Thu, 21 November 2024
Your Visitor Number :-   7256453
SuhisaverSuhisaver Suhisaver

ਅੰਤਰਰਸ਼ਟਰੀ ਮਾਂ-ਬੋਲੀ ਦਿਨ ’ਤੇ ਵਿਚਾਰਨ ਲਈ ਪੰਜਾਬੀ ਲਈ ਅਹਿਮ ਇਤਿਹਾਸਕ ਮੌਕਾ -ਸਾਧੂ ਬਿਨਿੰਗ

Posted on:- 16-02-2016

suhisaver

ਕਨੇਡਾ ਵਿੱਚ ਪੰਜਾਬੀ ਬੋਲੀ ਲਈ ਅਜੋਕਾ ਸਮਾਂ ਇਕ ਬਹੁਤ ਹੀ ਨਿਰਣਾਕਾਰੀ ਪਲ (ਕਰੁਸ਼ੀਅਲ ਮੋਮੈਂਟ) ਹੈ। ਕੌਮੀ ਪੱਧਰ ’ਤੇ ਜੇ ਪੰਜਾਬੀ ਲਈ ਕੁਝ ਹਾਸਲ ਕੀਤਾ ਜਾ ਸਕਦਾ ਹੈ ਤਾਂ ਹੁਣ ਉਹ ਘੜੀ ਹੈ। ਤੇ ਜਿੱਦਾਂ ਘੜੀਆਂ ਦੀ ਫਿਤਰਤ ਹੁੰਦੀ ਹੈ, ਇਹ ਵੀ ਬੀਤ ਜਾਵੇਗੀ, ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਅਸੀਂ ਇਸ ਦੀ ਯੋਗ ਵਰਤੋਂ ਕੀਤੀ ਹੈ ਜਾਂ ਨਹੀਂ।

ਕਨੇਡਾ ਇਸ ਵੇਲੇ ਇਕ ਮਿਸਾਲੀ ਬਹੁ-ਸੱਭਿਆਚਾਰਕ ਦੇਸ ਹੈ। ਏਥੇ ਦੂਜੇ ਸੱਭਿਆਚਾਰਾਂ ਨੂੰ ਹਰ ਪੱਖੋਂ ਮਾਨਤਾ ਤੇ ਸਤਿਕਾਰ ਦਿੱਤਾ ਜਾਂਦਾ ਹੈ। ਪਰ ਕਨੇਡਾ ਦੇ ਬਹੁ-ਸਭਿਆਚਾਰਕ ਢਾਂਚੇ ਵਿਚ ਸਭ ਤੋਂ ਵੱਡੀ ਕਮੀ ਇਸ ਵੱਲੋਂ ਦੂਜੇ ਸੱਭਿਆਚਾਰਾਂ ਦੀਆਂ ਬੋਲੀਆਂ ਨੂੰ ਮਾਨਤਾ ਨਾ ਦੇਣੀ ਹੈ। ਕੋਈ ਵੀ ਸੱਭਿਆਚਾਰ ਆਪਣੀ ਬੋਲੀ ਬਿਨਾਂ ਜੀਂਦਾ ਨਹੀਂ ਰਹਿ ਸਕਦਾ। ਪਰ ਕਨੇਡਾ ਦੀਆਂ ਦੋ ਸਰਕਾਰੀ ਬੋਲੀਆਂ ਤੋਂ ਬਿਨਾਂ ਏਥੇ ਕਿਸੇ ਵੀ ਹੋਰ ਬੋਲੀ ਨੂੰ ਕੇਂਦਰ ਦੀ ਪੱਧਰ ’ਤੇ ਕੋਈ ਮਾਨਤਾ ਨਹੀਂ ਹੈ। ਬਾਕੀ ਸਾਰੀਆਂ ਬੋਲੀਆਂ ਕਨੇਡਾ ਵਿਚ ਵਿਦੇਸ਼ੀ ਬੋਲੀਆਂ ਹਨ। ਫਰਾਂਸੀਸੀ ਭਾਸ਼ਾ ਨੂੰ ਵੀ ਏਥੇ ਆਪਣਾ ਹੱਕ ਹਾਸਲ ਕਰਨ ਲਈ ਕਾਫੀ ਜੱਦੋ ਜਿਹਦ ਕਰਨੀ ਪਈ ਸੀ। ਪਿਛਲੀ ਸਦੀ ਦੇ ਅੱਧ ਦੁਆਲੇ ਕਨੇਡਾ ਵਿਚ ਬੋਲੀਆਂ ਜਾਂਦੀਆਂ ਦੂਜੀਆਂ ਬੋਲੀਆਂ, ਖਾਸ ਕਰ ਯੁਕਰੇਨੀਅਨ ਤੇ ਇਟੈਲੀਅਨ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਵਲੋਂ ਆਪਣਾ ਸਥਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਹੁੰਗਾਰੇ ਵਜੋਂ ਕਨੇਡਾ ਨੂੰ ਬਹੁ-ਸੱਭਿਆਚਾਰਕ ਮੁਲਕ ਤਾਂ ਮੰਨ ਲਿਆ ਗਿਆ ਪਰ ਬਹੁ-ਭਾਸ਼ਾਈ ਨਹੀਂ। ਹੌਲੀ ਹੌਲੀ ਯੁਰਪੀਅਨ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਘਟ ਗਈ ਤੇ ਉਹ ਇਸ ਪਾਸੇ ਪਹਿਲਾਂ ਵਾਲੀਆਂ ਕੋਸ਼ਸ਼ਾਂ ਕਰਨ ਦੇ ਯੋਗ ਨਹੀਂ ਰਹੇ।

ਇਸ ਵੇਲੇ ਪੰਜਾਬੀ ਤੇ ਚੀਨੀ ਬੋਲੀਆਂ ਇਸ ਸਥਿਤੀ ਵਿਚ ਹਨ ਕਿ ਉਹ ਕਨੇਡਾ ਦੀ ਭਾਸ਼ਾ ਨੀਤੀ ਵਿਚ ਕੋਈ ਤਬਦੀਲੀ ਲਿਆਉਣ ਵਿਚ ਆਪਣਾ ਯੋਗਦਾਨ ਪਾ ਸਕਦੀਆਂ ਹਨ। ਜਿੱਥੇ ਤੱਕ ਚੀਨੀ ਭਾਸ਼ਾ ਬੋਲਣ ਵਾਲਿਆਂ ਦਾ ਸਬੰਧ ਹੈ ਉਹ ਆਪਣੀ ਬੋਲੀ ਨੂੰ ਏਥੇ ਸਥਾਪਤ ਕਰਨ ਲਈ ਸਰਕਾਰ ਦੇ ਫੈਸਲੇ ਦੀ ਉਡੀਕ ਨਹੀਂ ਕਰ ਰਹੇ। ਉਨ੍ਹਾਂ ਨੇ ਹਰ ਪਾਸੇ ਆਪਣੀ ਭਾਸ਼ਾ ਦੀ ਸਰਦਾਰੀ ਕਾਇਮ ਕੀਤੀ ਹੋਈ ਹੈ। ਉਦਾਹਰਨ ਵਜੋਂ, ਰਿਚਮੰਡ ਬੀ ਸੀ ਵਿਚ ਅੰਗ੍ਰੇਜ਼ੀ ਬੋਲੀ ਨੂੰ ਚੀਨੀ ਬੋਲੀ ਦੇ ਮੁਕਾਬਲੇ ਆਪਣਾ ਵਾਲਾ ਸਥਾਨ ਕਾਇਮ ਰੱਖਣ ਲਈ ਕਦਮ ਚੁੱਕਣੇ ਪੈ ਰਹੇ ਹਨ। ਵੈਨਕੂਵਰ ਦੀ ਯੂਨੀਵਰਸਿਟੀ (ਯੂ ਬੀ ਸੀ) ਵਿਚ ਦੇਖਣ ਵਾਲੇ ਨੂੰ ਹਰ ਪਾਸੇ ਇਸ ਕਿਸਮ ਦੇ ਚਿੰਨ ਦਿਸਦੇ ਹਨ ਕਿ ਏਥੇ ਚੀਨੀ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ। ਦੂਜੇ ਪਾਸੇ ਸ਼ਾਇਦ ਹੀ ਕੋਈ ਅਜਿਹਾ ਚਿੰਨ ਨਜ਼ਰ ਆਉਂਦਾ ਹੋਵੇ ਜੋ ਇਹ ਪ੍ਰਭਾਵ ਦੇਵੇ ਕਿ ਏਥੇ ਪੰਜਾਬੀ ਵੀ ਵਸਦੇ ਹਨ ਬਾਵਜੂਦ ਇਸ ਦੇ ਕਿ ਗਿਣਤੀ ਪੱਖੋਂ ਪੰਜਾਬੀ ਏਥੇ ਤੀਜੇ ਨੰਬਰ ’ਤੇ ਹਨ ਅਤੇ ਪੰਜਾਬੀ ਪਿਛੋਕੜ ਦੇ ਲੋਕ ਯੂ ਬੀ ਸੀ ਵਿਚ ਉੱਚੀਆਂ ਪਦਵੀਆਂ ’ਤੇ ਤਾਇਨਾਤ ਹਨ ਜਾਂ ਰਹੇ ਹਨ। ਏਸ਼ੀਅਨ ਸਟੱਡੀ ਵਿਭਾਗ ਵਿਚ ਚੀਨੀ ਭਾਸ਼ਾ ਵਿਚ ਹਰ ਪੱਧਰ ਦੀ ਡਿਗਰੀ ਤੱਕ ਦੀ ਪੜ੍ਹਾਈ ਕੀਤੀ/ਕਰਵਾਈ ਜਾਂਦੀ ਹੈ ਅਤੇ ਦੋ ਦਰਜਨ ਚੀਨੀ ਪੜ੍ਹਾਉਣ ਵਾਲੇ ਪ੍ਰੌਫੈਸਰ ਹਨ ਤੇ ਪੰਜਾਬੀ ਲਈ ਪੂਰੇ ਦੋ ਵੀ ਨਹੀਂ। ਪੰਜਾਬੀਆਂ ਦੇ ਆਪਣੀ ਮਾਂ-ਬੋਲੀ ਨਾਲ ਰਿਸ਼ਤੇ ਵਿਚ ਪਏ ਵਿਗਾੜਾਂ ਕਾਰਨ ਸਾਡੀ ਭਾਸ਼ਾ ਨੂੰ ਇਸ ਦਾ ਬਣਦਾ ਥਾਂ ਪ੍ਰਾਪਤ ਨਹੀਂ ਹੈ।

ਪਰ ਫੇਰ ਵੀ ਇਸ ਵੇਲੇ ਇਤਫਾਕ ਨਾਲ ਪੰਜਾਬੀਆਂ ਦਾ ਸਥਾਨ ਕਨੇਡਾ ਵਿਚ ਅਜਿਹਾ ਬਣ ਗਿਆ ਹੈ ਕਿ ਜੇ ਇਹ ਕੋਸ਼ਸ਼ ਕਰਨ ਤਾਂ ਆਪਣੀ ਬੋਲੀ ਲਈ ਵੀ ਤੇ ਦੂਜੀਆਂ ਗੈਰ-ਸਰਕਾਰੀ ਬੋਲੀਆਂ ਲਈ ਵੀ ਕੁਝ ਹਾਸਲ ਕਰ ਸਕਦੇ ਹਨ। ਪੰਜਾਬੀ ਬੋਲੀ ਲਈ ਇਹ ਇਤਿਹਾਸਕ ਘੜੀ ਹੈ ਜੋ ਸਦਾ ਕਾਇਮ ਨਹੀਂ ਰਹੇਗੀ ਜਿਸ ਤਰ੍ਹਾਂ ਪਹਿਲਾਂ ਯੁਕਰੇਨੀਅਨ ਤੇ ਇਟੈਲੀਅਨ ਲੋਕਾਂ ਲਈ ਕੋਈ ਸਮਾਂ ਸੀ ਜੋ ਹੁਣ ਨਹੀਂ ਹੈ।     

ਕਨੇਡਾ ਵਿਚ ਪੰਜਾਬੀ ਦੇ ਸਬੰਧ ਵਿਚ ਇਸ ਪਲ ਨਾਲ ਜੁੜੇ ਕੁਝ ਮਹੱਤਵਪੂਰਨ ਤੱਥ:

੧) ਕੌਮੀ ਪੱਧਰ ’ਤੇ ਪੰਜਾਬੀ ਬੋਲੀ ਦਾ ਤੀਜਾ ਸਥਾਨ:
ਕਨੇਡਾ ਵਿਚ ਪੰਜਾਬੀ ਬੋਲੀ ਦੀ ਹੋਂਦ 1897 ਤੋਂ ਹੈ। ਉਦੋਂ ਤੋਂ ਲੈ ਕੇ 1980ਵਿਆਂ ਦੇ ਸ਼ੁਰੂ ਤੱਕ ਇਹ ਇਸ ਧਰਤੀ ’ਤੇ ਕਾਬਜ ਲੋਕਾਂ ਵਲੋਂ ਦੁਰਕਾਰੀ ਮੁਕੰਮਲ ਤੌਰ ’ਤੇ ਮੁੱਖ ਸਮਾਜ ਦੇ ਹਾਸ਼ੀਏ ’ਤੇ ਰਹੀ ਹੈ। ਪੰਜਾਬੀਆਂ ਦੀ ਗਿਣਤੀ ਵਿਚ ਹੋਏ ਵਾਧੇ ਨਾਲ ਸਥਿਤੀ ਕੁਝ ਕੁਝ ਸੁਧਰੀ ਹੈ ਪਰ ਕਨੇਡਾ ਵਿਚ ਬੋਲੀ ਪੱਖੋਂ ਇਹ ਅਜੇ ਵੀ ਹਾਸ਼ੀਏ ’ਤੇ ਹੀ ਹੈ। ਸਾਲ 2011 ਵਿਚ ਹੋਈ ਮਰਦਮਸ਼ੁਮਾਰੀ ਸਮੇਂ ਚੀਨੀ ਬੋਲੀ ਨੂੰ ਤਿੰਨ ਵੱਖਰੀਆਂ ਬੋਲੀਆਂ ਵਿਚ ਵੰਡ ਕੇ ਦੇਖੇ ਜਾਣ ਦੇ ਨਤੀਜੇ ਵਜੋਂ ਪੰਜਾਬੀ ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਗਿਣਤੀ ਪੱਖੋਂ ਪੰਜਾਬੀ ਤੀਜੇ ਨੰਬਰ ’ਤੇ ਆਉਣ ਵਾਲੀ ਬੋਲੀ ਬਣ ਗਈ ਹੈ।

੨) ਮੌਜੂਦਾ ਕੇਂਦਰੀ ਸਰਕਾਰ ਵਿਚ ਪੰਜਾਬੀ ਬੋਲੀ ਦਾ ਤੀਜਾ ਸਥਾਨ:
ਅਕਤੂਬਰ 2015 ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੁਣੀ ਗਈ ਲਿਬਰਲ ਪਾਰਟੀ ਦੀ ਸਰਕਾਰ ਵਿਚ ਪੰਜਾਬੀ ਪਿਛੋਕੜ ਦੇ ਮੈਂਬਰਾਂ ਦੀ ਗਿਣਤੀ ਵੀਹ ਤੋਂ ਉੱਪਰ ਹੈ। ਅੰਗ੍ਰੇਜ਼ੀ ਤੇ ਫਰਾਂਸੀਸੀ ਤੋਂ ਬਾਅਦ ਵੱਧ ਗਿਣਤੀ ਪੰਜਾਬੀ ਬੋਲਣ ਵਾਲੇ ਮੈਂਬਰਾਂ ਦੀ ਹੈ। ਭਾਵੇਂ ਇਹ ਇਕ ਇਤਿਹਾਸਕ ਇਤਫਾਕ ਹੀ ਸਹੀ ਪਰ ਇਸ ਵੇਲੇ ਇਹ ਅਸਲੀਅਤ ਹੈ ਕਿ ਕਨੇਡਾ ਦੀ ਪਾਰਲੀਮੈਂਟ ਵਿਚ ਪੰਜਾਬੀ ਤੀਜੇ ਨੰਬਰ ’ਤੇ ਹੈ ਅਤੇ ਪੰਜਾਬੀ ਪਿਛੋਕੜ ਦੇ ਕੁਝ ਮੈਂਬਰਾਂ ਨੂੰ ਮਹੱਤਵਪੂਰਨ ਮੰਤਰਾਲੇ ਸੌਂਪੇ ਗਏ ਹਨ। ਇਸ ਬੇਹੱਦ ਮਹੱਤਵਪੂਰਨ ਤੱਥ ਦਾ ਵੀ ਕਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਅਤੇ ਇਸ ਦੀ ਸਾਂਭ ਵਿਚ ਆਪਣੇ ਆਪ ਕੋਈ ਅਸਰ ਨਹੀਂ ਪੈਣਾ।

੩) ਇਸ ਵੇਲੇ ਪੰਜਾਬੀ ਭਾਈਚਾਰੇ ਦੀ ਕਨੇਡਾ ਵਿਚਲੀ ਵਸੋਂ ਦਾ ਵੱਡਾ ਹਿੱਸਾ ਆਵਾਸੀਆਂ ਦਾ ਹੈ ਜਿਨ੍ਹਾਂ ਦਾ ਪੰਜਾਬੀ ਬੋਲੀ ਨਾਲ ਉਨ੍ਹਾਂ ਦੇ ਪੰਜਾਬ ਵਿਚ ਜੰਮਣ ਦੇ ਇਤਫਾਕ ਕਾਰਨ ਸਿੱਧਾ ਤੇ ਗੂੜ੍ਹਾ ਸਬੰਧ ਹੈ। ਇਸ ਦੇ ਨਾਲ ਹੀ ਏਥੇ ਜੰਮ ਪਲ਼ ਰਹੀ ਪਹਿਲੀ ਪੀੜ੍ਹੀ ਵਿਚਲੇ ਵੱਡੀ ਗਿਣਤੀ ਬੱਚੇ ਪੰਜਾਬੀ ਬੋਲਦੇ ਤੇ ਸਮਝਦੇ ਹਨ। ਇਹ ਤੱਥ ਵੀ ਇਸ ਵੇਲੇ ਪੰਜਾਬੀ ਨੂੰ ਕਨੇਡਾ ਵਿਚ ਪੱਕੇ ਪੈਂਰੀ ਕਰਨ ਲਈ ਸਹਾਈ ਹੋ ਸਕਦਾ ਹੈ।

੪) ਪਿਛਲੇ ਤਿੰਨ ਚਾਰ ਕੁ ਦਹਾਕਿਆਂ ਤੋਂ ਏਥੋਂ ਦੇ ਪੰਜਾਬੀ ਮਾਧਿਅਮ ਨੇ ਹੈਰਾਨਕੁੰਨ ਤਰੱਕੀ ਕੀਤੀ ਹੈ। ਤਕਰੀਬਨ ਹਰ ਸ਼ਹਿਰ ਵਿਚ ਪਰ ਖਾਸ ਕਰ ਵੱਡੇ ਸ਼ਹਿਰਾਂ ਜਿਵੇਂ ਵੈਨਕੂਵਰ, ਟਰਾਂਟੋ, ਕੈਲਗਰੀ, ਐਡਮੰਟਨ ਆਦਿ ਵਿਚ, ਜਿੱਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਉੱਥੇ ਦਰਜਣਾਂ ਦੀ ਗਿਣਤੀ ਵਿਚ ਪੰਜਾਬੀ ਦੇ ਅਖਬਾਰ ਛਪਦੇ ਹਨ। ਨਾਲ ਹੀ ਕੁਝ ਚਮਕੀਲੇ (ਗਲੌਸੀ) ਮੈਗਜ਼ੀਨ ਵੀ ਹਨ ਜੋ ਪੰਜਾਬੀ ਅੱਖਰਾਂ ਨੂੰ ਵੀ ਕੱਪੜ੍ਹਿਆਂ ਤੇ ਗਹਿਣਿਆਂ ਦੀ ਮਸ਼ਹੂਰੀ ਲਈ ਵਰਤਦੇ ਹਨ ਜਿਸ ਤਰ੍ਹਾਂ ਅੰਗ੍ਰੇਜ਼ੀ ਦੀ ਵਰਤੋਂ ਹੁੰਦੀ ਹੈ। ਅਜੋਕੇ ਸਮੇਂ ਵਪਾਰਕ ਪੱਖੋਂ ਇਹ ਗੱਲ ਕਿਸੇ ਵੀ ਬੋਲੀ ਲਈ ਕੋਈ ਛੋਟੀ ਪ੍ਰਾਪਤੀ ਨਹੀਂ।

ਪ੍ਰਿੰਟ ਮਾਧਿਅਮ ਦੇ ਨਾਲ ਨਾਲ, ਸਗੋਂ ਕਈ ਕਾਰਨਾਂ ਕਰਕੇ ਉਸ ਤੋਂ ਵੀ ਵੱਧ, ਪੰਜਾਬੀ ਦੀ ਇਸ ਵੇਲੇ ਰੇਡੀਓ ਅਤੇ ਟੈਲੀਵਿਯਨ ਮਾਧਿਅਮ ਵਿਚ ਵਰਤੋਂ ਹੋ ਰਹੀ ਹੈ। ਪੰਜਾਬੀ ਬੋਲਣ ਵਾਲੇ ਲੋਕਾਂ ਦੇ ਸੰਘਣੀ ਵਸੋਂ ਵਾਲੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਰੇਡੀਓ ਚੱਲ ਰਹੇ ਹਨ। ਏਸੇ ਤਰ੍ਹਾਂ ਇਨ੍ਹਾਂ ਸ਼ਹਿਰਾਂ ਵਿਚ ਕਈ ਰੋਜ਼ਾਨਾ ਚੱਲਣ ਵਾਲੇ ਸਥਾਨਕ ਟੈਲੀਵਿਯਨ ਪ੍ਰੋਗਰਾਮ ਹਨ ਅਤੇ ਸ਼ਨਿਚਰਵਾਰ ਵਾਲੇ ਦਿਨ ਕਨੇਡਾ ਭਰ ਵਿਚ ਦਿਖਾਏ ਜਾਣ ਵਾਲੇ ਵੱਡੀ ਗਿਣਤੀ ਪ੍ਰੋਗਰਾਮ ਹਨ।

੫) ਕਨੇਡਾ ਵਿਚਲੇ ਪੰਜਾਬੀ ਭਾਈਚਾਰੇ ਵਿਚ ਬਹੁਗਿਣਤੀ ਸਿੱਖ ਧਰਮ ਨਾਲ ਸਬੰਧਤ ਲੋਕਾਂ ਦੀ ਹੈ ਜਿਨ੍ਹਾਂ ਦਾ ਪੰਜਾਬੀ ਬੋਲੀ ਨਾਲ ਸਬੰਧ ਦੂਜੇ ਦੋ ਭਾਈਚਾਰਿਆਂ ਨਾਲੋਂ ਵੱਖਰਾ ਹੈ। ਤਕਰੀਬਨ ਹਰ ਸਿੱਖ ਧਾਰਮਿਕ ਸਥਾਨ ਵਲੋਂ ਬੱਚਿਆਂ ਨੂੰ ਪੰਜਾਬੀ ਸਿੱਖਾਉਣ ਦੀ ਵੀ ਹਰ ਸੰਭਵ ਕੋਸ਼ਸ਼ ਕੀਤੀ ਜਾਂਦੀ ਹੈ। ਇਹ ਗੱਲ ਪੰਜਾਬੀਆਂ ਦੀ ਬਹੁ ਗਿਣਤੀ ਵਾਲੇ ਮੰਦਰਾਂ ਜਾਂ ਮਸੀਤਾਂ ਵਿਚ ਦੇਖਣ ਨੂੰ ਨਹੀਂ ਮਿਲਦੀ। ਸਿੱਖ ਧਰਮ ਮੁਕਾਬਲਤਨ ਨਵਾਂ ਧਰਮ ਹੋਣ ਕਾਰਨ ਇਸ ਦੇ ਮੰਨਣ ਵਾਲਿਆਂ ਵਿਚ ਇਕ ਵੱਖਰੀ ਕਿਸਮ ਦੀ ਠਾਠਾਂ ਮਾਰਦੀ ਊਰਜਾ (ਐਨਰਜੀ) ਹੈ। ਇਸ ਊਰਜਾ ਦਾ ਅਸਰ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਹਰ ਪਾਸੇ ਦੇਖਿਆ ਜਾ ਸਕਦਾ ਹੈ।

ਮੇਰੀ ਜਾਚੇ ਇਹ ਉਹ ਤੱਥ ਹਨ ਜੋ ਪੰਜਾਬੀ ਨੂੰ ਇਸ ਸਮੇਂ ਕਨੇਡਾ ਦੀ ਭਾਸ਼ਾ ਨੀਤੀ ਵਿਚ ਕੋਈ ਤਬਦੀਲੀ ਕਰਾਉਣ ਯੋਗ ਬਣਾਉਂਦੇ ਹਨ। ਭਾਵੇਂ ਏਥੇ ਇਸ ਵਿਸਥਾਰ ਵਿਚ ਜਾਣਾ ਸੰਭਵ ਨਹੀਂ ਪਰ ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਵੱਡੀ ਲੋੜ ਅਜੋਕੇ ਸਮਾਜ ਦੀ ਜਨ-ਸੰਖਿਅਕੀ (ਡੈਮੋਗਰਾਫੀ) ਬਣਤਰ ਅਨੁਸਾਰ ਕਨੇਡਾ ਦੀ ਭਾਸ਼ਾ ਨੀਤੀ ਵਿਚ ਤਬਦੀਲੀ ਕਰਾਉਣ ਦੀ ਹੈ। ਇਹ ਵੱਡਾ ਕੰਮ ਹੈ ਤੇ ਇਸ ਲਈ ਲੰਮੇ ਵਕਤ ਦੀ ਲੋੜ ਹੈ। ਦੂਜੀ ਗੱਲ ਇਹ ਹੋ ਸਕਦੀ ਹੈ ਕਿ ਕਨੇਡਾ ਦੀ ਸਰਕਾਰ ਕੋਈ ਏਹੋ ਜਿਹਾ ਫਾਰਮੂਲਾ ਬਣਾਵੇ ਜਿਸ ਨਾਲ ਬੋਲੀ ਦੀ ਏਥੇ ਹੋਂਦ ਦੀ ਉਮਰ ਤੇ ਨੰਬਰਾਂ ਅਨੁਸਾਰ ਉਸ ਨੂੰ ਮਾਨਤਾ ਤੇ ਸਥਾਪਤੀ ਵਿਚ ਮਾਇਕ ਸਹਾਇਤਾ ਮਿਲੇ।

ਪੰਜਾਬੀ ਦੀ ਅਜੋਕੀ ਸਥਿਤੀ ਸਦਾ ਕਾਇਮ ਨਹੀਂ ਰਹੇਗੀ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਜੋ ਸਥਾਨ ਪੰਜਾਬੀਆਂ ਨੂੰ ਇਸ ਵੇਲੇ ਪ੍ਰਾਪਤ ਹੈ ਉਹ ਸਦਾ ਨਹੀਂ ਰਹੇਗਾ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ ਵੀ ਜ਼ਰੂਰੀ ਨਹੀਂ ਇਸ ਤਰ੍ਹਾਂ ਵਾਧਾ ਹੁੰਦਾ ਰਹੇ। ਜਿਵੇਂ ਜਿਵੇਂ ਏਥੇ ਜੰਮ ਪਲ਼ ਰਹੀਆਂ ਅਗਲੀਆਂ ਪੀੜ੍ਹੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ ਉਨ੍ਹਾਂ ਵਿਚੋਂ ਪੰਜਾਬੀ ਦਾ ਅਸਰ ਘਟਦਾ ਜਾਵੇਗਾ। ਪੰਜਾਬੀ ਭਾਈਚਾਰੇ ਵਿਚਲੇ ਜੋ ਵਪਾਰ ਆਪਣੀ ਵਰਤੋਂ ਲਈ ਇਸ ਵੇਲੇ ਪੰਜਾਬੀ ਵਰਤ ਰਹੇ ਹਨ ਉਹ ਹੌਲੀ ਹੌਲੀ ਆਪਣਾ ਕਾਰੋਬਾਰ ਅੰਗ੍ਰੇਜ਼ੀ ਵਿਚ ਕਰਨ ਲੱਗ ਪੈਣਗੇ ਤੇ ਇਸ ਦਾ ਸਿੱਧਾ ਅਸਰ ਪੰਜਾਬੀ ਮੀਡੀਏ ’ਤੇ ਵੀ ਪਵੇਗਾ। ਭਵਿੱਖ ਬਾਰੇ ਇਹ ਸਿਰਫ ਅੰਦਾਜ਼ੇ ਹਨ ਜਿਨ੍ਹਾਂ ’ਤੇ ਜ਼ਿਆਦਾ ਵਕਤ ਜਾਂ ਸ਼ਕਤੀ ਲਾਉਣ ਵਿਚ ਕੋਈ ਤੁੱਕ ਨਹੀਂ। ਸਾਡੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਇਸ ਸਮੇਂ ਸਾਡੇ ਹੱਥਾਂ ਵਿਚ ਇਹ ਮੌਕਾ ਆਇਆ ਹੈ ਕੀ ਅਸੀਂ ਉਸ ਤੋਂ ਕੋਈ ਫਾਇਦਾ ਉਠਾ ਸਕਦੇ ਹਾਂ?

ਅਜੋਕੇ ਸਮੇਂ ਕਨੇਡਾ ਵਿਚ ਪੰਜਾਬੀਆਂ ਦਾ ਸਿਆਸੀ ਤੇ ਆਰਥਿਕ ਸਥਾਨ ਪੰਜਾਬੀ ਲਈ ਕੁਝ ਹਾਸਲ ਕਰਨ ਲਈ  ਵਰਤਿਆ ਜਾ ਸਕਦਾ ਹੈ। ਪਰ ਇਹ ਕੰਮ ਸਾਡੇ ਸਿਆਸੀ ਆਗੂ ਆਪਣੇ ਆਪ ਨਹੀਂ ਕਰ ਸਕਦੇ। ਜੇ ਪੰਜਾਬੀ ਲੋਕ ਇਸ ਵੇਲੇ ਆਪਣੇ ਆਗੂਆਂ ਤੋਂ ਇਸ ਗੱਲ ਦੀ ਮੰਗ ਕਰਨ ਤਾਂ ਉਹ ਇਹ ਮਸਲਾ ਉਠਾ ਸਕਦੇ ਹਨ। ਸੋ ਅਸਲੀ ਅਰਥਾਂ ਵਿਚ ਇਸ ਦੀ ਜ਼ਿੰਮੇਵਾਰੀ ਕਨੇਡਾ ਵਿਚ ਰਹਿਣ ਵਾਲੇ ਆਮ ਪੰਜਾਬੀ ਦੀ ਬਣਦੀ ਹੈ। ਸਾਡਾ ਹਰ ਇਕ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਜਿੱਦਾਂ ਵੀ ਸੰਭਵ ਹੋਵੇ ਕਨੇਡਾ ਵਿਚ ਆਪਣੀ ਮਾਂ-ਬੋਲੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿਚ ਆਪਣੇ ਸਿਆਸੀ ਅਤੇ ਵਪਾਰਕ ਅਦਾਰੇ ਦੇ ਆਗੂਆਂ ਨੂੰ ਕੁਝ ਕਰਨ ਲਈ ਕਹੀਏ।

ਉੱਪਰ ਵਿਚਾਰੇ ਗਏ ਤੱਥਾਂ ਨੂੰ ਸਾਹਮਣੇ ਰੱਖ ਕੇ ਦੇਖਿਆਂ ਇਹ ਪੰਜਾਬੀ ਬੋਲੀ ਲਈ ਕੁਝ ਕਰ ਗੁਜਰਨ ਦੀ ਇਹ ਅਹਿਮ ਘੜੀ ਹੈ। ਸਮਾਂ ਤਾਂ ਆਪਣੀ ਤੋਰੇ ਤੁਰੇਗਾ। ਅਸੀਂ ਇਸ ਦੀ ਕਿਸ ਤਰ੍ਹਾਂ ਵਰਤੋਂ ਕਰਦੇ ਹਾਂ ਇਹ ਸਾਡੇ ’ਤੇ ਨਿਰਭਰ ਕਰਦਾ ਹੈ।

ਫਰਵਰੀ 21 ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਹੈ। ਬੋਲੀ ਸਬੰਧੀ ਇਸ ਕਿਸਮ ਦੇ ਮਸਲੇ ਵਿਚਾਰਨ ਲਈ ਇਹ ਢੁੱਕਵਾਂ ਸਮਾਂ ਹੈ। ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀ) ਵਲੋਂ ਪਹਿਲੇ ਵਾਂਗ ਇਸ ਵਾਰ ਵੀ ਫਰਵਰੀ 27 ਵਾਲੇ ਦਿਨ ਬਾਅਦ ਦੁਪਹਿਰ ਨੌਰਥ ਡੈਲਟਾ ਰੀਕ੍ਰੀਏਸ਼ਨ ਸੈਂਟਰ ਵਿਚ ਇਕੱਠ ਕੀਤਾ ਜਾਵੇਗਾ। ਪੰਜਾਬੀ ਬੋਲੀ ਲਈ ਫਿਕਰ ਕਰਨ ਵਾਲੇ ਸਾਰਿਆਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨਾਲ 604 – 836 – 8976 ’ਤੇ ਜਾਂ ਮੇਰੇ ਨਾਲ 778-773-1886 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਈ-ਮੇਲ: [email protected]    

Comments

Mangat Bhardwaj

ਜਦ ਚੀਨੀ ਲੋਕ ਜੀ ਜਾਨ ਲਾ ਕੇ ਇਹ ਕੰਮ ਕਰ ਰਹੇ ਹਨ, ਤਾਂ ਪੰਜਾਬੀਆਂ ਨੂੰ ਵੀ ਜਥੇਬੰਦਕ ਹੋ ਕੇ ਇਹ ਕੰ ਕਰਨਾ ਚਾਹੀਦਾ ਹੈ। ਹੋਰਨਾਂ ਮੂੰ ਪ੍ਰੇਰਨ ਦੇ ਨਾਲ ਨਾਲ ਖੁਦ ਬਿੰਨਿੰਗ ਜੀ ਹੀ ਇਹ ਕੰਮ ਸੰਭਾਲ ਲੈਣ। ਸਿਰਫ਼ ਸੁਚੱਜੀ ਅਗਵਾਈ ਕਰਨ ਅਤੇ ਪ੍ਰੇਰਨਾ ਦੇਣ ਦੀ ਲੋੜ ਹੈ, ਉਹਨਾਂ ਦੇ ਮਗਰ ਲਗ ਕੇ ਇਸ ਨੇਕ ਕੰਮ ਵਿਚ ਯੋਗਦਾਨ ਦੇਣ ਵਾਲਿਆਂ ਦੀ ਘਾਟ ਨਹੀਂ ਹੋਏਗੀ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ