ਅੱਗ ਨਾਲ ਖੇਡਣਾ ਬੰਦ ਕਰੋ -ਸੁਕੀਰਤ
Posted on:- 06-03-2016
ਸਨਿੱਚਰਵਾਰ, 27 ਫਰਵਰੀ ਦੁਪਹਿਰੇ ਮੈਨੂੰ ਈ-ਮੇਲ ਰਾਹੀਂ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦਾ ਇਕ ਪ੍ਰੈਸ ਨੋਟ ਮਿਲਿਆ, ਜੋ ਉਸੇ ਵੇਲੇ ਦੇਸ ਦੇ ਬਹੁਤ ਸਾਰੇ ਹੋਰਨਾਂ ਪੱਤਰਕਾਰਾਂ ਨੂੰ ਵੀ ਭੇਜਿਆ ਗਿਆ ਹੋਵੇਗਾ । ਵਿਹਿਪ ਗਾਹੇ-ਬਗਾਹੇ ਅਜਿਹੇ ਪ੍ਰੈਸ ਨੋਟ ਜਾਰੀ ਕਰਦੀ ਰਹਿੰਦੀ ਹੈ, ਅਤੇ ਉਕਸਾਊ ਭਾਸ਼ਾ ਵਿਚ ਲਿਖੇ ਇਨ੍ਹਾਂ ਬਿਆਨਾਂ ਨੂੰ ਮੈਂ ਆਮ ਤੌਰ ’ਤੇ ਪੜ੍ਹੇ ਬਿਨਾਂ ਹੀ ਰੱਦੀ ਵੱਲ ਕਰ ਦੇਂਦਾ ਹਾਂ। ਪਰ ਇਸ ਨੋਟ ਦੇ ਸਿਰਲੇਖ ਨੇ ਮੇਰਾ ਧਿਆਨ ਖਿਚਿਆ। “ਜਹਾਦੀਆਂ ਵੱਲੋਂ ਦਲਿਤ ਗੋ-ਰੱਖਿਅਕ ਦੀ ਹੱਤਿਆ ਬਰਦਾਸ਼ਤਯੋਗ ਨਹੀਂ, ਦਲਿਤ ਚਿਤਾਉਣੀ ਸਭਾ 28 ਨੂੰ ਹੋਵੇਗੀ” ।
ਮੈਂ ਅੱਗੇ ਪੜ੍ਹਨਾ ਸ਼ੁਰੂ ਕੀਤਾ: “ਨਵੀਂ ਦਿਲੀ 27 ਫਰਵਰੀ 2016. ਆਗਰਾ ਵਿਚ ਦਲਿਤ ਗੋ-ਰਖਿਅਕ ਸ੍ਰੀ ਅਰੁਣ ਮਾਹੌਰ ਦੀ ਵੀਰਵਾਰ ਨੂੰ ਸਰੇ ਆਮ ਭਰੇ ਬਾਜ਼ਾਰ ਵਿਚ ਗੋਲੀ ਮਾਰ ਕੇ ਹਤਿਆ ਕਰਨ ਨੂੰ ਘਿਨਾਉਣਾ ਕਰਮ ਦਸਦੇ ਹੋਏ ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਨੇ ਉਤਰ ਪ੍ਰਦੇਸ਼ ਸਰਕਾਰ ਕੋਲੋਂ ਜਿਹਾਦੀਆਂ ਨੂੰ ਨੱਥ ਪਾਕੇ ਹਤਿਆਰਿਆਂ ਦੀ ਤੁਰਤ ਗਿਰਫ਼ਤਾਰੀ ਦੀ ਮੰਗ ਕੀਤੀ ਹੈ। ਵਿਹਿਪ ਦੇ ਅੰਤਰਰਾਸ਼ਟਰੀ ਸੰਜੁਕਤ ਮਹਾਮੰਤਰੀ ਡਾ. ਸੁਰੇਂਦ੍ਰ ਜੈਨ ਨੇ ਅਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ਗੋ-ਹਤਿਆਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਚੁਕੀ ਹੈ, ਜਿਸ ਕਾਰਨ ਹਮੇਸ਼ਾ ਤੋਂ ਗੋ-ਰਖਿਆ ਦੇ ਨਾਲ ਨਾਲ ਹਿੰਦੂ ਧਰਮ ਖਾਤਰ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਦਲਿਤ ਭਾਈਚਾਰੇ ਉਤੇ ਹਮਲੇ ਹੋ ਰਹੇ ਹਨ ਅਤੇ ਸਰਕਾਰ ਜਿਹਾਦੀਆਂ ਅੱਗੇ ਮੱਥਾ ਟੇਕਦੀ ਨਜ਼ਰ ਆ ਰਹੀ ਹੈ।
ਉਨ੍ਹਾਂ ਨੇ ਦੇਸ ਦੇ ਅਖਾਉਤੀ ਸੈਕੂਲਰਿਸਟਾਂ ਅਤੇ ਦਲਿਤਾਂ ਦੇ ਮਸੀਹਾ ਕਹਾਉਣ ਵਾਲਿਆਂ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਕੋਈ ਗੋ-ਰਖਿਅਕ ਦਲਿਤ ਕਿਸੇ ਜਿਹਾਦੀ ਦੀ ਗੋਲੀ ਦੀ ਸ਼ਿਕਾਰ ਹੁੰਦਾ ਹੈ ਤਾਂ ਉਨ੍ਹਾਂ ਦੀ ਆਤਮਾ ਕੀ ਸਿਰਫ਼ ਏਸ ਕਾਰਨ ਨਹੀਂ ਜਾਗਦੀ ਕਿ ਸ਼ਿਕਾਰ ਹੋਣ ਵਾਲਾ ਵਿਹਿਪ ਦਾ ਮਹਾਨਗਰ ਉਪ-ਪਰਧਾਨ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਮਗਰੋਂ ਆਗਰਾ ਲਗਾਤਾਰ ਸੜ ਰਿਹਾ ਹੈ ਪਰ ਰਾਹੁਲ ਜੀ ਸਮੇਤ ਦਾਦਰੀ ਨੂੰ ਤੀਰਥ ਬਣਾਉਣ ਵਾਲੇ ਸੈਕੂਲਰ ਮਾਫ਼ੀਆਂ ਵਿਚੋਂ ਕਿਸੇ ਇਕ ਨੇ ਵੀ ਹਤਿਆ ਤੋਂ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਅਰੁਣ ਜੀ ਦੇ ਪਰਵਾਰ ਦੀ ਸੁਧ ਲੈਣ ਦੀ ਜ਼ਰੂਰਤ ਤਕ ਨਹੀਂ ਸਮਝੀ। ਇਹ ਸਿਲੈਕਟਿਵ ਸੈਕੂਲਰਿਜ਼ਮ ਆਖਰ ਕਦ ਤਕ ਚੱਲੇਗਾ?
ਬਿਆਨ ਜਾਰੀ ਕਰਦੇ ਹੋਏ ਵਿਹਿਪ ਦੇ ਰਾਸ਼ਟਰੀ ਬੁਲਾਰੇ ਸ੍ਰੀ ਵਿਨੋਦ ਬੰਸਲ ਨੇ ਦਸਿਆ ਕਿ 25 ਫਰਵਰੀ ਦੀ ਸਵੇਰ ਨੂੰ ਘਟੀ ਇਸ ਘਟਨਾ ਤੋਂ ਮਗਰੋਂ ਆਗਰਾ ਮਹਾਨਗਰ ਸਮੇਤ ਸਮੁੱਚੇ ਜ਼ਿਲ੍ਹੇ ਵਿਚ ਤਣਾਅ ਛਾਇਆ ਹੋਇਆ ਹੈ। ਜ਼ਿਲ੍ਹੇ ਦੇ ਦਲਿਤ ਸਮਾਜ ਨੇ ਐਤਵਾਰ (28 ਫ਼ਰਵਰੀ) ਦੁਪਹਿਰੇ 2 ਵਜੇ ਆਗਰਾ ਵਿਚ ਸੁਰਗਵਾਸੀ ਗੋ-ਰੱਖਿਅਕ ਨੂੰ ਸ਼ਰਧਾਂਜਲੀ ਦੇਣ ਲਈ ਇਕ ਵਿਸ਼ਾਲ ਦਲਿਤ ਚੇਤਨਾ ਸਭਾ ਵਿਉਂਤਣ ਦਾ ਨਿਰਣਾ ਕੀਤਾ ਹੈ “।
ਇਸ ਸਮੇਂ ਤਕ ਆਗਰਾ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਦਾ ਕੌਮੀ ਅਖਬਾਰਾਂ ਵਿਚ ਕੋਈ ਵੇਰਵਾ ਨਜ਼ਰੀਂ ਨਾ ਪਿਆ ਹੋਣ ਕਾਰਨ ਮੈਂ ਲਭ ਕੇ ਇਸ ਖਬਰ ਨੂੰ ਪੜ੍ਹਿਆ ਤਾਂ ਪਤਾ ਲੱਗਾ ਕਿ ਮਕਤੂਲ ਅਰੁਣ ਅਤੇ ਕਥਿਤ ਕਾਤਲ ਸ਼ਾਹਰੁਖ ਵਿਚਕਾਰ 24 ਫ਼ਰਵਰੀ ਨੂੰ ਝੜਪ ਹੋਈ ਸੀ ਜਦੋਂ ਮਕਤੂਲ ਨੇ ਸ਼ਾਹਰੁਖ ਦੇ ਘਰ ਜਾ ਕੇ ਉਸਨੂੰ ਕੁੱਟਿਆ ਸੀ। ਇਸਤੋਂ ਅਗਲੇ ਹੀ ਦਿਨ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਅਰੁਣ ਦੀ ਹੱਤਿਆ ਕਰ ਦਿਤੀ ਗਈ ਅਤੇ ਇਸਤੋਂ ਬਾਅਦ ਸ਼ਾਹਰੁਖ ਸਮੇਤ ਚਾਰ ਹੋਣ ਜਣਿਆਂ ਨੂੰ ਸ਼ੱਕ ਦੇ ਆਧਾਰ ਦੇ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਇਹ ਜਾਨਣ ਤੋਂ ਬਾਅਦ ਮੈਂ ਪ੍ਰੈਸ ਨੋਟ ਨੂੰ ਮੁੜ ਪੜ੍ਹਿਆ ਅਤੇ ਉਸ ਸਤਰ ਨੇ ਮੇਰਾ ਖਾਸ ਧਿਆਨ ਖਿਚਿਆ ਜਿਸ ਦੇ ਅਨੁਵਾਦ ਨੂੰ ੳਪਰ ਦਰਜ ਕਰ ਸਮੇਂ ਮੈਂ ਵਿਸ਼ੇਸ਼ ਧਿਆਨ ਦੁਆਉਣ ਲਈ ਹੇਠ ਲਕੀਰ ਮਾਰੀ ਹੋਈ ਹੈ। ਅਜੇ ਦੋ ਦਿਨ ਪਹਿਲਾਂ ਰੋਹਿਤ ਵੇਮੁਲਾ ਦੀ ਮੌਤ ਤੋਂ ਉਠੇ ਸਵਾਲਾਂ ਕਾਰਨ ਘਿਰੀ ਸਰਕਾਰ ਨੇ ਸਮ੍ਰਿਤੀ ਇਰਾਨੀ ਦੇ ਭਾਸ਼ਣ ਰਾਹੀਂ ਭਾਜਪਾ ਦੇ ਦਲਿਤ ਵਿਰੋਧੀ ਨਾ ਹੋਣ ਨੂੰ ਸਿੱਧ ਕਰਨ ਲਈ ਪੂਰਾ, ਪਰ ਪੂਰੀ ਤਰ੍ਹਾਂ ਅਸਫ਼ਲ ਰਿਹਾ ਜ਼ੋਰ ਲਾਇਆ ਸੀ। ਮਨ ਵਿਚ ਇਕਦੰਮ ਇਹ ਗਲ ਆਈ ਕਿ ਦਲਿਤਾਂ ਨਾਲ ਸਾਂਝ ਸਾਬਤ ਕਰਨ ਲਈ ਵਿਹਿਪ ਦੀ ਪ੍ਰਾਪੇਗੰਡਾ ਮਸ਼ੀਨਰੀ ਨੇ ਤਟਫਟ ਅਰੁਣ ਮਾਹੌਰ ਦੇ ਕਤਲ ਨੂੰ ਵਰਤਣ ਦੀ ਠਾਣ ਲਈ ਹੈ, ਅਤੇ ਆਪਣੀ ਆਦਤ ਵਾਂਗ ਕਥਿਤ ਕਾਤਲ ਨੂੰ ਜਿਹਾਦੀ ਵੀ ਕਰਾਰ ਦਿਤਾ ਹੈ, ਕਿਉਂਕਿ ਉਹ ਮੁਸਲਮਾਨ ਹੈ । ਤਣਾਅ ਦੀ ਸੰਭਾਵਨਾ ਪੈਦਾ ਕਰ ਸਕਣ ਵਾਲੀ ਹਰ ਘਟਨਾ ਨੂੰ ਉਕਸਾਊ ਢੰਗ ਨਾਲ ਵਰਤ ਕੇ ਲੋਕਾਂ ਵਿਚ ਪਾੜਾ ਵਧਾਉਣ ਦੇ ਵਿਹਿਪ ਦੇ ਇਹ ਹਥਕੰਡੇ ਨਵੇਂ ਨਹੀਂ, ਸੋ ਮੈਨੂੰ ਹੈਰਾਨੀ ਤਾਂ ਕੋਈ ਨਾ ਹੋਈ, ਪਰ ਈ-ਮੇਲ ਮੈਂ ਰੱਦੀ ਵਿਚ ਭੇਜਣ ਦੀ ਥਾਂ ਸਾਂਭੀ ਰਹਿਣ ਦਿਤੀ।
ਦੋ ਦਿਨ ਲੰਘ ਗਏ; ਸੋਮਵਾਰ ਦੀ ਸਵੇਰ ਦੀਆਂ ਅਖਬਾਰਾਂ ਮਿਲੀਆਂ। ਇੰਡੀਅਨ ਐਕਸਪ੍ਰੈਸ ਦੀ ਮੁਖ ਸੁਰਖੀ ਸੀ: “ ਸੰਘ ਦੀ ਮਿਲਣੀ ਵਿਚ ਮੁਸਲਮਾਨਾਂ ਨੂੰ ‘ ਨਿਰਣਈ ਯੁਧ’ ਦੀ ਚਿਤਾਉਣੀ, ਉਪ ਰਾਜ ਮੰਤਰੀ ਕਠੇਰੀਆ ਨੇ ਕਿਹਾ , ‘ਸਾਨੂੰ ਆਪਣੀ ਤਾਕਤ ਦਿਖਾਉਣੀ ਪਵੇਗੀ’”
ਵਿਹਿਪ ਦੇ ਜਿਸ ਬਿਆਨ ਨੂੰ ਮੈਂ ਸਥਾਨਕ ਮਹਤਵ ਵਾਲਾ ਭੜਕਾਊ ਸੱਦਾ ਸਮਝ ਲਿਆ ਸੀ ਉਥੇ ਤਾਂ ਕੇਂਦਰ ਦੇ ਉਪ ਰਾਜ ਮੰਤਰੀ ਰਾਮਸ਼ੰਕਰ ਕਠੇਰੀਆ (ਉਹ ਵੀ ਸਮ੍ਰਿਤੀ ਇਰਾਨੀ ਵਾਲੇ ਮੰਤਰਾਲੇ ਵਿਚ ਜੂਨੀਅਰ ਹਨ) ਵੀ ਪਹੁੰਚੇ ਹੋਏ ਸਨ। ਸ਼ਾਇਦ ਇਸ ਲਈ ਵੀ ਕਿ ਉਹ ਆਗਰਾ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਵੀ ਹਨ। ਸ਼ੋਕ-ਸ਼ਭਾ ਦੇ ਬਹਾਨੇ ਵਿਉਂਤੀ ਗਈ ਇਸ ਚਿਤਾਉਣੀ-ਸਭਾ ਵਿਚ ਕੇਂਦਰੀ ਮੰਤਰੀ ਦੀ ਹਾਜ਼ਰੀ ਵਿਚ ਕਿਸ ਕਿਸਮ ਦੀ ਬਿਆਨਬਾਜ਼ੀ ਹੋਈ ਉਸਦੀਆਂ ਕੁਝ ਵੰਨਗੀਆਂ:
ਮੂਲ ਸੁਰ ਦੀ ਸਥਾਪਨਾ ਕਰਦਿਆਂ ਰਾਮਸ਼ੰਕਰ ਕਠੇਰੀਆ ਨੇ ਕਿਹਾ: ‘ ਸਾਨੂੰ ਆਪਣੇ ਆਪ ਨੂੰ ਤਾਕਤਵਰ ਬਣਾਉਣਾ ਪਵੇਗਾ। ਸਾਨੂੰ ਇਕ ਸੰਘਰਸ਼ ਵਿਢਣਾ ਪਵੇਗਾ। ਜੇ ਅਸੀ ਅਜ ਸੰਘਰਸ਼ ਨਾ ਵਿਢਿਆ, ਤਾਂ ਅਜ ਇਕ ਅਰੁਣ ਗਿਆ ਹੈ, ਕਲ ਨੂੰ ਇਕ ਹੋਰ ਜਾਵੇਗਾ। ਕਿਸੇ ਦੂਜੇ ਦੇ ਜਾਣ ਤੋਂ ਪਹਿਲਾਂ ਇਹ ਹਤਿਆਰੇ ਹੀ ਚਲੇ ਜਾਣ , ਸਾਨੂੰ ਇਸ ਕਿਸਮ ਦੀ ਤਾਕਤ ਦਿਖਾਣੀ ਪਵੇਗੀ।...ਪ੍ਰਸ਼ਾਸਨ ਇਹ ਨਾ ਸਮਝੇ ਕਿ ਮੈਂ ਮੰਤਰੀ ਹੋ ਗਿਆ ਹਾਂ ਤਾਂ ਮੇਰੇ ਹੱਥ ਹੁਣ ਬੱਝ ਗਏ ਹਨ”।
ਉਨ੍ਹਾਂ ਦੀ ਛੇੜੀ ਤਾਨ ਨੂੰ ਫਤਹਿਪੁਰ ਸੀਕਰੀ ਦੇ ਭਾਜਪਾ ਸਾਂਸਦ ਬਾਬੂ ਲਾਲ ਨੇ ਹੋਰ ਸਪਸ਼ਟ ਕੀਤਾ, “ਸਾਡਾ ਇਮਤਿਹਾਨ ਲੈਣ ਦੀ ਕੋਸ਼ਿਸ਼ ਨਾ ਕਰੋ..ਅਸੀ ਆਪਣੇ ਭਾਈਚਾਰੇ ਦੀ ਬੇਇਜ਼ਤੀ ਬਰਦਾਸ਼ਤ ਨਹੀਂ ਕਰਾਂਗੇ। ਅਸੀ ਬਦਅਮਨੀ ਨਹੀਂ ਚਾਹੁੰਦੇ ਪਰ ਜੇ ਤੁਸੀ ਹਿੰਦੂਆਂ ਨੂੰ ਟੈਸਟ ਕਰਨਾ ਚਾਹੁੰਦੇ ਹੋ, ਤਾਂ ਫਿਰ ਆਓ, ਇਕ ਤਰੀਕ ਮਿਥ ਲਈਏ ਅਤੇ ਮੁਸਲਮਾਨਾਂ ਨੂੰ ਜਵਾਬ ਦੇਈਏ”।
ਤਾਂ ਜੋ ਜਵਾਬ ਦੇਣ ਦੇ ਢੰਗ ਬਾਰੇ ਕਿਸੇ ਦੇ ਮਨ ਵਿਚ ਕਿਸੇ ਕਿਸਮ ਦਾ ਘਚੋਲਾ ਨਾ ਰਹੇ, ਸਥਾਨਕ ਭਾਜਪਾ ਆਗੂ ਬੀਬੀ ਕੁੰਦਨਿਕਾ ਸ਼ਰਮਾ ਨੇ ਖੋਲ੍ਹ ਕੇ ਦਸਿਆ, “ ਸਾਨੂੰ ਇਨ੍ਹਾਂ, ਅਰੁਣ ਮਾਹੌਰ ਦੇ ਕਾਤਲ ਦੇਸ਼-ਦੁਸ਼ਮਣਾਂ ਦੇ ਸਿਰ ਚਾਹੀਦੇ ਹਨ। ਇਹ ਸਮਾਂ ਚੁਪ ਕਰ ਕੇ ਬਹਿਣ ਦਾ ਨਹੀਂ। ਛਾਪਾ ਮਾਰੋ, ਭਾਂਵੇਂ ਬੁਰਕਾ ਪਾ ਕੇ, ਪਰ ਇਨ੍ਹਾਂ ਨੂੰ ਘੇਰ ਘੇਰ ਕੇ ਲਿਆਓ। ਇਕ ਸਿਰ ਦੇ ਬਦਲੇ ਦਸ ਸਿਰ ਕਟ ਲਓ’।
ਇਸ ਸਿਰ-ਵੱਢ ਸਕੀਮ ਨੂੰ ਧਰਮ-ਯੁੱਧ ਦੀ ਰੰਗਤ ਹੇਠ ਪੇਸ਼ ਕਰਨ ਦੀ ਜ਼ਿੰਮੇਵਾਰੀ ਵਿਸ਼ਵ ਹਿੰਦੂ ਪਰੀਸ਼ਦ ਦੇ ਜ਼ਿਲ੍ਹਾ ਸਕੱਤਰ ਅਸੋਕ ਲਾਵਨੀਆ ਦੇ ਸਿਰ ਪਈ ( ਜੋ ਗੱਲ ਭਾਜਪਾਈਆਂ ਨੇ ਲੁਕਵੀਂ ਕਹਿਣੀ ਹੁੰਦੀ ਹੈ , ਉਸ ਨੂੰ ਖੁਲ੍ਹ ਕੇ ਕਹਾਉਣ ਲਈ ਸੰਘ-ਪਰਵਾਰ ਕੋਲ ਵਿਹਿਪ ਅਤੇ ਬਜਰੰਗ ਦਲ ਵਰਗੇ ਟੋਲੇ ਮੌਜੂਦ ਹਨ) ।ਲਾਵਨੀਆ ਦੀ ਲਲਕਾਰ ਸੀ: ‘ ਜੇਕਰ ਅਸੀ ਹਿੰਦੂ ਨੌਜਵਾਨ ਆਪਣੀ ਮਾਂ ਦੇ ਪੇਟੋਂ ਜੰਮੇ ਹਾਂ , ਤਾਂ ਇੱਟ ਦਾ ਜਵਾਬ ਪੱਥਰ ਨਾਲ, ਖੂਨ ਦਾ ਜਵਾਬ ਖੂਨ ਨਾਲ ਦਿਆਂਗੇ।ਸਾਡੇ ਇਕ ਭਰਾ ਨੂੰ ਮਾਰਨ ਦਾ ਬਦਲਾ ਮੰਗ ਕਰਦਾ ਹੈ ਕਿ ਅਸੀ ਦਸ ਰਾਖਸ਼ਾਂ ਨੂੰ ਮਾਰ ਮੁਕਾਈਏ । ਕਾਲੀ ਮਾਂ ਦੀ ਪੂਜਾ ਸਮੇਂ ਰਾਖਸ਼ਾਂ ਦੀ ਬਲੀ ਤੋਂ ਬਾਅਦ ਨਰਮੁੰਡ (ਮਨੁਖੀ ਖੋਪੜੀਆਂ) ਭੇਟ ਕਰਨ ਦੀ ਪ੍ਰਥਾ ਹੈ। ਮੈਨੂੰ ਯਕੀਨ ਹੈ ਕਿ ਸਾਡੇ ਭਰਾ ਦੀ ਤੇਹਰਵੀਂ ਤੋਂ ਪਹਿਲਾਂ ਹਿੰਦੂ ਭਾਈਚਾਰਾ ਇਹੋ ਜਿਹਾ ਹੀ ਕੰਮ ਕਰ ਦਿਖਾਏਗਾ ਅਤੇ ਨਰਮੁੰਡ ਭੇਟਾ ਕਰੇਗਾ।”
ਜੇ ਸਥਾਨਕ ਵਿਹਿਪ ਨੇਤਾ ਏਨਾ ਜੰਗਜੂ ਹੋ ਸਕਦਾ ਹੈ ਤਾਂ ਵਿਹਿਪ ਦੇ ਅੰਤਰਰਾਸ਼ਟਰੀ ਸੰਯੁਕਤ ਮਹਾਮੰਤਰੀ ਡਾ. ਸੁਰੇਂਦ੍ਰ ਜੈਨ ਕਿਵੇਂ ਪਿਛੇ ਰਹਿ ਸਕਦੇ ਸਨ! ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚੁਣੌਤੀ ਦੇਂਦਿਆਂ ਕਿਹਾ ਕਿ ਜੇਕਰ ਕਾਤਲਾਂ ਉਤੇ ਕਮਜ਼ੋਰ ਜਿਹਾ ਪਰਚਾ ਦਾਖਲ ਕੀਤਾ ਗਿਆ ਤਾਂ ਸਾਡੇ ਆਦਮੀ ਉਨ੍ਹਾਂ ਨੂੰ ਖੁਦ ਹੀ ਕਤਲ ਕਰ ਦੇਣਗੇ। ਡਾ. ਜੈਨ ਦਾ ਪੁਲਸ ਨੂੰ ਲਲਕਾਰਨੁਮਾ ਆਦੇਸ਼ ਸੀ, “ ਜੇ ਏਥੇ ਕਿਸੇ ਨੂੰ ਵੀ, ਭਾਵੇਂ ਆਈ. ਜੀ. ਨੂੰ, ਕਾਨੂੰਨ ਬਾਰੇ ਕੋਈ ਸੰਸਾ ਹੈ ਤਾਂ ਮੇਰੇ ਕੋਲ ਆਵੇ। ਮੈਂ ਉਨ੍ਹਾਂ ਨੂੰ ਭਾਰਤੀ ਦੰਡ ਸੰਸਥਾ ਦੀਆਂ ਉਹ ਧਾਰਾਵਾਂ ਦਸ ਦਿਆਂਗਾ ਜੋ ਕਹਿੰਦੀਆਂ ਹਨ ਜੇਕਰ ਤੁਸੀ (ਪੁਲਸ) ਆਪਣੀ ਡਿਊਟੀ ਨਹੀਂ ਨਿਭਾਉਂਦੇ ਤਾਂ ਆਮ ਸ਼ਹਿਰੀ ਕਾਨੂੰਨ ਆਪਣੇ ਹਥ ਲੈ ਸਕਦਾ ਹੈ”। ਨਾਲ ਹੀ ਉਨ੍ਹਾਂ ਨੇ ਬਜਰੰਗ ਦਲੀ ਵਰਕਰਾਂ ਨੂੰ ਵੀ ਚੇਤੇ ਕਰਾਇਆ, “ ਸਾਡੇ ਕੋਲ ਨਾਂਵਾਂ ਦੀਆਂ ਕਾਲੀਆਂ ਸੂਚੀਆਂ ਮੌਜੂਦ ਹਨ।ਤੁਸੀ ਸੁੱਤੇ ਨਾ ਰਹਿ ਜਾਣਾ, ਨਿਗਰਾਨੀ ਰਖਣਾ”।
ਬਜਰੰਗ ਦਲ ਦੇ ਜ਼ਿਲ੍ਹਾ ਕੋਆਰਡੀਨੇਟਰ ਜਗਮੋਹਨ ਚਾਹੜ ਦੀ ਮੁਸਲਮਾਨਾਂ ਨੂੰ ਸਿਧੀ ਲਲਕਾਰ ਸੀ, “ ਖੁਲ੍ਹ ਕੇ ਸਾਹਮਣੇ ਆਓ।ਜੇ ਤੁਸੀ ਭਾਰਤ ਵਿਚ ਰਹਿਣਾ ਚਾਹੁੰਦੇ ਹੋ ਤਾਂ ਰਾਮ ਤੇ ਰਹੀਮ ਵਾਂਗ ਰਹੋ। ਜੇ ਅਕਬਰ ਤੇ ਬਾਬਰ ਬਣਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀ ਤੁਹਾਡੀਆਂ ਬਸਤੀਆਂ ਉਜਾੜ ਦਿਆਂਗੇ। ਅਸੀ ਰਾਮ ਦੇ ਵੰਸ਼ਜ ਹਾਂ। ਅਸੀ ਰਾਵਣ ਦੇ ਵੰਸ਼ਜਾਂ ਨੂੰ ਖਤਮ ਕਰ ਦਿਆਂਗੇ”।
ਪਿਛਲੇ ਹਫ਼ਤੇ ਰੋਹਿਤ ਵੇਮੁਲਾ-ਕਨ੍ਹਈਆ-ਕੁਮਾਰ-ਜੇ.ਐਨ.ਯੂ ਦੇ ਸੰਦਰਭ ਵਿਚ ਬੋਲਦਿਆਂ ਅਰੁਣ ਜੇਤਲੀ (ਜੋ ਖਜ਼ਾਨਾ ਹੀ ਨਹੀਂ ਸੂਚਨਾ ਅਤੇ ਪ੍ਰਸਾਰਨ ਮੰਤਰੀ ਵੀ ਹਨ) ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਦਾ ਅਰਥ ਨਫ਼ਰਤ ਦੇ ਬੋਲ ਬੋਲਣ ਦੀ ਆਜ਼ਾਦੀ ਨਹੀਂ ਹੋ ਸਕਦੇ। ਪਰ ਉਹ ਇਹ ਸਾਬਤ ਨਾ ਕਰ ਸਕੇ ਕਿ ਇਨ੍ਹਾਂ ਵਿਦਿਆਰਥੀਆਂ ਦੇ ਭਾਸ਼ਣਾਂ ਵਿਚ ਨਫ਼ਰਤ ਕਿਥੇ ਸੀ। ਉਨ੍ਹਾਂ ਨੂੰ ਵਾਰ-ਵਾਰ ਇਸ ਗੱਲ ਦਾ ਸਹਾਰਾ ਲੈਣਾ ਪਿਆ ਕਿ ਜਿਥੇ ਭੜਕਾਊ ਭਾਸ਼ਣ ਹੋਏ , ਉਥੇ ਉਹ ਮੌਜੂਦ ਸਨ, ਇਸ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕੀ ਜੇਤਲੀ ਸਾਹਬ ਦੱਸਣਗੇ ਕਿ ਉਨ੍ਹਾਂ ਦੇ ਉਪ-ਸਿਖਿਆ ਮੰਤਰੀ ਦੀ ਮੌਜੂਦਗੀ ਵਿਚ, ਉਨ੍ਹਾਂ ਦੀ ਹੀ ਪਾਰਟੀ ਦੇ ਇਕ ਹੋਰ ਸਾਂਸਦ ਦੀ ਮੌਜੂਦਗੀ ਵਿਚ ਇਨ੍ਹਾਂ ਦੁਹਾਂ ਜਣਿਆਂ ਦੇ ਆਪਣੇ ਬਿਆਨਾ ਸਮੇਤ ਇਸ ਚਿਤਾਉਣੀ-ਸਭਾ ਵਿਚ ਜੋ ਕੁਝ ਕਿਹਾ ਗਿਆ ਕੀ ਉਹ ਨਫ਼ਰਤ ਅਤੇ ਹਿੰਸਾ ਭੜਕਾਊ ਨਹੀਂ ਸੀ?
ਏਸੇ ਹਫ਼ਤੇ ਜਦੋਂ ਸੰਸਦ ਵਿਚ ਰਾਮਸ਼ੰਕਰ ਕਠੇਰੀਆ ਦੇ ਆਗਰਾ ਦੀ ਉਸ ਚਿਤਾਉਣੀ ਸਭਾ ਵਿਚ ਮੌਜੂਦ ਹੋਣ ਅਤੇ ਉਥੇ ਦਿਤੇ ਭਾਸ਼ਣ ਬਾਰੇ ਜਦੋਂ ਸਵਾਲ ਉਠਾਇਆ ਗਿਆ ਤਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫਟਾਫਟ ਆਪਣੇ ਸਹਿਯੋਗੀ ਮੰਤਰੀ ਨੂੰ ‘ਕਲੀਨ ਚਿਟ’ ਦੇ ਦਿਤੀ, ਇਹ ਕਹਿੰਦਿਆਂ ਕਿ ਉਨ੍ਹਾਂ ਦੇ ਅਫਸਰਾਂ ਨੇ ਪੂਰੀ ਸੀ.ਡੀ. ਦੇਖ ਲਈ ਹੈ ਅਤੇ ਉਸ ਵਿਚ ਉਨ੍ਹਾਂ ਦੇ ਮੰਤਰੀ ਦਾ ਕਿਹਾ ਕੁਝ ਵੀ ਇਤਰਾਜ਼ਯੋਗ ਉਨ੍ਹਾਂ ਨੂੰ ਨਹੀਂ ਲਭਿਆ। ਉਪਰ ਦਰਜ ਟੂਕਾਂ ਦੇ ਆਧਾਰ ਉਤੇ ਪਾਠਕ ਆਪੇ ਨਿਰਣਾ ਕਰ ਸਕਦੇ ਹਨ ਕਿ ਗ੍ਰਹਿ-ਮੰਤਰੀ ਦਾ ਇਹ ਦਾਅਵਾ ਕਿੰਨਾ ਕੁ ਠੀਕ ਜਾਪਦਾ ਹੈ। ਇਹ ਉਹੋ ਗ੍ਰਹਿ ਮੰਤਰੀ ਹਨ ਜਿਨ੍ਹਾਂ ਨੇ ਕਿਸੇ ਝੂਠੀ ਟਵੀਟ ਦੇ ਆਧਾਰ ਉਤੇ ਪਹਿਲੇ ਦਿਨ ਹੀ ਕਨ੍ਹਈਆ-ਕੁਮਾਰ-ਜੇ.ਐਨ.ਯੂ ਨੂੰ ਪਾਕਿਸਤਾਨੀ ਸਰਗਣੇ ਹਾਫ਼ਿਜ਼ ਸਈਦ ਨਾਲ ਜੋੜ ਦਿਤਾ ਸੀ, ਅਤੇ ਦੇਸ ਦੀ ਆਮ ਜਨਤਾ ਦੇ ਮਨਾਂ ਵਿਚ ਜੇ.ਐਨ.ਯੂ. ਵਰਗੀ ਸੰਸਥਾ ਦੇ ਹੀ ‘ਦੇਸ਼-ਧਰੋਹੀ’ ਹੋਣ ਦਾ ਸੰਸਾ ਪੈਦਾ ਕਰਕੇ ਬੇਲੋੜੀ ਸਨਸਨੀ ਅਤੇ ਉਕਸਾਹਟ ਪੈਦਾ ਕਰ ਦਿਤੀ ਸੀ।
ਕੇਂਦਰੀ ਮੰਤਰੀਆਂ ਦੇ ਇਸ ਸ਼ਰਮਨਾਕ ਦੋਗਲੇਪਣ ਨੂੰ ਹੋਰ ਕੀ ਕਿਹਾ ਜਾਵੇ? ਕੀ ਇਹ ਨਹੀਂ ਜਾਣਦੇ ਕਿ ਦੇਸ ਵਿਚ ਹਿੰਸਾ ਦਾ ਵਾਤਾਵਰਣ ਕਿਵੇਂ ਪੈਦਾ ਕੀਤਾ ਜਾ ਰਿਹਾ ਹੈ? ਕੌਣ ਪੈਦਾ ਕਰ ਰਿਹਾ ਹੈ? ਕੀ ਇਹ ਨਹੀਂ ਸਮਝ ਸਕਦੇ ਕਿ ਜਿਸ ਕਿਸਮ ਦੀ ਹਿੰਸਕ ਮਾਨਸਕਤਾ ਨੂੰ ਇਹ ਪੈਦਾ ਕਰ ਰਹੇ ਹਨ, ਹੱਲਾਸ਼ੇਰੀ ਦੇ ਰਹੇ ਹਨ, ਉਹ ਕਦੇ ਵੀ, ਕਿਤੇ ਵੀ ਫੁਟ ਸਕਦੀ ਹੈ। ਜ਼ਰੂਰੀ ਨਹੀਂ ਕਿ ਇਹ ਦੋ ਫ਼ਿਰਕਿਆਂ ਦੇ ਵਿਚਕਾਰ ਫੁਟੇ, ਇਹ ਤਾਂ ਜਾਤੀਗਤ ਆਧਾਰ ਉਤੇ ਹਿੰਦੂਆਂ ਦੇ ਆਪਣੇ ਭਾਈਚਾਰੇ ਵਿਚ ਵੀ ਤਬਾਹੀ ਮਚਾ ਸਕਦੀ ਹੈ। ਹਰਿਆਣੇ ਦੀਆਂ ਮੰਦਭਾਗੀਆਂ ਘਟਨਾਵਾਂ ਇਸ ਅਗ ਨਾਲ ਖੇਡਣ ਵਾਲੀ ਰਾਜਨੀਤੀ ਦੀ ਹਾਲੀਆ ਉਦਾਹਰਣ ਹਨ। ਓਥੇ ਅਖਾਉਤੀ ‘ਰਾਸ਼ਟਰਵਾਦੀਆਂ’ ਦੀ ਸਰਕਾਰ ਸੀ, ਕਿਸੇ ਕਿਸਮ ਦਾ ਧਾਰਮਕ ਤਣਾਅ ਨਹੀਂ ਸੀ, ਪਰ ਜੋ ਕੁਝ ਓਥੇ 4-5 ਦਿਨਾਂ ਵਿਚ ਵਾਪਰਿਆ, ਉਹ ਸਭ ਦੇ ਸਾਹਮਣੇ ਹੈ। ਜੇ ਅਗ ਨਾਲ ਖੇਡਣ ਦੀ, ਲੋਕਾਂ ਦੇ ਜਜ਼ਬਾਤ ਨੂੰ ਗੈਰ-ਮੁੱਦੇ ਉਛਾਲ ਕੇ ਭੜਕਾਉਣ ਦੀ ਇਹ ਨੀਤੀ ਇਵੇਂ ਹੀ ਜਾਰੀ ਰਹੀ ਤਾਂ ਨਤੀਜੇ ਬਹੁਤ ਮਾੜੇ ਨਿਕਲਣਗੇ। ਇਕ ਨਹੀਂ ਕਈ ਹਰਿਆਣੇ ਬਣਨਗੇ, ਅਤੇ ਇਸ ਦਾ ਕਾਰਨ ਸਰਕਾਰ ਦੀਆਂ ਲੋਕ-ਪਾੜੂ ਅਤੇ ਭਾਵਨਾ-ਭੜਕਾਊ ਪਾਲਸੀਆਂ ਹੋਣਗੀਆਂ। ਇਸ ਅਗ ਨਾਲ ਖੇਡਣਾ ਸਰਕਾਰ ਫੌਰਨ ਬੰਦ ਕਰੇ।
Rinder Singh Riar
ਅਜਾਦ ਸਾਹਿਬ ਜੀ ਸਮਸਿਆ ਇਹ ਹੈ ਕਿ ਪਰਗਤੀਵਾਦੀਆੰ ਦੇ ਸਮੇ ਸਮੇੇੇੇ ਦੇ ਹਾਲਾਤਾ ਦਾ ਗਲਤ ਮੁਲਾੰਕਣ ਕਰਕੇ ਕੀਤੇ ਨਿਰਨਿਆਂ ਅਧੀਨ ਗਲਤ ਤੇ ਡੰਗ ਟਪਾਉ ਨਾਹਰੇ ਦੇ ਕੇ ਲੋਕਾਂ ਦਾ ਵਿਸਵਾਸ ਗੁਆਊਣ ਕਾਰਨ ਜਿਹੜਾ ਖਲਾਅ ਪੈਦਾ ਹੋਇਆ ਉਸ ਦਾ ਲਾਭ ਪਿਛਾਖੜ ਸੋਚ ਨੂੰ ਜਾਣਾ ਹੈਉਸ ਨੂੰ ਰੋਕਣ ਲਈ ਆਪਾ ਪੜਚੋਲ ਤੇ ਆਪਣੀ ਰਾਹ ਦਰੁਸਤੀ ਵਧ ਸਾਰਥਿਕ ਹੁੰਦੀ ਹੈੈ ਜੀ ਧੰਨਵਾਦ ਜੀ