ਉਮਰ, ਮੇਰਾ ਵਿਦਿਆਰਥੀ
Posted on:- 01-03-2016
ਅਨੁਵਾਦ -ਸੁਕੀਰਤ
9 ਫ਼ਰਵਰੀ ਦੇ ਦਿਨ, ਦੁਪਹਿਰ ਦੇ 1.20 ਤਕ ਉਮਰ ਮੇਰੇ ਦਫ਼ਤਰ ਵਿਚ ਸੀ। ਅਨਿਰਬਾਨ ਆਪਣੇ ਥੀਸਸ ਦਾ ਇਕ ਹਿਸਾ ਮੇਰੀ ਨਿਗਰਾਨੀ ਹੇਠ ਪੀਐਚ.ਡੀ. ਜਾਂ ਐਮਫ਼ਿਲ ਕਰਨ ਜਾ ਰਹੇ ਵਿਦਿਆਰਥੀਆਂ ਨੂੰ ਸੁਣਾ ਰਿਹਾ ਸੀ। ਉਮਰ ਨੇ ਸਭ ਕੁਝ ਬੜੇ ਧਿਆਨ ਨਾਲ ਸੁਣਿਆ, ਬਹਿਸ ਵਿਚ ਹਿਸਾ ਲਿਆ ਤੇ ਉਸਦੇ ਜਾਣ ਤੋਂ ਪਹਿਲਾਂ ਅਸੀ ਇਸਤੋਂ ਬਾਅਦ ਉਸਦੇ ਆਪਣੇ ਥੀਸਸ ਵਿਚੋਂ ਹੋਣ ਵਾਲੀ ਪੇਸ਼ਕਾਰੀ ਦੀ ਤਰੀਕ ਵੀ ਮਿੱਥ ਲਈ । ਪਰ ਉਸ ਸਮੇਂ ਕਿਸਨੂੰ ਪਤਾ ਸੀ ਕਿ ਘਟਨਾਵਾਂ ਉਸ ਲਈ, ਮੇਰੇ ਲਈ, ਅਤੇ ਜੇ.ਐਨ.ਯੂ. ਨਾਲ ਜੁੜੇ ਸਾਡੇ ਸਭਨਾਂ ਲਈ ਕਿਹੋ ਜਿਹਾ ਨਾਟਕੀ ਮੋੜ ਲੈਣ ਵਾਲੀਆਂ ਸਨ! ਸਾਬਰਮਤੀ ਹੋਸਟਲ ਦੇ ਲਾਅਨ ਵਿਚ ਹੋਈ ਉਸ ਮਿਲਣੀ ਦੇ ਕੁਝ ਹੀ ਘੰਟਿਆਂ ਬਾਅਦ ਜਿਵੇਂ ਪਰਲੋ ਆਣ ਪਈ। ਉਮਰ ਹੁਣ ਉਮਰ ਨਹੀਂ ਸੀ ਰਿਹਾ ; ਟੀ.ਵੀ. ਚੈਨਲਾਂ ਉਤੇ ਮੁੜ ਮੁੜ ਉਮਰ ਖਾਲਿਦ ਦੇ ਨਾਂਅ ਹੇਠ ਪੇਸ਼ ਹੋ ਰਿਹਾ ‘ਦੇਸ਼-ਵਿਰੋਧੀ’ ਸੀ, ਜੋ ਦੇਸ ਦੇ ਟੁਕੜੇ ਟੁਕੜੇ ਹੋਣ ਦੀ ਮੰਗ ਕਰਦਾ ਹੈ, ਅੰਤਰ-ਰਾਸ਼ਟਰੀ ਸੰਸਥਾਂਵਾਂ ਦੇ ਪੈਸੇ ਤੇ ਪਲਣ ਵਾਲਾ ‘ਇਸਲਾਮੀ ਦਹਿਸ਼ਤਗਰਦ’ ਸੀ, ਜੋ ਹੁਣੇ ਹੁਣੇ ਪਾਕਿਸਤਾਨ ਹੋ ਕੇ ਆਇਆ ਸੀ।
ਕਿਹਾ ਜਾ ਰਿਹਾ ਸੀ ਕਿ ਉਹ ਜੇ.ਐਨ.ਯੂ. ਵਾਲੀ ਘਟਨਾ ਦਾ ‘ਸਰਗਣਾ’ ਸੀ । ਹਰ ਰੋਜ਼ ਇਨ੍ਹਾਂ ‘ਜਾਣਕਾਰੀਆਂ’ ਵਿਚ ਵਾਧਾ ਹੋ ਰਿਹਾ ਸੀ: ਉਹ ‘ਜੈਸ਼-ਏ-ਮੁਹੰਮਦ’ ਦਾ ਹਮਦਰਦ ਹੈ, ਆਈ.ਬੀ. ਚਿਰਾਂ ਤੋਂ ਉਸਨੂੰ ਤਾੜ ਰਹੀ ਸੀ।
ਮੈਂ ਉਸਦਾ ਨਾਂਅ ਗੂਗਲ ਕੀਤਾ ਤਾਂ ਪਤਾ ਲੱਗਾ ਕਿ ਉਹਨੂੰ ਇਕੇ ਵੇਲੇ ਚਾਰ ਚਾਰ ਰਾਜਾਂ ਦਾ ਵਸਨੀਕ ਦੱਸਿਆ ਜਾ ਰਿਹਾ ਸੀ। ਇਹ ਸੀ ਮੀਡੀਆਮੁਕੱਦਮੇ ਦਾ ਸ਼ਿਕਾਰ ਜਿਸਨੂੰ ਸਿਰਫ਼ ਇਸਲਈ ਕਟਹਿਰੇ ਵਿਚ ਖੜਾ ਕਰ ਦਿਤਾ ਗਿਆ ਕਿਉਂਕਿ ਉਹ ਮੁਸਲਮਾਨ ਸੀ। ਕੋਈ ਵੀ ਜੁਰਮ ਸਾਬਤ ਹੋਣ ਤੋਂ ਪਹਿਲਾਂ ਹੀ ਉਸਨੂੰ ਮੁਜਰਮ ਕਰਾਰ ਦੇ ਦਿਤਾ ਗਿਆ।
ਮੈਂ ਤੁਹਾਨੂੰ ਆਪਣੇ ਵਿਦਿਆਰਥੀ ਉਮਰ ਬਾਰੇ ਦਸਣਾ ਚਾਹੁੰਦੀ ਹਾਂ। ਪਿਛਲੇ ਪੰਜ ਸਾਲਾਂ ਤੋਂ ਮੈਂ ਉਸਦੀ ਨਿਗਰਾਨ-ਅਧਿਆਪਕ ਹਾਂ, ਅਤੇ ਉਹ ਮੇਰੇ ਪੜ੍ਹਾਏ ਸਭ ਤੋਂ ਰੌਸ਼ਨ-ਦਿਮਾਗ਼ ਵਿਦਿਆਰਥੀਆਂ ਵਿਚੋਂ ਹੈ । 2009 ਵਿਚ ਉਮਰ ਇਤਿਹਾਸ ਅਧਿਐਨ ਕੇਂਦਰ ਵਿਚ ਐਮ.ਏ. ਕਰਨ ਆਇਆ ਸੀ। ਉਸ ਕੋਲੋਂ ਮੈਨੂੰ ਆਪਣੇ ਕੋਰਸ ਬਾਰੇ ਕਈ ਵਾਰ ਗੰਭੀਰ ਮੋੜਵੀਂ ਰਾਏ ਮਿਲੀ। ਮੈਂ ਲਗਾਤਾਰ ਆਪਣੇ ਵਿਦਿਆਰਥੀਆਂ ਨੂੰ ਆਪਸੀ ਬਹਿਸ ਲਈ ਪ੍ਰੇਰਦੀ ਸਾਂ। ਉਮਰ ਨੇ ਮਹਿਸੂਸ ਕੀਤਾ ਕਿ ਮੇਰਾ ਇਹ ਇਸਰਾਰ ਉਨ੍ਹਾਂ ਵਿਦਿਆਰਥੀਆਂ ਵਿਚ ਘਬਰਾਹਟ ਪੈਦਾ ਕਰਦਾ ਹੈ ਜਿਨ੍ਹਾਂ ਕੋਲ ਅੰਗਰੇਜ਼ੀ ਵਿਚ ਬੋਲਣ ਦੀ ਮੁਹਾਰਤ ਨਹੀਂ ਹੁੰਦੀ। ਉਸਦੀ ਇਹ ਟਿੱਪਣੀ ਮੈਨੂੰ ਕਦੇ ਨਹੀਂ ਭੁੱਲੀ।
ਉਮਰ ਬੜੀ ਸ਼ਿੱਦਤ ਅਤੇ ਪ੍ਰਤੀਬੱਧਤਾ ਨਾਲ ਆਦਿਵਾਸੀਆਂ ਦੇ ਇਤਿਹਾਸ ਅਤੇ ਸਿਆਸਤ ਨਾਲ ਜੁੜਿਆ ਹੋਇਆ ਹੈ। ਉਸਦੀ ਖੋਜ ਦਾ ਵਿਸ਼ਾ ਬਸਤੀਵਾਦੀ ਦੌਰ ਵਿਚ ਰਾਜਸੱਤਾ ਨਾਲ ਆਦਿਵਾਸੀਆਂ ਦੇ ਸੰਘਰਸ਼ਾਂ ਅਤੇ ਟਕਰਾਵਾਂ ਦੇ ਅਧਿਐਨ ਰਾਹੀਂ ਉਨ੍ਹਾਂ ਦੇ ਅਜੋਕੇ ਸਮਾਜ ਨੂੰ ਸਮਝਣ ਦੀ ਕੋਸ਼ਿਸ਼ ਤੇ ਕੇਂਦਰਤ ਹੈ।
ਹਾਸ਼ੀਆਗ੍ਰਸਤ ਲੋਕਾਂ ਪ੍ਰਤੀ ਉਸਦੀ ਡੂੰਘੀ ਹਮਦਰਦੀ ਬਹਿਸਾਂ ਅਤੇ ਵਿਚਾਰ-ਵਟਾਂਦਰਿਆਂ ਦੌਰਾਨ ਲਗਾਤਾਰ ਜ਼ਾਹਰ ਹੁੰਦੀ ਸੀ। ਵਿਦਿਆਰਥੀ ਬਹਿਸਾਂ ਸਮੇਂ ਮੈਂ ਹਮੇਸ਼ਾ ਉਮਰ ਦੀ ਸ਼ਮੂਲੀਅਤ ਦੀ ਇਛਕ ਰਹੀ ਹਾਂ, ਕਿਉਂਕਿ ਉਸਦੇ ਹੋਣ ਨਾਲ ਵਿਚਾਰ-ਵਟਾਂਦਰਿਆਂ ਵਿਚ ਭਰਪੂਰਤਾ ਆ ਜਾਂਦੀ ਸੀ। ਤੇ ਅਜ ਇਹ ਵੀ ਚੇਤੇ ਕਰ ਰਹੀ ਹਾਂ ਕਿ ਸ਼ਰੀਆ ਕਾਨੂੰਨ ਬਾਰੇ ਹੋ ਰਹੀ ਬਹਿਸ ਦੌਰਾਨ ਕਿਵੇਂ ਉਸਨੇ ਮੁਸਕਰਾ ਕੇ ਕਿਹਾ ਸੀ, ‘ਮੈਡਮ, ਇਸ ਸਭ ਬਾਰੇ ਮੇਰੀ ਜਾਣਕਾਰੀ ਸਿਫ਼ਰ ਬਰਾਬਰ ਹੈ’।
ਮੈਂ ਅਮਰੀਕਾ ਦੀ ਯੂਨੀਵਰਸਟੀ ਯੇਲ ਵਿਚ ਇਕ ਸਾਲ ਦੇ ਵਟਾਂਦਰਾ-ਪ੍ਰੋਗਰਾਮ ਉਤੇ ਉਸਨੂੰ ਭੇਜਣ ਲਈ ਪ੍ਰੇਰ ਨਾ ਸਕੀ। ਕਿਉਂਕਿ ਉਸਦੀ ਸਮਾਜਕ ਅਤੇ ਅਕਾਦਮਿਕ ਪ੍ਰਤੀਬੱਧਤਾ ਏਥੇ, ਭਾਰਤ ਵਿਚ ਹੈ। ਉਸਦੇ ਖੋਜ-ਪੱਤਰ ਵਿਚੋਂ ਇਕ ਟੂਕ ਦਰਜ ਕਰਕੇ ਗੱਲ ਮੁਕਾਉਂਦੀ ਹਾਂ: ‘ਸਾਡਾ ਹਰ ਪਲ ਬਿਹਤਰੀ ਲਈ ਸੰਘਰਸ਼ ਵਿਚ ਜੁਟਿਆ ਹੋਣਾ ਚਾਹੀਦਾ ਹੈ’। ਇਹੋ ਜਿਹੇ ਵਿਚਾਰ ਅਜ ਸਿਰਫ਼ ਖਾਬ-ਖਿਆਲੀ ਵਾਲੀ ਦੁਨੀਆ ਵਿਚ ਲਭਦੇ ਹੋਣਗੇ। ਪਰ ਇਨ੍ਹਾਂ ਵਿਚਾਰਾਂ ਵਿਚ ਕੁਝ ਵੀ ਗੈਰ-ਸੰਵਿਧਾਨਕ ਨਹੀਂ।
ਰਤਾ ਸਾਨੂੰ ਵੀ ਪੁੱਛ ਕੇ ਦੇਖੋ , ਜਿਨ੍ਹਾਂ ਨੇ ਇਸ ਯੂਨੀਵਰਸਟੀ ਦੇ ਲਾਂਘਿਆਂ ਵਿਚ ਉਮਰ ਨਾਲ ਕਈ ਵਰ੍ਹੇ ਗੁਜ਼ਾਰੇ ਹਨ, ਕਿ ਉਮਰ ਕਿਹੋ ਜਿਹਾ ਮੁਨੁੱਖ ਹੈ। ਕਿਤੇ ਇਹ ਤਾਂ ਨਹੀਂ ਕਿ ‘ਦੇਸ਼-ਧਰੋਹ’ ਦੇ ਇਸ ਦਵੈਤੀ ਸ਼ੋਰ-ਸ਼ਰਾਬੇ ਨੇ ਸਾਡੀਆਂ ਆਵਾਜ਼ਾਂ ਨੂੰ ਦਬ ਕੇ ਰਖਣ ਦੀ ਠਾਣ ਲਈ ਹੈ?
( ਉਮਰ ਖਾਲਿਦ ਦੀ ਅਧਿਆਪਕ ਸੰਗੀਤਾ ਦਾਸਗੁਪਤਾ ਦੇ ਅੰਗਰੇਜ਼ੀ ਵਿੱਚ ਛਪੇ ਲੇਖ ਦੇ ਕੁਝ ਹਿੱਸੇ: ‘ਇੰਡੀਅਨ ਅੇਕਸਪ੍ਰੈਸ’ ਤੋਂ ਧੰਨਵਾਦ ਸਹਿਤ)
Satish Dhillon
Not just Muslims nobody's safe in India in the hands of corrupt politicians from Nehru to modi wake up India