ਸਾਂਝੀਆਂ ਫ਼ੌਜੀ ਮਸ਼ਕਾਂ: ਭਾਰਤ ਦੀ ਧਰਤੀ ’ਤੇ ਫ਼ਰਾਂਸੀਸੀ ਜੰਗਬਾਜ਼ਾਂ ਦੇ ਨਾਪਾਕ ਕਦਮ – ਪਾਵੇਲ ਕੁੱਸਾ
Posted on:- 10-03-2016
ਸੰਸਾਰ ਸਮਾਰਾਜੀ ਤਾਕਤਾਂ ਦੇ ਲੁਟੇਰੇ ਜੰਗੀ ਮਨਸੂਬਿਆਂ ਨਾਲ ਨੱਥੀ ਹੋ ਕੇ ਚੱਲਣ ਦੀ ਦੇਸ਼ ਧ੍ਰੋਹੀ ਨੀਤੀ ਮੌਜੂਦਾ ਭਾਜਪਾਈ ਹਾਕਮਾਂ ਵੱਲੋਂ ਵੀ ਪੂਰੀ ਢੀਠਤਾਈ ਨਾਲ ਅੱਗੇ ਵਧਾਈ ਜਾ ਰਹੀ ਹੈ। ਅਮਰੀਕਾ ਤੇ ਉਸਦੇ ਸੰਗੀ ਸਾਮਰਾਜੀ ਮੁਲਕਾਂ ਵੱਲੋਂ ਅੱਤਵਾਦ ਦੇ ਖਿਲਾਫ਼ ਜੰਗ ਦੇ ਨਾਂ ਹੇਠ ਸੰਸਾਰ ਭਰ ’ਚ ਤਬਾਹੀ ਮਚਾਈ ਜਾ ਰਹੀ ਹੈ ਅਤੇ ਆਪਣੇ ਲੁਟੇਰੇ ਹਿਤਾਂ ਨੂੰ ਅੱਗੇ ਵਧਾਉਣ ਲਈ ਜ਼ੋਰ ਮਾਰਿਆ ਜਾ ਰਿਹਾ ਹੈ। ਭਾਰਤੀ ਹਾਕਮ ਆਪਣੇ ਦਲਾਲ ਸਰਮਾਏਦਾਰ ਹਿਤਾਂ ਤੇ ਖੇਤਰੀ ਚੌਧਰਵਾਦੀ ਲਾਲਸਾਵਾਂ ਦੀ ਪੂਰਤੀ ਲਈ ਨਿਹੱਕੀਆਂ ਸਾਮਰਾਜੀ ਜੰਗਾਂ ਤੇ ਹਮਲਾਵਰ ਮੁਹਿੰਮਾਂ ’ਚ ਹੱਥ ਵਟਾਉਂਦੇ ਆ ਰਹੇ ਹਨ ਤੇ ਖੂੰਖਾਰ ਜੰਗਬਾਜ਼ ਤਾਕਤਾਂ ਨਾਲ ਨੇੜਲੇ ਫੌਜੀ ਰਿਸ਼ਤੇ ਗੰਢਣ ਦੇ ਰਾਹ ਤੁਰੇ ਹੋਏ ਹਨ। ਪਿਛਲੇ ਇੱਕ ਦਹਾਕੇ ਦੌਰਾਨ ਭਾਰਤੀ ਹਾਕਮਾਂ ਨੇ ਇਹਨਾਂ ਲੀਹਾਂ ’ਤੇ ਤੇਜ਼ੀ ਨਾਲ ਕਦਮ ਧਰੇ ਹਨ। 2005 ’ਚ ਅਮਰੀਕਾ ਨਾਲ ਫੌਜੀ ਸੰਧੀ ਕਰਕੇ ਕਾਂਗਰਸੀ ਹਾਕਮਾਂ ਨੇ ਭਾਰਤੀ ਫੌਜਾਂ ਤੇ ਫੌਜੀ ਸੋਮਿਆਂ ਨੂੰ ਅਮਰੀਕੀ ਸਾਮਰਾਜੀ ਯੁੱਧਨੀਤਕ ਹਿਤਾਂ ਨਾਲ ਟੋਚਨ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ ਅਤੇ ਮਗਰੋਂ ਅਜਿਹੇ ਹੀ ਹੋਰ ਕਦਮ ਲਏ ਸਨ।
ਇਸੇ ਨੀਤੀ ’ਤੇ ਚਲਦਿਆਂ ਹੀ ਭਾਰਤੀ ਹਕੂਮਤ ਨੇ 2006 ’ਚ ਫਰਾਂਸ ਨਾਲ ਵੀ ਰੱਖਿਆ ਖੇਤਰ ’ਚ ਸਹਿਯੋਗ ਦੀ ਸੰਧੀ ਕੀਤੀ ਸੀ। ਇਸ ਸਮਝੌਤੇ ’ਚ ਤਕਨੀਕੀ ਫੌਜੀ ਜਾਣਕਾਰੀ ਸਾਂਝੀ ਕਰਨ, ਗੁਪਤ ਸੂਚਨਾਵਾਂ ਦੇ ਆਦਾਨ-ਪ੍ਰਦਾਨ ਤੋਂ ਲੈ ਕੇ ਸਾਂਝੀਆਂ ਫੌਜੀ ਮਸ਼ਕਾਂ ਕਰਨ ਤੇ ਹਥਿਆਰਾਂ ਦਾ ਦੁਵੱਲਾ ਵਪਾਰ ਵਧਾਉਣ ਤੱਕ ਦੇ ਮੁੱਦੇ ਸ਼ਾਮਲ ਸਨ। ਏਸੇ ਸੰਧੀ ਤਹਿਤ ਹੀ ਪਹਿਲਾਂ ਭਾਰਤੀ ਤੇ ਫਰਾਂਸੀਸੀ ਫੌਜਾਂ ਦੀਆਂ ਹਵਾਈ ਤੇ ਸਮੁੰਦਰੀ ਟੁਕੜੀਆਂ ਨੇ ਸਾਂਝੀਆਂ ਮਸ਼ਕਾਂ ਕੀਤੀਆਂ ਸਨ।
ਹੁਣ ਚੜ੍ਹਦੇ ਵਰ੍ਹੇ ਹੀ ਦੋਹਾਂ ਮੁਲਕਾਂ ਦੀਆਂ ਥਲ ਸੈਨਾਵਾਂ ਦੀਆਂ ਟੁਕੜੀਆਂ ਨੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ’ਚ ਸਾਂਝਾ ਜੰਗੀ ਅਭਿਆਸ ਕੀਤਾ ਹੈ। ਦੋਹਾਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਜਾਰੀ ਸਾਂਝੇ ਬਿਆਨਾਂ ਅਨੁਸਾਰ ਇਹ ਮਸ਼ਕਾਂ 6 ਤੋਂ 20 ਜਨਵਰੀ ਤੱਕ ਚੱਲੀਆਂ ਹਨ ਜੀਹਦੇ ’ਚ ਅੱਤਵਾਦ ਵਿਰੋਧੀ ਕਾਰਵਾਈਆਂ ਤੇ ਬਗਾਵਤ ਦਬਾਉਣ ਦੀਆਂ ਕਾਰਵਾਈਆਂ ਦੇ ਤਜ਼ਰਬੇ ਸਾਂਝੇ ਕੀਤੇ ਗਏ ਸਨ। ਇਸ ਸਾਂਝੇ ਅਭਿਆਸ ਤੋਂ ਮਗਰੋਂ ਫਰਾਂਸੀਸੀ ਫੌਜ ਦੀ ਇਹ ਟੁਕੜੀ ਭਾਰਤੀ ਹਾਕਮਾਂ ਵੱਲੋਂ ਮਨਾਏ ਜਾਂਦੇ ਗਣਤੰਤਰ ਦਿਵਸ ਸਮਾਗਮਾਂ ’ਚ ਵੀ ਸ਼ਾਮਲ ਹੋਈ ਹੈ। ਫਰਾਂਸ ਦਾ ਰਾਸ਼ਟਰਪਤੀ ਫਰਾਂਸਵਾ ਔਲਾਂਦੇ ਇਹਨਾਂ ਦਿਨਾਂ ਦੌਰਾਨ ਹੀ ਭਾਰਤ ਦੇ ਦੌਰੇ ’ਤੇ ਆਇਆ ਸੀ ਤੇ ਉਹੀ ਗਣਤੰਤਰ ਦਿਵਸ ਸਮਾਗਮਾਂ ਮੌਕੇ ਮੁੱਖ ਮਹਿਮਾਨ ਸੀ। ਇਹ ਪਹਿਲੀ ਵਾਰ ਸੀ ਕਿ ਕੋਈ ਵਿਦੇਸ਼ੀ ਫੌਜੀ ਟੁਕੜੀ ਭਾਰਤ ਦੀ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਹੋਈ। ਭਾਰਤੀ ਰਾਸ਼ਟਰਪਤੀ ਨੇ ਇਸ ਟੁਕੜੀ ਤੋਂ ਸਲਾਮੀ ਲੈਣ ’ਚ ਮਾਣ ਮਹਿਸੂਸ ਕੀਤਾ ਹੈ ਤੇ ਭਾਰਤੀ ਹਾਕਮ ਜਮਾਤਾਂ ਨੇ ਵੀ ਇਸਨੂੰ ਮਾਣਮੱਤਾ ਮੌਕਾ ਸਮਝਿਆ ਹੈ।
ਭਾਰਤੀ ਲੋਕਾਂ ਦੇ ਪੱਖ ਤੋਂ ਇਹ ਅਫਸੋਸਨਾਕ ਘਟਨਾ ਹੈ। ਜਿਸ ਫਰਾਂਸੀਸੀ ਫੌਜ ਤੋਂ ਸਲਾਮੀ ਲੈ ਕੇ ਭਾਰਤੀ ਹਾਕਮ ਡਾਢੀ ਤਸੱਲੀ ’ਚ ਹਨ, ਉਹ ਫੌਜ ਸੰਸਾਰ ਦੀਆਂ ਜਾਬਰ ਤੇ ਖੂੰਖਾਰ ਫੌਜਾਂ ’ਚ ਸ਼ੁਮਾਰ ਹੁੰਦੀ ਹੈ। ਜਿਸ ਫਰਾਂਸੀਸੀ ਫੌਜ ਦੇ ਨਾਪਾਕ ਕਦਮ ਭਾਰਤ ਦੀ ਧਰਤੀ ’ਤੇ ਪਏ ਹਨ, ਉਹਦਾ ਹੁਣ ਤੱਕ ਦਾ ਇਤਿਹਾਸ ਅਨੇਕ ਜ਼ੁਲਮੀ ਕਾਰਿਆਂ ਨਾਲ ਭਰਿਆ ਪਿਆ ਹੈ। ਅਮਰੀਕਾ ਤੇ ਇੰਗਲੈਂਡ ਤੋਂ ਮਗਰੋਂ ਫਰਾਂਸੀਸੀ ਫੌਜ ਦਾ ਹੀ ਨਾਂ ਬੋਲਦਾ ਹੈ ਜਿਸਨੇ ਲੰਘੇ ਤਾਜ਼ਾ ਅਰਸੇ ਦੌਰਾਨ ਸੰਸਾਰ ਦੇ ਵੱਖ ਵੱਖ ਮੁਲਕਾਂ ’ਚ ਫੌਜੀ ਹਮਲੇ ਕੀਤੇ ਹਨ ਤੇ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। 17 ਵੀਂ ਸਦੀ ਤੋਂ ਲੈ ਕੇ ਹੁਣ ਤੱਕ ਅਜਿਹੇ ਮੁਲਕਾਂ ਦੀ ਸੂਚੀ ਬਹੁਤ ਲੰਮੀ ਹੈ ਜਿੱਥੇ ਜਿੱਥੇ ਇਸ ਫੌਜ ਨੇ ਤਬਾਹੀ ਮਚਾਈ ਹੈ, ਕੌਮੀ ਮੁਕਤੀ ਲਹਿਰਾਂ ਨੂੰ ਲਹੂ ’ਚ ਡੁਬੋਇਆ ਹੈ ਤੇ ਫਰਾਂਸੀਸੀ ਸਰਮਾਏਦਾਰੀ ਲਈ ਮੰਡੀਆਂ ’ਤੇ ਕਬਜ਼ੇ ਜਮਾਏ ਹਨ। ਕੁਝ ਵਰ੍ਹੇ ਲਿਬੀਆ ਦੇ ਸ਼ਾਸਕ ਗੱਦਾਫ਼ੀ ਨੂੰ ਗੱਦੀਉਂ ਲਾਹੁਣ ਲਈ ਛੇੜੀ ਜੰਗ ’ਚ ਏਸੇ ਫਰਾਂਸੀਸੀ ਫੌਜ ਨੇ ਹੀ ਮੂਹਰੇ ਹੋ ਕੇ ਹਮਲੇ ਕੀਤੇ ਸਨ ਤੇ ਇਹਨਾਂ ਹਮਲਿਆਂ ’ਚ ਲਗਭਗ 50 ਹਜ਼ਾਰ ਲੋਕ ਮਾਰੇ ਗਏ ਸਨ। ਹੁਣ ਵੀ ਇਹ ਫੌਜ ਕਈ ਅਫ਼ਰੀਕੀ ਮੁਲਕਾਂ ਦੀ ਪ੍ਰਭੂਸੱਤਾ ਨੂੰ ਪੈਰਾਂ ਹੇਠ ਰੋਲ਼ ਰਹੀ ਹੈ ਤੇ ਉੱਥੇ ਲਗਾਤਾਰ ਤਾਇਨਾਤ ਹੈ ਤੇ ਅਜਿਹਾ ਕੁਝ ਹੀ ਸੀਰੀਆ ’ਚ ਕੀਤਾ ਜਾ ਰਿਹਾ ਹੈ। ਅਫ਼ਰੀਕੀ ਮੁਲਕਾਂ ’ਚ ਤਾਂ ਫਰਾਂਸੀਸੀ ਫੌਜ ਦੇ ਜ਼ੁਲਮਾਂ ਦੀਆਂ ਦਿਲ-ਕੰਬਾਊ ਕਥਾਵਾਂ ਪ੍ਰਚਲਿਤ ਹਨ। 35 ਵੀਂ ਇਨਫੈਂਟਰੀ ਰੈਜ਼ਮੈਂਟ ਦੀ ਸੱਤਵੀਂ ਹਥਿਆਰਬੰਦ ਬਿ੍ਰਗੇਡ ਦੀ ਜਿਹੜੀ ਟੁਕੜੀ ਹੁਣ ਸਾਂਝੇ ਅਭਿਆਸ ’ਚ ਸ਼ਾਮਲ ਹੋਈ ਹੈ ਉਹਨੂੰ ਅਫ਼ਗਾਨ ਜੰਗ ’ਚ ‘ਬਹਾਦਰੀ’ ਦਿਖਾਉਣ ਬਦਲੇ ਕਈ ਇਨਾਮ ਸਨਮਾਨ ਮਿਲੇ ਹੋਏ ਹਨ। ਭਾਵ ਇਸਨੇ ਨਾਟੋ ਹਮਲਿਆਂ ’ਚ ਅਫ਼ਗਾਨ ਲੋਕਾਂ ਦਾ ਬੇਥਾਹ ਲਹੂ ਵਹਾਇਆ ਹੈ।
ਅਜਿਹੀ ਖੂੰਖਾਰ ਤੇ ਜ਼ਾਲਮ ਫੌਜ ਨਾਲ ਸਾਂਝ ਵਧਾਉਣ ਦਾ ਇੱਕੋ ਇੱਕ ਅਰਥ ਉਹਦੇ ਲੁਟੇਰੇ ਜੰਗੀ ਮੰਤਵਾਂ ਦੀ ਪੂਰਤੀ ’ਚ ਹਿੱਸਾਪਾਈ ਬਣਦਾ ਹੈ। ਫਰਾਂਸ ਨੂੰ ਅਜਿਹੇ ਮੰਤਵਾਂ ਲਈ ਭਾਰਤੀ ਫੌਜ ਤੋਂ ਸਿੱਖਣ ਦੀ ਜ਼ਰੂਰਤ ਨਹੀਂ ਹੈ ਇਸ ਫੌਜ ਨੂੰ ਲਗਭਗ 4 ਸਦੀਆਂ ਦਾ ਤਜ਼ਰਬਾ ਹੈ ਜਦੋਂ ਇਸਨੇ ਦੁਨੀਆਂ ਦੇ ਵੱਖ ਵੱਖ ਕੋਨਿਆਂ ’ਚ ਚੱਲਦੇ ਲੋਕ ਸੰਗਰਾਮਾਂ ਨੂੰ ਲਹੂ ’ਚ ਡੁਬੋਇਆ ਹੈ। ਫਰਾਂਸ ਨੂੰ ਆਪਣੀਆਂ ਧਾੜਵੀ ਮੁਹਿੰਮਾਂ ਦੌਰਾਨ ਤੋਪਾਂ ਤੇ ਗੋਲੀਆਂ ਮੂਹਰੇ ਡਾਹੁਣ ਲਈ ਨੌਜਵਾਨ ਚਾਹੀਦੇ ਹਨ ਤੇ ਭਾਰਤੀ ਹਾਕਮ ਅਜਿਹੇ ਨੌਜਵਾਨ ਮੁਹੱਈਆ ਕਰਵਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਅਜਿਹਾ ਮੌਕਾ ਬਖਸ਼ਣ ਲਈ ਫਰਾਂਸੀਸੀ ਸਾਮਰਾਜੀਆਂ ਦੇ ਸ਼ੁਕਰਗੁਜ਼ਾਰ ਹੋ ਰਹੇ ਹਨ। ਭਾਰਤੀ ਹਾਕਮਾਂ ਦੇ ਅਜਿਹੇ ਕਦਮ ਸੰਸਾਰ ਸਾਮਰਾਜੀ ਤਾਕਤਾਂ ਦੀ ਹੋ ਰਹੀ ਕਤਾਰਬੰਦੀ ਦਰਮਿਆਨ ਅਮਰੀਕਾ ਪੱਖੀ ਕੈਂਪ ਨਾਲ ਐਲਾਨੀਆ ਖੜ੍ਹਨ ਦੇ ਸੰਕੇਤ ਬਣ ਰਹੇ ਹਨ। ਅਮਰੀਕਾ ਤੋਂ ਅਗਾਂਹ ਨਾਟੋ ਜੰਗੀ ਗਰੁੱਪ ਦੇ ਹੋਰਨਾਂ ਮੈਂਬਰ ਮੁਲਕਾਂ ਨਾਲ ਵਧ ਰਿਹਾ ਫੌਜੀ ਸਹਿਯੋਗ ਭਾਰਤ ਨੂੰ ਇਸ ਜੰਗੀ ਗਰੁੱਪ ਨਾਲ ਟੋਚਨ ਕਰ ਰਿਹਾ ਹੈ। ਰੂਸ-ਚੀਨ ਨੂੰ ਘੇਰਨ ਦੀ ਅਮਰੀਕੀ ਯੁੱਧਨੀਤੀ ’ਚ ਭਾਰਤ ਦੀ ਅਸਰਦਾਰ ਵਰਤੋਂ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਇਹ ਅਮਰੀਕੀ ਕੈਂਪ ਦੀਆਂ ਜ਼ਰੂਰਤਾਂ ਹਨ ਤੇ ਖੇਤਰੀ ਚੌਧਰ ਲਈ ਅਮਰੀਕੀ ਸਰਪ੍ਰਸਤੀ ਦਾ ਹੱਥਾ ਭਾਰਤੀ ਹਾਕਮਾਂ ਦੀ ਜ਼ਰੂਰਤ ਹੈ। ਇਹ ਜ਼ਰੂਰਤਾਂ ਰਲਕੇ ਭਾਰਤੀ ਹਾਕਮਾਂ ਨੂੰ ਅਜਿਹੇ ਮਾਰਗ ਤੋਰ ਰਹੀਆਂ ਹਨ ਜੀਹਦੀਆਂ ਭਾਰਤੀ ਲੋਕਾਂ ਲਈ ਘਾਤਕ ਅਰਥ ਸੰਭਾਵਨਾਵਾਂ ਬਣਦੀਆਂ ਹਨ। ਨਾਟੋ ਮੁਲਕਾਂ ਨੇ ਅੱਤਵਾਦ ਖਿਲਾਫ਼ ਜੰਗ ਦੇ ਨਾਂ ਹੇਠ ਸੰਸਾਰ ਭਰ ’ਚ ਅੰਨ੍ਹੀ ਤਬਾਹੀ ਮਚਾਈ ਹੋਈ ਹੈ। ਅਰਬ ਮੁਲਕਾਂ ’ਚ ਅਜਿਹੀ ਹਾਲਤ ਪੈਦਾ ਕਰ ਦਿੱਤੀ ਗਈ ਹੈ ਕਿ ਲੱਖਾਂ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ ਤੇ ਲੱਖਾਂ ਹੀ ਇਹਨਾਂ ਮੁਲਕਾਂ ’ਚੋਂ ਹਿਜਰਤ ਕਰ ਰਹੇ ਹਨ। ਅਜਿਹੇ ਅਣਮਨੁੱਖੀ ਹਾਲਾਤਾਂ ਨੇ ਏਥੋਂ ਦੀ ਜਨਤਾ ’ਚ ਸਾਮਰਾਜੀ ਮੁਲਕਾਂ ਖਿਲਾਫ਼ ਡੂੰਘੀ ਨਫ਼ਰਤ ਤੇ ਰੋਹ ਪੈਦਾ ਕੀਤਾ ਹੋਇਆ ਹੈ। ਹੁਣ ਇਸ ਰੋਹ ਦਾ ਸੇਕ ਸਾਮਰਾਜੀ ਮੁਲਕਾਂ ਨੂੰ ਲੱਗਣਾ ਸ਼ੁਰੂ ਹੋ ਚੁੱਕਾ ਹੈ। ਫਰਾਂਸ ’ਚ ਵੀ ਪਿਛਲੇ ਵਰ੍ਹੇ ਹੋਏ ਧਮਾਕਿਆਂ ਨੇ ਸੈਂਕੜੇ ਲੋਕਾਂ ਦੀ ਜਾਨ ਲਈ ਹੈ। ਇਹ ਸੇਕ ਇਹਨਾਂ ਦੇ ਸੰਗੀ ਬਣ ਰਹੇ ਭਾਰਤ ਵਰਗੇ ਮੁਲਕਾਂ ਖਿਲਾਫ਼ ਵੀ ਸੇਧਤ ਹੋਣਾ ਹੈ। ਧਾਰਮਿਕ ਪੈਂਤੜੇ ਤੋਂ ਸਾਮਰਾਜੀ ਧਾਵੇ ਖਿਲਾਫ਼ ਲੜਾਈ ਲੜ ਰਹੀਆਂ ਜਥੇਬੰਦੀਆਂ ਨੇ ਭਾਰਤੀ ਰਾਜ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਪਿਛਲੇ ਕੁਝ ਸਮੇਂ ’ਚ ਭਾਰਤ ਦੀ ਫੌਜੀ ਤਾਕਤ ਦੇ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਇਹੀ ਦੱਸਦੇ ਹਨ। ਇਹਨਾਂ ਹਮਲਿਆਂ ਦਾ ਨਿਸ਼ਾਨਾ ਕਈ ਵਾਰ ਆਮ ਜਨਤਾ ਵੀ ਬਣ ਜਾਂਦੀ ਹੈ। ਜਿਉਂ ਜਿਉਂ ਭਾਰਤੀ ਹਾਕਮਾਂ ਨੇ ਇਸ ਜੰਗੀ ਗੁੱਟ ਤੇ ਅਮਰੀਕਾ ਨਾਲ ਹੋਰ ਫੌਜੀ ਰਿਸ਼ਤੇ ਗੰਢਣੇ ਹਨ ਤੇ ਉਹਦੀਆਂ ਸੰਸਾਰ ’ਚ ਲੁੱਟ ਮਚਾਉਣ ਤੇ ਜ਼ੁਲਮ ਢਾਹੁਣ ਦੀਆਂ ਕਾਰਵਾਈਆਂ ’ਚ ਹਿੱਸੇਦਾਰ ਬਣਨਾ ਹੈ ਤਿਉਂ ਤਿਉਂ ਹੀ ਭਾਰਤ ਨੇ ਸਾਮਰਾਜੀ ਤਾਕਤਾਂ ਨਾਲ ਭਿੜ ਰਹੀਆਂ ਵੱਖ ਵੱਖ ਸ਼ਕਤੀਆਂ ਦੇ ਚੋਟ ਨਿਸ਼ਾਨੇ ’ਤੇ ਆਉਂਦੇ ਜਾਣਾ ਹੈ ਤੇ ਇਸਦੀ ਕੀਮਤ ਭਾਰਤੀ ਲੋਕਾਂ ਨੂੰ ’ਤਾਰਨੀ ਪੈਣੀ ਹੈ। ਤੇ ਭਾਰਤੀ ਹਾਕਮ ਲਗਾਤਾਰ ਏਸੇ ਰਾਹ ਅੱਗੇ ਵਧ ਰਹੇ ਹਨ। ਅਮਰੀਕਾ ਦੇ ਪਾਲਤੂਆਂ ਵਜੋਂ ਪ੍ਰਚਲਿਤ ਅਤੇ ਸੰਸਾਰ ’ਚ ਹਥਿਆਰਾਂ ਦੇ ਸਭ ਤੋਂ ਮੋਹਰੀ ਖਰੀਦਦਾਰ ਮੁਲਕ ਸਾਊਦੀ ਅਰਬ ਤੇ ਇਜ਼ਰਾਈਲ ਨਾਲ ਵੀ ਭਾਰਤ ਨੇੜਲੇ ਫੌਜੀ ਸਬੰਧ ਵਿਕਸਿਤ ਕਰਨ ਜਾ ਰਿਹਾ ਹੈ। ਕੁਝ ਅਰਸਾ ਪਹਿਲਾਂ ਸਾਊਦੀ ਅਰਬ ਮੁਖੀ ਦੀ ਭਾਰਤ ਫੇਰੀ ’ਚ ਅਜਿਹੀ ਹੀ ਚਰਚਾ ਹੋਈ ਹੈ।
ਖਰੀਆਂ ਦੇਸ਼ ਭਗਤ, ਲੋਕ ਪੱਖੀ ਤੇ ਇਨਕਲਾਬੀ ਸ਼ਕਤੀਆਂ ਲਈ ਇਹ ਅਹਿਮ ਕਾਰਜ ਬਣਦਾ ਹੈ ਕਿ ਉਹ ਭਾਰਤੀ ਹਾਕਮਾਂ ਦੇ ਅਜਿਹੇ ਵਿਹਾਰ ਤੇ ਕਿਰਦਾ ਦਾ ਪਰਦਾਚਾਕ ਕਰਨ ਅਤੇ ਭਾਰਤੀ ਲੋਕਾਂ ਲਈ ਇਹਦੀਆਂ ਬਣਦੀਆਂ ਅਰਥ ਸੰਭਾਵਨਾਵਾਂ ਦਰਸਾਉਣ। ਆਪਣੇ ਮੁਲਕ ਦੀ ਧਰਤੀ ਅਜਿਹੇ ਲੁਟੇਰੇ ਜੰਗੀ ਮਕਸਦ ਲਈ ਵਰਤਣ ਦੇ ਮਨਸੂਬਿਆਂ ਖਿਲਾਫ਼ ਲੋਕਾਂ ਨੂੰ ਜਾਗਿ੍ਰਤ ਕਰਨ। ਇਸ ਕਾਰਜ ਦੀ ਮਹੱਤਤਾ ਏਸ ਕਰਕੇ ਵੀ ਵਧ ਜਾਂਦੀ ਹੈ ਕਿ ਦਹਿਸ਼ਤੀ ਹਮਲਿਆਂ ਦੀ ਸੂਰਤ ’ਚ ਹਾਕਮ ਲੋਕਾਂ ਨੂੰ ਕੌਮੀ ਜਨੂੰਨ ਦਾ ਝੱਲ ਚਾੜ੍ਹਨ ਤੇ ਪਾਕਿਸਤਾਨੀ ਵਿਰੋਧੀ ਭਾਵਨਾਵਾਂ ਉਭਾਰਨ ਦਾ ਯਤਨ ਕਰਦੇ ਹਨ ਤੇ ਲੋਕਾਂ ਦੇ ਵੱਡੇ ਹਿੱਸੇ ਹਾਕਮਾਂ ਦੇ ਅਜਿਹੇ ਫਿਰਕੂ ਤੇ ਸ਼ਾਵਨਵਾਦੀ ਪ੍ਰਚਾਰ ਦੀ ਮਾਰ ਹੇਠ ਆਉਂਦੇ ਹਨ। ਜਦਕਿ ਹਾਕਮਾਂ ਦੀਆਂ ਅਸਲ ਕਰਤੂਤਾਂ ਦੀ ਹਕੀਕਤ ਛੁਪਾ ਲਈ ਜਾਂਦੀ ਹੈ। ਇਹ ਹਕੀਕਤ ਲੋਕਾਂ ਸਾਹਮਣੇ ਲਿਆਉਣੀ ਲਾਜ਼ਮੀ ਹੈ। ਇਹ ਦਰਸਾਉਣਾ ਲਾਜ਼ਮੀ ਹੈ ਕਿ ਇੱਕ ਅਮਨ ਪਸੰਦ ਤੇ ਚੰਗੇ ਗੁਆਂਢੀ ਤੇ ਵਿਦੇਸ਼ੀ ਮੁਲਕਾਂ ’ਚ ਦਖਲਅੰਦਾਜ਼ੀ ਨਾ ਕਰਨ ਵਰਗੇ ਮੁਲਕ ਵਜੋਂ ਵਿਚਰ ਕੇ ਹੀ ਅਜਿਹੇ ਹਮਲਿਆਂ ਤੋਂ ਬਚਾਅ ਹੋ ਸਕਦਾ ਹੈ। ਭਾਰਤੀ ਹਾਕਮਾਂ ਨੂੰ ਅਜਿਹੇ ਰਾਹ ਪਾਉਣ ਲਈ ਚੇਤਨ ਲੋਕ ਤਾਕਤ ਦਾ ਦਬਾਅ ਹੀ ਅਹਿਮ ਰੋਲ ਅਦਾ ਕਰ ਸਕਦਾ ਹੈ।