ਕਨ੍ਹੱਈਆ ਕੁਮਾਰ ਦਾ ਭਾਸ਼ਣ
Posted on:- 01-03-2016
-ਅਨੁਵਾਦ: ਸੁਕੀਰਤ
ਇਹ ਹਨ ਉਹ ਲੋਕ ਜਿਨ੍ਹਾਂ ਨੇ ਤਿਰੰਗੇ ਝੰਡੇ ਨੂੰ ਸਾੜਿਆ, ਉਹ ਉਸ (ਵੀਰ) ਸਾਵਰਕਰ ਦੇ ਭਗਤ ਸਨ ਜਿਸ ਨੇ ਬਰਤਾਨਵੀ ਸਰਕਾਰ ਕੋਲੋਂ ਮੁਆਫ਼ੀ ਮੰਗੀ। ਹਰਿਆਣੇ ਵਿੱਚ (ਮਨੋਹਰ ਲਾਲ) ਖੱਟੜ ਸਰਕਾਰ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਦੀ ਥਾਂ ਕਿਸੇ ਹੋਰ ਸੰਘੀ ਦਾ ਨਾਂਅ ਦੇਣਾ ਚਾਹੁੰਦੀ ਹੈ। ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਸਾਨੂੰ ਆਰ ਐੱਸ ਐੱਸ ਕੋਲੋਂ ਦੇਸ਼ ਭਗਤੀ ਦਾ ਸਰਟੀਫਿਕੇਟ ਨਹੀਂ ਚਾਹੀਦਾ। ਸਾਨੂੰ ਆਰ ਐੱਸ ਐੱਸ ਕੋਲੋਂ ਕੌਮਪ੍ਰਸਤੀ ਦਾ ਸਰਟੀਫਿਕੇਟ ਨਹੀਂ ਚਾਹੀਦਾ। ਇਹ ਸਾਡਾ ਦੇਸ ਹੈ ਅਤੇ ਅਸੀਂ ਇਸ ਦੀ ਮਿੱਟੀ ਨੂੰ ਪਿਆਰ ਕਰਦੇ ਹਾਂ। ਅਸੀਂ ਇਸ ਦੇਸ ਦੀ ਅੱਸੀ ਪ੍ਰਤੀਸ਼ਤ ਗ਼ਰੀਬ ਜਨਤਾ ਲਈ ਸੰਘਰਸ਼ ਕਰਦੇ ਹਾਂ। ਸਾਡੇ ਲਈ ਇਹੋ ਦੇਸ਼ ਭਗਤੀ ਹੈ। ਸਾਨੂੰ ਬਾਬਾ ਸਾਹਿਬ ਵਿੱਚ, ਇਸ ਦੇਸ ਦੇ ਸੰਵਿਧਾਨ ਵਿੱਚ, ਪੂਰਾ ਯਕੀਨ ਹੈ ਅਤੇ ਅਸੀਂ ਇਹ ਗੱਲ ਸਖ਼ਤੀ ਨਾਲ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ, ਭਾਵੇਂ ਉਹ ਸੰਘੀ ਹੋਵੇ ਜਾਂ ਕੋਈ ਹੋਰ, ਇਸ ਦੇਸ ਦੇ ਸੰਵਿਧਾਨ ਉੱਤੇ ਉਂਗਲੀ ਉਠਾਏਗਾ ਤਾਂ ਅਸੀਂ ਉਸ ਉਂਗਲੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਜਿਹੜਾ ਸੰਵਿਧਾਨ ਝੰਡੇਵਾਲਾ ਅਤੇ ਨਾਗਪੁਰ ਵਿੱਚ ਪੜ੍ਹਾਇਆ ਜਾਂਦਾ ਹੈ, ਉਸ ਸੰਵਿਧਾਨ ਵਿੱਚ ਸਾਡਾ ਕੋਈ ਯਕੀਨ ਨਹੀਂ, ਸਾਨੂੰ ਮਨੂੰ ਸਿਮਰਤੀ ਉੱਤੇ ਕੋਈ ਵਿਸ਼ਵਾਸ ਨਹੀਂ।
ਸਾਨੂੰ ਇਸ ਮੁਲਕ ਵਿੱਚ ਡੂੰਘੇ ਦੱਬੇ ਹੋਏ ਜਾਤੀਵਾਦ ਉੱਤੇ ਕੋਈ ਵਿਸ਼ਵਾਸ ਨਹੀਂ। ਪਰ ਸਾਡੇ ਦੇਸ ਦੇ ਸੰਵਿਧਾਨ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸੰਵਿਧਾਨਕ ਢੰਗ ਰਾਹੀਂ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਵੀ ਕੀਤੀ ਹੈ। ਬਾਬਾ ਸਾਹਿਬ ਨੇ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਨ ਦੀ ਗੱਲ ਕੀਤੀ, ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕੀਤੀ ਅਤੇ ਅਸੀਂ ਉਨ੍ਹਾਂ ਹੀ ਨੇਮਾਂ ਦੀ ਗੱਲ ਕਰ ਰਹੇ ਹਾਂ, ਜੋ ਸਾਡਾ ਮੁੱਢਲਾ ਅਧਿਕਾਰ, ਸਾਡਾ ਸੰਵਿਧਾਨਕ ਅਧਿਕਾਰ ਹਨ। ਅਸੀਂ ਇਹਨਾਂ ਦੀ ਰਾਖੀ ਕਰਨਾ ਚਾਹੁੰਦੇ ਹਾਂ। ਇਹ ਸ਼ਰਮ ਦੀ ਗੱਲ ਹੈ ਕਿ ਅੱਜ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨੇ ਮੀਡੀਆ ਵਿੱਚ ਆਪਣੇ ਭਾਈਵਾਲਾਂ ਦੀ ਮਦਦ ਨਾਲ ਇਸ ਮੁੱਦੇ ਨੂੰ ਕਿਸੇ ਹੋਰ ਤਰ੍ਹਾਂ ਉਛਾਲਿਆ ਹੈ, ਇਸ ਮੁੱਦੇ ਨੂੰ ਕਮਜ਼ੋਰ ਕਰਨ ਦਾ ਜਤਨ ਕੀਤਾ ਹੈ।
ਕੱਲ੍ਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜਾਇੰਟ ਸਕੱਤਰ ਨੇ ਕਿਹਾ ਸੀ ਕਿ ਅਸੀਂ ਫੈਲੋਸ਼ਿਪ ਲੈਣ ਲਈ ਸੰਘਰਸ਼ ਕਰ ਰਹੇ ਹਾਂ। ਉਸ ਦਾ ਇੰਜ ਕਹਿਣਾ ਹੀ ਅਜੀਬ ਜਾਪਦਾ ਹੈ। ਉਨ੍ਹਾਂ ਦੀ ਸਰਕਾਰ...ਮੈਡਮ ਮਨੂੰਸਿਮਰਤੀ ਇਰਾਨੀ ਇਹਨਾਂ ਫੈਲੋਸ਼ਿਪਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਇਸ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਹਨ। ਇਹਨਾਂ ਦੀ ਸਰਕਾਰ ਨੇ ਬੱਜਟ ਸਮੇਂ ਉਚੇਰੀ ਵਿੱਦਿਆ ਵਿੱਚ ਸਤਾਰਾਂ ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ, ਜਿਸ ਕਾਰਨ ਪਿਛਲੇ ਚਾਰ ਸਾਲਾਂ ਤੋਂ ਸਾਡਾ ਹੋਸਟਲ ਨਹੀਂ ਉਸਾਰਿਆ ਜਾ ਸਕਿਆ, ਸਾਨੂੰ ਵਾਈ ਫਾਈ ਦੀ ਸੁਵਿਧਾ ਨਹੀਂ ਮਿਲੀ ਅਤੇ ਜਿਹੜੀ ਇੱਕ ਬੱਸ ਬੀ ਐੱਚ ਈ ਐੱਲ ਕੰਪਨੀ ਨੇ ਮੁਹੱਈਆ ਕੀਤੀ ਸੀ, ਉਸ ਵਿੱਚ ਤੇਲ ਪੁਆਉਣ ਜੋਗਾ ਪੈਸਾ ਵੀ ਪ੍ਰਸ਼ਾਸਨ ਕੋਲ ਨਹੀਂ। ਏ ਬੀ ਵੀ ਪੀ ਵਾਲੇ ਰੋਡ ਰੋਲਰਾਂ ਦੇ ਸਾਹਮਣੇ ਦੇਵ ਆਨੰਦ ਵਾਂਗ ਫੋਟੋਆਂ ਖਿੱਚਵਾ ਕੇ ਦਾਅਵੇ ਕਰਦੇ ਹਨ ਕਿ ਅਸੀਂ ਹੋਸਟਲ ਬਣਵਾ ਰਹੇ ਹਾਂ, ਅਸੀਂ ਵਾਈ ਫਾਈ ਲਵਾ ਰਹੇ ਹਾਂ ਅਤੇ ਅਸੀਂ ਫੈਲੋਸ਼ਿਪਾਂ ਦਿਵਾ ਰਹੇ ਹਾਂ। ਜੇ ਇਸ ਮੁਲਕ ਵਿੱਚ ਬੁਨਿਆਦੀ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਹੋਵੇ ਤਾਂ ਉਹ ਨੰਗੇ ਹੋ ਜਾਂਦੇ ਹਨ। ਪਰ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦਾ ਵਿਦਿਆਰਥੀ ਹੋਣ ’ਤੇ ਮਾਣ ਕਰਦਾ ਹਾਂ, ਕਿਉਂਕਿ ਅਸੀਂ ਬੁਨਿਆਦੀ ਗੱਲਾਂ ਉੱਤੇ ਬਹਿਸ ਕਰਦੇ ਹਾਂ, ਸੁਆਲ ਉਠਾਉਂਦੇ ਹਾਂ। (ਸੁਬਰਾਮਨੀਅਮ) ਸੁਆਮੀ ਕਹਿੰਦਾ ਹੈ ਕਿ ਜੇ ਐੱਨ ਯੂ ਵਿੱਚ ਜਹਾਦੀ ਰਹਿੰਦੇ ਹਨ, ਕਿ ਜੇ ਐੱਨ ਯੂ ਦੇ ਲੋਕ ਹਿੰਸਾ ਫੈਲਾਉਂਦੇ ਹਨ। ਮੈਂ ਜੇ ਐੱਨ ਯੂ ਵੱਲੋਂ ਆਰ ਐੱਸ ਐੱਸ ਦੇ ਪ੍ਰਚਾਰਕਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ ਕਿ ਉਹ ਹਿੰਸਾ ਦੀ ਧਾਰਨਾ ਬਾਰੇ ਸਾਡੇ ਨਾਲ ਬਹਿਸ ਕਰਨ। ਏ ਬੀ ਵੀ ਪੀ ਵਾਲੇ ਕਹਿੰਦੇ ਹਨ, ‘ਖ਼ੂਨ ਸੇ ਤਿਲਕ ਕਰੇਂਗੇ, ਗੋਲੀਓ ਸੇ ਆਰਤੀ’। ਅਸੀਂ ਏ ਬੀ ਵੀ ਪੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਸ ਦੇਸ ਵਿੱਚ ਉਹ ਕਿਸ ਦਾ ਖ਼ੂਨ ਵਹਾਉਣਾ ਚਾਹੁੰਦੇ ਹਨ? ਤੁਸੀਂ (ਆਰ ਐੱਸ ਐੱਸ) ਭਾਰਤ ਦੀ ਸੁਤੰਤਰਤਾ ਦੀ ਲੜਾਈ ਸਮੇਂ ਬਰਤਾਨਵੀਆਂ ਨਾਲ ਰਲ ਕੇ ਬੰਦੂਕਾਂ ਦਾਗੀਆਂ, ਸੁਤੰਤਰਤਾ ਸੰਗਰਾਮੀਆਂ ਉੱਤੇ ਗੋਲੀਆਂ ਚਲਾਈਆਂ। ਇਸ ਦੇਸ ਵਿੱਚ ਜਦੋਂ ਗ਼ਰੀਬ ਤੇ ਭੁੱਖੀ ਜਨਤਾ ਰੋਟੀ ਦੀ ਮੰਗ ਕਰਦੀ ਹੈ, ਤੁਸੀਂ ਲੋਕ ਉਨ੍ਹਾਂ ’ਤੇ ਗੋਲੀਆਂ ਦਾਗਦੇ ਹੋ, ਤੁਸੀਂ ਮੁਸਲਮਾਨਾਂ ’ਤੇ ਗੋਲੀਆਂ ਚਲਾਈਆਂ। ਜਦੋਂ ਔਰਤਾਂ ਆਪਣੇ ਸਸ਼ਕਤੀਕਰਨ ਦੀ ਗੱਲ ਕਰਦੀਆਂ ਹਨ, ਤੁਸੀਂ ਕਹਿੰਦੇ ਹੋ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਔਰਤਾਂ ਨੂੰ ਸੀਤਾ ਵਾਂਗ ਹੀ ਵਿਚਰਨਾ ਚਾਹੀਦਾ ਹੈ ਅਤੇ ਅਗਨੀ ਪ੍ਰੀਖਿਆ ਵਿੱਚੋਂ ਲੱਗਣਾ ਚਾਹੀਦਾ ਹੈ। ਪਰ ਇਸ ਦੇਸ ਵਿੱਚ ਜਮਹੂਰੀਅਤ ਦਾ ਰਾਜ ਹੈ, ਜੋ ਹਰ ਇੱਕ ਨੂੰ ਬਰਾਬਰੀ ਦਾ ਹੱਕ ਬਖਸ਼ਦੀ ਹੈ, ਭਾਵੇਂ ਉਹ ਵਿਦਿਆਰਥੀ ਹੋਵੇ ਜਾਂ ਕਲਰਕ, ਕਾਮਾ ਹੋਵੇ ਜਾਂ ਕਿਸਾਨ, ਜਾਂ ਭਾਵੇਂ ਅੰਬਾਨੀ ਜਾਂ ਅਡਾਨੀ ਹੀ ਹੋਵੇ। ਸਾਰਿਆਂ ਕੋਲ ਬਰਾਬਰ ਦੇ ਅਧਿਕਾਰ ਹਨ। ਜਦੋਂ ਅਸੀਂ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਹਨ, ਅਸੀਂ ਭਾਰਤੀ ਸੱਭਿਆਚਾਰ ਨੂੰ ਖ਼ਤਮ ਕਰ ਰਹੇ ਹਾਂ। ਅਸੀਂ ਤਾਂ ਸੋਸ਼ਣ ਦੇ ਸੱਭਿਆਚਾਰ, ਨਸਲਵਾਦ ਦੇ ਸੱਭਿਆਚਾਰ, ਜਾਤੀਵਾਦ ਦੇ ਸੱਭਿਆਚਾਰ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ।
ਜਦੋਂ ਅਸੀਂ ਜਮਹੂਰੀਅਤ ਦੀ ਗੱਲ ਕਰਦੇ ਹਾਂ, ਉਨ੍ਹਾਂ ਨੂੰ ਵੱਟ ਚੜ੍ਹਦਾ ਹੈ; ਜਦੋਂ ਲੋਕ ਨੀਲੇ ਸਲਾਮ ਦੇ ਨਾਲ ਲਾਲ ਸਲਾਮ ਨੂੰ ਜੋੜਦੇ ਹਨ; ਜਦੋਂ ਅਸੀਂ ਅੰਬੇਡਕਰ ਦਾ ਨਾਂਅ ਲੈਂਦੇ ਹਾਂ, ਉਨ੍ਹਾਂ ਦੇ ਢਿੱਡ ਵਿੱਚ ਪੀੜ ਹੋਣ ਲੱਗ ਪੈਂਦੀ ਹੈ। ਜਦੋਂ ਲੋਕ ਮਾਰਕਸ ਦੇ ਨਾਲ ਅੰਬੇਦਕਰ ਦਾ ਨਾਂਅ ਲੈਂਦੇ ਹਨ ਤਾਂ ਇਹਨਾਂ ਨੂੰ ਵੱਟ ਚੜ੍ਹਦਾ ਹੈ, ਜਦੋਂ ਲੋਕ ਅਸ਼ਫਾਕ ਉਲ੍ਹਾ ਖਾਨ ਦਾ ਨਾਂਅ ਲੈਂਦੇ ਹਨ, ਇਹਨਾਂ ਕੋਲਂ ਸਹਿਣ ਨਹੀਂ ਹੁੰਦਾ। ਤੁਸੀਂ ਕਰ ਲਉ ਮੇਰੇ ਉੱਤੇ ਹੱਤਕ ਇੱਜ਼ਤ ਦਾ ਦਾਅਵਾ, ਮੈਂ ਇਹੋ ਕਹਾਂਗਾ ਕਿ ਆਰ ਐੱਸ ਐੱਸ ਦਾ ਇਤਿਹਾਸ ਇਹੀ ਹੈ ਕਿ ਉਹ ਬਰਤਾਨਵੀਆਂ ਦੇ ਨਾਲ ਖੜੋਤੇ। ਦੇਸ ਨਾਲ ਦਗਾ ਕਰਨ ਵਾਲੇ ਅੱਜ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡ ਰਹੇ ਹਨ। ਮੇਰਾ ਮੋਬਾਈਲ ਖੋਲ੍ਹ ਕੇ ਦੇਖੋ ਦੋਸਤੋ, ਮੇਰੀ ਮਾਂ ਅਤੇ ਮੇਰੀਆਂ ਭੈਣਾਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਤੁਸੀਂ ਕਿਸ ਭਾਰਤ ਮਾਤਾ ਦੀ ਗੱਲ ਕਰਦੇ ਹੋ, ਜੇਕਰ ਮੇਰੀ ਮਾਂ ਤੇ ਤੁਹਾਡੀ ਮਾਂ ਉਸ ਦਾ ਹਿੱਸਾ ਨਹੀਂ ਹਨ? ਮੈਂ ਭਾਰਤ ਮਾਤਾ ਦੀ ਇਹੋ ਜਿਹੀ ਧਾਰਨਾ ਨਾਲ ਸਹਿਮਤ ਨਹੀਂ। ਮੇਰੀ ਮਾਂ ਆਂਗਣਵਾੜੀ ਕਾਮਾ ਹੈ, ਸਾਡਾ ਪਰਵਾਰ ਤਿੰਨ ਹਜ਼ਾਰ ਰੁਪਏ ’ਤੇ ਪਲਦਾ ਹੈ। ਤੇ ਮੈਨੂੰ ਅਜਿਹੇ ਦੇਸ ’ਤੇ ਸ਼ਰਮ ਆਉਂਦੀ ਹੈ, ਕਿਉਂਕਿ ਇਸ ਦੇਸ ਦੀਆਂ ਮਾਂਵਾਂ ਭਾਰਤ ਮਾਤਾ ਦਾ ਹਿੱਸਾ ਨਹੀਂ ਹਨ। ਮੈਂ ਭਾਰਤ ਦੀਆਂ ਮਾਂਵਾਂ ਤੇ ਭੈਣਾਂ ਨੂੰ ਸਲਾਮ ਕਰਦਾ ਹਾਂ, ਇਸ ਦੇ ਕਾਮਿਆਂ, ਕਿਸਾਨਾਂ ਤੇ ਆਦੀਵਾਸੀਆਂ ਨੂੰ ਸਲਾਮ ਕਰਦਾ ਹਾਂ। ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਕਹੋ ਇਨਕਲਾਬ-ਜ਼ਿੰਦਾਬਾਦ, ਕਹੋ ਭਗਤ ਸਿੰਘ ਜ਼ਿੰਦਾਬਾਦ, ਕਹੋ ਅਸਫ਼ਾਕ ਉਲ੍ਹਾ ਖਾਨ ਜ਼ਿੰਦਾਬਾਦ, ਕਹੋ ਸੁਖਦੇਵ-ਜ਼ਿੰਦਾਬਾਦ, ਕਹੋ ਬਾਬਾ ਸਾਹਿਬ-ਜ਼ਿੰਦਾਬਾਦ, ਤਾਂ ਹੀ ਸਾਨੂੰ ਯਕੀਨ ਹੋਵੇਗਾ ਕਿ ਤੁਹਾਨੂੰ ਵੀ ਇਸ ਦੇਸ ਵਿੱਚ ਵਿਸ਼ਵਾਸ ਹੈ। ਤੁਸੀਂ ਬਾਬਾ ਸਾਹਿਬ ਦੀ 125ਵੀਂ ਵਰ੍ਹੇਗੰਢ ਨੂੰ ਨਾਟਕ ਬਣਾ ਦਿੱਤਾ ਹੈ। ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਉਨ੍ਹਾਂ ਗੱਲਾਂ ਉੱਤੇ ਸੁਆਲ ਉਠਾਉ, ਜਿਨ੍ਹਾਂ ਉੱਤੇ ਬਾਬਾ ਸਾਹਿਬ ਸੁਆਲ ਉਠਾਉਂਦੇ ਸਨ। ਇਸ ਦੇਸ ਦੀ ਸਮੱਸਿਆ ਜਾਤੀਵਾਦ ਹੈ। ਇਸ ਰਾਖਵੇਂਕਰਨ ਨੂੰ ਚਾਲੂ ਕਰੋ, ਨਿੱਜੀ ਸੈਕਟਰ ਵਿੱਚ ਰਾਖਵੇਂਕਰਨ ਨੂੰ ਲਾਗੂ ਕਰੋ। ਇਹ ਦੇਸ ਇਸ ਦੇ ਨਾਗਰਿਕਾਂ ਤੋਂ ਹੀ ਬਣਿਆ ਹੈ। ਜਿਸ ਰਾਸ਼ਟਰ ਵਿੱਚ ਭੁੱਖਿਆ ਲਈ, ਗ਼ਰੀਬਾਂ ਲਈ, ਕਾਮਿਆ ਲਈ ਕੋਈ ਥਾਂ ਨਹੀਂ ਤਾਂ ਰਾਸ਼ਟਰ ਵੀ ਨਹੀਂ।
ਕੱਲ੍ਹ ਮੈਂ ਟੀ ਵੀ ਉੱਤੇ (ਦੀਪਕ) ਚੌਰਸੀਆ ਨਾਲ ਬਹਿਸ ਕਰ ਰਿਹਾ ਸਾਂ ਕਿ ਇਹ ਸਮਾਂ ਮੁਲਕ ਲਈ ਗੰਭੀਰ ਸਮਾਂ ਹੈ। ਜੇ ਇਸ ਦੇਸ ਵਿੱਚ ਏਨਾ ਜਾਤੀਵਾਦ ਰਿਹਾ ਤਾਂ ਮੀਡੀਆ ਵੀ ਸੁਰੱਖਿਅਤ ਨਹੀਂ ਰਹੇਗਾ। ਕੁਝ ਮੀਡੀਆ ਵਾਲੇ ਕਹਿ ਰਹੇ ਹਨ ਕਿ ਜੇ ਐੱਨ ਯੂ ਸਾਡੇ ਟੈਕਸਾਂ ਅਤੇ ਸਬਸਿਡੀਆਂ ਰਾਹੀਂ ਚੱਲਦੀ ਹੈ, ਤੇ ਇਹ ਗੱਲ ਠੀਕ ਵੀ ਹੈ। ਇਹ ਬਿਲਕੁੱਲ ਸਹੀ ਹੈ ਕਿ ਜੇ ਐੱਨ ਯੂ ਟੈਕਸਾਂ ਅਤੇ ਸਬਸਿਡੀਆਂ ਉੱਤੇ ਚੱਲਦੀ ਹੈ। ਪਰ ਅਸੀਂ ਸੁਆਲ ਪੁੱਛਣਾ ਚਾਹੁੰਦੇ ਹਾਂ : ਯੂਨੀਵਰਸਿਟੀ ਹੁੰਦੀ ਕਾਹਦੇ ਲਈ ਹੈ? ਯੂਨੀਵਰਸਿਟੀ ਸਮਾਜ ਵਿੱਚ ਪ੍ਰਚੱਲਤ ਧਾਰਨਾਵਾਂ ਦੇ ਆਲੋਚਨਾਤਮਕ ਅਧਿਐਨ ਲਈ ਹੁੰਦੀ ਹੈ। ਜੇ ਕੋਈ ਯੂਨੀਵਰਸਿਟੀ ਇਹ ਕੰਮ ਨਹੀਂ ਕਰਦੀ ਤਾਂ ਦੇਸ ਨਹੀਂ ਬਣਦੇ, ਲੋਕ ਦੇਸ ਦੇ ਨਿਰਮਾਣ ਦਾ ਹਿੱਸਾ ਨਹੀਂ ਬਣਦੇ। ਇਹ ਦੇਸ ਨਹੀਂ ਬਣ ਸਕੇਗਾ, ਜੇਕਰ ਅਸੀਂ ਲੋਕਾਂ ਦੇ ਸੱਭਿਆਚਾਰ, ਸੰਵਿਧਾਨ ਅਤੇ ਹੱਕਾਂ ਨੂੰ ਵਿੱਚ ਸ਼ਾਮਲ ਨਹੀਂ ਕਰਦੇ, ਵਰਨਾ ਇਹ ਦੇਸ਼ ਸਿਰਫ਼ ਪੂੰਜੀਪਤੀਆਂ ਦੀ ਲੁੱਟ-ਖਸੋ ਅਤੇ ਸ਼ੋਸ਼ਣ ਦਾ ਅਖਾੜਾ ਬਣ ਕੇ ਰਹਿ ਜਾਵੇਗਾ। ਅਸੀਂ ਦੇਸ ਦੇ ਨਾਲ ਖੜੇ ਹਾਂ, ਬਾਬਾ ਸਾਹਿਬ ਤੇ ਭਗਤ ਸਿੰਘ ਦੀਆਂ ਲਿਖਤਾਂ ਵਿੱਚੋਂ ਉਪਜੇ ਸੁਫ਼ਨਿਆਂ ਦੇ ਨਾਲ ਖੜੇ ਹਾਂ। ਅਸੀਂ ਉਸ ਸੁਫ਼ਨੇ ਦੀ ਰਾਖੀ ਲਈ ਖੜ੍ਹੇ ਹਾਂ ਜੋ ਸਾਰਿਆਂ ਲਈ ਬਰਾਬਰੀ, ਰੋਟੀ, ਕੱਪੜੇ ਅਤੇ ਮਕਾਨ ਦੇ ਹੱਕ ਨੂੰ ਮੁਹੱਈਆ ਕਰਨ ਦਾ ਸੁਫ਼ਨਾ ਹੈ। ਇਸ ਸੁਫ਼ਨੇ ਖ਼ਾਤਰ ਰੋਹਿਤ ਨੇ ਜਾਨ ਵਾਰ ਦਿੱਤੀ। ਮੈਂ ਕੇਂਦਰੀ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਜੋ ਕੁਝ ਰੋਹਿਤ ਦੇ ਮਾਮਲੇ ਵਿੱਚ ਹੋਇਆ, ਜੇ ਐੱਨ ਯੂ ਵਿੱਚ ਕਦੀ ਨਹੀਂ ਵਾਪਰ ਸਕੇਗਾ। ਅਸੀਂ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਲਈ ਉੱਠਾਂਗੇ। ਪਾਕਿਸਤਾਨ ਤੇ ਬੰਗਲਾ ਦੇਸ਼ ਦੀ ਗੱਲ ਨਾ ਕਰੋ। ਅਸੀਂ ਤਾਂ ਕਹਿੰਦੇ ਹਾਂ ਕਿ ਅਸੀਂ ਦੁਨੀਆ ਭਰ ਦੇ ਗ਼ਰੀਬ ਲੋਕਾਂ ਦਾ ਏਕਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਪਛਾਣ ਲਿਆ ਹੈ, ਜੋ ਮਨੁੱਖਤਾ ਦੇ ਵਿਰੋਧੀ ਹਨ। ਅਸੀਂ ਨਸਲਵਾਦ ਦਾ, ਸੰਕੀਰਨਤਾਵਾਦ ਦਾ, ਜਾਤੀਵਾਦ ਤੇ ਪੂੰਜੀਵਾਦ ਦਾ ਚਿਹਰਾ ਨੰਗਾ ਕਰਨਾ ਚਾਹੁੰਦੇ ਹਾਂ। ਅਸੀਂ ਸਿੱਧ ਕਰਨਾ ਚਾਹੁੰਦੇ ਹਾਂ ਕਿ ਅਸਲੀ ਲੋਕਰਾਜ ਕੀ ਹੈ, ਅਸਲੀ ਸੁਤੰਤਰਤਾ ਕੀ ਹੈ ਅਤੇ ਦੇਸ ਵਿੱਚ ਸਭਨਾਂ ਨੂੰ ਕਿਹੋ ਜਿਹੀ ਸੁਤੰਤਰਤਾ ਮਿਲਣੀ ਚਾਹੀਦੀ ਹੈ। ਇਹ ਸੁਤੰਤਰਤਾ ਪਾਰਲੀਮੈਂਟ, ਸੰਵਿਧਾਨ, ਲੋਕਰਾਜ ਰਾਹੀਂ ਆਵੇਗੀ ਅਤੇ ਇਸੇ ਕਾਰਨ ਮੈਂ ਤੁਹਾਨੂੰ, ਸਾਰੇ ਦੋਸਤਾਂ ਨੂੰ, ਬੇਨਤੀ ਕਰਦਾ ਹਾਂ ਕਿ ਆਪਣੇ ਸਾਰੇ ਵਖਰੇਵਿਆਂ ਦੇ ਬਾਵਜੂਦ ਵਿਚਾਰਾਂ ਦੀ ਆਜ਼ਾਦੀ, ਸਾਡੇ ਸੰਵਿਧਾਨ, ਅਤੇ ਸਾਡੇ ਦੇਸ ਦੇ ਏਕੇ ਲਈ ਅਸੀਂ ਰਲ ਕੇ ਕੰਮ ਕਰੀਏ, ਤਾਂ ਜੋ ਇਹਨਾਂ ਪਾੜੂ ਤਾਕਤਾਂ ਨੂੰ ਭਾਂਜ ਦੇ ਸਕੀਏ ਜੋ ਦਹਿਤਸ਼ਗਰਦਾਂ ਨੂੰ ਪਾਲਦੀ ਹੈ।
ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਮੇਰਾ ਇੱਕ ਆਖਰੀ ਸੁਆਲ ਹੈ। ਕੌਣ ਹੈ ਕਸਾਬ? ਕੌਣ ਹੈ ਅਫ਼ਜ਼ਲ ਗੁਰੂ? ਇਹ ਲੋਕ ਕੌਣ ਹਨ, ਇਸ ਹਾਲਤ ਤੱਕ ਪਹੁੰਚ ਗਏ ਹਨ ਕਿ ਅੱਜ ਆਤਮਘਾਤੀ ਦਸਤੇ ਬਣਨ ਲਈ ਤਿਆਰ ਹਨ? ਜੇ ਇਹ ਸੁਆਲ ਯੂਨੀਵਰਸਿਟੀਆਂ ਵੱਲੋਂ ਨਹੀਂ ਉਠਾਏ ਜਾਣਗੇ ਤਾਂ ਮੈਨੂੰ ਜਾਪਦਾ ਹੈ, ਯੂਨੀਵਰਸਿਟੀਆਂ ਹੋਣ ਦਾ ਕੀ ਲਾਭ ਹੋ ਸਕਦਾ ਹੈ। ਜੇ ਅਸੀਂ ਨਿਆਂ ਦੀ ਪਰਿਭਾਸ਼ਾ ਨਹੀਂ ਬਣਾਉਂਦੇ, ਹਿੰਸਾ ਦੀ ਪਰਿਭਾਸ਼ਾ ਨਹੀਂ ਬਣਾਉਂਦੇ... ਹਿੰਸਾ ਸਿਰਫ਼ ਗੋਲੀਆਂ ਦਾਗਣਾ ਹੀ ਨਹੀਂ ਹੁੰਦੀ, ਜੇ ਐੱਨ ਯੂ ਵਿੱਚ ਦਲਿਤਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਨਾ ਦੇਣਾ ਵੀ ਹਿੰਸਾ ਹੈ। ਇਹ ਸੰਸਥਾਗਤ ਹਿੰਸਾ ਹੈ।
ਕੌਣ ਤੈਅ ਕਰੇਗਾ ਕਿ ਨਿਆਂ ਕੀ ਹੁੰਦਾ ਹੈ? ਜਦੋਂ ਜਾਤੀਵਾਦ ਤਹਿਤ ਦਲਿਤਾਂ ਨੂੰ ਮੰਦਰਾਂ ਵਿੱਚ ਦਾਖ਼ਲੇ ਦੀ ਮਨਾਹੀ ਸੀ, ਤਾਂ ਉਸ ਸਮੇਂ ਇਹ ਨਿਆਂ ਸੀ? ਜਦੋਂ ਬਰਤਾਨਵੀਆਂ ਵੇਲੇ ਕੁੱਤਿਆਂ ਤੇ ਹਿੰਦੋਸਤਾਨੀਆਂ ਨੂੰ ਰੈਸਟੋਰੈਂਟਾਂ ਵਿੱਚ ਦਾਖ਼ਲ ਹੋਣ ਦੀ ਮਨਾਹੀ ਸੀ, ਤਾਂ ਵੀ ਇਹ ਨਿਆਂ ਸੀ? ਅਸੀਂ ਨਿਆਂ ਦੀ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਸੀ ਤੇ ਅੱਜ ਵੀ ਅਸੀਂ ਏ ਬੀ ਵੀ ਪੀ ਤੇ ਆਰ ਐੱਸ ਐੱਸ ਦੀ ਨਿਆਂ ਦੀ ਧਾਰਨਾ ਨੂੰ ਚੁਣੌਤੀ ਦੇਂਦੇ ਹਾਂ। ਇਹ ਨਿਆਂ ਸਾਡੇ ਨਿਆਂ ਦੀ ਧਾਰਨਾ ਦੇ ਵਿਰੁੱਧ ਹੈ। ਅਸੀਂ ਤੁਹਾਡੇ ਨਿਆਂ, ਤੁਹਾਡੀ ਸੁਤੰਤਰਤਾ ਦੀ ਧਾਰਨਾ ਨਾਲ ਸਹਿਮਤ ਨਹੀਂ। ਅਸੀਂ ਨਿਆਂ ਹੋਇਆ ਉਸ ਦਿਨ ਮੰਨਾਂਗੇ, ਜਦੋਂ ਹਰ ਵਿਅਕਤੀ ਨੂੰ ਬਰਾਬਰੀ ਦੇ ਸੰਵਿਧਾਨਕ ਅਧਿਕਾਰ ਹਾਸਲ ਹੋਣਗੇ।
ਹਾਲਾਤ ਬਹੁਤ ਗੰਭੀਰ ਹਨ, ਪਰ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਕਿਸੇ ਵੀ ਹਾਲਤ ਵਿੱਚ ਹਿੰਸਾ, ਦਹਿਸ਼ਤਗਰਦੀ, ਦਹਿਸ਼ਤੀ ਹਮਲਿਆਂ, ਜਾਂ ਕੌਮ-ਵਿਰੋਧੀ ਸਰਗਰਮੀਆਂ ਦਾ ਸਮੱਰਥਨ ਨਹੀਂ ਕਰਦੀ। ਕੁਝ ਅਣਪਛਾਤੇ ਲੋਕਾਂ ਨੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ। ਜੇ ਐੱਨ ਯੂ ਦੀ ਵਿਦਿਆਰਥੀ ਯੂਨੀਅਨ ਇਨ੍ਹਾਂ ਨਾਅਰਿਆਂ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ।
ਇਹ ਸੁਆਲ ਜੇ ਐੱਨ ਯੂ ਦੇ ਪ੍ਰਸ਼ਾਸਨ ਅਤੇ ਏ ਬੀ ਵੀ ਪੀ ਲਈ ਹੈ। ਕੈਂਪਸ ਵਿੱਚ ਹਜ਼ਾਰ ਕਿਸਮ ਦੀਆਂ ਸਰਗਰਮੀਆਂ ਹੋ ਰਹੀਆਂ ਹਨ, ਪਰ ਤੁਸੀਂ ਏ ਬੀ ਵੀ ਪੀ ਦੇ ਨਾਹਰੇ ਨੂੰ ਧਿਆਨ ਨਾਲ ਸੁਣੋ। ਉਹ ਕਹਿੰਦੇ ਹਨ ਕਿ ਕਮਿਊਨਿਸਟ ਕੁੱਤੇ ਹਨ, ਉਹ ਕਮਿਊਨਿਸਟਾਂ ਨੂੰ ਜਹਾਦੀਆਂ ਦੀ ਬੱਚੇ, ਅਫ਼ਜ਼ਲ ਗੁਰੂ ਦੇ ਪਿੱਲੇ ਆਖਦੇ ਹਨ। ਇਸ ਸੰਵਿਧਾਨ ਵਿੱਚ ਜੇ ਬਤੌਰ ਨਾਗਰਿਕ ਮੇਰੇ ਕੋਲ ਅਧਿਕਾਰ ਹਨ ਤਾਂ ਮੇਰੇ ਬਾਪ ਨੂੰ ਕੁੱਤਾ ਕਹਿਣਾ ਕੀ ਮੇਰੇ ਸੰਵਿਧਾਨਕ ਹੱਕਾਂ ਉੱਤੇ ਡਾਕਾ ਨਹੀਂ? ਇਹ ਸੁਆਲ ਏ ਬੀ ਵੀ ਪੀ ਅਤੇ ਜੇ ਐੱਨ ਯੂ ਪ੍ਰਸ਼ਾਸਨ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਸ ਲਈ ਕੰਮ ਕਰ ਰਹੇ ਹਨ? ਕੀਹਦੇ ਨਾਲ ਕੰਮ ਕਰ ਰਹੇ ਹਨ? ਕਿਸ ਆਧਾਰ ਉੱਤੇ ਕੰਮ ਕਰ ਰਹੇ ਹਨ?
ਅੱਜ ਇਹ ਸਪੱਸ਼ਟ ਸਾਬਤ ਹੋ ਗਿਆ ਹੈ ਕਿ ਜੇ ਐੱਨ ਯੂ ਦਾ ਪ੍ਰਸ਼ਾਸਨ ਪਹਿਲੋਂ ਇਜਾਜ਼ਤ ਦਿੰਦਾ ਹੈ ਅਤੇ ਨਾਗਪੁਰ ਤੋਂ ਫੋਨ ਆਉਣ ਤੋਂ ਪਿੱਛੋਂ ਉਹ ਕਿਵੇਂ ਇਸ ਇਜਾਜ਼ਤ ਨੂੰ ਵਾਪਸ ਲੈ ਲੈਂਦਾ ਹੈ।
ਇਜਾਜ਼ਤ ਮੰਗਣ ਅਤੇ ਦੇਣ ਦੀ ਇਹ ਪ੍ਰਕਿਰਿਆ ਵੀ ਫੈਲੋਸ਼ਿਪਾਂ ਦੇਣ ਅਤੇ ਲੈਣ ਦੀ ਪ੍ਰਕਿਰਿਆ ਵਰਗੀ ਹੈ। ਪਹਿਲੋਂ ਉਹ ਫੈਲੋਸ਼ਿਪ ਦੀ ਘੋਸ਼ਣਾ ਕਰਦੇ ਹਨ ਤੇ ਫੇਰ ਕਹਿੰਦੇ ਹਨ ਕਿ ਫੈਲੋਸ਼ਿਪ ਨੂੰ ਖਾਰਜ ਕਰ ਦਿੱਤਾ ਗਿਆ ਹੈ। ਇਹ ਹੈ ਸੰਘੀ ਢੰਗ-ਤਰੀਕਾ, ਇਹ ਹੈ ਆਰ ਐੱਸ ਐੱਸ ਤੇ ਏ ਬੀ ਵੀ ਪੀ ਦਾ ਢੰਗ-ਤਰੀਕਾ, ਜਿਸ ਨਾਲ ਉਹ ਦੇਸ ਨੂੰ ਵੀ ਚਲਾਉਣਾ ਚਾਹੁੰਦੇ ਹਨ ਤੇ ਜੇ ਐੱਨ ਯੂ ਦੇ ਪ੍ਰਸ਼ਾਸਨ ਨੂੰ ਵੀ। ਅਸੀਂ ਜੇ ਐੱਨ ਯੂ ਦੇ ਵਾਈਸ-ਚਾਂਸਲਰ ਕੋਲੋਂ ਇੱਕ ਸੁਆਲ ਪੁੱਛਣਾ ਚਾਹੁੰਦੇ ਹਾਂ। ਕੈਂਪਸ ਵਿੱਚ ਪੋਸਟਰ ਲੱਗੇ ਹੋਏ ਸਨ, ਮੈੱਸ ਵਿੱਚ ਪੈਂਫਲਿਟ ਵੰਡੇ ਗਏ ਸਨ। ਜੇ ਕੋਈ ਸਮੱਸਿਆ ਹੁੰਦੀ ਤਾਂ ਜੇ ਐੱਨ ਯੂ ਨੇ ਇਜਾਜ਼ਤ ਦੇਣੀ ਹੀ ਨਹੀਂ ਸੀ। ਜੇ ਇਜਾਜ਼ਤ ਦੇ ਦਿੱਤੀ ਸੀ ਤਾਂ ਇਸ ਇਜਾਜ਼ਤ ਨੂੰ ਰੱਦ ਕਰਨ ਲਈ ਨਿਰਦੇਸ਼ ਕਿੱਥੋਂ ਆਏ? ਜੇ ਐੱਨ ਯੂ ਪ੍ਰਸ਼ਾਸਨ ਨੂੰ ਇਸ ਸੁਆਲ ਦਾ ਸਪੱਸ਼ਟ ਜੁਆਬ ਦੇਣਾ ਚਾਹੀਦਾ ਹੈ।
ਅਸੀਂ ਜੇ ਐਨ ਯੂ ਨੂੰ ਵੰਡਿਆ ਨਹੀਂ ਜਾਣ ਦਿਆਂਗੇ ਇਸ ਦੇਸ਼ ਵਿੱਚ ਇਸ ਸਮੇਂ ਜਿਹੜੇ ਵੀ ਸੰਘਰਸ਼ ਚੱਲ ਰਹੇ ਹਨ। ਜੇ ਐੱਨ ਯੂ ਉਨ੍ਹਾਂ ਵਿੱਚ ਪੂਰੀ ਤਨਦੇਹੀ ਨਾਲ ਸ਼ਾਮਲ ਹੈ ਅਤੇ ਜਮਹੂਰੀਅਤ ਦੀ ਆਵਾਜ਼ ਸੁਤੰਤਰਤਾ ਦੀ ਆਵਾਜ਼, ਤੇ ਵਿਚਾਰਾਂ ਦੀ ਆਜ਼ਾਦੀ ਲਈ ਪ੍ਰਤੀਬੱਧ ਹੈ।
ਇਹਨਾਂ ਲੋਕਾਂ ਦੀ ਅਸਲੀਅਤ ਨੂੰ ਪਛਾਣੋ। ਉਨ੍ਹਾਂ ਨੂੰ ਨਫ਼ਰਤ ਨਾ ਕਰੋ, ਕਿਉਂਕਿ ਅਸੀਂ ਨਫ਼ਰਤ ਕਰਨਾ ਨਹੀਂ ਜਾਣਦੇ...ਮੈਨੂੰ ਤਾਂ ਉਨ੍ਹਾਂ ’ਤੇ ਤਰਸ ਆਉਂਦਾ ਹੈ। ਉਨ੍ਹਾਂ ਦਾ ਖ਼ਿਆਲ ਹੈ ਕਿ ਜਿਵੇਂ ਗਜੇਂਦਰ ਚੌਹਾਨ ਨੂੰ ਬਿਠਾਲ ਦਿੱਤਾ ਗਿਆ ਹੈ, ਉਸੇ ਤਰ੍ਹਾਂ ਚੌਹਾਨ, ਦੀਵਾਨ ਤੇ ਫ਼ਰਮਾਨ ਵੀ ਬਿਠਾਲੇ ਜਾ ਸਕਣਗੇ।
ਪਰਮਜੀਤ ਬਰਾੜ੍ਹ
We need to fight together against fascist forces.