Thu, 21 November 2024
Your Visitor Number :-   7252480
SuhisaverSuhisaver Suhisaver

ਬਸਤਰ ਵਿੱਚ ਪੱਤਰਕਾਰ, ਵਕੀਲ ਅਤੇ ਜਮਹੂਰੀ ਕਾਰਕੁਨ ਹਕੂਮਤੀ ਦਹਿਸ਼ਤਗਰਦੀ ਦੀ ਮਾਰ ਹੇਠ

Posted on:- 20-03-2016

suhisaver

-ਬੂਟਾ ਸਿੰਘ

‘ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ’ ਕਿਹੋ ਜਹੀ ਜਮਹੂਰੀ ਹੈ, ਅਤੇ ਇਹ ਆਜ਼ਾਦੀ ਨਾਲ ਆਪਣੀ ਗੱਲ ਕਹਿਣ ਲਈ ਜਾਗਰੂਕ ਨਾਗਰਿਕਾਂ ਨੂੰ ਕਿਹੋ ਜਹੀ ਜਮਹੂਰੀ ਖੁੱਲ੍ਹ ਦਿੰਦੀ ਹੈ ਇਸ ਦੀ ਇਕ ਤਾਜ਼ਾ ਮਿਸਾਲ ਛੱਤੀਸਗੜ੍ਹ ਵਿਚ ਸਾਹਮਣੇ ਆਈ ਹੈ। ਉਥੇ ਬਸਤਰ ਜ਼ਿਲ੍ਹੇ ਦੇ ਜ਼ਿਲ੍ਹਾ ਸਦਰ-ਮੁਕਾਮ ਜਗਦਲਪੁਰ ਵਿਖੇ ਕੰਮ ਕਰ ਰਹੇ ਲੋਕਪੱਖੀ ਵਕੀਲਾਂ, ਪੱਤਰਕਾਰਾਂ ਅਤੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਕੇ ਉੱਥੋਂ ਦੇ ਅਸਲ ਹਾਲਾਤ ਨੂੰ ਜੱਗ ਜ਼ਾਹਰ ਹੋਣ ਤੋਂ ਰੋਕਣ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਅਤੇ ਉਨ੍ਹਾਂ ਦੇ ਕਾਨੂੰਨੀ ਤੇ ਗ਼ੈਰਕਾਨੂੰਨੀ ਤੰਤਰ ਨੇ ਪੂਰੀ ਤਾਕਤ ਝੋਕੀ ਹੋਈ ਹੈ। ਰਾਜਤੰਤਰ ਇਹ ਯਕੀਨੀ ਬਣਾ ਰਿਹਾ ਹੈ ਕਿ ਸਰਕਾਰੀ ਲਸ਼ਕਰਾਂ ਵਲੋਂ ਕੀਤੀ ਜਾ ਰਹੀ ਕਤਲੋਗ਼ਾਰਤ ਬਾਰੇ ਦੁਨੀਆ ਨੂੰ ਦੱਸਣ ਅਤੇ ਹਵਾਲਾਤਾਂ ਤੇ ਜੇਲ੍ਹਾਂ ਵਿਚ ਅਣਮਿੱਥੇ ਸਮੇਂ ਲਈ ਡੱਕੇ ਤੇ ਦਿਨੋਦਿਨ ਹੋਰ ਵਧੇਰੇ ਤਾਦਾਦ ਵਿਚ ਗਿ੍ਰਫ਼ਤਾਰ ਕੀਤੇ ਜਾ ਰਹੇ ਆਦਿਵਾਸੀਆਂ ਦੀ ਅਦਾਲਤੀ ਮਾਮਲਿਆਂ ਵਿਚ ਮਦਦ ਕਰਨ ਵਾਲਾ ਉੱਥੇ ਕੋਈ ਨਾ ਰਹੇ।

ਬਸਤਰ ਤੋਂ ਦੋ ਪੱਤਰਕਾਰਾਂ, ਸੰਤੋਸ਼ ਯਾਦਵ ਅਤੇ ਸੋਮਰੂ ਨਾਗ ਨੂੰ ਗਿ੍ਰਫ਼ਤਾਰ ਕਰਕੇ ਮਾਓਵਾਦੀਆਂ ਨਾਲ ਸਬੰਧਤ ਹੋਣ ਦੇ ਇਲਜ਼ਾਮ ਤਹਿਤ ਕਈ ਮਹੀਨਿਆਂ ਤੋਂ ਜੇਲ੍ਹ ਬੰਦ ਕੀਤਾ ਹੋਇਆ ਹੈ ਜੋ ਹਿੰਦੀ ਅਖ਼ਬਾਰਾਂ ਲਈ ਕੰਮ ਕਰ ਰਹੇ ਸਨ। ਹੁਣ ਆਦਿਵਾਸੀਆਂ ਨੂੰ ਕਾਨੂੰਨੀ ਸਹਾਇਤਾ ਦੇ ਰਹੇ ਵਕੀਲਾਂ ਦੀ ਸੰਸਥਾ - ਜਗਦਲਪੁਰ ਲੀਗਲ ਏਡ ਗਰੁੱਪ - ਅਤੇ ਸਕਰੌਲ ਨਿਊਜ਼ ਪੋਰਟਲ ਦੀ ਪੱਤਰਕਾਰ ਮਾਲਿਨੀ ਸੁਬਰਾਮਨੀਅਮ ਨੂੰ ਬੇਤਹਾਸ਼ਾ ਤੰਗ-ਪ੍ਰੇਸ਼ਾਨ ਕਰਕੇ ਉੱਥੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਗਿਆ ਹੈ।

ਸਮਾਜ-ਵਿਗਿਆਨੀ ਬੇਲਾ ਭਾਟੀਆ ਨੂੰ ਵੀ ਉੱਥੋਂ ਕੱਢਣ ਲਈ ਹਰ ਹਰਵਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਦੋਂ ਬੀ.ਬੀ.ਸੀ. ਹਿੰਦੀ ਸਰਵਿਸ ਦੇ ਪੱਤਰਕਾਰ ਅਲੋਕ ਪ੍ਰਕਾਸ਼ ਪੁਤੁਲ ਨੇ ਵਕੀਲਾਂ ਤੇ ਪੱਤਰਕਾਰਾਂ ਨੂੰ ਬਸਤਰ ਵਿੱਚੋਂ ਕੱਢ ਦਿੱਤੇ ਜਾਣ ਅਤੇ ਉਥੇ ਚੱਲ ਰਹੇ ਜਬਰ ਬਾਰੇ ਰਿਪੋਰਟਿੰਗ ਕੀਤੀ ਤਾਂ ਉਸ ਨੂੰ ਵੀ ਸੁਨੇਹਾ ਮਿਲ ਗਿਆ ਕਿ ਜਿੰਨੀ ਛੇਤੀ ਸੰਭਵ ਹੈ ਜਾਨ ਬਚਾਕੇ ਉੱਥੋਂ ਨਿਕਲ ਜਾਵੇ, ਅਣਪਛਾਤੇ ਗਰੋਹ ਉਸ ਦੀ ਭਾਲ ਕਰ ਰਹੇ ਹਨ। ਨਿੳੂ ਯਾਰਕ ਸਥਿਤ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਨੇ ਆਪਣੇ 29 ਫਰਵਰੀ ਦੇ ਪ੍ਰੈੱਸ-ਬਿਆਨ ਵਿਚ ਇਨ੍ਹਾਂ ਹਾਲਾਤ ਉੱਪਰ ਡੂੰਘੀ ਫ਼ਿਕਰਮੰਦੀ ਜ਼ਾਹਰ ਕੀਤੀ ਹੈ। ਕਮੇਟੀ ਦੀ ਜਾਂਚ ਕਹਿੰਦੀ ਹੈ ਕਿ ਪੁਲਿਸ ਅਕਸਰ ਹੀ ਆਲੋਚਨਾ ਵਾਲੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਦਾ ਮੂੰਹ ਬੰਦ ਕਰਨ ਲਈ ਜਾਂ ਮੁਖ਼ਬਰਾਂ ਵਜੋਂ ਕੰਮ ਕਰਨ ਲਈ ਉਨ੍ਹਾਂ ਉੱਪਰ ਦਬਾਓ ਪਾਉਦੀ ਹੈ, ਤੰਗ-ਪ੍ਰੇਸ਼ਾਨ ਕਰਦੀ ਹੈ ਜਾਂ ਉਨ੍ਹਾਂ ਨਾਲ ਬਦਸਲੂਕੀ ਕਰਦੀ ਹੈ। ਕਮੇਟੀ ਅਨੁਸਾਰ, ਪੱਤਰਕਾਰਾਂ ਤੇ ਵਕੀਲਾਂ ਨੂੰ ਉੱਥੋਂ ਕੱਢ ਦਿੱਤੇ ਜਾਣ ਨਾਲ ‘‘ਇਲਾਕੇ ਵਿਚ ਸੂਚਨਾ ਦੇ ਖ਼ਲਾਅ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਥੇ ਪ੍ਰੈੱਸ ਪਹਿਲਾਂ ਹੀ ਭਾਰੀ ਦਬਾਓ ਹੇਠ ਕੰਮ ਕਰ ਰਹੀ ਹੈ।’’

ਛੱਤੀਸਗੜ੍ਹ ਦੇ ਆਦਿਵਾਸੀ ਇਲਾਕਿਆਂ, ਖ਼ਾਸ ਕਰਕੇ ਬਸਤਰ ਵਿਚ ਆਦਿਵਾਸੀ ਲੋਕਾਂ ਦੇ ਇਨਕਲਾਬੀ ਟਾਕਰਾ ਸੰਘਰਸ਼ ਨੂੰ ਕੁਚਲਣ ਲਈ ਜੋ ਵਿਆਪਕ ਨੀਮ-ਫ਼ੌਜੀ ਤੇ ਪੁਲਿਸ ਓਪਰੇਸ਼ਨ - ਓਪਰੇਸ਼ਨ ਗ੍ਰੀਨ ਹੰਟ - 2009 ਵਿਚ ਸ਼ੁਰੂ ਕੀਤਾ ਗਿਆ ਸੀ ਪਿਛਲੇ ਇਕ ਸਾਲ ਵਿਚ ਉਸ ਵਿਚ ਬੇਤਹਾਸ਼ਾ ਤੇਜ਼ੀ ਲਿਆਂਦੀ ਗਈ ਹੈ। ਮੁਲਕ ਦੀਆਂ ਸਰਹੱਦਾਂ ਦੀ ਬਾਹਰਲੇ ਹਮਲਿਆਂ ਤੋਂ ਰਾਖੀ ਲਈ ਬਣਾਈ ਫ਼ੌਜ ਨੂੰ ਵੀ ਅਣਐਲਾਨੇ ਤੌਰ ’ਤੇ ਇਸ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਪਿਛਲੇ ਸਮੇਂ ਵਿਚ ਮੀਡੀਆ ਦੇ ਕੁਛ ਹਿੱਸੇ ਵਿਚ ਇਹ ਚਰਚਾ ਵੀ ਹੁੰਦੀ ਰਹੀ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਰਾਜ ਅਮਰੀਕਾ ਅਤੇ ਉਸਦੇ ਪਿੱਠੂ ਇਸਰਾਇਲ ਦੀਆਂ ਖ਼ੁੰਖ਼ਾਰ ਖੁਫ਼ੀਆ ਏਜੰਸੀਆਂ ਇਸ ਸਰਜ਼ਮੀਨ ਉੱਪਰ ਹਿੰਦੁਸਤਾਨੀ ਰਾਜ ਵਿਰੁੱਧ ਚਲ ਰਹੀਆਂ ਹਥਿਆਰਬੰਦ ਲਹਿਰਾਂ, ਖ਼ਾਸ ਕਰਕੇ ਮਾਓਵਾਦੀ ਲਹਿਰ ਨੂੰ ਕੁਚਲਣ ਵਿਚ ਉਚੇਚਾ ਹਿੱਸਾ ਪਾ ਰਹੀਆਂ ਹਨ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ, ਇਹ ਤੁਲਨਾ ਕਰਨੀ ਗ਼ਲਤ ਨਹੀਂ ਹੋਵੇਗੀ ਕਿ ਸ੍ਰੀਲੰਕਾ ਵਿਚ ਲਿਟੇ ਨੂੰ ਕੁਚਲਣ ਲਈ ਉਨ੍ਹਾਂ ਦੇ ਅਧਾਰ ਖੇਤਰ ਦੀ ਘੇਰਾਬੰਦੀ ਕਰਕੇ ਜਿਸ ਤਰ੍ਹਾਂ ਸ੍ਰੀਲੰਕਾ ਦੀ ਫ਼ੌਜ ਵਲੋਂ ਅਮਰੀਕਾ ਤੇ ਹਿੰਦੁਸਤਾਨੀ ਫ਼ੌਜ ਦੀ ਮਿਲੀਭੁਗਤ ਨਾਲ ਵਿਆਪਕ ਕਤਲੋਗ਼ਾਰਤ ਕੀਤੀ ਗਈ ਸੀ ਉਸੇ ਤਰ੍ਹਾਂ ਦੀ ਯੋਜਨਾ ਅਤੇ ਉਸੇ ਪੈਮਾਨੇ ਦੀ ਜੰਗੀ ਤਿਆਰੀ ਨਾਲ ਬਸਤਰ ਦੀ ਘੇਰਾਬੰਦੀ ਕੀਤੀ ਗਈ ਹੈ।

ਪਿਛਲੇ ਤਿੰਨ ਮਹੀਨਿਆਂ ਵਿਚ ਬਸਤਰ ਖੇਤਰ ਦੇ ਬੀਜਾਪੁਰ ਅਤੇ ਸੁਕਮਾ ਜ਼ਿਲ੍ਹਿਆਂ ਅੰਦਰ ਪੁਲਿਸ ਤੇ ਹੋਰ ਸਰਕਾਰੀ ਲਸ਼ਕਰਾਂ ਵਲੋਂ ਆਦਿਵਾਸੀ ਔਰਤਾਂ ਉੱਪਰ ਵਿਆਪਕ ਪੈਮਾਨੇ ’ਤੇ ਕਾਮੁਕ ਹਿੰਸਾ ਦੀਆਂ ਤਿੰਨ ਵੱਡੀਆਂ ਮਿਸਾਲਾਂ ਸਾਹਮਣੇ ਆਈਆਂ। 40 ਔਰਤਾਂ ਨੇ ਅੱਗੇ ਆਕੇ ਆਪਣੇ ਨਾਲ ਹੋਏ ਇਨ੍ਹਾਂ ਸਮੂਹਿਕ ਜਬਰ-ਜਨਾਹਾਂ ਦੀ ਦਰਦਨਾਕ ਦਾਸਤਾਂ ਬਿਆਨ ਕੀਤੀ ਹੈ। ਇਸ ਤੋਂ ਇਕ ਵਾਰ ਫਿਰ ਇਹ ਸਪਸ਼ਟ ਹੋ ਗਿਆ ਹੈ ਕਿ ਰਾਜ-ਮਸ਼ੀਨਰੀ ਜਬਰ-ਜਨਾਹ ਦਾ ਇਸਤੇਮਾਲ ਰਾਜ ਵਿਰੋਧੀ ਲਹਿਰਾਂ ਨੂੰ ਕੁਚਲਣ ਦੀ ਆਪਣੀ ਨਹੱਕੀ ਜੰਗ ਦੇ ਹਿੱਸੇ ਵਜੋਂ ਅਤੇ ਲੋਕਾਂ ਦੇ ਸਵੈਮਾਣ ਨੂੰ ਕੁਚਲਣ ਦੇ ਇਕ ਹਥਿਆਰ ਵਜੋਂ ਕਰ ਰਹੀ ਹੈ। ਆਦਿਵਾਸੀ ਔਰਤਾਂ ਨੇ ਸਰਕਾਰੀ ਲਸ਼ਕਰਾਂ ਵਲੋਂ ਚਲਾਈ ਜਾ ਰਹੀ �ਿਗਕ ਦਹਿਸ਼ਤਗਰਦੀ ਦੀਆਂ ਕਹਾਣੀਆਂ ਬਿਆਨ ਕੀਤੀਆਂ ਹਨ। ਪੇਡਾਗੇਲੂਰ ਅਤੇ ਚਿਨਾਗੇਲੂਰ ਪਿੰਡਾਂ ਦੀਆਂ ਘੱਟੋਘੱਟ ਪੰਦਰਾਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਵੇਂ ਬੇਇਜ਼ਤ ਕੀਤਾ ਗਿਆ। ਔਰਤਾਂ ਦੀਆਂ ਛਾਤੀਆਂ ਨਿਚੋੜਕੇ ‘ਪੁਸ਼ਟੀ’ ਕੀਤੀ ਗਈ ਕਿ ਉਹ ਸੱਚਮੁੱਚ ਸ਼ਾਦੀਸ਼ੁਦਾ ਮਾਵਾਂ ਹਨ ਅਤੇ ਅਣਵਿਆਹੀਆਂ ਨਕਸਲੀ ਨਹੀਂ। ਸਰਕਾਰੀ ਲਸ਼ਕਰ ਔਰਤਾਂ ਨੂੰ ਕਹਿ ਰਹੇ ਸਨ ‘ਕਪੜਾ ਉਠਾਓ, ਮਿਰਚੀ ਡਾਲੇਂਗੇ’। ਉਹ ਉਨ੍ਹਾਂ ਦੀਆਂ ਲਹਿੰਗੇ ਚੁੱਕਕੇ ਉਨ੍ਹਾਂ ਦੇ ਪੁੜਿਆਂ ਅਤੇ ਪੱਟਾਂ ਉੱਪਰ ਡੰਡਿਆਂ ਨਾਲ ਅਤੇ ਬੰਦੂਕਾਂ ਦੇ ਬੱਟਾਂ ਨਾਲ ਵਹਿਸ਼ੀ ਢੰਗ ਨਾਲ ਤਸ਼ੱਦਦ ਢਾਹੁੰਦੇ ਰਹੇ।

ਨੇੜ-ਭਵਿੱਖ ਵਿਚ ਹੁਕਮਰਾਨਾਂ ਵਲੋਂ ਹੋਰ ਵੀ ਬੇਤਹਾਸ਼ਾ ਕਤਲੋਗ਼ਾਰਤ ਨੂੰ ਅੰਜਾਮ ਦੇਣ ਲਈ ਅਤੇ ਇਸ ਵਹਿਸ਼ੀ ਹਕੀਕਤ ਨੂੰ ਦਬਾਉਣ ਲਈ ਇਹ ਜ਼ਰੂਰੀ ਹੈ ਕਿ ਇਸ ਖੇਤਰ ਨੂੰ ‘ਅਣਚਾਹੇ’ ਤੱਤਾਂ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾਵੇ, ਖ਼ਾਸ ਕਰਕੇ ਖੋਜੀ ਪੱਤਰਕਾਰਾਂ, ਮਨੁੱਖੀ/ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਲੋਕਪੱਖੀ ਵਕੀਲਾਂ ਨੂੰ ਉੱਥੇ ਕੱਢਿਆ ਜਾਵੇ। ਇਸ ਲਈ, ਦੋ ਤਰੀਕੇ ਉੱਭਰਵੇਂ ਤੌਰ ’ਤੇ ਇਸਤੇਮਾਲ ਕੀਤੇ ਜਾ ਰਹੇ ਹਨ। ਪੱਤਰਕਾਰਾਂ ਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਉੱਪਰ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸਾੜਨ ਦਾ ਸਿਲਸਿਲਾ; ਦੂਜਾ, ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਅਤੇ ਅਣਪਛਾਤੇ ਗ਼ੈਰਕਾਨੂੰਨੀ ਗਰੋਹਾਂ ਕੋਲੋਂ ਕਾਤਲਾਨਾ ਹਮਲੇ ਕਰਵਾਕੇ ਉਨ੍ਹਾਂ ਦੀ ਜ਼ਬਾਨਬੰਦੀ ਕਰਨ ਦੇ ਦਹਿਸ਼ਤਗਰਦ ਤਰੀਕੇ। ਡਾ. ਬਿਨਾਇਕ ਸੇਨ, �ਿਗਾਰਾਮ ਕੋਡੋਪੀ, ਸੋਨੀ ਸੋਰੀ, ਪ੍ਰਸ਼ਾਂਤ ਰਾਹੀ, ਪ੍ਰੋਫੈਸਰ ਜੀ.ਐੱਨ. ਸਾਈਬਾਬਾ, ਹੇਮ ਮਿਸ਼ਰਾ, ਸੀਮਾ ਆਜ਼ਾਦ, ਵਿਸ਼ਵ ਵਿਜੇ ਆਦਿ ਸਮੇਤ ਬੇਸ਼ੁਮਾਰ ਕਾਰਕੁਨਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਇਆ ਗਿਆ। ਤੇਲੰਗਾਨਾ ਵਿਚ ਹਰਮਨਪਿਆਰੇ ਆਗੂ ਗੰਟੀ ਪ੍ਰਸਾਦਮ ਨੂੰ ਸ਼ਰੇਆਮ ਵੱਢਕੇ ਕਤਲ ਕਰ ਦਿੱਤਾ ਗਿਆ। ਜਗਦਲਪੁਰ ਲੀਗਲ ਏਡ ਗਰੁੱਪ ਦੀਆਂ ਔਰਤ ਵਕੀਲਾਂ, ਪੱਤਰਕਾਰ ਮਾਲਿਨੀ ਸੁਬਰਾਮਨੀਅਮ ਤੇ ਅਲੋਕ ਪ੍ਰਕਾਸ ਪੁਤਲ, ਆਦਿਵਾਸੀ ਕਾਰਕੁਨ ਸੋਨੀ ਸੋਰੀ ਅਤੇ ਬੇਲਾ ਭਾਟੀਆ ਉੱਪਰ ਤਾਜ਼ਾ ਹਮਲੇ ਇਸੇ ਸਿਲਸਿਲੇ ਦੀਆਂ ਕੜੀਆਂ ਹਨ।

ਜਗਦਲਪੁਰ ਲੀਗਲ ਏਡ ਗਰੁੱਪ ਜਾਂ ਜਗਲੈਗ ਦੇ ਲੋਕਪੱਖੀ ਵਕੀਲਾਂ ਨੇ ਹਿੰਦੁਸਤਾਨੀ ਰਾਜ ਵਲੋਂ ਆਦਿਵਾਸੀ ਲੋਕਾਂ ਦੇ ਖ਼ਿਲਾਫ਼ ਵਿੱਢੀ ਅਣਐਲਾਨੀ ਜੰਗ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਵਾਲੇ ਬਸਤਰ ਦੇ ਆਮ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਮਨੋਰਥ ਨਾਲ ਜੁਲਾਈ 2013 ’ਚ ਬਣਾਇਆ ਸੀ। ਚਾਰ ਵਕੀਲਾਂ - ਈਸ਼ਾ ਖੰਡੇਲਵਾਲ, ਸ਼ਾਲਿਨੀ ਗੇਰਾ, ਪਰੀਜਿਤਾ ਭਾਦਰਵਾਜ ਅਤੇ ਰੁਪੇਸ਼ ਕੁਮਾਰ - ਦੀ ਟੀਮ ਨੇ ਗਰੁੱਪ ਬਣਾਏ ਜਾਣ ਤੋਂ ਲੈ ਕੇ ਹੁਣ ਤਕ ਦੇ ਇਸ ਥੋੜ੍ਹੇ ਅਰਸੇ ਵਿਚ ਗਿਣਨਯੋਗ ਕੰਮ ਕੀਤਾ ਹੈ। ਉਨ੍ਹਾਂ ਵਲੋਂ ਕੀਤੀ ਖੋਜ ਨੇ ਅਹਿਮ ਖ਼ੁਲਾਸਾ ਕੀਤਾ ਕਿ 2005 ਤੋਂ ਲੈ ਕੇ 2012 ਤਕ ਦੇ ਅਰਸੇ ਦੌਰਾਨ ਜਿਨ੍ਹਾਂ ਬੇਸ਼ੁਮਾਰ ਲੋਕਾਂ ਨੂੰ ਖ਼ੂੰਖਾਰ ਨਕਸਲੀ ਦੇ ਠੱਪੇ ਲਾਕੇ ਗਿ੍ਰਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ 95% ਵਿਅਕਤੀ ਅਦਾਲਤੀ ਮੁਕੱਦਮਿਆਂ ਦੌਰਾਨ ਬਰੀ ਹੋ ਗਏ। ਭਾਵ ਸਿਰਫ਼ 5% ਹੀ ‘ਦੋਸ਼ੀ’ ਪਾਏ ਗਏ ਬਾਕੀਆਂ ਉਪਰ ਪੁਲਿਸ ਵਲੋਂ ਦਰਜ ਮੁਕੱਦਮੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ। ਪਰ ਉਨ੍ਹਾਂ ਬੇਵਸ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ 3 ਤੋਂ ਲੈ ਕੇ 6 ਸਾਲ ਬੇਕਸੂਰ ਹੀ ਜੇਲ੍ਹਾਂ ਵਿਚ ਸੜਨਾ ਪਿਆ। ਇਨ੍ਹਾਂ ਵਕੀਲਾਂ ਵਲੋਂ ਮਨੁੱਖੀ ਹੱਕਾਂ ਦੇ ਘਾਣ ਦੀਆਂ ਕੁਝ ਉੱਘੜਵੀਂਆਂ ਰਿਪੋਰਟਾਂ ਨੂੰ ਮੁੱਖ ਰੱਖਕੇ ਉਨ੍ਹਾਂ ਕਈ ਕੇਸਾਂ ਨੂੰ ਹੱਥ ਲਿਆ ਗਿਆ ਜਿਨ੍ਹਾਂ ਆਦਿਵਾਸੀਆਂ ਨੂੰ ਬਿਨਾ ਮੁਕੱਦਮਾ ਚਲਾਏ ਹਵਾਲਾਤੀਆਂ ਵਜੋਂ ਜੇਲ੍ਹਾਂ ਵਿਚ ਡੱਕਿਆ ਹੋਇਆ ਸੀ ਜਾਂ ਗ਼ੈਰਕਾਨੂੰਨੀ ਪੁਲਿਸ ਹਿਰਾਸਤ ਵਿਚ ਬੰਦ ਕੀਤਾ ਹੋਇਆ ਸੀ। ਸ਼ਾਲਿਨੀ ਗੇਰਾ, ਈਸ਼ਾ ਖੰਡੇਲਵਾਲ ਅਤੇ ਉਨ੍ਹਾਂ ਦੇ ਸਾਥੀ ਵਕੀਲਾਂ ਦੇ ਯਤਨਾਂ ਨਾਲ ਬਹੁਤ ਸਾਰੇ ਆਦਿਵਾਸੀ ਜੇਲ੍ਹਾਂ ਜਾਂ ਪੁਲਿਸ ਹਿਰਾਸਤ ਦੇ ਨਰਕ ਤੋਂ ਰਿਹਾਅ ਹੋ ਗਏ। ਇਸ ਵਕਤ ਵੀ ਇਹ ਟੀਮ 40 ਤੋਂ ਉੱਪਰ ਆਦਿਵਾਸੀਆਂ ਦੇ ਮਾਮਲਿਆਂ ਨੂੰ ਲੈ ਕੇ ਕੰਮ ਕਰ ਰਹੀ ਸੀ। ਇਹ ਟੀਮ ਪੱਤਰਕਾਰਾਂ ਸੋਮਰੂ ਨਾਗ ਅਤੇ ਸੰਤੋਸ਼ ਯਾਦਵ ਦੇ ਮਾਮਲਿਆਂ ਨੂੰ ਲੈ ਕੇ ਅਦਾਲਤ ਵਿਚ ਉਨ੍ਹਾਂ ਦੀ ਕਾਨੂੰਨੀ ਨੁਮਾਇੰਦਗੀ ਤੇ ਪੈਰਵਾਈ ਵੀ ਕਰ ਰਹੀ ਸੀ।

ਕਾਨੂੰਨੀ ਮਦਦ ਦੇ ਯਤਨਾਂ ਨੂੰ ਬੰਦ ਕਰਾਉਣ ਲਈ ਸਰਕਾਰੀ ਤੰਤਰ ਵਲੋਂ ਉਨ੍ਹਾਂ ਬਾਰੇ ਮਾਓਵਾਦੀ ਹਮਾਇਤੀ ਹੋਣ ਦਾ ਪ੍ਰਚਾਰ ਕੀਤਾ ਗਿਆ। ਇਸ ਦਾ ਸਿੱਧਾ ਮਤਲਬ ਹੈ ਕਦੇ ਵੀ ਉਨ੍ਹਾਂ ਨੂੰ ਇਹ ਬਹਾਨਾ ਬਣਾਕੇ ਗਿ੍ਰਫ਼ਤਾਰ ਕਰ ਲੈਣ ਅਤੇ ਜੇਲ੍ਹ ਭੇਜ ਦੇਣ ਦੀ ਧਮਕੀ। ਉਨ੍ਹਾਂ ਨੂੰ ਬਸਤਰ ਦੇ ਵਿਕਾਸ ਦੇ ਵਿਰੋਧੀ ਕਰਾਰ ਦੇ ਕੇ ਭੰਡਿਆ ਗਿਆ। ਬਸਤਰ ਬਾਰ ਐਸੋਸੀਏਸ਼ਨ ਕੋਲੋਂ ਮਤਾ ਪਾਸ ਕਰਵਾਕੇ ‘‘ਬਾਹਰਲੇ’’ ਵਕੀਲਾਂ ਉੱਪਰ ਜਗਦਲਪੁਰ ਅਦਾਲਤ ਵਿਚ ਕਿਸੇ ਕੈਦੀ ਵਲੋਂ ਮੁਕੱਦਮਾ ਲੜਨ ਉੱਪਰ ਪਾਬੰਦੀ ਲਗਵਾਈ ਗਈ। ਇਸ ਜ਼ਰੀਏ ਗੇਰਾ ਅਤੇ ਖੰਡੇਲਵਾਲ ਨੂੰ ਅਦਾਲਤ ਵਿਚ ਪੈਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਕਿਉਕਿ ਉਹ ਦਿੱਲੀ ਸਟੇਟ ਬਾਰ ਕੌਂਸਲ ਦੀਆਂ ਮੈਂਬਰ ਸਨ। ਜਦੋਂ ਫਿਰ ਵੀ ਉਹ ਅਡੋਲ ਰਹਿਕੇ ਆਪਣੇ ਕੰਮ ਵਿਚ ਜੁੱਟੀਆਂ ਰਹੀਆਂ ਤਾਂ ਉਨ੍ਹਾਂ ਦੇ ਦਫ਼ਤਰ ਅਤੇ ਰਿਹਾਇਸ਼ੀ ਮਕਾਨਾਂ ਦੇ ਮਾਲਕਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੁਲਿਸ ਪਹਿਲਾਂ ਮਾਲਿਨੀ ਦੇ ਘਰ ਗਈ ਅਤੇ ਫਿਰ ਲੀਗਲ ਏਡ ਗਰੁੱਪ ਦੀ ਰਿਹਾਇਸ਼ ’ਤੇ ਗਈ। ਉਨ੍ਹਾਂ ਦੇ ਮਕਾਨ ਮਾਲਕਾਂ ਅਤੇ ਘਰੇਲੂ ਨੌਕਰ ਨੂੰ ਗਿ੍ਰਫ਼ਤਾਰ ਕਰਕੇ ਹਵਾਲਾਤ ਵਿਚ ਬੰਦ ਰੱਖਿਆ ਗਿਆ। ਉਨ੍ਹਾਂ ਨੂੰ ਝੂਠੇ ਮਾਮਲਿਆਂ ’ਚ ਫਸਾਕੇ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਇਨ੍ਹਾਂ ‘ਦੇਸ਼ ਵਿਰੋਧੀ’ ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਾਉਣ ਦੇ ਫ਼ਰਮਾਨ ਜਾਰੀ ਕਰ ਦਿੱਤੇ ਗਏ। ਪੁਲਿਸ ਪਾਰਟੀ ਵਲੋਂ ਪੁੱਛਗਿੱਛ ਦੇ ਬਹਾਨੇ ਰਾਤ ਦੇ ਵਕਤ ਮਾਲਿਨੀ ਦੇ ਘਰ ਵਾਰ-ਵਾਰ ਜਾ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਉਸ ਦੇ ਆਂਢ-ਗੁਆਂਢ ਵਿਚ ਅਫਵਾਹਾਂ ਫੈਲਾਕੇ ਉਸ ਨੂੰ ਉੱਥੋਂ ਕੱਢਣ ਲਈ ਉਕਸਾਇਆ ਗਿਆ। ਉਸ ਦੇ ਖ਼ਿਲਾਫ਼ ‘ਸਮਾਜਿਕ ਏਕਤਾ ਮੰਚ’ ਕੋਲੋਂ ‘‘ਨਕਸਲੀ ਸਮਰਥਕ ਬਸਤਰ ਛੋੜੋ’’ ਦੇ ਨਾਅਰੇ ਲਗਾਉਦਿਆਂ ਵਿਰੋਧ ਪ੍ਰਦਰਸ਼ਨ ਕਰਵਾਏ ਗਏ। ਉਸ ਨੂੰ ਧਮਕੀ ਦਿੱਤੀ ਗਈ ਕਿ ਉਹ ਸੋਸ਼ਲ ਮੀਡੀਆ ਵਿਚ ਲੇਖ ਲਿਖਕੇ ‘‘ਬਸਤਰ ਪੁਲਿਸ ਦਾ ਅਕਸ ਵਿਗਾੜਨਾ ਬੰਦ ਕਰੇ’’। 7 ਫਰਵਰੀ ਨੂੰ ਉਸਦੇ ਘਰ ਅੱਗੇ ਮੁਜ਼ਾਹਰਾ ਕੀਤਾ ਗਿਆ। 8 ਫਰਵਰੀ ਦੀ ਰਾਤ ਨੂੰ ਇਸ ਅਖਾਉਤੀ ਮੰਚ ਵਲੋਂ ਮਾਲਿਨੀ ਨੂੰ ਦਹਿਸ਼ਤਜ਼ਦਾ ਕਰਨ ਲਈ ਤੜਕੇ ਦੇ ਵਕਤ ਉਸ ਦੇ ਘਰ ਉੱਪਰ ਪਥਰਾਓ ਕਰਕੇ ਉਸਦੀ ਕਾਰ ਭੰਨ ਦਿੱਤੀ ਗਈ। ਜਦੋਂ ਅਗਲੇ ਦਿਨ ਉਸਨੇ ਇਸ ਦੀ ਐੱਫ.ਆਈ.ਆਰ. ਲਿਖਵਾਉਣੀ ਚਾਹੀ ਤਾਂ ਪੁਲਿਸ ਅਧਿਕਾਰੀਆਂ ਨੇ ਇਹ ਕਹਿਕੇ ਰਪਟ ਲਿਖਣ ਤੋਂ ਨਾਂਹ ਕਰ ਦਿੱਤੀ ਕਿ ਆਪਣੇ ਸੀਨੀਅਰ ਅਧਿਕਾਰੀ ਦੀ ਇਜਾਜ਼ਤ ਤੋਂ ਬਗ਼ੈਰ ਉਹ ਰਪਟ ਨਹੀਂ ਲਿਖਣਗੇ। ਉਸ ਦੀ ਘਰੇਲੂ ਸਹਾਇਕ ਪਰਾਚੀ ਸਕਸੈਨਾ ਨੂੰ ਗਿ੍ਰਫ਼ਤਾਰ ਕਰਕੇ ਥਾਣੇ ਲਿਜਾਇਆ ਗਿਆ। ਮਾਲਿਨੀ ਦੇ ਪਤੀ ਅਸ਼ੀਮ ਨੂੰ ਥਾਣੇ ਬਿਠਾਈ ਰੱਖਿਆ। ਭਾਰੀ ਦਬਾਓ ਹੇਠ ਜਦੋਂ ਰਪਟ ਲਿਖੀ ਗਈ ਤਾਂ ਮਾਲਿਨੀ ਵਲੋਂ ਦੋ ਹਮਲਾਵਰਾਂ ਦੀ ਸਪਸ਼ਟ ਸ਼ਨਾਖ਼ਤ ਦੱਸਣ ਦੇ ਬਾਵਜੂਦ ਵੀ ਅਣਪਛਾਤਿਆਂ ਦੇ ਖ਼ਿਲਾਫ਼ ਗੋਲਮੋਲ ਰਪਟ ਹੀ ਲਿਖੀ ਗਈ। ਇਸ ਤੋਂ ਦੋ ਦਿਨ ਬਾਦ 11 ਫਰਵਰੀ ਨੂੰ ਤਫ਼ਤੀਸ਼ੀ ਪੁਲਿਸ ਅਧਿਕਾਰੀ ਮਾਲਿਨੀ ਦੀ ਰਿਹਾਇਸ਼ ਵਾਲੇ ਮੁਹੱਲੇ ਵਿਚ ਆਈ। ਉਸਨੇ ਉਨ੍ਹਾਂ ਗੁਆਂਢੀ ਔਰਤਾਂ ਨੂੰ ਡਰਾਇਆ ਕਿ ਮਾਲਿਨੀ ਦੇ ਘਰ ਉੱਪਰ ਪੱਥਰ ਉਨ੍ਹਾਂ ਔਰਤਾਂ ਨੇ ਮਾਰੇ ਸਨ, ਇਸਦੇ ਪੁਲਿਸ ਕੋਲ ਸਬੂਤ ਹਨ, ਅਤੇ ਉਨ੍ਹਾਂ ਨੂੰ ’ਕੱਲੀ-’ਕੱਲੀ ਨੂੰ ਗਿ੍ਰਫ਼ਤਾਰ ਕਰਕੇ ‘ਨਾਕ ਮੇਂ ਉਗਲੀ ਡਾਲਕੇ ਸੱਚ ਨਿਕਲਵਾ ਲੇਂਗੇ’ ਦੀਆਂ ਧਮਕੀਆਂ ਦਿੱਤੀਆਂ। ਇਸ ਦੀ ਵਜਾ੍ਹ ਇਹ ਸੀ ਕਿ ਇਨ੍ਹਾਂ ਔਰਤਾਂ ਨੇ ਮਾਲਿਨੀ ਵਲੋਂ ਆਪਣੀ ਸ਼ਿਕਾਇਤ ਵਿਚ ਉਸਦੇ ਘਰ ਅੱਗੇ ਵਿਖਾਵਾ ਕਰਨ ਵਾਲਿਆਂ ਦੇ ਜੋ ਵੇਰਵੇ ਦਿੱਤੇ ਸਨ ਇਨ੍ਹਾਂ ਔਰਤਾਂ ਨੇ ਬਿਆਨ ਦੇਕੇ ਉਸ ਦੀ ਤਸਦੀਕ ਕੀਤੀ ਸੀ। ਇਸ ਤੋਂ ਹਮਲਾ ਕਰਨ ਵਾਲਿਆਂ ਨਾਲ ਪੁਲਿਸ ਦੀ ਮਿਲੀਭੁਗਤ ਸ਼ਰੇਆਮ ਜ਼ਾਹਿਰ ਹੋ ਗਈ।

ਪੱਤਰਕਾਰ ਮਾਲਿਨੀ ਸੁਬਰਾਮਨੀਅਮ ਪੁਲਿਸ ਅਤੇ ਹੋਰ ਸਰਕਾਰੀ ਹਥਿਆਰਬੰਦ ਤਾਕਤਾਂ ਵਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਦੇ ਸਵਾਲ ਉੱਪਰ ਕਾਫ਼ੀ ਮਿਹਨਤ ਨਾਲ ਕੰਮ ਕਰਦੀ ਆ ਰਹੀ ਸੀ। ਉਸ ਵਲੋਂ ਆਦਿਵਾਸੀਆਂ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਮਾਰਨ, ਇਨ੍ਹਾਂ ਫਰਜ਼ੀ ਮੁਕਾਬਲਿਆਂ ਵਿਰੁੱਧ ਆਦਿਵਾਸੀਆਂ ਵਲੋਂ ਵਿਆਪਕ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਤੱਥਪੂਰਨ ਰਿਪੋਰਟਾਂ ਭੇਜੀਆਂ ਜਾ ਰਹੀਆਂ ਸਨ। ਉਸਨੇ ਆਦਿਵਾਸੀ ਖੇਤਰਾਂ ਵਿਚ ਪੁਲਿਸ ਤੇ ਹੋਰ ਸਰਕਾਰੀ ਲਸ਼ਕਰਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ, ਖ਼ਾਸ ਕਰਕੇ ਬਸਤਰ ਵਿਚ ਇਕ ਮੁੱਖ ਪੁਲਿਸ ਅਧਿਕਾਰੀ ਕਲੂਰੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਮਾਓਵਾਦੀਆਂ ਦੇ ਆਤਮ-ਸਮਰਪਣ ਦੇ ਘਿਣਾਉਣੇ ਨਾਟਕ ਦਾ ਬਾਖ਼ੂਬੀ ਪਰਦਾਫਾਸ਼ ਕੀਤਾ ਅਤੇ ਜ਼ਮੀਨੀ ਹਕੀਕਤ ਨੂੰ ਸਾਹਮਣੇ ਲਿਆਂਦਾ।

ਮਾਲਿਨੀ ਸੁਬਰਾਮਨੀਅਮ ਨੇ 1980ਵਿਆਂ ਵਿਚ ਮੁੰਬਈ ਤੋਂ ਪੱਤਰਕਾਰੀ ਦੀ ਬਾਕਾਇਦਾ ਪੜ੍ਹਾਈ ਕੀਤੀ ਸੀ। ਫਿਰ ਉਹ ਦੋ ਦਹਾਕੇ ਔਕਸਫੈਮ, ਐਕਸ਼ਨ ਏਡ ਅਤੇ ਹੋਰ ਗ਼ੈਰ-ਸਰਕਾਰੀ ਜਥੇਬੰਦੀਆਂ (ਐੱਨ.ਜੇ.ਓ.) ਨਾਲ ਜੁੜਕੇ ਕੰਮ ਕਰਦੀ ਰਹੀ। ਪੰਜ ਸਾਲ ਪਹਿਲਾਂ ਜਦੋਂ ਇੰਟਰਨੈਸ਼ਨਲ ਕਮੇਟੀ ਫਾਰ ਰੈੱਡ ਕਰਾਸ ਨੇ ਹਿੰਦੁਸਤਾਨੀ ਰਾਜ ਵਲੋਂ ਆਦਿਵਾਸੀਆਂ ਵਿਰੁੱਧ ਵਿੱਢੀ ਜੰਗ ਦੌਰਾਨ ਮੈਡੀਕਲ ਰਾਹਤ ਦਾ ਕੁਝ ਕੰਮ ਸ਼ੁਰੂ ਕੀਤਾ ਤਾਂ ਇਸ ਸੰਸਥਾ ਦੀ ਨੌਕਰੀ ਤਹਿਤ ਮਾਲਿਨੀ ਦੱਖਣੀ ਛੱਤੀਸਗੜ੍ਹ ਦੇ ਇਸ ਖੇਤਰ ਵਿਚ ਆ ਗਈ। ਇਥੇ ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਜਨਵਰੀ 2011 ਵਿਚ ਸ੍ਰੀ ਕਲੂਰੀ, ਜੋ ਓਦੋਂ ਦਾਂਤੇਵਾੜਾ ਜ਼ਿਲ੍ਹੇ ਦਾ ਪੁਲਿਸ ਮੁਖੀ ਸੀ ਅਤੇ ਹੁਣ ਸਮੁੱਚੀ ਬਸਤਰ ਰੇਂਜ ਦਾ ਮੁਖੀ ਹੈ, ਨੇ ਬਿਆਨ ਦੇਕੇ ਇਸ ਸੰਸਥਾ ਉਪਰ ਵੀ ਮਾਓਵਾਦੀਆਂ ਦੀ ਮਦਦ ਕਰਨ ਦਾ ਇਲਜ਼ਾਮ ਲਾ ਦਿੱਤਾ ਸੀ। ਜੂਨ 2013 ’ਚ ਉਪਰੋਕਤ ਕਮੇਟੀ ਨੇ ਆਦਿਵਾਸੀ ਇਲਾਕਿਆਂ ਵਿੱਚੋਂ ਆਪਣੇ ਹੈਲਥ ਕਲੀਨਿਕ ਬੰਦ ਕਰ ਦਿੱਤੇ, ਪਰ ਮਾਲਿਨੀ ਆਦਿਵਾਸੀ ਲੋਕਾਂ ਦੇ ਹਿੱਤ ਵਿਚ ਕੰਮ ਕਰਨ ਦੇ ਮਨੋਰਥ ਨਾਲ ਉੱਥੇ ਹੀ ਰੁਕ ਗਈ। ਇਥੇ ਰਹਿੰਦਿਆਂ ਉਸਨੇ ਰਾਜਤੰਤਰ ਦੇ ਜ਼ੁਲਮਾਂ ਅਤੇ ਆਦਿਵਾਸੀ ਲੋਕਾਂ ਵਲੋਂ ਮਾਓਵਾਦੀ ਲਹਿਰ ਦੀ ਅਗਵਾਈ ਹੇਠ ਇਸ ਦੇ ਟਾਕਰੇ ਦੀ ਜ਼ਮੀਨੀ ਰਿਪੋਰਟ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ਵਿਚ ਇਨ੍ਹਾਂ ਰਿਪੋਰਟਾਂ ਦੇ ਲਗਾਤਾਰ ਛਪਣ ਨਾਲ ਬਸਤਰ ਵਿਚ ਆਦਿਵਾਸੀਆਂ ਉੱਪਰ ਹੋ ਰਹੇ ਅਕਹਿ ਜ਼ੁਲਮਾਂ ਅਤੇ ਉਨ੍ਹਾਂ ਦੇ ਬਹਾਦਰੀ ਭਰੇ ਟਾਕਰੇ ਦੀ ਅਸਲ ਕਹਾਣੀ ਸਾਹਮਣੇ ਆਉਣੀ ਸ਼ੁਰੂ ਹੋ ਗਈ। ਰਾਜ ਮਸ਼ੀਨਰੀ ਲਈ ਹੁਣ ਆਦਿਵਾਸੀਆਂ ਉਪਰ ਕੀਤੀ ਜਾ ਰਹੀ ਬੇਲਗਾਮ ਹਿੰਸਾ ਨੂੰ ਬਾਕੀ ਦੁਨੀਆ ਤੋਂ ਲੁਕੋਣਾ ਪਹਿਲਾਂ ਵਾਂਗ ਸੌਖਾ ਨਹੀਂ ਸੀ।

ਪੁਲਿਸ ਤੇ ਸਮਾਜ ਵਿਰੋਧੀ ਗਰੋਹਾਂ ਨੇ ਮਿਲਕੇ ਉਨ੍ਹਾਂ ਦੇ ਮਕਾਨ ਮਾਲਕਾਂ ਦੀ ਘੇਰਾਬੰਦੀ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਕਿ ਮਕਾਨ ਮਾਲਕਾਂ ਨੇ ਮਜਬੂਰ ਹੋ ਕੇ ਉਨ੍ਹਾਂ ਨੂੰ ‘‘ਛੇਤੀ ਤੋਂ ਛੇਤੀ’’ ਮਕਾਨ ਖਾਲੀ ਕਰਨ ਦੇ ਨੋਟਿਸ ਦੇ ਦਿੱਤੇ। ਮਹਿਜ਼ 10 ਦਿਨਾਂ ਵਿਚ ਹੀ ਉਨ੍ਹਾਂ ਨੂੰ ਮਕਾਨ ਖਾਲੀ ਕਰਕੇ ਆਪਣਾ ਕੰਮ ਵਿਚਾਲੇ ਛੱਡਕੇ ਜਗਦਲਪੁਰ ਛੱਡਣਾ ਪੈ ਗਿਆ। ਵਕੀਲਾਂ ਦੇ ਮਕਾਨ ਮਾਲਕ ਨੇ ਪੁਲਿਸ ਵੱਲੋਂ ਸੱਦੇ ਜਾਣ ’ਤੇ ਰਾਤ ਦੇ ਦੋ ਵਜੇ ਵਕੀਲਾਂ ਨੂੰ ਆ ਕੇ ਆਪਣੀ ਮਜਬੂਰੀ ਦੱਸੀ ਤੇ ਮਕਾਨ ਖਾਲੀ ਕਰਨ ਲਈ ਕਿਆ। ਹੁਣ ਉਨ੍ਹਾਂ ਨੂੰ ਚਿੰਤਾ ਇਹ ਹੈ ਕਿ ਜਿਨ੍ਹਾਂ ਬੇਵਸ ਆਦਿਵਾਸੀਆਂ ਦਾ ਉਹ ਸਹਾਰਾ ਬਣੇ ਸਨ ਉਨ੍ਹਾਂ ਦਾ ਕੀ ਬਣੇਗਾ।

ਇਸ ਤੋਂ ਅਗਲੀ ਸ਼ਿਕਾਰ ਕਾਰਕੁਨ ਸੋਨੀ ਸੋਰੀ ਨੂੰ ਬਣਾਇਆ ਗਿਆ। ਲੰਘੀ 21 ਫਰਵਰੀ ਨੂੰ ਉਸ ਉੱਪਰ ਇਕ ਵਾਰ ਫਿਰ ਹਮਲਾ ਕਰਕੇ ਉਸ ਦੇ ਚਿਹਰੇ ਉੱਪਰ ਕੋਈ ਤੇਜ਼ਾਬ ਵਰਗੀ ਚੀਜ਼ ਮਲ ਦਿੱਤੀ ਗਈ ਜਿਸ ਨਾਲ ਉਸਦਾ ਚਿਹਰਾ ਬੁਰੀ ਤਰ੍ਹਾਂ ਲੂਹਿਆ ਗਿਆ ਤੇ ਉਸਨੂੰ ਐਮਰਜੈਂਸੀ ਇਲਾਜ ਲਈ ਦਿੱਲੀ ਭੇਜਣਾ ਪਿਆ। ਸੋਨੀ ਸੋਰੀ, ਜੋ ਉਸ ਉੱਪਰ ਪਾਏ ਝੂਠੇ ਮਾਮਲਿਆਂ ਵਿਚ ਜ਼ਮਾਨਤ ਮਿਲਣ ਤੋਂ ਬਾਦ ਆਮ ਆਦਮੀ ਵਿਚ ਸ਼ਾਮਲ ਹੋ ਗਈ ਸੀ ਅਤੇੇ 2014 ਦੀਆਂ ਆਮ ਚੋਣਾਂ ਵਿਚ ਲੋਕ ਸਭਾ ਉਮੀਦਵਾਰ ਵਜੋਂ ਚੋਣ ਲੜੀ ਸੀ, ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਆਦਿਵਾਸੀਆਂ ਨੂੰ ਇਨਸਾਫ਼ ਦਿਵਾਉਣ ਲਈ ਯਤਨਸ਼ੀਲ ਹੈ। ਪਿਛਲੇ ਦਿਨਾਂ ਵਿਚ ਉਸਨੇ ਮੜਦੁਮ ਪਿੰਡ ਦੇ ਬਾਸ਼ਿੰਦੇ ਹੜਮਾ ਕਸ਼ਿਅਪ ਦੀ ਹੱਤਿਆ ਦਾ ਮਾਮਲਾ ਹੱਥ ਲਿਆ ਜਿਸ ਬਾਰੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਹੜਮਾ ਖ਼ੂੰਖ਼ਾਰ ਮਾਓਵਾਦੀ ਸੀ ਜੋ 4 ਫਰਵਰੀ 2016 ਨੂੰ ਪੁਲਿਸ ਨਾਲ ‘‘ਜ਼ਬਰਦਸਤ ਮੁਕਾਬਲੇ’’ ਵਿਚ ਮਾਰਿਆ ਗਿਆ। ਸੋਨੀ ਸੋਰੀ ਵਾਲਾ ਇਹ ਮਾਮਲਾ ਉਠਾਕੇ ਵਿਰੋਧ ਲਾਮਬੰਦ ਕੀਤਾ। ਹੁਣ ਉਸਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ 200 ਕਿਲੋਮੀਟਰ ਪਦਯਾਤਰਾ ਉਲੀਕੀ ਹੋਈ ਸੀ ਜੋ ਬੀਜਾਪੁਰ ਤੋਂ ਚਲਕੇ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਉੱਪਰ ਜਗਦਲਪੁਰ ਆਕੇ ਖ਼ਤਮ ਹੋਣੀ ਸੀ। ਸੋਨੀ ਸੋਰੀ ਸਥਾਨਕ ਆਦਿਵਾਸੀ ਵਸਨੀਕ ਹੋਣ ਕਾਰਨ ਉਸ ਨੂੰ ਬਸਤਰ ਵਿੱਚੋਂ ਉਵੇਂ ਨਹੀਂ ਕੱਢਿਆ ਜਾ ਸਕਦਾ ਜਿਵੇਂ ਵਕੀਲਾਂ ਦੇ ਗਰੁੱਪ ਅਤੇ ਪੱਤਰਕਾਰ ਮਾਲਿਨੀ ਨੂੰ ਕੱਢ ਦਿੱਤਾ ਗਿਆ ਹੈ। ਉਸਦੇ ਲਈ ਰਾਜਤੰਤਰ ਨੇ ਹੋਰ ਢੰਗ ਇਸਤੇਮਾਲ ਕੀਤੇ। ਉਸਨੂੰ ਜਾਨੋਂ ਮਾਰਨ ਤੇ ਜਿਊਂਦੀ ਨੂੰ ਸਾੜ ਦੇਣ ਅਤੇ ਬੱਚਿਆਂ ਨੂੰ ਮਾਰ ਦੇਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ। ਪਿਛਲੇ ਮਹੀਨਿਆਂ ਤੋਂ ਇਹ ਲੱਗ ਰਿਹਾ ਸੀ ਕਿ ਉਸ ਨੂੰ ਕਦੇ ਵੀ ਹਮਲੇ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। 21 ਫਰਵਰੀ ਨੂੰ ਜਦੋਂ ਉਹ ਵਕੀਲਾਂ ਨੂੰ ਜਗਦਲਪੁਰ ਤੋਂ ਵਿਦਾ ਕਰਕੇ ਰਾਤ ਨੂੰ ਆਪਣੀ ਇਕ ਸਹਾਇਕ ਦੇ ਨਾਲ ਮੋਟਰ ਸਾਈਕਲ ਉੱਪਰ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਵਿਚ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਘੇਰਕੇ ਉਸਦੇ ਮੂੰਹ ਉਪਰ ਤੇਲ ਵਰਗਾ ਕੋਈ ਤਰਲ ਮਲ ਦਿੱਤਾ।

ਇਸੇ ਤਰ੍ਹਾਂ ਕਾਰਕੁਨ ਬੇਲਾ ਭਾਟੀਆ ਨੂੰ ਤੰਗ-ਪ੍ਰੇਸਾਨ ਕੀਤਾ ਜਾ ਰਿਹਾ ਹੈ। ਉਹ ਇਕ ਮਸ਼ਹੂਰ ਸਮਾਜ ਵਿਗਿਆਨੀ ਹੈ ਜਿਸਨੇ ਯੋਜਨਾ ਕਮਿਸ਼ਨ ਦੇ ਗਰੁੱਪ ਦੀ ਮੈਂਬਰ ਵਜੋਂ 2006 ’ਚ ਦਲਿਤਾਂ ਅਤੇ ਆਦਿਵਾਸੀਆਂ ਦੇ ਅਖਾਉਤੀ ਮੁੱਖਧਾਰਾ ਤੋਂ ਅਲਹਿਦਗੀ ਬਾਰੇ ਇਕ ਅਹਿਮ ਰਿਪੋਰਟ ਤਿਆਰ ਕਰਨ ਵਿਚ ਹਿੱਸਾ ਲਿਆ ਸੀ। ਪਿਛਲੇ ਸਾਲ ਉਹ ਮੁੰਬਈ ਤੋਂ ਬਸਤਰ ਆ ਗਈ ਜਿਥੇ ਉਹ ਟਾਟਾ ਇੰਸਟੀਚਿੳੂਟ ਆਫ ਸੋਸ਼ਲ ਸਾਇੰਸਿਜ਼ ਦੀ ਅਧਿਆਪਕਾ ਵਜੋਂ ਨੌਕਰੀ ਕਰ ਰਹੀ ਸੀ। ਪਿਛਲੇ ਕੁਝ ਮਹੀਨਿਆਂ ਵਿਚ ਬੇਲਾ ਭਾਟੀਆ ਨੇ ਔਰਤਾਂ ਦੀਆਂ ਉਨ੍ਹਾਂ ਟੀਮਾਂ ਨਾਲ ਮਿਲਕੇ ਮਾਓਵਾਦੀ ਲਹਿਰ ਦੇ ਖ਼ਿਲਾਫ਼ ਚੱਲ ਰਹੀਆਂ ਪੁਲਿਸ ਤੇ ਨੀਮ-ਫ਼ੌਜੀ ਕਾਰਵਾਈਆਂ ਦੌਰਾਨ ਆਦਿਵਾਸੀ ਔਰਤਾਂ ਨਾਲ ਸਮੂਹਿਕ ਜਬਰ-ਜਨਾਹਾਂ ਅਤੇ ਵਿਆਪਕ ਪੱਧਰ ’ਤੇ �ਿਗਕ ਹਿੰਸਾ ਦੀਆਂ ਰਿਪੋਰਟਾਂ ਤਿਆਰ ਕਰਨ ਵਿਚ ਮਦਦ ਕੀਤੀ। ਉਸਦੀ ਆਵਾਜ਼ ਨੂੰ ਬੰਦ ਕਰਨ ਲਈ ਪੁਲਿਸ ਜਗਦਲਪੁਰ ਦੇ ਬਾਹਰਵਾਰ ਪਿੰਡ ਵਿਚ ਉਸਦੇ ਘਰ ਗਈ, ਉਸਦੇ ਗੁਆਂਢੀਆਂ ਤੋਂ ਪੁੱਛਗਿੱਛ ਕਰਕੇ ਅਤੇ ਉਸਦੇ ਮਕਾਨ ਮਾਲਕ ਦੀਆਂ ਤਸਵੀਰਾਂ ਲੈ ਕੇ ਦਹਿਸ਼ਤ ਪਾਈ ਗਈ। ਇਹ ਸਭ ਉਸਨੂੰ ਅਲੱਗ-ਥਲੱਗ ਤੇ ਦਹਿਸ਼ਤਜ਼ਦਾ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੀ ਵਕੀਲਾਂ ਤੇ ਮਾਲਿਨੀ ਵਾਂਗ ਜਗਦਲਪੁਰ ਛੱਡ ਜਾਵੇ।

ਹਾਲ ਹੀ ਵਿਚ ਖੋਜੀ ਪੱਤਰਕਾਰਾਂ ਨੇ ‘ਸਮਾਜਿਕ ਏਕਤਾ ਮੰਚ’ ਨਾਂ ਦੇ ਗਰੋਹ, ਜੋ ਉਪਰੋਕਤ ਸਾਰੀਆਂ ਯਰਕਾਊ, ਦਹਿਸ਼ਤਪਾਊ ਕਾਰਵਾਈਆਂ ਦਾ ਸੰਦ ਹੈ, ਅਤੇ ਪੁਲਿਸ ਅਧਿਕਾਰੀ ਕਲੂਰੀ ਦਾ ਨਾਪਾਕ ਗੱਠਜੋੜ ਨੰਗਾ ਕੀਤਾ ਹੈ। ਜਿਸ ਤੋਂ ਇਹ ਤਸਦੀਕ ਹੋ ਗਈ ਹੈ ਕਿ ਇਹ ਗਰੋਹ ਹਕੂਮਤ ਅਤੇ ਪੁਲਿਸ ਅਧਿਕਾਰੀਆਂ ਵਲੋਂ ਖੜ੍ਹਾ ਕੀਤਾ ਗਿਆ ਹੈ ਜਿਸ ਨੂੰ ਆਮ ਲੋਕਾਂ ਦੇ ਮਾਓਵਾਦੀ ਲਹਿਰ ਦੇ ਖ਼ਿਲਾਫ਼ ਹੋਣ ਦਾ ‘ਸਿਵਲ’ ਚਿਹਰਾ ਮੁਹੱਈਆ ਕਰਨ ਲਈ ਸਮਾਜਿਕ ਏਕਤਾ ਮੰਚ ਦਾ ਨਾਂ ਦਿੱਤਾ ਗਿਆ ਹੈ। ਚੇਤੇ ਰਹੇ ਕਿ ਆਈ.ਜੀ. ਕਲੂਰੀ ਉਹ ਦਰਿੰਦਾ ਪੁਲਿਸ ਅਧਿਕਾਰੀ ਹੈ ਜਿਸਨੇ ਇਕ ਫਰਜੀ ਮਾਮਲਾ ਘੜਕੇ ਸੋਨੀ ਸੋਰੀ ਅਤੇ ਉਸਦੇ ਭਤੀਜੇ �ਿਗਾਰਾਮ ਕੋਡੋਪੀ ਨੂੰ ਗਿ੍ਰਫ਼ਤਾਰ ਕਰਕੇ ਨਾ ਸਿਰਫ਼ ਜੇਲ੍ਹਾਂ ਵਿਚ ਸਾੜਿਆ ਸੀ ਸਗੋਂ ਉਸਦੀ ਹਦਾਇਤ ਉੱਪਰ ਪੁਲਿਸ ਹਿਰਾਸਤ ਵਿਚ ਸੋਨੀ ਸੋਰੀ ਨੂੰ ਅਕਹਿ ਤਸੀਹੇ ਦਿੰਦੇ ਹੋਏ ਉਸਦੇ ਗੁਪਤ ਅੰਗਾਂ ਵਿਚ ਪੱਥਰ ਪਾ ਦਿੱਤੇ ਸਨ। ਇਹ ਨਿਹਾਇਤ ਸ਼ਰਮਨਾਕ ਦਰਿੰਦਗੀ ਦਾ ਮੁੱਲ ਚੁਕਾਉਦੇ ਹੋਏ ਸੋਨੀਆ ਗਾਂਧੀ ਪਰਿਵਾਰ ਦੀ ਸਰਕਾਰ ਵਲੋਂ ਅਜਿਹਾ ਕਰਨ ਵਾਲੇ ਅੰਕਿਤ ਗਰਗ ਨੂੰ ‘ਗਣਤੰਤਰ ਦਿਵਸ’ ਉੱਪਰ ਵਿਸ਼ੇਸ਼ ਬਹਾਦਰੀ ਸਨਮਾਨ ਦਿੱਤਾ ਗਿਆ ਸੀ।

ਮਾਸਿਕ ਰਸਾਲੇ ‘‘ਕੈਰਾਵੈਨ’’ ਦੇ ਸਟਾਫ਼ ਪੱਤਰਕਾਰ ਕ੍ਰਿਸ਼ਨ ਕੌਸ਼ਿਕ ਨੇ ਇਸ ਨਾਪਾਕ ਰਿਸ਼ਤੇ ਉੱਪਰ ਚਾਨਣਾ ਪਾਇਆ ਹੈ। ਬਸਤਰ ਪੁਲਿਸ ਦੇ ਆਈ.ਜੀ. ਸ੍ਰੀਮਾਨ ਕਲੂਰੀ ਵਲੋਂ ਬਣਾਏ ਇਸ ਅਖਾਉਤੀ ਮੰਚ ਵਲੋਂ ਪੱਤਰਕਾਰ ਮਾਲਿਨੀ ਦੇ ਘਰ ਜਾਣ ਦੀ ਪਹਿਲੀ ਕਾਰਵਾਈ ਤੋਂ ਕੁਛ ਦਿਨ ਬਾਦ ਹੀ ਈਨਾਡੂ ਇੰਡੀਆ ਅਖ਼ਬਾਰ ਵਿਚ ਛਪੀ ਇਕ ਅਸਾਧਾਰਨ ਰਿਪੋਰਟ ਉੱਪਰ ਇਸ ਪੱਤਰਕਾਰ ਨੇ ਗ਼ੌਰ ਕੀਤਾ। ਇਸ ਅਖ਼ਬਾਰ ਨੇ ਇਕ ਵਿਲੱਖਣ ਵਿਆਹ ਦੀ ਖ਼ਬਰ ਛਾਪੀ ਸੀ। ਪੱਤਰਕਾਰ ਨੇ ਕਲੂਰੀ ਅਤੇ ਅਖਾਉਤੀ ਸਮਾਜਿਕ ਮੰਚ ਦੇ ਨਾਪਾਕ ਰਿਸ਼ਤੇ ਦੀ ਪੁਣਛਾਣ ਕੀਤੀ। ਅਤੇ ਇਸ ਵਿਆਹ ਦਾ ਖ਼ੁਲਾਸਾ ਕਰਦਿਆਂ ਲਿਖਿਆ ਕਿ 16 ਜਨਵਰੀ ਨੂੰ ਜਗਦਲਪੁਰ ਦੇ ਮੁਕਾਮੀ ਪੁਲਿਸ ਥਾਣੇ ਤੋਂ ਇਕ ਬਰਾਤ ਹਟ ਮੈਦਾਨ ਲਈ ਰਵਾਨਾ ਹੋਈ। ‘ਬਸਤਰ ਸਮਾਜਿਕ ਏਕਤਾ ਮੰਚ’ ਵਾਲੇ ਲਾੜੀ ਵਾਲੇ ਪਾਸੇ ਹਾਜ਼ਰ ਸਨ ਅਤੇ ਪੁਲਿਸ ਪਰਿਵਾਰ ਲਾੜੇ ਵਲੋਂ ਬਰਾਤ ਵਿਚ ਪਹੁੰਚਿਆ ਹੋਇਆ ਸੀ। ਵਿਆਹ ਦੀ ਰਸਮ ਦੌਰਾਨ, ਸਮਾਜਿਕ ਏਕਤਾ ਮੰਚ ਦੇ ਆਗੂ ਅਤੇ ਬਸਤਰ ਰੇਂਜ ਦਾ ਪੁਲਿਸ ਮੁਖੀ ਆਈ.ਜੀ. ਐੱਸਆਰਪੀ ਕਲੂਰੀ ਗੁਲਾਬੀ ਪੱਗਾਂ ਬੰਨ੍ਹਕੇ ਮੰਚ ਉੱਪਰ ਬਿਰਾਜਮਾਨ ਹੋਏ ਸਨ। ਇਹ ਖ਼ਾਸ ਰੰਗ ਦੀਆਂ ਪੱਗਾਂ ਵਿਆਹਾਂ ਵਿਚ ਲਾੜੇ ਤੇ ਲਾੜੀ ਦੇ ਬਹੁਤ ਹੀ ਨੇੜਲੇ ਰਿਸ਼ਤੇਦਾਰ ਇਸ ਮੌਕੇ ’ਤੇ ਬੰਨ੍ਹਕੇ ਆਉਦੇ ਹਨ। ਦਰਅਸਲ, ਕਲੂਰੀ ਬਰਾਤ ਦਾ ਮੋਹਰੀ ਬਣਕੇ ਵਿਆਹ ਵਾਲੀ ਜਗਾ੍ਹ ਢੁੱਕਿਆ ਸੀ। ਕਲੂਰੀ ਅਤੇ ਇਸ ਗਰੁੱਪ ਦੇ ਇਸ ਗੂੜ੍ਹੇ ਰਿਸ਼ਤੇ ਦੀ ਤਸਦੀਕ ਹੋਰ ਸੀਨੀਅਰ ਪੱਤਰਕਾਰਾਂ ਨੇ ਵੀ ਕੀਤੀ ਹੈ।

ਨਿਸ਼ਚੇ ਹੀ, ਬਸਤਰ ਉੱਪਰ ਮੰਡਰਾ ਰਹੇ ਵਿਆਪਕ ਕਤਲੋਗ਼ਾਰਤ ਦਾ ਖ਼ਤਰਾ ਮੰਡਰਾ ਰਿਹਾ ਹੈ। ਹਾਲ ਹੀ ਵਿਚ ਸੀ.ਪੀ.ਆਈ. (ਮਾਓਵਾਦੀ) ਦੀ ਦੱਖਣੀ ਬਸਤਰ ਡਿਵੀਜਨ ਕਮੇਟੀ ਦੇ ਸਕੱਤਰ ਮੋਹਨ ਨੇ ਇਕ ਪ੍ਰੈੱਸ-ਬਿਆਨ (ਦ ਹਿੰਦੂ, 1 ਮਾਰਚ 2016) ਵਿਚ ਕਿਹਾ ਹੈ ‘‘ਬੇਕਸੂਰ ਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਮਾਓਵਾਦੀਆਂ ਦਾ ਠੱਪਾ ਲਾਇਆ ਜਾ ਰਿਹਾ ਹੈ ਅਤੇ ਮੀਡੀਆ ਵਿਚ ਪ੍ਰਚਾਰ ਕੀਤਾ ਜਾ ਰਿਾਹ ਹੈ। ਜੰਗਲ ਅੰਦਰਲੇ ਇਲਾਕਿਆਂ ਦੇ ਪੇਂਡੂਆਂ ਨੂੰ ਗਿ੍ਰਫ਼ਤਾਰ ਕਰਨ ਅਤੇ ਮਾਓਵਾਦੀਆਂ ਵਜੋਂ ਆਤਮ-ਸਮਰਪਣ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੁਲਕ ਦੀਆਂ ਸਮੂਹ ਇਨਸਾਫ਼ਪਸੰਦ ਤੇ ਜਮਹੂਰੀ ਤਾਕਤਾਂ ਨੂੰ ਆਦਿਵਾਸੀਆਂ ਦੇ ਇਸ ਘਾਣ ਅਤੇ ਜਮਹੂਰੀ ਕਾਰਕੁਨਾਂ ਤੇ ਪੱਤਰਕਾਰਾਂ ਦੀ ਜ਼ੁਬਾਨਬੰਦੀ ਦਾ ਨਾ ਸਿਰਫ਼ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਸਗੋਂ ਇਸਦੇ ਖ਼ਿਲਾਫ਼ ਵਿਆਪਕ ਲਾਮਬੰਦੀ ਦਾ ਪ੍ਰੋਗਰਾਮ ਲੈਂਦੇ ਹੋਏ ਹਿੰਦੁਸਤਾਨੀ ਰਾਜ ਦੇ ਖ਼ੂਨੀ ਹੱਥਾਂ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।

ਸੰਪਰਕ : +91 94634 74342

Comments

ਰਾਜ ਸਿੰਘ

ਬਾਈ ਤੁਹਾਡੀ ਸਾਈਟ ਸੱਚਮੁਚ ਪੰਜਾਬੀ ਦੀ `ਦ ਹਿੰਦੂ ` ਹੈ

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ