Thu, 21 November 2024
Your Visitor Number :-   7252736
SuhisaverSuhisaver Suhisaver

ਕਨ੍ਹੱਈਆ ਕੁਮਾਰ ਜ਼ਿੰਦਾਬਾਦ! -ਸੁਮੀਤ ਸ਼ੰਮੀ

Posted on:- 12-04-2016

suhisaver

12 ਫਰਵਰੀ ਦੇ ਦਿਨ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਕੌਂਸਲ ਦੀ ਮੀਟਿੰਗ ਲਈ ਮੈਂ ਤੇ ਮੇਰਾ ਸਾਥੀ ਗੁਰਮੁੱਖ ਦਿੱਲ੍ਹੀ ਤੋਂ ਨਾਗਪੁਰ ਲਈ ਰਵਾਨਾ ਹੋਣ ਲਈ ਨਵੀਂ ਦਿੱਲ੍ਹੀ ਦੇ ਸਟੇਸ਼ਨ ’ਤੇ ਪਹੁੰਚੇ। ਸਟੇਸ਼ਨ ’ਤੇ ਹੀ ਸਾਨੂੰ ਏ.ਆਈ.ਐਸ.ਐਫ. ਦੇ ਜਨਰਲ ਸਕੱਤਰ ਵਿਸ਼ਵਜੀਤ ਕੁਮਾਰ ਅਤੇ ਜਵਾਹਰਲਾਲੳ ਨਹਿਰੂ ਯੂਨੀਵਰਸਿਟੀ (JNU) ਦੇ ਦੋ ਆਗੂ ਪਿਯੂਸ਼ ਕੁਮਾਰ ਅਤੇ ਅਮਰਿਤਾ ਪਾਠਕ ਮਿਲੇ। ਸਬੱਬ ਨਾਲ ਉਹਨਾਂ ਨੇ ਵੀ ਉਸੇ ਗੱਡੀ ’ਤੇ ਜਾਣਾ ਸੀ ਜਿਸ ਵਿੱਚ ਸਾਡੀ ਬੁਕਿੰਗ ਹੋਈ ਸੀ। ਅਸੀਂ ਸਾਰੇ ਇੱਕ ਡੱਬੇ ਵਿੱਚ ਹੀ ਸੀ ਇਹ ਵੀ ਸਬੱਬ ਹੀ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਹਰਿਆਣਾ ਅਤੇ ਹਿਮਾਚਲ ਦੇ ਸਾਥੀ ਵੀ ਉਸੇ ਗੱਡੀ ਵਿੱਚ ਹੀ ਨੇ। ਦਿੱਲ੍ਹੀ ਪਹੁੰਚਣ ਤੋਂ ਪਹਿਲਾਂ ਮੈਂ ਤੇ ਗੁਰਮੁੱਖ ਸੋਚ ਰਹੇ ਸਾਂ ਕਿ ਸਾਰਾ ਦਿਨ ਰੇਲਗੱਡੀ ਵਿੱਚ ਲੰਘਾਉਣਾ ਬਹੁਤ ਔਖਾ ਹੋਵੇਗਾ ਇਸੇ ਲਈ ਅਸੀਂ ਪਹਿਲਾਂ ਹੀ ਪੜ੍ਹਨ ਲਈ ਕੁਝ ਕਿਤਾਬਾਂ ਲੈ ਲਈਆਂ ਸਨ।

ਅਸੀਂ ਸਾਰੇ ਜੇ.ਐਨ.ਯੂ. ਵਿੱਚ 9 ਫਰਵਰੀ ਨੂੰ ਹੋਏ ਪ੍ਰੋਗਰਾਮ ਬਾਰੇ ਗੱਲ-ਬਾਤ ਕਰ ਰਹੇ ਸੀ। ਅਮਰਿਤਾ ਨੇ ਦੱਸਿਆ ਕਿ ਜੇ.ਐਨ.ਯੂ. ਵਿਖੇ 9 ਫਰਵਰੀ ਨੂੰ ਕੁਝ ਵਿਦਿਆਰਥੀਆਂ (ਜੋ ਕਿਸੇ ਵਿਦਿਆਰਥੀ ਜਥੇਬੰਦੀ ਨਾਲ ਸੰਬੰਧਤ ਨਹੀਂ ਸਨ) ਵੱਲੋਂ ‘ਕਲਚਰਲ ਇਵਨਿੰਗ’ ਨਾਂ ਦਾ ਪ੍ਰੋਗਰਾਮ ਰਖਵਾਇਆ ਗਿਆ। ਕਿਉਂਕਿ ਇਸ ਦਿਨ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਸੀ ਇਸ ਲਈ ਇਹ ਪ੍ਰੋਗਰਾਮ ਉਸੇ ਦਾ ਦਿਨ ਮਨਾਉਣ ਲਈ ਰੱਖਿਆ ਗਿਆ ਸੀ।

ਜਿਸ ਲਈ ਜੇ.ਐਨ.ਯੂ. ਪ੍ਰਸ਼ਾਸਨ ਨੇ ਉਹਨਾਂ ਵਿਦਿਆਰਥੀਆਂ ਨੂੰ ਮਨਜ਼ੂਰੀ ਦੇ ਦਿੱਤੀ। ਇਸ ਪ੍ਰੋਗਰਾਮ ਤੋਂ 2 ਦਿਨ ਪਹਿਲਾਂ ਉਸ ਪ੍ਰੋਗਰਾਮ ਬਾਰੇ ਪੋਸਟਰ ਲੱਗਦੇ ਹਨ, ਹੋਸਟਲ ਦੀ ਮੈੱਸ ਵਿੱਚ ਇਸ ਪ੍ਰੋਗਰਾਮ ਬਾਰੇ ਉਹਨਾਂ ਵਿਦਿਆਰਥੀਆਂ ਵੱਲੋਂ ਪ੍ਰਚਾਰ ਵੀ ਕੀਤਾ ਜਾਂਦਾ ਹੈ, ਜੋ ਹੋਣਾ ਸੁਭਾਵਿਕ ਵੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਉਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਅਤੇ ਵਿਦਿਆਰਥੀ ਪ੍ਰੋਗਰਾਮ ਵਿੱਚ ਸ਼ਮੂਲ਼ੀਅਤ ਕਰਨ।

ਦੂਜੇ ਪਾਸੇ ਏ.ਬੀ.ਵੀ.ਪੀ. ਜੋ ਭਾਰਤੀ ਜਨਤਾ ਪਾਰਟੀ ਦੀ ਹੀ ਵਿਦਿਆਰਥੀ ਜਥੇਬੰਦੀ ਹੈ ਉਹ ਇਸ ਪ੍ਰੋਗਰਾਮ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲਾਂ ਹੀ ਵਿਰੋਧ ਕਰਦੀ ਹੈ। ਪ੍ਰੋਗਰਾਮ ਸ਼ੁਰੂ ਹੋਣ ਤੋਂ ਥੋੜਾ ਸਮਾਂ ਪਹਿਲਾਂ ਹੀ ਜੇ.ਐਨ.ਯੂ. ਪ੍ਰਸ਼ਾਸਨ ਵੱਲੋਂ ਉਸ ਪ੍ਰੋਗਰਾਮ ਦੀ ਮਨਜ਼ੂਰੀ ਰੱਦ ਕਰ ਦਿੱਤੀ ਜਾਂਦੀ ਹੈ। ਸਵਾਲ: ਬਾਅਦ ਵਿੱਚ ਕਿਸ ਦੇ ਕਹਿਣ ’ਤੇ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਰੱਦ ਕੀਤੀ ਗਈ?
ਪਰ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੋਗਰਾਮ ਉਲੀਕਿਆ ਹੋਇਆ ਸੀ ਉਹ ਵਿਦਿਆਰਥੀ ਉਸ ਪ੍ਰੋਗਰਾਮ ਨੂੰ ਚਾਲੂ ਕਰਦੇ ਹਨ। ਉਹਨਾਂ ਵਿਦਿਆਰਥੀਆਂ ਦਾ ਤਰਕ ਇਹ ਹੈ ਕਿ ਜੇ ਪ੍ਰਸ਼ਾਸਨ ਨੂੰ ਲਗਦਾ ਸੀ ਕਿ ਇਹ ਪ੍ਰੋਗਰਾਮ ਜੇ.ਐਨ.ਯੂ. ਵਿੱਚ ਨਹੀਂ ਕਰਵਾਉਣਾ ਚਾਹੀਦਾ ਤਾਂ ਉਹ ਇਸ ਲਈ ਪਹਿਲਾਂ ਮਨਜ਼ੂਰੀ ਹੀ ਨਾਂ ਦਿੰਦੇ। ਮਨਜ਼ੂਰੀ ਦੇ ਕੇ ਪ੍ਰੋਗਰਾਮ ਤੋਂ ਕੁਝ ਸਮਾਂ ਪਹਿਲਾਂ ਮਨਜ਼ੂਰੀ ਰੱਦ ਕਰਨਾ ਠੀਕ ਨਹੀਂ। ਪ੍ਰੋਗਰਾਮ ਸ਼ੁਰੂ ਹੋਣ ਤੋਂ 5-7 ਮਿਨਟ ਪਹਿਲਾਂ ਏ.ਬੀ.ਵੀ.ਪੀ. ਦੇ ਵਿਦਿਆਰਥੀ ਆਗੂ ਇਸ ਪ੍ਰੋਗਰਾਮ ਦੇ ਵਿਰੁੱਧ ਨਾਅਰੇ ਲਗਾਉਂਦੇ ਹਨ ਅਤੇ ਪ੍ਰੋਗਰਾਮ ਵਾਲੀ ਜਗ੍ਹਾ ਵੱਲ ਵਧਦੇ ਹਨ।

ਉਹਨਾਂ ਦੋਨਾਂ ਧਿਰਾਂ ਵਿੱਚ ਲੜਾਈ ਝਗੜਾ ਨਾ ਹੋ ਜਾਵੇ ਇਸ ਲਈ ਸਕਿਉਰਟੀ ਵੱਲੋਂ ਫੋਨ ਕਰਕੇ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ.) ਦੇ ਆਗੂ ਕਨ੍ਹਈਆ ਕੁਮਾਰ ਨੂੰ ਉੱਥੇ ਬੁਲਾਇਆ ਜਾਂਦਾ ਹੈ। ਕਨ੍ਹਈਆ ਕੁਮਾਰ ਅਤੇ ਉਸਦੇ ਸਾਥੀ ਉਹਨਾਂ ਦੋਨਾਂ ਧਿਰਾਂ ਦੇ ਵਿਚਕਾਰ ਆ ਕੇ ਖੜ੍ਹਦੇ ਹਨ ਦੋਨਾਂ ਧਿਰਾਂ ਨੂੰ ਸਮਝਾਉਂਦੇ ਵੀ ਹਨ ਪਰ ਮਸਲਾ ਹੱਲ ਨਹੀਂ ਹੁੰਦਾ। ਠੀਕ ਇਸੇ ਸਮੇਂ ਯੂਨੀਵਰਸਿਟੀ ਵਿੱਚ ਪੁਲਿਸ ਵੀ ਆ ਜਾਂਦੀ ਹੈ। ਜੇ.ਐਨ.ਯੂ. ਦੇ ਵਿਦਿਆਰਥੀ ਇਹ ਵੀ ਕਹਿੰਦੇ ਹਨ ਕਿ ਇਸ ਯੂਨੀਵਰਸਿਟੀ ਵਿੱਚ ਪਹਿਲਾਂ ਕਦੇ ਪੁਲਿਸ ਨਹੀਂ ਸੀ ਆਉਂਦੀ ਪਰ ਜਦੋਂ ਤੋਂ ਬੀਜੇਪੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਇਸ ਯੂਨੀਵਰਸਿਟੀ ਵਿੱਚ ਦਿੱਲ੍ਹੀ ਪੁਲਿਸ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ। ਪੁਲਿਸ ਦੇ ਆਉਣ ਕਰਕੇ ਉਹ ਪ੍ਰੋਗਰਾਮ ਨਹੀਂ ਹੁੰਦਾ ਜਿਸਦੇ ਵਿਰੋਧ ਵਿੱਚ ਯੂਨੀਵਰਸਿਟੀ ਵਿੱਚ ਮਾਰਚ ਨਿੱਕਲਦਾ ਹੈ। ਏ.ਬੀ.ਵੀ.ਪੀ. ਦੇ ਆਗੂ ਵੀ ਇਸ ਪ੍ਰੋਗਰਾਮ ਦੇ ਵਿਰੋਧ ਵਿੱਚ ਮਾਰਚ ਕਰਦੇ ਹਨ। ਜੇ.ਐਨ.ਯੂ. ਵਿੱਚ ਕੋਈ ਵੀ ਵਿਰੋਧ ਪ੍ਰਦਰਸ਼ਨ ਹੁੰਦਾ ਹੈ ਤਾਂ ਉੱਥੋਂ ਦੇ ਵਿਦਿਆਰਥੀ ਯੂਨੀਵਰਸਿਟੀ ਵਿੱਚ ਅਕਸਰ ਮਾਰਚ ਕੱਢਦੇ ਰਹਿੰਦੇ ਹਨ।

ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਆਗੂ ਅਤੇ ਏ.ਆਈ.ਐਸ.ਐਫ. ਦੇ ਆਗੂ ਉਹਨਾਂ ਦੋਨਾਂ ਮਾਰਚ ਕਰਦਿਆਂ ਨੂੰ ਅਲੱਗ ਅਲੱਗ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਜੋ ਕਿਤੇ ਉਹ ਆਪਸ ਵਿੱਚ ਨਾ ਭਿੜ ਜਾਣ। ਪਰ ਅਜਿਹਾ ਨਹੀਂ ਹੁੰਦਾ ਏ.ਬੀ.ਵੀ.ਪੀ. ਦੇ ਵਿਦਿਆਰਥੀ ਵਿਚਕਾਰ ਹੋ ਕੇ ਨਾਅਰੇ ਲਗਾਉਣ ਦਾ ਕੰਮ ਕਰਦੇ ਹਨ।

ਰੇਲਗੱਡੀ ਜਦ ਆਗਰੇ ਪਹੁੰਚੀ ਤਾਂ ਅਮਰਿਤਾ ਪਾਠਕ ਨੂੰ ਮੋਬਾਇਲ ਤੇ ਪਤਾ ਲੱਗਿਆ ਕਿ ਜੇ.ਐਨ.ਯੂ. ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹੀ ਗੱਲ ਹੋਈ ਸੀ ਕਿ ਮੇਰੇ ਜ਼ਿਹਨ ਵਿੱਚ ਉਹ ਮੁਲਾਕਾਤਾਂ ਆ ਗਈਆਂ ਜੋ ਮੇਰੀਆਂ ਤੇ ਕਨ੍ਹਈਆ ਦੀਆਂ ਹੋਈਆਂ ਸਨ। ਭਾਵੇਂ ਅਸੀਂ ਦੋ ਵਾਰ ਹੀ ਮਿਲੇ ਹਾਂ ਪਰ ਉਸ ਵਿੱਚ ਇੱਕ ਕਲਾ ਹੈ ਕਿ ਉਹ ਗੱਲ ਕਰਨ ਦਾ ਧਨੀ ਹੈ ਉਹ ਆਪਣੇ ਤਰਕ ਨਾਲ ਦੂਜੇ ਨੂੰ ਮੋਹ ਲੈਂਦਾ ਹੈ। ਮੈਨੂੰ ਯਾਦ ਹੈ ਜਦ ਮੈਂ ਉਸਨੂੰ ਜੇ.ਐਨ.ਯੂ. ਦਾ ਪ੍ਰਧਾਨ ਬਣਨ ਤੇ ਵਧਾਈ ਲਈ ਫੋਨ ਕੀਤਾ ਤਾਂ ਉਸਨੇ ਜਵਾਬ ਦਿੱਤਾ, “ਸ਼ੰਮੀ ਜੀ ਯੇ ਕੋਨ ਸਾ ਮੇਰੀ ਜੀਤ ਹੈ, ਯੇ ਤੋ ਏ.ਆਈ.ਐਸ.ਐਫ. ਕੀ ਜੀਤ ਹੈ ਔਰ ਯੇ ਅਬ ਜੇ.ਐਨ.ਯੂ. ਕੀ ਜੀਤ ਬਨੇਗੀ।” ਉਸ ਸਮੇਂ ਮੈਂ ਇਸ ਗੱਲ ਨੂੰ ਸ਼ਾਇਦ ਉਸ ਤਰ੍ਹਾਂ ਨਹੀਂ ਸੀ ਜਾਣ ਸਕਿਆ ਜੋ ਅੱਜ ਇਹ ਲੇਖ ਲਿਖਣ ਵੇਲੇ ਜਾਣ ਸਕਿਆ ਹਾਂ। ਕਿ ਉਸਦੀ ਜਿੱਤ ਸਹੀ ਅਰਥਾਂ ਵਿੱਚ ਜੇ.ਐਨ.ਯੂ. ਦੀ ਜਿੱਤ ਬਣ ਗਈ।

ਰੇਲਗੱਡੀ ਵਿੱਚ ਸਫਰ ਦੌਰਾਨ ਮੇਰੇ ਜ਼ਿਹਨ ਵਿੱਚ ਜੇ.ਐਨ.ਯੂ. ਦੇ ਮਾਹੌਲ ਦੀਆਂ ਗੱਲਾਂ ਚੱਲ ਰਹੀਆਂ ਸਨ। ਜੋ ਮੈਂ 2010 ਵਿੱਚ ਜੇ.ਐਨ.ਯੂ. ਜਾ ਕੇ ਜਾਣੀਆਂ ਸਨ। ਜੇ.ਐਨ.ਯੂ. ਦੀ ਸਥਾਪਨਾ 1969 ਵਿੱਚ ਹੋਈ। ਇਹ ਇੱਕ ਲੋਕਤੰਤਰਿਕ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੇ ਵਿਦਿਆਰਥੀ ਦੁਨੀਆ ਦੀ ਕੋਈ ਵੀ ਗੱਲ ਹੋਵੇ ਉਸ ਤੇ ਸਵਾਲ ਵੀ ਕਰਦੇ ਹਨ ਕਿਸੇ ਵੀ ਘਟਨਾ ਦੀ ਆਲੋਚਨਾ ਵੀ ਕਰਦੇ ਹਨ ਕਿਸੇ ਵੀ ਘਟਨਾ ਦਾ ਮੁਲਾਂਕਣ ਵੀ ਕਰਦੇ ਹਨ। ਅਸਲ ਵਿੱਚ ਮੈਂ ਸੋਚਦਾ ਹਾਂ ਕਿ ਜੇਕਰ ਕੋਈ ਯੂਨੀਵਰਸਿਟੀ ਉੱਥੋਂ ਦੇ ਵਿਦਿਆਰਥੀਆਂ ਨੂੰ ਆਲੋਚਨਾ ਕਰਨਾ, ਮੁਲਾਂਕਣ ਕਰਨਾ, ਸਵਾਲ ਕਰਨਾ, ਵਿਚਾਰ ਰੱਖਣਾ ਨਹੀਂ ਸਿਖਾਉਂਦੀ ਤਾਂ ਉਹ ਯੂਨੀਵਰਸਿਟੀ ਹੀ ਨਹੀਂ। ਇੱਥੇ ਬੋਲਣ ਦੀ ਆਜ਼ਾਦੀ ਹੈ। JNU ਵਿੱਚ ਖੁੱਲੇਆਮ ਵਿਚਾਰ ਗੋਸ਼ਟੀ ਹੁੰਦੀ ਹੈ। ਵਿਦਿਆਰਥੀਆਂ ਦੇ ਬੈਠਣ ਲਈ ਖਾਣ ਪੀਣ ਲਈ ਰੈਸਟੋਰੈਂਟ ਜਾਂ ਕੈਫੈ ਨਹੀਂ ਬਲਕਿ ਢਾਬੇ ਹਨ। ਇੱਥੇ ਲੋਕ ਆਜ਼ਾਦੀ ਨਾਲ ਬੈਠਦੇ ਹਨ ਜਿੱਥੇ ਵੀ ਬੈਠਦੇ ਹਨ ਉੱਥੇ ਕਿਸੇ ਨਾ ਕਿਸੇ ਮਸਲੇ ’ਤੇ ਵਿਚਾਰ ਚਰਚਾ ਛਿੜ ਜਾਂਦੀ ਹੈ। ਚਾਹ ਰੋਟੀ ਦਿੱਲ੍ਹੀ ਨਾਲੋਂ ਬਹੁਤ ਸਸਤਾ ਯੂਨੀਵਰਸਿਟੀ ਵਿੱਚ ਮਿਲ ਜਾਂਦਾ ਹੈ। ਹੋਸਟਲ ਦੀ ਰੋਟੀ ਵੀ ਬਹੁਤ ਵਧੀਆ ਅਤੇ ਆਰਥਿਕ ਪੱਖੋਂ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੈ। ਇੱਥੇ ਕੋਈ ਵੀ ਲੜ੍ਹਾਈ ਝਗੜਾ ਹੋਵੇ ਕਦੇ ਪੁਲਿਸ ਦੀ ਦਖਲ-ਅੰਦਾਜ਼ੀ ਨਹੀਂ ਹੁੰਦੀ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨਾਲ ਮਿਲ ਕੇ ਉਸ ਮਸਲੇ ਦਾ ਹੱਲ ਕੱਢ ਲੈਂਦਾ ਹੈ। ਜੇ.ਐਨ.ਯੂ. ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਸਿਰਫ਼ੳਮਪ; ਸਮਾਜਿਕ ਤੱਤਾਂ ਲਈ ਹੀ ਆਵਾਜ਼ ਬੁਲੰਦ ਨਹੀਂ ਕਰਦੇ ਬਲਕਿ ਪੂਰੀ ਮਨੁੱਖਤਾ ਦੇ ਸੰਦਰਭ ਵਿੱਚ ਜੋ ਵੀ ਗਲਤ ਹੁੰਦਾ ਹੈ ਜੇ.ਐਨ.ਯੂ. ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀ ਹੈ। ਇੱਥੇ ਬੋਲਣ ਦੀ ਆਜ਼ਾਦੀ ਹੈ। ਇੱਥੇ ਪੜ੍ਹਾਉਣ ਵਾਲੇ ਪ੍ਰੋਫੈਸਰਾਂ ਨੂੰ ਕੋਈ ਤੋਪ ਨਹੀਂ ਸਮਝਿਆ ਜਾਂਦਾ, ਉਹਨਾਂ ਦਾ ਆਦਰ ਕੀਤਾ ਜਾਂਦਾ ਹੈ ਉਹਨਾਂ ਨਾਲ ਖੁੱਲੇਆਮ ਵਿਚਾਰ ਚਰਚਾ ਹੁੰਦੀ ਹੈ। ਪ੍ਰੋਫੈਸਰ ਵੀ ਵਿਦਿਆਰਥੀਆਂ ਨਾਲ ਵਿਚਾਰ ਗੋਸ਼ਟੀਆਂ ਵਿੱਚ ਹਿੱਸਾ ਲੈਂਦੇ ਹਨ। ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਸ ਵਿੱਚ ਵਿਚਾਰ ਗੋਸ਼ਟੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਇੱਕ ਦੂਜੇ ਨਾਲ ਜਾਂ ਪ੍ਰੋਫੈਸਰਾਂ ਨਾਲ ਸਹਿਮਤ ਨਹੀਂ ਹੁੰਦੇ। ਕੋਈ ਉਸ ਘਟਨਾ ਦੇ ਪਹਿਲੂਆਂ ਦੇ ਪੱਖ ਵਿੱਚ ਦਲੀਲ ਦਿੰਦਾ ਹੈ ਜਾਂ ਕੋਈ ਵਿਰੋਧ ਵਿੱਚ ਵੀ ਆਪਣੀ ਦਲੀਲ ਪੇਸ਼ ਕਰਦਾ ਹੈ ਪਰ ਕੋਈ ਹਿੰਸਾ ਨਹੀਂ ਹੁੰਦੀ। ਇਸ ਤਰ੍ਹਾਂ ਇਹ ਅਦਾਰਾ ਕਈ ਦਹਾਕਿਆਂ ਤੋਂ ਹੀ ਇਸ ਤਰ੍ਹਾਂ ਦੀਆਂ ਅਜਿਹੀਆਂ ਵਿਚਾਰ ਗੋਸ਼ਟੀਆਂ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਰਾਜਨੀਤੀ ਖੱਬੇ-ਪੱਖੀਆਂ ਦੀ ਵਿਚਾਰਧਾਰਾ ਦਾ ਗੜ੍ਹ ਹੈ। ਯੂਨੀਵਰਸਿਟੀ ਵਿੱਚਲੀਆਂ ਫੀਸਾਂ ਬਹੁਤ ਘੱਟ ਹਨ। ਫੀਸਾਂ ਇੰਨ੍ਹੀਆਂ ਕੁ ਨੇ ਕਿ ਇੱਕ ਰਿਕਸ਼ਾ ਵਾਲਾ ਜਾਂ ਦਿਹਾੜੀ ਕਰਨ ਵਾਲਾ ਵਿਅਕਤੀ ਆਪਣੇ ਬੱਚੇ ਨੂੰ ਇੱਥੇ ਪੜ੍ਹਾ ਸਕਦਾ ਹੈ। ਇੱਥੇ ਮਜ਼ਦੂਰ ਦਾ ਬੱਚਾ ਵੀ ਉੱਚ ਤਾਲੀਮ ਹਾਸਿਲ ਕਰਦਾ ਹੈ ਅਤੇ ਕਰੋੜਪਤੀਆਂ ਦੇ ਬੱਚੇ ਵੀ ਇਸੇ ਯੂਨੀਵਰਸਿਟੀ ਵਿੱਚ ਉੱਚ ਵਿੱਦਿਆ ਹਾਸਿਲ ਕਰਨ ਲਈ ਆਉਂਦੇ ਹਨ। ਐਮ.ਏ. ਦੀ ਫੀਸ ਸੈਂਕੜਿਆਂ ਵਿੱਚ ਹੀ ਹੈ। ਸਵਾਲ: ਇੱਕ ਪਾਸੇ ਕੇਂਦਰ ਸਰਕਾਰ ਵਿੱਦਿਆ ਦਾ ਨਿੱਜੀਕਰਨ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ, ਦੂਜੇ ਪਾਸੇ ਇਨ੍ਹੀ ਸਸਤੀ ਵਿੱਦਿਆ ਜੇ.ਐਨ.ਯੂ. ਵਿੱਚ ਮਿਲ ਰਹੀ ਹੈ, ਕੀ ਇਸੇ ਕਰਕੇ ਜੇ.ਐਨ.ਯੂ. ’ਤੇ ਹਮਲਾ ਤਾਂ ਨਹੀਂ ਹੋ ਰਿਹਾ?

ਸਫਰ ਦੌਰਾਨ ਕੁਝ ਵੀਡੀਓ ਸੋਸ਼ਲ ਮੀਡੀਆਂ ਰਾਹੀਂ ਸਾਡੇ ਤੱਕ ਪਹੁੰਚਦੀਆਂ ਹਨ ਜਿਸ ਵਿੱਚ ਵਿਦਿਆਰਥੀਆਂ ਵੱਲੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ ਗਏ। ਜਿਸ ਨੂੰ ਮੱਦੇਨਜ਼ਰ ਰੱਖ ਕੇ ਹੀ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਕਨ੍ਹਈਆ ਕੁਮਾਰ ਨੇ ਦੇਸ਼ ਵਿਰੋਧੀ ਨਾਅਰੇ ਲਗਾਏ ਹਨ ਇਸ ਲਈ ਇਹ ਦੇਸ਼ਧੋ੍ਰਹੀ ਹੈ। ਪਰ ਅਜੇ ਤੱਕ ਦਿੱਲ੍ਹੀ ਪੁਲਿਸ ਇੱਕ ਵੀ ਅਜਿਹਾ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਕਨ੍ਹਈਆ ਕੁਮਾਰ ਨੇ ਦੇਸ਼ ਵਿਰੋਧੀ ਨਾਅਰੇ ਲਗਾਏ ਹਨ। ਪਰ ਹਾਂ ਜ਼ੀ ਨਿਉਜ਼ ਚੈਨਲ ਨੇ ਇਹ ਜ਼ਰੂਰ ਦਿਖਾ ਦਿੱਤਾ ਕਿ ਜੋ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ ਹਨ ਉਹ ਖ਼ੁਦ ਏ.ਬੀ.ਵੀ.ਪੀ. ਦੇ ਕਾਰਕੁੰਨ ਹੀ ਲਗਾ ਰਹੇ ਹਨ। ਸਵਾਲ: ਜੇ ਨਾਅਰੇ ਲਗਾਉਣਾ ਦੇਸ਼ਧ੍ਰੋਹ ਹੈ ਤਾਂ ਏ.ਬੀ.ਵੀ.ਪੀ. ਦੇ ਕਾਰਕੁੰਨ ਜੋ ਵੀਡੀਓ ਵਿੱਚ ਨਾਅਰੇ ਲਗਾ ਰਹੇ ਹਨ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਸਵਾਲ: ਕੀ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਦੇਸ਼ ਵਿਰੋਧੀ ਹੈ? ਕਸ਼ਮੀਰ ਵਿੱਚ ਰੋਜ਼ਾਨਾਂ ਇਸ ਤਰ੍ਹਾਂ ਦੇ ਨਾਅਰੇ ਲੱਗਦੇ ਹਨ। ਕੀ ਉਹ ਲੋਕ ਦੇਸ਼ਧ੍ਰੋਹੀ ਹਨ? ਸੁਪਰੀਮ ਕੋਰਟ ਦਾ ਇਹ ਕਹਿਣਾ ਹੈ ਕਿ ਜਦ ਤੱਕ ਉਸ ਨਾਅਰੇ ਦੀ ਪ੍ਰਾਪਤੀ ਲਈ ਕੋਈ ਐਕਸ਼ਨ (ਕਾਰਵਾਈ) ਨਹੀਂ ਹੁੰਦਾ, ਉਦੋਂ ਤੱਕ ਉਹ ਦੇਸ਼ਧ੍ਰੋਹ ਨਹੀ ਬਣਦਾ।

ਨਾਗਪੁਰ ਪਹੁੰਚਦਿਆਂ ਹੀ ਮੈਂ ਤੇ ਗੁਰਮੁੱਖ ਨੇ ਫੈਸਲਾ ਕੀਤਾ ਕਿ ਮੀਟਿੰਗ ਖਤਮ ਹੋਣ ਦੇ ਤੁਰੰਤ ਬਾਅਦ ਦਿੱਲ੍ਹੀ ਜੇ.ਐਨ.ਯੂ. ਵਿਖੇ ਜਾਇਆ ਜਾਵੇ। ਅਸੀਂ ਉਸੇ ਰਾਤ ਦਿੱਲ੍ਹੀ ਲਈ ਨਿੱਕਲ ਗਏ। ਸਵੇਰੇ ਜੇ.ਐਨ.ਯੂ. ਪਹੁੰਚੇ ਤਾਂ ਪਤਾ ਲੱਗਾ ਕਿ ਹਾਲਾਤ ਕਾਫੀ ਗੰਭੀਰ ਹਨ। ਉਸੇ ਦਿਨ ਸ਼ਾਮ ਨੂੰ 5 ਵਜੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (JNUTA) ਵੱਲੋਂ ਕਨ੍ਹਈਆ ਕੁਮਾਰ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ Human Chain ਬਣਾਉਣ ਦੀ ਅਪੀਲ ਕੀਤੀ ਗਈ। Human Chain  ਇੰਨ੍ਹੀ ਲੰਮੀ ਸੀ ਕਿ ਜੇ.ਐਨ.ਯੂ. ਕੈਂਪਸ ਛੋਟਾ ਰਹਿ ਗਿਆ ਪਰ ਵਿਦਿਆਰਥੀ, ਟੀਚਰਜ਼ ਅਤੇ ਕਰਮਚਾਰੀ ਉਸ Human Chain ਹਿੱਸਾ ਬਣਨ ਲਈ ਉਤਾਵਲੇ ਸਨ। ਭਾਵ ਕਨ੍ਹਈਆ ਕੁਮਾਰ ਦੇ ਸਮਰਥਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।

ਰਾਤ ਨੂੰ ਜੇ.ਐਨ.ਯੂ. ਦੇ ‘ਜੇਹਲਮ ਹੋਸਟਲ’ ਦੇ ਕਮਰੇ ਵਿੱਚ ਪਿਆ ਮੈਂ ਸੋਚ ਰਿਹਾ ਸੀ ਕਿ ਅਫਜ਼ਲ ਗੁਰੂ ਨੂੰ ਫਾਂਸੀ ਦੀ ਸਜਾ ਦੇ ਵਿਰੁੱਧ ਆਪਣੇ ਵੱਖਰੇ ਵਿਚਾਰ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਜਿਵੇਂ ਕਿ ਜਸਟਿਸ ਸੱਚਰ, ਮਾਰਕੰਡੇ ਕਾਟਜੂ, ਅਰੁੰਧਤੀ ਰਾਏ ਅਤੇ ਪੀ.ਡੀ.ਪੀ. ਤੇ ਕਈ ਸੰਗਠਨਾਂ ਵੱਲੋਂ ਜ਼ਾਹਿਰ ਕੀਤੇ ਗਏ ਹਨ। ਸਵਾਲ: ਕੀ ਇਹ ਸਾਰੇ ਦੇਸ਼ਧੋ੍ਰਹੀ ਹਨ? ਸਵਾਲ: ਕੀ ਅਫਜ਼ਲ ਗੁਰੂ ਬਾਰੇ ਵੱਖਰੇ ਵਿਚਾਰ ਦੇਣੇ ਦੇਸ਼ਧ੍ਰੋਹ ਹੈ? ਅਫਜ਼ਲ ਗੁਰੂ ਬਾਰੇ ਵੱਖਰੇ ਵਿਚਾਰ ਰੱਖਣ ਵਾਲੀ ਬੀ.ਜੇ.ਪੀ. ਜੇ.ਐਨ.ਯੂ. ਵਾਲਿਆਂ ਨੂੰ ਦੇਸ਼ਧੋ੍ਰਹੀ ਦੱਸਦੀ ਹੈ ਤੇ ਖੁਦ ਜੰਮੂ ਕਸ਼ਮੀਰ ‘ਚ ਉੱਥੋਂ ਦੀ ਸਥਾਨਕ ਪਾਰਟੀ ਪੀ.ਡੀ.ਪੀ ਜੋ ਅਫਜਲ ਗੁਰੁ ਨੂੰ ਸ਼ਹੀਦ ਮੰਨਦੀ ਹੈ ਨਾਲ ਗਠਜੋੜ ਸਰਕਾਰ ਚਲਾ ਰਹੀ ਹੈ। ਸਵਾਲ: ਕੀ ਬੀ.ਜੇ.ਪੀ. ਨੂੰ ਇਸ ਬਾਰੇ ਗੱਲ੍ਹ ਸਾਫ ਨਹੀਂ ਕਰਨੀ ਚਾਹੀਦੀ ਕਿ ਉਹ ਇਸਦੇ ਪੱਖ ਵਿੱਚ ਹਨ ਜਾਂ ਵਿਰੋਧ ਵਿੱਚ? ਸਵਾਲ: ਪਹਿਲੇ ਦਿਨ ਹੀ ਮੀਡੀਆ ਨੇ ਪੂਰੇ ਹਿੰਦੂਸਤਾਨ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਜੇ.ਐਨ.ਯੂ. ਵਿੱਚ ਦੇਸ਼ਧੋ੍ਰਹੀ ਪੜ੍ਹਦੇ ਹਨ ਕੀ ਮੀਡੀਆ ਇਸ ਬਾਰੇ ਨਿਰਪੱਖ ਹੋ ਕੇ ਰਾਏ ਦੇ ਰਿਹਾ ਹੈ? ਜਾਂ ਫਿਰ ਮੀਡੀਆ ਵੀ ਕੁਝ ਹੱਥਾਂ ਦੀ ਕਠਪੁਤਲੀ ਬਣ ਕੇ ਆਪਣਾ ਕੰਮ ਕਰ ਰਿਹਾ ਹੈ? ਸਵਾਲ: ਫੌਰੈਂਸਿਕ ਲੈਬ ਵਿੱਚ ਜਦ ਇਹ ਪਤਾ ਲੱਗ ਗਿਆ ਕਿ 7 ਵਿੱਚੋਂ 3 ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਉਹ ਛੇੜਛਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕੀ ਇਸ ਕਰਕੇ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਛੇੜਛਾੜ ਕਰਨ ਵਾਲੀ ਇੱਕ ਲੜਕੀ ਦਾ ਨਾਮ ਸਾਡੀ ਮੰਤਰੀ ਸਮਰਿਤੀ ਇਰਾਨੀ ਨਾਲ ਜੁੜ ਰਿਹਾ ਹੈ?
ਸਵਾਲ: ਜੇ.ਐਨ.ਯੂ. ਪ੍ਰਧਾਨ ਕਨ੍ਹਈਆ ਕੁਮਾਰ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਹੈ? ਉਹਨਾਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਦੇਸ਼ ਵਿਰੋਧੀ ਨਾਅਰੇ ਲਗਾਏ ਸਨ? ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਜੇ ਬੀਜੇਪੀ ਦੀ ਸਰਕਾਰ ਕੋਲ ਜਾਂ ਦਿੱਲ੍ਹੀ ਪੁਲਿਸ ਕੋਲ ਨਹੀਂ ਹਨ।

ਹੁਣ ਇੱਥੇ ਇੱਕ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਦਿੱਲ੍ਹੀ ਪੁਲਿਸ ਨੇ ਕਨ੍ਹਈਆ ਨੂੰ ਹੀ ਕਿਉਂ ਗ੍ਰਿਫਤਾਰ ਕੀਤਾ ਜਦਕਿ ਪ੍ਰੋਗਰਾਮ ਕਿਸੇ ਹੋਰ ਵਿਦਿਆਰਥੀਆਂ ਵੱਲੋਂ ਉਲੀਕਿਆ ਗਿਆ ਸੀ? ਅਸਲ ਵਿੱਚ ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਜਾਨਣ ਲਈ ਸਾਨੂੰ 2015 ਦੇ ਆਖੀਰ ਦੇ ਕੁਝ ਮਹੀਨਿਆਂ ਉੱਤੇ ਨਜ਼ਰ ਮਾਰਨੀ ਪਵੇਗੀ। ਅਸਲ ਵਿੱਚ ਕਨ੍ਹਈਆ ਅਤੇ ਉਸਦੀ ਜਥੇਬੰਦੀ (ਏ.ਆਈ.ਐਸ.ਐਫ.) ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਇਹ ਮੰਗ ਕਰ ਰਹੀ ਸੀ ਕਿ ਐਮ.ਫਿਲ ਅਤੇ ਪੀ-ਐਚ.ਡੀ. ਕਰ ਰਹੇ ਵਿਦਿਆਰਥੀਆਂ ਦੀ ਸਕਾਲਰਸ਼ਿਪ, ਜੋ ਕੇਂਦਰੀ ਯੂਨੀਵਰਸਿਟੀਆਂ ਵਿੱਚ ਮਿਲਦੀ ਹੈ, ਉਹ ਰਾਜਾਂ ਦੀਆਂ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ। ਪਰ ਪਿਛਲੇ ਸਮੇਂ ਕੇਂਦਰ ਸਰਕਾਰ ਨੇ ਰਾਜਾਂ ਦੀਆਂ ਯੂਨੀਵਰਸਿਟੀਆਂ ਨੂੰ ਸਕਾਲਰਸ਼ਿਪ ਦੇਣ ਦੀ ਬਜਾਏ ਇਸਦੇ ਉਲਟ ਕੇਂਦਰੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਮਿਲਦੀ ਸਕਲਾਰਸ਼ਿਪ ਵੀ ਬੰਦ ਕਰ ਦਿੱਤੀ। ਕੇਂਦਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਜੇ.ਐਨ.ਯੂ. ਵਿੱਚ ਵਿਦਿਆਰਥੀਆਂ ਦੀ ਆਵਾਜ਼ ਉੱਠਣੀ ਲਾਜ਼ਮੀ ਸੀ, ਕਿਉਂਕਿ ਜਿਵੇਂ ਉੱਪਰ ਦੱਸਿਆ ਕਿ ਜੇ.ਐਨ.ਯੂ. ਵਿੱਚ ਕੋਈ ਵੀ ਮਸਲਾ ਹੋਵੇ ਉਸ ਬਾਰੇ ਵਿਚਾਰ ਚਰਚਾ ਹੁੰਦੀ ਹੈ ਪਰ ਇਹ ਤਾਂ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਦੂਰ ਕਰਨ ਦਾ ਫੈਸਲਾ ਸੀ ਜੋ ਕੇਂਦਰ ਸਰਕਾਰ ਨੇ ਕੀਤਾ ਸੀ। ਇਸ ਵਿਰੁੱਧ ਜੇ.ਐਨ.ਯੂ. ਨਾ ਬੋਲੇ ਇਹ ਹੋ ਨਹੀਂ ਸੀ ਸਕਦਾ। ਇਸ ਲਈ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਦਿੱਲ੍ਹੀ ਵਿੱਚ ਯੂ.ਜੀ.ਸੀ. ਨੂੰ ਘੇਰਨ ਦਾ ਫੈਸਲਾ ਕੀਤਾ ਗਿਆ। ਕਨ੍ਹਈਆ ਕੁਮਾਰ ਇਸ ਵਿਰੁੱਧ ਪਹਿਲਾਂ ਹੀ ਲੜ੍ਹ ਰਿਹਾ ਸੀ ਉਹ ਜੇ.ਐਨ.ਯੂ. ਦੇ ਵਿਦਿਆਰਥੀਆਂ ਦੀ ਅਗਵਾਈ ਕਰਦਾ UGC OCCUPY MOVEMENT ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਸੀ। ਜੋ ਕੇਂਦਰ ਸਰਕਾਰ ਕਿਵੇਂ ਬਰਦਾਸ਼ਤ ਕਰ ਸਕਦੀ ਸੀ।

ਇਸੇ ਦੌਰਾਨ ਹੈਦਰਾਬਾਦ ਯੂਨੀਵਰਸਿਟੀ ਵਿੱਚ ਏ.ਬੀ.ਵੀ.ਪੀ. ਦੇ ਆਗੂਆਂ ਵੱਲੋਂ ਰੋਹਿਤ ਵੇਮੁਲਾ ਨਾਮ ਦੇ ਇੱਕ ਵਿਦਿਆਰਥੀ ਨੂੰ ਤੰਗ ਪ੍ਰੇਸ਼ਾਨ ਕਰਨ ਕਰਕੇ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਸਨੂੰ ਹੋਸਟਲ ਵਿੱਚੋਂ ਕੱਢਣ ਅਤੇ ਬਾਅਦ ਵਿੱਚ ਯੂਨੀਵਰਸਿਟੀ ਵਿੱਚੋਂ ਵੀ ਕੱਢਣ ਕਰਕੇ ਉਸ ਪੀੜਤ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੀ ਗਈ। ਇਸ ਘਟਨਾ ਨੇ ਸਾਰੇ ਚੇਤਨ ਵਿਦਿਆਰਥੀਆਂ ਦੇ ਮਨਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਇਸ ਮਸਲੇ ’ਤੇ ਵੀ ਸਭ ਤੋਂ ਪਹਿਲਾ ਪ੍ਰਤੀਕਰਮ ਜੇ.ਐਨ.ਯੂ. ਵੱਲੋਂ ਕੀਤਾ ਗਿਆ। ਰੋਹਿਤ ਵੇਮੁਲਾ ਦੀ ਮੌਤ ਦੀ ਜ਼ੁੰਮੇਵਾਰ ਵੀ ਕੇਂਦਰ ਸਰਕਾਰ ਸੀ ਜਿਸਨੇ ਉਸਦੀ ਸਕਾਲਰਸ਼ਿਪ ਬੰਦ ਕੀਤੀ ਅਤੇ ਉਸਨੂੰ ਯੂਨੀਵਰਸਿਟੀ ਵਿੱਚੋਂ ਨਿਲੰਬਿਤ ਕਰ ਦਿੱਤਾ। ਇਸ ਮਾਮਲੇ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਘਿਰ ਚੁੱਕੀ ਸੀ। ਇਹੀ ਕਾਰਨ ਸਨ ਜਿਨ੍ਹਾਂ ਕਰਕੇ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ।

ਅਗਲੇ ਦਿਨ 15 ਫਰਵਰੀ ਕਨ੍ਹਈਆ ਕੁਮਾਰ ਦੀ ਪਟਿਆਲਾ ਹਾਉਸ ਕੋਰਟ ਵਿੱਚ ਪੇਸ਼ੀ ਹੋਣੀ ਸੀ। ਰਾਤ ਜੇ.ਐਨ.ਯੂ. ਦੇ ਹੋਸਟਲ ਵਿੱਚ ਸੀ ਤਾਂ ਮੈਨੂੰ ਜੇ.ਐਨ.ਯੂ. ਦੇ ਇਕ ਸਾਥੀ ਦਾ ਫੋਨ ਆਇਆ ਕਿ ਹੋਸਟਲ ਤੋਂ ਹੀ ਤੁਹਾਨੂੰ ਪਟਿਆਲਾ ਹਾਉਸ ਕੋਰਟ ਲਈ ਲੈ ਕੇ ਜਾਵਾਂਗੇ ੳਸਨੇ ਸੁਬਹਾ 10 ਵੱਜਦੇ ਨੂੰ ਤਿਆਰ ਰਹਿਣ ਨੂੰ ਕਿਹਾ। ਜੇ.ਐਨ.ਯੂ. ਵਿੱਚ ਵਿਦਿਆਰਥੀ ਦੇਰ ਨਾਲ ਉੱਠਦੇ ਹਨ ਇਸੇ ਲਈ ਉਸਨੇ 10 ਵੱਜਦੇ ਨੂੰ ਤਿਆਰ ਰਹਿਣ ਲਈ ਕਿਹਾ ਸੀ। ਅਸੀਂ ਪਟਿਆਲਾ ਹਾਉਸ ਕੋਰਟ ਪਹੁੰਚੇ ਤਾਂ ਉੱਥੋਂ ਦਾ ਨਜ਼ਾਰਾ ਬਹੁਤ ਅਜੀਬ ਸੀ। ਹਰੇਕ ਨੂੰ ਕੋਰਟ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ। ਅਸੀਂ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਗਏ ਅਤੇ ਕੋਰਟ ਵਿੱਚ ਵਕੀਲ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾ ਰਹੇ ਸਨ। ਉਹਨਾਂ ਜੇ.ਐਨ.ਯੂ. ਦੇ ਵਿਦਿਆਰਥੀ, ਅਧਿਆਪਕ ਇੱਥੋਂ ਤੱਕ ਕਿ ਪੱਤਰਕਾਰਾਂ ਦਾ ਬੁਰੀ ਤਰ੍ਹਾਂ ਕੁੱਟਿਆ ਗਿਆ। ਜੋ ਕੋਈ ਉਹਨਾਂ ਦੀ ਆਪਣੇ ਫੋਨ ਵਿੱਚ ਵੀਡਿਓ ਬਣਾਉਂਦਾ ਉਸਨੂੰ ਵੀ ਫੜ੍ਹ ਕੇ ਕੁੱਟਿਆ ਜਾਂਦਾ ਅਤੇ ਉਸਦਾ ਮੋਬਾਇਲ ਤੋੜ ਦਿੱਤਾ ਜਾਂਦਾ। ਕੀ ਇਹ ਸਭ ਆਮ ਵਕੀਲ ਸਨ? ਨਹੀਂ ਇਹ ਏ.ਬੀ.ਵੀ.ਪੀ./ ਬੀ.ਜੇ.ਪੀ. ਦੇ ਆਗੂ ਸਨ। ਇੱਥੇ ਹਾਜ਼ਰ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਦਿਲਚਸਪ ਗੱਲ ਇਹ ਹੈ ਕਿ ਜਦ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੀ ਪਟਿਆਲਾ ਹਾਉਸ ਕੋਰਟ ਵਿੱਚ ਹਾਜ਼ਰ ਸਨ। ਸਵਾਲ: ਕੀ ਇਹ ਸਭ ਅਰੁਣ ਜੇਤਲੀ ਦੀ ਸ਼ੈਅ ਤੇ ਤਾਂ ਨਹੀਂ ਸੀ ਹੋਇਆ? ਸਵਾਲ: ਜਦ ਕੋਰਟ ਦੇ ਬਾਹਰ ਜੇ.ਐਨ.ਯੂ. ਦੇ ਆਗੂ ਬਾਹਰ ਸ਼ਾਂਤਮਈ ਧਰਨਾ ਦੇ ਰਹੇ ਸਨ ਤਾਂ ਭਾਰਤੀ ਜਨਤਾ ਪਾਰਟੀ ਦੇ ਦਿੱਲ੍ਹੀ ਦੇ ਐਮ.ਐਲ.ਏ. ਓ.ਪੀ. ਸ਼ਰਮਾ ਨੇ ਸੀ.ਪੀ.ਆਈ. ਦੇ ਆਗੂ ਅਮੀਕ ਜਮਈ ਨੂੰ ਸੜਕ ਤੇ ਕੁੱਟਿਆ। ਇਸ ਸਭ ਦੀਆਂ ਤਸਵੀਰਾਂ ਜਦ ਮੀਡੀਆ ਵੱਲੋਂ ਦਿਖਾਈਆਂ ਗਈਆਂ ਤਾਂ ਬੀ.ਜੇ.ਪੀ. ਦੇ ਆਗੂਆਂ ਕੋਲ ਕੋਈ ਜਵਾਬ ਨਹੀਂ ਸੀ। ਸਵਾਲ: ਕੀ ਓ.ਪੀ. ਸ਼ਰਮਾ ਉੱਪਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਸਵਾਲ: ਜੇ.ਐਨ.ਯੂ. ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪੱਤਰਕਾਰਾਂ ਦਾ ਪਟਿਆਲਾ ਹਾਉਸ ਕੋਰਟ ਵਿੱਚ ਕੁਟਾਪਾ ਕਰਨ ਵਾਲੇ ਵਕੀਲਾਂ ਉੱਪਰ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ? ਪੁਲਿਸ ਮੂਕ ਦਰਸ਼ਕ ਬਣ ਕੇ ਕਿਉਂ ਦੇਖਦੀ ਰਹੀ?

ਇਸ ਦਿਨ ਕਨ੍ਹਈਆ ਕੁਮਾਰ ਨੂੰ ਜ਼ਮਾਨਤ ਨਹੀਂ ਮਿਲੀ ਅਤੇ 2 ਦਿਨ ਲਈ ਹੋਰ ਹਿਰਾਸਤ ਵਿੱਚ ਰੱਖਿਆ ਗਿਆ। 17 ਫਰਵਰੀ ਨੂੰ ਫਿਰ ਕਨ੍ਹਈਆ ਦੀ ਪੇਸ਼ੀ ਹੋਣੀ ਸੀ। ਉਹੀ ਵਕੀਲ ਹੱਥ ਵਿੱਚ ਤਿਰੰਗਾ ਫੜ ਕੇ ਉਹਨਾਂ ਨੇ ਫਿਰ ਤੋਂ ਉਹੀ ਕੁੱਟਮਾਰ ਕੀਤੀ ਗਈ। ਇਸ ਵਾਰ ਕਨ੍ਹਈਆ ਜੋ ਪੁਲਿਸ ਦੀ ਹਿਰਾਸਤ ਵਿੱਚ ਸੀ ਉਸਨੂੰ ਵੀ ਇਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ। ਸਵਾਲ: 15 ਫਰਵਰੀ ਨੂੰ ਜੋ ਹੋਇਆ ਉਸ ਘਟਨਾ ਤੋਂ ਪਤਾ ਸੀ ਕਿ ਕੋਰਟ ਵਿੱਚ ਹਿੰਸਾ ਵਾਪਰ ਸਕਦੀ ਹੈ ਤਾਂ ਵੀ ਪੁਲਿਸ ਨੇ ਕਨ੍ਹਈਆ ਦੀ ਸਕਿਉਰਟੀ ਲਈ ਪਟਿਆਲਾ ਹਾਉਸ ਕੋਰਟ ਵਿੱਚ ਇੰਤਜ਼ਾਮ ਕਿਉਂ ਨਹੀਂ ਕੀਤਾ? ਸਵਾਲ: ਜਿਹਨਾਂ ਨੇ 15 ਫਰਵਰੀ ਨੂੰ ਕੁੱਟਮਾਰ ਕੀਤੀ ਉਹਨਾਂ ਵਕੀਲਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ?
JNU ਦੇ ਇਸ ਸਾਰੇ ਮਾਮਲੇ ਬਾਰੇ ਦੁਨੀਆਂ ਦੀਆਂ 500 ਤੋਂ ਵੱਧ ਯੂਨੀਵਰਸਿਟੀਆਂ ਨੇ ਕਨ੍ਹਈਆ ਕੁਮਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਸਾਡੇ ਦੇਸ਼ ਦੀ ਕੇਂਦਰ ਸਰਕਾਰ ਨੂੰ ਫਿਟਕਾਰ ਲਗਾਈ ਹੈ।

ਇਸ ਦੌਰਾਨ ਕਨ੍ਹਈਆਂ ਕੁਮਾਰ ਨੂੰ 15 ਦਿਨਾਂ ਲਈ 2 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਿਸ ਦਿਨ ਕਨ੍ਹਈਆ ਜੇਲ੍ਹ ਵਿੱਚੋਂ ਬਾਹਰ ਆਇਆ ਤੇ ਉਸਨੇ ਜੇ.ਐਨ.ਯੂ. ਵਿਖੇ ਜੋ ਭਾਸ਼ਣ ਦਿੱਤਾ ਉਸਦੇ ਭਾਸ਼ਣ ਨੇ ਸਾਰੀ ਦੁਨੀਆਂ ਨੂੰ ਹੀ ਕੀਲ ਕੇ ਰੱਖ ਦਿੱਤਾ। ਇੰਟਰਨੈੱਟ ਦੱਸਦਾ ਕਿ 30 ਲੱਖ ਤੋਂ ਵੱਧ ਲੋਕ ਉਸ ਭਾਸ਼ਣ ਵਾਲੀ ਵੀਡੀਓ ਨੂੰ ਦੇਖਦੇ/ਸੁਣਦੇ ਹਨ, ਜਿਨ੍ਹਾਂ ਨੇ ਚੈਨਲਾਂ ਰਾਹੀਂ ਲਾਈਵ ਦੇਖਿਆ ਉਹਨਾਂ ਦੀ ਗਿਣਤੀ ਅਲੱਗ ਹੈ। ਮੈਂ ਇਸ ਤੇ ਕਹਿੰਦਾ ਹਾਂ ਕਿ ਜਿਸਦੀ ਗੂੰਜ ਪਹਿਲਾਂ ਸਿਰਫ ਜੇ.ਐਨ.ਯੂ. ਤੱਕ ਸੀ ਹੁਣ ਉਹ ਗੂੰਜ ਹੁਣ ਦਹਾੜ ਬਣ ਗਈ ਅਤੇ ਉਹ ਦਹਾੜ ਹੁਣ ਪੂਰੀ ਦੁਨੀਆਂ ਸੁਣ ਰਹੀ ਹੈ।

ਸਾਨੂੰ ਪਤਾ ਹੈ ਕਿ ਕਨ੍ਹਈਆ ਉੱਪਰ ਦੇਸ਼ਧ੍ਰੋਹ ਦਾ ਇਲਜ਼ਾਮ ਸਹੀ ਸਾਬਤ ਨਹੀਂ ਹੋਵੇਗਾ। ਦੇਸ਼ ਦੇ ਕਰੋੜਾਂ ਵਿਦਿਆਰਥੀ ਅਤੇ ਨੌਜਵਾਨ ਉਸਦੇ ਨਾਲ ਖੜੇ ਹਨ। ਉਹ ਇੱਕ ਰੋਹਿਤ ਵੇਮੁਲਾ ਨੂੰ ਖਤਮ ਕਰ ਸਕਦੇ ਹਨ ਪਰ ਕਿੰਨ੍ਹੇ ਰੋਹਿਤ ਕਿੰਨ੍ਹੇ ਕਨ੍ਹਈਆਂ ਇਹ ਪਦਾਰਥਕ ਹਾਲਤਾਂ ਰੋਜ਼ਾਨਾਂ ਪੈਦਾ ਕਰਦੀਆਂ ਹਨ ਇਸ ਬਾਰੇ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਨਹੀਂ। ਕਨ੍ਹਈਆਂ ਰੋਹਿਤ ਵੇਮੁਲਾ ਤੇ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੈ। ਮੈਂ ਕਹਿੰਨੈ ਕਿ ਸਾਨੂੰ ਸਭ ਨੂੰ ਕਨ੍ਹਈਆ ਬਣਨਾ ਪਵੇਗਾ। ਸਾਨੂੰ ਸਭ ਨੂੰ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੋਂ ਗ਼ਦਰੀ ਬਾਬਿਆਂ ਤੋਂ ਸਿੱਖਿਆ ਲੈਣੀ ਪਵੇਗੀ। ਇਹ ਲੜਾਈ ਸਿਰਫ ਜੇ.ਐਨ.ਯੂ. ਦੀ ਹੀ ਨਹੀਂ ਬਲਕਿ ਬਾਕੀ ਯੂਨੀਵਰਸਿਟੀਆਂ ਦੀ ਵੀ ਹੈ। ਕਨ੍ਹਈਆ ਕੁਮਾਰ ਪਹਿਲਾਂ ਨਾਲੋਂ ਵੀ ਵੱਧ ਪਰਪੱਕ ਹੋ ਕੇ ਲੋਕਾਂ ਵਿੱਚ ਸਮਾਜਵਾਦ ਦਾ ਝੰਡਾ ਬੁਲੰਦ ਕਰੇਗਾ, ਉਹ ਵਿਦਿਆਰਥੀਆਂ ਲਈ ਮੁਫਤ ਵਿੱਦਿਆ ਅਤੇ ਨੌਜਵਾਨਾਂ ਲਈ ਰੁਜ਼ਗਾਰ ਲਈ ਹੋਰ ਪੱਕੇ ਇਰਾਦੇ ਨਾਲ ਲੜੇਗਾ। ਜੇ.ਐਨ.ਯੂ. ਜਿਵੇਂ 1969 ਤੋਂ ਲੈ ਕੇ ਹੁਣ ਤੱਕ ਮਨੁੱਖਤਾ ਲਈ ਲੜ੍ਹਦੀ ਆਈ ਹੈ ਉਸਤੋਂ ਵੀ ਵੱਧ ਦ੍ਰਿੜ ਇਰਾਦੇ ਨਾਲ ਲੜ੍ਹਦੀ ਰਹੇਗੀ। ਪਹਿਲਾਂ ਨਾਲੋਂ ਵੱਧ ਗਤੀ ਨਾਲ ਇਸ ਦੇਸ਼ ਵਿੱਚ ਪੱਤਰਕਾਰ, ਲੇਖਕ, ਕਲਾਕਾਰ, ਅਧਿਆਪਕ, ਅਫਸਰ ਤੇ ਚੰਗੇ ਲੀਡਰ ਪੈਦਾ ਕਰੇਗੀ। ਜੇ.ਐਨ.ਯੂ. ਜ਼ਿੰਦਾਬਾਦ, ਕਨ੍ਹੱਈਆ ਕੁਮਾਰ ਜ਼ਿੰਦਾਬਾਦ!

                                    ਸੰਪਰਕ: +91 94636 28811

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ