Thu, 21 November 2024
Your Visitor Number :-   7253135
SuhisaverSuhisaver Suhisaver

ਟਕਰਾਅ ਦੇ ਦੌਰ ਵਿੱਚ ਏਕੇ ਦੀ ਲੋੜ ਦਾ ਸੁਨੇਹਾ -ਸੁਕੀਰਤ

Posted on:- 27-04-2016

suhisaver

ਮੇਰੀ ਇਕ ਕਮਜ਼ੋਰੀ, ਜਾਂ ਅੋਗਣ ਹੀ ਕਹਿ ਲਉ, ਇਹ ਹੈ ਕਿ ਮੈਂ ਭਾਸ਼ਣ-ਸਭਾਵਾਂ ਤੋਂ ਬਹੁਤ ਤ੍ਰਹਿੰਦਾ ਹਾਂ। ਕਿਸੇ ਹਦ ਤਕ ਟੀ.ਵੀ. ਬਹਿਸਾਂ ਤੋਂ ਵੀ। ਬਹੁਤੀ ਵੇਰ ਉਹੀ ਚਿਹਰੇ, ਉਹੀ ਬੁਲਾਰੇ ਵਾਰ-ਵਾਰ ਸਾਹਮਣੇ ਆਦੇ ਹਨ ਜਿਨ੍ਹਾਂ ਨੂੰ ਪਹਿਲੋਂ ਵੀ ਕਈ ਵੇਰ ਸੁਣਿਆ ਹੁੰਦਾ ਹੈ, ਜਿਨ੍ਹਾਂ ਦੀ ਸੋਚ ਨਾਲ ਤੁਸੀ ਚੋਖੇ ਵਾਕਫ਼ ਹੋ ਚੁਕੇ ਹੁੰਦੇ ਹੋ, ਅਤੇ ਜਿਨ੍ਹਾਂ ਨੇ ਨਵਾਂ ਕੁਝ ਵੀ ਨਹੀਂ ਕਹਿਣਾ ਹੁੰਦਾ। ਜੇ ਇਕ ਪਾਸੇ ਟੀ.ਵੀ. ਬਹਿਸਾਂ ਦਾ ਪੱਧਰ ਅਮੂਮਨ ਕਾਂਵਾਂ-ਰੌਲੀ ਤਕ ਸੀਮਤ ਹੋ ਗਿਆ ਜਾਪਦਾ ਹੈ, ਤਾਂ ਸਿਆਸੀ ਭਾਸ਼ਣ-ਸਭਾਵਾਂ ਆਮ ਤੌਰ ਤੇ ਦੁਹਰਾਅ ਅਤੇ ਅਕਾਅ ਦਾ ਬਾਇਸ ਬਣਦੀਆਂ ਹਨ। ਬੁਲਾਰੇ ਨਾ ਸਿਰਫ਼ ਆਪਣੀਆਂ , ਸਗੋਂ ਹੋਰਨਾ ਬੁਲਾਰਿਆਂ ਦੀਆਂ ਗੱਲਾਂ ਨੂੰ ਵੀ ਦੁਹਰਾਈ ਜਾਂਦੇ ਹਨ। ਉਤੋਂ ਸਿਤਮ ਇਹ ਕਿ ਬਹੁਤੀ ਵੇਰ ਸਟੇਜ ਸਕੱਤਰੀ ਕਰਨ ਵਾਲਾ ਵੀ ਆਪਣੇ ਅਧਿਕਾਰ ਦੀ ਵਰਤੋਂ ਪਹਿਲੋਂ ਬੋਲ ਕੇ ਹਟੇ ਵਕਤੇ ਦੇ ਭਾਸ਼ਣ ਦਾ ਹੀ ਚਰਬਾ ਸੁਣਾ ਕੇ ਕਰਦਾ ਹੈ। ਯਾਨੀ, ਬੋਰੀਅਤ ਦੀ ਦੋਹਰ ਨਹੀਂ ਤੀਹਰ, ਚੌਹਰ ਪੈਣ ਤਕ ਦੀ ਨੌਬਤ ਆ ਜਾਂਦੀ ਹੈ।

ਪਰ 8 ਅਪ੍ਰੈਲ ਨੂੰ ਦਿਲੀ ਦੇ ਮਾਵਲੰਕਰ ਹਾਲ ਵਿਚ ‘ਪ੍ਰਤੀਰੋਧ-2’ ਦੇ ਨਾਂਅ ਹੇਠ ਹੋਈ ਸਭਾ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜੋ ਯਾਦਗਾਰੀ ਹੋ ਨਿਬੜੀ।ਇਸ ਦੇ ਸੰਚਾਲਕ ਪ੍ਰੋ. ਅਪੂਰਵਾਨੰਦ, ਹਿੰਦੀ ਕਵੀ ਅਸ਼ੋਕ ਵਾਜਪੇਈ ਅਤੇ ਇਤਿਹਾਸਕਾਰ ਹਰਬੰਸ ਮੁਖੀਆ ਸਨ।

ਪਿਛਲੇ ਸਾਲ , ਜਦੋਂ ਸਾਡੀ ਸ਼ਬਦਾਵਲੀ ਵਿਚ ‘ਅਸਹਿਣਸ਼ੀਲਤਾ’ ਦਾ ਸ਼ਬਦ ਰੋਜ਼ ਉਭਰਨ ਲਗ ਪਿਆ, ਦੇਸ ਦੇ ਹਰ ਕੋਨੇ ਤੋਂ ਘਟ-ਗਿਣਤੀਆਂ ਅਤੇ ਸਰਕਾਰ-ਵਿਰੋਧੀ ਵਿਚਾਰਾਂ ਵਾਲਿਆਂ ਨੂੰ ਲਿਤਾੜਣ ਦੀਆਂ ਖਬਰਾਂ ਆਣ ਲਗ ਪਈਆਂ, ਅਤੇ ਇਸ ਵਾਤਾਵਰਣ ਤੋਂ ਔਖੇ ਹੋਏ ਲੇਖਕਾਂ, ਕਲਾਕਾਰਾਂ ਨੇ ਰੋਸ-ਪ੍ਰਗਟਾਵੇ ਵਜੋਂ ਸਰਕਾਰੀ ਸਨਮਾਨ ਮੋੜਨੇ ਸ਼ੁਰੂ ਕਰ ਦਿਤੇ ਤਾਂ ਦਿਲੀ ਵਿਚ ‘ਪ੍ਰਤੀਰੋਧ’ ਦੇ ਨਾਂਅ ਹੇਠ ਪਹਿਲੀ ਬੈਠਕ ਨਵੰਬਰ 2015 ਵਿਚ ਹੋਈ ਸੀ। ਸੰਚਾਲਕਾਂ ਦਾ ਵਿਚਾਰ ਸੀ ਕਿ ਖਿਆਲਾਂ ਦੀ ਆਜ਼ਾਦੀ ਦੇ ਦਮਨ ਦੇ ਇਸ ਦੌਰ ਵਿਚ ਤਰੱਕੀ-ਪਸੰਦ, ਆਜ਼ਾਦ ਖਿਆਲ ਅਤੇ ਜ਼ਮੀਰਵਾਨ ਸਿਰਜਕਾਂ ਅਤੇ ਬੁਧੀਜੀਵੀਆਂ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨਾ, ਆਪਣੇ ਪ੍ਰਤੀਰੋਧ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਦੇਸ ਦੇ ਹਾਲਾਤ ਅਤੇ ਇਤਿਹਾਸ ਨੂੰ ਇਕ ਅਜਿਹੇ ਮੋੜ ਉਤੇ ਲੈ ਆਂਦਾ ਗਿਆ ਸੀ ਕਿ ਇਸ ਵੇਲੇ ਹਰ ਉਸ ਸ਼ਖਸ ਨੂੰ ਵੀ ਚੌਕੰਨੇ ਰਹਿ ਕੇ ਆਪੋ-ਆਪਣੇ ਥਾਂ ਜੱਦੋਜਹਿਦ ਕਰਨ ਦੀ ਲੋੜ ਸੀ, ਜੋ ਸਰਗਰਮ ਸਿਆਸਤਦਾਨ ਭਾਂਵੇਂ ਨਾ ਵੀ ਹੋਵੇ। ਇਸੇ ਭਾਵਨਾ ਨਾਲ ‘ਪ੍ਰਤੀਰੋਧ’ ਦੇ ਉਨਵਾਨ ਹੇਠ ਹੋਣ ਵਾਲੀ ਪਹਿਲੀ ਇਕੱਤਰਤਾ ਵਿਚ ਦਿਲੀ ਦੇ ਬਹੁਤ ਸਾਰੇ ਤਰੱਕੀਪਸੰਦ ਬੁਧੀਜੀਵੀਆਂ ਨੇ ਹਿਸਾ ਲਿਆ।ਨਵੰਬਰ ਵਿਚ ਹੋਈ ਉਸ ਬੈਠਕ ਤੋਂ ਬਾਅਦ, ਯੂਨੀਵਰਸਟੀਆਂ ਵਿਚ ਦਖਲਅੰਦਾਜ਼ੀ ਦੇ ਆਧਾਰ ਉਤੇ ਜੋ ਕੁਝ ਵਾਪਰਿਆ , ਜਿਵੇਂ ਹਿੰਦੁਤਵ ਦੇ ਸੰਘੀ ਏਜੰਡੇ ਨੂੰ ਖੋਖਲੇ ਨਾਅਰਿਆਂ ਅਤੇ ਨਕਲੀ ਦੇਸ਼-ਭਗਤੀ ਦੇ ਪਲੇਥਣ ਹੇਠ ਪਰੋਸਣ ਦੇ ਉਪਰਾਲੇ ਹੋਏ, ਜਿਵੇਂ ਸਰਕਾਰ ਨੇ ਆਪਣੇ ਫ਼ਾਸ਼ੀਵਾਦੀ ਫ਼ਨ ਨੂੰ ਖੁਲ੍ਹ ਕੇ ਫੈਲਾਉਣਾ ਸ਼ੁਰੂ ਕੀਤਾ , ਉਸਨੇ ‘ਪ੍ਰਤੀਰੋਧ-2’ ਨੂੰ ਛੇਤੀ ਤੋਂ ਛੇਤੀ ਵਿਉਂਤਣ ਦੀ ਲੋੜ ਉਤੇ ਜ਼ੋਰ ਦਿੱਤਾ।

8 ਅਪ੍ਰੈਲ ਵਾਲੀ ਇਕੱਤਰਤਾ ਦਾ ਮੰਚ ਸੰਚਾਲਨ ਪ੍ਰੋ. ਅਪੂਰਵਾਨੰਦ ਨੇ ਕੀਤਾ ਅਤੇ ਬੁਲਾਰਿਆਂ ਵਿਚ ਅਸ਼ੋਕ ਵਾਜਪੇਈ, ਪਰਮੁਖ ਦਲਿਤ ਚਿੰਤਕ ਕਾਂਚਾ ਇਲਾਹੀਆ, ‘ਹਿੰਦੂ’ ਦੇ ਸਾਬਕਾ, ਅਤੇ ਹੁਣ ‘ਦ ਵਾਇਰ’ ਨੈਟ- ਅਖਬਾਰ ਦੇ ਸੰਪਾਦਕ ਸਿਧਾਰਥ ਵਰਦਰਾਜਨ, ਪ੍ਰਸਿਧ ਵਕੀਲ ਵਰਿੰਦਾ ਗ੍ਰੋਵਰ, ਪੱਤਰਕਾਰ ਸ਼ੋਮਾ ਚੌਧਰੀ, ਸ਼ਾਇਰ ਅਤੇ ਫਿਲਮਸਾਜ਼ ਗੌਹਰ ਰਜ਼ਾ, ਇਤਿਹਾਸਕਾਰ ਹਰਬੰਸ ਮੁਖੀਆ ਅਤੇ ਅਜੋਕੇ ਸਮਿਆਂ ਦੇ ਵਿਦਿਆਰਥੀ-ਨਾਇਕ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਸ਼ਾਮਲ ਸਨ। ਇਸਤੋਂ ਇਲਾਵਾ ਅਲਾਹਾਬਾਦ ਵਿਸ਼ਵ ਵਿਦਿਆਲੇ ਦੀ ਰਿਚਾ ਸਿੰਘ, ਹੈਦਰਾਬਾਦ ਕੇਂਦਰੀ ਯੂਨੀਵਰਸਟੀ ਤੋਂ ਦੋਂਤਾ ਪ੍ਰਸਾਦ, ਪੁਨੇ ਫ਼ਿਲਮ ਇੰਸਟਚਿਊਟ ਤੋਂ ਰਾਕੇਸ਼ ਸ਼ੁਕਲਾ ਅਤੇ ਜੇ.ਐਨ.ਯੂ. ਦੀ ਹੀ ਸ਼ੈਲਾ ਰਾਸ਼ਿਦ ਵੀ ਬੁਲਰਿਆਂ ਵਿਚ ਸ਼ਾਮਲ ਸਨ। ਏਨੇ ਸਾਰੇ ਬੁਲਾਰੇ ਸਨ, ਵਿਸ਼ਾ ਵੀ ਦੇਸ ਦੇ ਅਜੋਕੇ ਹਾਲਾਤ ਜੋ ਸਭ ਦੇ ਸਾਹਮਣੇ ਹਨ, ਪਰ ਮਜਾਲ ਹੈ ਕਿਤੇ ਵੀ ਕਿਸੇ ਕਿਸਮ ਦਾ ਦੁਹਰਾਅ ਮਹਿਸੂਸ ਹੋਇਆ ਹੋਵੇ। ਕਿਸੇ ਨੇ ਵੀ ਆਪਣੇ ਹਿਸੇ ਆਏ ਦਸ ਮਿਨਟਾਂ ਦੀ ਸੀਮਾ ਨੂੰ ਉਲੰਘਿਆ ਹੋਵੇ, ਜਾਂ ਕਿਸੇ ਨੂੰ ਵੀ ਉਸਦੇ ਰੁਤਬੇ ਕਾਰਨ ਕੋਈ ਛੋਟ ਦਿੱਤੀ ਗਈ ਹੋਵੇ। ਹੋਰ ਤਾਂ ਹੋਰ, ਪ੍ਰੋ. ਅਪੂਰਵਾਨੰਦ ਜੋ ਆਪ ਪ੍ਰਭਾਵਸ਼ਾਲੀ ਵਕਤਾ ਹਨ ਅਤੇ ਜਿਨ੍ਹਾਂ ਕੋਲ ਇਸ ਮਸਲੇ ਉਤੇ ਕਹਿਣ ਲਈ ਬਹੁਤ ਕੁਝ ਮੌਜੂਦ ਹੈ, ਨੇ ਸਿਰਫ਼ ਮੰਚ ਸੰਚਾਲਨ ਹੀ ਕੀਤਾ, ਵਕਤ ਦੀ ਘਾਟ ਦੇਖਦੇ ਹੋਏ ਖੁਦ ਭਾਸ਼ਣ ਦੇਣ ਤੋਂ ਗੁਰੇਜ਼ ਕੀਤਾ। ਤਿੰਨ ਘੰਟੇ ਚਲੀ ਇਸ ਸਭਾ ਵਿਚੋਂ ਨਾ ਕੋਈ ਉਠ ਗਿਆ, ਨਾ ਕਿਸੇ ਦਾ ਇਕ ਵੀ ਮਿਨਟ ਲਈ ਉਥੋਂ ਉਠਣ ਦਾ ਜੀਅ ਕੀਤਾ।

ਹੁਣ ਗੱਲ ਉਨ੍ਹਾਂ ਕੁਝ ਨੁਕਤਿਆਂ ਦੀ ਜੋ ਵਕਤਿਆਂ ਨੇ ਸਾਹਮਣੇ ਲਿਆਂਦੇ, ਅਤੇ ਵਿਚਾਰਨਯੋਗ ਹਨ।

ਇਸ ਸਭਾ ਦੀ ਸ਼ੁਰੂਆਤ ਹਿੰਦੀ ਦੀ ਬਜ਼ੁਰਗ ਅਤੇ ਸਨਮਾਨਤ ਲੇਖਕ ਕ੍ਰਿਸ਼ਨਾ ਸੋਬਤੀ ਦੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਨਾਲ ਹੋਈ। ਆਪਣੇ ਇਸ ਪੱਤਰ ਨੂੰ ਪੜ੍ਹ ਕੇ ਸੁਣਾਉਣ ਲਈ 92 ਸਾਲਾਂ ਦੇ ਕ੍ਰਿਸ਼ਨਾ ਜੀ ਖੁਦ ਮੰਚ ਉਤੇ ਆਏ। ਭਾਂਵੇਂ ਉਨ੍ਹਾਂ ਲਈ ਪੌੜ੍ਹੀਆਂ ਚੜ੍ਹਨੀਆਂ ਔਖੀਆਂ ਹੋਣ ਕਾਰਨ ਉਨ੍ਹਾਂ ਨੂੰ ਪਹੀਆ-ਕੁਰਸੀ ਉਤੇ ਬਿਠਾ ਕੇ ਲਿਆਂਦਾ ਗਿਆ, ਪਰ ਆਪਣੇ ਇਸ ਲੰਮੇ ਖਤ ਨੂੰ ਪੜ੍ਹਦਿਆਂ ਉਨ੍ਹਾਂ ਇਹ ਸਾਬਤ ਕਰ ਦਿਤਾ ਕਿ ਨਾ ਸਿਰਫ਼ ਉਨ੍ਹਾਂ ਦੀ ਆਵਾਜ਼ ਦੀ ਗੜ੍ਹਕ ਕਾਇਮ ਹੈ, ਉਨ੍ਹਾਂ ਦੀ ਕਲਮ ਦੀ ਧਾਰ ਦੀ ਤਿੱਖ ਵੀ ਓਨੀ ਹੀ ਕਾਇਮ ਹੈ। ਅਜੋਕੀ ਸਰਕਾਰ ਦੀਆਂ ਨਿੰਦਣਯੋਗ ਅਤੇ ਲੋਕ-ਪਾੜੂ ਨੀਤੀਆਂ ਦੀ ਚੀਰ-ਫਾੜ ਕਰਦਿਆਂ ਉਨ੍ਹਾ ਮੁਲਕ ਦੇ ਰਾਸ਼ਟਰਪਤੀ ਨੂੰ ਆਗਾਹ ਕੀਤਾ ਕਿ ਉਨ੍ਹਾਂ ਲਈ ਆਪਣੇ ਅਹੁਦੇ ਦੀ ਅਹਿਮੀਅਤ ਨੂੰ ਵਰਤ ਕੇ ਇਸ ਦੇਸ ਦੇ ਸਭਿਆਚਾਰ, ਇਤਿਹਾਸ ਅਤੇ ਤਾਣੇ-ਬਾਣੇ ਨੂੰ ਵਿਗੜਣ ਨਾ ਦੇਣ ਲਈ ਠੋਸ ਕਦਮ ਚੁਕਣ ਦਾ ਸਮਾਂ ਆ ਗਿਆ ਹੈ।

ਕਾਂਚਾ ਇਲਾਹੀਆ ਨੇ ਅਜੋਕੀ ਸਰਕਾਰ ਦੇ ਨਕਲੀ ਅੰਬੇਡਕਰਵਾਦੀ ਓਢਣ ਦੀ ਗਲ ਕੀਤੀ ਜੋ ਦਲਿਤ ਵੋਟ ਨੂੰ ਭਰਮਾਉਣ ਖਾਤਰ ਹੁਣ ਬਾਬਾਸਾਹਿਬ, ਬਾਬਾਸਾਹਿਬ ਦੀ ਰਟ ਲਾਉਣ ਲਗ ਪਈ ਹੈ। ਉਨ੍ਹਾਂ ਨੇ ਸੰਘ ਪਰਵਾਰ ਦੇ ਇਤਿਹਾਸ ਨੂੰ ਨਸ਼ਰ ਕਰਦਿਆਂ ਇਸ ਗਲ ਦਾ ਖੁਲਾਸਾ ਕੀਤਾ ਕਿ ਇਹ ਉਹੋ ਲੋਕ ਹਨ ਜੋ ਡਾ. ਭੀਮਰਾਓ ਅੰਬੇਡਕਰ ਦੇ ਸਖਤ ਵਿਰੋਧੀ ਰਹੇ ਹਨ, ਅਤੇ ਅਸਲ ਵਿਚ ਉਨ੍ਹਾਂ ਵਿਸ਼ਵਾਸਾਂ ਦੇ ਅਲਮਬਰਦਾਰ ਹਨ, ਜਿਨ੍ਹਾਂ ਕਾਰਨ ਡਾ. ਅੰਬੇਡਕਰ ਨੇ ਹਿੰਦੂ ਧਰਮ ਤੋਂ ਕਿਨਾਰਾ ਕਰ ਕੇ ਬੁਧ ਧਰਮ ਨੂੰ ਅਪਣਾਇਆ। ਉਨ੍ਹਾਂ ਨੇ ਇਸ ਗੱਲ ਤੋਂ ਖਬਰਦਾਰ ਕੀਤਾ ਕਿ ਦਲਿਤਾਂ ਨੂੰ ਇਸ ਸਰਕਾਰ ਦੀਆਂ ਅਜਿਹੀਆਂ ਮੋਮੋਠਗਣੀਆਂ ਤੋਂ ਬੇਲਾਗ ਰਹਿਣਾ ਪਵੇਗਾ।ਕਾਂਚਾ ਇਲਾਹੀਆ ਦੇ ਇਸ ਭਾਸ਼ਣ ਦੀ ਸਾਰਥਕਤਾ 6 ਦਿਨ ਬਾਅਦ ਹੀ ਖੁਲ੍ਹ ਕੇ ਸਾਹਮਣੇ ਆ ਗਈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮਦਿਨ ਉਤੇ ਉਨ੍ਹਾਂ ਦੇ ਸੋਹਿਲੇ ਗਾਣ ਦਾ ਸਵਾਂਗ ਰਚਿਆ।

ਸਿਧਾਰਥ ਵਰਦਰਾਜਨ ਨੇ ਇਸ ਗੱਲ ਦਾ ਇੰਕਸ਼ਾਫ਼ ਕੀਤਾ ਕਿ ਕਿਵੇਂ ਸਾਰੀਆਂ ਵੱਡੀਆਂ ਅਖਬਾਰਾਂ ਨੂੰ ਛੇ-ਛੇ ਮਹੀਨੇ ਪਹਿਲਾਂ ਹੀ ਹਿਦਾਇਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਤੁਸੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਵਿਰੁਧ ਕੋਈ ਖਬਰ ਨਹੀਂ ਛਾਪਣੀ ਅਤੇ ਸਰਕਾਰ ਦੀ ਆਲੋਚਨਾ ਵੇਲੇ ਵੀ ਨਰਮ ਰੁਖ ਅਖਤਿਆਰ ਕਰਨਾ ਹੈ, ਤਾਂ ਹੀ ਇਸ਼ਤਿਹਾਰੀ ਗੱਫੇ ਮਿਲਣਗੇ। ਇਸਤੋਂ ਇਲਾਵਾ ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਸਰਕਾਰੀ ਸੂਹੀਏ ਅਜਕਲ ਸਰਕਾਰ ਦੀ ਆਲੋਚਨਾ ਕਰਨ ਵਾਲੇ ਵਿਚਾਰਕਾਂ ਦੇ ਆਲੇ-ਦੁਆਲੇ ਮੰਡਰਾਉਂਦੇ ਰਹਿੰਦੇ ਹਨ, ਅਤੇ ਉਨ੍ਹਾਂ ਸੈਮੀਨਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਥੇ ਅਜਿਹੇ ਲੋਕਾਂ ਨੇ ਬੋਲਣਾ ਹੋਵੇ। ਸ੍ਰੀ ਵਰਦਰਾਜਨ ਨੇ ਅਜੋਕੇ ਸਮਿਆਂ ਨੂੰ ਅਣ-ਐਲਾਨੀ ਐਮਰਜੰਸੀ ਦਾ ਸਮਾਂ ਗਰਦਾਨਿਆ ਜਿਸ ਨਾਲ ਟੱਕਰ ਲੈਣ ਲਈ ਸਾਰੇ ਸੂਝਵਾਨ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜਨ ਵਾਲੀ ਵਕੀਲ ਵਰਿੰਦਾ ਗ੍ਰੋਵਰ ਨੇ ਇਸ ਗਲ ਉਤੇ ਜ਼ੋਰ ਦਿਤਾ ਕਿ ਆਪਣੇ ਅਧਿਕਾਰਾਂ ਦੀ ਰਾਖੀ ਨੂੰ ਨਿਰੋਲ ਅਦਾਲਤੀ ਰਹਿਮ ਉਤੇ ਨਹੀਂ ਛਡਿਆ ਜਾ ਸਕਦਾ; ਇਸ ਲਈ ਨਿਰੰਤਰ ਜਦੋਜਹਿਦ ਜਾਰੀ ਰਖਣੀ ਪੈਂਦੀ ਹੈ ਅਤੇ ਚੌਕੰਨੇ ਰਹਿਣਾ ਪੈਂਦਾ ਹੈ। ਉਨ੍ਹਾਂ ਬਤੌਰ ਵਕੀਲ ਸਪਸ਼ਟ ਕੀਤਾ ਕਿ ਅਦਾਲਤੀ ਫ਼ੈਸਲਿਆਂ ਬਾਰੇ ਜਾਣ ਬੁਝ ਕੇ ਇਕ ਭੰਬਲ-ਭੂਸਾ ਪੈਦਾ ਕੀਤਾ ਜਾ ਰਿਹਾ ਹੈ, ਕਿ ਕਿਸੇ ਵੀ ਫੈਸਲੇ ਦੀ ਵਾਜਬੀਅਤ ਉਤੇ ਸ਼ੰਕਾ ਪਰਗਟ ਕਰਨਾ ਵੀ ਅਦਾਲਤ ਦੀ ਤੌਹੀਨ ਹੈ। ਕਿਸੇ ਵੀ ਦੇਸ ਵਿਚ ਸਭ ਤੋਂ ਉਤੇ ਸੰਵਿਧਾਨ ਹੁੰਦਾ ਹੈ ਅਤੇ ਉਸਦੀ ਰੌਸ਼ਨੀ ਵਿਚ ਅਦਾਲਤੀ ਫੈਸਲਿਆਂ ਨੂੰ ਚੁਣੌਤੀ ਦਿਤੀ ਜਾ ਸਕਦੀ ਹੈ, ਦਿਤੀ ਜਾਂਦੀ ਰਹੀ ਹੈ ਅਤੇ ਹੁਣ ਦੇ ਸਮੇਂ ਹੋਰ ਵੀ ਚੌਕੰਨੇ ਹੋ ਕੇ ਦਿਤੀ ਜਾਣੀ ਚਾਹੀਦੀ ਹੈ, ਜਦੋਂ ਸਰਕਾਰ ਸਿਧੇ-ਅਸਿਧੇ ਢੰਗ ਨਾਲ ਜੱਜਾਂ/ਅਦਾਲਤਾਂ ਉਤੇ ਦਬਾਅ ਪਾਉਣੋਂ ਵੀ ਨਹੀਂ ਝਿਜਕਣ ਲਗੀ।।

ਮਸ਼ਹੂਰ ਪੱਤਰਕਾਰ ਸ਼ੋਮਾ ਚੌਧਰੀ ਨੇ ਦੋ ਅਹਿਮ ਨੁਕਤਿਆਂ ਉਤੇ ਜ਼ੋਰ ਦਿਤਾ। ਪਹਿਲਾ ਇਹ, ਕਿ ਉਹ ਹਿੰਦੂ ਹਨ, ਪਰ ਅਜੋਕੀ ਸਰਕਾਰ ਰਾਹੀਂ ਪੇਸ਼ ਕੀਤੇ ਜਾ ਰਹੇ ਹਿੰਦੂ ਧਰਮ ਦੀ ਵਿਆਖਿਆ ਨਾਲ ਪੂਰੀ ਤਰ੍ਹਾਂ ਅਸਹਿਮਤ ਹਨ। ਉਨ੍ਹਾਂ ਮੁਤਾਬਕ ਇਹ ਹਿੰਦੂ ਧਰਮ ਨੂੰ ਸੰਕੀਰਣਤਾ ਦੀ ਨਲੀ ਵਿਚੋਂ ਲੰਘਾਕੇ ਇਸ ਵਿਚੋਂ ਉਹ ਸਭ ਕੁਝ ਖਾਰਜ ਕਰਨ ਦੀ ਕੋਸ਼ਿਸ਼ ਹੈ, ਜੋ ਇਸ ਦੇਸ ਦੇ ਕਰੋੜਾਂ ਆਮ ਹਿੰਦੂਆਂ ਨੂੰ ਆਪਣੇ ਧਰਮ ਨਾਲ ਜੋੜਦਾ ਹੈ। ਸੰਘ ਦੀ ਹਿੰਦੁਤਵਵਾਦੀ ਪਰੀਭਾਸ਼ਾ, ਹਿੰਦੂ ਧਰਮ ਦੀ ਪਰਿਭਾਸ਼ਾ ਨਹੀਂ ਹੋ ਸਕਦੀ ਅਤੇ ਆਪਣੇ ਧਰਮ ਦੇ ਉਦਾਰਵਾਦੀ ਪਹਿਲੂਆਂ ਉਤੇ ਪਹਿਰਾ ਦੇਣਾ ਹਰ ਸੋਚਵਾਨ ਹਿੰਦੂ ਦਾ ਫ਼ਰਜ਼ ਹੈ। ਦੇਸ ਭਰ ਦੀਆਂ ਯੂਨੀਵਰਸਟੀਆਂ ਵਿਚ ਚਲ ਰਹੀ ਜਦੋਜਹਿਦ ਦੇ ਪਰਥਾਏ ਦੂਜੀ ਗੱਲ ਉਨ੍ਹਾਂ ਨੇ ਇਹ ਕਹੀ ਕਿ ਇਨ੍ਹਾਂ ਵਿਦਿਆਰਥੀਆਂ ਦੇ ਸੰਘਰਸ਼ ਕਾਰਨ ਅਸੀ ਦੇਸ ਦੇ ਸਿਆਸੀ ਪਿੜ ਵਿਚ ਇਕ ਉਭਾਰ ਵੀ ਦੇਖ ਰਹੇ ਹਾਂ, ਇਕ ਖੁਮਾਰ ਵੀ। ਇਸ ਉਭਾਰ ਅਤੇ ਖੁਮਾਰ ਦੀ ਲਗਾਤਾਰਤਾ ਬਣਾਈ ਰਖਣ ਲਈ ਇਹ ਜ਼ਰੂਰੀ ਹੈ ਕਿ ਸਿਆਸੀ ਵਿਰੋਧ ਨੂੰ ਅਮਲੀ ਜਾਮਾ ਪੁਚਾਉਣ ਲਈ ਸਰਬ-ਭਾਰਤੀ ਪੱਧਰ ਉਤੇ ਢਾਂਚਾ ਵੀ ਤਿਆਰ ਕੀਤਾ ਜਾਵੇ। ਇਸ ਪੈਦਾ ਹੋਏ ਜੋਸ਼ ਨੂੰ ਖਿੰਡਰ ਨਹੀਂ ਜਾਣ ਦਿਤਾ ਜਾ ਸਕਦਾ।

ਕਵੀ ਗੌਹਰ ਰਜ਼ਾ ਨੇ ਆਪਣੇ ਕਟਾਖਸ਼ ਭਰਪੂਰ ਵਿਦਰੋਹੀ ਸੁਰ ਵਿਚ ਸੰਘ ਅਤੇ ਸਰਕਾਰ ਦੀਆਂ ਫ਼ਿਰਕੂ ਚਾਲਾਂ ਉਤੇ ਤਿਖੇ ਵਾਰ ਕੀਤੇ ਅਤੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਸਮੇਂ ਸਰਕਾਰ ਦਾ ਨਹੀਂ, ਉਸਦੀ ਸ਼ਹਿ ਤੇ ਹੋ ਰਹੀ ਗੁੰਡਾਗਰਦੀ ਦਾ ਰਾਜ ਹੈ।। ਆਰ.ਐਸ.ਐਸ. ਵੱਲੋਂ ਹੁਣੇ ਹੁਣੇ ਆਪਣੇ ਪਹਿਰਾਵੇ ਵਿਚੋਂ ਨਿਕਰ ਤਜ ਕੇ ਪੈਂਟ ਪਾਉਣ ਦੇ ਨਵੇਂ ਫੈਸਲੇ ਉਤੇ ਵਿਅੰਗ ਕਸਦਿਆਂ ਗੌਹਰ ਰਜ਼ਾ ਨੇ ਆਪਣੀ ਨਜ਼ਮ ਸੁਣਾਈ:
‘ਨਇਆ ਲਿਬਾਸ ਪਹਿਨ ਕੇ ਯਿਹ ਕਿਉਂ ਸਮਝਤੇ ਹੋ
ਕਿ ਸਾਰੇ ਖੂੁਨ ਕੇ ਧੱਬੋਂ ਕੋ ਤੁਮ ਛੁਪਾ ਲੋਗੇ
ਲਿਬਾਸ ਕੋਈ ਭੀ ਤਨ ਕੋ ਢਾਂਪ ਸਕਤਾ ਹੈ
ਯਿਹ ਜ਼ਿਹਨ, ਸੋਚ, ਤਰੀਕੇ ਛੁਪਾ ਨਹੀਂ ਸਕਤਾ’

ਇਸ ਇਕੱਤਰਤਾ ਦਾ ਦੂਜਾ ਹਿਸਾ ਵਿਦਿਆਰਥੀ ਬੁਲਾਰਿਆਂ ਲਈ ਰਾਖਵਾਂ ਸੀ, ਜੋ ਨਾ ਸਿਰਫ਼ ਆਪੋ-ਆਪਣੇ ਵਿਸ਼ਵਿਦਿਆਲਿਆਂ ਵਿਚ ਭਗਵੇਂਕਰਣ ਦੇ ਹਮਲੇ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਹਨ, ਸਗੋਂ ਜਿਨ੍ਹਾਂ ਨੇ ਇਸ ਵੇਲੇ ਹਰ ਉਸ ਸਿਆਸੀ ਪਾਰਟੀ ਨੂੰ ਵੀ ਸੋਚਣ ਲਈ ਹਲੂਣਿਆ ਹੈ, ਜੋ ਇਸ ਸਮੇਂ ਭਗਵੇਂਕਰਨ ਦੀ ਮਾਰ ਹੇਠ ਹੈ।

ਅਲਾਹਬਾਦ ਯੂਨੀਵਰਸਟੀ ਦੀ ਵਿਦਿਆਰਥੀ ਯੂਨੀਅਨ ਦੀ ਪਰਧਾਨ ਰਿਚਾ ਸਿੰਘ ਨੇ ਕਿਹਾ ਕਿ ਵਿਸ਼ਵਿਦਿਆਲਿਆਂ ਅਤੇ ਵਿਚਾਰ-ਪ੍ਰਗਟਾਵੇ ਉਤੇ ਹੋਏ ਇਨ੍ਹਾਂ ਹਮਲਿਆਂ ਕਾਰਨ ਚੰਗੀ ਗਲ ਇਹ ਹੋਈ ਹੈ ਕਿ ਅਜ ਅਸੀ ਸਾਰੇ ਇਕਮੁਠ ਹੋ ਗਏ ਹਾਂ। ਇਨ੍ਹਾਂ ਲਗਾਤਾਰ ਹੋ ਰਹੇ ਹਮਲਿਆਂ ਨੇ ਦੇਸ ਭਰ ਵਿਚ ਫੈਲੇ ਵਿਦਿਆਰਥੀ ਭਾਈਚਾਰੇ ਨੂੰ ਤਕੜਿਆਂ ਕਰ ਦਿਤਾ ਹੈ ਅਤੇ ਸਾਂਝੇ ਮੁਕਾਬਲੇ ਲਈ ਪ੍ਰੇਰਤ ਕੀਤਾ ਹੈ। ਏਸੇ ਗੱਲ ਨੂੰ ਅੱਗੇ ਤੋਰਦਿਆਂ ਉਮਰ ਖਾਲਿਦ ਨੇ ਕਿਹਾ ਕਿ ਭਾਂਵੇਂ ਸਬੱਬੀਂ ਨਿਸ਼ਾਨੇ ਉਤੇ ਕਨ੍ਹਈਆ, ਅਨਿਰਬਾਨ ਅਤੇ ਖੁਦ ਉਮਰ ਆ ਗਏ , ਪਰ ਇਹ ਹਮਲਾ ਦਰਅਸਲ ਹਰ ਉਸ ਮਨੁੱਖ ਉਤੇ ਸੀ ਜੋ ਸਰਕਾਰੀ ਨਹੀਂ ਸੁਤੰਤਰ ਸੋਚ ਦਾ ਮਾਲਕ ਹੈ , ਜੋ ਸਾਡੇ ਸਮਾਜ ਵਿਚ ਹੋ ਰਹੇ ਅਨਿਆਂ ਵਿਰੁਧ ਆਵਾਜ਼ ਉਠਾਉਣ ਦਾ ਆਪਣਾ ਹਕ ਕਾਇਮ ਰਖਣਾ ਚਾਹੁੰਦਾ ਹੈ। ਉਮਰ ਦਾ ਮੰਨਣਾ ਹੈ ਕਿ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੂੰ ਜਿਹਲ ਭੇਜ ਕੇ, ਦੇਸ਼-ਧਰੋਹੀ ਕਰਾਰ ਕੇ ਭਾਰਤ ਦੀ ਸਰਕਾਰ ਅਸਲ ਵਿਚ ਵਿਰੋਧੀ ਸੁਰ ਰਖਣ ਵਾਲੇ ਹਰ ਸ਼ਹਿਰੀ ਨੂੰ ਧਮਕਾਉਣਾ ਚਾਹੁੰਦੀ ਸੀ, ਕਿ ਜੇ ਸਾਡੇ ਖਿਲਾਫ਼ ਆਵਾਜ਼ ਉਠਾਓਗੇ ਤਾਂ ਤੁਹਾਡਾ ਹਸ਼ਰ ਵੀ ਇਹੋ ਹੋਵੇਗਾ। ਪਰ ਸਰਕਾਰ ਨੂੰ ਇਹ ਪੈਂਤੜਾ ਪੁੱਠਾ ਪਿਆ ਹੈ, ਵਿਦਿਆਰਥੀ ਸਗੋਂ ਹੋਰ ਇਕਮੁਠ ਹੋ ਕੇ ਨਿਤਰ ਪਏ ਹਨ। ਨਾ ਸਿਰਫ਼ ਸਰਕਾਰ ਨੌਜਵਾਨਾਂ ਨੂੰ ਡਰਾ ਸਕਣ ਵਿਚ ਨਾਕਾਮਯਾਬ ਰਹੀ ਹੈ, ਬਲਕਿ ਇਹੋ ਜਿਹੇ ਵਿਹਾਰ ਨੇ ਉਸਦੇ ਫ਼ਾਸ਼ੀਵਾਦੀ ਖਾਸੇ ਨੂੰ ਨੰਗਿਆਂ ਕੀਤਾ ਹੈ ਅਤੇ ਵਿਦਿਆਰਥੀਆਂ ਦੀ ਹਿੰਮਤ ਨੂੰ ਪਕੇਰਿਆਂ।

ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੀ ਉਪ-ਪਰਧਾਨ ਸ਼ੈਲਾ ਰਾਸ਼ਿਦ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਬਾਰੇ ਖਾਹਮਖਾਹ ਖੜੇ ਕੀਤੇ ਗਏ ਝੇੜੇ ਦਾ ਮੂੰਹ-ਤੋੜ ਜਵਾਬ ਦੇਂਦਿਆਂ ਕਿਹਾ ਕਿ ‘ਭਾਰਤ ਮਾਤਾ ਦੀ ਜੈ’ ਕਹਿਣ ਵਿਚ ਉਸਨੂੰ ਕੋਈ ਇਤਰਾਜ਼ ਨਹੀਂ। ਸਵਾਲ ਤਾਂ ਇਹ ਹੈ ਕਿ ਭਾਰਤ ਮਾਤਾ ਹੈ ਕੌਣ, ਜਿਸਦੀ ਜੈ ਰਾਹੀਂ ਹੀ ਸੰਘ ਪਰਵਾਰ ਦੇਸ਼ ਭਗਤੀ ਦੇ ਬਿੱਲੇ ਵੰਡਣਾ ਚਾਹੁੰਦਾ ਹੈ ? ਜੇ ਇਹ ਭਾਰਤ ਮਾਤਾ ਰੋਹਿਤ ਵੇਮੁੱਲਾ ਦੀ ਮਾਂ ਰਾਧਿਕਾ ਵੇਮੁੱਲਾ ਹੈ, ਜੇ ਇਹ ਭਾਰਤ ਮਾਤਾ ਬਸਤਰ ਵਿਚ ਆਦਿਵਾਸੀਆਂ ਲਈ ਲੜ ਰਹੀ ਸੋਨੀ ਸੋਰੀ ਹੈ, ਜੇ ਇਹ ਭਾਰਤ ਮਾਤਾ ਮਨੀਪੁਰ ਵਿਚ ਸਰਕਾਰੀ ਅਤੇ ਫ਼ੌਜੀ ਵਧੀਕੀਆਂ ਵਿਰੁਧ 15 ਸਾਲਾਂ ਤੋਂ ਸੰਘਰਸ਼ ਕਰ ਰਹੀ ਇਰੋਮ ਸ਼ਰਮਿਲਾ ਹੈ ਤਾਂ ਉਹ ਬਾਖੁਸ਼ੀ ਅਤੇ ਵਾਰ-ਵਾਰ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਵੇਗੀ। ਪਰ ਪਹਿਲੋਂ ਸੰਘ ਪਰਵਾਰ ਸਾਫ਼ ਸਾਫ਼ ਦੱਸੇ ਕਿ ਕੀ ਉਹ ਇਨ੍ਹਾਂ ਵੀਰਾਂਗਣਾਵਾਂ ਨੂੰ ਭਾਰਤ ਮਾਤਾ ਦੇ ਸੰਕਲਪ ਵਿਚ ਸ਼ਾਮਲ ਕਰਨ ਨੂੰ ਤਿਆਰ ਹੈ? ਸ਼ੈਲਾ ਰਾਸ਼ਿਦ ਨੇ ਇਹ ਵੀ ਸਪਸ਼ਟ ਕੀਤਾ ਕਿ ਖੱਬੇ-ਪੱਖੀ ਅਤੇ ਉਦਾਰਵਾਦੀ ਵਿਦਿਆਰਥੀ ਯੁਨੀਅਨਾਂ ਵਿਚ ਕਈ ਕਿਸਮ ਦੇ ਵਿਚਾਰਧਾਰਕ ਮਤਭੇਦ ਹਨ, ਜਿਨ੍ਹਾਂ ਉਤੇ ਬਹਿਸਾਂ ਜਾਰੀ ਰਹਿੰਦੀਆਂ ਹਨ। ਵਿਚਾਰਾਂ ਦੇ ਵਖਰੇਂਵੇਂ ਅਤੇ ਟਕਰਾਅ ਵਿਚੋਂ ਹੀ ਸੰਘਰਸ਼ ਦੇ ਨਵੇਂ ਰਾਹ ਨਿਕਲਦੇ ਹਨ, ਪਰ ਤਾਨਾਸ਼ਾਹੀ ਏਕਲਵਾਦੀ ਰਾਸ਼ਟਰ ਦੀ ਸਥਾਪਨਾ ਵਿਚ ਜੁਟੀ ਸਰਕਾਰ ਇਹ ਨਾ ਸਮਝੇ ਕਿ ਸਾਡੇ ਇਹ ਵਖਰੇਂਵੇਂ ਸਾਡੀ ਏਕਤਾ ਦੀ ਰਾਹ ਵਿਚ ਰੁਕਾਵਟ ਹਨ। ਸਗੋਂ ਸਾਡੀਆਂ ਅੰਦਰੂਨੀ ਬਹਿਸਾਂ ਸਾਨੂੰ ਹੋਰ ਤਕੜਿਆਂ ਕਰਦੀਆਂ ਹਨ; ਵਿਚਾਰਧਾਰਕ ਬਹਿਸਾਂ ਨੂੰ ਦਬਾਉਣ ਵਾਲੀ ਇਸ ਸਰਕਾਰ ਨਾਲ ਟੱਕਰ ਲੈਣ ਲਈ ਸਾਡੀ ਏਕਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

ਦਿਨ ਦਾ ਆਖਰੀ ਵਕਤਾ ਕਨ੍ਹਈਆ ਕੁਮਾਰ ਸੀ। ਸ਼ੈਲਾ ਰਾਸ਼ਿਦ ਦੀ ਏਕੇ ਬਾਰੇ ਗੱਲ ਕਹੀ ਗੱਲ ਦੀ ਤਾਈਦ ਕਰਦਿਆਂ ਆਪਣੇ ਵਿਲੱਖਣ ਅਤੇ ਰੌਚਕ ਅੰਦਾਜ਼ ਵਿਚ ਉਸਨੇ ਮੋਦੀ ਸਰਕਾਰ ਅਤੇ ਇਸਦੇ ਇਰਾਦਿਆਂ ਉਤੇ ਤਿਖੇ ਵਾਰ ਕੀਤੇ। ਉਸਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਜਿਵੇਂ ਇਸ ਦੇਸ ਵਿਚ ਜਬਰ ਅਤੇ ਖੌਫ਼ ਦਾ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਹੈ, ਉਸ ਨੂੰ ਰੋਕਣਾ ਇਸ ਸਮੇਂ ਸਾਡੀ ਸਾਰਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਜੇ ਅਸੀ ਦੇਸ ਵਿਚ ਜਨਤਕ ਘੋਲ ਜਾਰੀ ਰਖਣ ਦੇ ਆਪਣੇ ਜਮਹੂਰੀ ਅਧਿਕਾਰ ਉਤੇ ਪਹਿਰਾ ਦੇਣਾ ਹੈ ਤਾਂ ਤਾਨਾਸ਼ਾਹੀ ਵਲ ਵਧ ਰਹੀ ਸਰਕਾਰ ਨੂੰ ਨੱਥ ਪਾਉਣ ਨੂੰ ਪਹਿਲ ਦੇਣੀ ਪਵੇਗੀ। ਨਹੀਂ ਤਾਂ ਇਹ ਸਰਕਾਰ ਲੋਕ-ਸੰਘਰਸ਼ਾਂ ਵਿਚ ਜੁਟੀ ਹਰ ਧਿਰ ਨੂੰ ਦਰੜ ਕੇ ਰਖ ਦੇਵੇਗੀ। ਕਨ੍ਹਈਆ ਨੇ ਕਿਹਾ ਕਿ ਅਜੋਕੀ ਸਰਕਾਰ ਸਾਬਤ-ਕਦਮੀਂ, ਵਿਉਂਤਬੱਧ ਢੰਗ ਨਾਲ ਦੇਸ ਉਤੇ ਆਪਣੀ ਜਕੜ ਮਜ਼ਬੂਤ ਕਰਦੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਸਾਰੀਆਂ ਜਮਹੂਰੀਅਤ ਪਸੰਦ ਨੂੰ ਇਕਮੁਠ ਹੋ ਕੇ ਲੜਨਾ ਪਵੇਗਾ। ਹਾਲ ਵਿਚ ਬੈਠੇ ਬੁਧੀਜੀਵੀ ਸਰੋਤਿਆਂ- ਲੇਖਕਾਂ, ਕਲਾਕਾਰਾਂ, ਅਧਿਆਪਕਾਂ, ਪੱਤਰਕਾਰਾਂ- ਵੱਲ ਸਿੱਧਾ ਮੁਖਾਤਬ ਹੁੰਦਿਆਂ ਉਸ ਨੇ ਕਿਹਾ’ “ ਬੜੀ ਕੁੱਟ ਖਾ ਲੈਣ ਤੋਂ ਬਾਅਦ ਸਾਨੂੰ, ਵਿਦਿਆਰਥੀਆਂ ਨੂੰ, ਇਸ ਗੱਲ ਦੀ ਸਮਝ ਪਈ ਹੈ ਕਿ ਪਿਛਾਂਹ-ਖਿਚੂ ਤਾਕਤਾਂ ਵਿਚ ਫੋਜੀ ਕਿਸਮ ਦਾ ਏਕਾ ਹੈ, ਜਿਸ ਨਾਲ ਸਿਝਣ ਲਈ ਸਾਨੂੰ ਵੀ ਸਫ਼ਬੰਦੀ ਕਰਨ ਦੀ ਲੋੜ ਹੈ। ਪਰ ਇਕ ਗਿਲਾ ਮੇਰਾ ਆਪਣੇ ਸਾਹਮਣੇ ਬੈਠੀ ਬਜ਼ੁਰਗ ਪੀੜ੍ਹੀ ਨਾਲ ਵੀ ਹੈ: ਤੁਸੀ ਆਪਣੇ ਅੰਦਰਲੀਆਂ ਵੰਡੀਆਂ ਨੂੰ ਏਨਾ ਪੱਕਾ ਕਰ ਲਿਆ ਹੋਇਆ ਹੈ ਕਿ ਸਾਨੂੰ ਵੀ ਵੰਡ ਕੇ ਰਖ ਛਡਿਆ ਸੀ । ਅਸੀ ਤਾਂ ਮਾਰ ਖਾ ਖਾ ਕੇ ਇਸ ਨਤੀਜੇ ਤੇ ਪਹੁੰਚ ਗਏ ਹਾਂ ਕਿ ਅਜ ਅਹਿਮ ਅਤੇ ਫ਼ੌਰੀ ਲੋੜ ਸਾਡੇ ਇਕਮੁਠ ਹੋਣ ਦੀ ਹੈ, ਨਹੀਂ ਤਾਂ ਤਾਨਾਸ਼ਾਹੀ ਦੇ ਹੜ ਵਿਚ ਸਭ ਕੁਝ ਹੀ ਰੁੜ੍ਹ ਜਾਵੇਗਾ। ਏਸੇ ਲਈ, ਤੁਹਾਡੇ ਅਗੇ ਬੇਨਤੀ ਕਰਦਾ ਹਾਂ ਕਿ ਤੁਸੀ ਵੀ ਸਮੇਂ ਦੀ ਗੰਭੀਰਤਾ ਨੂੰ ਪਛਾਣਦੇ ਹੋਏ ਸਭ ਤੋਂ ਪਹਿਲਾਂ, ਹਰ ਅੰਦਰੂਨੀ ਮਤਭੇਦ ਨੂੰ ਲਾਂਭੇ ਰਖ ਕੇ, ਇਸ ਵੇਲੇ ਏਕੇ ਨਾਲ ਸੰਘਰਸ਼ ਕਰਨ ਦੀ ਰਾਹ ਤੁਰੋ।”

ਕੀ ਬਜ਼ੁਰਗ ਪੀੜ੍ਹੀ ਇਸ ਸੁਨੇਹੇ ਨੂੰ ਸੁਣ ਰਹੀ ਹੈ?

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ