ਜੇਲ੍ਹ ਅੰਦਰ ਸਮਾਜਵਾਦੀ ਨਮੂਨੇ ਦਾ ਪ੍ਰਬੰਧ –ਰਣਜੀਤ ਲਹਿਰਾ
Posted on:- 03-04-2016
10 ਫਰਵਰੀ ਨੂੰ ਸਾਡੇ ਬਠਿੰਡਾ ਜੇਲ੍ਹ ਵਿੱਚ ਚਰਨ ਪਾਉਣ ਵੇਲੇ ਤੱਕ ਵੱਖ-ਵੱਖ ਇਲਾਕਿਆਂ ਵਿੱਚੋਂ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਬਠਿੰਡਾ ਜੇਲ੍ਹ ਵਿੱਚ ਭੇਜੇ ਗਏ ਪੀ. ਐਸ. ਯੂ. ਤੇ ਸਭਾਵਾਂ ਦੇ ਆਗੂਆਂ/ਵਰਕਰਾਂ ਵੱਲੋਂ ਜੇਲ੍ਹ ਵਿੱਚ ਇੱਕ ‘ਕਮਿਊਨ’ ਕਾਇਮ ਕਰ ਲਿਆ ਹੋਇਆ ਸੀ। ਇਹ ਕਮਿਊਨ ਕਾਰਲ ਮਾਰਕਸ ਵੱਲੋਂ ਚਿਤਵੇ ਅਤੇ ਕਾ. ਲੈਨਿਨ ਤੇ ਕਾ. ਮਾਓ ਹੋਰਾਂ ਵੱਲੋਂ ਅਮਲ ਵਿੱਚ ਲਿਆਂਦੇ ਸਮਾਜਵਾਦੀ ਸਮਾਜ ਦੇ ਨਮੂਨੇ ਦਾ ਸੀ, ਜਿਸ ਵਿੱਚ ਸਾਰੇ ਸਾਥੀ ਬਰਾਬਰੀ ਦੇ ਅਧਾਰ ’ਤੇ ਰਹਿੰਦੇ ਸਨ। ਰਾਜਨੀਤਕ ਆਰਥਿਕਤਾ ਦੀ ਭਾਸ਼ਾ ’ਚ ਗੱਲ ਕਰਿਆਂ ‘ਇਸ ਕਮਿਊਨ ਵਿੱਚ ’ਚ ਹਰ ਕਿਸੇ ਤੋਂ ਉਸਦੀ ਸਮੱਰਥਾ ਅਨੁਸਾਰ ਕੰਮ ਲਿਆ ਅਤੇ ਹਰ ਕਿਸੇ ਨੂੰ ਉਸਦੀਆਂ ਲੋੜਾਂ ਮੁਤਾਬਕ ਅਦਾ ਕੀਤਾ ਜਾਂਦਾ ਸੀ’।
ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਸਰਗਰਮ ਹੋਣ ਤੋਂ ਬਾਅਦ ਮੈਂ ਜਿੰਨਾ ਕੁ ਮਾਰਕਸੀ-ਲੈਨਿਨੀ ਸਾਹਿਤ ਪੜ੍ਹਿਆ ਸੀ ਉਸਤੋਂ ਇਹ ਧਾਰਨਾ ਤਾਂ ਮੇਰੀ ਬਣ ਹੀ ਗਈ ਸੀ ਕਿ ਸਰਮਾਏਦਾਰਾ-ਜਗੀਰੂ ਲੁੱਟ-ਖਸੁੱਟ ਦਾ ਗੈਰ-ਬਰਾਬਰੀ ਤੇ ਗ਼ੈਰ-ਜਮਹੂਰੀ ਸਮਾਜ ਬਦਲ ਕੇ ਬਰਾਬਰੀ ਅਧਾਰਤ ਸਮਾਜਵਾਦੀ ਸਮਾਜ ਸਿਰਜਣਾ ਕਰੋੜਾਂ-ਕਰੋੜ ਲੋਕਾਂ ਦੇ ਹਿੱਤਾਂ ਲਈ ਅਣਸਰਦੀ ਲੋੜ ਹੈ ਤੇ ਅਜਿਹਾ ਸਮਾਜ ਸਿਰਜਣ ਲਈ ਜਮਾਤੀ ਸੰਘਰਸ਼ ਲੜਿਆ ਹੀ ਜਾਣਾ ਚਾਹੀਦਾ ਹੈ।
ਪਰ ਸਮਾਜਵਾਦੀ ਪ੍ਰਬੰਧ ’ਚ ਲੋਕ ਕੰਮ ਕਿਵੇਂ ਕਰਨਗੇ, ਮਾਲਕੀਆਂ ਦੇ ਪ੍ਰਬੰਧ ਕਿਵੇਂ ਚੱਲਣਗੇ, ਬਰਾਬਰੀ ਕਿਵੇਂ ਆਵੇਗੀ, ਜਮਹੂਰੀਅਤ ਕਿਹੋ ਜਿਹੀ ਆਦਿ ਬਾਰੇ ਭਵਿੱਖ ਨਕਸ਼ਾ ਪੂਰੀ ਤਰ੍ਹਾਂ ਸਾਫ਼ ਨਹੀਂ ਸੀ। ਪਰ ਜੇਲ੍ਹ ਦੇ ਅੰਦਰਲੇ ਇਸ ਛੋਟੇ ਜਿਹੇ ‘ਕਮਿਊਨ’ ਵਿੱਚ ਬਿਤਾਏ ਦਿਨਾਂ ਨੇ ਸਮਾਜਵਾਦੀ ਸਮਾਜ ਦੇ ਚਲਨ ਬਾਰੇ ਮੇਰੀ ਜਗਿਆਸਾ ਨੂੰ ਵਾਹਵਾ ਹੱਦ ਤੱਕ ਪੂਰੀਆਂ ਕੀਤਾ।ਸਾਡੇ ਤੋਂ ਪਹਿਲਾਂ ਪਹੁੰਚ ਕੇ ਬਠਿੰਡਾ ਜੇਲ੍ਹ ਨੂੰ ਰੰਗ-ਭਾਗ ਲਾ ਰਹੇ ਡੇਢ ਸੌ ਦੇ ਕਰੀਬ ਸਾਥੀਆਂ ਨੇ ਆਪਣੇ ਵਿੱਚੋਂ ਸੀਨੀਅਰ ਤੇ ਤਜ਼ਰਬੇਕਾਰ ਸਾਥੀਆਂ ਦੀ ਇੱਕ ਪੰਜ ਮੈਂਬਰੀ ਕਮੇਟੀ ਚੁਣੀ ਹੋਈ ਸੀ। ਇਸ ਕਮੇਟੀ ਦੇ ਮੈਂਬਰ ਸਨ ਕਾ. ਜਗਦੇਵ ਜੱਗਾ (ਸੰਪਾਦਕ-ਪਰਚੰਡ), ਸੁਖਦੇਵ ਪਟਵਾਰੀ (ਸੂਬਾਈ ਆਗੂ ਪੀ. ਐਸ. ਯੂ. ਰੰਧਾਵਾ ਗਰੁੱਪ), ਜਸਵੰਤ ਪਾਂਧੀ, ਬੰਤ ਮਹਿਰਾਜ ਤੇ ਇੱਕ ਹੋਰ ਸਾਥੀ ਮੇਜਰ ਸਿੰਘ ਕੋਠੇ ਗੁਰੂ ਤੋਂ ਸੀ। ਇਹ ਕਮੇਟੀ ਜੇਲ੍ਹ ਅੰਦਰ ਬੰਦ ਸਭਨਾਂ ਸਾਥੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲੀ ਹਾਈ ਕਮਾਂਡ ਵੀ ਸੀ ਅਤੇ ਕਮਿਊਨ ਦਾ ਪ੍ਰਬੰਧ ਚਲਾਉਣ ਵਾਲੀ ਪ੍ਰਬੰਧਕ ਕਮੇਟੀ ਵੀ ਸੀ। ਇਹੋ ਕਮੇਟੀ ਸਿਆਸੀ-ਵਿਚਾਰਧਾਰਕ ਸਕੂ�ਿਗਾਂ ਦੀ ਜ਼ੁੰਮੇਵਾਰੀ ਵੀ ਨਿਭਾਉਦੀ ਸੀ।ਸਭਨਾਂ ਸਾਥੀਆਂ ਦੀ ਸਹਿਮਤੀ ਨਾਲ ਚੁਣੀ ਗਈ ਇਸ ਕਮੇਟੀ ਨੇ ਜੇਲ੍ਹ ਅੰਦਰਲੇ ਸਾਥੀਆਂ ਲਈ ਮਜ਼ਬੂਤ ਅਨੁਸ਼ਾਸ਼ਨ ਕਾਇਮ ਕੀਤਾ ਹੋਇਆ ਸੀ। ਇਸ ਅਨੁਸ਼ਾਸਨ ਦੀ ਬਦੌਲਤ ਨਾ ਤਾਂ ਸਾਥੀਆਂ ਵਿੱਚ ਨਿਰਾਸ਼ਾਮਈ ਸਥਿਤੀ ਬਣੀ, ਨਾ ਕਦੇ ਕੋਈ ਆਪਸੀ ਝਗੜਾ ਹੋਇਆ ਤੇ ਨਾ ਹੀ ਕੋਈ ਸਾਥੀ ਜੇਲ੍ਹ ਅੰਦਰ ਚੱਲਦੇ ਨਸ਼ਿਆਂ ਦਾ ਸ਼ਿਕਾਰ ਹੋਇਆ। ਨਸ਼ਿਆਂ ਬਾਰੇ ਇਸ ਕਮੇਟੀ ਦਾ ਡਸਿਪਲਨ ਖ਼ਾਸ ਤੌਰ ’ਤੇ ਸਖ਼ਤ ਸੀ। ਪਹਿਲੀ ਵਾਰੀ ਨਸ਼ਾ ਕਰਦਾ ਪਾਇਆ ਜਾਣ ’ਤੇ ਚਿਤਾਵਨੀ ਦੇ ਕੇ ਸੁਧਰਨ ਲਈ ਮੁਆਫੀ ਦੇ ਦਿੱਤੀ ਜਾਂਦੀ ਸੀ ਤੇ ਮੁੜ ਪਕੜਿਆ ਜਾਣ ’ਤੇ ਕਮਿਊਨ ਵਿੱਚੋਂ ਭਾਂਡਾ ਛੇਕ ਕੇ ਬਾਹਰ ਕਰ ਦਿੱਤਾ ਜਾਂਦਾ ਸੀ। ਅਜਿਹੇ ਸਿਰਫ਼ ਦੋ ਜਣੇ ਸਨ ਜਿਨ੍ਹਾਂ ਨੂੰ ਭਾਂਡਾ ਛੇਕ ਕੇ ਕਮਿਊਨ ’ਚੋਂ ਬਾਹਰ ਕਰਨ ਦੀ ਨੌਬਤ ਆਈ, ਬਾਕੀ ਸਾਰੇ ਸਾਥੀ ਨਸ਼ਿਆਂ ਤੋਂ ਰਹਿਤ ਹੀ ਰਹੇ। ਮੇਰੀ ਜਾਚੇ ਇਹ ਅਨੁਸ਼ਾਸ਼ਨ ਦਾ ਹੀ ਸਿੱਟਾ ਸੀ। ਇਸਦੇ ਉਲਟ ਸਾਡੇ ਵਾਲੀ ਉਸੇ ਬੈਰਕ ਵਿੱਚ ਬੰਦ ਭਾਰਤੀ ਕਿਸਾਨ ਯੂਨੀਅਨ ਦੇ ਅੰਦੋਲਨਕਾਰੀ ਕਿਸਾਨਾਂ ਨੇ ਨਾ ਕੋਈ ਕਮਿਸ਼ਨ ਬਣਾਇਆ ਤੇ ਨਾ ਕੋਈ ਅਨੁਸ਼ਾਸਨ। ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਕਿਸਾਨ ਸਾਥੀਆਂ ’ਚੋਂ ਅਨੇਕਾਂ ਹੀ ਨਸ਼ਿਆਂ ਦੇ ਜਾਲ ਵਿੱਚ ਫਸ ਗਏ ਤੇ ਨਿਰਾਸ਼ਾ ’ਚ ਡੁੱਬ ਗਏ।ਸਾਡੇ ਕਮਿਊਨ ਦੇ ਲੰਗਰ-ਪਾਣੀ ਸਮੇਤ ਸਭ ਚੀਜ਼-ਵਸਤ ਸਾਂਝੀ ਸੀ। ਜੇਲ੍ਹ ਅੰਦਰੋਂ ਦੋਨੋਂ ਟਾਇਮ ਮਿਲਦੀ ਦਾਲ-ਰੋਟੀ ਤੇ ਚਾਹ ਸਾਰੇ ਸਾਥੀਆਂ ਲਈ ਇਕੱਠੀ ਲਈ ਜਾਂਦੀ। ਦਾਲ-ਸ਼ਬਜੀ ਨੂੰ ਦੁਬਾਰਾ ਤੜਕਾ ਲਾਇਆ ਜਾਂਦਾ ਅਤੇ ਚਾਹ ਨੂੰ ਦੁਬਾਰਾ ਹੋਰ ਦੁੱਧ-ਪੱਤੀ-ਮਿੱਠਾ ਪਾ ਕੇ ਤਿਆਰ ਕੀਤਾ ਜਾਂਦਾ। ਲੰਗਰ ਦੀ ਇਸ ਤਿਆਰੀ ਲਈ ਤੇ ਵਰਤਾਉਣ ਲਈ ਰੋਜ਼ਾਨਾ ਪੰਜ ਸਾਥੀਆਂ ਦੀ ਡਿਉਟੀ ਬਦਲ-ਬਦਲ ਕੇ ਹਾਈ ਕਮਾਂਡ ਵੱਲੋਂ ਲਾਈ ਜਾਂਦੀ। ਸਵੇਰ ਤੋਂ ਲੈ ਕੇ ਰਾਤ ਤੱਕ ਸਾਰੇ ਕੰਮ ਇਹ ਪੰਜ ਸਾਥੀ ਕਰਦੇ। ਦੇਗੇ-ਟੱਬ-ਪਤੀਲੇ ਆਦਿ ਇਹੋ ਸਾਥੀ ਸਾਫ਼ ਕਰਦੇ, ਲੰਗਰ ਵਰਤਾਉਦੇ। ਪਰ ਛੋਟੇ ਬਰਤਨ ਬਾਟੀ ਤੇ ਗਲਾਸ ਸਾਰੇ ਸਾਥੀ ਆਪੋ-ਆਪਣਾ ਸਾਫ਼ ਕਰਦੇ। ਜੇਲ੍ਹ ਅੰਦਰਲੇ ਸਾਥੀਆਂ ਦੀਆਂ ਲੋੜਾਂ ਲਈ ਨੌਜਵਾਨ ਸਭਾਵਾਂ ਨੇ ਪਿੰਡਾਂ ’ਚੋਂ ਵਾਰੀ ਸਿਰ ਦੁੱਧ ਭੇਜਣ ਦੀ ਡਿਊਟੀ ਪਿੰਡ ਇਕਾਈਆਂ ਦੀ ਤਹਿ ਕੀਤੀ ਹੋਈ ਸੀ, ਸਿੱਟੇ ਵੱਜੋਂ ਦੁੱਧ ਆਮ ਰਹਿੰਦਾ। ਕਈ ਵਾਰ ਤਾਂ ਡਰੰਮ ਖੀਰ ਦੇ ਬਣਾ ਕੇ ਵੀ ਬਾਹਰੋਂ ਭੇਜੇ ਗਏ। ਖੰਡ ਤੇ ਚਾਹ-ਪੱਤੀ, ਘੀ ਤੇ ਤੜਕੇ ਦੇ ਸਮਾਨ ਦਾ ਪ੍ਰਬੰਧ ਵੀ ਹਾਈ ਕਮਾਂਡ ਨਿਯਮਤ ਰੂਪ ’ਚ ਕਰਦੀ ਰਹੀ, ਕਦੇ ਸਪਲਾਈ ਚੇਨ ’ਚ ਰੁਕਾਵਟ ਨਹੀਂ ਸੀ ਆਈ।ਮੁਲਾਕਾਤੀਆਂ ਦੀਆਂ ਮੁਲਾਕਾਤਾਂ ਲਿਖਣ ਅਤੇ ਸਬੰਧਿਤ ਸਾਥੀਆਂ ਨੂੰ ਮਿਲਾਉਣ ਲਈ ਵੀ ਰੋਜ਼ਾਨਾਂ ਦੋ ਸਾਥੀਆਂ ਦੀ ਡਿਊਟੀ ਲਈ ਜਾਂਦੀ। ਕਿਸੇ ਵੀ ਸਾਥੀ ਦੇ ਰਿਸ਼ਤੇਦਾਰ ਜਾਂ ਦੋਸਤ-ਮਿੱਤਰ, ਜੋ ਵੀ ਮੁਲਾਕਾਤ ਕਰਨ ਲਾਈ ਆਉਦੇ ਉਹ ਜਿਹੜਾ ਵੀ ਖਾਣ-ਪੀਣ ਦਾ ਸਾਮਾਨ, ਫਲ-ਫਰੂਟ, ਮਿਠਾਈ ਜਾਂ ਪੈਸਾ ਟਕਾ ਜੋ ਵੀ ਦੇ ਕੇ ਜਾਂਦੇ ਉਹ ਕਮਿਊਨ ਦੀ ਕਮੇਟੀ ਦੇ ਸਾਂਝੇ ਖਾਤੇ ’ਚ ਜਮ੍ਹਾਂ ਹੁੰਦਾ। ਕੋਈ ਵੀ ਸਾਥੀ ਇਕੱਲਾ-ਦੁਕੱਲਾ ਨਹੀਂ ਸੀ ਖਾਂਦਾ-ਪੀਂਦਾ। ਹਾਈ ਕਮਾਂਡ ਵੱਲੋਂ ਰੋਜ਼ਾਨਾ ਇੱਕ ਟਾਇਮ ਫਲ-ਫਰੂਟ ਵੰਡੇ ਜਾਂਦੇ ਤੇ ਇੱਕ ਟਾਇਮ ਮਿਠਾਈ ਆਦਿ ਸਾਰੇ ਸਾਥੀਆਂ ’ਚ ਵੰਡੀ ਜਾਂਦੀ। ਸਾਰੇ ਸਾਥੀਆਂ ਨੂੰ ਨਹਾਉਣ ਤੇ ਕੱਪੜੇ ਧੋਣ ਲਈ ਲੋੜ ਮੁਤਾਬਕ ਸਾਬਣ, ਟੂਥ ਪੇਸਟ ਆਦਿ, ਏਥੋਂ ਤੱਕ ਕਿ ਬੀੜੀ-ਜ਼ਰਦੇ ਦੀ ਵਰਤੋਂ ਕਰਨ ਵਾਲਿਆਂ ਨੂੰ ਬੀੜੀ-ਜ਼ਰਦਾ ਵੀ ਹਾਈ ਕਮਾਂਡ ਵੱਲੋਂ ਲੋੜ ਤੇ ਸਟਾਕ ਮੁਤਾਬਕ ਹੀ ਦਿੱਤਾ ਜਾਂਦਾ। ਸਭ ਕੁਝ ਦੀ ਨਿਆਈਂ ਵੰਡ ਯਕੀਨੀ ਬਣਾਈ ਜਾਂਦੀ ਸੀ। ਇਸ ਦਾ ਫਾਇਦਾ ਇਹ ਸੀ ਕਿ ਸਾਰੇ ਸਾਥੀਆਂ ’ਚ ਬਰਾਬਰੀ ਤੇ ਅਪਣੱਤ ਕਾਇਮ ਰਹਿੰਦੀ ਸੀ। ਕਈ ਸਾਥੀਆਂ ਦੇ ਮੁਲਾਕਾਤੀ ਵਧੇਰੇ ਆਉਦੇ ਤੇ ਵਧੇਰੇ ਸਮਾਨ ਦੇ ਜਾਂਦੇ ਸਨ ਤੇ ਕਈਆਂ ਦੇ ਘੱਟ ਸਮਰੱਥਾ ਵਾਲੇ ਸਨ, ਪਰ ਸਭ ਕੁਝ ਸਾਂਝਾ ਹੋਣ ਕਰਕੇ ਕਿਸੇ ਨੂੰ ਨਿਰਾਸ਼ਾ ਜਾਂ ਹੀਣਤਾ ਮਹਿਸੂਸ ਨਹੀਂ ਸੀ ਹੁੰਦੀ। ਬਠਿੰਡਾ ਜੇਲ੍ਹ ਦੇ ਸਾਰੇ ਕਿਆਮ ਦੌਰਾਨ ਮੇਰੇ ਘਰ ਦਾ ਕੋਈ ਮੁਲਾਕਾਤ ਕਰਨ ਨਹੀਂ ਸੀ ਗਿਆ, ਪਰ ਮੈਨੂੰ ਕਦੇ ਮਹਿਸੂਸ ਵੀ ਨਹੀਂ ਸੀ ਹੋਇਆ। ਸੋ ਇਹ ਗੱਲ ਹੈ, ਸਾਂਝੀਵਾਲਤਾ ਦੀ।ਰਾਤ ਦਾ ਖਾਣਾ-ਖਾਣ ਤੋਂ ਬਾਅਦ ਰੋਜ਼ਾਨਾ ਸਾਰੇ ਸਾਥੀਆਂ ਦੀ ਮੀਟਿੰਗ ਹੁੰਦੀ। ਇਸ ਮੀਟਿੰਗ ਵਿੱਚ ਸੀਨੀਅਰ ਸਾਥੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ, ਬਾਹਰੋਂ ਪ੍ਰਾਪਤ, ਰਿਪੋਰਟ ਸਾਂਝੀ ਕੀਤੀ ਜਾਂਦੀ। ਕਿਸੇ ਨਾ ਕਿਸੇ ਵਿਸ਼ੇ ’ਤੇ ਸਕੂ�ਿਗ ਕੀਤੀ ਜਾਂਦੀ ਅਤੇ ਜੇਲ੍ਹ ਦੇ ਅੰਦਰ ਦੀਆਂ ਹਾਲਤਾਂ ਤੇ ਲੋੜਾਂ-ਥੋੜਾਂ ਬਾਰੇ ਚਰਚਾ ਕੀਤੀ ਜਾਂਦੀ। ਮੀਟਿੰਗ, ਦੌਰਾਨ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਹੁੰਦਾ, ਹਾਸਾ-ਠੱਠਾ ਵੀ ਖੂਬ ਚੱਲਦਾ। ਸੀਨੀਅਰ ਸਾਥੀਆਂ ਵੱਲੋਂ ਨਵੇਂ ਸਾਥੀਆਂ ਨੂੰ ਭਾਸ਼ਨ ਕਰਨ ਜਾਂ ਗੀਤ ਵਗੈਰਾ ਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ। ਕਮਿਊਨ ਕੋਲ ਵਾਹਵਾ ਸਾਹਿਤ ਮੌਜੂਦ ਸੀ, ਅਖਬਾਰ ਵੀ ਆਉਦਾ ਸੀ। ਪੜ੍ਹਨ ਵਿੱਚ ਰੁਚੀ ਪੈਦਾ ਕਰਨ ਤੇ ਬਹਿਸ-ਮੁਹਬਾਸੇ ਕਰਨ ਵੱਲ ਵੀ ਧਿਆਨ ਦਿੱਤਾ ਜਾਂਦਾ ਸੀ। ਭਾਵੇਂ ਸਾਥੀ ਵੱਖ ਵੱਖ ਜੱਥੇਬੰਦੀਆਂ ਨਾਲ ਜੁੜੇ ਸਨ ਪਰ ਗੁੱਟਬੰਦੀ ਦੀ ਕਦੇ ਕੋਈ ਖ਼ਾਸ ਸਮੱਸਿਆ ਦੇਖਣ ’ਚ ਤਾਂ ਆਈ ਨੀਂ।ਨਿੱਜੀ ਰੂਪ ’ਚ ਇਸ ਕਮਿਊਨ ’ਚ ਰਹਿੰਦਿਆਂ ਮੈਨੂੰ ਖ਼ੁਦ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਕਮਿਊਨ ਨੇ ਜੇਲ੍ਹ ਅੰਦਰ ਰਹਿੰਦਿਆਂ ਨਿਰਾਸ਼ਾ ਕਦੇ ਨੇੜੇ ਵੀ ਨਾ ਫਟਕਣ ਦਿੱਤੀ। ਇਸ ਕਮਿਊਨ ’ਚ ਰਹਿੰਦਿਆਂ ਪੜ੍ਹਨ ਦਾ ਅਜਿਹਾ ਮੌਕਾ ਮਿਲਿਆ, ਜਿਹੜਾ ਬਾਹਰ ਰਹਿੰਦਿਆਂ ਕਦੇ ਨਹੀਂ ਸੀ ਮਿਲਿਆ। ਏਥੇ ਰਹਿੰਦਿਆਂ ਹੀ ਪਤਾ ਚੱਲਿਆ ਕਿ ‘ਜੇਲ੍ਹਾਂ ਹੋਣ ਕਾਲਜ਼ ਵਤਨ ਸੇਵਕਾਂ ਦੇ’ ਨਾਂ ਦੀ ਗ਼ਦਰੀ ਕਵਿਤਾ ਦੇ ਕੀ ਅਰਥ ਹਨ। ਇਸ ਕਵਿਤਾ ਦੀਆਂ ਟੂਕਾਂ ਤਾਂ ਅਸੀਂ ਲੱਕੜੀ ਦੇ ਕੋਲ਼ਿਆਂ ਤੇ ਪੱਤਿਆਂ ਨਾਲ ਜੇਲ੍ਹ ਦੀਆਂ ਕੰਧਾਂ ’ਤੇ ਵੀ ਉਕੱਰ ਰੱਖੀਆਂ ਸਨ।ਸੰਪਰਕ: +91 94175 88616