹੋ ਗਏ ਪਰ ਅਜਾਦੀ ਤੋਂ ਬਾਅਦ ਦੇਸ਼ ਦੇ ਹਾਕਮ ਇਸ ਚੌਂਦੀ ਨੁਮਾ ਮਨੋ ਭਰਮ ਵਿੱਚੋਂ ਅਜੇ ਤੱਕ ਨਿਕਲ ਨਹੀਂ ਸਕੇ।
ਦੇਸ਼ ਰੂਪੀ ਗੱਡੀ ਦੇ ਸਿਆਸੀ ਚਾਲਕ ਇਸ ਗੱਡੀ ਨੂੰ ਗਲਤ ਦਿਸ਼ਾ ਵਲ ਦੱਬੀ ਚਲੇ ਜਾ ਰਹੇ ਹਨ।ਅੱਜ ਕੱਲ ਅੱਗੇ ਵਧ ਰਹੀ 'ਗੱਡੀ' ਫੁੱਲ ਸਪੀਡ ਤੇ ਹੈ।ਇਕ ਦੂਜੇ ਨਾਲੋਂ ਵਧ ਕੇ ਇਹ ਚਾਲਕ ਰੌਲਾ ਪਾਉਂਦੇ ਹਨ ਕਿ ਦੇਸ਼ ਕੇਵਲ ਉਹਨਾਂ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।ਹਰ ਕੋਈ ਦਾਅਵਾ ਕਰਦਾ ਆ ਰਿਹਾ ਹੈ ਕਿ ਦੇਸ਼ ਮਹਾਂ ਸ਼ਕਤੀ ਬਣਿਆ ਕਿ ਬਣਿਆ।ਦਹਾਕਿਆਂ ਤੋਂ ਇਹ ਮੁਹਰਨੀ ਸੁਣਦਿਆਂ ਅਵਾਮ ਦੇ ਕੰਨ ਪੱਕ ਗਏ ਹਨ।ਜਮੀਨੀ ਹਕੀਕਤਾਂ ਚੌਂਦੀ ਵਾਲੀ ਸਥਿਤੀ ਚੋਂ ਗੁਜਰ ਰਹੇ ਇਹਨਾਂ ਹਾਕਮਾਂ ਦੇ ਦਾਅਵਿਆਂ ਤੋਂ ਪੂਰੀ ਤਰ੍ਹਾਂ ਉਲਟ ਹਨ।ਪੀ ਐਮ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਜਬਰਦਸਤੀ ਪਾਈਆਂ ਗਲਵਕੜੀਆਂ ਦੇ ਅਧਾਰ ਤੇ ਭਾਰਤੀ ਹਾਕਮਾਂ ਨੇ ਬਾਕੀ ਕੰਮ ਛੱਡ ਕੇ ਮਿਲਟਰੀ ਮੋਰਚੇ ਉੱਤੇ ਵੀ ਖੁਦ ਨੂੰ ਸੁਪਰ ਪਾਵਰ ਹੋਣ ਦਾ ਮੁਗਾਲਤਾ ਪਾਲ ਲਿਆ ਹੈ।ਇਹ ਮੁਗਾਲਤਾ ਅਖੌਤੀ ਰਾਸ਼ਟਰਵਾਦ ਦੇ ਮੋਰਚੇ ਉੱਤੇ ਤਾਂ ਸਫਲ ਹੋ ਸਕਦਾ ਹੈ ਲੇਕਿਨ ਮਿਲਟਰੀ ਮੋਰਚੇ ਤੇ ਨਹੀਂ।ਹਿੰਦੀ ਮਾਸਿਕ ਪੱਤਰਿਕਾ 'ਸਰਿਤਾ' ਅਨੁਸਾਰ ਭਾਰਤੀ ਬੇੜੇ ਵਿੱਚ ਲੜਾਕੂ ਜਹਾਜਾਂ-ਸੁਖੋਈ,ਮਿਰਾਜ,ਮਿੱਗ-29,ਮਿੱਗ-21,ਜੈਗੁਆਰ ਤੋਂ ਇਲਾਵਾ ਸੁਪਰਸੋਨਿਕ ਕਰੂਜ ਮਿਜਾਈਲਜ,ਮਸਲਨ ਬਰਹਮੋਸ, ਅਗਨੀ,ਪਿਰਥਵੀ,ਅਕਾਸ਼ ਅਤੇ ਨਾਗ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਸੁਪਰ ਪਾਵਰ ਸਮਝਣ ਲੱਗੇ ਹਨ।ਇਹਨਾਂ ਹਥਿਾਰਾੰ ਦੀ ਸੁਪਰ ਪਾਵਰ ਸਮਝੇ ਜਾਂਦੇ ਦੇਸ਼ਾੰ ਨਾਲ ਤੁਲਨਾ ਕਰਨ ਦੀ ਲੋੜ ਹੈ। ਭਾਰਤ ਨੇਵੀ ਵਿੱਚ ਆਈ ਐਮ ਐਸ 'ਬਿਕਰਮਾ ਦੱਤਿਆ' ਨੂੰ ਭਾਰਤੀ ਨੇਵੀ ਦੇ ਸਿਰ ਦਾ ਮੁਕਟ ਸਮਝਦਾ ਹੈ।40 ਹਜਾਰ ਵਜਨ ਦੀ ਸਮਰੱਥਾ ਵਾਲੇ ਇਸ ਏਅਰ ਕਰਾਫਟ ਕੈਰੀਅਰ ਵਿੱਚ 30 ਏਅਰ ਕਰਾਫਟ ਅਸਾਨੀ ਨਾਲ ਆ ਜਾਂਦੇ ਹਨ,ਜਦੋਂ ਕਿ ਅਮਰੀਕਾ ਦੇ ਯੂ ਐਸ ਏ ਅਬਰਾਹੀਮ ਲਿੰਕਨ ਸੁਪਰ ਕੈਰੀਅਰ ਦੀ ਸਮਰਥਾ ਇੱਕ ਲੱਖ ਦਸ ਹਜਾਰ ਟਨ ਹੈ ਜਿਸ ਵਿੱਚ ਘੱਟੋ ਘੱਟ ਸੌ ਏਅਰ ਕਰਾਫਟਸ ਸਮਾਂ ਸਕਦੇ ਹਨ।ਅਮਰੀਕਾ ਕੋਲ ਇਸ ਤਰ੍ਹਾਂ ਦੇ 11 ਸੁਪਰ ਕੈਰੀਅਰਜ ਹਨ।ਭਾਰਤ ਕੋਲ ਉਤਮ ਤਕਨੀਕ ਨਾਲ ਲੈਸ (ਖਰੀਦੇ ਗਏ) ਮਿਰਾਜ-2000 ਨਾਮਕ ਲੜਾਕੂ ਜਹਾਜ ਹਨ,ਜਦੋਂ ਕਿ ਅਮਰੀਕਾ ਕੋਲ ਖੁਦ ਡੀਜਾਈਨ ਕਰਕੇ ਤਿਆਰ ਕੀਤੇ ਬੀ -2 ਸਪਿਰਿਟ ਸਟੀਲਥ ਜੰਗੀ ਜਹਾਜ ਹਨ ਜਿਹਨਾਂ ਦੀ ਸਮਰਥਾ ਮਿਰਾਜ ਜਹਾਜਾਂ ਨਾਲੋਂ ਕਈ ਗੁਣਾ ਵੱਧ ਹੈ।ਇਹ ਜਹਾਜ ਇੰਨੇ ਮਹਿੰਗੇ ਹਨ ਕਿ ਅਮਰੀਕਾ ਨੂੰ ਵੀ ਇਹਨਾਂ ਦੇ 20 ਯੂਨਿਟ ਤਿਆਰ ਕਰਨ ਪਿੱਛੋਂ ਇਹਨਾਂ ਦਾ ਉਰਪਾਦਨ ਰੋਕਣਾ ਪਿਆ ਹੈ। ਭਾਰਤ ਦੇ 3 ਸੁਖੋਈ ਜਿੰਨਾ ਕੰਮ ਮਿਲ ਕੇ ਕਰਦੇ ਹਨ ਉਂਨਾ ਕੰਮ ਅਮਰੀਕਾ ਦਾ ਇੱਕ 22 ਰੈਪਰ ਜੰਗੀ ਜਹਾਜ ਨਿਪਟਾ ਦਿੰਦਾ ਹੈ।ਇਹ ਜਹਾਜ ਰਡਾਰ ਦੀ ਪਕੜ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਮਿਸ਼ਨ ਪੂਰਾ ਕਰਨ ਦੇ ਸਮਰੱਥ ਹੈ।3-ਸਖੋਈ ਦੀ ਕੀਮਤ ਦੇ ਬਰਾਬਰ ਵਾਲੇ ਰੈਪਰ ਜੰਗੀ ਜਹਾਜ ਦੇ ਅਮਰੀਕਾ ਕੋਲ 200 ਯੂਨਿਟ ਹਨ।ਅਮਰੀਕਾ,ਚੀਨ ਅਤੇ ਰੂਸ ਤਾਂ ਇੱਕ ਪਾਸੇ ਜਪਾਨ,ਜਰਮਨੀ,ਇੰਗਲੈਂਡ,ਫਰਾਸ, ਆਦਿ ਦੇਸ਼ ਵੀ ਭਾਰਤ ਨਾਲੋਂ ਬਹੁਤ ਅੱਗੇ ਹਨ।ਅਸੀੰ ਅਜੇ 5ਵੀੰ ਜੈਨਰੇਸ਼ਨਜ ਦੇ ਫਾਈਟਰਜ ਪਲੇਨ ਬਣਾਉਂਣ ਦੀ ਯੋਜਨਾ ਹੀ ਬਣਾ ਰਹੇ ਹਾਂ ਜਦੋਂ ਕਿ ਅਮਰੀਕਾ 6-ਜੀ ਦੇ ਫਾਈਟਰਜ ਪਲੇਨ ਅਸੈੰਬਲ ਕਰ ਰਿਹਾ ਹੈ।ਸਭਿਅਕ ਸਮਾਜ ਅੰਦਰ ਕੇਵਲ ਲੜਾਕੂ ਹਥਿਆਰਾੰ ਦੇ ਬਲ ਬੁੱਤੇ ਸੁਪਰ ਸਟਾਰ ਬਣਨ ਦੇ ਸੁਪਨੇ ਲੈਣਾ ਕਿਸੇ ਤਰ੍ਹਾਂ ਵੀ ਇੱਕ ਵਿਕਾਸ ਸ਼ੀਲ ਦੇਸ਼ ਨੂੰ ਵਾਰਾ ਨਹੀਂ ਖਾ ਸਕਦਾ।'ਰਾਸ਼ਟਰਵਾਦ' ਦੇ ਨਾਅਰਿਆਂ ਦੀ ਭੂਲ ਭੁਲਈਆ ਵਿੱਚ ਦੇਸ਼ ਵਾਸੀਆਂ ਨੂੰ ਉਲਝਾ ਕੇ ਆਪਣੀਆਂ ਕਮਜ਼ੋਰੀਆਂ ਉੱਤੇ ਪਰਦਾ ਤਾਂ ਪਾਇਆ ਜਾ ਸਕਦਾ ਹੈ ਪਰ ਸੁਪਰ ਪਾਵਰ ਕਦੇ ਨਹੀਂ ਬਣਿਆ ਜਾ ਸਕਦਾ।ਜਦੋਂ ਤੱਕ ਵਿਵਸਥਾ ਅੰਦਰ ਵਿਕਸਤ ਹੋ ਚੁੱਕੀਆਂ ਕੁਰੀਤੀਆਂ ਨੂੰ ਉਜਾਗਰ ਕਰਕੇ ਉਨਾਂ ਨੂੰ ਚਰਚਾ ਦੇ ਕੇੰਦਰ ਵਿੱਚ ਲਿਆਉਣ ਵਾਲੇ ਜਾਗਰੂਕ ਲੋਕਾਂ ਨੂੰ ਦੇਸ਼ ਧਰੋਹੀ ਅਤੇ ਧਰਮ ਧਰੋਹੀ ਦੇ ਫਤਵਿਆਂ ਨਾਲ ਨਿਵਾਜਿਆ ਜਾਂਦਾ ਰਹੇਗਾ ਉਦੋਂ ਤੱਕ ਸੁਪਰ ਪਾਵਰ ਹੋਣ ਦੇ ਗੀਤ ਤਾਂ ਗਾਏ ਜਾ ਸਕਦੇ ਹਨ ਪਰ ਹਕੀਕਤ ਵਿੱਚ ਸੁਪਰ ਪਾਵਰ ਨਹੀਂ ਬਣਿਆ ਜਾ ਸਕਦਾ।ਆਪਣੇ ਛੋਟੇ ਛੋਟੇ ਗੁਆਢੀ ਦੇਸਾਂ ਨੂੰ ਘੂਰ ਕੇ ਭਾਵੇੰ ਸਾਡੇ ਹਾਕਮ ਆਪਣੀ ਪਿੱਠ ਆਪ ਥਾਪੜਦੇ ਰਹਿਣ ਪਰ ਦੇਸ਼ ਦਾ ਵਡੱਪਣ ਉਹਨਾਂ ਨਾਲ ਸਹਿਯੋਗੀ ਮਾਨਸਿਕਤਾ ਵਿਕਸਤ ਕਰਨ ਵਿੱਚ ਹੀ ਹੈ।ਜਿਸ ਦੇਸ਼ ਦੇ ਕਰੋੜਾੰ ਲੋਕ ਕੁਪੋਸ਼ਣ ਤੇ ਭੁੱਖਮਰੀ ਦਾ ਸ਼ਿਕਾਰ ਹੋਣ, ਸਿਹਤ ਅਤੇ ਵਿਦਿਅਕ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ , ਦੇਸ਼ ਅੰਦਰ ਲੱਖਾੰ ਲੋਕ ਗਲਤ ਟਰੈਫਿਕ ਸਿਸਟਮ ਦੀ ਬਦੌਲਤ ਹਰ ਸਾਲ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹੋਣ,ਬੇ-ਰੁਜ਼ਗਾਰੀ ਅਤੇ ਭਿਰਸ਼ਟਾਚਾਰ ਨੇ ਲੋਕਾਂ ਨੇ ਨੱਕ ਵਿੱਚ ਦਮ ਕਰ ਛੱਡਿਆ ਹੋਵੇ,ਸੱਭ ਤੋਂ ਵੱਧ 'ਦੇਸ਼ ਦਾ ਦਿਲ' ਲਹੂ ਲੁਹਾਣ ਹੋਵੇ,ਉਸ ਦੇਸ਼ ਦੇ ਹਾਕਮਾਂ ਨੂੰ ਪਹਿਲਾਂ ਆਪਣਾ ਘਰ ਸਾਂਭਣ ਵਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਅੱਗਾ ਦੌੜ ਪਿੱਛਾ ਚੌੜ ਵਾਲੀ ਸਥਿਤੀ ਹਮੇਸ਼ਾਂ ਬਣੀ ਰਹੇਗੀ।ਮੌਜੂਦਾ ਹਾਕਮਾਂ ਵਲੋਂ ਦੇਸ਼ ਵਾਸੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਥਾਂ ਉਹਨਾਂ ਨੂੰ ਭਾਰਤ ਮਾਤਾ ਦੀ ਜੈ ਕਹਿਣ ਲਈ ਮਜਬੂਰ ਕਰ ਕੇ ਸੂਡੋ ਪੈਂਟਰੀਇਜਮ (ਹਲਕੀ ਦੇਸ਼ਭਗਤੀ) ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।ਭੀਮ ਰਾਉ ਅੰਬੇਦਕਰ ਦੀ 125 ਵੀੰ ਜੈਅੰਤੀ ਤੇ ਪਰਧਾਨ ਮੰਤਰੀ ਦਾ ਭਾਸ਼ਣ ਉਲਟਾ ਚੋਰ ਕੋਤਵਾਲ ਨੂੰ ਡਾੰਟੇ ਵਾਲੀ ਕਹਾਵਤ ਵਰਗਾ ਹੈ।ਭਾਜਪਾ, ਪਿਛਲੇ ਲੰਬੇ ਸਮੇੰ ਤੋਂ ਕਾਂਗਰਸ ਵਲੋਂ ਕੀਤੀਆਂ ਗਲਤੀਆਂ ਦੇ ਪਰਛਾਵੇੰ ਪਿੱਛੇ ਆਪਣੇ ਆਪ ਨੂੰ ਛੁਪਾਉਣ ਦੀ ਨੀਤੀ ਤੇ ਚੱਲ ਰਹੀ ਹੈ।ਇੱਕ ਪਾਸੇ ਭਾਜਪਾ ਏਕੱਲਵ ਨਾਲ ਮਿਥਿਹਾਸਕ ਪੱਖੋਂ ਹੋਈ ਜੱਗੋਂ ਤੇਰਵੀਂ ਨੂੰ ਦਰਕਿਨਾਰ ਕਰਕੇ ਗੁੜਗਾਵਾਂ ਵਰਗੇ ਸ਼ਹਿਰ ਦਾ ਨਾਮਕਰਨ ਦਰੋਣਾਚਾਰੀਆ ਦੇ ਨਾਮ ਤੇ ਰੱਖਣ ਲਈ ਆਤੁਰ ਹੈ ਦੂਜੇ ਪਾਸੇ ਵੋਟ ਬੈਂਕ ਦੀ ਰਾਜਨੀਤੀ ਤੇ ਚਲਦਿਆਂ ਸੋਸ਼ਿਤ ਸਮਾਜ ਦੇ ਮਸੀਹਾ ਵਜੋਂ ਜਾਣੇ ਜਾਂਦੇ ਅੰਬੇਦਕਰ ਵਾਰੇ ੳਪਰੇ ਮਨੋਂ ਹੇਜ ਜਿਤਾਉਣ ਵਿੱਚ ਮੋਹਰੀ ਪਰਤੀਤ ਹੋ ਰਹੀ ਹੈ।ਇੱਕ ਗੱਲ ਹਾਕਮਾਂ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਵਿਰੋਧੀ ਅਵਾਜਾਂ ਨੂੰ ਦਬਾਅ ਕੇ ਦੇਸ਼ ਨੂੰ ਵਿਸ਼ਵ ਦੇ ਹਾਣ ਦਾ ਨਹੀਂ ਬਣਾਇਆ ਜਾ ਸਕਦਾ ਕਿਉ ਕਿ ਦੇਸ਼ਭਗਤੀ ਅਤੇ ਅੰਧ ਭਗਤੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ।ਭਾਜਪਾ ਦਾ ਜਿਹੜਾ ਵਤੀਰਾ ਵਿਰੋਧੀ ਧਿਰ ਵਿੱਚ ਬੈਠਿਆਂ ਹੁੰਦਾ ਸੀ ਅੱਜ ਉਸ ਤੋਂ ਬਿੱਲਕੁੱਲ ਉਲਟ ਹੈ।ਭਾਰਤ ਨੂੰ ਹਿੰਦੂ ਰੁਸ਼ਟਰ ਬਣਾਉਣ ਦੀ ਹੋੜ ਤੋਂ ਇਲਾਵਾ ਉਸ ਦੀ ਤਮੰਨਾ ਹਮੇਸ਼ਾ ਅਮਰੀਕਾ ਨਾਲ ਨੇੜਤਾ ਵਧਾਉਣ ਦੀ ਰਹੀ ਹੈ।ਕਾਂਗਰਸ ਦਾ ਵਿਰੋਧ ਉਹ ਇਸ ਮਾਮਲੇ ਵਿੱਚ ਇਸ ਕਰਕੇ ਕਰਦੀ ਸੀ ਕਿ ਕੰਮ ਉਸ ਦੀ ਦੇਖ ਰੇਖ ਹੇਠ ਨੇਪਰੇ ਚੜਨ।ਅਜ ਐਨਡੀਟੀਵੀ ਤੇ ਇੱਕ ਚਰਚਾ ਚਲ ਰਹੀ ਸੀ ਕਿ ਹਿੰਦ ਮਹਾਂਸਾਗਰ ਵਿੱਚ ਭਾਰਤ ਅਮਰੀਕਾ ਨਾਲ ਮਿਲ ਕੇ ਆਪਣੀ ਸੈਨਿਕ ਸ਼ਕਤੀ ਵਧਾਉਂਣ ਦਾ ਨਿਰਣਾ ਲੈ ਚੁੱਕਾ ਹੈ।ਅਜਿਹਾ ਉਹ ਚੀਨ ਦੇ ਇਸ ਖਿੱਤੇ ਅੰਦਰ ਵਧ ਰਹੇ ਪਰਭਾਵ ਨੂੰ ਰੋਕਣ ਦੇ ਉਦੇਸ਼ ਨਾਲ ਕਰ ਰਿਹਾ ਹੈ।ਚਰਚਾ ਅਨੁਸਾਰ ਅੱਜ ਤੱਕ ਭਾਰਤ ਨੇ ਗੁੱਟ ਨਿਰਲੇਪਤਾ ਵਾਲੀ ਨੀਤੀ ਤੇ ਚਲਦਿਆਂ ਕਿਸੇ ਦੇਸ਼ ਨੂੰ ਆਪਣੇ ਦੇਸ਼ ਅੰਦਰ ਪੱਕੇ ਤੌਰ ਤੇ ਜੰਗੀ ਡੇਰਾ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਸਿਵਾਏ1991 ਵਿੱਚ ਚੰਦਰ ਸ਼ੇਖਰ ਦੇ ਪੀ ਐਮ ਸਮੇਂ ਦੌਰਾਨ ਖਾੜੀ ਦੀ ਜੰਗ ਸਮੇਂ ਅਮਰੀਕੀ ਜਹਾਜ਼ਾਂ ਨੂੰ ਤੇਲ ਭਰਨ ਦੀ ਆਗਿਆ ਦੇਣ ਤੋਂ।ਭਾਰਤ ਵਲੋਂ ਅਪਣਾਈ ਜਾ ਰਹੀ ਇਸ ਨੀਤੀ ਨੂੰ ਬਹੁਤ ਸਾਰੇ ਆਗੂਆਂ ਖਾਸ ਕਰਕੇ ਖੱਬੇ ਪੱਖੀਆਂ ਵਲੋਂ ਨਕਾਰਿਆ ਜਾ ਰਿਹਾ ਹੈ।ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਹਾਕਮਾਂ ਨੂੰ ਇਸ ਸੰਵੇਦਨ ਸ਼ੀਲ ਮਾਮਲੇ ਵਿੱਚ ਕਾਹਲ ਨਹੀਂ ਕਰਨੀ ਚਾਹੀਦੀ।'ਸੁਪਰ ਪਾਵਰ' ਹੋਣ ਦੇ ਮੁਗਾਲਤੇ ਵਿੱਚ ਇਸ ਖਿੱਤੇ ਅੰਦਰ ਅਮਰੀਕੀ ਹਿਤਾਂ ਦੀ ਪੂਰਤੀ ਲਈ ਆਪਣੇ ਗੁਆਂਢੀ ਮੁਲਕ ਚੀਨ ਨਾਲ ਸਬੰਧ ਵਿਗਾੜਨ ਦੀ ਥਾਂ ਕੂਟਨੀਤਕ ਚਤੁਰਾਈ ਤੋਂ ਕੰਮ ਲੈਣਾ ਚਾਹੀਦਾ ਹੈ।ਇਸ ਦੇ ਬਾਵਯੂਦ ਉਹ ਅਜਿਹਾ ਕਰਨ ਲਈ ਬਜ਼ਿੱਦ ਹੈ।ਸੰਪਰਕ: +91 98722 38981