ਡਰੇ, ਤਾਂ ਮਰੇ -ਸੁਕੀਰਤ
Posted on:- 04-04-2016
ਮੌਸਮ ਦੇ ਪੱਖੋਂ ਆਮ ਕਰਕੇ ਖੁਸ਼ਗਵਾਰ ਲੰਘਣ ਵਾਲੇ ਫ਼ਰਵਰੀ-ਮਾਰਚ ਦੇ ਮਹੀਨੇ ਇਸ ਸਾਲ ਦੇਸ ਦੇ ਵਾਤਾਵਰਣ ਨੂੰ ਰੱਜ ਕੇ ਗੰਧਲਿਆਂ ਕਰਨ ਵਾਲੇ ਮਹੀਨਿਆਂ ਵਜੋਂ ਯਾਦ ਰਹਿਣਗੇ। ਨਿਤ ਨਵੇਂ ਸ਼ੋਸ਼ੇ ਘੜ ਕੇ ਲੋਕਾਂ ਨੂੰ ਪਾੜਣ, ਉਕਸਾਉਣ, ਲੜਾਉਣ ਦੀ ਪ੍ਰਕਿਰਿਆ ਤਾਂ ਪਿਛਲੀਆਂ ਪਾਰਲੀਮਾਨੀ ਚੋਣਾਂ ਵਿੱਚ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਨਿਰਣਈ ਜਿਤ ਦੇ ਨਾਲ ਹੀ ਸ਼ੁਰੂ ਹੋ ਗਈ ਸੀ, ਜਿਸਦੀਆਂ ਉਦਾਹਰਣਾਂ ਲਵ-ਜਿਹਾਦ, ਘਰ-ਵਾਪਸੀ, ਬੀਫ਼ ਖਾਣ ਵਾਲਿਆਂ ਵਿਰੁੱਧ ਪਰਚਾਰ ਆਦਿ ਵਰਗੀਆਂ ਮੁਹਿੰਮਾਂ ਹਨ। ਪਰ ਜੇ ਇਹ ਭੜਕਾਊ ਮੁਹਿੰਮਾਂ ਕੁਝ ਇੱਕ ਧਰਮਾਂ ਜਾਂ ਫ਼ਿਰਕਿਆਂ ਵੱਲ ਕੇਂਦਰਤ ਸਨ, ਤਾਂ ਲੰਘੇ ਸਾਤਿਆਂ ਦੀਆਂ ‘ਦੇਸ਼-ਧ੍ਰੋਹੀ’ ਅਤੇ ‘ਭਾਰਤ ਮਾਤਾ ਦੀ ਜੈ ਆਖਣ ਵਾਲੇ ਹੀ ਦੇਸ਼ ਭਗਤ ਹਨ” ਦੀਆਂ ਨਵੀਆਂ ਕਸੌਟੀਆਂ ਨੇ ਸਮੁਚੇ ਦੇਸ ਨੂੰ ਹੀ ਵੰਡ ਕੇ ਰੱਖ ਦਿੱਤਾ ਹੈ।
ਹਜ਼ਾਰਾਂ ਸਮੱਸਿਆਵਾਂ ਨਾਲ ਜੂਝ ਰਹੇ ਦੇਸ ਅਤੇ ਇਸਦੀ ਲੋਕਾਈ ਦੇ ਵਿਹੜੇ ਵਿੱਚ ਇਹੋ ਜਿਹੇ ਨਿਤ ਨਵੇਂ ‘ਬੰਬ’ ਸੁਟਕੇ ਸਰਕਾਰ (ਅਤੇ ਸੰਘ-ਪਰਵਾਰ) ਆਪ ਤਾਂ ਲਾਂਭੇ ਹੋ ਜਾਂਦੀ ਹੈ, ਪਰ ਇਨ੍ਹਾਂ ਧਮਾਕਿਆਂ ਦੀ ਧੂੜ ਸਾਡੀ ਜਨਤਾ ਨੂੰ ਫ਼ੱਕਣੀ ਪੈਂਦੀ ਹੈ। ਇਨ੍ਹਾਂ ਦੀਆਂ ਕਿਰਚਾਂ ਨਾਲ ਆਮ ਲੋਕਾਂ ਦੇ ਪਿੰਡੇ ਪੱਛੇ ਜਾਂਦੇ ਹਨ।
ਉਦਾਹਰਣਾਂ ਛੋਟੀਆਂ ਵੀ ਹਨ, ਤੇ ਵੱਡੀਆਂ ਵੀ।
ਮੇਰੀ ਭੈਣ ਜੇ. ਐਨ. ਯੂ. ਦੇ ਕੈਂਪਸ ਵਿੱਚ ਰਹਿੰਦੀ ਹੈ। ਜੇ. ਐਨ ਯੂ ਅੰਦਰ ਰਹਿਣ ਵਾਲੇ ਲੋਕਾਂ ਦੇ ਵਾਹਨਾਂ ਉਤੇ ਇੱਕ ਪਛਾਣ-ਚੇਪੀ ਲੱਗੀ ਹੁੰਦੀ ਹੈ, ਤਾਂ ਜੋ ਉਥੇ ਰਹਿਣ ਵਾਲੇ ਬੇਰੋਕ-ਟੋਕ ਆ ਜਾ ਸਕਣ; ਬਾਹਰਲੇ ਲੋਕਾਂ ਨੂੰ ਸੁਰੱਖਿਆ ‘ਤੇ ਤੈਨਾਤ ਕਰਮਚਾਰੀਆਂ ਕੋਲੋਂ ਟੋਕਨ ਲੈ ਕੇ ਆਪਣੀ ਹਾਜ਼ਰੀ ਦਰਜ ਕਰਾਉਣੀ ਪੈਂਦੀ ਹੈ। ਫ਼ਰਵਰੀ ਦੇ ਆਖਰੀ ਦਿਨਾਂ ਵਿੱਚ, ਜਦੋਂ ਜੇ. ਐਨ. ਯੂ. ਨੂੰ ਸਰਕਾਰੇ-ਦਰਬਾਰੇ, ਅਤੇ ਚਮਚਾਨੁਮਾ ਟੀ.ਵੀ ਚੈਨਲਾਂ ਰਾਹੀਂ ਦੇਸ਼-ਧਰੋਹੀਆਂ ਦਾ ਗੜ੍ਹ ਸਾਬਤ ਕਰਨ ਦੀ ਮੁਹਿੰਮ ਸਿਖਰ ਉਤੇ ਸੀ। ਬਜਰੰਗ ਦਲੀਏ ਰੋਜ਼ ਬਾਹਰਲੇ ਗੇਟ ਸਾਹਮਣੇ ਮੁਜ਼ਾਹਰਾ ਕਰਨ ਭੇਜੇ ਜਾਂਦੇ ਸਨ। ਅੰਦਰ ਉਹ ਜਾ ਨਹੀਂ ਸਨ ਸਕਦੇ, ਸੋ ਅੰਦਰ ਜਾ ਸਕਣ ਵਾਲਿਆਂ ਉਤੇ ਬਰੂਹਾਂ ਉੱਤੇ ਖੜੋਤੇ ਹੀ ਆਪਣਾ ਗੁਬਾਰ ਕੱਢਣ ਦੀ ਕੋਸ਼ਿਸ਼ ਕਰਦੇ ਸਨ। ਅਜਿਹਾ ਹੀ ਇੱਕ ‘ਦੇਸ਼-ਪ੍ਰੇਮੀ’ ਮੇਰੀ ਭੈਣ ਦੀ ਕਾਰ ਨੂੰ ਉਸ ਉਤੇ ਲੱਗੀ ਚੇਪੀ ਕਾਰਨ ‘ਦੇਸ਼-ਧਰੋਹੀਆਂ’ ਦੀ ਕਾਰ ਵਜੋਂ ਪਛਾਣ ਕੇ ਉਸਦੇ ਸ਼ੀਸ਼ੇ ਤੇ ਢੇਮ ਮਾਰ ਕੇ ਭਜ ਗਿਆ। ਦੇਸ਼-ਪ੍ਰੇਮ ਦੀਆਂ ਇਹੋ ਜਿਹੀਆਂ ਢੇਮ-ਮਾਰੂ ਘਟਨਾਵਾਂ ਉਨ੍ਹੀਂ ਦਿਨੀਂ ਰੋਜ਼ ਵਾਪਰ ਰਹੀਆਂ ਸਨ।
ਫਿਲਮਕਾਰ/ ਕਾਲਮਨਵੀਸ ਦਲਜੀਤ ਅਮੀ ਅੱਜਕੱਲ ਜੇ. ਐਨ. ਯੂ. ਦੇ ਕਲਾ-ਸੁਹਜ ਵਿਭਾਗ ਨਾਲ ਜੁੜਿਆ ਹੋਇਆ ਹੈ, ਪਰ ਰਹਿੰਦਾ ਸ਼ਹਿਰ ਦੀ ਕਿਸੇ ਹੋਰ ਕਾਲੋਨੀ ਵਿੱਚ ਹੈ। ਪਿਛਲੇ ਹਫ਼ਤੇ ਮਿਲਿਆ ਤਾਂ ਉਸਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿੱਚ ਉਸਦਾ ਆਪਣੇ ਵਿਭਾਗ ਤੱਕ ਪੁੱਜ ਸਕਣਾ ਹੀ ਦੁੱਭਰ ਹੋ ਗਿਆ ਸੀ। ਕੋਈ ਵੀ ਆਟੋ ਵਾਲਾ ‘ਦੇਸ-ਧ੍ਰੋਹੀਆਂ’ ਦੇ ਗੜ੍ਹ ਦੀ ਸਵਾਰੀ ਲੈਣ ਨੂੰ ਰਾਜ਼ੀ ਨਹੀਂ ਸੀ।
ਏਸੇ ਤਰ੍ਹਾਂ ਜੇ ਐਨ ਯੂ ਦੇ ਨਾਲ ਲਗਦੇ ਮੁਨੀਰਕਾ ਪਿੰਡ, ਜਿਥੇ ਕਈ ਵਿਦਿਆਰਥੀ ਕਰਾਏ ਤੇ ਕਮਰੇ ਲੈ ਕੇ ਰਹਿੰਦੇ ਹਨ, ਦੇਸ਼-ਧ੍ਰੋਹੀ ਗਰਦਾਨੇ ਗਏ ਵਿਦਿਆਰਥੀਆਂ ਲਈ ਸੁਰੱਖਿਅਤ ਨਹੀਂ ਸੀ ਰਿਹਾ; ਮਾਲਕ ਮਕਾਨ ਉਨ੍ਹਾਂ ਨੂੰ ਕਮਰੇ ਖਾਲੀ ਕਰ ਦੇਣ ਲਈ ਕਹਿਣ ਲਗ ਪਏ ਸਨ। ਇਹ ਸਭ ਮਿਸਾਲਾਂ ਇਸ ਗਲ ਦੀਆਂ ਹਨ ਕਿ ਇਸ ਕੂੜ-ਪਰਚਾਰ ਨੇ ਲੋਕ-ਮਨਾਂ ਵਿੱਚ ਕਿੰਨਾ ਜ਼ਹਿਰ ਘੋਲ ਦਿੱਤਾ ਸੀ। ਇਹੋ ਜਿਹੇ ਮਾਹੋਲ ਵਿੱਚ ਇੱਕ ਚੁਆਤੀ ਲਾਉਣ ਦੀ ਦੇਰ ਹੁੰਦੀ ਹੈ, ਭਾਂਬੜ ਆਪਣੇ ਆਪ ਸਾਹਮਣੇ ਆਉਣ ਵਾਲੀ ਹਰ ਵਸਤ ਨੂੰ ਸੁਆਹ ਕਰ ਦੇਂਦੇ ਹਨ।
ਤੀਜੀ ਮਿਸਾਲ ਬਿਲਕੁਲ ਹਾਲੀਆ ਹੈ। ਲੰਘੇ ਹਫ਼ਤੇ ਦਿੱਲੀ ਦੇ ਬੇਗਮਪੁਰਾ ਇਲਾਕੇ ਦੇ ਪਾਰਕ ਵਿੱਚ ਸੈਰ ਕਰ ਰਹੇ ਤਿੰਨ ਮੁੰਡਿਆਂ ਨੂੰ ਕੁਝ ਹੋਰ ਮੁੰਡਿਆਂ ਨੇ ਕੁੱਟ ਘਤਿਆ, ਇੱਕ ਦੀ ਤਾਂ ਬਾਂਹ ਹੀ ਤੋੜ ਦਿੱਤੀ। ਕਾਰਨ ਇਹ ਕਿ ਉਨ੍ਹਾਂ ਨੇ ਟੋਪੀਆਂ ਪਾਈਆਂ ਹੋਈਆਂ ਸਨ, ਜਿਸ ਕਾਰਨ ਉਹ ਮੁਸਲਮਾਨ ਦਿੱਸਦੇ ਸਨ। ਦੇਸ਼-ਪ੍ਰੇਮ ਦੀ ਨਵੀਂ ਘੜੀ ਪਰਿਭਾਸ਼ਾ ਮੁਤਾਬਕ ਪਾਰਕ ਵਿੱਚ ਬਹੁਗਿਣਤੀ ਧੜੇ ਵਾਲੇ ਮੁੰਡਿਆਂ ਨੇ ਉਨ੍ਹਾਂ ਨੂੰ ‘ਭਾਰਤ ਮਾਤਾ ਦੀ ਜੈ’ ਹੀ ਨਹੀਂ, ‘ਜੈ ਮਾਤਾ ਦੀ’ ਦੇ ਵੀ ਜੈਕਾਰੇ ਛੱਡ ਕੇ ਦੇਸ਼-ਪ੍ਰੇਮੀ ਹੋਣ ਦਾ ਸਬੂਤ ਦੇਣ ਲਈ ਕਿਹਾ। ਜਦੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਤਾਂ ਸਾਰੇ ਆਪੂ-ਥਾਪੇ ਦੇਸ਼-ਭਗਤ ਉਨ੍ਹਾਂ ’ਤੇ ਟੁੱਟ ਕੇ ਪੈ ਗਏ। ਇਹੋ ਜਿਹੀਆਂ ਘਟਨਾਵਾਂ ਕਿਹੋ ਜਿਹਾ ਮੋੜਾ ਲੈ ਸਕਣ ਦੀ ਸੰਭਾਵਨਾ ਰੱਖਦੀਆਂ, ਇਹ ਗੱਲ ਕਿਸੇ ਤੋਂ ਵੀ ਗੁੱਝੀ ਨਹੀਂ।
ਕਹਿਣ ਵਾਲੇ ਇਹ ਵੀ ਕਹਿ ਰਹੇ ਹਨ, ਕਿ ਇਨ੍ਹਾਂ ਮੂਰਖਾਂ ਨੂੰ ਬਾਹਾਂ ਤੁੜਾਉਣ ਦੀ ਕੀ ਲੋੜ ਸੀ? ਭੂਤਰੇ ਹੋਏ ਮੁੰਡਿਆਂ ਦੇ ਕਹੇ ਲਾ ਛੱਡਦੇ ਜੈਕਾਰਾ, ਅਤੇ ਸੁਰਖਰੂ ਹੋ ਜਾਂਦੇ। ਪਰ ਸੋਚਣ ਵਾਲਾ ਸਵਾਲ ਇਹ ਹੈ ਕਿ ਇਹੋ ਜਿਹੀ ਮਾਨਸਕਤਾ ਅਗੇ ਕਦੋਂ ਤੱਕ ਅਤੇ ਕਿੰਨਾ ਝੁਕਿਆ ਜਾ ਸਕਦਾ ਹੈ? ਕੀ ਧੱਕੜਸ਼ਾਹੀ ਦੇ ਇਸ ਮਾਹੌਲ ਦਾ ਵਿਰੋਧ ਨਾ ਕੀਤਿਆਂ ਇਨ੍ਹਾਂ ਸਿਰਫਿਰਿਆਂ ਦੇ ਹੌਸਲੇ ਹੋਰ ਬੁਲੰਦ ਨਹੀਂ ਹੁੰਦੇ ਜਾਣਗੇ? ਛੋਟੇ-ਮੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵੱਡੇ ਅਹੁਦੇਦਾਰਾਂ ਤਕ ਲੋਕ ਕਿਵੇਂ ਇਸ ਮਾਹੌਲ ਅਗੇ ਗੋਡੇ ਟੇਕਦੇ ਜਾ ਰਹੇ ਹਨ, ਇਸ ਦੀਆਂ ਵੀ ਕਈ ਨਿਕੀਆਂ-ਵੱਡੀਆਂ ਮਿਸਾਲਾਂ ਹਨ।
ਪਿਛਲੇ ਮਹੀਨੇ, ਜਦੋਂ ਕਨ੍ਹੱਈਆ ਕੁਮਾਰ ਅਜੇ ਤਿਹਾਰ ਵਿੱਚ ਹੀ ਨਜ਼ਰਬੰਦ ਸੀ, ਅਮ੍ਰਿਤਸਰ ਦੀ ਪਾਰਟੀ ਇਕਾਈ ਨੇ ਉਸ ਦੀ ਤਕਰੀਰ ਨੂੰ ਛਾਪ ਕੇ ਪਿੰਡਾਂ ਵਿੱਚ ਵੰਡਣ ਦਾ ਫੈਸਲਾ ਲਿਆ। ਕਨ੍ਹਈਆ ਕੁਮਾਰ ਬਾਰੇ ਦੁਸ਼-ਪਰਚਾਰ ਉਸ ਸਮੇਂ ਪੂਰੇ ਜ਼ੋਰਾਂ ਉਤੇ ਸੀ, ਅਤੇ ਉਸਦੇ ਅਸਲੀ, ਲੋਕ-ਪੱਖੀ ਖਿਆਲਾਂ ਨਾਲ ਆਮ ਲੋਕ ਬਿਲਕੁਲ ਵਾਕਫ਼ ਨਹੀਂ ਸਨ। ਇਸ ਤਕਰੀਰ ਨੂੰ ਕਿਤਾਬਚੀ ਦੇ ਰੂਪ ਵਿੱਚ ਛਪਾਉਣ ਲਈ ਅੰਮ੍ਰਿਤਸਰ ਦੀ ਪਾਰਟੀ ਇਕਾਈ ਨੇ ਘਟੋ ਘਟ ਤਿੰਨ ਛਾਪੇਖਾਨਿਆਂ ਤਕ ਪਹੁੰਚ ਕੀਤੀ, ਪਰ ਹਰ ਥਾਂ ਤੋਂ ਇਨਕਾਰ ਹੀ ਪੱਲੇ ਪਿਆ। ‘ਦੇਸ਼-ਧ੍ਰੋਹੀ’ ਦੀ ਤਕਰੀਰ ਛਾਪਣ ਦਾ ਖਤਰਾ ਮੁੱਲ ਲੈਣ ਲਈ ਕੋਈ ਵੀ ਤਿਆਰ ਨਹੀਂ ਸੀ। ਹਾਰ ਕੇ ਇਸ ਨੂੰ ਜਲੰਧਰੋਂ ਛਪਾਉਣਾ ਪਿਆ।
ਪਰ ਉਨ੍ਹਾਂ ਛੋਟੇ-ਮੋਟੇ ਛਾਪਕਾਂ ਨੂੰ ਡਰਪੋਕ ਹੋਣ ਦਾ ਦੋਸ਼ ਕਿਉਂ ਦੇਈਏ, ਜੇ ਇਸ ਭੈਅ ਦੇ ਮਾਹੌਲ ਨੇ ਯੂਨੀਵਰਸਟੀਆਂ ਦੇ ਵਾਈਸ-ਚਾਂਸਲਰਾਂ ਵਰਗੇ ਲੋਕਾਂ ਦੇ ਵੀ ਸਾਹ ਸੂਤੇ ਹੋਏ ਹਨ?
ਝਾਰਖੰਡ ਕੇਂਦਰੀ ਯੂਨੀਵਰਸਟੀ ਦੇ ਵਾਈਸ-ਚਾਂਸਲਰ ਨੰਦ ਕੁਮਾਰ ਯਾਦਵ ਨੇ ਆਪਣੇ ਵਿਸ਼ਵਿਦਿਆਲੇ ਦੀ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਨੂੰ ਸਿਰਫ਼ ਇਸਲਈ ਸਸਪੈਂਡ ਕਰ ਦਿੱਤਾ ਕਿਉਂਕਿ ਉਸਨੇ ਜੇ.ਐਨ. ਯੂ. ਦੇ ਸੇਵਾ-ਮੁਕਤ ਪ੍ਰੋਫੈਸਰ ਸ੍ਰੀ ਪਾਨਿਨੀ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਮਾਰਚ ਵਿੱਚ ਵਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਦੇ ਮੌਕੇ ਉਤੇ ਸੱਦੇ ਗਏ ਬੁਲਾਰਿਆਂ ਵਿਚੋਂ ਇੱਕ ਪ੍ਰੋ. ਪਾਨਿਨੀ ਸਨ, ਜੋ ਕਈ ਵਰ੍ਹੇ ਜੇ. ਐਨ. ਯੂ. ਵਿੱਚ ਸਮਾਜ-ਤੰਤਰ ਅਧਿਐਨ ਵਿਭਾਗ ਵਿੱਚ ਪੜ੍ਹਾਉਣ ਤੋਂ ਮਗਰੋਂ ਹੁਣ ਰਿਟਾਇਰ ਹੋ ਚੁੱਕੇ ਹਨ।
ਵਾਈਸ ਚਾਂਸਲਰ ਵਲੋਂ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਨੂੰ ਸਸਪੈਂਡ ਕਰਨ ਦਾ ਹੁਕਮਨਾਮਾ ਕਿਸੇ ਟਿੱਪਣੀ ਦਾ ਮੁਥਾਜ ਨਹੀਂ। ਵੀ. ਸੀ. ਸਾਹਬ ਲਿਖਦੇ ਹਨ: ‘ਪ੍ਰੋ. ਪਾਨਿਨੀ ਜੇ. ਐੱਨ. ਯੂ. ਦੇ ਉਨ੍ਹਾਂ ਵਿਦਿਆਰਥੀਆਂ ਦੇ ਸਰਪ੍ਰਸਤ ਸਮਝੇ ਜਾਂਦੇ ਹਨ, ਜੋ ਹਾਲ ਹੀ ਵਿੱਚ ਜੇ. ਐੱਨ. ਯੂ. ਵਿਖੇ ਹੋਈਆਂ ਰਾਸ਼ਟਰ-ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਸਨ। ਇਸ ਲਈ, ਪ੍ਰੋ. ਪਾਨਿਨੀ ਦੇ ਪਿਛੋਕੜ ਦੀ ਪੜਤਾਲ ਕੀਤੇ ਬਿਨਾਂ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਵੱਲੋਂ ਉਨ੍ਹਾਂ ਨੂੰ ਸੱਦਾ ਦਿਤੇ ਜਾਣ ਦੇ ਫੈਸਲੇ ਦੀ ਸਮਾਜ ਦੇ ਵਖੋ-ਵਖ ਅੰਗਾਂ ਵੱਲੋਂ ਭਰਪੂਰ ਆਲੋਚਨਾ ਹੋਈ ਹੈ ਜਿਸ ਕਾਰਨ ਨਾ ਸਿਰਫ਼ ਯੂਨੀਵਰਸਟੀ ਦਾ ਅਕਸ ਖਰਾਬ ਹੋਇਆ ਹੈ , ਬਲਕਿ ਵਾਈਸ-ਚਾਂਸਲਰ ਦੀ ਸ਼ੋਹਰਤ ਨੂੰ ਵੀ ਦਾਅ ਤੇ ਲਾਇਆ ਗਿਆ ਹੈ।
ਸਮਾਜ ਦੇ ਕਿਹੜੇ ਅੰਗਾਂ ਨੇ ਕਿਸੇ ਸੇਵਾ ਮੁਕਤ ਪ੍ਰੋਫੈਸਰ ਨੂੰ ਸਦੇ ਜਾਣ ਦੀ ਭਰਪੂਰ ਆਲੋਚਨਾ ਕੀਤੀ ਜਿਸ ਤੋਂ ਵੀ.ਸੀ. ਸਾਹਬ ਏਨਾ ਖ਼ੌਫ਼ ਖਾ ਗਏ , ਜਾਂ ਅਜਿਹੇ ਆਰਡਰ ਨੂੰ ਜਾਰੀ ਕਰਕੇ ਉਨ੍ਹਾਂ ਦੀ ਸ਼ੋਹਰਤ ਨੂੰ ਕਿਹੜੇ ਚਾਰ ਚੰਨ ਲਗ ਗਏ ਹਨ, ਉਹੀ ਜਾਨਣ। ਹਾਂ, ਕੇਂਦਰੀ ਅਖਬਾਰਾਂ ਨੇ ਇਹੋ ਜਿਹੇ ਆਰਡਰ ਦੀ ਭਰਪੂਰ ਆਲੋਚਨਾ ਕੀਤੀ, ਅਤੇ ਝਾਰਖੰਡ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਆਪਣੀ ਆਧਿਆਪਕ ਦੇ ਹੱਕ ਵਿੱਚ ਅਤੇ ਇਸ ਆਰਡਰ ਦੇ ਵਿਰੋਧ ਵਿੱਚ ਰਾਂਚੀ ਦੇ ਰਾਜਭਵਨ ਤੱਕ ਮੁਜ਼ਾਹਰਾ ਕੀਤਾ। (ਵੈਸੇ ਇੱਕ ਖਬਰ ਇਹ ਵੀ ਆ ਰਹੀ ਹੈ, ਕਿ ਹੁਣ ਵੀ. ਸੀ. ਸਾਹਬ ਨੇ ਆਪਣੇ ਸਸਪੈਂਸ਼ਨ ਆਰਡਰ ਨੂੰ ਗਲਤ ਕਬੂਲ ਕੇ ਵਾਪਸ ਲੈ ਲਿਆ ਹੈ।)
ਦੇਸ ਵਿੱਚ ਸਿਰਜੇ ਜਾ ਰਹੇ ਭੈਅ ਅਤੇ ਆਪਹੁੱਦਰੇਪਣ ਦੇ ਮਾਹੌਲ ਦੀਆਂ ਇਹ ਕੁਝ ਤਾਜ਼ਾ ਮਿਸਾਲਾਂ ਹਨ। ਇਹ ਇਸ ਗੱਲ ਵਲ ਇਸ਼ਾਰਾ ਕਰਦੀਆਂ ਹਨ, ਕਿ ਅਜੋਕੀ ਸਰਕਾਰ ਭੈਅ ਦਾ ਵਾਤਾਵਰਣ ਪੈਦਾ ਕਰਨ ਤੇ ਆਮਾਦਾ ਹੈ, ਪਰ ਨਾਲ ਹੀ ਇਹ ਵੀ ਟੋਹ ਰਹੀ ਹੈ ਕਿ ਲੋਕਾਂ ਵਿੱਚ ਵਿਰੋਧ ਕਰ ਸਕਣ ਦਾ ਮਾਦਾ ਕਿੰਨਾ ਕੁ ਹੈ। ਸਰਕਾਰ ਅਤੇ ਸੰਘ ਪਰਵਾਰ ਦੀਆਂ ਇਨ੍ਹਾਂ ਚਾਲਾਂ ਤੋਂ ਖਬਰਦਾਰ ਰਹਿਣਾ, ਹੋਰਨਾ ਨੂੰ ਖਬਰਦਾਰ ਕਰਨਾ, ਅਤੇ ਆਪੋ-ਆਪਣੀ ਥਾਂ ਅਤੇ ਸਮਰੱਥਾ ਮੁਤਾਬਕ ਇਨ੍ਹਾਂ ਵਿਰੁਧ ਸੰਘਰਸ਼ ਕਰਨਾ ਹਰ ਸੋਚਵਾਨ ਸ਼ਹਿਰੀ ਦੀ ਜ਼ਿੰਮੇਵਾਰੀ ਹੈ।