ਇਸ ਤਰ੍ਹਾਂ ਮੈਂ ਵੱਡਾ ਹੋਇਆ। ਅਤੇ ਦੂਜੀ ਵੱਡੀ ਜੰਗ (ਵਿਸ਼ਵ ਯੁੱਧ) ਛਿੜਣ ਤੋਂ ਐਨ ਪਹਿਲਾਂ ਮੈਂ ਫਿਰ ਲਹੌਰ ਆਇਆ, ਇਸ ਵਾਰ ਆਪਣੇ ਕਾਲਜ ਦੀ ਪੜਾਈ ਕਰਨ ਲਈ। ਮੇਰੇ ਪਿਤਾ ਨੇ ਇਸ ਮੌਕੇ ਆਪਣੇ ਇੱਕਲੌਤੇ ਬੇਟੇ ਨੂੰ ਇਹ ਸਲਾਹ ਦਿੱਤੀ ਸੀ ਕਿ “ਬਾਹਰ ਰਹਿ ਕੇ ਹੋਰ ਕੁੱਝ ਵੀ ਕਰਨਾ, ਪਰ ਕਿਸੇ ਵੀ ਗੈਰ ਕਾਨੂੰਨੀ ਜੱਥੇਬੰਦੀ ਨਾਲ ਸੰਪਰਕ ਨਾ ਰੱਖਣਾ” ਲਾਹੌਰ ਪਹੁੰਚ ਕੇ ਮੈਂ ਸਭ ਤੋਂ ਪਹਿਲਾ ਕੰਮ ਇਹੀ ਕੀਤਾ ਅਤੇ ਕਮਿਊਨਿਸਟ ਪਾਰਟੀ ਵਿੱੱਚ ਸ਼ਾਮਲ ਹੋ ਗਿਆ। ਮੈਂ ਆਪਣੇ ਪਿਤਾ ਨੂੰ ਖਤ ਵਿੱਚ ਲਿਖਿਆ ਕਿ “ਮੈਂ ਆਪਣਾ ਅਸਲ ਖਾਨਦਾਨ ਹਾਸਲ ਕਰ ਲਿਆ ਹੈ” ਉਸ ਦੌਰ ਵਿੱਚ ਕਮਿਊਨਿਸਟ ਪਾਰਟੀ ਇਹੀ ਮਾਨਤਾ ਰੱਖਦੀ ਸੀ ਅਤੇ ਕਮਿਊਨਿਸਟ ਹੋਣਾ ਆਪਣੇ ਆਪ ਵਿੱਚ ਇੱਕ ਫਖਰ ਦੀ ਗੱਲ ਸੀ। ਪੰਜ ਦਹਾਕੇ ਬੀਤ ਜਾਣ ਬਾਅਦ ਵੀ ਉਸ ਫਖਰ ਦਾ ਅਹਿਸਾਸ ਕਾਇਮ ਹੈ।ਬਾਅਦ ਦੇ ਕਈ ਸਾਲ ਵਿਦਿਆਰਥੀ ਲਹਿਰ ਦੀਆਂ ਤੂਫਾਨੀ ਗਤੀਵਿਧੀਆਂ ਅਤੇ ਕਮਿਊਨਿਸਟ ਪਾਰਟੀ ਨਾਲ ਕੰਮ ਕਰਨ ’ਚ ਗੁਜਰੇ, ਜਿਸ ਵਿੱਚ ਸਾਰੀਆਂ ਛੁਟੀਆਂ ਲਹੌਰ ਤੋਂ ਦੂਰ ਫੈਕਟਰੀ ਮਜਦੂਰਾਂ ਨਾਲ ਜਾਂ ਪਿੰਡਾਂ ਦੇ ਕਿਸਾਨਾਂ ਨਾਲ ਗੁਜਰਦੀਆਂ ਰਹੀਆਂ।ਸਾਡੀ ਗਿਣਤੀ ਯੂਨੀਵਰਸਿਟੀ ਦੇ ਆਲਾ ਦਿਮਾਗ ਵਾਲੇ ਮੁੰਡਿਆਂ ’ਚ ਸੀ। ਮੇਰੀ ਚੋਣ ਮੈਡੀਕਲ ਕਾਲਜ ਲਈ ਹੋ ਗਈ, ਪਰੰਤੂ ਇਹ ਗੱਲ ਸਾਫ ਸੀ ਕਿ ਲਗਾਤਾਰ ਵੱਧਦੇ ਸਿਆਸੀ ਕੰਮ ਕਾਜ ਕਾਰਨ ਮੈਡੀਕਲ ਦੀ ਪੜਾਈ ਕਰਨੀ ਮੁਸ਼ਕਿਲ ਸੀ। ਇਸ ਲਈ ਸਲਾਹ ਮੰਨਦਿਆਂ ਪਾੱਲੀਟਿਕਸ ਸਾਇੰਸ ’ਚ ਮਾਸਟਰ ਡਿਗਰੀ ਕਰਨ ਦਾ ਸੌਖਾ ਰਾਹ ਚੁਣ ਲਿਆ। ਬਾਅਦ ਵਿੱੱਚ ਮੈਂ ਜਾਣਿਆ ਕਿ ਇਹ ਸ਼ੋਸ਼ਲ ਸਾਇੰਸ ਦੇ ਕਾਫੀ ਵਿਸ਼ਿਆਂ ਦੇ ਨੇੜਲਾ ਵਿਸ਼ਾ ਹੈ। ਇਸਦੀ ਇੱਕ ਖਾਸ ਵਜ੍ਹਾ ਮੈਨੂੰ ਇਹ ਲੱਗਦੀ ਹੈ ਕਿ ਇਹ ਮਾਰਕਸਵਾਦ ਲਈ ਜਾਂ ਤਾਂ ਆਪਣੀਆਂ ਅੱਖਾਂ ਬੰਦ ਰੱਖਦਾ ਹੈ, ਜਾਂ ਫਿਰ ਦੁਸ਼ਮਣੀ ਦਾ ਰਾਹ ਅਖਤਿਆਰ ਕਰਦਾ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਮਾਰਕਸਵਾਦ ਨੂੰ ਇੱਕ “ਰਾਜਨੀਤਿਕ ਵਿਚਾਰ” ਦੀ ਤਰ੍ਹਾਂ ਮਾਨਤਾ ਦੇਣ ’ਚ ਓਨੀ ਨਫਰਤ ਨਹੀਂ ਵਰਤੀ ਜਾ ਰਹੀ।ਫਿਲਹਾਲ ਕਮਿਊਨਿਸਟ ਪਾਰਟੀ ’ਚ ਕੰਮ ਕਰਨ ਲਈ ਪਾਲਿਟਿਕਸ ਸਾਇੰਸ ਦੀ ਪੜਾਈ ਵੀ ਕੁਝ ਸਾਲਾਂ ਬਾਅਦ ਸ਼ੁਰੂ ਕਰਨੀ ਪਈ ਅਤੇ ਅਜਾਦੀ ਤੋਂ ਬਾਅਦ ਤੱਕ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ, ਅਜਾਦੀ ਦੀ ਲੜਾਈ, ਮੁਲਕ ’ਚ ਸਮਾਜੀ ਇਨਕਲਾਬ ਲਈ ਇਕੱਠਾ ਕਰਦਾ ਰਿਹਾ। ਜਲਦ ਹੀ ਅੰਗਰੇਜ ਸਰਕਾਰ ਨੇ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਇਤਫਾਕੀਆ ਜੇਲ੍ਹ ਵਿੱਚ ਕੁਝ ਮਹੀਨੇ ਮੈਂ ਭਗਤ ਸਿੰਘ ਦੇ ਸਾਥੀ ਕਿਸ਼ੋਰੀ ਲਾਲ ਅਤੇ ਕੁਝ ਬਚੇ ਹੋਏ ਕਾਮਰੇਡਾਂ ਨਾਲ ਉਸੇ ਵਾਰਡ ਵਿੱੱਚ ਬਿਤਾਏ, ਜਿਸਨੂੰ ਅੱਤਵਾਦੀ ਵਾਰਡ ਕਿਹਾ ਜਾਂਦਾ ਸੀ।ਸਾਲ ਭਰ ਦੀ ਜੇਲ੍ਹ ਕੱਟਣ ਤੋਂ ਬਾਅਦ ਜਦ ਮੈਂ ਬਾਹਰ ਆਇਆ ਤਾਂ ਮੇਰੇ ਉਤੇ ਕੁਝ ਸਮਾਂ ਸਰਕਾਰ ਦੀਆਂ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਾ ਦਿੱਤੀਆਂ ਗਈਆਂ ਸਨ। ਜਲਸਿਆਂ, ਅੰਦੋਲਨਾਂ ’ਚ ਨਹੀਂ ਸੀ ਜਾ ਸਕਦਾ, ਸੋ ਡੰਗ ਟਪਾਉਣ ਲਈ ਪਾਰਟੀ ਦੇ ਹਫਤਾਵਾਰੀ “ਜੰਗ ਏ ਅਜਾਦੀ” ਦੇ ਸੰਪਾਦਕੀ ਸਟਾਫ ’ਚ ਕੰਮ ਕੀਤਾ।ਫਿਰ ਚਾਲੀਵਿਆਂ ਦੇ ਵਿੱਚਕਾਰਲੇ ਵਰ੍ਹਿਆਂ ’ਚ ਲਗਭਗ ਇਨਕਲਾਬੀ ਲਹਿਰ ਦੇ ਦਿਨ ਆਏ। ਉਹ ਸਮਾਂ ਮਹਾਨ ਅਤੇ ਲੋਕਪ੍ਰਿਆ ਲੜਾਈ ਦਾ ਸਮਾਂ ਸੀ। ਸਾਮਰਾਜਵਾਦ ਨਾਲ ਸਮਝੌਤੇ ਕੀਤੇ ਗਏ, ਨਤੀਜਨ ਦੰਗੇ, ਵੰਡ, ਹੋਰ ਦੰਗੇ, ਫਿਰ ਹੋਰ ਦੰਗੇ ਅਤੇ ਹਿੰਦੋਸਤਾਨ ਦੀ ਅਜਾਦੀ। ਇੱਕ ਯਕੀਨ ਕੀਤਾ ਗਿਆ ਸੀ, ਜਿਸ ਨਾਲ ਗਦਾਰੀ ਹੋਈ। ਉਹ ਵਰ੍ਹੇ ਸ਼ਾਨਦਾਰ ਸਨ, ਫਿਰ ਵੀ ਇੱਕ ਤਰ੍ਹਾਂ ਦੀ ਬੇਇਜਤੀ ਉਨ੍ਹਾਂ ਸਾਲਾਂ ’ਚ ਸ਼ਾਮਲ ਸੀ। ਉਹ ਸਾਲ ਇਕੋ ਵੇਲੇ ਹਿੰਦੋਸਤਾਨ ਦੇ ਲੋਕਾਂ ਦੀ ਜਿੱਤ ਅਤੇ ਹਾਰ ਦੇ ਸਾਲ ਸਨ। ਹੋਰ ਸਪੱਸ਼ਟਤਾ ਨਾਲ ਕਹਿਣਾ ਹੋਵੇ ਤਾਂ ਇਹ ਕਾਮਯਾਬੀ, ਭਲੇ ਹੀ ਉਹ ਕਿੰਨੀ ਵੀ ਧੁੰਦਲੀ ਹੋਵੇ, ਗਾਂਧੀ ਅਤੇ ਬੁਰਜੂਆ ਅਗਵਾਈ ਵਾਲੀ ਸਿਅਸਤ ਦੀ ਯਕੀਨੀ ਕਾਮਯਾਬੀ ਸੀ। ਅਤੇ ਨਾਲ ਹੀ ਸਾਡੀ ਕਮਿਊਨਿਸਟ ਸਿਆਸਤ ਦੀ ਯਕੀਨੀ ਹਾਰ, ਭਲੇ ਹੀ ਉਹ ਕਿੰਨੀ ਵੀ ਅਸਥਾਈ ਹੋਵੇ। ਇਸ ਨਾਕਾਮਯਾਬੀ ’ਚ ਬੀ ਟੀ ਰਣਦਿਵੇ ਦੇ ਖਤਰਿਆਂ ਭਰੇ ਤਜੁਰਬਿਆਂ ਅਤੇ ਤੇਲੰਗਾਨਾ ਦੇ ਬਹਾਦੁਰਾਂ ਦੀ ਲੜਾਈ ਦੀ ਨਾਕਾਮਯਾਬੀ ਵੀ ਸ਼ਾਮਲ ਸੀ। ਮੈਂ ਇਨ੍ਹਾਂ ਦਾ ਭਾਈਵਾਲ ਬਣਿਆਂ ਅਤੇ ਇਸ ਸਭ ਦੇ ਵਿੱਚਕਾਰ ਲੜਦੇ ਹੋਏ ਜਿੰਦਾ ਰਿਹਾ। ਇਨ੍ਹਾਂ ਵਿਚੋਂ ਕੁਝ ਤਜਰਬੇ, ਜੋ ਬਹੁਤ ਨਿੱਜੀ ਹੋਣ ਦੇ ਨਾਲ-ਨਾਲ ਰਾਜਨੀਤਿਕ ਅਤੇ ਸਮਾਜੀ ਵੀ ਸਨ, ਮੇਰੀ ਇੱਕ ਪੰਜਾਬੀ ਕਵਿਤਾ ਦੀ ਕਿਤਾਬ “ਰਾਹਾਂ ਦੀ ਧੂੜ” (1950) ’ਚ ਆਪਣੇ ਆਪ ਨੂੰ ਇਜਹਾਰ ਕਰ ਸਕੇ। ਇਸ ਵਿੱਚ ਇੱਕ ਥਾਂ ਮੈਂ ਲਿਖਿਆ ਸੀ ਇੱਕ ਕਾਫਲਾ ਆਪਣੀ ਮੰਜ਼ਿਲ ਤੱਕ ਪੁਜਿਆਫਿਰ ਵੀ ਆਪਣਾ ਰਸਤਾ ਕਿਤੇ ਖੋਹ ਬੈਠਾਫਿਰ ਕਦੇ ਮੈਂ ਸ਼ਾਇਰੀ ਨਹੀਂ ਕੀਤੀ- ਇਹ ਨਾ ਪੁੱਛੋ ਕਿ ਕਿਉਂ? ਜਿਵੇਂ ਪੜਾਈ ’ਚ ਹੋਇਆ ਉਵੇਂ ਹੀ ਸ਼ਾਇਰੀ ’ਚ ਹੋਇਆ। ਅਤੇ ਸ਼ਾਇਦ ਜ਼ਿੰਦਗੀ ਦੇ ਹੋਰ ਪਹਿਲੂਆਂ ’ਚ ਵੀ, ਮੈਂ ਸਹੀ ਮਾਅਨਿਆਂ ਵਿੱਚ ਇੱਕ ਅਜਿਹਾ ਇਨਸਾਨ ਹਾਂ “ਜੋ ਹੋ ਸਕਦਾ ਸੀ” (A genuine might have been)ਦੇਸ਼ ਵੰਡ ਤੋਂ ਬਾਅਦ ਮੈਂ ਦਿੱਲੀ ਆਇਆ। ਆਪਣੀਆਂ ਜੜਾਂ ਤੋਂ ਉਖੜਿਆ ਹੋਇਆ, ਇੱਕ ਰਫਿਊਜੀ। ‘ਵਕਤੀ ਤੌਰ ਤੇ’ ਮੈਂ ਦਿੱਲੀ ਦੇ ਇੱਕ ਕਾਲਜ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ। ਉਹ ਕਾਲਜ ਉਦੋਂ ਕਾਲਜ ਕੈਂਪਸ ਕਹਾਉਂਦਾ ਸੀ, ਜੋ ਪੰਜਾਬ ਯੂਨੀਵਰਸਿਟੀ ਨੇ ਰਫਿਊਜੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸ਼ੁਰੂ ਕੀਤਾ ਸੀ। ਬਾਅਦ ’ਚ ਪਤਾ ਲੱੱਗਿਆ ਕਿ ਪੜਾਉਣ ਦਾ ਜੋ ਕੰਮ ਮੈਂ ਵਕਤੀ ਤੌਰ ਤੇ ਸ਼ੁਰੂ ਕੀਤਾ ਸੀ, ਉਹ ਜਿੰਦਗੀ ਭਰ ਮੇਰੇ ਨਾਲ ਰਿਹਾ। ਮੇਰੇ ਲਈ ਇਸਦਾ ਅਰਾਮਦੇਹ ਤਰਕ ਇਹ ਹੈ ਕਿ ‘ਇਨਕਲਾਬ’ ਆਉਣ ਤੋਂ ਬਾਅਦ ਸਾਡੇ ਸਮਾਜ ’ਚ ਪੜਾਉਣ ਦੇ ਕੰਮ ’ਚ ਹੀ ਇਹ ਉਮੀਦ ਸਭ ਤੋਂ ਜ਼ਿਆਦਾ ਹੈ ਕਿ ਤੁਸੀਂ ਇੱਕ ਕੱਟੀ ਹੋਈ ਜਿੰਦਗੀ ਨਾ ਜਿਉਂਕੇ, ਲੋਕਾਂ ਨਾਲ ਜੁੜੇ ਰਹਿ ਸਕੋਂ। ਇਸ ਪੇਸ਼ੇ ’ਚ, ਜੇਕਰ ਤੁਸੀਂ ਚਾਹੋ ਸਿਰਫ ਤਦ, ਜਦੋਂ ਤੁਸੀਂ ਚਾਹੋਂ, ਤਾਂ ਜਿੰਦਗੀ ਚਲਾਉਣ ਲਈ ਕਮਾਉਣ ਦਾ ਕੰਮ, ਜ਼ਿੰਦਗੀ ਜਿਊਣ ਦੇ ਨਾਲ-ਨਾਲ ਕੀਤਾ ਜਾ ਸਕਦਾ ਹੈ। ਬਾਅਦ ’ਚ ਮੈਂ, ਕੈਂਪਸ ਕਾਲਜ ਤੋਂ ਦਿੱਲੀ ਕਾਲਜ ਵਿੱੱਚ ਆ ਗਿਆ, ਜਿੱਥੇ ਲਗਭਗ ਵੀਹ ਸਾਲ ਪੜਾਇਆ। ਫਿਰ ਥੋੜੇ ਸਾਲ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਗੁਜ਼ਾਰਨ ਤੋਂ ਬਾਅਦ 1972 ’ਚ, ਦਿੱਲੀ ਯੂਨੀਵਰਸਿਟੀ ਨਾਲ ਪੋਲੀਟੀਕਲ ਥਿਊਰੀ ਦੇ ਪ੍ਰੋਫੈਸਰ ਦੀ ਹੈਸੀਅਤ ਵਜੋਂ ਜੁੜ ਗਿਆ।ਇਸ ਪੂਰੇ ਦੌਰ ’ਚ ਮੇਰੇ ਬਾਇਓ ਡਾਟਾ ’ਚ ਹੋਰ ਕੁਝ ਜ਼ਿਆਦਾ ਨਹੀਂ ਜੁੜਿਆ। ਅਕਾਦਮੀ ਤੋਂ ਦੂਰ ਰਿਹਾ। ਕੋਈ ਰਿਸਰਚ ਡਿਗਰੀਆਂ ਨਹੀਂ, ਨਾ ਮੇਰੇ “ਅੰਡਰ” ਕੰਮ ਕਰਨ ਵਾਲੇ ਸਿਖਿਆਰਥੀਆਂ ਦੀ ਕਤਾਰ, ਨਾ ਕੋਈ ਫੈਲੋਸ਼ਿਪ, ਨਾ ਰਿਸਰਚ ਪ੍ਰੋਜੈਕਟ, ਨਾ ਰਾਸ਼ਟਰੀ ਅਤੇ ਅੰਰਤਰਾਸ਼ਟਰੀ ਕਿਸਮ ਦੇ “ਸੈਮੀਨਾਰ”, ਕੁਝ ਵੀ ਨਹੀਂ- ਇਥੋਂ ਤੱਕ ਕਿ ਅੱਜ ਕੱਲ ਵਿਦਵਤਾ ਦਾ ਸਬੂਤ ਮੰਨੀ ਜਾਣ ਵਾਲੀ ਕੋਈ ਵਿਦੇਸ਼ ਯਾਤਰਾ ਵੀ ਨਹੀਂ।ਹਾਲ ਹੀ ਵਿੱਚ ਇੰਡੀਅਨ ਕਾਂਸਲ ਆਫ ਸ਼ੋਸ਼ਲ ਸਾਇੰਸਸ ਰਿਸਰਚ (ICSSR) ਨੇ ਸ਼ਾਇਦ ਮਦਦ ਕਰਨ ਬਾਰੇ ਸੋਚ ਕੇ ਇੱਕ ਸੱਦਾ ਭੇਜਿਆ ਸੀ, ਜਿਸ ਵਿੱਚ ਵਿਦੇਸ਼ ਯਾਤਰਾ ਵੀ ਸ਼ਾਮਲ ਸੀ। ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮੌਕਿਆਂ ਤੋਂ ਮੈਂ ਬਚਦਾ ਆ ਰਿਹਾ ਸੀ। ਫਿਰ ਮੈਂ ਸੋਚਿਆ ਕਿ ਇਸਨੂੰ ਅਸੂਲ ਹੀ ਕਿਉਂ ਨਾ ਬਣਾ ਲਿਆ ਜਾਵੇ- ਅਤੇ ਮੈਂ ਨਾ ਕਰ ਦਿੱਤੀ। ਸ਼ਾਇਦ ਮੈਂ ਇਹ ਵੀ ਤਸਦੀਕ ਕਰਨਾ ਚਾਹੁੰਦਾ ਸੀ ਕਿ ਇਸ ਦੇਸ਼ ਵਿੱਚ ਘੱਟੋ-ਘੱਟ ਇੱਕ ਪ੍ਰੋਫੈਸਰ ਤਾਂ ਹੈ ਜਿਸਨੇ ਕਦੇ ਵਿਦੇਸ਼ ਯਾਤਰਾ ਨਹੀਂ ਕੀਤੀ ।ਪੜਾਈ ਅਤੇ ਉਸ ਨਾਲ ਜੁੜੇ ਜ਼ਿਆਦਾਤਰ ਕੰਮਾ ਤੋਂ ਇਲਾਵਾਂ ਮੈਂ ਆਪਣਾ ਕਾਫੀ ਸਮਾਂ ਵਿਦਿਆਰਥੀ ਅੰਦੋਲਨ ਖੜਾ ਕਰਨ ਵਿੱਚ ਗੁਜ਼ਾਰਿਆ। ਲੋਕਤੰਤਰਿਕ ਅਧਿਕਾਰਾਂ ਅਤੇ ਯੂਨੀਵਰਸਿਟੀਆਂ ਵਿੱਚ ਸੁਧਾਰਾਂ ਲਈ ਲੜਨ ’ਚ, ਕਦੇ ਵਾਇਸ ਚਾਂਸਲਰਾਂ ਨਾਲ, ਕਦੇ ਉਨ੍ਹਾਂ ਦੇ ਖਿਲਾਫ, ਮਜਦੂਰਾਂ, ਵਿਦਿਆਰਥੀਆਂ, ਯੂਨੀਵਰਸਿਟੀਆਂ ਤੋਂ ਸਕੂਲ ਵਿਦਿਆਰਥੀਆਂ ਤੱਕ ਸਮਾਜਵਾਦੀ ਸਿਖਿਆ ਲੈਣ ਤੱਕ, ਮਾਰਕਸ ਕਲੱਬ ਚਲਾਉਣ ’ਚ, ਪੈਂਫਲਿਟ/ਬੁਲੇਟਿਨ ਲਿਖਣ ਅਤੇ ਛਪਾਉਣ ’ਚ, ਕੱਢਣ ਅਤੇ ਵੰਡਣ ’ਚ, ਵੀਅਤਨਾਮ ਅਤੇ ਚੈਕੋਸਲਵਾਕੀਆ ਦੇ ਮੁੱਦਿਆਂ ਤੇ ਮੁਹਿੰਮ ਚਲਾਉਣ ’ਚ, ਈਰਾਨੀ ਵਿਦਿਆਰਥੀਆਂ ਲਈ ਦਸਤਖਤ ਇਕੱਠੇ ਕਰਨ ’ਚ, ਅਤੇ ਹੋਰ ਹਰ ਤਰ੍ਹਾਂ ਦੇ ਲੋਕਾਂ ਦੇ ਮੁੱਦਿਆਂ ਤੇ ਉਨ੍ਹਾਂ ਨੂੰ ਲਾਮਬੰਦ ਕਰਨ ’ਚ, ਹਰ ਤਰ੍ਹਾਂ ਦੀ ਤਬਦੀਲੀ ਦੀ ਚਾਹਤ ਭਰੀ ਪਹਿਲਕਦਮੀ ’ਚ ਅਤੇ ਇਨਕਲਾਬੀ ਜੋਖਿਮਾਂ ’ਚ ਸ਼ਾਮਲ ਰਿਹਾਂ, ਕੈਂਪਸ ਦੇ ਅੰਦਰ ਵੀ ਤੇ ਬਾਹਰ ਵੀ। ਇਸ ਦੌਰਾਨ ਕਈ ਵਾਰ ਮੁਹੱਬਤ ਅਤੇ ਨਫਰਤ ਦੇ ਮਿਲੇ-ਜੁਲੇ ਰਿਸ਼ਤੇ ਵੀ ਬਣੇ।ਪਿਛਲੇ 40 ਸਾਲਾਂ ਤੋਂ ਵੀ ਜ਼ਿਆਦਾ ਵਕਤ ਦਾ ਜ਼ਿਆਦਾਤਰ ਹਿੱਸਾ ਵੀ ਇਸੇ ਤਰ੍ਹਾਂ ਹੀ ਲੰਘਿਆਂ। ਇਨ੍ਹਾਂ ਸਾਰਿਆਂ ਦੇ ਆਪਣੇ ਛੋਟੇ-ਮੋਟੇ ਖਤਰੇ ਵੀ ਰਹੇ। ਮੇਰੇ ਲਈ ਇੱਕ ਹੋਰ ਤਰ੍ਹਾਂ ਦੀ ਲੜਾਈ ਸੀ, ਜੋ ਪੜਾਉਣ ਦੇ ਪਹਿਲੇ ਦਿਨ ਹੀ ਸ਼ੁਰੂ ਹੋ ਗਈ ਸੀ। ਬਿਲਕੁਲ ਸ਼ੁਰੂ ’ਚ ਹੀ ਮੈਨੂੰ ਇਨਕਲਾਬੀ ਵਿਦਰੋਹਾਂ ਬਾਰੇ ਪੜਾਉਣ ਤੋਂ ਮਨਾਂ ਕੀਤਾ ਗਿਆ। ਬਾਅਦ ’ਚ ਉਨ੍ਹਾਂ ਦੀਆਂ ਵਾਰ-ਵਾਰ ਕੋਸ਼ਿਸ਼ਾਂ ਨੇ ਮੈਨੂੰ ਇੱਕ ਖਾਸ ਕੋਰਸ ਪੜਾਉਣ ਤੋਂ ਮਨਾ ਕਰ ਦਿੱਤਾ। ਲੰਮੇ ਅਰਸੇ ਤੋਂ ਉਹਨਾਂ ਨੇ ਮੈਨੂੰ ਕੇਵਲ ਪਲੈਟੋ ਹੀ ਪੜਾਉਣ ਦਿੱਤਾ, ਮਾਰਕਸ ਨਹੀਂ। ਇਸ ਤਰ੍ਹਾਂ ਮੈਂ ਬਾਸ਼ਰਤੇ ਪਲੈਟੋ ਮਾਰਕਸ ਨੂੰ ਪੜਾਉਣਾ ਸਿੱਖਿਆ, ਜੋ ਨਾ ਕੇਵਲ ਮੁਮਕਿਨ ਹੋਇਆ ਬਲਕਿ ਕਈ ਮਾਅਨਿਆਂ ’ਚ ਜ਼ਿਆਦਾਤਰ ਅਸਰਦਾਰ ਵੀ।ਇੱਕ ਅਧਿਆਪਕ ਦਾ ਕਿਰਦਾਰ ਮੈਂ ਜ਼ਿਆਦਾ ਖਰਾਬ ਨਹੀਂ ਨਿਭਾਇਆ, ਅਜਿਹਾ ਮੈਨੂੰ ਮੇਰੇ ਬਾਕੀ ਸਾਥੀ ਅਤੇ ਹੋਰ ਲੋਕ ਕਹਿੰਦੇ ਹਨ। ਅਤੇ ਮੈਨੂੰ ਉਨ੍ਹਾਂ ਤੇ ਯਕੀਨ ਕਰਨਾ ਚੰਗਾ ਲਗਦਾ ਹੈ। ਸਾਡੇ ਇਥੇ ਪੜਾਉਣ ਅਤੇ ਖੋਜ ਕਰਨ ਦਾ ਜੋ ਢਾਂਚਾ ਹੈ, ਅਤੇ ਜਿਸ ਤਰ੍ਹਾਂ ਦੀ ਵੀ ‘ਕੰਮ ਕਰਨ ਦੀ ਸਮਝਦਾਰੀ’ ਤੋਂ ਇਹ ਚਲਾਏ ਜਾਂਦੇ ਹਨ, ਉਨ੍ਹਾਂ ਦੇ ਚਲਦਿਆਂ ਜ਼ਿਆਦਾਤਰ ਖੋਜੀ ਲੇਖਨ ਮੁਸ਼ਕਲਾਂ ਅਤੇ ਲੋਕਾਂ ਲਈ ਨਹੀਂ ਹਨ, ਬਲਕਿ ਨੌਕਰਸ਼ਾਹਾਂ ਦੇ ਰੰਗ ’ਚ ਰੰਗੇ ਗਏ ਫਜੂਲ ਅਕਾਦਮਿਕ ਪੇਸ਼ਿਆਂ ’ਚ ਤਰੱਕੀ ਅਤੇ ਇੱੱਜਤ ਪਾਉਣ ਲਈ ਹੁੰਦਾ ਹੈ। ਇਸ ਨਾਲ ਸਮਾਜਿਕ ਵਿਗਿਆਨਾਂ ਵਿੱਚ ਫਾਲਤੂ ਅਤੇ ਅਕਸਰ ਲਾਪ੍ਰਵਾਹੀ ਵੱਧਦੀ ਜਾ ਰਹੀ ਹੈ ਜਿਸਦੇ ਨਤੀਜੇ ਵਜੋਂ ਇੱਕ ਅਜਿਹਾ ਮੰਜ਼ਰ ਬਣ ਰਿਹਾ ਹੈ ਜਿੱਥੇ, ਘੱਟੋ-ਘੱਟ ਲੋਕ, ਘੱਟ ਤੋਂ ਘੱਟ ਚੀਜ਼ਾਂ ਬਾਰੇ, ਜ਼ਿਆਦਾ ਤੋਂ ਜ਼ਿਆਦਾ ਸੁਣਦੇ ਜਾ ਰਹੇ ਹਨ। ਅਜਿਹੇ ਮਹੌਲ ਵਿੱਚ ਅਕਾਦਮਿਕ ਸ਼ਕਾਲਰਸ਼ਿੱਪ ਦੀ ਥੋੜੀ ਜਿਹੀ ਕਮੀ, ਇੱਕ ਤਰ੍ਹਾਂ ਨਾਲ ਫਾਇਦੇਮੰਦ ਵੀ ਹੋ ਸਕਦੀ ਹੈ।ਮੈਂ ਮੰਨਦਾ ਹਾਂ ਕਿ ਮੇਰੀ ਅਰਥਸ਼ਾਸ਼ਤਰ ਦੀ ਸਮਝ ਬਹੁਤ ਖਰਾਬ ਹੈ, ਜਿਸਦਾ ਮੈਨੂੰ ਹਮੇਸ਼ਾ ਅਫਸੋਸ ਵੀ ਰਿਹਾ। ਪਰ ਇਸ ਕਾਰਨ ਮੈਂ ਮਾਰਕਸਵਾਦ ਦੇ ਇਨਸਾਨੀ, ਦਾਰਸ਼ਨਿਕ ਅਤੇ ਸਭ ਤੋਂ ਉਪਰ ਰਾਜਨੀਤਿਕ ਪਹਿਲੂਆਂ ਲਈ ਜ਼ਿਆਦਾ ਸੰਵੇਦਨਸ਼ੀਲ ਹੋ ਸਕਿਆਂ। ਇਸ ਮੁਲਕ ਦੀਆਂ ਪੁਲੀਟਿੀਕਲ ਸਾਇੰਸ ਦੀਆਂ ਜਮਾਤਾਂ ਅਤੇ ਇਸਦੇ ਕੋਰਸ ਵਿੱਚ, ਜਾਂ ਯੂਨੀਵਰਸਿਟੀ ’ਚ ਜਾਂ ਸ਼ੋਸ਼ਲ ਸਾਇੰਸਜ ਦੇ ਅਨੇਕਾਂ ਵਿਸ਼ਿਆਂ ’ਚ ਜੋ ਵੀ ਚਲਦਾ ਹੈ, ਉਸਦਾ ਹਿੰਦੋਸਤਾਨ ਦੇ ਲੋਕਾਂ ਦੀ ਬਿਹਤਰ ਕੱਲ ਲਈ ਹੋਣ ਵਾਲੀ ਲੜਾਈ ਦੀਆਂ ਮੁਸ਼ਕਿਲਾਂ ਅਤੇ ਬਾਕੀ ਪਹਿਲੂਆਂ ਲਈ ਬਹੁਤ ਘੱਟ ਪ੍ਰਸੰਗਿਕਤਾ ਹੈ। ਮੇਰੇ ਲਈ ਰਾਜਨੀਤੀ ਇਨਕਲਾਬ ਦੇ ਮਾਅਨੇ ਰੱਖਦੀ ਹੈ। ਮਾਰਕਸਵਾਦ ਵਿੱਚ “ਰਾਜਨੀਤੀ ਉਸੇ ਤਰ੍ਹਾਂ ਨਾਲ ਵਿੱਚੋਂ ਵਿੱਚ ਚੀਜ਼ ਹੈ, ਜਿਸ ਤਰ੍ਹਾਂ ਇਨਕਲਾਬ”, ਘੱਟੋ-ਘੱਟ ਉਸ ਮਾਰਕਸਵਾਦ ਵਿੱਚ ਜਿਸ ਉੱਤੇ ਕਾਰਲ ਮਾਰਕਸ ਖੁਦ ਚੱਲਦਾ ਸੀ। ਏਂਗਲਜ ਨੇ ਕਿਹਾ ਸੀ, “ਮਾਰਕਸ ਹੋਰ ਕੁਝ ਵੀ ਹੋਣ ਤੋਂ ਪਹਿਲਾਂ ਇਨਕਲਾਬ ਵਿੱਚ ਯਕੀਨ ਰੱਖਣ ਵਾਲਾ ਇਨਸਾਨ ਸੀ”। ਮੇਰਾ ਯਕੀਨ ਇਸੇ ਵਿੱਚ ਹੈ।((Mainstream 1988 ’ਚ ਪ੍ਰਕਾਸ਼ਿਤ ਲੇਖ In Lieu of a Bio Data ਦਾ ਸੰਖੇਪ ਅਨੁਵਾਦ।)