Wed, 30 October 2024
Your Visitor Number :-   7238304
SuhisaverSuhisaver Suhisaver

ਇਨਕਲਾਬੀ ਲਹਿਰ ਲਈ ਅਮੁੱਕ ਪ੍ਰੇਰਨਾ ਅਤੇ ਤਾਕਤ ਦਾ ਸੋਮਾ ਬਣਿਆ ਰਹੇਗਾ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ

Posted on:- 19-02-2016

suhisaver

- ਪਾਵੇਲ ਕੁੱਸਾ

ਆਪਣੀ ਚੜ੍ਹਦੀ ਉਮਰੇ ਇੱਕ ਆਦਰਸ਼ਵਾਦੀ ਨੌਜਵਾਨ ਅਤੇ ਇੱਕ ਸੰਵੇਦਨਸ਼ੀਲ ਤੇ ਇਨਕਲਾਬੀ ਕਵੀ ਵਜੋਂ ਸਾਧੂ ਸਿੰਘ ਨੇ ਆਪਣੇ ਗੀਤ ‘‘ਸਾਨੂੰ ਭੁੱਖਿਆਂ ਨੂੰ ਹੋਰ ਨਾ ਵਗਾਰ ਪੁੱਗਦੀ’’ ਦਾ ਇਨਕਲਾਬੀ ਹੋਕਾ ਦਿੱਤਾ ਸੀ, ਜਿਹੜਾ ਅਨੇਕਾਂ ਵਰੇ੍ਹ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਅਤੇ ਇਨਕਲਾਬੀ ਲਹਿਰ ਦੀਆਂ ਸਟੇਜਾਂ ਤੋਂ ਗੂੰਜਦਾ ਰਿਹਾ। ਇਸ ਇਨਕਲਾਬੀ ਹੋਕੇ ਅੰਦਰ ਸਾਧੂ ਸਿੰਘ ਤਖਤੂਪੁਰਾ ਬਾਬੇ ਨਾਨਕ ਦੀ ‘‘ਨੀਚਾਂ ਅੰਦਰ ਨੀਚ ਜਾਤ... ’’ ਦੀ ਸਿਆਸਤ ਦਾ ਪੱਲਾ ਫੜ ਕੇ ਪਿੰਡਾਂ ਦੇ ਵਿਹੜਿਆਂ ਦੇ ਦਰਦ ਦੀ ਹੂਕ ਬਣ ਕੇ ਉੱਭਰਦਾ ਹੈ, ਉਹਨਾਂ ਦੀ ਸਮਾਜਕ ਨਾ-ਬਰਾਬਰੀ ਦੀ ਅਤੇ ਉਨ੍ਹਾਂ ਦੀਆਂ ਇੱਜ਼ਤਾਂ ਤੇ ਅਰਮਾਨਾਂ ਦੇ ਰੁਲਣ ਦੀ ਗੱਲ ਕਰਦਾ ਹੈ ਤੇ ਅੰਤ ਮਿਹਨਤ ਦੀ ਲੁੱਟ ਤੇ ਸਮਾਜਕ ਨਾ-ਬਰਾਬਰੀ ਦੀ ਥਾਂ ਮਜਦੂਰਾਂ ਕਿਸਾਨਾਂ ਦੀ ਪੁੱਗਤ ’ਤੇ ਅਧਾਰਤ ਰਾਜ ਪ੍ਰਬੰਧ ਸਥਾਪਤ ਕਰਨ ਦਾ ਨਾਅਰਾ ਬੁਲੰਦ ਕਰਦਾ ਹੈ।

ਸਾਧੂ ਸਿੰਘ ਦਾ ਇਹ ਹੋਕਾ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਤੇ ਵਿਚਾਰਾਂ ਦੇ ਗੰਭੀਰ ਅਧਿਆਨ ਅਤੇ ਆਦਰਸ਼ਵਾਦ ਤੇ ਬਾਹਰਲੇ ਮੁਲਕਾਂ ਦੇ ਇਨਕਲਾਬਾਂ ਦੇ ਤਜਰਬੇ ਦੀ ਨੀਝ-ਪੂਰਨ ਘੋਖ ’ਤੇ ਅਧਾਰਤ ਸੀ, ਏਸ ਕਰਕੇ ਉਸਨੂੰ ਅਟੱਲ ਵਿਸ਼ਵਾਸ ਹੋ ਗਿਆ ਸੀ ਕਿ ਸਮਾਜ ਦੀਆਂ ਸਾਰੀਆਂ ਦੁੱਖ ਤਕਲੀਫਾਂ ਤੇ ਔਹਰਾਂ ਦੀ ਮੁਕੰਮਲ ਨਵਿਰਤੀ ਦਾ ਇੱਕੋ ਇੱਕ ਸਿੱਕੇਬੰਦ ਹੱਲ ਇਨਕਲਾਬ ਹੈ।

ਇਸ ਲਈ ਉਪਰੋਕਤ ਇਨਕਲਾਬੀ ਹੋਕਾ ਸਾਧੂ ਸਿੰਘ ਦੀ ਸਮੁੱਚੀ ਲੋਕ-ਪੱਖੀ ਇਨਕਲਾਬੀ ਜ਼ਿੰਦਗੀ ਦਾ ਮੈਨੀਫੈਸਟੋ ਬਣ ਗਿਆ, ਉਹਦੇ ਸਮੁੱਚੇ ਵਜੂਦ, ਉਹਦੀ ਰੂਹ ਤੇ ਉਹਦੀ ਹੋਣੀ ਦਾ ਪ੍ਰਤੀਕ ਬਣ ਗਿਆ। ਬਿਨਾ ਸ਼ੱਕ ਸਾਧੂ ਸਿੰਘ ਨੇ ਬਹੁਤ ਵਰ੍ਹੇ ਸਰਕਾਰੀ ਅਧਿਆਪਕ ਵਜੋਂ ਨੌਕਰੀ ਵੀ ਕੀਤੀ ਤੇ ਆਮ ਗ੍ਰਹਿਸਥੀਆਂ ਵਾਂਗ ਆਵਦੀ ਕਬੀਲਦਾਰੀ ਦਾ ਰੇੜ੍ਹਾ ਵੀ ਰੋੜ੍ਹਿਆ, ਪਰ ਉਸ ਦੀ ਜ਼ਿੰਦਗੀ ਦਾ ਪ੍ਰਮੁੱਖ ਸਰੋਕਾਰ, ਉਸ ਦੀ ਜ਼ਿੰਦਗੀ ਦਾ ਧਰੂਤਾਰਾ, ਇਹ ਇਨਕਲਾਬੀ ਹੋਕਾ ਹੀ ਬਣਿਆ ਰਿਹਾ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਤੇ ਖੁਦ ਇਸ ਇਨਕਲਾਬੀ ਹੋਕੇ ਦੇ ਤਕਾਜ਼ਿਆਂ ’ਤੇ ਪੂਰਾ ਉਤਰਨ ਲਈ ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨੂੰ ਇਸ ਹੋਕੇ ਦੇ ਜੋਰ ਜਾਗਰਤ, ਜਥੇਬੰਦ ਤੇ ਲਾਮਬੰਦ ਕਰਨ ਲਈ ਉਹ ਉਮਰ ਭਰ ਜੂਝਦਾ ਰਿਹਾ। ਇਸ ਲਈ ਉਹ ਸਾਰੀ ਉਮਰ ਨਾ ਸਿਰਫ ਇਨਕਲਾਬੀ ਕਵੀ ਵਜੋਂ ਲੋਕਾਂ ਨੂੰ ਪ੍ਰੇਰਦਾ ਤੇ ਹਲੂਣਦਾ ਰਿਹਾ ਸਗੋਂ, ਜਥੇਬੰਦ ਹੋ ਰਹੇ ਲੋਕਾਂ ਨੂੰ ਇਨਕਲਾਬੀ ਰਾਹ ’ਤੇ ਪਾਉਣ ਲਈ ਤਾਣ ਜੁਟਾਉਦਾ ਰਿਹਾ।

ਨੌਕਰੀ ਤੋਂ ਫਾਰਗ ਹੋਣ ਤੋਂ ਬਾਦ ਆਪਣੇ ਅੰਤਲੇ ਦਿਨਾਂ ’ਚ ਦਿਲ ਦੀ ਬਿਮਾਰੀ ਦੇ ਬਾਵਜੂਦ ਉਹ ਕਿਸਾਨ ਮੁਹਾਜ ’ਤੇ ਲਟ ਲਟ ਕਰਕੇ ਬਲਿਆ। ਨਾ ਸਿਰਫ ਉਸ ਨੇ ਜੇਠੂ ਕੇ ਦੇ ਬੱਸ ਕਿਰਾਇਆ ਘੋਲ, ਟਰਾਈਡੈਂਟ ਦੇ ਜਮੀਨੀ ਘੋਲ, ਚੱਠੇ ਵਾਲਾ ਦੇ ਕੁਰਕੀ ਵਿਰੋਧੀ ਘੋਲ ਅਤੇ ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਘੋਲ ਵਰਗੇ ਅਹਿਮ ਕਿਸਾਨ ਘੋਲਾਂ ’ਚ ਉੱਭਰਵੀਂ ਆਗੂ ਭੂਮਿਕਾ ਨਿਭਾਈ, ਕਿਸਾਨ ਲਹਿਰ ਨੂੰ ਇਨਕਲਾਬੀ ਲੀਹਾਂ ’ਤੇ ਅੱਗੇ ਵਧਾਉਣ ’ਚ ਸਿਰ ਕੱਢ ਰੋਲ ਨਿਭਾਇਆ, ਸਗੋਂ ਅੰਮਿ੍ਰਤਸਰ ਜ਼ਿਲ੍ਹੇ ਦੇ ਆਬਾਦਕਾਰ ਕਿਸਾਨਾਂ ਦੇ ਜਮੀਨੀ ਹੱਕਾਂ ਲਈ ਜਾਨ-ਹੂਲਵੇਂ ਘੋਲਾਂ ਦੀ ਨਿਧੜਕ ਹੋ ਕੇ ਅਗਵਾਈ ਕੀਤੀ ਅਤੇ ਅੰਤ ਇਨ੍ਹਾਂ ਘੋਲਾਂ ਦੌਰਾਨ ਹੀ ਬਾਦਲ ਹਕੂਮਤ ਦੇ ਪਾਲੇ ਹੋਏ ਭੋਂਇੰ ਮਾਫੀਏ ਦੇ ਗੁੰਡਿਆਂ ਹੱਥੋਂ 16 ਫਰਵਰੀ 2010 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ।

ਭਰ ਜਵਾਨੀ ਦੀ ਉਮਰੇ ਜਦੋਂ ਉਸ ਨੇ ਓਮ ਪ੍ਰਕਾਸ਼ ਕੁੱਸੇ ਵਰਗੇ ਰੌਸ਼ਨ ਦਿਮਾਗ ਹਮਖਿਆਲਾਂ ਨਾਲ ਰਲਕੇ ‘‘ਜਾਗੋ’’ ਪਰਚਾ ਕੱਢਿਆ ਤੇ ਇਹਦੇ ਇਨਕਲਾਬੀ ਵਿਚਾਰਾਂ ਦੁਆਲੇ ਇਲਾਕੇ ਦੇ ਨੌਜਵਾਨਾਂ ਤੇ ਸਹਿਤਕਾਰਾਂ ਨੂੰ ਲਾਮਬੰਦ ਕਰਨ ਦਾ ਯਤਨ ਅਰੰਭਿਆ ਤਾਂ ਉਹਦਾ ਮੁੱਖ ਸਰੋਕਾਰ ਨੌਜਵਾਨਾਂ ਨੂੰ ਮੌਕਪ੍ਰਸਤ ਸਿਆਸਤ ਤੋਂ ਤੋੜ ਕੇ ਭਗਤ ਸਿੰਘ ਦੇ ਆਦਰਸ਼ਾਂ ’ਤੇ ਅਧਾਰਤ ਨੌਜਵਾਨ ਭਾਰਤ ਸਭਾ ਦੇ ਲੜ ਲਾਉਣਾ ਸੀ ਤੇ ਜਦੋਂ ਉਹ ਵਰ੍ਹਿਆਂਬੱਧੀ ਮੁਲਾਜ਼ਮ ਜਥੇਬੰਦੀਆਂ ਅੰਦਰ ਵੱਖ ਵੱਖ ਪੱਧਰਾਂ ’ਤੇ ਜੁੰਮੇਵਾਰੀ ਨਿਭਾਉਦਾ ਰਿਹਾ ਤਾਂ ਉਹਦਾ ਪੂਰਾ ਤਾਣ ਇਹਨਾਂ ਜਥੇਬੰਦੀਆਂ ਨੂੰ ਇਨਕਲਾਬੀ ਲੀਹਾਂ ’ਤੇ ਢਾਲਣ ਅਤੇ ਹੋਰਨਾ ਮਿਹਨਤਕਸ਼ ਤਬਕਿਆਂ ਨਾਲ ਇਹਨਾਂ ਦੀ ਜੋਟੀ ਪੁਆਉਣ ’ਤੇ ਕੇਂਦਰਤ ਰਿਹਾ। ਇਸ ਵਡੇਰੀ ਸੋਝੀ ਸਦਕਾ ਹੀ ਉਸ ਨੇ 1972 ਦੇ ਇਤਿਹਾਸਕ ਮੋਗਾ ਘੋਲ, 1979 ਦੇ ਰੰਧਾਵਾ ਘੋਲ, 1980 ਦੇ ਬੱਸ ਕਿਰਾਇਆ ਘੋਲ ਅਤੇ ਬੇਰੁਜਗਾਰ ਅਧਿਆਪਕਾਂ ਦੇ ਘੋਲ ਵਰਗੇ ਪੰਜਾਬ ਪੱਧਰੇ ਵੱਡੇ ਲੋਕ ਘੋਲਾਂ ਵਿੱਚ ੳੱੁਭਰਵੀਂ ਭੂਮਿਕਾ ਨਿਭਾਈ। ਇਸੇ ਸੋਝੀ ਸਦਕਾ ਹੀ ਉਸ ਨੇ ਔਰਤਾਂ ਦੀ ਮੁਕਤੀ ਲਈ, ਖੇਤ ਮਜਦੂਰਾਂ ਦੇ ਹੱਕਾਂ ਲਈ ਅਤੇ ਫਿਰਕਾਪ੍ਰਸਤੀ ਵਿਰੋਧੀ ਘੋਲਾਂ ’ਚ ਪੂਰੀ ਸ਼ਿੱਦਤ ਨਾਲ ਸ਼ਮੂਲੀਅਤ ਕੀਤੀ। ਬਿਨਾ ਸ਼ੱਕ ਅੱਜ ਸਾਧੂ ਸਿੰਘ ਜਿਸਮਾਨੀ ਤੌਰ ’ਤੇ ਸਾਡੇ ਵਿਚ ਨਹੀਂ ਰਿਹਾ ਪਰ ਉਸ ਦਾ ਇਨਕਲਾਬੀ ਹੋਕਾ ਜਿਉ ਦਾ ਤਿਉ ਬਰਕਰਾਰ ਹੈ, ਜਿਹੜਾ ਸੰਘਰਸ਼ਸ਼ੀਲ ਲੋਕਾਂ ਅਤੇ ਇਨਕਲਾਬੀ ਲਹਿਰ ਲਈ ਅਮੁੱਕ ਪ੍ਰੇਰਨਾ ਤੇ ਤਾਕਤ ਦਾ ਸੋਮਾ ਬਣਿਆ ਰਹਿ ਰਿਹਾ ਹੈ। ਅੱਜ 20 ਫਰਵਰੀ ਨੂੰ ਉਸਦੀ 6ਵੀਂ ਬਰਸੀ ’ਤੇ ਉਸਦੇ ਇਨਕਲਾਬੀ ਸੰਗੀ-ਸਾਥੀ, ਕਿਸਾਨ, ਖੇਤ ਮਜ਼ਦੂਰ, ਔਰਤਾਂ, ਨੌਜਵਾਨ ਤੇ ਮੁਲਾਜ਼ਮ ਭਾਰੀ ਗਿਣਤੀ ’ਚ ਉਸਦੇ ਜੱਦੀ ਪਿੰਡ ਤਖਤੂਪਰਾ ਪਹੁੰਚ ਕੇ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕਰਨਗੇ ਅਤੇ ਉਨ੍ਹਾਂ ਦੀ ਯਾਦ ’ਚ ਉਸਾਰੀ ਗਈ ਸ਼ਹੀਦੀ ਲਾਟ ਤੇ ਯਾਦਗਾਰ ਨੂੰ ਲੋਕ-ਸਮੂਹ ਦੇ ਅਰਪਿਤ ਕਰਨਗੇ।

ਸੰਪਰਕ: +91 94170 54015

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ