ਪੂਰੇ ਦੇਸ਼ ਨੂੰ ਸੰਬੋਧਿਤ ਇੱਕ ਸ਼ਕਤੀਸ਼ਾਲੀ ਚਿੱਠੀ ਵਿੱਚ ਉਸ ਨੇ ਲਿਖਿਆ ਸੀ, “ਕੀ ਮੈਨੂੰ ਕਰੰਟ ਦੇਣ ਨਾਲ, ਨੰਗੇ ਕਰਨ ਨਾਲ ਜਾਂ ਬਰਬਰਤਾ ਵਿਖਾਉਣ ਨਾਲ, ਮੇਰੇ ਗੁੱਦਾ ਅੰਦਰ ਪੱਥਰ ਪਾਉਣ ਨਾਲ ਨਕਸਲਵਾਦ ਦੀ ਸਮੱਸਿਆ ਹੱਲ ਹੋ ਜਾਵੇਗੀ ? ਕਿਉਂ ਔਰਤਾਂ `ਤੇ ਇੰਨੇ ਅੱਤਿਆਚਾਰ ਕੀਤੇ ਜਾਂਦੇ ਹਨ ? ਮੈਂ ਸਾਰੇ ਦੇਸ਼ਵਾਸੀਆਂ ਤੋਂ ਪੁੱਛਣਾ ਚਾਹੁੰਦੀ ਹਾਂ ।” ਸ਼ਰਮ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਅਫ਼ਸਰ ਦੀ ਦੇਖ-ਰੇਖ ਹੇਠ ਸੋਨੀ ਦਾ ਬਲਾਤਕਾਰ ਹੋਇਆ, ਅੰਕਿਤ ਗਰਗ, ਨੂੰ “ਪੁਲਿਸ ਮੈਡਲ ਫਾਰ ਗੈਂਲਟਰੀ ਅਵਾਰਡ" ਨਾਲ ਇਹ ਕਹਿ ਕੇ ਨਵਾਜ਼ਿਆ ਗਿਆ ਕਿ ਉਸ ਨੇ ‘ਹਿੰਮਤ’ ਅਤੇ ‘ਕੁਸ਼ਲਤਾ’ ਨਾਲ ‘ਭਾਰਤ ਮਾਤਾ’ ਦੀ ‘ਸੁਰੱਖਿਆ’ ਕੀਤੀ ਹੈ । ਸੋਨੀ ਸੋਰੀ ਦਾ ਕਿੱਸਾ ਕੋਈ ਅਪਵਾਦ ਨਹੀਂ ਹੈ । ਕਵਾਸੀ ਹਿੜਮੇ, ਬਸਤਰ ਦੀ ਇੱਕ ਆਦਿਵਾਸੀ ਮਹਿਲਾ ਨੂੰ ਸੋਨੀ ਦੀ ਹੀ ਤਰ੍ਹਾਂ ‘ਨਕਸਲਵਾਦੀ’ ਕਹਿ ਕੇ ਪੁਲਿਸ ਹਿਰਾਸਤ ਵਿੱਚ ਲਿਆ ਗਿਆ, ਅਤੇ ਇੱਕ ਥਾਣੇ ਤੋਂ ਦੂਜੇ ਥਾਣੇ, ਇੱਕ ਹਿਰਾਸਤ ਤੋਂ ਦੂਜੀ ਹਿਰਾਸਤ ਵਿੱਚ ਲਗਾਤਾਰ ਉਸ ਨਾਲ ਬਲਾਤਕਾਰ ਕੀਤਾ ਗਿਆ ਜਦੋਂ ਤੱਕ ਪੁਲਿਸ ਕਰਮੀਆਂ ਦੀ “ਹਵਸ” “ਸ਼ਾਂਤ” ਨਹੀਂ ਹੋ ਗਈ । ਇਹ ਸਿਲਸਿਲਾ ਸੱਤ ਸਾਲ ਤੱਕ ਚੱਲਦਾ ਰਿਹਾ ਅਤੇ ‘ਸਾਡੇ’ ਦੇਸ਼ ਦੇ ਸੁਰੱਖਿਆ ਕਰਮੀਆਂ ਦੀ ਮਹਾਨਤਾ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਹਿੜਮੇ ਦਾ ਗਰਭਾਸ਼ੈ ਬਾਰਹ ਆ ਗਿਆ । ਦਰਦ ਨਾਲ ਚੀਖਦੀ ਅਤੇ ਖੂਨ ਵਿੱਚ ਲਥਪੱਥ ਹਿੜਮੇ ਨੇ ਇੱਕ ਵਾਰ ਤਾਂ ਉਸਨੂੰ ਅੰਦਰ ਧੱਕ ਦਿੱਤਾ ਪਰੰਤੂ ਅਸਹਿਣਯੋਗ ਦਰਦ ਦੇ ਚਲਦੇ ਅਗਲੀ ਵਾਰ ਉਸਨੇ ਆਪਣੀ ਜੇਲ੍ਹ ਦੀ ਸਾਥੀ ਤੋਂ ਬਲੇਡ ਲੈ ਕੇ ਗਰਭਾਸ਼ੈ ਕੱਟਣ ਦੀ ਕੋਸ਼ਿਸ਼ ਕੀਤੀ । ਹਿੜਮੇ ਦੀ ਕਹਾਣੀ ਓਦੋਂ ਦੁਨੀਆਂ ਦੇ ਸਾਹਮਣੇ ਆਈ ਜਦੋਂ ਸੋਨੀ ਉਸਨੂੰ ਜੇਲ੍ਹ ਵਿੱਚ ਮਿਲੀ । ਹਜ਼ਾਰਾਂ ਸੋਨੀ ਅਤੇ ਹਿੜਮੇ ਅੱਜ ਵੀ ਭਾਰਤ ਦੀਆਂ ਜੇਲ੍ਹਾਂ ਵਿੱਚ ਸੜਦੀਆਂ ਹਨ । ਕੁਨਾਨ ਪੋਸ਼ਪੁਰਾ, ਕਸ਼ਮੀਰ ਦੀਆਂ ਔਰਤਾਂ ਜਿਹਨਾਂ ਨਾਲ ਅੱਜ ਤੋਂ 25 ਸਾਲ ਪਹਿਲਾਂ ਭਾਰਤੀ ਸੈਨਾ ਦੀ ‘ਚੌਥੀ ਰਾਜ ਰਾਈਫ਼ਲ’ ਦੀ ਟੁੱਕੜੀ ਨੇ ਬਲਾਤਕਾਰ ਕੀਤਾ ਸੀ, ਉਹ ਅੱਜ ਵੀ ਭਾਰਤੀ ਨਿਆਂ-ਤੰਤਰ ਤੋਂ ਇਨਸਾਫ਼ ਦੀ ਉਡੀਕ ਵਿੱਚ ਬੈਠੀਆਂ ਹਨ । ਥਣਜੰਗਮ ਮਨੋਰਮਾ ਦੇ ਵਹਿਸ਼ੀ ਬਲਾਤਕਾਰ ਅਤੇ ਕਤਲ ਤੋਂ ਬਾਅਦ ਮਨੀਪੁਰੀ ਔਰਤਾਂ ਦਾ ਇਸ ਜ਼ੁਲਮ ਵਿਰੁੱਧ ਨੰਗੇ ਹੋ ਕੇ ਕੀਤਾ ਸ਼ਕਤੀਸ਼ਾਲੀ ਵਿਰੋਧ ਪ੍ਰਦਰਸ਼ਨ ‘ਭਾਰਤੀ ਸੈਨਾ, ਆਓ ਸਾਡਾ ਬਲਾਤਕਾਰ ਕਰੋ’ ਅੱਜ ਵੀ ਦੇਸ਼ ਦੇ "ਲੋਕਤੰਤਰ" ਦੇ ਮੂੰਹ `ਤੇ ਕਰਾਰੀ ਚਪੇੜ ਹੈ । ਦੇਸ਼ ਦੀ ਵੰਡ ਵੇਲੇ ਬਲਾਤਕਾਰ ਦੀਆਂ ਸ਼ਿਕਾਰ ਹੋਈਆਂ ਲੱਖਾਂ ਔਰਤਾਂ ਚੀਖ-ਚੀਖ ਕੇ ‘ਰਾਸ਼ਟਰ’ ਦੀ ਬਣਾਵਟ ਦੀ ਬਰਬਰਤਾ ਪੇਸ਼ ਕਰਦੀਆਂ ਹਨ । ਇਸ ਤਰ੍ਹਾਂ ਦੀ ਹਿੰਸਾ ਔਰਤਾਂ `ਤੇ ਦੇਸ਼ ਦੇ ‘ਆਜ਼ਾਦ’ ਹੋਣ ਦੇ ਬਾਅਦ ਵਾਰ-ਵਾਰ ਕੀਤੀ ਗਈ, ਚਾਹੇ ਉਹ ਐਮਰਜੈਂਸੀ ਦਾ ਸਮਾਂ ਹੋਵੇ ਜਾਂ 1984 ਦੇ ਦੰਗੇ ਜਾਂ ਗੋਧਰਾ ਦੰਗੇ ਜਾਂ ਗੁਜਰਾਤ ਕਤਲੇਆਮ ਜਾਂ ਓਪਰੇਸ਼ਨ ਗਰੀਨ-ਹੰਟ ਜਾਂ ਕੰਠਮਾਲ ਜਾਂ ਫਿਰ ਮੁਜ਼ੱਫ਼ਰਨਗਰ ਦੰਗੇ । ਐਸੇ ਸਮੇਂ ਵਿੱਚ ਜਦੋਂ ਸੱਜੇ-ਪੱਖੀਆਂ ਤੋਂ ਲੈ ਕੇ ਕੁਝ ਖੱਬੇ ਪੱਖੀ ਤੱਕ ਅਪਾਣੇ ਆਪ ਨੂੰ “ਸੱਚੇ ਰਾਸ਼ਟਰਵਾਦੀ’ ਸਿੱਧ ਕਰਨ `ਤੇ ਤੁਲੇ ਹੋਏ ਹਨ, ਸੋਨੀ ਸੋਰੀ ਦਾ ਕਾਲਾ ਚਿਹਰਾ, ਮਨੋਰਮਾ ਦੀ ਲਾਸ਼ ਅਤੇ ਹਿੜਮੇ ਦਾ ਬਾਹਰ ਨਿਕਲਦਾ ਗਰਭਾਸ਼ੈ ਸਾਡੇ ਸਾਹਮਣੇ ਕਈ ਸਵਾਲ ਖੜੇ ਕਰਦਾ ਹੈ: ਕੀ ਕੋਈ ਰਾਸ਼ਟਰ ਕਦੇ ਵੀ ਔਰਤਾਂ ਦਾ ਰਾਸ਼ਟਰ ਹੋ ਸਕਦਾ ਹੈ ? ਕਿਉਂ ਇਹ ਦੇਸ਼ ਬਲਾਤਕਾਰਾਂ ਅਤੇ ਹਿੰਸਾ ਦੇ ਸਹਾਰੇ ਬਣਿਆ ਅਤੇ ਖੜਿਆ ਹੈ ? ਕੀ ਔਰਤਾਂ ਦੀਆਂ ਇੱਛਾਵਾਂ, ਜ਼ਿੰਦਗੀਆਂ ਅਤੇ ਜਿਸਮਾਂ `ਤੇ ਕਾਬੂ, ਚੌਕਸੀ ਅਤੇ ਹਿੰਸਾ ਹੀ ਰਾਸ਼ਟਰਵਾਦ ਅਤੇ ਦੇਸ਼ ਦੀ ਨੀਂਹ ਹਨ ? ਕੀ ਮਰਦ-ਪ੍ਰਧਾਨ ਅਤੇ ਪਿਤਾ-ਪੁਰਖੀ ਸਿਧਾਂਤ ਸਾਡੇ ਦੇਸ਼ ਬਾਰੇ ਕਲਪਨਾਵਾਂ ਅਤੇ ਬਣਤਰਾਂ ਦਾ ਵੀ ਹਿੱਸਾ ਬਣ ਗਏ ਹਨ ? ਅਸੀਂ ਸਭ ਸੰਘ ਪਰਿਵਾਰ(RSS-BJP-ABVP-VHP) ਦੀ ਦੋਗਲੀ ਰਾਜਨੀਤੀ ਨੂੰ ਜਾਣਦੇ ਹਾਂ । ਇੱਕ ਪਾਸੇ ਉਹ ਮਾਵਾਂ-ਭੈਣਾਂ ਦੀਆਂ ਗਾਹਲਾਂ ਕੱਢਦੇ ਹਨ, ਐਸਿਡ- ਬਲਾਤਕਾਰ ਦੀਆਂ ਧਮਕੀਆਂ ਦਿੰਦੇ ਹਨ ਅਤੇ ਦੂਜੇ ਪਾਸੇ ਤਿਰੰਗਾ ਫੜ ਕੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਉਂਦੇ ਹਨ । ਪਰ ਜ਼ਿਆਦਾ ਮਹੱਤਵਪੂਰਨ ਸਵਾਲ ਇਹ ਹੈ ਕਿ ਭਾਰਤ ਆਖਿਰ ‘ਭਾਰਤ ਮਾਤਾ’ ਕਿਉਂ ਹੈ ? ਦੇਸ਼ ਨਾਲ ਇਸਤਰੀ ਲਿੰਗ ਨੂੰ ਕਿਉਂ ਜੋੜਿਆ ਗਿਆ ਹੈ ?ਕੀ ਭਾਰਤ ਨੂੰ ‘ਮਾਤਾ’ ਕਹਿਣਾ ਔਰਤਾਂ ਨੂੰ ਪੈਦਾ ਕਰਨ ਵਾਲੀਆਂ ਮਸ਼ੀਨਾਂ/ਦੇਵੀਆਂ ਦੀ ਤਰ੍ਹਾਂ ਵੇਖਣਾ ਨਹੀਂ ਹੈ, ਜਿਹਨਾਂ ਦੀ ਸੁਰੱਖਿਆ ਦਾ ਠੇਕਾ ਸਾਰੇ ‘ਸਪੁੱਤਰਾ’ ਨੇ ਚੁੱਕਿਆ ਹੋਇਆ ਹੈ ? ਕੀ ਦੇਸ਼ ਬਾਰੇ ਇਸ ਤਰ੍ਹਾਂ ਦੀ ਸਮਝ ਔਰਤਾਂ ਨੂੰ ਪਿੰਜਰਿਆਂ ਵਿੱਚ ਕੈਦ ਨਹੀਂ ਕਰਦੀ ? ਕੀ ਰਾਸ਼ਟਰ ਨੂੰ ਮਾਤਾ ਕਹਿਣਾ ਔਰਤਾਂ ਨੂੰ ਸਿਰਫ਼ ਮਾਵਾਂ/ਭੈਣਾਂ/ਪਤਨੀਆਂ ਦੇ ਰੂਪ ਵਿੱਚ ਵੇਖਣਾ ਨਹੀਂ ਹੈ ਜਿਸਨੂੰ ਸੁਰੱਖਿਆ ਦੀ ਲੋੜ ਹੈ ? ਕੀ ਇਹ ਕਹਿਣਾ ਗ਼ਲਤ ਹੋਵੇਗਾ ਕਿ ਜਿਸ ਤਰ੍ਹਾਂ ਸਮਾਜ ਵਿੱਚ ਔਰਤ ਨੂੰ ਅਜਿਹੀ ਵਸਤੂ ਸਮਝਿਆ ਜਾਂਦਾ ਹੈ ਜਿਸ ਦੀ ‘ਸੁਰੱਖਿਆ’ ਅਤੇ ‘ਸ਼ੁੱਧਤਾ’ ਜਾਂ ਜਿੰਮਾ ਸਾਰੇ ‘ਮਰਦ ਸੈਨਕਾਂ `ਤੇ ਹੈ ਉਸੇ ਤਰ੍ਹਾਂ ‘ਭਾਰਤ ਮਾਤਾ’ ਦੀ ਸੁਰੱਖਿਆ ਅਤੇ ਸ਼ੁੱਧਤਾ ਦਾ ਜਿੰਮਾ ਮਹਾਨ ਹਿੰਦੂ ਤਿਲਕ-ਪੁਰਖਾਂ `ਤੇ ਹੈ ? ਕੀ ਰਾਸ਼ਟਰਵਾਦ ਦੀ ਇਹ ਪਰਿਭਾਸ਼ਾ ਔਰਤਾਂ ਦੀ ਮਹਾਨਤਾ ਨੂੰ "ਤਿਆਗ ਦੀ ਦੇਵੀ" ਹੋਣ ਤੱਕ ਸੀਮਿਤ ਨਹੀਂ ਕਰਦੀ ? ਇਸ ਤਰ੍ਹਾਂ ਦੀ ਲਿੰਗਵਾਦੀ ਪਰਿਭਾਸ਼ਾ ਵਿੱਚੋਂ ਅਤੇ ਦੇਸ਼ ਦੀ ਬਣਤਰ ਵਿੱਚੋਂ ਮਜ਼ਦੂਰ-ਦਲਿਤ-ਕਿਸਾਨ-ਆਦਿਵਾਸੀ-ਘਟਗਿਣਤੀ ਔਰਤਾਂ ਨੂੰ ਸਿਰਫ ਗਾਇਬ ਹੀ ਨਹੀਂ ਕੀਤਾ ਗਿਆ ਸਗੋਂ ਗੁਨਾਹਗਾਰ ਬਣਾ ਦਿੱਤਾ ਗਿਆ ਹੈ । ਇਸ ਲਈ ਜਿਵੇਂ ਅਸੀਂ ਹਿੰਦੂਤਵ ਦੇ ਰਾਸ਼ਟਰਵਾਦੀ ਏਜੰਡੇ ਦੀ ਆਲੋਚਨਾ ਕਰਦੇ ਹਾਂ, ਸਾਨੂੰ ਸੋਚਣਾ ਪਵੇਗਾ ਕਿ ਕੀ ਰਾਸ਼ਟਰ ਆਪਣੇ-ਆਪ ਵਿੱਚ ਕੋਈ ਨਿਸ਼ਚਿਤ ਚੀਜ਼ ਹੈ ਜਾਂ ਫਿਰ ਕਿਸੇ ‘ਦੁਸ਼ਮਣ’ ਜਾਂ ‘ਹੋਰ ਦੋਸ਼’ ਦੇ ਸੰਦਰਭ ਵਿੱਚ ਰਾਸ਼ਟਰ ਦੀ ਹੋਂਦ ਹੈ ? ਜਿਵੇਂ ਭਾਰਤ, ਪਾਕਿਸਤਾਨ ਦੇ ਸਬੰਧ ਵਿੱਚ ?ਦੇਸ਼ ਵੱਲੋਂ ਔਰਤਾਂ ਉੱਤੇ ਹਿੰਸਾ ਕੁਝ ਗਿਣੀਆਂ ਚੁਣੀਆਂ ਘਟਨਾਵਾਂ ਦੇ ਰੂਪ ਵਿੱਚ ਨਹੀਂ ਹੁੰਦੀ, ਬਲਕਿ ਔਰਤਾਂ ਦੀ ਰੋਜ਼-ਮਰ੍ਹਾ ਦੀ ਜ਼ਿੰਦਗੀ ਵਿੱਚ ਵੀ ਹੁੰਦੀ ਹੈ ਜੋ ਘਰਾਂ ਤੋਂ ਫੈਲਦੀ ਹੋਈ ਕਾਲਜਾਂ, ਯੂਨੀਵਰਸਿਟੀਆਂ ਅਤੇ ਕੰਮ ਕਰਨ ਦੀਆਂ ਥਾਵਾਂ ਤੱਕ ਪਹੁੰਚਦੀ ਹੈ । ਅਜਿਹਾ ਕਿੰਨੀ ਵਾਰ ਹੁੰਦਾ ਹੈ ਕਿ ਜਦ ਵੀ ਅਸੀਂ ਆਪਣੇ ਬੇਹੱਦ ਮੁੱਢਲੇ ਅਧਿਕਾਰਾਂ ਲਈ ਆਪਣੇ ਪਰਿਵਾਰ ਨਾਲ ਬਹਿਸਦੇ ਹਾਂ (ਜਿਵੇਂ ਕਿ ਨੌਕਰੀ ਕਰਨਾ, ਬਾਹਰ-ਅੰਦਰ ਜਾਣਾ, ਆਪਣੀ ਮਰਜ਼ੀ ਨਾਲ ਪਿਆਰ ਅਤੇ ਵਿਆਹ ਕਰਨਾ) ਤਾਂ ਉਹ ਸਾਨੂੰ ‘ਪੱਛਮੀ ਸਭਿਆਚਾਰ’ ਤੋਂ ਦੂਸ਼ਿਤ ਹੋ ਰਹੇ ਦੱਸ ਕੇ ਚੁੱਪ ਕਰਵਾ ਦਿੰਦੇ ਹਨ । ਜੋਤੀ ਸਿੰਘ ਦੇ ਬਲਾਤਕਾਰ ਤੋਂ ਬਾਅਦ ਜਸਟਿਸ ਵਰਮਾ ਕਮੇਟੀ ਨੇ ਕੁੱਝ ਸਲਾਹਾਂ ਦਿੱਤੀਆਂ ਸਨ ਜਿਹਨਾਂ ਵਿੱਚ ‘ਵਿਆਹਕ ਬਲਾਤਕਾਰ’ ਨੂੰ ਗੁਨਾਹ ਦੇ ਦਾਇਰੇ ਵਿੱਚ ਲੈ ਕੇ ਆਉਣਾ ਵੀ ਇੱਕ ਸਲਾਹ ਸੀ । ਪਰ ਵੇਨਕਿਯਾਹ ਨਾਇਡੂ ਵੱਲੋਂ ਸੰਚਾਲਿਤ ਸੰਸਦੀ ਕਮੇਟੀ ਨੇ ਇਹ ਸਲਾਹ ਰੱਦ ਕਰ ਦਿੱਤੀ ਅਤੇ ਕਿਹਾ ਕਿ ਜੇਕਰ ਵਿਆਹਕ ਬਲਾਤਕਾਰ ਗੁਨਾਹ ਦੇ ਦਾਇਰੇ ਅੰਦਰ ਆ ਗਏ ਤਾਂ ਭਾਰਤੀ ਪਰਿਵਾਰਕ ਢਾਂਚੇ ਦੀ ਨੀਂਹ ਹਿੱਲ ਜਾਵੇਗੀ । ਇਸ ਦਾ ਤੱਤ ਇਹ ਨਿਕਲਦਾ ਹੈ ਕਿ ਸਾਡੇ ਸਮਾਜ ਦੀ ਵਿਆਹ ਸੰਸਥਾ ਦੀ ਹੋਂਦ ਲਈ ਵਿਆਹਕ ਬਲਾਤਕਾਰ ਲਾਜ਼ਮੀ ਹਨ । ਇਸ ਤੋਂ ਇਲਾਵਾ ਹਰ ਰੋਜ਼ ਕੋਈ ਨਾ ਕੋਈ ਜੱਜ ਔਰਤਾਂ ਨੂੰ “ਚੰਗੀ” ਔਰਤ ਬਣਨ ਦਾ ਪਾਠ ਪੜ੍ਹਾ ਹੀ ਦਿੰਦਾ ਹੈ, ਜਦ ਵੀ ਕੋਈ ਔਰਤ ਘਰੇਲੂ ਹਿੰਸਾ ਜਾਂ ਦਹੇਜ ਜਾਂ ਲਿੰਗਿਕ ਹਿੰਸਾ ਦਾ ਕੇਸ ਲੈ ਕੇ ਅਦਾਲਤਾਂ ਤੱਕ ਪਹੁੰਚਦੀ ਹੈ । ਹਰਿਆਣਾ ਦੇ BJP ਦੇ ਹਾਊਸਿੰਗ ਬੋਰਡ ਮਨਿਸਟਰ ਜਵਾਰਹ ਯਾਦਵ ਦਾ ਬਿਆਨ ਕਿ “ਜਿਹੜੀਆਂ ਲੜਕੀਆਂ JNU ਵਿੱਚ ਧਰਨਾ ਦੇ ਰਹੀਆਂ ਹਨ, ਉਹ ਵੇਸ਼ਵਾਵਾਂ ਨਾਲੋਂ ਵੀ ਘਟੀਆਂ ਹਨ ਕਿਉਂਕਿ ਵੇਸ਼ਵਾ ਸਿਰਫ਼ ਆਪਣਾ ਜਿਸਮ ਵੇਚਦੀ ਹੈ, ਦੇਸ਼ ਨਹੀਂ", ਸਾਨੂੰ ਸਿੱਧੇ ਤੌਰ `ਤੇ ਭਾਰਤੀ ਰਾਸ਼ਟਰਵਾਦ ਦੀਆਂ ਜੜ੍ਹਾਂ ਵਿੱਚ ਪਏ ਪਿਤਾ-ਪੁਰਖੀ ਅਤੇ ਬ੍ਰਾਹਮਣਵਾਦੀ ਸਿਧਾਂਤਾਂ ਨਾਲ ਰੂ-ਬ-ਰੂ ਕਰਵਾਉਂਦਾ ਹੈ । ਇਹ ਰਾਸ਼ਟਰਵਾਦ ਔਰਤਾਂ ਨੂੰ ‘ਸਤੀ-ਸਵਿਤਰੀ’ ਜਾਂ ‘ਰੰਡੀ’, ‘ਚੰਗੀ’ ਜਾਂ ‘ਭੈੜੀ’, ‘ਇੱਜ਼ਤਦਾਰ’ ਜਾਂ ‘ਅਵਾਰਾ’, ਚੰਗੀ ਵਿਦਿਆਰਥਣ’ ਜਾਂ ‘ਇਹਸਾਨ-ਫਰਾਮੋਸ਼ ਬੇਟੀ’ ਵਿੱਚ ਵੰਡਦਾ ਹੈ । ਇੱਕ ਆਜ਼ਾਦ ਔਰਤ ਜੋ ਸੋਚਦੀ ਹੈ, ਸਵਾਲ ਕਰਦੀ ਹੈ, ਵਿਰੋਧ ਕਰਦੀ ਹੈ, ਲੜਦੀ ਹੈ, ਇਸ ਦੇਸ਼ ਲਈ ਇੱਕ ‘ਰਾਸ਼ਟਰੀ ਖ਼ਤਰਾ’ ਹੈ, ਖ਼ਾਸ ਕਰ ਜੇ ਉਹ ਔਰਤ ਮਜ਼ਦੂਰ, ਕਿਸਾਨ, ਦਲਿਤ, ਆਦਿਵਾਸੀ, ਨਾਸਤਿਕ, ਮੁਸਲਮਾਨ ਜਾਂ ਕਮਿਉਨਿਸਟ ਹੋਵੇ । ਅਜਿਹੀਆਂ ਔਰਤਾਂ ਰਾਸ਼ਟਰਵਾਦ ਦੀ ਪਿਤਾ- ਪੁਰਖੀ ਸਮਝ ਨੂੰ ਸਿਰੇ ਤੋਂ ਨਕਾਰਦੀਆਂ ਹਨ, ਜੋ ਕਿ ਔਰਤਾਂ ਦੀਆਂ ਆਵਾਜ਼ਾਂ ਨੂੰ ਦਬਾ ਕੇ, ਉਨ੍ਹਾਂ ਨੂੰ ਘਰ-ਪਰਿਵਾਰ ਅਤੇ ਬੇਗਾਨਗੀ ਦੇ ਪਿੰਜਰੇ ਵਿੱਚ ਕੈਦ ਕਰਕੇ ਆਇਆ ਹੈ । ਸਮਾਂ ਆ ਗਿਆ ਹੈ ਕਿ ਔਰਤਾਂ ਇਕਜੁੱਟ ਹੋ ਕੇ ਇਸ ਫ਼ਾਸੀਵਾਦੀ ਰਾਸ਼ਟਰਵਾਦ ਨੂੰ ਇਹ ਦੱਸ ਦੇਣ ਕਿ ਤੁਹਾਡੇ "ਰਾਸ਼ਟਰਵਾਦ" ਦੀਆਂ ਜ਼ਖ਼ਮੀ ਅਤੇ ਦੁਖੀ ਸਰਹੱਦਾਂ ਸਾਨੂੰ ਕੌਮਾਂਤਰੀ ਏਕਤਾ ਕਾਇਮ ਕਰਨ ਤੋਂ ਨਹੀਂ ਰੋਕ ਸਕਦੀਆਂ । ਸਾਡੀਆਂ ਕਲਪਨਾਵਾਂ ਨੂੰ, ਸੁਪਨਿਆਂ ਨੂੰ ਕੈਦ ਨਹੀਂ ਕਰ ਸਕਦੀਆਂ । 'ਪਿੰਜਰਾ ਤੋੜ'
ਸੰਪਰਕ: +91 99880 42308
+91 88724 32892