Thu, 21 November 2024
Your Visitor Number :-   7255495
SuhisaverSuhisaver Suhisaver

ਕੀ ਭਾਰਤ ਇੱਕ ਗਣਤੰਤਰ ਹੈ? – ਐੱਸ. ਸੁਰਿੰਦਰ ਇਟਲੀ

Posted on:- 27-03-2016

suhisaver

ਗਣਤੰਤਰ ਦਾ ਅਰਥ ਸਾਡੇ ਵਿੱਚੋਂ ਕਿੰਨੇ ਕੁ ਲੋਕ ਜਾਣਦੇ ਹਨ ? ਗਣਤੰਤਰ ਦੀ ਗਰਦਾਨ ਕਿੰਨੇ ਕੁ ਲੋਕ ਜਾਣਦੇ ਹਨ । ਭਾਰਤ ਸਹੀ ਤੌਰ ਤੇ ਗਣਤੰਤਰ ਬਣਿਆ ਵੀ ਹੈ ਜਾਂ ਸਾਡਾ ਦੇਸ਼ ਮਹਿਜ ਗਣਤੰਤਰਤਾ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ ।ਕੀ ਨਿਆਂ ਪਾਲਿਕਾ , ਕਾਰਜ ਪਾਲਿਕਾ , ਵਿਧਾਨ ਪਾਲਿਕਾ , ਪ੍ਰੈੱਸ ਆਪਣੀ ਜ਼ਿੰਮੇਵਾਰੀ ਠੀਕ ਤੌਰ ਤੇ ਨਿਭਾ ਰਹੀ ਹੈ । ਕੀ ਆਮ ਲੋਕਾਂ ਨੇ ਇਸ ਗਣਤੰਤਰ ਵਿੱਚ ਆਪਣਾ ਫ਼ਰਜ਼ ਸਮਝ ਲਿਆ ਹੈ , ਜਾਂ ਫਿਰ ਆਮ ਲੋਕਾਂ ਦੀ ਜ਼ਿੰਮੇਵਾਰੀ ਇਸ ਗਣਰਾਜ ਵਿੱਚ ਕੋਈ ਨਹੀਂ ਹੈ ? ਕੀ ਆਮ ਨਾਗਰਿਕ ਗਣਰਾਜ ਦੇ ਕੇਵਲ 5 ਸਾਲ ਵਿੱਚ ਇੱਕ ਵਾਰ ਹੀ ਕੰਮ ਆਉਂਦਾ ਹੈ ।

ਕੁਝ ਐਸੇ ਸਵਾਲ ਹਨ , ਜੋ ਮੱਥੇ ਵਿੱਚ ਚਿੰਤਾ ਦੀਆਂ ਰੇਖਾਵਾਂ ਪੈਂਦਾ ਕਰਦੇ ਹਨ । 1947 ਨੂੰ ਦੁਨੀਆਂ ਵਿੱਚ ਹੋਰ ਦੇਸ਼ ਵੀ ਅਜ਼ਾਦ ਹੋਏ , ਅੱਜ ਉਹ ਦੇਸ਼ ਕਿੱਥੇ ਹਨ , ਅਸੀਂ ਕਿੱਥੇ ਬੈਠੇ ਹਾਂ ? ਸਾਡੀ ਇਸ ਗਣਤੰਤਰ ਵਿੱਚ ਕੀ ਜ਼ਿੰਮੇਵਾਰੀ ਹੈ , ਕਦੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਅਧਿਕਾਰਾਂ ਦੀ ਪੁਣ - ਛਾਣ ਕੀਤੀ ਹੈ ? ਅੱਜ ਦੁਨੀਆਂ ਭਰ ਵਿੱਚ ਬਹੁਤ ਘੱਟ ਦੇਸ਼ ਤੇ ਬਹੁਤ ਘੱਟ ਕੌਮਾਂ ਗੁਲਾਮ ਰਹਿ ਗਈਆਂ ਹਨ । ਸੁਹਿਰਦ ਸੋਚ ਵਾਲੀਆਂ ਕੌਮਾਂ ਅੱਜ ਨਿੱਤ ਨਵੀਆਂ ਪੁਲਾਘਾਂ ਪੁੱਟ ਰਹੇ ਹਨ । ਤਰੱਕੀ ਦੇ ਨਵੇਂ ਮੀਲ ਪੱਥਰ ਗੱਡ ਰਹੇ ਹਨ । ਲੇਕਿਨ ਸਾਡਾ ਦੇਸ਼ ਹਾਲੇ ਰੋਟੀ , ਕੱਪੜਾ , ਮਕਾਨ ਦੀਆਂ ਜ਼ਰੂਰਤਾਂ ਨਾਲ ਜੂਝ ਰਿਹਾ ਹੈ ।

ਨਿਆਂ ਪਾਲਿਕਾ ਤੋਂ ਬਿਨ੍ਹਾਂ ਕਿਸੇ ਵੀ ਦੇਸ਼ ਵਿੱਚ ਜੰਗਲ ਰਾਜ ਹੁੰਦਾ ਹੈ । ਭਾਵ ਕਿ ਜਿਸ ਦੀ ਲਾਠੀ ਉਸ ਦੀ ਮੱਝ । ਜੇਕਰ ਅਸੀਂ ਆਪਣੇ ਅਦਾਲਤੀ ਸਿਸਟਮ ਤੇ ਉਪਰੋਂ - ਥੱਲੇ ਤੱਕ ਨਜ਼ਰ ਮਾਰ ਕੇ ਦੇਖੀਏ , ਸਾਡੀ ਨਿਆਂ ਪਾਲਿਕਾ ਵਿੱਚ ਵੀ ਸਾਰਾ ਕੁਝ ਤਾਕਤਵਰ ਲਈ ਹੈ । ਕਮਜ਼ੋਰ ਆਦਮੀ ਲਈ ਕਾਲੇ ਕਾਨੂੰਨ ਹਨ , ਜਾਂ ਫਿਰ ਉਮਰੋਂ ਲੰਮੀ ਉਡੀਕ ਹੈ । ਅਦਾਲਤਾਂ ਦੀ ਲੰਮੀ ਉਡੀਕ ਸਾਡੇ ਅਦਾਲਤੀ ਢਾਂਚੇ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਹੈ ? ਕਾਨੂੰਨ ਲਾਗੂ ਕਰਨ ਵਾਲੇ ਅਦਾਰੇ ਜਿਸ ਤਰੀਕੇ ਨਾਲ ਕੰਮ ਕਰ ਰਹੇ ਹਨ । ਉਸ ਨਾਲ ਆਮ ਬੰਦੇ ਲਈ ਜਾਨ - ਲੇਵਾ ਤਕਲੀਫ਼ਾਂ ਹਨ । ਸਾਡੀ ਨਿਆਂ ਪਾਲਿਕਾ ਨੇ ਆਪਣੇ ਸਿਆਸੀ ਪ੍ਰਭੂਆਂ ਅੱਗੇ ਝੁਕ ਕੇ ਨਾ ਸਿਰਫ਼ ਗਣਰਾਜ ਦੀਆਂ ਨੀਆਂ ਕਮਜ਼ੋਰ ਕੀਤੀਆਂ ਹਨ , ਬਲਕਿ ਬਹੁ - ਗਿਣਤੀ ਤੇ ਘੱਟ -ਗਿਣਤੀ ਵਿੱਚ ਵੀ ਪਾੜਾ ਪੈਂਦਾ ਕੀਤਾ ਹੈ । ਜੱਜ ਜਿੰਨ੍ਹੇ ਮਰਜ਼ੀ ਕਾਬਿਲ ਹੋਣ , ਜਿੱਥੇ ਸਿਆਸੀ ਲੋਕ ਆਪਣੀ ਮਰਜ਼ੀ ਮੁਤਾਬਿਕ ਫ਼ੈਸਲੇ ਲੈਣਗੇ ਉੱਥੇ ਅਦਾਲਤਾਂ ਕੇਵਲ ਦਿਖਾਵਾ ਮਾਤਰ ਰਹਿ ਜਾਣਗੀਆਂ । ਲੋਕ ਹਥਿਆਰ ਬੰਦ ਲਹਿਰਾਂ ਵੱਲ ਤੁਰਨਗੇ । ਜਿੱਥੇ ਅਦਾਲਤਾਂ ਉਪਰ ਸਿਆਸੀ ਦਬਾਅ ਹੈ ਸਮਾਜ ਤੇ ਦੇਸ਼ ਸਦਾ ਅਸ਼ਾਤ ਰਹੇਗਾ । ਨਵੰਬਰ 1984 ਦਾ ਦੁਖਾਂਤ ਸਾਡੇ ਸਾਹਮਣੇ ਹੈ । ਸਾਡੇ ਅਦਾਲਤੀ ਸਿਸਟਮ ਵਿੱਚ ਬੇਗੁਨਾਹ ਲਈ ਰੱਸਾ , ਤੇ ਕਾਤਿਲ ਨੂੰ ਕਲੀਨ ਚਿੱਟ ਹੈ ।

ਅਗਰ ਸਾਡਾ ਸਾਰਾ ਰਾਜਨੀਤਿਕ ਸਿਸਟਮ ਦੇਖੋ , ਜਿਸ ਤਰਾਂ ਦੇ ਲੀਡਰ ਅਸੀਂ ਪੈਂਦਾ ਕੀਤੇ ਹਨ । ਉਸ ਤੋਂ ਸਮੁੱਚੇ ਸਮਾਜ ਦੀ ਚੇਤਨਤਾ ਦਾ ਪਤਾ ਲੱਗ ਜਾਂਦਾ ਹੈ । ਅਸੀਂ ਜਿਸ ਤਰਾਂ ਦੇ ਬੇੜੀ ਡੋਬਣ ਵਾਲੇ ਲੀਡਰ ਕੁਰਸੀਆਂ ਤੇ ਬਿਠਾਏ ਹਨ , ਉਸ ਨਾਲ ਸਾਡੇ ਵਿੱਚ ਕਿੰਨੀ ਕੁ ਸੂਝ-ਬੂਝ ਹੈ , ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ ।

ਸਾਰੀਆਂ ਪਾਰਟੀਆਂ ਦਾਅਵਾ ਤਾਂ ਧਰਮ ਨਿਰਪੱਖਤਾ ਦਾ ਕਰਦੀਆਂ ਹਨ । ਲੇਕਿਨ ਹਾਲ ਸਾਰੀਆਂ ਪਾਰਟੀਆਂ ਦਾ , ਹਾਥੀ ਦੇ ਦੰਦਾਂ ਵਾਲਾ ਹੈ । ਅੱਜ ਹਰ ਪਾਰਟੀ ਮੌਕਾਪ੍ਰਸਤਾਂ , ਜੀ ਹਜ਼ੂਰੀਆਂ ਨਾਲ ਭਰੀਆਂ ਪਈਆਂ ਹਨ । ਹਰ ਪਾਰਟੀ ਰਾਜਨੀਤੀ ਲਈ ਧਰਮ ਦੀ ਵਰਤੋਂ ਕਰ ਰਹੀ ਹੈ । ਲੀਡਰ ਚੰਗੀ ਤਰਾਂ ਜਾਣਦੇ ਹਨ , ਭਾਰਤ ਦੇ ਲੋਕਾਂ ਦੀ ਮਾਨਸਿਕ ਬ੍ਰਿਤੀ ਧਰਮ ਨਾਲ ਜੁੜੀ ਹੋਈ ਹੈ । ਅੱਜ ਲੋਕਾਂ ਦੇ ਵੱਗ ਧਾਰਮਿਕ ਅਸਥਾਨਾਂ , ਡੇਰਿਆਂ ਵੱਲ ਭੱਜੇ ਜਾਂਦੇ ਹਨ । ਅੱਜ ਰਾਜਨੀਤਕ ਲੋਕ ਡੇਰਿਆਂ ਨੂੰ ਪਿਤਾ ਬਣ ਕੇ ਪਾਲ ਰਹੇ ਹਨ । ਕਹਿੰਦੇ ਹਨ , ਚੋਰ ਤੇ ਕਾਲੀ ਰਾਤ ਸਕੇ ਭੈਣ - ਭਰਾ ਹਨ । ਰਾਜਨੀਤਕ ਲੀਡਰਾਂ ਤੇ ਡੇਰੇਦਾਰ ਚੋਰ ਤੇ ਕਾਲੀ ਰਾਤ ਵਾਂਗ ਸਾਡੀ ਲੁੱਟਮਾਰ ਕਰ ਰਹੇ ਹਨ । ਅਸੀਂ ਆਪਣੀ ਇੱਜ਼ਤ ਗੁਆ ਕੇ ਨਾ ਸਿਰਫ਼ ਖ਼ੁਸ਼ ਹਾਂ , ਸਗੋਂ ਆਪਣੇ ਭਵਿੱਖ ਦੀ ਹੋਲੀ ਵੀ ਬਾਲ ਰਹੇ ਹਾਂ । ਆਮ ਨਾਗਰਿਕ ਸਿਆਸੀ ਲੋਕਾਂ ਦੇ ਪਿਛਲੱਗੂ ਬਣ ਕੇ ਰਹਿ ਗਏ ਹਨ । ਇਸ ਗਣਤੰਤਰ ਵਿੱਚ ਸਿਆਸੀ ਲੀਡਰ ਡੇਰੇਦਾਰਾਂ ਦੇ ਸੇਵਾਦਾਰ ਹਨ ਨਾਂ ਕਿ ਲੋਕਾਂ ਦੇ ।

ਅਸੀਂ ਆਪਣੀ ਆਰਥਿਕ ਲੁੱਟ ਨੂੰ ਪਿਛਲੇ ਕਰਮਾਂ ਦੇ ਕਰਮ ਸਮਝ ਕੇ ਭੋਗ ਰਹੇ ਹਨ । ਅਸੀਂ ਲੀਡਰਾਂ ਅੱਗੇ ਗੋਡੇ ਟੇਕ ਦਿੱਤੇ ਹਨ । ਸ਼ਾਤਰ ਲੀਡਰ ਸਾਨੂੰ ਭਬੀਰੀ ਵਾਂਗੂੰ ਘੁੰਮਾ ਰਹੇ ਹਨ । ਵੋਟ ਵਿਕ ਰਹੀ ਹੈ । ਕੁਰਸੀ ਵਿਕ ਰਹੀ ਹੈ । ਇਮਾਨ ਵਿਕ ਰਿਹਾ ਹੈ । ਇਨਸਾਨ ਵਿਕ ਰਿਹਾ ਹੈ । ਸਾਡਾ ਪੂਰਾ ਸਿਆਸੀ ਸਿਸਟਮ ਬੰਦਿਆਂ ਦੀ ਤਜ਼ਾਰਤ ਕਰ ਰਿਹਾ ਹੈ । ਹਰ ਰੋਜ਼ ਮੁਫ਼ਾਦ ਪ੍ਰਸਤ ਲੋਕ ਨਵੀਆਂ ਪਾਰਟੀਆਂ ਬਣਾ ਰਹੇ ਹਨ ।

ਅਗਰ ਸਾਡੀ ਪੁਲਿਸ ਦੀ ਕਾਰਗੁਜ਼ਾਰੀ ਤੇ ਨਜ਼ਰ ਮਾਰੀ ਜਾਵੇ ਤਾਂ ਪੂਰੀ ਖ਼ਾਕੀ ਵਰਦੀ ਸਿਆਸੀ ਲੋਕਾਂ ਦੀ ਜੀ ਹਜ਼ੂਰੀ ਕਰ ਰਹੀ ਹੈ । ਸਾਡਾ ਪੁਲਿਸ ਮਹਿਕਮਾ ਸਦਾ ਸਿਆਸੀ ਲੋਕਾਂ ਦੀ ਸੇਵਾ ਕਰਨ ਲਈ ਜੁੜਿਆ ਰਹਿੰਦਾ ਹੈ । ਜਦੋਂ ਸਿਆਸੀ ਲੋਕਾਂ ਦੀ ਤਾਕਤ ਲੋਕ ਅਦਾਰਿਆਂ ਵਿੱਚ ਆਪਣੀ ਸਰਦਾਰੀ ਕਾਇਮ ਕਰ ਲਵੇ , ਉਦੋਂ ਆਮ ਆਦਮੀ ਨੂੰ ਇਨਸਾਫ਼ ਦੀ ਆਸ ਕਰਨੀ ਫਜ਼ੂਲ ਹੈ । ਨਿਰਾਸ਼ਾ ਹੌਲੀ - ਹੌਲੀ ਰੋਸ ਦਾ ਰੂਪ ਧਾਰਨ ਕਰਦੀ ਹੈ । ਰੋਸ ਹੌਲੀ - ਹੌਲੀ ਬਗਾਵਤ ਦਾ ਰੂਪ ਧਾਰਨ ਕਰਦਾ ਹੈ । ਲੋਕ ਲਹਿਰਾਂ ਉੱਠਦੀਆਂ ਹਨ , ਬੇਦੋਸ਼ਾ ਖੂਨ ਡੁੱਲਦਾ ਹੈ । ਸਿਆਸੀ ਲੋਕ ਬਹੁਤ ਵਾਰੀ ਲੋਕ ਲਹਿਰਾਂ ਨੂੰ ਆਪਣੀ ਕੁਰਸੀ ਪ੍ਰਾਪਤੀ ਲਈ ਵਰਤਦੇ ਹਨ । ਮੱਕਾਰ ਲੀਡਰ ਫੇਰ ਕੁਰਸੀ ਤੇ ਬਹਿ ਜਾਂਦਾ ਹੈ । ਆਮ ਜਨਤਾ ਲੀਡਰਾਂ ਦੀ ਚਾਲ ਸਮਝਣ ਤੋਂ ਅਸਮਰਥ ਹੁੰਦੀ ਹੈ । ਲੀਡਰ ਸਦਾ ਜਿੱਤ ਜਾਂਦਾ ਹੈ , ਲੋਕ ਵਿਚਾਰੇ ਹਾਰ ਜਾਂਦੇ ਹਨ ।

ਸਾਡੀਆਂ ਵੋਟਾਂ ਰਾਹੀਂ ਚੁਣੀ ਸਰਕਾਰ ਕਿਤਨਾ ਕੁ ਨੋਟਿਸ ਲੈਂਦੀ ਹੈ , ਕਿ ਥੱਲੇ ਬੈਠਾ ਸਰਕਾਰੀ ਅਮਲਾ ਪ੍ਰਸ਼ਾਸ਼ਨ ਕਿਵੇਂ ਚਲਾਉਂਦਾ ਹੈ ? ਸਰਕਾਰੀ ਹੁਕਮਾਂ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ , ਸਰਕਾਰੀ ਮੋਹਰ ਕਿੰਨ੍ਹਾ ਕੁ ਕੰਮ ਕਰ ਰਹੀ ਹੈ । ਕਿਤੇ ਸਰਕਾਰੀ ਹੁਕਮ ਕਾਗਜ਼ੀ ਹੁਕਮ ਤਾਂ ਨਹੀਂ । ਜੇ ਸੱਚ ਪੁੱਛੋ ਤਾਂ ਭਾਰਤ ਵਿੱਚ ਇੰਝ ਹੀ ਵਾਪਰ ਰਿਹਾ ਹੈ । ਕਾਨੂੰਨ ਲਾਗੂ ਕਰਨ ਵਾਲੇ ਅਦਾਰੇ ਤਾਕਤਵਰ , ਕਮਜ਼ੋਰ ਨੂੰ ਦੋ ਨਜ਼ਰਾਂ ਨਾਲ ਵੇਖਦੇ ਹਨ । ਕਾਨੂੰਨ ਜਿੰਨੇ ਮਰਜ਼ੀ ਵਧੀਆ ਬਣ ਜਾਣ , ਜਿਸ ਕਾਨੂੰਨ ਨੂੰ ਪੱਖਪਾਤ ਕਰਨ ਵਾਲੇ ਅਹਿਲਕਾਰ ਚਲਾ ਰਹੇ ਹਨ । ਉੱਥੇ ਲੋਕ ਕਦੇ ਅਮਨ ਨਾਲ ਨਹੀਂ ਰਹਿ ਸਕਦੇ । ਸਮਾਜ ਸਦਾ ਅਸ਼ਾਤ ਰਹਿੰਦਾ ਹੈ ।

ਹਰ ਪਾਰਟੀ ਸੱਤਾ ਤੇ ਆਉਣ ਤੋਂ ਪਹਿਲਾ ਰਾਮਰਾਜ ਦੇਣ ਦਾ ਵਾਅਦਾ ਕਰਦੀ ਹੈ । ਹਰ ਲੀਡਰ ਮਹਾਰਾਜਾ ਰਣਜੀਤ ਸਿੰਘ ਵਰਗਾ ਇਨਸਾਫ਼ ਦੇਣ ਦੀ ਗੱਲ ਕਰਦਾ ਹੈ । ਪਰ ਸਾਡੇ ਦੇਸ਼ ਵਿੱਚ ਰਾਵਣ ਰਾਜ ਨਿਰਵਿਘਨ ਚੱਲ ਰਿਹਾ ਹੈ । ਰਾਵਣ ਰਾਜ ਨੂੰ ਸਾਡੀ ਅੰਨ੍ਹੇ ਰੱਥਵਾਨ ਚਲਾ ਰਹੇ ਹਨ ।

ਭਾਰਤ ਦਾ ਜੇਕਰ ਪ੍ਰਿੰਟ ਮੀਡੀਆ , ਇਲੈਕਟਰੋਨਿਕ ਮੀਡੀਆ ਦੇਖਿਆ ਜਾਵੇ , ਇਹ ਵੀ ਲੋਕਾਂ ਦਾ ਨਹੀਂ ਸਰਕਾਰ ਦਾ ਖਿ਼ਆਲ ਰੱਖਦਾ ਹੈ । ਸਾਡਾ ਮੀਡੀਆ ਸਰਕਾਰੀ ਢੋਲਕ ਵਜਾਉਂਦਾ ਹੈ । ਇੱਕ ਪਾਸੜ ਬੋਲੀ ਸਦਾ ਹੱਕਦਾਰਾਂ ਨੂੰ ਨਜ਼ਰ - ਅੰਦਾਜ਼ ਕਰ ਦਿੰਦੀ ਹੈ । ਸਾਡਾ ਸਾਰਾ ਮੀਡੀਆ ਵਪਾਰੀ ਲੋਕ ਚਲਾਉਂਦੇ ਹਨ । ਜਦੋਂ ਮੀਡੀਆ ਵਿੱਚ ਵਪਾਰੀ , ਸਿਆਸੀ ਲੋਕ ਵੜ ਜਾਣ ਆਮ ਲੋਕਾਂ ਦੀ ਅਵਾਜ਼ ਸਦਾ ਦੱਬ ਜਾਂਦੀ ਹੈ । ਕੇਵਲ ਸਰਕਾਰੀ ਸੂਚਨਾ ਲੋਕਾਂ ਨੂੰ ਦਿੱਤੀ ਜਾਂਦੀ ਹੈ । ਅੱਜ ਪ੍ਰੈਸ ਨੂੰ ਸਰਕਾਰੀ ਏਜੰਟ, ਜਾਂ ਸਰਕਾਰ ਖ਼ੁਦ ਚਲਾ ਰਹੀ ਹੈ । ਸਾਡਾ ਸਰਕਾਰੀ ਟੈਲੀਵੀਯਨ ਸਾਨੂੰ ਪੱਥਰ ਯੁਗ ਦੇ ਸੀਰੀਅਲ ਵਿਖਾ ਕੇ ਸਾਡੀ ਸੋਚ ਨੂੰ ਬੌਨੀ ਕਰ ਰਿਹਾ ਹੈ । ਅੱਜ ਜ਼ੀਰੋ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਇਸ ਖੱਪ - ਖ਼ਾਨੇ ਵਿੱਚ ਆਮ ਬੰਦਾ ਭੰਬਲਭੂਸੇ ਵਿੱਚ ਪਿਆ ਹੈ ।

ਜਦੋਂ ਸਾਡੀਆਂ ਅਦਾਲਤਾਂ ਆਮ ਆਦਮੀ ਨੂੰ ਫੌਰੀ ਇਨਸਾਫ਼ ਦੇਣਗੀਆ , ਜਦੋਂ ਆਮ ਬੰਦੇ ਦੀ ਸੂਝ ਐਨੀ ਉੱਚੀ ਹੋ ਗਈ ਕਿ ਉਸ ਨੂੰ ਸਿਆਸਤਦਾਨਾਂ ਦੀ ਲੂੰਬੜ ਚਾਲ ਸਮਝ ਆਣ ਲੱਗ ਪਈ , ਜਦੋਂ ਆਮ ਨਾਗਰਿਕ ਥਾਣੇ ਵਿੱਚ ਬਗੈਰ ਕਿਸੇ ਡਰ ਦੇ ਰਿਪੋਰਟ ਦਰਜ਼ ਕਰਵਾਏਗਾ । ਜਦੋਂ ਸਰਕਾਰੀ ਅਫ਼ਸਰ ਆਪਣੇ ਦਫ਼ਤਰ ਵਿੱਚੋਂ ਨਿਕਲ ਕੇ ਮਜ਼ਦੂਰ ਦੀ ਸਮੱਸਿਆ ਸੁਣੇਗਾ , ਜਦੋਂ ਕਾਨੂੰਨ ਘਾੜੇ ਇਹ ਵਾਚਣ ਲੱਗ ਪਏ ਕਾਨੂੰਨ ਸਿਆਸੀ ਲੋਕਾਂ ਦੀ ਥਾਂ ਆਮ ਲੋਕਾਂ ਲਈ ਕੰਮ ਕਰ ਰਿਹਾ ਹੈ , ਜਦੋਂ ਸਾਡਾ ਮੀਡੀਆ ਸਰਕਾਰੀ ਸੇਵਾ ਛੱਡ ਕੇ ਲੋਕਾਂ ਦੀ ਗੱਲ ਕਰੇਗਾ ।

ਓਸ ਵੇਲੇ ਨਿਰਸੰਦੇਹ ਭਾਰਤ ਇੱਕ ਗਣਰਾਜ ਬਣ ਜਾਵੇਗਾ । ਹਾਲੇ ਦਿੱਲੀ ਦੂਰ ਹੈ ।ਅਦਾਲਤਾਂ , ਰਹਿਨੁਮਾ , ਪੁਲਿਸ , ਮੀਡੀਆ ਸਲਤਨਤ ਦੀ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ । ਮੈਨੂੰ ਲਗਦਾ ਹੈ , ਦੀਵੇ ਥੱਲੇ ਹਨੇਰਾ ਹੈ ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ